ਅਵਤਾਰ ਸਿੰਘ
ਫ਼ੋਨ: 941718384
ਆਪਣੀ ਰਿਟਾਇਰਮੈਂਟ ਤੋਂ ਬਾਅਦ ਮੈਂ ਸਵੇਰੇ ਉੱਠਦਾ ਹਾਂ ਤੇ ਆਪਣੇ ਕੁਦਰਤੀਪਣ ਤੋਂ ਵਿਹਲਾ ਹੋ ਕੇ ਦੋ ਵੱਡੇ ਕੱਪ ਚਾਹ ਦੇ ਬਣਾਉਂਦਾ ਹਾਂ। ਇਕ ਕੱਪ ਆਪਣੇ ਸਹਾਰੇ ਦੇ ਸਿਰਹਾਣੇ ਰੱਖ ਕੇ ਆਪ ਪੜ੍ਹਨ ਲੱਗ ਜਾਂਦਾ ਹਾਂ ਤੇ ਨਾਲ ਨਾਲ ਚਾਹ ਪੀਂਦਾ ਹਾਂ।
ਅੱਜ-ਕੱਲ੍ਹ ਕੋਈ ਕਿਸੇ ਦੇ ਆਉਂਦਾ ਨਹੀਂ ਤੇ ਮੈਂ ਵੀ ਕਿਸੇ ਦੇ ਜਾਂਦਾ ਨਹੀਂ। ਕਈ ਕਈ ਦਿਨ ਅਜਿਹੇ ਬੀਤ ਜਾਂਦੇ ਹਨ ਕਿ ਘਰ ਦੇ ਗੇਟ ਦੇ ਬਾਹਰ ਵੀ ਨਹੀਂ ਜਾ ਹੁੰਦਾ। ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਸੈਰ ਤਾਂ ਨਹੀਂ ਹੁੰਦੀ, ਤੁਰ ਹੋ ਜਾਂਦਾ ਹੈ। ਏਸੇ ਤਰ੍ਹਾਂ ਪੌੜੀਆਂ ਚੜ੍ਹਦਿਆਂ ਉਤਰਦਿਆਂ ਕੁਝ ਨਾ ਕੁਝ ਕਸਰਤ ਹੋ ਜਾਂਦੀ ਹੈ। ਇਹਦੇ ਇਲਾਵਾ ਨਕਲੀ ਮੇਲ ਮਿਲਾਪ ਲਈ ਫ਼ੋਨ ਹੈ।
ਬੱਚੇ ਅੱਜ-ਕੱਲ੍ਹ ਘਰੇ ਹੁੰਦੇ ਹਨ। ਵੱਡਾ ਉੱਪਰ ਆਪਣੇ ਕਮਰੇ ਵਿਚ ਪੜ੍ਹਦਾ ਰਹਿੰਦਾ ਹੈ ਤੇ ਛੋਟਾ ਹੇਠਾਂ ਲੈਪਟੌਪ ਖੋਲ੍ਹ ਕੇ ਬੈਠਾ ਰਹਿੰਦਾ ਹੈ। ਦੋਵਾਂ ਨੂੰ ਹੀ ਜਦ ਕੋਈ ਅਨੋਖੀ ਜਿਹੀ ਗੱਲ ਪਤਾ ਲੱਗਦੀ ਹੈ ਤਾਂ ਉਹ ਮੈਨੂੰ ਸੁਣਾਉਣ ਆ ਜਾਂਦੇ ਹਨ ਤੇ ਮੈਂ ਏਨੀ ਦਿਲਚਸਪੀ ਨਾਲ ਸੁਣਦਾ ਹਾਂ ਕਿ ਉਹ ਖੁਸ਼ ਹੋ ਜਾਂਦੇ ਹਨ, ਜਿਵੇਂ ਉਨ੍ਹਾਂ ਦੀ ਗੱਲ ਦਾ ਮੁੱਲ ਪੈ ਗਿਆ ਹੋਵੇ।
