ਅਗਨੀਪਥ ਦੇ ਅਗਨੀਵੀਰ ਬਨਾਮ ਸਾਬਕਾ ਫ਼ੌਜੀ ਤੇ ਆਮ ਜਨਤਾ

ਗੁਲਜ਼ਾਰ ਸਿੰਘ ਸੰਧੂ
ਕੇਂਦਰ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਲਈ ਅਗਨੀਪਥ ਨਾਂ ਦੀ ਨਵੀਂ ਸਕੀਮ ਦਾ ਐਲਾਨ ਕਰ ਕੇ ਮੁੜ ਕਾਰਪੋਰੇਟ ਘਰਾਣਿਆਂ ਨੂੰ ਪੱਠੇ ਪਾਉਣ ਦੀ ਚਾਲ ਚੱਲੀ ਹੈ। ਹੁਣ 17.5 ਤੋਂ 22 ਸਾਲ ਦੇ ਨੌਜਵਾਨਾਂ ਨੂੰ ਬਹੁਤ ਥੋੜੀ ਸੈਨਿਕ ਤੇ ਸੁਰੱਖਿਆ ਸਿੱਖਿਆ ਦਿੱਤੀ ਜਾਵੇਗੀ ਤੇ ਇਸ ਤੋਂ ਪਿੱਛੋਂ ਉਨ੍ਹਾਂ ਵਿਚੋਂ ਇਕ ਚੁਥਾਈ ਨੂੰ ਸਥਾਈ ਰੁਜ਼ਗਾਰ ਦਿੱਤਾ ਜਾਵੇਗਾ ਤੇ ਬਾਕੀ ਦੇ ਤਿੰਨ ਚੁਥਾਈ ਸਿਖਿਆਰਥੀਆਂ ਨੂੰ ਰੁਜ਼ਗਾਰ ਲਈ ਖ਼ੁਦ ਹੱਥ ਪੱਲਾ ਮਾਰਨਾ ਪਵੇਗਾ।

ਇਸ ਨਾਲ ਪੱਕੀ ਨੌਕਰੀ ਸਦਕਾ ਮਿਲਣ ਵਾਲੀ ਤਨਖਾਹ, ਭੱਤੇ, ਪੈਨਸ਼ਨ ਗ੍ਰੈਚੁਇਟੀ ਅਤੇ ਟਰੇਨਿੰਗ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੰੁਦਾ। ਉਹ ਕਾਰਪੋਰੇਟ ਮਾਡਲ ਵਾਲੇ ਉਦਯੋਗਪਤੀਆਂ ਤੇ ਪੂੰਜੀਪਤੀਆਂ ਦੇ ਗੇਟ ਕੀਪਰ ਤੇ ਬਾਡੀਗਰਡ ਹੋ ਕੇ ਰਹਿ ਜਾਣਗੇ। ਜਾਪਦਾ ਹੈ ਖੇਤੀ ਦੇ ਕਾਲੇ ਕਾਨੂੰਨਾਂ ਵਾਂਗ ਅਗਨੀਪਥ ਯੋਜਨਾ ਵੀ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਨਾਲ ਹੀ ਬਣੀ ਹੈ। ਇਸਦਾ ਸਰਕਾਰੀ ਖਜ਼ਾਨੇ ਨੂੰ ਤਾਂ ਲਾਭ ਹੋਵੇਗਾ ਪਰ ਹਥਿਆਰਾਂ ਦੀ ਸਿੱਖਿਆ ਲੈ ਚੁੱਕੇ ਨੌਜਵਾਨ ਆਪੋ ਆਪਣੇ ਭਾਈਚਾਰੇ ਤੇ ਦੇਸ਼ ਲਈ ਅਤਿਵਾਦੀ ਹੋ ਸਕਦੇ ਹਨ। ਉਸ ਦੇਸ਼ ਵਿਚ ਜਿੱਥੇ 15 ਤੋਂ 29 ਸਾਲਾਂ ਦੇ 20 ਫੀਸਦੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉਨ੍ਹਾਂ ਵਿਚੋਂ ਕੇਵਲ 17.5 ਤੋਂ 22 ਸਾਲ ਵਾਲਿਆਂ ਨੂੰ ਰੱਖਿਆ ਜਾਣਾ ਕਿਹੋ ਜਿਹਾ ਨਿਆਂ ਹੈ?
