ਪ੍ਰਿੰ. ਸਰਵਣ ਸਿੰਘ
ਸਿ਼ਵਚਰਨ ਜੱਗੀ ਵੈਲੀਆਂ, ਇਨਕਲਾਬੀਆਂ ਤੇ ਲੇਖਕਾਂ ਦੇ ਪਿੰਡ ਕੁੱਸੇ ਦਾ ਜੰਮਪਲ ਹੈ। ਉਸ ਨੇ ਆਸਟਰੀਆ ਦੇ ਸ਼ਹਿਰ ਵਿਆਨਾ ਤੱਕ ਦੇ ਖੇਡ ਮੇਲਿਆਂ ਬਾਰੇ ਲਿਖ ਕੇ ਆਪਣਾ ਤੇ ਆਪਣੇ ਪਿੰਡ ਦਾ ਨਾਂ ਦੂਰ-ਦੂਰ ਤਕ ਧੁਮਾ ਦਿੱਤਾ ਹੈ। ਕੁੱਸਾ ਕਿਸੇ ਸਮੇਂ ਅਣਗੌਲਿਆ ਪਿੰਡ ਸੀ ਜਿਸ ਨੂੰ ਉਥੋਂ ਦੇ ਲੇਖਕਾਂ ਨੇ ਮਸ਼ਹੂਰ ਕੀਤਾ। ਉਥੋਂ ਦਾ ਪਹਿਲਾ ਲੇਖਕ ਮਰਹੂਮ ਓਮ ਪ੍ਰਕਾਸ਼ ਕੁੱਸਾ ਹੋਇਆ, ਜੋ 1967-68 ਸੈਸ਼ਨ ਦੌਰਾਨ ਢੁੱਡੀਕੇ ਕਾਲਜ ਵਿਚ ਸਾਡਾ ਮੁੱਢਲਾ ਵਿਦਿਆਰਥੀ ਸੀ। ਉਸ ਨੇ ‘ਇਕ ਲੱਪ ਚਿਣਗਾਂ ਦੀ’ ਕਾਵਿ ਸੰਗ੍ਰਹਿ ਛਪਵਾਇਆ। ਸਰੀਰੋਂ ਤਾਂ ਉਹ ਕਮਜ਼ੋਰ ਸੀ ਪਰ ਕਵਿਤਾ ਪੂਰੇ ਜ਼ੋਰ ਨਾਲ ਪੜ੍ਹਦਾ ਸੀ ਤੇ ਲਾਲ ਇਨਕਲਾਬ ਤੋਂ ਘੱਟ ਗੱਲ ਨਹੀਂ ਸੀ ਕਰਦਾ। ਬਦਕਿਸਮਤੀ ਨਾਲ ਉਹ ਇਨਕਲਾਬ ਆਉਣ ਤੋਂ ਪਹਿਲਾਂ ਹੀ ਪਰਲੋਕ ਸਿਧਾਰ ਗਿਆ।
ਫਿਰ ਕਰਮਜੀਤ ਕੁੱਸਾ ਹੋਇਆ ਜੀਹਦੇ ਨਾਵਲ ਕਾਲਜਾਂ/ਯੂਨੀਵਰਸਿਟੀਆਂ ਵਿਚ ਪਾਠ ਪੁਸਤਕਾਂ ਵਜੋਂ ਪੜ੍ਹਾਏ ਜਾਣ ਲੱਗੇ। ‘ਰਾਤ ਦੇ ਰਾਹੀ’ ਤੇ ‘ਰੋਹੀ ਬੀਆਬਾਨ’ ਨੇ ਉਹਦੀ ਗੁੱਡੀ ਐਨੀ ਅਸਮਾਨੀ ਚੜ੍ਹਾਈ ਕਿ ਉਹਦੇ ਪੈਰ ਜ਼ਮੀਨ ਤੋਂ ਚੁੱਕੇ ਗਏ। ਉਹਨੂੰ ਛੋਟੀ ਉਮਰੇ ਐਨੀ ਪ੍ਰਸ਼ੰਸਾ ਮਿਲੀ ਜੋ ਉਹਤੋਂ ਪਚਾਈ ਨਾ ਗਈ। ਉਹ ਆਪਣੇ ਆਪ ਨੂੰ ਪੰਜਾਬੀ ਦਾ ਸ਼ੋਲੋਖੋਵ ਸਮਝਣ ਲੱਗਾ ਪਰ ਇਕ ਗੋਸ਼ਟੀ ਵਿਚ ਆਪਣੇ ਨਾਵਲ ‘ਜ਼ਖਮੀ ਦਰਿਆ’ ਦੀ ਤਿੱਖੀ ਆਲੋਚਨਾ ਸੁਣ ਕੇ ਨਿਰਾਸ਼ ਹੋ ਗਿਆ। ਨਿਰਾਸ਼ ਹੋਇਆ ਵਧੇਰੇ ਸ਼ਰਾਬ ਪੀਣ ਲੱਗ ਪਿਆ ਤੇ ਆਲੋਚਕਾਂ ਨੂੰ ਗਾਲ੍ਹਾਂ ਦੇਣ ਲੱਗ ਪਿਆ। ਅਖ਼ੀਰ ਸ਼ਰਾਬ ਹੀ ਉਹਨੂੰ ਲੈ ਬੈਠੀ। ਆਖ਼ਰ ਸਿ਼ਵ ਕੁਮਾਰ ਬਟਾਲਵੀ, ਸੰਤ ਰਾਮ ਉਦਾਸੀ, ਮੀਸ਼ੇ ਤੇ ਹੋਰਨਾਂ ਸ਼ਰਾਬੀ ਲੇਖਕਾਂ ਵਾਂਗ ਉਹ ਵੀ ਸ਼ਰਾਬ ਦੀ ਭੇਟਾ ਚੜ੍ਹ ਗਿਆ।
ਹੁਣ ਪਾਵੇਲ ਕੁੱਸਾ ਚੜ੍ਹਦੀ ਉਮਰ ਦਾ ਇਨਕਲਾਬੀ ਲੇਖਕ ਹੈ। ਉਸ ਦੇ ਜਾਣਕਾਰੀ ਭਰਪੂਰ ਗੰਭੀਰ ਲੇਖ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। ਉਸ ਨੇ ਖੇਡਾਂ ਦੇ ਵਪਾਰੀਕਰਨ ਬਾਰੇ ਬੜਾ ਵਧੀਆ ਲੇਖ ਲਿਖਿਆ ਹੈ। ਪਿੰਡ ਕੁੱਸਾ ਹੋਰ ਵੀ ਕਈ ਗੱਲਾਂ ਕਰਕੇ ਪ੍ਰਸਿੱਧ ਹੋ ਗਿਐ। ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦਾ ਲੋਕ ਸਨਮਾਨ ਇਸੇ ਪਿੰਡ ਵਿਚ ਬਹੁਤ ਵੱਡੀ ਪੱਧਰ `ਤੇ ਹੋਇਆ ਸੀ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਕੁੱਸੇ ਦੇ ਕੁਝ ਕਬੱਡੀ ਖਿਡਾਰੀਆਂ ਨੇ ਵੀ ਪਿੰਡ ਕੁੱਸਾ ਲੋਕਾਂ ਦੇ ਮੂੰਹ ਚੜ੍ਹਾਇਆ। ਰਹਿੰਦੀ ਕਸਰ ਜੱਗੀ ਕੁੱਸਾ ਕੱਢੀ ਜਾ ਰਿਹੈ। ਉਹਦੇ ਨਾਵਲ ਅਨਾਰੀ ਬੰਬਾਂ ਵਾਂਗ ਚੰਗਿਆੜੇ ਛੱਡਦੇ ਹਨ ਜੋ ਪਾਠਕਾਂ ਦੀਆਂ ਅੱਖਾਂ ਚੁੰਧਿਆ ਦਿੰਦੇ ਹਨ। ਉਸ ਨੇ ਪਰਦੇਸ ਵਸਦਿਆਂ ਆਪਣੇ ਪਿੰਡ ਪ੍ਰਤੀ ਮੋਹ ਇੰਜ ਪਰਗਟ ਕੀਤਾ ਹੈ:
ਵਤਨ ਜਾਂਦਿਆਂ ਰਾਹੀਆ!
ਮੇਰੇ ਪਿੰਡ ਨੂੰ ਮੇਰਾ ਸਲਾਮ ਆਖੀਂ!!
ਤੇ ਆਖੀਂ ਮੇਰੇ ਪਿੰਡ ਦੀ
ਪਵਿੱਤਰ ਮਾਂ-ਮਿੱਟੀ ਨੂੰ
ਤੇਰੀ ਨਿੱਘੀ ਗੋਦ `ਚ
ਪਲਿਆ ਤੇਰਾ ਪੁੱਤਰ
ਸਰਘੀ ਵੇਲੇ ਹਰ ਰੋਜ਼
ਤੈਨੂੰ ਸਜਦਾ ਕਰਦੈ!!!