ਜਦ ਕਿਤੇ ਮੈਨੂੰ ਕੋਈ ਅਜਿਹੀ ਗੱਲ ਪਤਾ ਲੱਗਦੀ ਹੈ, ਜਿਹਦੇ ਬਾਰੇ ਮੈਂ ਸੋਚਦਾ ਹਾਂ ਕਿ ਉਨ੍ਹਾਂ ਨੂੰ ਸੁਣਾਵਾਂ ਤਾਂ ਉਹ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੇ ਹਨ, ਜਿਵੇਂ ‘ਭਲਾ ਇਹ ਵੀ ਕੋਈ ਗੱਲ ਹੋਈ’। ਮੈਂ ਨਿਰਾਸ਼ ਹੋ ਜਾਂਦਾ ਹਾਂ, ਜਿਵੇਂ ਹੁਣ ਮੇਰੀਆਂ ਗੱਲਾਂ ਦਾ ਜ਼ਮਾਨਾ ਨਾ ਰਿਹਾ ਹੋਵੇ ਤੇ ਨਾਲ ਹੀ ਮੇਰਾ ਵੀ।
ਮੈਂ ਅਕਸਰ ਵੱਢ ਟੁੱਕ ਕੇ ਖੂਹ `ਚ ਸੁੱਟੇ ਹੋਏ ਪੂਰਨ ਦੀ ਤਰ੍ਹਾਂ ਕਿਸੇ ਨੂੰ ਉਡੀਕਦਾ ਰਹਿੰਦਾ ਹਾਂ ਤੇ ਜਦ ਵੀ ਕੋਈ ਮੈਨੂੰ ਮਿਲਣ ਆਉਂਦਾ ਹੈ, ਇਵੇਂ ਲੱਗਦਾ ਹੈ, ਜਿਵੇਂ ਘੜੀ ਪਲ ਲਈ ਮੈਨੂੰ ਕਿਸੇ ਨੇ ਖੂਹ ’ਚੋਂ ਬਾਹਰ ਕੱਢਿਆ ਹੋਵੇ ਤੇ ਜਦ ਉਹ ਮਿਲ ਕੇ ਵਾਪਸ ਜਾਂਦਾ ਹੈ ਤਾਂ ਕੁਝ ਚਿਰ ਬਾਅਦ ਫਿਰ ਲੱਗਦਾ ਹੈ, ਜਿਵੇਂ ਮੈਂ ਫਿਰ ਉਸੇ ਖੂਹ `ਚ ਡਿੱਗ ਪਿਆ ਹੋਵਾਂ।
ਕਿਸੇ ਭਲੇ ਵੇਲੇ ਕਿਤਾਬੀ ਜਿ਼ੰਦਗੀ ਸਰਵਰ ਜਾਂ ਸਰੋਵਰ ਸਮਝੀ ਜਾਂਦੀ ਸੀ ਤੇ ਕਿਤਾਬਾਂ ਪੜ੍ਹਨ ਵਾਲੇ ਖ਼ੁਦ ਨੂੰ ਮਾਨਸਰੋਵਰ ਝੀਲ ਦੇ ਕਿਨਾਰਿਆਂ `ਤੇ ਹੀਰੇ ਮੋਤੀ ਚੁਗਣ ਵਾਲੇ ਪਾਕ ਪਵਿੱਤਰ ਹੰਸ ਸਮਝਦੇ ਸਨ।
ਹੁਣ ਸਾਡੇ ਸਮਾਜ ਵਿਚੋਂ ਕਿਤਾਬੀ ਹੀਰੇ ਮੋਤੀਆਂ ਦੀ ਕੀਮਤ ਹੀ ਖਤਮ ਹੋ ਗਈ ਹੈ ਤਾਂ ਹੁਣ ਕਿਤਾਬੀ ਲੋਕ ਇਵੇਂ ਸਮਝੇ ਜਾਂਦੇ ਹਨ, ਜਿਵੇਂ ਉਹ ਕੋਈ ਪ੍ਰੇਤ ਹੋਣ, ਜਿਨ੍ਹਾਂ ਤੋਂ ਦੂਰ ਰਹਿਣ ਵਿਚ ਭਲਾਈ ਹੋਵੇ। ਅਜਿਹੇ ਹਾਲਾਤ ਅਤੇ ਅਹਿਸਾਸ ਵਿਚ ਹੋਰ ਵੀ ਜੀ ਕਰਦਾ ਹੈ ਕੋਈ ਆਵੇ ਤੇ ਮਾੜਾ ਮੋਟਾ ਜੀ ਪਰਚੇ।
ਕੱਲ੍ਹ ਦੁਪਹਿਰੇ ਫ਼ੋਨ ਦੀ ਘੰਟੀ ਵੱਜੀ। ਦੇਖਿਆ ਤਾਂ ਜਸਵੰਤ ਜ਼ਫਰ ਦਾ ਫ਼ੋਨ ਸੀ। ਉਹ ਜਲੰਧਰ ਆਏ ਹੋਏ ਸਨ ਤੇ ਜਾਂਦੇ ਵਕਤ ਮੈਨੂੰ ਮਿਲਣਾ ਚਾਹੁੰਦੇ ਸਨ। ਮੇਰਾ ਮਨ ਏਨਾ ਖੁਸ਼ ਹੋਇਆ ਕਿ ਪੁੱਛੋ ਕੁਝ ਨਾ। ਮੈਂ ਆਪਣੀ ਬੀਬੀ ਦੇ ਕਥਨ ਮੂਜਬ ਸਾਵਧਾਨ ਹੋ ਕੇ ਬਹਿ ਗਿਆ ਤੇ ਜਸਵੰਤ ਜ਼ਫਰ ਦੀ ਉਡੀਕ ਕਰਨ ਲੱਗ ਪਿਆ।
ਦੱਸੇ ਸਮੇਂ `ਤੇ ਫਿਰ ਫ਼ੋਨ ਆਇਆ ਕਿ ਉਹ ਸਾਡੇ ਮੁਹੱਲੇ ਵਿਚ ਮੇਰਾ ਘਰ ਲੱਭ ਰਹੇ ਹਨ। ਮੈਂ ਬਾਹਰ ਨਿਕਲਿਆ ਤਾਂ ਉਹ ਸਾਡੇ ਘਰ ਦੇ ਬਾਹਰ ਬਣੀ ਪਾਰਕ ਦੇ ਦੂਜੇ ਪਾਸੇ ਖੜ੍ਹੇ ਸਨ। ਅਸਲ ਵਿਚ ਗੂਗਲ ਨੂੰ ਹੀ ਹਲਕਾ ਜਿਹਾ ਟਪਲ਼ਾ ਲੱਗ ਗਿਆ ਸੀ ਜੋ ਉਨ੍ਹਾਂ ਨੂੰ ਦੂਜੇ ਪਾਸੇ ਲੈ ਗਿਆ ਸੀ। ਉਨ੍ਹਾਂ ਮੈਨੂੰ ਝੱਟ ਦੇਖ ਲਿਆ ਤੇ ਉਹ ਮੇਰੇ ਵੱਲ ਚਲੇ ਆਏ। ਉਹ ਪਲ ਕਿੰਨੇ ਖ਼ੂਬਸੂਰਤ ਸਨ, ਜਦ ਉਨ੍ਹਾਂ ਦੇ ਚਸ਼ਮ ਮੇਰੇ ਨਾਲ ਮਿਲੇ ਹੋਏ ਸਨ ਤੇ ਕਦਮ ਮੇਰੇ ਵੱਲ ਵਧ ਰਹੇ ਸਨ।
