ਇਕ ਅੰਤ-ਇਕ ਸ਼ੁਰੂਆਤ

ਸੁਰਿੰਦਰ ਗੀਤ
ਕੈਲਗਰੀ, ਕੈਨੇਡਾ
ਸਿਮਰ ਆਪਣੇ ਵਿਆਹ ਤੋਂ ਬਾਅਦ ਬਹੁਤ ਖੁਸ਼ ਸੀ ਅਤੇ ਉਸ ਤੋਂ ਵੀ ਵੱਧ ਖੁਸ਼ ਸਨ ਉਸਦੇ ਸਹੁਰੇ ਤੇ ਪੇਕੇ। ਸਿਮਰ ਦੇ ਪੇਕੇ ਖੁਸ਼ ਸਨ ਕਿ ਚੰਗਾ ਘਰ-ਬਾਰ ਮਿਲ ਗਿਆ। ਸੋਹਣੀ ਜਾਇਦਾਦ ਤੇ ਟੱਬਰ ਵੀ ਵੱਡਾ ਨਹੀਂ। ਦੋ ਭਰਾ ਤੇ ਇਕ ਭੈਣ। ਸਭ ਤੋਂ ਵੱਡੀ ਗੱਲ ਕਿ ਮੁੰਡੇ ਵਾਲਿਆਂ ਨੇ ਹੀ ਵਿਆਹ `ਤੇ ਸਾਰਾ ਖਰਚ ਕੀਤਾ ਸੀ। ਭਾਵੇਂ ਜਵਾਈ ਸੁਖਪਾਲ ਉਨ੍ਹਾਂ ਦੀ ਧੀ ਦੇ ਮੁਕਾਬਲੇ ਬਹੁਤ ਘੱਟ ਪੜ੍ਹਿਆ ਲਿਖਿਆ ਸੀ ਪਰ ਇਹ ਗੱਲ ਉਨ੍ਹਾਂ ਨੂੰ ਜ਼ਰਾ ਜਿੰਨੀ ਵੀ ਨਹੀਂ ਸੀ ਰੜਕਦੀ। ਸਿਮਰ ਨੇ ਅੰਗਰੇਜ਼ੀ ਦੀ ਐਮ.ਏ ਕਰ ਲਈ ਸੀ ਤੇ ਸੁਖਪਾਲ ਬਾਰ੍ਹਾਂ ਪੜ੍ਹ ਕੇ ਘਰ ਬੈਠ ਗਿਆ ਸੀ।

ਸਿਮਰ ਦਾ ਸਹੁਰਾ ਪਰਿਵਾਰ ਤਾਂ ਕੁਝ ਜਿ਼ਆਦਾ ਹੀ ਖੁਸ਼ ਸੀ ਕਿਉਂਕਿ ਸਿਮਰ ਨੇ ਕੈਨੇਡਾ ਦੀ ਇਮੀਗਰੇਸ਼ਨ ਲਈ ਫਾਈਲ ਲਾਈ ਹੋਈ ਸੀ। ਸਿਮਰ ਦੇ ਪਤੀ ਸੁਖਪਾਲ ਨੇ ਤਾਂ ਜਾਣਾ ਹੀ ਸੀ, ਬਾਕੀ ਸਾਰੇ ਪਰਿਵਾਰ ਨੇ ਵੀ ਬਿਸਤਰੇ ਬੰਨ੍ਹਣੇ ਸ਼ੁਰੂ ਕਰ ਦਿੱਤੇ ਸਨ। ਏਸੇ ਲਾਲਚ ਕਰਕੇ ਹੀ ਤਾਂ ਉਨ੍ਹਾਂ ਵਿਆਹ ’ਤੇ ਦੋਨਾਂ ਪਾਸਿਆਂ ਦਾ ਖਰਚਾ ਚੁੱਕਣਾ ਖੁਸ਼ੀ ਖੁਸ਼ੀ ਪਰਵਾਨ ਕਰ ਲਿਆ। ਪੜ੍ਹੀ ਲਿਖੀ ਸੋਹਣੀ-ਸੁਨੱਖੀ ਕੁੜੀ ਤੇ ਉਹ ਵੀ ਜਿਸਦੀ ਕੈਨੇਡਾ ਫਾਈਲ ਲੱਗੀ ਹੋਵੇ। ਉਨ੍ਹਾਂ ਲਈ ਤਾਂ ਇਹ ਇਕ ਲਾਟਰੀ ਹੀ ਸੀ।
ਆਂਢ-ਗੁਆਂਢ ਅਤੇ ਨੇੜਲੇ ਪਿੰਡਾਂ ਵਿਚ ਇਸ ਵਿਆਹ ਦੀ ਬਹੁਤ ਚਰਚਾ ਸੀ। ਸੱਥ ’ਚ ਬੈਠੇ ਅਮਲੀ ਨੇ ਤਾਂ ਇਕ ਦਿਨ ਆਖ ਹੀ ਦਿੱਤਾ, ‘ਬਿਕਰਾ! ਦੇਖ ਲੈ ਕਿਹੋ ਜਿਹੇ ਜ਼ਮਾਨੇ ਆ ਗਏ। ਮੁੰਡੇ ਆਲੇ ਹੀ ਸਾਰਾ ਖਰਚ ਕਰਨ ਲੱਗ ਪਏ ਆ। ਸੁਣਿਆ ਬਰਾਤ ‘ਚ ਜਿਹੜੀ ਘੁੱਟ ਘੁੱਟ ਆਪਾਂ ਪੀਤੀ ਸੀ ਉਹ ਵੀ ਆਪਣੇ ਆਲੇ ਪਤੰਦਰਾਂ ਦੀ ਹੀ ਸੀ। `
‘ਚੱਲ ਚੁੱਪ ਕਰ! ਐਵੇਂ ਨੀ ਕਿਸੇ ਦੀ ਗੱਲ ਕਰੀਦੀ। ਜਿਵੇਂ ਉਨ੍ਹਾਂ ਨੂੰ ਚੰਗਾ ਲੱਗਿਆ ਕਰ ਲਿਆ। ਆਪਾਂ ਨੂੰ ਕੀ ਹੈ। ਆਪਾਂ ਨੂੰ ਰਜਵਾਂ ਮੁਰਗਾ ਤੇ ਰਜਵੀਂ ਦਾਰੂ ਮਿਲੀ ਹੈ। `
‘ਮੈਨੂੰ ਤਾਂ ਕੀ ਆ! ਪਰ ਇਹ ਕਹਾਣੀ ਉਲਟੀ ਜਿਹੀ ਲੱਗਦੀ ਹੈ। ਮੈਂ ਤਾਂ ਬੱਸ ਏਨਾ ਹੀ ਕਹਿਨਾਂ ਬਈ ਮਾੜੇ ਵੇਲੇ ਆ ਅੱਜ-ਕਲ੍ਹ ਦੇ। ਸਾਲੇ ਰਿਸ਼ਤਿਆਂ ਦੇ। `