ਰੱਬ ਕਰੇ ਤੇਰੇ ਵੱਲੋਂ
ਸਦਾ ਠੰਢੀਆਂ ਹਵਾਵਾਂ ਹੀ ਆਉਣ!
ਉਹਦੇ ਦੋ ਦਰਜਨ ਤੋਂ ਵੱਧ ਨਾਵਲ, ਚਾਰ ਕਹਾਣੀ ਸੰਗ੍ਰਹਿ, ਤਿੰਨ ਹਾਸ ਵਿਅੰਗ ਸੰਗ੍ਰਹਿ, ਇਕ ਕਾਵਿ ਸੰਗ੍ਰਹਿ ਤੇ ਇਕ ਨਿਬੰਧ ਸੰਗ੍ਰਹਿ ਛਪ ਚੁੱਕੇ ਨੇ। ਜੱਗੀ ਖ਼ੁਦ ਕੁੱਸੇ ਦੀ ਸੱਥ ਦਾ ਸਿ਼ੰਗਾਰ ਰਿਹੈ। ਸੱਥ `ਚ ਦਿਸਚਸਪ ਟੋਟਕੇ ਸੁਣਾਉਣ ਵਾਲਾ। ਉਹਦੀਆਂ ਗੱਲਾਂ ਖਿੜੇ ਅਮਲੀਆਂ ਵਰਗੀਆਂ ਹੁੰਦੀਆਂ ਹਨ। ਪੰਜਾਬ ਦੇ ਠਾਣਿਆਂ ਵਿਚ ਕਈ ਪੁਲਸੀਏ ਆਇਆਂ ਗਿਆਂ ਦਾ ਸਵਾਗਤ ਮਾਂ ਭੈਣ ਦੀਆਂ ਫਿਲੌਰੀ ਗਾਲ੍ਹਾਂ ਨਾਲ ਕਰਦੇ ਹਨ ਤੇ ਇਹੋ ਕੁਝ ਫਿਰ ਠਾਣਿਓਂ ‘ਸਿੱਖਿਆ’ ਲੈਣ ਵਾਲੇ ਕਰਨ ਲੱਗ ਜਾਂਦੇ ਹਨ। ਜੱਗੀ ਨੇ ਵੀ ਠਾਣੇ ਜਾ ਕੇ ਈ ਇਹ ਸਾਰਾ ਕੁਛ ਸਿੱਖਿਆ। ਪੁਲਸੀਆਂ ਤੇ ਵੈਲੀਆਂ ਬਦਮਾਸ਼ਾਂ ਦੀਆਂ ਗਾਲ੍ਹਾਂ ਨਾਲ ਉਹਦੇ ਪਾਤਰ ‘ਫਿੱਟਣੀਆਂ ਦੇ ਫੇਟ’ ਲੱਗਦੇ ਹਨ। ਉਹਦੇ ਨਾਵਲਾਂ ਦੀ ਕਸਿ਼ਸ਼ ਉਹਦੇ ਤਿੱਖੇ, ਤੇਜ਼, ਕਰਾਰੇ ਤੇ ਮਜ਼ਾਕੀਆ ਸੰਵਾਦਾਂ ਵਿਚ ਹੈ।
ਸਿ਼ਵਚਰਨ ਜੱਗੀ ਦਾ ਜਨਮ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪੰਡਤ ਬ੍ਰਹਮਾ ਨੰਦ ਦੇ ਘਰ 1 ਅਕਤੂਬਰ, 1965 ਨੂੰ ਹੋਇਆ ਸੀ। ਉਨ੍ਹਾਂ ਦਿਨਾਂ `ਚ ਭਾਰਤ/ਪਾਕਿਸਤਾਨ ਵਿਚਕਾਰ ਜੰਗ ਹੋਈ ਸੀ। ਹਵਾਈ ਜਹਾਜ਼ਾਂ ਤੇ ਬੰਬਾਂ ਦੀਆਂ ਆਵਾਜ਼ਾਂ ਉਸ ਨੇ ਮਾਂ ਦੇ ਪੇਟ ਵਿਚ ਸੁਣੀਆਂ। ਜੱਗੀ ਨੇ ਪ੍ਰਾਇਮਰੀ ਦੀ ਪੜ੍ਹਾਈ ਕੁੱਸੇ ਦੇ ਸਕੂਲ `ਚੋਂ ਕੀਤੀ ਤੇ ਦਸਵੀਂ ਤਖਤੂਪੁਰੇ ਦੇ ਖ਼ਾਲਸਾ ਹਾਈ ਸਕੂਲ ਵਿਚੋਂ। ਬਚਪਨ ਵਿਚ ਪੜ੍ਹਾਈ ਦੇ ਨਾਲ ਮਾਲ ਡੰਗਰ ਚਾਰਨ ਤੇ ਖੇਤੀਬਾੜੀ ਦੇ ਕੰਮ ਵਿਚ ਹੱਥ ਵਟਾਉਣ ਦਾ ਤਜਰਬਾ ਆਪਣੇ ਆਪ ਹੁੰਦਾ ਗਿਆ। ਇਹੋ ਕਾਰਨ ਹੈ ਕਿ ਉਹ ਪੇਂਡੂ ਤੇ ਕਿਰਸਾਣੀ ਜੀਵਨ ਨੂੰ ਸਿ਼ੱਦਤ ਨਾਲ ਪੇਸ਼ ਕਰ ਸਕਿਆ। ਉਹ ਮੋਗੇ ਦੇ ਡੀ. ਐੱਮ. ਕਾਲਜ ਵਿਚ ਪੜ੍ਹਨ ਲੱਗਾ ਸੀ ਕਿ ਪਿੰਡਾਂ ਵਿਚ ਪੁਲਿਸ ਦੇ ਛਾਪੇ ਪੈਣ ਲੱਗੇ। ਜੱਗੀ ਦੀ ਵੀ ਪੁੱਛਗਿੱਛ ਹੋਣ ਲੱਗੀ। ਮਾਪਿਆਂ ਦਾ `ਕੱਲਾ ਪੁੱਤ ਹੋਣ ਕਰਕੇ ਘਰ ਦਿਆਂ ਨੂੰ ਕੁਝ ਵੱਧ ਫਿ਼ਕਰ ਹੋਇਆ ਕਿ ਹੋਰਨਾਂ ਕਾਲਜੀਏਟਾਂ ਵਾਂਗ ਉਹਨੂੰ ਵੀ ਪੁਲਿਸ ਨਾ ਵਲ੍ਹੇਟ ਲਵੇ। ਇਕ ਵਾਰ ਉਹ ਠਾਣੇ ਦੇ ਦਰਸ਼ਨ ਕਰ ਆਇਆ ਜਿੱਥੇ ਪੁਲਸੀਆਂ ਦੀ ਬੋਲਬਾਣੀ ਵੀ ਸਿੱਖ ਗਿਆ। ਮਾਪਿਆਂ ਨੇ ਜੱਗੀ ਨੂੰ ਵਿਦੇਸ਼ ਭੇਜਣ ਵਿਚ ਬਚਾਅ ਸਮਝਿਆ। ਕਾਲਜ ਦੀ ਪੜ੍ਹਾਈ ਵਿਚੇ ਛੁਡਵਾ ਕੇ ਏਜੰਟ ਰਾਹੀਂ 2 ਅਕਤੂਬਰ, 1980 ਨੂੰ ਆਸਟਰੀਆ ਲੰਘਾ ਦਿੱਤਾ।