ਅਸੀਂ ਆਪਣੇ ਘਰ ਅੰਦਰ ਬੈਠ ਗਏ। ਹਲਕੀ-ਹਲਕੀ ਗੱਲਬਾਤ ਸ਼ੁਰੂ ਹੋਈ। ਮੈਂ ਉਨ੍ਹਾਂ ਨੂੰ ਨਿਹਾਰਦਾ ਰਿਹਾ ਸਾਦਾ ਲਿਬਾਸ, ਸਾਦੀ ਦਿੱਖ ਤੇ ਹਲਕੀ ਜਿਹੀ ਕਿਤੇ ਛੁਪੀ ਹੋਈ ਸ਼ਰਾਰਤ ਵੀ। ਉਹ ਵੱਡੇ ਅਫਸਰ ਹਨ, ਪਰ ਉਨ੍ਹਾਂ ਨੇ ਆਪਣੀ ਅਫ਼ਸਰੀ ਨੂੰ ਕਵਿਤਾ ਇਸ਼ਨਾਨ ਕਰਵਾ-ਕਰਵਾ ਕੇ ਏਨਾ ਠਾਰ ਦਿੱਤਾ ਹੈ, ਜਿਵੇਂ ਉਹ ਰਜਾਈ ਲੈ ਕੇ ਸੁੱਤੀ ਰਹਿਣ ਵਿਚ ਹੀ ਭਲਾ ਸਮਝਦੀ ਹੋਵੇ।
ਕਵੀ ਆਪੇ ਨੇ ਉਨ੍ਹਾਂ ਦੇ ਤਮਾਮ ਆਪਿਆਂ `ਤੇ ਏਨਾ ਅਧਿਕਾਰ ਜਮਾ ਲਿਆ ਹੈ ਕਿ ਹੁਣ ਅਫ਼ਸਰੀ ਉੱਠਣ ਦਾ ਹੌਸਲਾ ਵੀ ਨਹੀਂ ਕਰਦੀ। ਉਨ੍ਹਾਂ ਦੀ ਕਵਿਤਾ ਦਾ ਇਹੀ ਕਮਾਲ ਹੈ, ਨਹੀਂ ਤੇ ਕਵਿਤਾ ਕੀ ਤੇ ਅਫ਼ਸਰੀ ਕੀ।
ਕੋਈ ਲੇਖਕ ਜਦ ਕਿਤੇ ਜਾਂਦਾ ਹੈ ਤਾਂ ਆਪਣੀ ਵਿਦਵਤਾ ਦੀਆਂ ਪੰਡਾਂ ਬੰਨ੍ਹ-ਬੰਨ੍ਹ ਨਾਲ਼ ਲੈ ਜਾਂਦਾ ਹੈ। ਪਰ ਜਸਵੰਤ ਜ਼ਫਰ ਨੇ ਨਾ ਮੇਰੇ `ਤੇ ਆਪਣਾ ਗਿਆਨ ਝਾੜਿਆ ਨਾ ਕਵਿਤਾ। ਉਹ ਬੜੀ ਸਹਿਜ ਮੁਦਰਾ ਵਿਚ ਬੈਠੇ ਰਹੇ ਤੇ ਬੜੇ ਇਤਮੀਨਾਨ ਨਾਲ ਮੈਨੂੰ ਹੀ ਸੁਣਦੇ ਰਹੇ। ਉਨ੍ਹਾਂ ਨੇ ਮੇਰੀ ਰਿਟਾਇਰਡ ਜਿ਼ੰਦਗੀ ਬਾਰੇ ਪੁੱਛਿਆ ਤੇ ਆਪਣੀ ਆਉਣ ਵਾਲੀ ਰਿਟਾਇਰਡ ਜਿ਼ੰਦਗੀ ਦਾ ਫਿਕਰ ਸਾਂਝਾ ਕੀਤਾ।
ਫਿਰ ਅਸੀਂ ਪੰਜਾਬ ਦੇ ਸਾਂਝੇ ਫਿਕਰ ਅਤੇ ਜਿ਼ਕਰ ਵਿਚ ਉੱਤਰ ਗਏ। ਪੰਜਾਬ ਦੀ ਹਰ ਪੱਖੋਂ ਨਿੱਘਰੀ ਹੋਈ ਹਾਲਤ ਬਾਬਤ ਉਹ ਮੇਰੇ ਨਾਲ ਸਦ ਫੀਸਦ ਸਹਿਮਤ ਸਨ। ਫਰਕ ਸਿਰਫ ਏਨਾ ਕੁ ਸੀ ਕਿ ਉਹ ਸਮਝਦੇ ਸਨ ਕਿ ਪੰਜਾਬ ਵਿਚ ਪੈਦਾ ਹੋ ਚੁੱਕੀ ਪ੍ਰੇਤ ਮੰਡਲੀ ਕੁਝ ਵੀ ਕਹਿਣ ਨਹੀਂ ਦੇਂਦੀ।
