ਪਿਆਰ-ਮੁਹੱਬਤਾਂ ਦੀ ਦਿਲਚਸਪ ਕਹਾਣੀ: ‘ਸਹੁਰਿਆਂ ਦਾ ਪਿੰਡ ਆ ਗਿਆ..’

ਪਿਛਲੇ ਸਮਿਆਂ ਦੌਰਾਨ ਪੁਰਾਤਨ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਕਰਦੀਆਂ ਅਨੇਕਾਂ ਫ਼ਿਲਮਾਂ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਸਫ਼ਲ ਰਹੀਆਂ ਹਨ। ‘ਅੰਗਰੇਜ਼’ ਦੀ ਸਫ਼ਲਤਾ ਨੇ ਤਾਂ ਪੰਜਾਬੀ ਸਿਨਮੇ ਦਾ ਮੁਹਾਂਦਰਾ ਹੀ ਬਦਲ ਦਿੱਤਾ ਸੀ, ਜਿਸ ਤੋਂ ਪ੍ਰਭਾਵਿਤ ਹੁੰਦਿਆਂ ‘ਕੱਚੇ ਘਰਾਂ’ ਨਾਲ ਜੁੜੀਆਂ ਧੜਾਧੜ ਫ਼ਿਲਮਾਂ ਦਾ ਨਿਰਮਾਣ ਹੋਇਆ।

ਅੱਠ ਜੁਲਾਈ ਨੂੰ ਆ ਰਹੀ ਪਿਆਰ ਮੁਹੱਬਤਾਂ ਦੀ ਬਾਤ ਪਾਉਂਦੀ ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਵੀ ਪੰਜਾਬ ਦੇ ਬੀਤੇ ਕੱਲ੍ਹ ਨਾਲ ਜੁੜੀ ਕਹਾਣੀ ਹੈ, ਜਿਸ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਪੰਜਾਬ ਦੇ ਪਿੰਡਾਂ ਵਿਚ ਉਭਰਦੀਆਂ ਪਿਆਰ ਦੀਆਂ ਕਰੂੰਬਲਾਂ ਦੀ ਦਿਲਚਸਪ ਕਹਾਣੀ ਨੂੰ ਪੇਸ਼ ਕਰਦੀ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਇਹ ਫ਼ਿਲਮ ਮੌਜੂਦਾ ਸਿਨਮੇ ਦੀ ਭੀੜ ਵਿਚ ਬਹੁਤ ਅਲੱਗ ਹੋਵੇਗੀ। ਗੁਰਨਾਮ ਭੁੱਲਰ ਨੇ ਆਪਣੀਆਂ ਕੁਝ ਕੁ ਫ਼ਿਲਮਾਂ ਨਾਲ ਹੀ ਸਾਬਤ ਕਰ ਦਿੱਤਾ ਹੈ ਕਿ ਉਹ ਗਾਇਕ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਹੈ। ‘ਗੁੱਡੀਆਂ ਪਟੋਲੇ, ਸੁਰਖੀ ਬਿੰਦੀ, ਲੇਖ, ਕੋਕਾ ਆਦਿ ਫ਼ਿਲਮਾਂ ਨਾਲ ਉਹ ਪੰਜਾਬੀ ਸਿਨਮੇ ਦੇ ਸਿਰਮੌਰ ਅਦਾਕਾਰਾਂ ਦੀ ਕਤਾਰ ਵਿਚ ਸ਼ਾਮਲ ਹੋਇਆ ਹੈ। ਉਹ ਵੱਖ ਵੱਖ ਫ਼ਿਲਮਾਂ ਵਿਚ ਤਾਨੀਆਂ, ਸੋਨਮ ਬਾਜਵਾ ਤੇ ਸਰਗੁਣ ਮਹਿਤਾ ਨਾਲ ਨਾਇਕ ਵਜੋਂ ਚਰਚਿਤ ਰਿਹਾ। ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿਚ ਉਸਦੀ ਨਾਇਕਾ ਸਰਗੁਣ ਮਹਿਤਾ ਹੈ ਜੋ ਉਸ ਨਾਲ ਪਹਿਲਾਂ ਸੁਪਰ ਹਿੱਟ ਫ਼ਿਲਮ ‘ਸੁਰਖੀ ਬਿੰਦੀ’ ਵੀ ਕਰ ਚੁੱਕੀ ਹੈ। ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਹ ਐਨਾ ਦਿਲਚਸਪ ਹੈ ਕਿ ਦਰਸ਼ਕਾਂ ਵਿਚ ਫ਼ਿਲਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ। ਇਹ ਫ਼ਿਲਮ ਪਿਆਰ ਮੁਹੱਬਤ ਵਿਚ ਕੀਤੇ ਵਾਆਦਿਆਂ ਨੂੰ ਪੂਰਾ ਕਰਨ ਦੀ ਚਾਹਤ ਭਰੀ ਰੁਮਾਂਟਿਕ ਤੇ ਮਨੋਰੰਜਨ ਭਰਪੂਰ ਕਹਾਣੀ ਹੈ। ਫ਼ਿਲਮ ਦੀ ਕਹਾਣੀ ਅੰਬਰਦੀਪ ਨੇ ਲਿਖੀ ਹੈ। ਅੰਬਰਦੀਪ ਮੌਜੂਦਾ ਸਿਨਮੇ ਦਾ ਸਫ਼ਲ ਲੇਖਕ-ਨਿਰਦੇਸ਼ਕ ਹੈ, ਉਸਨੇ ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਨੂੰ ਬੜੀ ਗੰਭੀਰਤਾ ਨਾਲ ਲਿਖਿਆ ਹੈ। ਇਸ ਫ਼ਿਲਮ ਨੂੰ ਸ਼ਿਤਿਜ਼ ਚੌਧਰੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਵਿਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਪਰਮਿੰਦਰ ਕੌਰ ਗਿੱਲ ਤੇ ਹਰਦੀਪ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਵਿਸ਼ੇ ਮੁਤਾਬਕ ਗੀਤ ਬਹੁਤ ਵਧੀਆ ਹਨ। ਫ਼ਿਲਮ ਦੀ ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਪਿਆਰ ਦੀ ਉਲਝਣ ਭਰੀ ਕਹਾਣੀ ਹੈ, ਜਦੋਂ ਧੀਆਂ-ਪੁੱਤਾਂ ਨੂੰ ਮਾਪਿਆਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਨ ਦੀ ਅੱਜ ਵਾਂਗ ਖੁੱਲ੍ਹ ਨਹੀਂ ਸੀ ਹੁੰਦੀ। ਫ਼ਿਲਮ ਦਾ ਨਾਇਕ ਕਿਸੇ ਵਿਚੋਲੇ ਹੱਥ ਕੁੜੀ ਵਾਲਿਆਂ ਦੇ ਘਰ ਆਪਣੇ ਰਿਸ਼ਤੇ ਦੀ ਪੇਸ਼ਕਸ਼ ਭੇਜਦਾ ਹੈ ਪਰ ਅਚਾਨਕ ਪਿੰਡ ’ਚ ਇਕੋ ਨਾਂ ਦੇ ਦੋ ਘਰ ਹੋਣ ਕਰਕੇ ਰਿਸ਼ਤਾ ਕਿਸੇ ਹੋਰ ਘਰ ਚਲਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਪਿਆਰ ਵਿਚ ਇਕ ਨਵੀਂ ਉਲਝਣ ਪੈ ਜਾਂਦੀ ਹੈ, ਜਿਸ `ਚੋਂ ਨਿਕਲਣ ਲਈ ਉਹ ਅਨੇਕਾਂ ਯਤਨ ਕਰਦੇ ਹਨ, ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੇ ਫ਼ਿਲਮ ਦੇ ਦਿਲਚਸਪ ਪਹਿਲੂ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਪੰਜਾਬ ਦੇ ਪੁਰਾਣੇ ਕਲਚਰ, ਮਾਹੌਲ, ਰਸਮਾਂ-ਰਿਵਾਜ਼ਾਂ ਨੂੰ ਵਿਖਾਉਣ ਦਾ ਯਤਨ ਕੀਤਾ ਗਿਆ ਹੈ। ਅੱਜ ਤੋਂ ਚਾਲੀ ਸਾਲ ਪੁਰਾਣੇ ਪਿੰਡਾਂ ਨਾਲ ਜੁੜੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਜੋ 8 ਜੁਲਾਈ ਨੂੰ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਮਾਣ ਸ੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਵਲੋਂ ਕੀਤਾ ਗਿਆ ਹੈ।
ਸੁਰਜੀਤ ਜੱਸਲ