ਤਦ ਤਕ ਉਹਦੀ ਉਮਰ ਭਾਵੇਂ ਪੰਦਰਾਂ ਸਾਲ ਦੀ ਹੀ ਸੀ ਪਰ ਉਹ ਕਵਿਤਾ ਕਹਾਣੀ ਨੂੰ ਮੂੰਹ ਮਾਰਨ ਲੱਗ ਪਿਆ ਸੀ। ਚੜ੍ਹਦੀ ਜੁਆਨੀ ਵਿਚ ਪਿੰਡ ਤੇ ਪੰਜਾਬ ਦੇ ਵਿਛੋੜੇ ਨੇ ਉਹਦੇ ਮਨ ਵਿਚ ਵਤਨ ਦੀ ਤੜਪ ਹੋਰ ਵਧਾ ਦਿੱਤੀ। ਉਹ ਪੰਜਾਬ ਤੋਂ ਪੰਜਾਬੀ ਦੀਆਂ ਕਿਤਾਬਾਂ, ਖ਼ਾਸ ਕਰ ਕੇ ਨਾਵਲ ਮੰਗਾ ਕੇ ਪੜ੍ਹਨ ਲੱਗਾ। ਕੁੱਸੇ ਰਹਿੰਦਿਆਂ ਉਹ ਕਰਮਜੀਤ ਕੁੱਸਾ ਤੇ ਬੂਟਾ ਸਿੰਘ ਸ਼ਾਦ ਦੇ ਨਾਵਲ ਪੜ੍ਹ ਚੁੱਕਾ ਸੀ। ਆਸਟਰੀਆ ਦੇ ਸ਼ਹਿਰ ਸਾਲਜ਼ਬਰਗ ਵਿਚ ਰਹਿੰਦਿਆਂ ਉਸ ਨੇ ਕੰਪਿਊਟਰ ਦੀ ਪੜ੍ਹਾਈ ਕੀਤੀ ਤੇ ਕੰਪਿਊਟਰ ਮਾਹਿਰ ਬਣਨ ਨਾਲ ਜਰਮਨ ਭਾਸ਼ਾ ਵੀ ਸਿੱਖ ਗਿਆ। ਅੰਗਰੇਜ਼ੀ ਉਸ ਨੇ ਪੰਜਾਬ ਵਿਚ ਸਿੱਖ ਲਈ ਸੀ ਆਸਟਰੀਆ ਵਿਚ ਆਸਟਰੀਅਨ ਵੀ ਸਿੱਖ ਲਈ। ਆਪਣੀ ਲਿਆਕਤ ਨਾਲ ਉਹ ਆਸਟਰੀਅਨ ਅਤੇ ਜਰਮਨ ਬਾਰਡਰ ਪੁਲਿਸ ਵਿਚ ਇੰਸਪੈਕਟਰ ਲੱਗ ਗਿਆ। ਇਸ ਨੇ ਉਸ ਨੂੰ ਗਲੋਬਲੀ ਜਾਣਕਾਰੀ ਨਾਲ ਲੈਸ ਕਰ ਦਿੱਤਾ। ਉਸ ਨੇ ਪਹਿਲਾ ਨਾਵਲ ‘ਜੱਟ ਵੱਢਿਆ ਬੋਹੜ ਦੀ ਛਾਵੇਂ’ ਲਿਖਿਆ ਜੋ ਪਾਠਕਾਂ ਨੂੰ ਬੇਹੱਦ ਪਸੰਦ ਆਇਆ ਤੇ ਫਿਰ ਚੱਲ ਸੋ ਚੱਲ ਹੋ ਗਈ।
ਉਸ ਨੇ ਨਾਵਲਾਂ ਦੇ ਨਾਂ ਮਕਬੂਲ ਲੋਕੋਕਤੀਆਂ, ਲੋਕ ਗੀਤਾਂ, ਕਾਵਿ ਪੰਕਤੀਆਂ ਤੇ ਗੁਰਬਾਣੀ ਦੀਆਂ ਟੂਕਾਂ `ਤੇ ਰੱਖੇ ਜੋ ਮੂੰਹੋਂ-ਮੂੰਹ ਚੜ੍ਹਦੇ ਗਏ। ਮਿਸਾਲ ਵਜੋਂ ਏਤੀ ਮਾਰ ਪਈ ਕੁਰਲਾਣੇ, ਤਵੀ ਤੋਂ ਤਲਵਾਰ ਤਕ, ਊਠਾਂ ਵਾਲੇ ਬਲੋਚ, ਲੱਗੀ ਵਾਲੇ ਕਦੇ ਨਾ ਸੌਂਦੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਪੁਰਜ਼ਾ ਪੁਰਜ਼ਾ ਕੱਟ ਮਰੇ, ਹਾਜੀ ਲੋਕ ਮੱਕੇ ਨੂੰ ਜਾਂਦੇ, ਗੋਰਖ ਦਾ ਟਿੱਲਾ, ਉੱਜੜ ਗਏ ਗਰਾਂ, ਕੁੱਲੀ ਨੀ ਫ਼ਕੀਰ ਦੀ ਵਿੱਚੋਂ, ਬਾਰ੍ਹੀਂ ਕੋਹੀਂ ਬਲਦਾ ਦੀਵਾ, ਕੋਈ ਲੱਭੋ ਸੰਤ ਸਿਪਾਹੀ ਨੂੰ, ਬਾਝ ਭਰਾਵਾਂ ਮਾਰਿਆ, ਅੱਖੀਆਂ `ਚ ਤੂੰ ਵੱਸਦਾ, ਰੂਹ ਲੈ ਗਿਆ ਦਿਲਾਂ ਦਾ ਜਾਨੀ, ਸੱਚ ਆਖਾਂ ਤਾਂ ਭਾਂਬੜ ਮੱਚਦਾ ਤੇ ਬੋਦੀ ਵਾਲਾ ਤਾਰਾ ਆਦਿ।
ਕੰਪਿਊਟਰ ਮਾਹਿਰ ਹੋਣ ਕਰਕੇ ਉਹ ਇੰਟਰਨੈੱਟ ਉਤੇ ਵੀ ਛਾ ਗਿਆ ਤੇ ਇਨਫਾਰਮੇਸ਼ਨ ਟੈਕਨਾਲੋਜੀ ਦੀ ਹੋਰਨਾਂ ਪੰਜਾਬੀ ਲੇਖਕਾਂ ਦੇ ਮੁਕਾਬਲੇ ਵੱਧ ਵਰਤੋਂ ਕਰਨ ਲੱਗਾ। ਉਸ ਦੀਆਂ ਵੀਡੀਓਜ਼ ਦਾ ਵੀ ਕੋਈ ਲੇਖਾ ਨਹੀਂ। ਆਸਟਰੀਆ `ਚ ਰਹਿਣ ਪਿੱਛੋਂ ਹੁਣ ਉਹ ਇੰਗਲੈਂਡ ਦਾ ਵਸਨੀਕ ਬਣ ਗਿਆ ਹੈ ਅਤੇ ਪੰਜਾਬ ਗੇੜਾ ਮਾਰਦਾ ਰਹਿੰਦਾ ਹੈ। ਮਾਂ-ਬਾਪ ਚਲਾਣੇ ਕਰ ਗਏ ਅਤੇ ਬਾਲ ਬੱਚੇ ਵਿਆਹ ਲਏ ਹਨ। ਹੁਣ ਫਿਲਮਾਂ ਵਾਲੇ ਵੀ ਉਹਤੋਂ ਡਾਇਲਾਗ ਲਿਖਾਉਣ ਲਈ ਉਹਦੇ ਮਗਰ-ਮਗਰ ਫਿਰਦੇ ਹਨ। ਕੋਈ ਪਤਾ ਨਹੀਂ ਉਹ ਫਿ਼ਲਮੀ ਦੁਨੀਆਂ ਵਿਚ ਹੀ ਜਾ ਵੜੇ। ਪਿੰਡ ਕੁੱਸਾ ਉਹਦਾ ਬੇਸ ਹੈ, ਉਹਦਾ ਰਨਵੇਅ, ਜਿੱਥੋਂ ਉਸ ਨੇ ਉਡਾਰੀਆਂ ਭਰੀਆਂ ਹਨ। ਕਾਮਨਾ ਕਰਦੇ ਹਾਂ ਉਹ ਹੋਰ ਉੱਚੀਆਂ ਉਡਾਰੀਆਂ ਲਾਵੇ, ਹੋਰ ਨਾਂ ਕਮਾਵੇ ਪਰ ਪੈਰ ਜ਼ਮੀਨ `ਤੇ ਹੀ ਰੱਖੇ। ਪੇਸ਼ ਹੈ ਉਹਦੀ ਖੇਡ ਲਿਖਤ:
ਵਿਆਨਾ ਦਾ ਖੇਡ ਮੇਲਾ