ਦੇਸ਼ਵਾਸੀ ਇਹ ਵੀ ਜਾਣਦੇ ਹਨ ਕਿ ਦੇਸ਼ ਦੀ ਵਰਤਮਾਨ ਸਰਕਾਰ ਵੋਟਾਂ ਦੀ ਬਹੁਮਤ ਸਦਕਾ ਆਮ ਜਨਤਾ ਵਿਰੋਧੀ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਪਾਰਲੀਮੈਂਟ ਵਿਚ ਮੰਥਨ ਕਰਾਉਣਾ ਵੀ ਜ਼ਰੂਰੀ ਨਹੀਂ ਸਮਝਦੀ ਤੇ ਨਾ ਹੀ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਭਰੋਸੇ ਵਿਚ ਲੈਣ ਦੀ ਲੋੜ ਸਮਝਦੀ ਹੈ। ਕਿਸੇ ਲੋਕ ਸੇਵਾ ਕਮਿਸ਼ਨ ਦੀ ਅਗਵਾਈ ਤੋਂ ਬਿਨਾ ਕੀਤੀ ਅਜਿਹੀ ਭਰਤੀ ਇਕ ਚੁਥਾਈ ਨੂੰ ਪੱਕੇ ਕਰਨ ਤੇ ਤਿੰਨ ਚੁਥਾਈ ਨੂੰ ਬਰਖਾਸਤ ਕਰਨ ਵੇਲੇ ਵੀ ਭਾਈ ਭਤੀਜਾਵਾਦ ਵਾਲੀ ਭਾਵਨਾ ਦਾ ਸ਼ਿਕਾਰ ਹੋ ਸਕਦੀ ਹੈ ਜਿਹੜਾ ਨਵੀਂ ਕਿਸਮ ਦੇ ਅਤਿਵਾਦ ਨੂੰ ਜਨਮ ਦੇ ਸਕਦਾ ਹੈ।
ਸੈਨਿਕ ਦਿ੍ਰਸ਼ਟੀ ਤੋਂ ਘੋਖਿਆਂ ਵੀ ਇਹ ਸਕੀਮ ਹਾਂ-ਪੱਖੀ ਮਾਪ ਤੋਲਾਂ ਉੱਤੇ ਪੂਰੀ ਨਹੀਂ ਉਤਰਦੀ। ਇਹ ਕਹਿਣਾ ਉੱਕਾ ਹੀ ਵਾਜਬ ਨਹੀਂ ਕਿ ਭਾਰਤੀ ਸੈਨਾ ਦੇ ਸਿਪਾਹੀ ਬੁੱਢੇ ਹੋ ਗਏ ਹਨ ਤੇ ਅਗਨੀਵੀਰਾਂ ਦੀ ਜਵਾਨੀ ਇਸ ਪਾੜੇ ਨੂੰ ਪੂਰੇਗੀ। ਵੱਡੇ ਸਾਬਕਾ ਫ਼ੌਜੀ ਅਫਸਰਾਂ ਦੀ ਦਲੀਲ ਹੈ ਕਿ ਕੋਈ ਛੋਟੀ ਜਾਂ ਵੱਡੀ ਉਮਰ ਦਾ ਵਿਅਕਤੀ ਯੋਗ ਸਿਖਲਾਈ ਤੇ ਸੇਧ ਬਿਨਾ ਹਮਲੇ ਦੀ ਅੱਗ ਨਾਲ ਨਹੀਂ ਨਿਪਟ ਸਕਦਾ। ਉਹ ਦੱਸਦੇ ਹਨ ਕਿ ਵਧੇਰੇ ਕਰਕੇ 22 ਤੋਂ 35 ਸਾਲ ਦੇ ਸੈਨਿਕ ਸਿਪਾਹੀ ਹੀ ਮੌਕਾ ਸਾਂਭਦੇ ਆਏ ਹਨ। ਉਨ੍ਹਾਂ ਨੇ ਜੰਗ ਦੇ ਮੈਦਾਨ ਵਿਚ 30-35 ਕਿਲੋਗ੍ਰਾਮ ਭਾਰ ਚੁੱਕਣ ਦੀ ਲੰਮੀ ਸਿਖਲਾਈ ਲਈ ਹੰੁਦੀ ਹੈ। ਗਿਣੇ ਚੁਣੇ ਨੌਜਵਾਨਾਂ ਨੂੰ ਛੱਡ ਕੇ 17 ਤੋਂ 22 ਸਾਲ ਦੇ ਨੌਜਵਾਨ ਇਸਦੇ ਯੋਗ ਨਹੀਂ ਹੰੁਦਾ। ਇਹ ਕਾਰਨ ਹੈ ਕਿ ਪਿਆਦਾ ਫ਼ੌਜ ਵਿਚ 22 ਤੋਂ 35 ਸਾਲ ਦੇ ਗੱਭਰੂ ਹੀ ਰੱਖੇ ਜਾਂਦੇ ਹਨ। 17 ਤੋਂ 21 ਸਾਲ ਵਾਲਾ ਮਾਪ ਤੋਲ ਏਥੇ ਵੀ ਪੂਰਾ ਨਹੀਂ ਉਤਰਦਾ। ਉੱਕਾ ਹੀ ਨਹੀਂ। ਉਂਝ ਵੀ ਵਰਤਮਾਨ ਹਥਿਆਰ ਏਨੇ ਟੈਕਨੀਕਲ ਤੇ ਗੰੁਝਲਦਾਰ ਹਨ ਕਿ ਉਨ੍ਹਾਂ ਦੀ ਯੋਗ ਵਰਤੋਂ ਲਈ ਲੰਮੀ ਸਿਖਲਾਈ ਦੀ ਲੋੜ ਹੈ।
ਅਨੁਭਵੀ ਸੈਨਾਪਤੀ ਤਾਂ ਇਹ ਵੀ ਦੱਸਦੇ ਹਨ ਕਿ ਅੱਜ ਤੱਕ ਵੱਖ-ਵੱਖ ਸ਼੍ਰੇਣੀਆਂ ਤੋਂ ਆਏ ਨੌਜਵਾਨਾਂ ਨੂੰ ਸਿੱਖ ਰੈਜਮੈਂਟ ਤੇ ਗੋਰਖਾ ਰੈਜਮੈਂਟ ਵਰਗੇ ਵਿਸ਼ੇਸ਼ ਯੂਨਿਟਾਂ ਵਿਚ ਏਸ ਲਈ ਭਰਤੀ ਕੀਤਾ ਜਾਂਦਾ ਸੀ ਤਾਂ ਕਿ ਉਹ ਅਪਣੀ ਪਹਿਚਾਣ ਅਤੇ ਮਾਣ-ਮੱਤੀ ਵਿਰਾਸਤ ਨੂੰ ਚਮਕਾਉਣ ਲਈ ਤਨ, ਮਨ ਨਾਲ ਕੰਮ ਕਰਨ। ਨਵੀਂ ਸਕੀਮ ਅਨੁਸਾਰ ਕਿਸੇ ਵੀ ਪ੍ਰਾਂਤ ਦੇ ਨੌਜਵਾਨ ਨੂੰ ਕਿਸੇ ਹੋਰ ਪ੍ਰਾਂਤ ਵਾਲਿਆਂ ਵਿਚ ਖਪਣ ਦੀ ਦਿੱਕਤ ਆ ਸਕਦੀ ਹੈ।