ਜਦੋਂ ਵੀ ਸੁਖਪਾਲ ਦੇ ਘਰ ਦਾ ਕੋਈ ਜੀਅ ਸੱਥ `ਚੋਂ ਦੀ ਲੰਘਦਾ ਤਾਂ ਓਥੇ ਬੈਠੇ ਲੋਕਾਂ `ਚੋਂ ਕੋਈ ਨਾ ਕੋਈ ਅਜਿਹੀ ਗੱਲ ਕਰ ਹੀ ਦਿੰਦਾ। ਓਧਰ ਸਿਮਰ ਦੇ ਪਿੰਡ ਦੇ ਲੋਕਾਂ, ਰਿਸ਼ਤੇਦਾਰਾਂ ਤੇ ਸਹੇਲੀਆਂ ਵਿਚ ਵੀ ਵਿਆਹ ਚਰਚਾ ਦਾ ਕੇਂਦਰ ਬਣ ਗਿਆ। ਕੋਈ ਸਿਮਰ ਦੇ ਪਿਓ ਨੂੰ ਕੋਸਦਾ ਕਿ ਉਹ ਜ਼ਮੀਨ ਜਾਇਦਾਦ `ਤੇ ਹੀ ਡੁਲ੍ਹ ਗਿਆ ਤੇ ਕੋਈ ਸਿਮਰ ਦੀ ਬੇਵਕੂਫੀ `ਤੇ। ਕੁੜੀ ਤੇ ਮੁੰਡੇ ਦਾ ਭੋਰਾ ਵੀ ਮੇਲ ਨਹੀਂ। ਕੁੜੀ ਸੋਲਾਂ ਪੜ੍ਹੀ ਤੇ ਮੁੰਡਾ ਹੇਠੋਂ ਉਤੋਂ ਬਾਰਾਂ। ਜਿਸਨੂੰ ਸਿਮਰ ਦੀ ਕੈਨੇਡਾ ਵਾਲੀ ਫਾਈਲ ਦੀ ਕਨਸੋਅ ਹੁੰਦੀ, ਉਹ `ਚੱਲ ਹੋਊ `ਕਹਿ ਕੇ ਸਾਰ ਦਿੰਦਾ ਕਿ ਕੁੜੀ ਮੁੰਡੇ ਨੇ ਕਿਹੜਾ ਏਥੇ ਰਹਿਣਾ ਹੈ। ਕੈਨੇਡਾ ਹੀ ਚਲੇ ਜਾਣਾ ਹੈ। ਓਥੇ ਪੜ੍ਹਾਈਆਂ-ਪੜੂਈਆਂ ਨੂੰ ਕੋਈ ਨੀ ਪੁੱਛਦਾ।
ਤੇ ਜੇ ਸਿਮਰ ਦੀ ਕੋਈ ਸਹੇਲੀ ਪੁੱਛ ਲੈਂਦੀ ਤਾਂ ਸਿਮਰ ਦਾ ਘੜਿਆ ਘੜਾਇਆ ਇਕੋ ਹੀ ਜਵਾਬ ਹੁੰਦਾ ਕਿ ਉਸਨੇ ਆਪਣੇ ਮਾਂ-ਬਾਪ ਦੇ ਹੁਕਮ ਦੀ ਪਾਲਣਾ ਕੀਤੀ ਹੈ। ਮਾਂ-ਬਾਪ ਕਦੇ ਆਪਣੇ ਧੀਆਂ ਪੁੱਤਾਂ ਦਾ ਬੁਰਾ ਨਹੀਂ ਸੋਚਦੇ। ਸੁਖਪਾਲ ਤੇ ਉਸਦਾ ਸਾਰਾ ਟੱਬਰ ਉਸਦੇ ਅੱਗੇ ਪਿੱਛੇ ਫਿਰਦਾ ਹੈ! ਉਹ ਖੁਸ਼ ਹੈ ਅਤੇ ਇਸਤੋਂ ਵੱਧ ਹੋਰ ਕੀ ਚਾਹੀਦਾ ਹੈ!
ਸਿਮਰ ਕੁਝ ਦਿਨਾਂ ਲਈ ਪੇਕੇ ਆਈ ਹੋਈ ਸੀ। ਦੁਪਹਿਰ ਦੇ ਦੋ ਕੁ ਵੱਜੇ ਸਨ। ਡਾਕੀਏ ਨੇ ਸਾਈਕਲ ਦੀ ਟੱਲੀ ਖੜਕਾ ਦਿੱਤੀ। ਸਿਮਰ ਦੀ ਬੇਬੇ ਭੱਜ ਕੇ ਗੇਟ ਵੱਲ ਨੂੰ ਗਈ। ਉਹ ਸਮਝ ਗਈ ਕਿ ਕੋਈ ਰਜਿਸਟਰੀ ਆਈ ਹੈ। ਡਾਕੀਏ ਦੇ ਹੱਥ ਵਿਚ ਵੱਡੀ ਸਾਰੀ ਚਿੱਠੀ ਦੇਖ ਸਿਮਰ ਦੌੜ ਕੇ ਆਈ। ਉਸਨੇ ਸਾਈਨ ਕੀਤੇ ਤੇ ਮਾਵਾਂ-ਧੀਆਂ ਚਿੱਠੀ ਲੈ ਕੇ ਬਰਾਂਡੇ ਵਿਚ ਆ ਬੈਠੀਆਂ। ਚਿੱਠੀ ਪੜ੍ਹਦੇ ਸਾਰ ਹੀ ਸਾਰੀ ਖੁਸ਼ੀ ਗਮ ਵਿਚ ਬਦਲ ਗਈ। ਮੌਤ ਵਰਗਾ ਮਹੌਲ ਪੈਦਾ ਹੋ ਗਿਆ। ਉਮੀਦਾਂ `ਤੇ ਪਾਣੀ ਫਿਰ ਗਿਆ। ਸਿਮਰ ਦਾ ਕੇਸ ਰੀਜੈਕਟ ਹੋ ਗਿਆ ਸੀ। ਉਸ ਦਿਨ ਕਿਸੇ ਦੇ ਸੰਘੋਂ ਬੁਰਕੀ ਨਾ ਲੰਘੀ।
ਸਿਮਰ ਆਪਣੇ ਪਤੀ ਨੂੰ ਤੇ ਬਾਪ ਸੋਚ ਰਿਹਾ ਸੀ ਕਿ ਉਹ ਕਿਹੜਾ ਮੂੰਹ ਲੈ ਕੇ ਸੁਖਪਾਲ ਦੇ ਮਾਂ ਪਿਓ ਨੂੰ ਦੱਸੇਗਾ। ਸੋਚ-ਵਿਚਾਰ ਮਗਰੋਂ ਫੈਸਲਾ ਹੋਇਆ ਕਿ ਜਦੋਂ ਸਿਮਰ ਆਪਣੇ ਸਹੁਰੇ ਗਈ, ਆਪੇ ਹੀ ਸੁਖਪਾਲ ਨੂੰ ਦੱਸ ਦੇਵੇਗੀ।