ਅਸੀਂ ਆਪਣੇ ਸਭਿਆਚਾਰ, ਰੀਤੀ ਰਿਵਾਜਾਂ ਅਤੇ ਆਪਣੀਆਂ ਦੇਸੀ ਖੇਡਾਂ ਤੋਂ ਬੇਮੁੱਖ ਨਹੀਂ ਹੋ ਸਕਦੇ। ਜਿਹੜਾ ਆਪਣੇ ਪੰਜਾਬੀ ਸਭਿਆਚਾਰ ਤੋਂ ਦੂਰ ਹੋ ਜਾਂਦਾ ਹੈ ਜਾਂ ਤਾਂ ਉਹ ਅਸਲੀ ਪੰਜਾਬੀ ਨਹੀਂ ਤੇ ਜਾਂ ਫਿਰ ਪੱਛਮ ਦੇ ਫੁਕਰਪੁਣੇ `ਚ ਆ ਕੇ ਆਪਣੇ ਵਿਰਸੇ ਨੂੰ ਭੁੱਲ ਗਿਆ ਸਮਝੋ। ਇਹ ਭੁੱਲ-ਭੁਲੱਈਆ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਲਈ ਸ਼ੁਭ ਸ਼ਗਨ ਨਹੀਂ! ਦਾਰੂ ਪੀ ਕੇ ਬੋਤੇ `ਤੇ ਚੜ੍ਹ ਜਾਣਾ ਸਭਿਆਚਾਰ ਨਹੀਂ ਹੁੰਦਾ ਤੇ ਨਾ ਹੀ ਚਾਦਰਾ ਬੰਨ੍ਹ ਕੇ ਮੇਲੇ ਵਿਚ ਗਾਲ੍ਹਾਂ ਕੱਢਣੀਆਂ ਸਭਿਆਚਾਰ ਹੁੰਦੈ। ਖੂੰਡੇ ਨਾਲ ਕਿਸੇ ਦਾ ਸਿਰ ਪਾੜ ਦੇਣਾ ਵੀ ਸਭਿਆਚਾਰ ਨਹੀਂ ਅਤੇ ਨਾ ਹੀ ਰੂੜੀ-ਮਾਰਕਾ ਪੀ ਕੇ ਲਲਕਾਰੇ ਮਾਰਨਾ ਹੀ ਸਭਿਆਚਾਰ ਹੈ! ਸਭਿਆਚਾਰ ਪ੍ਰਤੀ ਅਸੀਂ ਤਦ ਹੀ ਇਮਾਨਦਾਰ ਹਾਂ, ਜੇ ਅਸੀਂ ਆਪਣੀ ਮਾਂ-ਬੋਲੀ ਲਈ ਕੁਝ ਕਰਦੇ ਹਾਂ। ਆਪਣੀਆਂ ਲੋਕ-ਖੇਡਾਂ ਪ੍ਰਤੀ ਸੁਹਿਰਦ ਹਾਂ ਅਤੇ ਆਪਣੇ ਰੀਤੀ-ਰਿਵਾਜਾਂ ਪ੍ਰਤੀ ਸੁਚੇਤ! ਆਸਟਰੀਆ ਵਿਖੇ ਸਥਾਪਤ ਪੰਜਾਬ ਸਪੋਰਟਸ ਕਲੱਬ ਵਿਆਨਾ ਪਿਛਲੇ ਕਈ ਸਾਲਾਂ ਤੋਂ ਪੰਜਾਬੀਆਂ ਨੂੰ ਖੇਡਾਂ ਵੱਲ ਖਿੱਚ ਰਿਹਾ ਹੈ। ਕੀ ਰੱਸਾਕਸ਼ੀ, ਫ਼ੁੱਟਬਾਲ, ਦੌੜਾਂ, ਛਾਲਾਂ ਤੇ ਕੀ ਮਾਂ-ਖੇਡ ਕਬੱਡੀ! ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਇਹ ਪੰਜਾਬ ਸਪੋਰਟਸ ਕਲੱਬ, ਵਿਆਨਾ ਦੇ ਖੇਡ ਇਤਿਹਾਸ ਵਿਚ ਸ਼ਾਨਾਮੱਤਾ ਰੋਲ ਨਿਭਾ ਰਿਹੈ ਤੇ ਦਿਨੋਂ ਦਿਨ ਖੇਡ ਸੰਸਾਰ ਵਿਚ ਨਵੀਆਂ ਮੰਜਿ਼ਲਾਂ ਸਰ ਕਰ ਰਿਹੈ।
ਉਨ੍ਹਾਂ ਨੇ ਸਾਡੇ ਸ਼ੇਰੇ-ਪੰਜਾਬ ਸਪੋਰਟਸ ਕਲੱਬ ਨੂੰ ਸੱਦਾ ਪੱਤਰ ਭੇਜਿਆ ਕਿ 14 ਅਪ੍ਰੈਲ ਨੂੰ ਉਥੋਂ ਦੇ ਖੇਡ ਮੇਲੇ `ਚ ਟੀਮ ਲੈ ਕੇ ਜ਼ਰੂਰ ਪਹੁੰਚਣਾ। ਸਾਡੀ ਟੀਮ ਤਿਆਰ ਸੀ, ਪਰ ਮੇਰਾ ਮਨ ਮੇਲੇ ਵਿਚ ਜਾਣ ਦਾ ਨਹੀਂ ਸੀ। ਮੇਰੇ `ਤੇ ਸਮਾਂ ਹੀ ਕੁਝ ਐਸਾ ਚੱਲ ਰਿਹਾ ਸੀ ਅਖੇ ਪਿੰਡ ਉੱਜੜਿਆ ਜਾਵੇ, ਕਮਲੀ ਨੂੰ ਕੱਤਣ ਦੀ! ਸਾਡੀ ਟੀਮ ਵਾਲੇ ਵੀ ਅੜੀਅਲ ਟੱਟੂ ਵਾਂਗ ਅੜ ਗਏ, ਬਾਬਾ ਜੀ ਜੇ ਤੁਸੀਂ ਨਹੀਂ ਜਾਂਦੇ ਤਾਂ ਫਿਰ ਜਾਂਦੇ ਅਸੀਂ ਵੀ ਨਹੀਂ! ਸਾਧ ਕਸੂਤਾ ਫ਼ਸ ਗਿਆ। ਬਾਈ ਹਾਕਮ ਬਰਾੜ, ਬਲਬੀਰ ਬੱਲ ਅਤੇ ਉਸਤਾਦ ਨਰਿੰਦਰ ਸਿੰਘ ਅਟਵਾਲ ਨੇ ਐਹੋ ਜਿਹੇ ਟੰਬੇ ਦਿਖਾਏ ਕਿ ਆਖਰ ਨੂੰ ਜਾਣ ਲਈ ਮਜਬੂਰਨ ਤਿਆਰ ਹੋਣਾ ਪਿਆ। ਭਰਾਵਾਂ ਦਾ ਆਖਿਆ ਸਿਰ ਮੱਥੇ! ਇਤਫ਼ਾਕਨ ਉਸੇ ਦਿਨ ਹੀ ਬਾਈ ਰਘਬੀਰ ਸਿੰਘ ਕੋਹਾੜ ਹੋਰਾਂ ਦਾ ਪੈਰਿਸ ਖੇਡ ਮੇਲਾ ਸੀ। ਸੱਦਾ ਉਥੋਂ ਵੀ ਆਇਆ ਪਿਆ ਸੀ। ਰਾਤਾਂ ਛੋਟੀਆਂ ਤੇ ਯਾਰ ਬਥੇਰੇ, ਕੀਹਦਾ-ਕੀਹਦਾ ਮਾਣ ਰੱਖਲਾਂ? ਖ਼ੈਰ, ਬਾਈ ਰਘਬੀਰ ਕੋਹਾੜ ਤੋਂ ਮੁਆਫ਼ੀ ਮੰਗੀ ਤੇ ਹਾਸੇ ਨਾਲ ਆਖਿਆ, ਬਾਈ ਜੀ ਆਵਦੇ ਘਰੇ ਵਿਆਹ ਹੋਵੇ ਤਾਂ ਬੰਦਾ ਬਿਗਾਨੀ ਬਰਾਤ `ਚ ਨੱਚਦਾ ਬੁਰਾ ਲੱਗਦੈ..!