ਅੰਤਰਰਾਸ਼ਟਰੀ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਹਨ ਕਿ ਕਿਸੇ ਨੇ ਪ੍ਰਧਾਨ ਮੰਤਰੀ ਦੇ ਕੰਨਾਂ ਵਿਚ ਇਕ ਸਦੀ ਪਹਿਲਾਂ ਵਾਲੇ ਹਿਟਲਰ ਯੂਥ ਬ੍ਰਿਗੇਡ ਵਾਲੀ ਫੂਕ ਮਾਰ ਦਿੱਤੀ ਹੈ, ਜਿਸ ਨੇ ਆਰੀਆ ਨਸਲ ਨੂੰ ਵਡਿਆਉਣ ਤੇ ਉਭਾਰਨ ਲਈ ਜਰਮਨੀ ਵਿਖੇ ਯਹੂਦੀਆਂ ਦਾ ਕਤਲੇਆਮ ਕੀਤਾ ਤੇ ਕਰਵਾਇਆ ਸੀ।
ਕੁਝ ਵੀ ਹੋਵੇ ਸਰਕਾਰੀ ਖਰਚੇ ਘੱਟ ਕਰਨ ਲਈ ਦੇਸ਼ ਦੀ ਅਮਨ-ਸ਼ਾਂਤੀ ਨੂੰ ਦਾਅ ਉੱਤੇ ਲਾਉਣਾ ਤੇ ਵਰਤਮਾਨ ਫ਼ੌਜੀ ਪ੍ਰਣਾਲੀ ਨੂੰ ਕਮਜ਼ੋਰ ਕਰਨਾ ਖਤਰਨਾਕ ਹੈ। ਆਪਣੀ ਦਲੀਲ ਉੱਤੇ ਵਰਤਮਾਨ ਫੌਜੀਆਂ ਦੀ ਮੁਹਰ ਲਵਾਉਣ ਦੀ ਥਾਂ ਇਸਨੂੰ ਸੇਵਾ ਮੁਕਤ ਸੈਨਿਕਾਂ ਤੇ ਜਰਨੈਲਾਂ ਨਾਲ ਵਿਚਾਰਨਾ ਜ਼ਰੂਰੀ ਸੀ। ਜਮਹੂਰੀ ਤਾਕਤਾਂ ਨੂੰ ਕਾਰਪੋਰੇਟ ਮਾਡਲ ਵੱਲ ਧਕੇਲ ਕੇ ਆਰਥਿਕ ਅਸਮਾਨਤਾ, ਸਮਾਜਿਕ ਨਾ-ਬਰਾਬਰੀ, ਰਿਸ਼ਵਤਖੋਰੀ ਨੂੰ ਪੱਠੇ ਪਾਉਣ ਤੋਂ ਘੱਟ ਨਹੀਂ। ਇਸ ਸਕੀਮ ਨੂੰ ਲਾਗੂ ਕਰਨ ਲਈ ਵਿਖਾਈ ਜਾਂਦੀ ਜਲਦਬਾਜ਼ੀ ਇਹੀਓ ਸਿੱਧ ਕਰਦੀ ਹੈ ਕਿ ਬਚਣ ਦੀ ਲੋੜ ਹੈ।
ਮਾਹਿਲਪੁਰ ਲੰਗੇਰੀ ਦੀ ਮਾਸ਼ਾ ਦੀ ਕੈਨੇਡਾ ਵਿਚ ਟੌਹਰ
ਸਾਡੇ ਸਾਂਝੇ ਮਿੱਤਰ ਅਜੀਤ ਲੰਗੇਰੀ ਦੀ ਬੇਟੀ ਮੇਰੇ ਤੇ ਆਪਣੇ ਮਾਪਿਆਂ ਵਾਂਗ ਖਾਲਸਾ ਕਾਲਜ ਮਾਹਿਲਪੁਰ ਤੋਂ ਪੜ੍ਹੀ ਹੋਈ ਹੈ। ਉਹ ਤਿੰਨ ਤੋਂ ਵੱਧ ਸਾਲਾਂ ਤੋਂ ਕੈਨੇਡਾ ਦੀ ਰਾਜਧਾਨੀ ਵਿਕਟੋਰੀਆ ਵਿਚ ਰਹਿ ਰਹੀ ਹੈ। ਉਸਨੂੰ ਉਥੋਂ ਦੀ ਸਰਕਾਰ ਨੇ ਆਪਣੇ ਉਸ ਮਹਿਕਮੇ ਵਿਚ ਨਿਯੁਕਤ ਕੀਤਾ ਹੈ, ਜਿਹੜਾ ਬਾਹਰਲੇ ਦੇਸ਼ਾਂ ਤੋਂ ਉਥੇ ਜਾ ਕੇ ਕੰਮ ਕਰਨ ਵਾਲਿਆਂ ਦੇ ਤਾਲਮੇਲ ਤੇ ਪਰਸਪਰ ਮੇਲ ਮਿਲਾਪ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਵਿਚ ਚੀਨੇ, ਕੋਰੀਅਨ, ਵੀਅਤਨਾਮੀ, ਫਿਲਪੀਨਸ, ਫਰਾਂਸੀਸੀ, ਜਪਾਨੀ, ਸਪੇਨੀ, ਅਰਬੀ, ਈਰਾਨੀ, ਹਿੰਦੂ ਤੇ ਪੰਜਾਬੀ ਬਾਰੇ ਆਪੋ ਆਪਣੀ ਮਾਤ ਭਾਸ਼ਾ ਵਿਚ ਗੱਲ ਕਰਨਾ ਪਸੰਦ ਕਰਦੇ ਹਨ। ਚੀਨ ਵਾਲਿਆਂ ਵਿਚੋਂ ਕੁਝ ਤਾਂ ਪੁਰਾਤਨ ਤੇ ਪ੍ਰੰਪਰਕ ਚੀਨੀ ਬੋਲਦੇ ਹਨ ਤੇ ਬਾਕੀ ਸਰਲ ਤੇ ਸਾਦੀ ਚੀਨੀ ਭਾਸ਼ਾ। ਕਰੋਨਾ ਦੇ ਕਰੋਪੀ ਕਾਲ ਵਿਚ ਤਾਂ ਇਨ੍ਹਾਂ ਦਾ ਆਪਸੀ ਤਾਲਮੇਲ ਗਲੀ ਬਾਜ਼ਾਰਾਂ ਵਿਚ ਵੀ ਨਹੀਂ ਸੀ ਹੰੁਦਾ। ਕੈਨੇਡਾ ਦੀ ਸਰਕਾਰ ਹੀ ਉਨ੍ਹਾਂ ਦਾ ਮੇਲ ਮਿਲਾਪ ਕਰਾਉਂਦੀ ਸੀ, ਉੱਪਰ ਦੱਸੇ ਮਹਿਕਮੇ ਦੁਆਰਾ। ਸਾਡੀ ਮਾਸ਼ਾ ਉਸ ਮਹਿਕਮੇ ਦੀ ਮੈਨੇਜਰ ਹੈ। ਬਾਰਾਂ ਭਾਸ਼ਾਵਾਂ ਦੀ ਪ੍ਰਬੰਧਕ ਤੇ ਸੰਯੋਜਕ। ਅੰਗਰੇਜ਼ੀ ਐਮ ਏ ਮਾਪਿਆਂ ਦੀ ਧੀ ਤੇ ਖੁਦ ਵੀ ਇਸੇ ਭਾਸ਼ਾ ਦੀ ਐਮ. ਏ ਮਾਸ਼ਾ ਕੌਰ। ਕੈਨੇਡੀਅਨ ਸਰਕਾਰ ਦੇ ਉਸ ਮਹਿਕਮੇ ਦੀ ਮੁਖੀ ਹੈ, ਜਿਹੜਾ ਬਾਰਾਂ ਭਾਸ਼ਾਵਾਂ ਦੇ ਆਪੋ ਵਿਚਲੇ ਸਹਿਜ ਸੰਚਾਰ ਦਾ ਸੰਯੋਜਕ ਹੈ ਭਾਵੇਂ ਖੁਦ ਇਨ੍ਹਾਂ ਵਿਚੋਂ ਕੇਵਲ ਪੰਜਾਬੀ ਤੇ ਹਿੰਦੀ ਭਾਸ਼ਾ ਦੀ ਮਾਹਿਰ ਹੈ। ਉਥੇ ਅੰਗਰੇਜ਼ੀ ਭਾਸ਼ਾ ਦੀ ਕੋਈ ਪੁੱਛ ਪ੍ਰਤੀਤ ਨਹੀਂ। ਉਰਦੂ ਭਾਸ਼ਾ ਦੀ ਵੀ ਨਹੀਂ ਕਿਉ ਉਥੋਂ ਦੇ ਪਾਕਿਸਤਾਨੀ ਵੀ ਪੰਜਾਬੀ ਬੋਲਦੇ ਹਨ।
ਮਾਹਿਲਪੁਰੀਏ ਇਕ ਸਦੀ ਤੋਂ ਵੱਧ ਸਮੇਂ ਤੋਂ ਰੋਜ਼ੀ ਰੋਟੀ ਲਈ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਦੀ ਖੱਟੀ ਲੈ ਕੇ ਵਾਪਸ ਆਪਣੇ ਦੇਸ਼ ਆਉਂਦੇ ਰਹੇ ਹਨ। ਹੁਣ ਇਸ ਰੁਝਾਨ ਵਿਚ ਵੱਡੀ ਤਬਦੀਲੀ ਆ ਗਈ ਹੈ। ਉਹ ਵਾਪਸ ਆਉਣ ਦੀ ਥਾਂ ਉਥੋਂ ਦੇ ਵਸਨੀਕ ਹੋ ਜਾਂਦੇ ਹਨ। ਜਾਪਦਾ ਹੈ ਮਾਸ਼ਾ ਵੀ ਉਥੋਂ ਦੀ ਹੋ ਕੇ ਰਹਿ ਜਾਵੇਗੀ। ਜੇ ਕਿਸੇ ਵਿੱਧ ਪਰਤ ਵੀ ਆਈ ਤਾਂ ਉਸਨੂੰ ਏਥੋਂ ਵਾਲਿਆਂ ਨੇ ਮਾਸ਼ਾ ਵਜੋਂ ਨਹੀਂ ਜਾਨਣਾ ਮਾਸ਼ਾ ਕੌਰ ਕੈਨੇਡੀਅਨ ਕਹਿਣ ਲੱਗ ਜਾਣਾ ਹੈ। ਦਰਸ਼ਨ ਸਿੰਘ ਕੈਨੇਡੀਅਨ ਵਾਂਗ। ਅਸੀਂ ਤਾਂ ਹਰ ਤਰ੍ਹਾਂ ਖ਼ੁਸ਼ ਹਾਂ। ਸਵਾਗਤ ਹੈ।

ਅੰਤਿਕਾ
ਟੀ ਐਨ ਰਾਜ਼
ਉਰਦੂ ਕਾ ਮੁਹਾਫਿਜ਼ ਹੈ,
ਹਿੰਦੂ ਨਾ ਮੁਸਲਮਾਂ ਹੀ
ਬੇਗੋਦ ਸੇ ਬੱਚੇ ਕੋ,
ਅਬ ਕਿਸ ਨੇ ਉਠਾਨਾ ਹੈ।