ਸਿਮਰ ਬੱਸ ਲੈ ਕੇ ਦਸ ਕੁ ਵਜੇ ਸਹੁਰੀਂ ਪਹੁੰਚ ਗਈ। ਉਸਨੂੰ ਆਪਣਾ ਆਪ ਚੋਰਾਂ ਵਾਂਗ ਲੱਗ ਰਿਹਾ ਸੀ। ਪਰ ਫਿਰ ਆਪਣੇ ਆਪ ਨੂੰ ਸਮਝਾਉਂਦੀ ਕਿ ਇਸ ਵਿਚ ਮੇਰਾ ਕੀ ਕਸੂਰ ਹੈ। ਮੈਂ ਤਾਂ ਨਹੀਂ ਸੀ ਕਿਹਾ ਵਿਆਹ ਵਾਸਤੇ ਅਤੇ ਨਾ ਹੀ ਮੇਰੇ ਬਾਪੂ ਜੀ ਨੇ ਕਿਹਾ ਸੀ ਕਿ ਹਾੜਾ ਹਾੜਾ ਸਾਡੀ ਕੁੜੀ ਦਾ ਸਾਕ ਲੈ ਲਵੋ। ਉਸਨੂੰ ਸੁਖਪਾਲ `ਤੇ ਵੀ ਭਰੋਸਾ ਸੀ ਕਿ ਉਹ ਉਸਨੂੰ ਕਿੰਨਾ ਚਾਹੁੰਦਾ ਹੈ। ਉਸ ਉਪਰ ਇਸ ਗੱਲ ਦਾ ਮਾੜਾ-ਮੋਟਾ ਪ੍ਰਭਾਵ ਪਵੇਗਾ।
ਆਖਿਰ ਉਸਨੇ ਮੌਕਾ ਦੇਖ ਕੇ ਤੇ ਹੌਸਲਾ ਕਰ ਕੇ ਸੁਖਪਾਲ ਨੂੰ ਦੱਸ ਹੀ ਦਿੱਤਾ ਕਿ ਕੇਸ ਰੀਜੈਕਟ ਹੋ ਗਿਆ ਹੈ!
ਜਿਉਂ ਹੀ ਸੁਖਪਾਲ ਦੇ ਕੰਨੀਂ ਇਹ ਸ਼ਬਦ ਪਏ ਤਾਂ ਉਸਨੂੰ ਸੱਤੀਂ ਕਪੜੀਂ ਅੱਗ ਲੱਗ ਗਈ। ਉਸਨੇ ਚੀਕ-ਚੀਕ ਕੇ ਸਾਰਾ ਟੱਬਰ ਇਕੱਠਾ ਕਰ ਲਿਆ। ਸਿਮਰ, ਹੁਣ ਉਸਨੂੰ ਆਪਣੀ ਦੁਸ਼ਮਣ ਜਾਪਣ ਲੱਗੀ। ਸੁਖਪਾਲ ਨੂੰ ਜਾਪਿਆ ਜਿਵੇਂ ਸਿਮਰ ਦੇ ਚੇਹਰੇ `ਤੇ ਵੱਡੇ ਵੱਡੇ ਫੋੜ੍ਹੇ ਨਿਕਲ ਆਏ ਹੋਣ। ਜੋ ਕਲ੍ਹ ਤੱਕ ਖੂਬਸੂਰਤ ਸੀ ਅੱਜ ਬੇਹੱਦ ਬਦਸੂਰਤ ਜਾਪਣ ਲੱਗ ਪਈ। ਸਿਮਰ ਨੇ ਸੋਚਿਆ ਵੀ ਨਹੀਂ ਸੀ ਕਿ ਏਨਾ ਪਿਆਰ ਕਰਨ ਵਾਲਾ ਸੁਖਪਾਲ ਉਸਨੂੰ ਏਨ੍ਹੀ ਨਫ਼ਰਤ ਕਰਨ ਲੱਗੇਗਾ। ਉਹ ਆਪਣੇ ਸੱਸ ਸਹੁਰੇ ਲਈ ਇਕ ਦਮ ਸਰਾਪ ਬਣ ਜਾਵੇਗੀ। ਉਸ ਦਿਨ ਸਿਮਰ ਦੀਆਂ ਖੁਸ਼ੀਆਂ ਜਾਣੋ ਸਹਿਕਣ ਲੱਗ ਪਈਆਂ ਤੇ ਸਾਹਾਂ ਦੀ ਭੀਖ ਮੰਗ ਰਹੀਆਂ ਸਨ।
ਸਾਰੇ ਟੱਬਰ ਨੇ ਸਿਮਰ ਦਾ ਜੀਣਾ ਦੁੱਭਰ ਕਰ ਦਿੱਤਾ। ਉਸਦੀ ਸੱਸ ਨੇ ਏਥੋਂ ਤੱਕ ਆਖ ਦਿੱਤਾ ਕਿ ਅਸੀਂ ਕੀ ਧੂਫ਼ ਦੇਣੀ ਆ ਤੇਰੀਆਂ ਸੋਲਾਂ ਜਮਾਤਾਂ ਨੂੰ। ਤੇਰਾ ਪਿਓ ਤਾਂ ਕਹਿੰਦਾ ਸੀ ਕਿ ਕੁੜੀ ਦੇ ਨੰਬਰ ਬਹੁਤ ਆ ਤੇ ਕੇਸ ਝੱਟ ਹੀ ਨਿਕਲ ਜਾਣੈ।
ਸਿਮਰ ਨੇ ਆਮ ਦਿਨਾਂ ਵਾਂਗ ਹੀ ਸਾਰਿਆਂ ਲਈ ਰੋਟੀ ਬਣਾਈ ਅਤੇ ਸਭ ਨੂੰ ਖਵਾਈ। ਆਪਣੇ ਸਹੁਰੇ ਲਈ ਰੋਟੀ ਲੈ ਕੇ ਗਈ, ਉਸਨੇ ਬਿਨਾਂ ਉਸ ਵੱਲ ਦੇਖਿਆਂ ਆਖ ਦਿੱਤਾ, `ਰੱਖ ਜਾ। ਸਾਨੂੰ ਕੀ ਰੋਟੀਆਂ ਸੁੱਝਦੀਆਂ ਅੱਜ? ਖਵਾ ਦਿੱਤੀਆਂ ਤੂੰ ਬਥੇਰੀਆਂ! `
ਸਿਮਰ ਦਾ ਸਾਰਾ ਸਰੀਰ ਕੰਬ ਰਿਹਾ ਸੀ ਤੇ ਉਸਦੇ ਕੰਬਦੇ ਹੱਥਾਂ `ਚੋਂ ਦੁੱਧ ਦਾ ਭਰਿਆ ਗਲਾਸ ਤਿਲਕ ਗਿਆ ਤਾਂ ਸੁਖਪਾਲ ਤੇ ਉਸਦੀ ਮਾਂ ਦਾ ਪਾਰਾ ਸਤਵੇਂ ਅਸਮਾਨ ਜਾ ਚੜ੍ਹਿਆ। ਜਿਵੇਂ ਹੀ ਸੁਖਪਾਲ ਦੀ ਮਾਂ ਨੇ ਬੋਲਣਾ ਸ਼ੁਰੂ ਕੀਤਾ ਕਿ ਪਤਾ ਨੀ ਸਾਡੇ ਕਰਮਾਂ `ਚ ਇਹ ਕਿੱਥੇ ਧਰੀ ਪਈ ਸੀ ਤਾਂ ਸੁਖਪਾਲ ਨੇ ਆਪਣੇ ਪੈਰ `ਚ ਪਾਈ ਜੁੱਤੀ ਲਾਹ ਕੇ ਸਿਮਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਘਰ ਵਿਚ ਕੋਈ ਵੀ ਤਾਂ ਨਹੀਂ ਸੀ ਜੋ ਸੁਖਪਾਲ ਦਾ ਹੱਥ ਫੜਦਾ। ਜਿੱਥੇ ਵੱਜੀ ਉਸਨੇ ਮਾਰੀ। ਸਿਮਰ ਦਾ ਸਾਰਾ ਪਿੰਡਾ ਵਲੂੰਧਰਿਆ ਗਿਆ। ਉਸ ਦੇ ਗੋਰੇ ਗੁਲਾਬੀ ਚਿਹਰੇ `ਤੇ ਸੁਖਪਾਲ ਦੀਆਂ ਉਂਗਲਾਂ ਦੇ ਨਿਸ਼ਾਨਾਂ ਨੇ ਇਨਸਾਨੀ ਫਿਤਰਤ ਦੇ ਨਕਸ਼ੇ ਬਣਾ ਦਿੱਤੇ।
ਅਗਲੇ ਦਿਨ ਸਵੇਰੇ ਉੱਠਣ ਸਾਰ ਸੁਖਪਾਲ ਨੇ ਸਿਮਰ ਨੂੰ ਕਹਿ ਦਿੱਤਾ, `ਆਪਣੇ ਪਿਓ ਨੂੰ ਆਖ ਕਿ ਆ ਕੇ ਤੈਨੂੰ ਲੈ ਜਾਵੇ। ਸਾਡੇ ਨਾਲ ਜੋ ਧੋਖਾ ਉਸਨੇ ਕਰਨਾ ਸੀ ਕਰ ਲਿਆ।`
ਸਿਮਰ ਨੇ ਰੋਂਦੀ ਰੋਂਦੀ ਨੇ ਆਪਣੇ ਬਾਪੂ ਜੀ ਨੂੰ ਫੋਨ ਕੀਤਾ ਅਤੇ ਉਹ ਬਿਨਾਂ ਰੋਟੀ ਖਾਧੇ ਹੀ ਘਰੋਂ ਤੁਰ ਪਿਆ। ਸਿਮਰ ਦੀਆਂ ਗੱਲ੍ਹਾਂ `ਤੇ ਪਏ ਨੀਲ ਦੇਖ ਅਰਜਨ ਸਿਉਂ ਦਾ ਮਨ ਕੁਰਲਾ ਉੱਠਿਆ। ਉਸਦਾ ਚਿੱਤ ਤਾਂ ਕੀਤਾ ਕਿ ਸਾਰੇ ਟੱਬਰ ਨੂੰ ਗੋਡਿਆਂ ਥੱਲੇ ਦੇ ਲਵੇ ਪਰ ਉਹ ਆਪਣੀ ਪੀੜਾ ਅੰਦਰੇ-ਅੰਦਰ ਪੀ ਗਿਆ। ਸਿਮਰ ਦੇ ਬਾਪੂ ਨੇ ਸੁਖਪਾਲ ਦੇ ਬਾਪ ਤੇ ਮਾਂ ਨਾਲ ਗੱਲ ਕਰਨੀ ਚਾਹੀ ਪਰ ਕਿਸੇ ਨੇ ਗੱਲ ਕਰਨ ਦਾ ਮੌਕਾ ਹੀ ਨਾ ਦਿੱਤਾ।
ਸਿਮਰ ਦੇ ਬਾਪ ਨੇ ਹਾਲਤ ਨੂੰ ਭਾਂਪ ਲਿਆ। ਉਸਨੇ ਸਿਮਰ ਨੂੰ ਤਿਆਰ ਹੋਣ ਲਈ ਕਿਹਾ। ਸਿਮਰ ਨੇ ਸੁਖਪਾਲ ਨਾਲ ਗੱਲ ਕਰਨੀ ਚਾਹੀ ਪਰ ਉਹ ਸਿਮਰ ਦੇ ਬੁਲਾਉਣ `ਤੇ ਵੀ ਨਹੀਂ ਬੋਲਿਆ। ਸਿਮਰ ਨੇ ਆਪਣੇ ਕੁਝ ਕੱਪੜੇ ਲਏ ਤੇ ਬਾਪ ਕੋਲ ਆ ਬੈਠੀ। ਪੰਜ-ਸੱਤ ਮਿੰਟ ਚੁੱਪ ਛਾਈ ਰਹੀ। ਆਖਿਰ ਨੂੰ ਸੁਖਪਾਲ ਬੋਲਿਆ, `ਨਾ ਹੁਣ ਕੀ ਵੇਖਦੇ ਹੋ। ਬਹੁਤ ਲਹੂ ਪੀ ਲਿਆ ਸਾਡਾ। ਰਹਿੰਦਾ ਖੂੰਹਦਾ ਵੀ ਪੀਣੈ? ਭੱਜੋ ਏਥੋਂ।`
ਅਰਜਨ ਸਿਉਂ ਨੇ ਕੁਝ ਕਹਿਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਸੁਖਪਾਲ ਬੋਲ ਪਿਆ, `ਹੁਣ ਚੁੱਪ ਕਰ। ਹੋਰ ਨਾ ਕੁਫ਼ਰ ਤੋਲ। ਬਥੇਰਾ ਦੇਖ ਲਿਆ ਤੇਰੀਆਂ ਗੱਲਾਂ ‘ਚ ਆ ਕੇ। ਲੈ ਜਾ ਆਪਣੀ ਧੀ ਨੂੰ। ਸਾਨੂੰ ਨੀ ਚਾਹੀਦੇ ਠੱਗ ਰਿਸ਼ਤੇਦਾਰ।`