ਉਸਤਾਦ ਨਰਿੰਦਰ ਅਟਵਾਲ ਪਰਿਵਾਰ ਸਮੇਤ ਇਕ ਦਿਨ ਪਹਿਲਾਂ ਵਿਆਨਾ ਜਾ ਪਹੁੰਚੇ। ਫ਼ਰੈਂਕਫੋਰਟ ਦੀ ਟੀਮ ਵੀ ਇਕ ਦਿਨ ਪਹਿਲਾਂ ਪਹੁੰਚ ਗਈ। ਸਾਡੇ ਖਿਡਾਰੀ ਰਬਿੰਦਰ ਰੈਂਸੀ, ਲਾਡੀ ਔਜਲਾ, ਲਾਡੀ ਥਿੰਦ, ਗੋਲਡੀ ਥਿੰਦ, ਦਵਿੰਦਰ ਮਠਾੜੂ ਅਤੇ ਸ਼ੇਰੇ ਪੰਜਾਬ ਦੇ ਕਾਰਕੁਨ ਗੁਦਾਵਰ ਬੈਂਸ, ਅਵਤਾਰ ਸਿੰਘ ਬੈਂਸ, ਜੀਤਾ ਔਜਲਾ ਤੇ ਪੰਮੇ ਵਿਰਕ ਹੋਰੀਂ ਇਕ ਦਿਨ ਪਹਿਲਾਂ ਸ਼ਾਮ ਨੂੰ ਮੇਰੇ ਕੋਲੇ ਆਏ। ਮੈਂ ਅਗਲੇ ਦਿਨ ਦੇ ਪ੍ਰੋਗਰਾਮ ਬਾਰੇ ਪੁੱਛਿਆ ਤਾਂ ਰੈਂਸੀ ਆਖਣ ਲੱਗਿਆ, ‘ਬਾਬਾ ਜੀ ਸਵੇਰੇ ਸੱਤ ਵਜੇ ਤੁਰ ਪੈਣੈਂ।’ ਮੈਂ ਗੁਦਾਵਰ ਬੈਂਸ ਨੂੰ ਕਿਹਾ, ‘ਜੇ ਇਹ ਅੱਠ ਵਜੇ ਤੋਂ ਪਹਿਲਾਂ ਰਜਾਈਆਂ `ਚੋਂ ਨਿਕਲ ਆਏ ਤਾਂ ਮੈਨੂੰ ਫੜ ਲਈਂ! ਇਨ੍ਹਾਂ ਨੇ ਤਾਂ ਕੱਛੂਕੁੰਮੇ ਵਾਂਗੂੰ ਰਜਾਈ `ਚੋਂ ਸਿਰੀ ਜਿਹੀ ਕੱਢ ਕੇ ਕਹਿਣੈਂ: ਪੰਜ ਕੁ ਮਿੰਟ ਹੋਰ ਸੌਂ ਲਈਏ। ਇਹ ਤਾਂ ਮਾੜੇ ਕੱਟਰੂ ਵਾਂਗੂੰ ਰਜਾਈ ਵਿਚ ਈ ਧੁਰਲੀਆਂ ਮਾਰੀ ਜਾਣਗੇ, ਦੇਖ ਲਈਂ!’
ਖ਼ੈਰ, ਨਿਆਣਿਆਂ ਦੀ ਰਿਹਾੜ ਵਾਂਗ ਆਖੀ ਜਾਣ, ਬਾਬਾ ਜੀ ਤੁਸੀਂ ਸੱਤ ਵਜੇ ਤਿਆਰ ਰਹਿਓ, ਅਸੀਂ ਤੁਹਾਨੂੰ ਸੱਤ ਵਜੇ ਘਰੋਂ ਚੱਕ ਲੈਣੈਂ! ਚਲੋ ਮੈਂ ਵੀ ਸਵੇਰੇ ਛੇ ਕੁ ਵਜੇ ਨਹਾ-ਧੋ ਲਿਆ ਤੇ ਛੇ ਵੱਜ ਕੇ ਪੈਂਤੀ ਮਿੰਟ `ਤੇ ਤਿਆਰ ਹੋ ਕੇ ਬੈਠ ਗਿਆ, ਬਈ ਲੈਣ ਆਉਣਗੇ! ਸੱਤ ਵਜੇ ਕੀਹਨੇ ਆਉਣਾ ਸੀ? ਰਾਤ ਵਾਲੇ ਵਪਾਰੀ ਤਾਂ ਲਾਹੌਰ ਪਹੁੰਚ ਗਏ ਸਨ। ਮੈਂ ਜਦੋਂ ਸਵਾ ਕੁ ਸੱਤ ਵਜੇ ਰੈਂਸੀ ਦੇ ਸੈੱਲ ਫ਼ੋਨ `ਤੇ ਫ਼ੋਨ ਕੀਤਾ ਤਾਂ ਕੋਈ ਫ਼ੋਨ ਨਾ ਚੁੱਕੇ। ਕਰ ਲਓ ਘਿਉ ਨੂੰ ਭਾਂਡਾ! ਬੜਾ ਅਵਾਜ਼ਾਰ ਹੋਇਆ ਕਿ ਜਿਹੜੇ ਹੁਣ ਫ਼ੋਨ ਨਹੀਂ ਚੁੱਕ ਰਹੇ, ਉਠ ਕੇ ਤਿਆਰ ਕਦੋਂ ਹੋਣਗੇ? ਤਿੰਨ ਸੌ ਕਿਲੋਮੀਟਰ ਦਾ ਸਫ਼ਰ ਕਿਵੇਂ ਤੈਅ ਹੋਵੇਗਾ? ਅੱਗੇ ਟਰੈਫਿ਼ਕ ਦਾ ਕੋਈ ਇਤਬਾਰ ਨਹੀਂ। ਕਾਰਾਂ `ਤੇ ਘੱਟੋ ਘੱਟ ਤਿੰਨ ਘੰਟੇ ਦਾ ਰਸਤਾ ਸੀ।
ਪੌਣੇ ਅੱਠ ਵਜੇ ਰੈਂਸੀ ਦਾ ਫ਼ੋਨ ਆ ਗਿਆ। ਪੁੱਛਣ `ਤੇ ਉਸ ਨੇ ਇਕੋ ਗੱਲ ਆਖੀ, ਬਾਬਾ ਜੀ ਰਾਤ ਲੇਟ ਸੁੱਤੇ ਸੀ, ਬੱਸ ਮੈਂ ਨਹਾਉਣ ਲੱਗਿਐਂ, ਤੁਸੀਂ ਤਿਆਰ ਰਹੋ! ਮੈਂ ਲਾਡੀ ਤੇ ਦਵਿੰਦਰ ਬਾਰੇ ਪੁੱਛਿਆ ਤਾਂ ਉਹ ਆਖਣ ਲੱਗਾ,ਉਹ ਤਾਂ ਰਾਤ ਦੇ ਈ ਲਹਿਰਾਂ ਲਾਈ ਜਾ ਰਹੇ ਨੇ ਬਾਬਾ ਜੀ! ਮੈਂ ਸੋਚਿਆ ਜਿਹੜੇ ਰਾਤ ਦੇ ਹੀ ਲਹਿਰਾਂ ਲਾਈ ਜਾ ਰਹੇ ਨੇ, ਖੇਡਣਗੇ ਸੁਆਹ? ਸਵਾ ਅੱਠ ਵਜੇ ਦੇ ਕਰੀਬ ਰੈਂਸੀ ਮੈਨੂੰ ਲੈਣ ਆ ਗਿਆ। ਜਦੋਂ ਰਸਤੇ ਵਿਚੋਂ ਲਾਡੀ ਔਜਲੇ ਅਤੇ ਦਵਿੰਦਰ ਨੂੰ ਲੈ ਕੇ ਅਸੀਂ ਗੁਰੂ ਘਰ ਪਹੁੰਚੇ ਤਾਂ ਮੁੰਡਿਆਂ ਨੂੰ ਲੱਡੂਆਂ ਦੀ ਭਿਣਕ ਪੈ ਗਈ। ਲੱਡੂਆਂ ਨੂੰ ਉਹ ਇੱਲ੍ਹਾਂ ਵਾਂਗ ਟੁੱਟ ਕੇ ਪੈ ਗਏ। ਗੁਰੂ ਘਰ ਦੇ ਲੱਡੂ ਖਾਂਦੇ, ਚਾਹਾਂ ਪੀਂਦੇ, ਸੱਤ ਵਜੇ ਤੁਰਦੇ ਮੁੰਡਿਆਂ ਨੇ ਸਾਢੇ ਨੌਂ ਵਜਾ ਦਿੱਤੇ। ਮੈਂ ਖਿਝ ਕੇ ਆਖਿਆ, ਸ਼ੌਕੀਨ ਬਰਾਤੀਆਂ ਆਂਗੂੰ ਤੁਰਨ ਵੇਲੇ ਜੁੱਤੀਆਂ ਨਾ ਝਾੜਨ ਲੱਗ ਪਿਆ ਕਰੋ। ਮੇਰਾ ਮੂਡ ਦੇਖ ਕੇ ਅੱਗੜ ਪਿੱਛੜ ਗੱਡੀਆਂ ਕਾਫ਼ਲੇ ਦੀ ਸ਼ਕਲ ਵਿਚ ਤੁਰ ਪਈਆਂ। ਸਾਡੀ ਗੱਡੀ ਰੈਂਸੀ ਚਲਾ ਰਿਹਾ ਸੀ। ਗੀਤ ਗੂੰਜ ਰਿਹਾ ਸੀ, ‘ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਵੇ ਮੈਂ ਮੁੱਖ ਵੀ ਨਾ ਤੱਕਿਆ ਸੰਵਾਰ ਕੇ!’ ਫੇਰ ਜੁਗਨੀ ਚੱਲਣ ਲੱਗ ਪਈ। ਫਿਰ ਇਕ ਗੀਤ ਜ਼ਰੀਏ ਹੀ ਗੁੱਗਾ ਪੂਜਣ ਦੀ ਗੱਲ ਆ ਗਈ। ਗੁੱਗਾ ਰਾਜਪੂਤ ‘ਚੌਹਾਨ’ ਦੀ ਵੰਸ਼ ਵਿਚੋਂ ਸੀ। ਉਸ ਨੇ ਹਿੰਦੂ ਧਰਮ ਤਿਆਗ ਕੇ ਮੁਸਲਮਾਨੀ ਮਜ਼੍ਹਬ ਅਪਣਾ ਲਿਆ ਸੀ। ਉਸ ਨੂੰ ਸੱਪ ਦੀ ਜ਼ਹਿਰ ਮਾਰਨ ਦਾ ਵਰ ਹਾਸਲ ਸੀ। ਕਈ ਲੋਕ ਉਸ ਨੂੰ ਸ਼ੇਸ਼ਨਾਗ ਦਾ ਅਵਤਾਰ ਵੀ ਮੰਨਦੇ ਹਨ।
ਰਸਤੇ ਵਿਚ ਇਕ ਥਾਂ ਰੁਕ ਕੇ ਤੇਲ ਪੁਆਇਆ ਤੇ ਟਰੈਫਿ਼ਕ ਬਹੁਤ ਹੀ ਘੱਟ ਹੋਣ ਕਾਰਨ ਅਸੀਂ ਗੁਰੂ ਕਿਰਪਾ ਨਾਲ ਸਵਾ ਕੁ ਬਾਰਾਂ ਵਜੇ ਆਸਟਰੀਆ ਦੀ ਰਾਜਧਾਨੀ ਵਿਆਨਾ ਪਹੁੰਚ ਗਏ। ਸਿੱਧੇ ਗੁਰੂ ਘਰ ਹੀ ਪਹੁੰਚਣਾ ਸੀ। ਮੁੰਡੇ ਆਖਣ ਲੱਗੇ, ਬਾਬਾ ਜੀ ਭੁੱਖਿਆਂ ਤੋਂ ਤਾਂ ਖੇਡਿਆ ਨਹੀਂ ਜਾਣਾ, ਪਹਿਲਾਂ ਲੰਗਰ ਪਾਣੀ ਛਕ ਲਈਏ। ਮੈਂ ਕਿਹਾ ਤੁਸੀਂ ਲੰਗਰ ਪਾਣੀ ਛਕੋ ਅਸੀਂ ਗਰਾਊਂਡ `ਚ ਜਾ ਕੇ ਟੀਮਾਂ ਦੀ ਐਂਟਰੀ ਕਰਵਾਉਂਦੇ ਹਾਂ। ਗੁਰੂ ਘਰ ਵਿਆਨਾ ਦੇ ਪ੍ਰਧਾਨ ਬਾਈ ਗੁਰਭੇਜ ਸਿੰਘ ਨੇ ਸਾਨੂੰ ਲੰਗਰ ਛਕ ਲੈਣ ਬਾਰੇ ਕਿਹਾ ਤਾਂ ਮੈਂ ਬੇਨਤੀ ਕੀਤੀ ਕਿ ਅਸੀਂ ਗਰਾਊਂਡ ਵਿਚ ਹੀ ਛਕ ਲਵਾਂਗੇ। ਆਪਣੀਆਂ ਗੱਡੀਆਂ ਉਥੇ ਹੀ ਛੱਡ ਮੈਂ ਤੇ ਗੁਦਾਵਰ ਬੈਂਸ ਪੁਰਾਣੇ ਬੇਲੀ ਗੁਰਪ੍ਰੀਤ ਖੰਟ ਦੀ ਵੈਨ ਵਿਚ ਬੈਠ ਕੇ ਗਰਾਊਂਡ ਵਿਚ ਆ ਗਏ।
ਮਿਊਨਿਕ ਤੇ ਵਿਆਨਾ ਦੀਆਂ ਟੀਮਾਂ ਵਿਚਕਾਰ ਫ਼ੁੱਟਬਾਲ ਦਾ ਫ਼ਸਵਾਂ ਮੈਚ ਚੱਲ ਰਿਹਾ ਸੀ। ਮੈਨੂੰ ਦੇਖ ਕੇ ਹੈਰਾਨੀ ਹੋਈ ਕਿ ਮਿਊਨਿਕ, ਜਰਮਨ ਗੁਰੂ ਘਰ ਦਾ ਪ੍ਰਧਾਨ ਤਰਸੇਮ ਅਟਵਾਲ ਵੀ ਗਰਾਊਂਡ `ਚ ਫ਼ੁੱਟਬਾਲ ਖੇਡ ਰਿਹਾ ਸੀ। ਮੈਂ ਬਾਈ ਹਾਕਮ ਬਰਾੜ ਕੋਲ ਟੀਮ ਦੀ ਐਂਟਰੀ ਕਰਵਾਉਂਦੇ ਹੋਏ ਤਰਸੇਮ ਅਟਵਾਲ ਦੇ ਨੇੜੇ ਹੋ ਕੇ ਹੋਕਰਾ ਮਾਰਿਆ, ਪ੍ਰਧਾਨਾ ਹਾਣ ਦਿਆਂ ਨਾਲ ਖੇਡਿਆ ਕਰ, ਹਾਣ ਦਿਆਂ ਨਾਲ! ਪ੍ਰਧਾਨ ਹੌਂਕਦਾ ਮੇਰੇ ਕੋਲ ਆ ਕੇ ਆਖਣ ਲੱਗਿਆ, ਜੱਗੀ ਇਕ ਬੰਦਾ ਘਟਦਾ ਸੀ ਯਾਰ, ਉਹਦੀ ਥਾਂ ਮੈਂ ਪੈ ਗਿਆ…! ਮੈਂ ਕਿਹਾ, ਪ੍ਰਧਾਨਾ ਤੇਰੀ ਟੀਮ `ਚ ਹੁਣ ਅੱਧਾ ਬੰਦਾ ਜਿਆਦੇ ਐ! ਉਹ ਹੱਸਦਾ, ਮੋਢੇ ਹਿਲਾਉਂਦਾ ਫਿਰ ਗਰਾਊਂਡ ਵੱਲ ਭੱਜ ਗਿਆ। ਅੱਜ ਭੁਪਿੰਦਰ ਮੰਡੇਰ ਅਤੇ ਰਣਜੀਤ ਦੂਲੇ ਮੈਨੂੰ ਕਿਤੇ ਨਜ਼ਰ ਨਾ ਆਏ। ਕੁਮੈਂਟਰੀ ਕੁਲਜੀਤ ਪੱਡਾ ਕਰ ਰਿਹਾ ਸੀ। ਜਦੋਂ ਮੈਂ ਦੋ ਕਲਾਕਾਰ ਦੋਸਤਾਂ ਨਾਲ ਸਟੇਜ ਨੇੜੇ ਪਹੁੰਚਿਆ ਤਾਂ ਪੱਡੇ ਨੇ ਮੇਰੇ ਬਾਰੇ ਭੂਮਿਕਾ ਬੰਨ੍ਹਣੀ ਸ਼ੁਰੂ ਕਰ ਦਿੱਤੀ! ਮੈਂ ਹੱਥ ਜੋੜੇ, ਬਖ਼ਸ਼ ਲਓ ਬਾਬਿਓ…! ਮੈਚ ਦਾ ਹਾਫ਼-ਟਾਈਮ ਹੋਇਆ ਤਾਂ ਕੁਲਜੀਤ ਪੱਡੇ ਨੇ ਮੇਰਾ ਨਾਂ ਅਨਾਊਂਸ ਕਰ ਦਿੱਤਾ। ਮੈਂ ਦਰਸ਼ਕਾਂ ਨਾਲ ਦੋ ਬੋਲ ਸਾਂਝੇ ਕੀਤੇ, ਲੇਟ ਪਹੁੰਚਣ ਲਈ ਮੁਆਫ਼ੀ ਮੰਗੀ ਅਤੇ ਦਰਸ਼ਕਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇੰਨੇ ਨੂੰ ਸਾਡੀ ਟੀਮ ਲੰਗਰ ਪਾਣੀ ਛਕ ਕੇ ਪੁੱਜ ਗਈ। ਕਬੱਡੀ ਦਾ ਪਹਿਲਾ ਮੈਚ ਕੋਚ ਅਜਮੇਲ ਸਿੰਘ ਜਿੰਮੀ, ਪੰਮਾ ਪਰਮਾਰ, ਕੁਲਦੀਪ, ਦਾਲਾ ਭੰਡਾਲ ਫ਼ਰੈਂਕਫੋਰਟ ਦੀ ਟੀਮ ਨਾਲ ਸਾਡਾ ਹੀ ਸੀ। ਸਾਡਾ ਕੈਪਟਨ ਮਨਜੀਤ ਰੁੜਕਾ, ਰੇਸ਼ਮ ਨਾਹਰਾ, ਜੱਗੀ, ਰੈਂਸੀ, ਜੱਸਾ, ਮੰਗਾ, ਲਾਡੀ ਥਿੰਦ ਹੋਰਾਂ ਸਮੇਤ ਸਭ ਤਿਆਰ-ਬਰ-ਤਿਆਰ ਸਨ। ਸਾਡਾ ਖਿਡਾਰੀ ਤਰਲੋਚਨ ਬੱਲ ਸਪੈਸ਼ਲ ਤੌਰ `ਤੇ ਇੰਗਲੈਂਡ ਦਾ ਮੈਚ ਛੱਡ ਕੇ ਸਾਡੇ ਲਈ ਵਿਆਨਾ ਖੇਡਣ ਪੁੱਜਿਆ ਸੀ। ਪਹਿਲੀ ਕਬੱਡੀ ਉਹਨੇ ਹੀ ਪਾਈ ਤੇ ਡੇਢ ਅੰਕ ਲੈ ਕੇ ਮੁੜਿਆ। ਚੇਅਰਮੈਨ ਜਸਬੀਰ ਜੱਸਾ ਇਟਲੀ, ਦੁੱਲਾ, ਸਤਨਾਮ ਸੱਤੀ ਅਤੇ ਨਿਰਮਲ ਨਿੰਮਾ ਅਸੀਂ ਸਾਰੇ ਖੇਡ ਦਾ ਜਾਇਜ਼ਾ ਲੈਂਦੇ ਰਹੇ। ਇਟਲੀ ਵਾਲਾ ਪ੍ਰਧਾਨ ਅਤੇ ਮੇਰਾ ਦੁੱਖ-ਸੁੱਖ ਦਾ ਸਾਂਝੀ ਤੇ ‘ਇੰਡੋ-ਇਟਾਲੀਅਨ ਟਾਈਮਜ਼’ ਦਾ ਮੁੱਖ ਸੰਪਾਦਕ ਜੋਗਾ ਸਿੰਘ ਸੰਘਾ ਅਤੇ ਹਰਮੰਗਤ ਸਿੰਘ ਮੰਗਾ ਇਸ ਵਾਰ ਪੁੱਜ ਨਹੀਂ ਸਨ ਸਕੇ। ਸੱਤਾ ਮੀਆਂਵਿੰਡੀਆ ਇੰਡੀਆ ਵਿਆਹ ਕਰਵਾਉਣ ਗਿਆ ਹੋਇਆ ਸੀ। ਪਰ ਕੀ ਥੁੜਿਆ ਪਿਆ ਸੀ ਵਿਆਹ ਵੱਲੋਂ? ਫੇਰ ਵੀ ਵਧਾਈਆਂ ਭਾਈ ਸੱਤਿਆ! ਇਹ ਬੂਰ ਦੇ ਲੱਡੂ ਚਾਰ ਦਿਨ ਤੂੰ ਵੀ ਖਾ ਕੇ ਦੇਖ ਲੈ! ਤੱਤੇ-ਠੰਡੇ ਦਾ ਆਪੇ ਪਤਾ ਲੱਗਜੂ!
ਮੇਰਾ ਅਦਬੀ ਮਿੱਤਰ ਜਸਬੀਰ ਜੱਸਾ ਚੇਅਰਮੈਨ ਮੇਰੇ ਕੋਲ ਅੱਜ-ਕੱਲ੍ਹ ਦੀ ਪੀਲੀ ਪੱਤਰਕਾਰੀ ਦੇ ਦੁੱਖ ਰੋਂਦਾ, ਖਿਝਦਾ ਰਿਹਾ ਕਿ ਕਿਵੇਂ ਪੈਸੇ ਦੇ ਜੋ਼ਰ `ਤੇ ਮਾੜੇ ਖਿਡਾਰੀ ਨੂੰ ਮੀਡੀਏ ਵਿਚ ਬੈੱਸਟ ਪਲੇਅਰ ਬਣਾ ਦਿੱਤਾ ਜਾਂਦੈ ਪਰ ਚੰਗੇ ਖਿਡਾਰੀਆਂ ਦੀ ਕੋਈ ਸਾਰ ਨਹੀਂ ਲੈਂਦਾ, ਜਦ ਕਿ ਉਨ੍ਹਾਂ ਦੀ ਖੇਡ ਚੋਟੀ ਦੀ ਹੁੰਦੀ ਹੈ। ਉਨ੍ਹਾਂ ਦੀ ਪ੍ਰਸ਼ੰਸਾ ਕਿਉਂ ਨਹੀਂ ਹੁੰਦੀ? ਕਿਉਂਕਿ ਉਹ ਪੈਸੇ ਦੇਣ ਦੇ ਸਮਰੱਥ ਨਹੀਂ ਹੁੰਦੇ। ਗਰਾਊਂਡ ਵਿਚ ਫਿਰਦੇ ਪੱਤਰਕਾਰਾਂ ਨੂੰ ਕੋਲ ਬੁਲਾ ਕੇ ਮੈਂ ਜੱਸੇ ਦੀ ਸਿ਼ਕਾਇਤ ਵੱਲ ਉਨ੍ਹਾਂ ਦਾ ਧਿਆਨ ਦੁਆਇਆ। ਸਾਡੀ ਟੀਮ ਸਾਢੇ 33-26 ਅੰਕਾਂ `ਤੇ ਜਿੱਤ ਗਈ। ਉਸ ਤੋਂ ਬਾਅਦ ਵਾਰੀ ਆਈ ਬੱਚਿਆਂ ਦੀਆਂ ਦੌੜਾਂ ਦੀ। ਜੇਤੂ ਬੱਚਿਆਂ ਨੂੰ ਇਨਾਮ ਜਰਮਨ ਤੋਂ ਆਏ ਲੇਖਕ ਕਮਲਜੀਤ ਸਿੰਘ ਰਾਏ ਨੇ ਵੰਡੇ।
ਬਿਲਾਸਪੁਰੀਆ ਸੋਨੀ, ਅਮਰਜੀਤ ਕੱਥੂ ਪੱਤੋ, ਸੁਰਜੀਤ ਮਿੰਟੂ ਆਲਮ ਆਲਾ, ਬਲਜੀਤ ਮੀਤਾ ਰੌਂਤਾ ਤੇ ਇਟਲੀ ਦੇ ਚੋਟੀ ਦੇ ਖਿਡਾਰੀ ਮੇਰੇ ਨੇੜਲੇ ਪਿੰਡਾਂ ਦੇ ਹਨ। ਸਾਡੇ ਕਈ ਮੈਚ ਉਨ੍ਹਾਂ ਨਾਲ ਕਈ ਦੇਸ਼ਾਂ ਵਿਚ ਪਏ ਹਨ। ਮੈਂ ਉਨ੍ਹਾਂ ਨੂੰ ਆਪਣੇ ਛੋਟੇ ਭਰਾਵਾਂ ਵਾਂਗ ਪ੍ਰੇਮ ਕਰਦਾ ਹਾਂ। ਉਹ ਜਦ ਵੀ, ਜਿੱਥੇ ਵੀ ਕਦੇ ਮਿਲਦੇ ਹਨ, ਬੜੇ ਮਾਣ ਸਤਿਕਾਰ ਨਾਲ ਗੋਡੀਂ ਹੱਥ ਲਾਉਂਦੇ ਹਨ। ਮੀਤਾ ਰੌਂਤਾ ਤਾਂ ਚਾਰ ਵਾਰੀ ਬਾਰਕਿੰਗ ਸਿੰਘ ਸਭਾ ਇੰਗਲੈਂਡ ਲਈ ਵੀ ਖੇਡ ਚੁੱਕਾ ਹੈ। ਇਨ੍ਹਾਂ ਖਿਡਾਰੀਆਂ ਦੇ ਪਿੰਡਾਂ ਦਾ ਇਤਿਹਾਸ ਵੀ ਵੱਖਰਾ ਹੀ ਹੈ। ਸੋਨੀ ਦੇ ਪਿੰਡ ਬਿਲਾਸਪੁਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਵਿਆਹੇ ਹੋਏ ਸਨ, ਅਮਰਜੀਤ ਕੱਥੂ ਦੇ ਪਿੰਡ ਪੱਤੋ ਹੀਰਾ ਸਿੰਘ ਪਿੰਡ ਦੇ ਸ਼ੌਕੀਨ ਮਸ਼ਹੂਰ ਸਨ। ਕਹਿੰਦੇ ਇਕ ਸ਼ੌਕੀਨ ਗਰਦ ਤੋਂ ਡਰਦਾ, ਪਿੱਛੇ ਹੱਟਦਾ-ਹੱਟਦਾ ਖੂਹ ਵਿਚ ਜਾ ਡਿੱਗਿਆ ਸੀ! ਆਲਮ ਆਲੇ ਦਾ ਇਕ ਪੁਰਾਣਾ ਗਵੱਈਆ ਬੜਾ ਮਸ਼ਹੂਰ ਸੀ ਤੇ ਰੌਂਤੇ ਦੇ ਕੂੰਡੇ ਮਸ਼ਹੂਰ ਸਨ!