ਮੈਂ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਸਾਂ, ਪਰ ਮੇਰਾ ਖਿਆਲ ਸੀ ਕਿ ਅਗਰ ਉਹ ਪੰਜ ਸੱਤ ਜਾਣੇ ਸਿਆਣੇ ਸਾਹਿਤਕਾਰ ਇਕੱਠੇ ਹੋ ਕੇ ਪੰਜਾਬ ਨੂੰ ਮੁਖਾਤਿਬ ਹੋਣ ਤਾਂ ਇਸ ਪ੍ਰੇਤ ਮੰਡਲੀ ਦਾ ਮੂੰਹ ਬੰਦ ਕੀਤਾ ਜਾ ਸਕਦਾ ਹੈ।
ਉਹ ਅਮੰਨੇ ਜਿਹੇ ਮਨ ਨਾਲ ਮੇਰੇ ਨਾਲ ਸਹਿਮਤ ਤਾਂ ਹੋ ਗਏ ਪਰ ਉਹ ਕਹਿ ਰਹੇ ਸਨ ਕਿ ਜਿਨ੍ਹਾਂ ਵੱਲ ਮੈਂ ਸੰਕੇਤ ਕਰ ਰਿਹਾ ਹਾਂ, ਉਹ ਲੋਕ ਪੰਜਾਬ ਲਈ ਏਨੇ ਫਿਕਰਮੰਦ ਨਹੀਂ ਹਨ ਤੇ ਉਨ੍ਹਾਂ ਨੇ ਆਪਣੀ ਖੁਸ਼ੀ, ਸਿਲੇ ਅਤੇ ਸਤਾਇਸ਼ ਲਈ ਕੁਝ ਰੁਝਾਨ ਰੱਖੇ ਹੋਏ ਹਨ, ਜਿਨ੍ਹਾਂ ਵਿਚ ਉਹ ਹਮੇਸ਼ਾ ਪਰਚੇ ਰਹਿੰਦੇ ਹਨ।
ਜਸਵੰਤ ਜ਼ਫਰ ਜੀ ਦੀ ਗੱਲਬਾਤ ਤੋਂ ਮੈਨੂੰ ਲੱਗਿਆ ਕਿ ਸਾਡੇ ਸਾਹਿਤਕਾਰ ਆਪਣੇ ਸਮਾਜ ਨੂੰ ਲੈ ਕੇ ਬਹੁਤੇ ਅਵਾਜ਼ਾਰ ਨਹੀਂ ਹਨ ਤੇ ਉਨ੍ਹਾਂ ਦਾ ਫਿਕਰ ਵੀ ਓਨਾ ਕੁ ਹੈ, ਜਿਹਦੇ ਨਾਲ ਉਨ੍ਹਾਂ ਦੇ ਕਵੀਤਵ ਨੂੰ ਕੋਈ ਮਿਹਣਾ ਨਾ ਸੁਣਨਾ ਪਏ।
ਏਨਾ ਜ਼ਰੂਰ ਪਤਾ ਲੱਗਿਆ ਕਿ ਉਹ ਖ਼ੁਦ ਕਈ ਤਰ੍ਹਾਂ ਦੇ ਕਾਰਜ ਕਰਦੇ ਰਹਿੰਦੇ ਹਨ ਤੇ ਵੱਡੀਆਂ ਮੁਹਿੰਮਾਂ ਵੀ ਵਿੱਢ ਲੈਂਦੇ ਹਨ ਪਰ ਅਖੀਰ ਵਿਚ ਇਕੱਲੇ ਰਹਿ ਜਾਂਦੇ ਹਨ ਤੇ ਨਿਰਾਸ਼ਾ ਦੇ ਆਲਮ ਵਿਚ ਪਸਤ ਹੋ ਜਾਂਦੇ ਹਨ। ਉਹ ਪੰਜਾਬ ਦੀ ਭੂਤਰੀ ਹੋਈ ਮੂਸਾਗਿਰੀ ਤੋਂ ਵੀ ਕਾਫੀ ਚਿੰਤਤ ਸਨ, ਜਿਸ ਨੇ ਪੰਜਾਬੀ ਕਵਿਤਾ ਦੀਆਂ ਕੋਮਲ ਸੰਭਾਵਨਾਵਾਂ ਨੂੰ ਸਦੀਆਂ ਪੁਰਾਣਾ ਜੰਗਾਲਿਆ ਹੋਇਆ ਜਗੀਰੂ ਜਿੰਦਰਾ ਮਾਰ ਦਿੱਤਾ ਹੈ।
ਉਨ੍ਹਾਂ ਦੇ ਆਉਣ ਤੇ ਗੱਲਬਾਤ ਦੌਰਾਨ ਮੈਂ ਆਪਣੇ ਆਪੇ ਵਿਚ ਆ ਗਿਆ ਸੀ ਤੇ ਉਨ੍ਹਾਂ ਦੇ ਜਾਣ ਬਾਅਦ ਫਿਰ ਉਸੇ ਸੋਚ ਵਿਚ ਮੁੜ ਪਰਤ ਗਿਆ।
ਬੜਾ ਅਫ਼ਸੋਸ ਹੋਇਆ ਕਿ ਪੰਜਾਬ ਦੀ ਦਨਦਨਾਉਂਦੀ ਪ੍ਰੇਤ-ਮੰਡਲੀ ਨੇ ਸੁਹਜਮਈ ਅਤੇ ਸੰਵੇਦਨਸ਼ੀਲ ਸਾਹਿਤਕਾਰਾਂ ਦਾ ਜੀਣਾ ਵੀ ਦੁੱਭਰ ਕੀਤਾ ਹੋਇਆ ਹੈ ਤੇ ਮੈਨੂੰ ਲੱਗਿਆ ਕਿ ਪੰਜਾਬ ਦੇ ਹਰ ਤਰ੍ਹਾਂ ਦੇ ਉਜਾੜੇ ਨੂੰ ਹੁਣ ਕੋਈ ਵੀ ਮਾਈ ਦਾ ਲਾਲ ਰੋਕ ਨਹੀਂ ਸਕਦਾ।
ਸਭ ਕਾਸੇ ਦੇ ਬਾਵਜੂਦ ਮੈਂ ਏਨਾ ਜ਼ਰੂਰ ਮਹਿਸੂਸ ਕੀਤਾ ਕਿ ਉਹ ਮੈਨੂੰ ਇਸ ਤਰ੍ਹਾਂ ਮਿਲੇ ਜਿਵੇਂ ਮੁਲਤਾਨ ਦੇ ਪੀਰਾਂ ਨੂੰ ਗੁਰੂ ਨਾਨਕ ਮਿਲੇ ਸਨ। ਦੁੱਧ ਤਾਂ ਮੇਰੇ ਕੋਲ ਨਹੀਂ ਸੀ, ਪਰ ਉਹ ਮੇਰੇ ਖਾਲੀ ਕਾਸੇ ਵਿਚ ਹੀ ਆਪਣੀ ਕਵਿਤਾ ਜਿਹੀ ਚਮੇਲੀ ਦਾ ਉਦਾਤ ਫੁੱਲ ਤਾਰ ਕੇ ਪਰਤ ਗਏ। ਇਹੀ ਗੱਲ ਕਿਸੇ ਕਵੀ ਨੂੰ ਅਕਵੀ ਤੋਂ ਵੱਖ ਕਰਦੀ ਹੈ। ਮੈਂ ਮਹਿਸੂਸ ਕੀਤਾ ਕਿ ਜਸਵੰਤ ਜ਼ਫਰ ਕਵਿਤਾ ਲਿਖਦਾ ਵੀ ਹੈ ਤੇ ਜਿਉਂਦਾ ਵੀ ਹੈ, ਕਿਉਂਕਿ ਉਹ ਖ਼ੁਦ ਕਵਿਤਾ ਹੈ।