‘ਪੁੱਤ…ਪੁੱਤ…ਮੇਰੀ ਗੱਲ ਤਾਂ ਸੁਣ…ਪਰ ਸੁਖਪਾਲ ਨੇ ਵਿਚੋਂ ਹੀ ਟੋਕ ਦਿੱਤਾ, `ਅੱਖਾਂ ਤੋਂ ਪਰੇ ਹੋ ਜਾਵੋ…ਹੋਰ ਨਾ ਕੋਈ ਜਾਹ ਜਾਂਦੀ ਹੋ ਜਾਵੇ ਮੇਰੇ ਹੱਥੋਂ! `
ਸਿਮਰ ਦੇ ਬਾਪ ਨੇ ਕੰਬਦੇ ਹੱਥਾਂ ਨਾਲ ਕਾਰ ਸਟਾਰਟ ਕੀਤੀ। ਸਿਮਰ ਡਰਦੀ ਡਰਦੀ ਸੁਖਪਾਲ ਵੱਲ ਦੇਖਣ ਲੱਗੀ। ਸੁਖਪਾਲ ਉਸਨੂੰ ਬਾਹੋਂ ਫੜ ਕੇ ਖਿੱਚ ਕੇ ਕਾਰ ਕੋਲ ਲੈ ਗਿਆ ਤੇ ਕਹਿਣ ਲੱਗਾ, `ਜੇਹੋ ਜਿਹਾ ਧੋਖਾ ਤੂੰ ਸਾਡੇ ਨਾਲ ਕੀਤਾ, ਉਹ ਸਾਡੇ ਹੱਡਾਂ ਨਾਲ ਹੀ ਜਾਊ। ਚੰਗੀ ਗੱਲ ਇਹ ਹੈ ਕਿ ਏਥੋਂ ਤੁਰਦੀ ਬਣ।`
ਸੁਖਪਾਲ ਨੇ ਬਾਰੀ ਖੋਲ੍ਹੀ ਤੇ ਧੱਕਾ ਦੇ ਕੇ ਕਾਰ ਵਿਚ ਸੁੱਟ ਦਿੱਤਾ। ਸਿਮਰ ਸਿਮਟ ਕੇ ਕਾਰ ਵਿਚ ਬੈਠ ਗਈ। ਇਕ ਵਾਰ ਫਿਰ ਅਰਜਨ ਸਿਉਂ ਦਾ ਚਿੱਤ ਕੀਤਾ ਕਿ ਬਾਹਰ ਨਿਕਲ ਕੇ ਸੁਖਪਾਲ ਦੇ ਮੌਰ ਸੇਕ ਦੇਵੇ ਪਰ ਉਸਨੇ ਆਪਣੇ ਆਪ `ਤੇ ਕਾਬੂ ਰੱਖਿਆ।
ਅੱਜ ਉਸਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਧੀ ਦੀ ਪੀੜ ਕੀ ਹੁੰਦੀ ਹੈ! ਜਿਸਨੇ ਕਦੇ ਕਿਸੇ ਤੋਂ ਓਏ ਨਹੀਂ ਸੀ ਅਖਵਾਈ ਅੱਜ ਚੁੱਪ-ਚਾਪ ਸਭ ਕੁਝ ਸਹਿ ਰਿਹਾ ਸੀ।
ਸਾਲ ਤੋਂ ਵੱਧ ਸਮਾਂ ਬੀਤ ਗਿਆ ਸਿਮਰ ਨੂੰ ਪੇਕੀਂ ਆਇਆਂ। ਉਸਨੇ ਤਿੰਨ ਚਾਰ-ਵਾਰ ਸੁਖਪਾਲ ਨੂੰ ਫੋਨ ਵੀ ਕੀਤਾ ਕਿ ਉਹ ਘਰ ਆਉਣਾ ਚਾਹੁੰਦੀ ਹੈ। ਇਕ ਵਾਰ ਤਾਂ ਸਿਮਰ ਨੇ ਏਥੋਂ ਤੱਕ ਕਹਿ ਦਿੱਤਾ, `ਮੇਰਾ ਕੋਈ ਕਸੂਰ ਨਹੀਂ ਹੈ। ਮੈਨੂੰ ਨੀ ਪਤਾ ਤੁਹਾਡੀ ਮੇਰੇ ਬਾਪੂ ਜੀ ਨਾਲ ਕੀ ਗੱਲ ਹੋਈ ਸੀ। ਮੈਨੂੰ ਤਾਂ ਏਨਾ ਪਤਾ ਹੈ ਕਿ ਮੈਂ ਮਾਪਿਆਂ ਦੀ ਮਰਜ਼ੀ ਮੂਹਰੇ ਇਕ ਚੰਗੀ ਧੀ ਹੋਣ ਦੇ ਨਾਤੇ ਆਪਣਾ ਸਿਰ ਝੁਕਾਇਆ ਸੀ। ਮੈਂ ਤੁਹਾਡੀ ਪਤਨੀ ਹਾਂ ਹੁਣ। ਤੁਹਾਡੇ ਘਰ ਆ ਕੇ ਮੈਂ ਆਪਣੇ ਹਰ ਫਰਜ਼ ਦੀ ਪੂਰਤੀ ਕੀਤੀ ਹੈ। ਜੇਕਰ ਮੇਰਾ ਕੇਸ ਰੀਜੈਕਟ ਹੋ ਗਿਆ ਹੈ ਤਾਂ ਇਸ ਵਿਚ ਮੇਰਾ ਕੋਈ ਕਸੂਰ ਨਹੀਂ ਹੈ। ਮੈਂ ਜਿਸ ਤਰ੍ਹਾਂ ਦੀ ਵੀ ਹਾਂ, ਮੈਨੂੰ ਸਵੀਕਾਰ ਕਰੋ। ਤੁਸੀਂ ਮੇਰੇ ਮਾਲਕ ਹੋ।`
ਮਾਲਕ ਸ਼ਬਦ ਸੁਣ ਕੇ ਜਿਵੇਂ ਸੁਖਪਾਲ ਨੂੰ ਅੱਗ ਲੱਗ ਗਈ। `ਤੈਨੂੰ ਪਤੈ ਕਿ ਮਾਲਕ ਕੀ ਹੁੰਦਾ ਹੈ। ਜੇ ਨਹੀਂ ਪਤਾ ਤਾਂ ਸੁਣ-