ਅਗਲਾ ਮੈਚ ਇਟਲੀ ਅਤੇ ਫ਼ਰੈਂਕਫੋਰਟ ਦਾ ਲੱਗਾ। ਸਾਹਨਾਂ ਦੇ ਭੇੜ ਸਮਝੋ! ਉਸ ਵਿਚ ਇਟਲੀ ਦੀ ਟੀਮ ਜੇਤੂ ਰਹੀ। ਸੋਨੀ ਬਿਲਾਸਪੁਰੀਆ ਬਾਜ਼ੀਗਰਾਂ ਵਾਂਗ ਇਕ ਧਾਵੀ ਨਾਲ ਗੁੱਥਮਗੁੱਥਾ ਹੁੰਦਾ ਹੰਧਿਆਂ ਤੱਕ ਆਇਆ। ਫ਼ਰੈਕਫੋਰਟ ਦੀ ਟੀਮ ਦਾ ਖਿਡਾਰੀ ਦਾਲਾ ਭੰਡਾਲ ਕਿਸੇ ਤੋਂ ਵੀ ਨਾ ਰੁਕਿਆ। ਉਸ ਨੂੰ ਦਾਦ ਦੇਣੀ ਬਣਦੀ ਹੈ। ਸਾਡੇ ਨਾਲ ਮੈਚ ਮੌਕੇ ਅਸੀਂ ਆਪਣੇ ਖਿਡਾਰੀਆਂ ਨੂੰ ਲਲਕਾਰ ਕੇ ਕਿਹਾ ਸੀ, ਇਹਨੂੰ ਡੱਕਣੈ! ਪਰ ਮਾਂ ਦਾ ਪੁੱਤ ਕਿਸੇ ਤੋਂ ਵੀ ਨਹੀਂ ਰੁਕਿਆ। ਸਾਡੇ ਖਿਡਾਰੀ ਰੈਂਸੀ ਨੇ ਉਸ ਦੀ ਲੱਤ ਫੜੀ, ਪਰ ਉਹ ਗਾਂ ਵਾਂਗ ਛੜ ਮਾਰ ਕੇ ਰੈਂਸੀ ਹੱਥੋਂ ਵੀ ਨਿਕਲ ਗਿਆ। ਨਹੀਂ ਤਾਂ ਰੈਂਸੀ ਦੀ ਕੈਂਚੀ ਤੋਂ ਕੋਈ ਹੀ ਬਚਦਾ ਹੈ! ਦਾਲਾ ਭੰਡਾਲ ਵਾਕਿਆ ਹੀ ਸ਼ਾਬਾਸ਼ ਦਾ ਹੱਕਦਾਰ ਹੈ! ਕਿਉਂਕਿ ਰਣ-ਖੇਤਰ, ਸਾਹਿਤਕ-ਪਿੜ ਅਤੇ ਖੇਡ-ਮੈਦਾਨ ਵਿਚ ਕਿਸੇ ਦੀ ਕੋਈ ਲਿਹਾਜ਼ ਨਹੀਂ ਹੁੰਦੀ। ਕੁਸ਼ਤੀ ਦਾ ਘੋਲ ਬਚਨ ਡੋਗਰਾਂਵਾਲਾ ਵਿਆਨਾ ਅਤੇ ਫ਼ਰੈਂਕਫੋਰਟ ਦੇ ਪਹਿਲਵਾਨ ਸ਼ੌਕੀਨ ਬੱਲ ਵਿਚਕਾਰ ਹੋਇਆ। ਭਲਵਾਨ ਵੀਹ ਮਿੰਟ ਖਹਿੰਦੇ ਰਹੇ, ਪਰ ਸਮੇਂ ਦੀ ਘਾਟ ਕਾਰਨ ਰੋਕ ਦਿੱਤੇ ਗਏ ਅਤੇ ਜਿੱਤ ਹਾਰ ਦਾ ਫ਼ੈਸਲਾ ਨਾ ਹੋ ਸਕਿਆ। ਜੱਸਾ ਔਜਲਾ ਬੈੱਸਟ ਸਟੌਪਰ ਵਿਆਨਾ ਅਤੇ ਬੈੱਸਟ ਰੇਡਰ ਮੰਗਾ ਚੁਣੇ ਗਏ। ਇਸ ਖੇਡ ਮੇਲੇ ਦਾ ਬੈੱਸਟ ਪਲੇਅਰ ਦਾਲਾ ਭੰਡਾਲ ਫ਼ਰੈਂਕਫੋਰਟ ਮੰਨਿਆ ਗਿਆ ਜਿਸ ਨੂੰ ਸਨਮਾਨ-ਚਿੰਨ੍ਹ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਟਲੀ ਦੀ ਪਹਿਲੇ ਨੰਬਰ `ਤੇ ਆਈ ਟੀਮ ਨੂੰ ਪ੍ਰਬੰਧਕਾਂ ਨੇ ਯੂਰਪ ਦੇ ਕਬੱਡੀ ਨੇਮਾਂ ਮੁਤਾਬਿਕ 1500 ਯੂਰੋ ਅਤੇ ਦੂਜੇ ਨੰਬਰ `ਤੇ ਆਈ ਆਸਟਰੀਆ ਦੀ ਟੀਮ ਨੂੰ 1100 ਯੂਰੋ ਦੇ ਇਨਾਮ ਦਿੱਤੇ। ਬਾਕੀ ਟੀਮਾਂ ਨੂੰ ਵੀ ਆਉਣ-ਜਾਣ ਦਾ ਖਰਚਾ ਦਿੱਤਾ ਗਿਆ। ਇਨਾਮਾਂ ਦੀ ਵੰਡ ਇੰਡੀਅਨ ਅੰਬੈਸੀ ਦੇ ਕੌਂਸਲਰ ਸ੍ਰੀ ਹੇਮੰਤ ਕਾਰਕਾਰੇ ਨੇ ਕੀਤੀ।
ਲੰਗਰ ਦਾ ਸਾਰਾ ਪ੍ਰਬੰਧ ਗੁਰਦੁਆਰਾ ਨਾਨਕਸਰ ਸਾਹਿਬ ਵੱਲੋਂ ਸੀ। ਪ੍ਰਬੰਧਕਾਂ ਵੱਲੋਂ ਇਸ਼ਤਿਹਾਰਾਂ ਵਿਚ ਵਾਰ-ਵਾਰ ਸ਼ਰਾਬ ਪੀਣ ਦੀ ਮਨਾਹੀ ਕਰਨ ਦੇ ਬਾਵਜੂਦ ਗਰਾਊਂਡ `ਚ ਬਥੇਰੇ ਸੱਜਣ ਫੇਰ ਵੀ ਰੰਗੀਲੇ ਹੋਏ ਫਿਰਦੇ ਸਨ। ਖੇਡ ਮੇਲੇ ਦੀ ਇਹ ਸਿਫ਼ਤ ਰਹੀ ਕਿ ਕਿਸੇ ਖਿਡਾਰੀ, ਕਲੱਬ ਦੇ ਪ੍ਰਧਾਨ ਜਾਂ ਮੈਂਬਰ ਨੇ ਕੋਈ ਰੌਲ਼ਾ-ਰੱਪਾ ਨਹੀਂ ਪਾਇਆ। ਰੈਫ਼ਰੀ ਦਾ ਫ਼ੈਸਲਾ ਅਟੱਲ ਫ਼ੈਸਲਾ ਮੰਨਿਆ ਜਾਂਦਾ ਰਿਹਾ। ਗਰਾਊਂਡ ਦੀ ਪੂਰੀ ਜਿ਼ੰਮੇਵਾਰੀ ਸੁਖਦੇਵ ਸਿੰਘ ਭਾਊ ਤੇ ਸਟੇਜ ਦੀ ਜਿ਼ੰਮੇਵਾਰੀ ਹਾਕਮ ਸਿੰਘ ਬਰਾੜ ਨੇ ਬੜੇ ਹੀ ਸੁਲਝੇ ਢੰਗ ਨਾਲ ਨਿਭਾਈ। ਗਰਾਊਂਡ ਵਿਚ ਸਕਿਉਰਿਟੀ ਹਾਜ਼ਰ ਰਹੀ ਜਿਸ ਕਰਕੇ ਕਿਸੇ ਉੱਚੀ-ਨੀਵੀਂ ਹੋਣੋਂ ਬਚਾਅ ਰਿਹਾ! ਵਿਆਨੇ ਦਾ ਖੇਡ ਮੇਲਾ ਮੇਰੀ ਅਭੁੱਲ ਯਾਦ ਬਣ ਗਿਆ।