‘ਵਿਆਹ `ਤੇ ਅਸੀਂ ਸਾਰਾ ਖਰਚਾ ਕੀਤਾ। ਮੈਰਿਜ ਪੈਲੇਸ ਤੋਂ ਲੈ ਕੇ ਬਰਾਤ ਦੇ ਖਾਣ-ਪੀਣ ਤੱਕ ਦਾ ਪੂਰਾ ਖਰਚਾ। ਅਸੀਂ ਤੇਰੇ ਪਿਓ ਦੀ ਗੱਲ `ਤੇ ਬੱਝ ਗਏ ਕਿ ਤੇਰੇ ਨੰਬਰ ਬਹੁਤ ਹਨ ਸੋਲਵੀਂ `ਚੋਂ। ਤੈਨੂੰ ਤਾਂ ਉਨ੍ਹਾਂ ਨੇ ਵੀਜ਼ਾ ਦੇ ਹੀ ਦੇਣਾ ਹੈ। ਜੇ ਤੇਰੇ ਪਿਓ ਨੇ ਸੱਚ ਦੱਸਿਆ ਹੁੰਦਾ ਜਾਂ ਮਾੜਾ ਜੇਹਾ ਵੀ ਇਸ਼ਾਰਾ ਕੀਤਾ ਹੁੰਦਾ ਕਿ ਕੇਸ ਰੀਜੈਕਟ ਵੀ ਹੋ ਸਕਦਾ ਹੈ ਤਾਂ ਅਸੀਂ ਕਦੇ ਵੀ ਤੁਹਾਡੇ ਵਰਗੇ ਮੰਗਤਿਆਂ ਨਾਲ ਹੱਥ ਨਾ ਜੋੜਦੇ।`
ਸੁਖਪਾਲ ਦੇ ਮੇਹਣਿਆਂ ਨੇ ਸਿਮਰ ਦਾ ਸੀਨਾ ਛਾਨਣੀ ਛਾਨਣੀ ਕਰ ਦਿੱਤਾ। ਇਨਸਾਨੀ ਰਿਸ਼ਤਿਆਂ ਦੀ ਬੁਨਿਆਦ ਤੇ ਮਿਆਦ ਬਾਰੇ ਸੋਚ ਸੋਚ ਕੇ ਉਹ ਪਾਗਲਾਂ ਵਾਂਗ ਹੋ ਗਈ ਸੀ।
ਇਸਦੇ ਕੁਝ ਦਿਨਾਂ ਬਾਅਦ ਹੀ ਦਰਵਾਜ਼ੇ `ਤੇ ਡਾਕੀਆ ਰਜਿਸਟਰੀ ਲਈ ਖੜ੍ਹਾ ਸੀ। ਸਿਮਰ ਦਾ ਮੱਥਾ ਠਣਕਿਆ। ਉਸਨੇ ਕੰਬਦੇ ਹੱਥਾਂ ਨਾਲ ਲਿਫਾਫਾ ਫੜਿਆ। ਸੁਖਪਾਲ ਵਲੋਂ ਭੇਜਿਆ ਤਲਾਕ ਦੇਖ ਕੇ ਸਿਮਰ ਘਬਰਾ ਗਈ। ਉਸਦੇ ਸਿਰ ਨੂੰ ਅਜੇਹਾ ਚੱਕਰ ਆਇਆ ਕਿ ਡਿਗਦੀ ਡਿਗਦੀ ਮਸਾਂ ਬਚੀ। ਕੋਲ ਖੜ੍ਹੀ ਉਸਦੀ ਮਾਂ ਸਹਾਰਾ ਦੇ ਕੇ ਮੰਜੇ ਤੱਕ ਲੈ ਗਈ। ਪਾਣੀ ਸਿਮਰ ਦੇ ਮੂੰਹ ਨੂੰ ਲਾਇਆ। ਚੁੰਨੀ ਦੇ ਲੜ ਨਾਲ ਹਵਾ ਝੱਲਣ ਲੱਗ ਪਈ। ਦੋ ਕੁ ਮਿੰਟਾਂ ਬਾਅਦ ਸਿਮਰ ਨੇ ਹੋਸ਼ ਸੰਭਾਲਿਆ। ਕਾਗਜ਼ਾਂ ਨੂੰ ਦੋਬਾਰਾ ਪੜ੍ਹਿਆ। ਦੋ ਤਿੰਨ ਵਾਰ ਵਾਹਿਗੁਰੂ ਕਿਹਾ ਤੇ ਉਸੇ ਵੇਲੇ ਹੀ ਮਨ ਬਣਾ ਲਿਆ ਕਿ ਉਹ ਸੁਖਪਾਲ ਦੀ ਇਹ ਇੱਛਾ ਜ਼ਰੂਰ ਪੂਰੀ ਕਰ ਦੇਵੇਗੀ।
ਹੁਣ ਸਿਮਰ ਤੇ ਸੁਖਪਾਲ ਦਾ ਤਲਾਕ ਹੋ ਚੁੱਕਾ ਸੀ। ਸਿਮਰ ਨੇ ਆਪਣੀ ਜ਼ਿੰਦਗੀ ਤੋਂ ਇਹ ਸਿੱਖ ਲਿਆ ਸੀ ਆਪਣੀ ਜ਼ਿੰਦਗੀ ਦੀ ਉਹ ਖੁਦ ਮਾਲਿਕ ਹੈ। ਉਹ ਆਪਣੇ ਫੈਸਲੇ ਆਪ ਲੈਣ ਲੱਗੀ।
ਸਿਮਰ ਦੀ ਪੱਕੀ ਸਹੇਲੀ, ਕਾਲਜ ਵਿਚ ਪੜ੍ਹਦਿਆਂ ਉਸਦੀ ਰੂਮ-ਮੇਟ ਅਤੇ ਹਰ ਦੁੱਖ ਸੁੱਖ ਵਿਚ ਉਸਦਾ ਸਾਥ ਦੇਣ ਵਾਲੀ ਜੱਸੀ ਵਿਆਹ ਕਰਵਾ ਕੇ ਕੈਨੇਡਾ ਚਲੀ ਗਈ ਸੀ। ਉਹ ਆਪਣੇ ਪਤੀ, ਬੱਚਿਆਂ ਅਤੇ ਸੱਸ ਸਹੁਰੇ ਸਮੇਤ ਸਰੀ ਵਿਚ ਇਕ ਮਹਿਲ ਵਰਗੇ ਘਰ ਵਿਚ ਰਹਿ ਰਹੀ ਸੀ। ਉਸਦਾ ਪਤੀ ਗੁਰਮੇਲ ਰੀਅਲ ਅਸਟੇਟ ਦਾ ਕੰਮ ਕਰਦਾ ਸੀ। ਪੈਸੇ ਦੀ ਕਦੇ ਘਾਟ ਮਹਿਸੂਸ ਨਹੀਂ ਸੀ ਹੋਈ। ਜੱਸੀ ਨੇ ਜਦੋਂ ਆਪਣੇ ਮਾਂ-ਪਿਓ ਤੇ ਭਰਾ ਗੁਰਮੀਤ ਦਾ ਅਪਲਾਈ ਕਰਨਾ ਸੀ ਤਾਂ ਥੋੜ੍ਹੇ ਜਿਹੇ ਸਮੇਂ ਲਈ ਹੀ ਕੰਮ ਕੀਤਾ। ਕੈਨੇਡਾ ਆ ਕੇ ਬਹੁਤਾ ਸਮਾਂ ਉਹ ਘਰੇ ਹੀ ਰਹੀ। ਆਪਣੇ ਪਤੀ ਗੁਰਮੇਲ ਅਤੇ ਬੱਚਿਆਂ ਦੀ ਦੇਖਭਾਲ ਕਰਨ ਦੇ ਨਾਲ ਨਾਲ ਉਹ ਆਪਣੇ ਸੱਸ-ਸਹੁਰੇ ਦੀ ਵੀ ਪੂਰੀ ਸੇਵਾ ਕਰਦੀ। ਜੱਸੀ ਦੇ ਮਾਂ-ਬਾਪ ਆਪਣੇ ਬੇਟੇ ਗੁਰਮੀਤ ਨੂੰ ਕੈਨੇਡਾ ਛੱਡ ਕੇ ਛੇਤੀ ਹੀ ਭਾਰਤ ਵਾਪਸ ਚਲੇ ਗਏ ਸਨ।
ਇਕ ਦਿਨ ਸਿਮਰ ਨੂੰ ਜੱਸੀ ਦਾ ਫੋਨ ਆਇਆ ਕਿ ਉਸਦੇ ਭਰਾ ਦੀ ਪਤਨੀ ਉਸਨੂੰ ਧੋਖਾ ਦੇ ਕੇ ਤੁਰ ਗਈ ਹੈ। ਦਰਅਸਲ ਗੱਲ ਇਉਂ ਹੋਈ ਕਿ ਜੱਸੀ ਦਾ ਭਰਾ ਪਿਛਲੇ ਸਾਲ ਭਾਰਤ ਆਇਆ ਤੇ ਸੋਹਣੀ ਸੁਨੱਖੀ ਕੁੜੀ ਬਿੰਦਰ ਨਾਲ ਵਿਆਹ ਕਰਵਾ ਕੇ ਵਾਪਿਸ ਚਲਾ ਗਿਆ। ਕੈਨੇਡਾ ਪੁੱਜ ਕੇ ਹਫਤੇ ਕੁ ਬਾਅਦ ਉਸਨੇ ਬਿੰਦਰ ਦਾ ਅਪਲਾਈ ਕਰ ਦਿੱਤਾ। ਪੰਜਾਂ ਮਹੀਨਿਆਂ `ਚ ਬਿੰਦਰ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਜੱਸੀ ਦੇ ਭਰਾ ਗੁਰਮੀਤ ਨੂੰ ਲੋਹੜੇ ਦਾ ਚਾਅ ਸੀ ਕਿ ਹੁਣ ਛੇਤੀ ਹੀ ਉਹ ਤੇ ਬਿੰਦਰ ਆਪਣੇ ਘਰ ਵਿਚ ਆਰਾਮ ਨਾਲ ਰਹਿਣਗੇ। ਬੇਸ਼ਕ ਗੁਰਮੀਤ ਨੂੰ ਜੱਸੀ ਦੇ ਘਰ ਕੋਈ ਤਕਲੀਫ਼ ਨਹੀਂ ਸੀ ਪਰ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਹੈ। ਉਹ…ਬਿੰਦਰ ਤੇ ਉਨ੍ਹਾਂ ਦਾ ਆਪਣਾ ਘਰ।
ਆਖਿਰ ਨੂੰ ਬਿੰਦਰ ਦੇ ਆਉਣ ਦੀ ਤਾਰੀਖ ਪੱਕੀ ਹੋ ਗਈ। ਜੱਸੀ ਨੇ ਚਾਵਾਂ ਨਾਲ ਗੁਰਮੀਤ ਨੂੰ ਬਿੰਦਰ ਵਾਸਤੇ ਲੋੜੀਂਦੇ ਸਮਾਨ ਦੀ ਸ਼ਾਪਿੰਗ ਕਰਵਾਈ।
ਗੁਰਮੀਤ ਨੇ ਆਪਣੀ ਹੱਡ-ਭੰਨਵੀਂ ਕਮਾਈ `ਚੋਂ ਇਕ ਛੋਟੇ ਜਿਹੇ ਘਰ ਦੀ ਡਾਊਨ ਪੇਮੈਂਟ ਜੋਗੇ ਪੈਸੇ ਜੋੜ ਲਏ ਸਨ ਪਰ ਮੌਰਗੇਜ਼ ਲੈਣ ਲਈ ਉਸਨੂੰ ਆਪਣੀ ਸਾਲਾਨਾ ਆਮਦਨ ਤੇ ਹੋਰ ਬਹੁਤ ਕੁਝ ਦਿਖਾਉਣਾ ਪੈਣਾ ਸੀ। ਇਸ ਲਈ ਜੱਸੀ ਤੇ ਜੱਸੀ ਦੇ ਪਤੀ ਗੁਰਮੇਲ ਨੇ ਸਲਾਹ ਕਰ ਕੇ ਗੁਰਮੀਤ ਨੂੰ ਛੋਟਾ ਜਿਹਾ ਘਰ ਲੈ ਦਿੱਤਾ ਜਿਸ ਦੀ ਪੂਰੀ ਡਾਊਨ ਪੇਮੈਂਟ ਗੁਰਮੀਤ ਨੇ ਦਿੱਤੀ ਪਰ ਮੌਰਗੇਜ਼ ਦੀ ਮਜਬੂਰੀ ਕਾਰਨ ਘਰ ਗੁਰਮੇਲ ਦੇ ਨਾਂ ਕਰਵਾਉਣਾ ਪਿਆ। ਘਰ ਦੀ ਪੇਮੈਂਟ ਤਾਂ ਗੁਰਮੀਤ ਨੇ ਹੀ ਕਰਨੀ ਸੀ ਗੁਰਮੇਲ ਦਾ ਤਾਂ ਨਾਮ ਹੀ ਪਵਾਇਆ ਸੀ ਲੋਨ ਲੈਣ ਵਾਸਤੇ।
ਗੁਰਮੀਤ ਚਾਹੁੰਦਾ ਤਾਂ ਸੀ ਕਿ ਬਿੰਦਰ ਦੇ ਆਉਣ ਤੋਂ ਪਹਿਲਾਂ ਆਪਣੇ ਘਰ ਸ਼ਿਫਟ ਕਰ ਲਵੇ ਪਰ ਕਿਰਾਏਦਾਰਾਂ ਨੂੰ ਮਹੀਨਾ ਪਹਿਲਾਂ ਨੋਟਿਸ ਵੀ ਦੇਣਾ ਪੈਣਾ ਸੀ। ਇਸ ਕਰਕੇ ਜੱਸੀ ਤੇ ਗੁਰਮੇਲ ਨੇ ਗੁਰਮੀਤ ਨੂੰ ਸਲਾਹ ਦਿੱਤੀ ਕਿ ਉਹ ਮਹੀਨਾ ਖੰਡ ਉਨ੍ਹਾਂ ਨਾਲ ਹੀ ਰਹਿ ਪੈਣ ਤੇ ਹੌਲ ਹੁੰਗਾਰੇ ਨਾਲ ਸ਼ਿਫਟ ਕਰ ਲੈਣ। ਨਾਲੇ ਬਿੰਦਰ ਦਾ ਟੱਬਰ `ਚ ਜੀਅ ਲੱਗ ਜਾਵੇਗਾ।
ਆਖਿਰ ਉਹ ਦਿਨ ਆ ਗਿਆ, ਜਿਸ ਦਿਨ ਬਿੰਦਰ ਨੇ ਵੈਨਕੂਵਰ ਏਅਰਪੋਰਟ `ਤੇ ਉਤਰਨਾ ਸੀ। ਗੁਰਮੀਤ ਤੇ ਜੱਸੀ ਦੋਨਾਂ ਭੈਣ ਭਰਾਵਾਂ ਨੇ ਮਸਾਂ ਤਿੰਨ ਵਜਾਏ।
ਆਖਿਰ ਤਿੰਨ ਵੱਜ ਗਏ। ਹੀਥਰੋ ਲੰਡਨ ਤੋਂ ਆਉਣ ਵਾਲੇ ਜਹਾਜ਼ ਨੇ ਵੈਨਕੂਵਰ ਦੀ ਧਰਤੀ ਨੂੰ ਛੋਹਿਆ। ਉਹ ਸੋਚ ਰਹੇ ਸਨ ਕਿ ਅੱਧੇ ਕੁ ਘੰਟੇ ਤੱਕ ਬਿੰਦਰ ਬਾਹਰ ਆ ਜਾਵੇਗੀ। ਚਾਰ ਵੱਜ ਗਏ ਤੇ ਫਿਰ ਸਾਢੇ ਚਾਰ। ਦੋਨਾਂ ਭੈਣ-ਭਰਾਵਾਂ ਦਾ ਫਿਕਰ ਵਧ ਗਿਆ। ਗੁਰਮੀਤ ਨੇ ਏਅਰ ਪੋਰਟ ਤੇ ਏਧਰੋਂ-ਓਧਰੋਂ ਪੁੱਛਣਾ ਸ਼ੁਰੂ ਕੀਤਾ। ਇਮੀਗਰੇਸ਼ਨ ਮਹਿਕਮੇ ਤੋਂ ਪਤਾ ਲੱਗਿਆ ਕਿ ਹਰਬਿੰਦਰ ਨਾਮ ਦੀ ਕੋਈ ਵੀ ਔਰਤ ਇਸ ਫਲਾਈਟ `ਤੇ ਨਹੀਂ ਆਈ।
ਮਣਾਂ-ਮੂੰਹੀਂ ਬੋਝ ਲੈ ਕੇ ਦੋਨੋਂ ਭੈਣ ਭਰਾ ਘਰ ਵਾਪਸ ਆ ਗਏ। ਸਾਰੀ ਰਾਤ ਕਦੇ ਕਿਸੇ ਨੂੰ, ਕਦੇ ਕਿਸੇ ਨੂੰ ਫੋਨ ਕਰਦੇ ਰਹੇ। ਅੰਤ ਦੂਸਰੇ ਦਿਨ ਪਤਾ ਲੱਗਾ ਕਿ ਬਿੰਦਰ ਤਾਂ ਵੈਨਕੂਵਰ ਆਈ ਹੀ ਨਹੀਂ। ਉਹ ਤਾਂ ਲੰਡਨ ਤੋਂ ਸਿੱਧੀ ਹੀ ਟੋਰਾਂਟੋ ਚਲੀ ਗਈ ਸੀ ਆਪਣੇ ਪ੍ਰੇਮੀ ਕੋਲ। ਉਸਨੇ ਪਹਿਲਾਂ ਹੀ ਇਹ ਸਕੀਮ ਬਣਾ ਰੱਖੀ ਸੀ ਕਿ ਮੈਂ ਵਿਆਹ ਕਰਵਾ ਕੇ ਸਿੱਧੀ ਤੇਰੇ ਕੋਲ ਆ ਜਾਵਾਂਗੀ।
ਸਿਮਰ ਤੇ ਜੱਸੀ ਦੋਨੋਂ ਇਕ ਦੂਸਰੇ ਨਾਲ ਦੁੱਖ-ਸੁੱਖ ਸਾਂਝਾ ਕਰ ਲਿਆ ਕਰਦੀਆਂ ਸਨ। ਇਕ ਦਿਨ ਜੱਸੀ ਦੇ ਮਨ ਵਿਚ ਆਇਆ ਕਿ ਕਿਉਂ ਨਾ ਉਹ ਆਪਣੇ ਭਰਾ ਗੁਰਮੀਤ ਦੀ ਸਿਮਰ ਨਾਲ ਗੱਲਬਾਤ ਕਰਵਾ ਦੇਵੇ। ਦੋਨੋਂ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਦੋਨਾਂ ਦੀ ਕਹਾਣੀ ਵੀ ਇਕ ਤਰ੍ਹਾਂ ਦੀ ਹੀ ਹੈ।
ਗੁਰਮੀਤ ਦਾ ਵੀ ਬਿੰਦਰ ਨਾਲ ਤਾਲਾਕ ਹੋ ਗਿਆ ਸੀ। ਜਿ਼ਆਦਾ ਸਮਾਂ ਉਡੀਕ ਨਹੀਂ ਕਰਨੀ ਪਈ। ਗੁਰਮੀਤ ਨੂੰ ਆਪਣੀ ਭੈਣ ਦੀ ਗੱਲ ਚੰਗੀ ਲੱਗੀ।
ਸਿਮਰ ਲਈ ਵੀ ਇਹ ਚੰਗਾ ਮੌਕਾ ਸੀ। ਦਿਨਾਂ ਵਿਚ ਹੀ ਉਨ੍ਹਾਂ ਦੀ ਨੇੜਤਾ ਵਧ ਗਈ। ਹੁੰਦੀ ਹੁੰਦੀ ਗੱਲ ਜੀਵਨ ਭਰ ਦਾ ਸਾਥ ਦੇਣ ਤੱਕ ਅਪੜ ਗਈ। ਅਖੀਰ ਗੁਰਮੀਤ ਨੇ ਸਿਮਰ ਨੂੰ ਆਖ ਹੀ ਦਿੱਤਾ ਕਿ ਮੈਂ ਦੋ ਕੁ ਮਹੀਨਿਆਂ ਤੱਕ ਭਾਰਤ ਆਵਾਂਗਾ ਤੇ ਕੋਰਟ ਮੈਰਿਜ ਕਰ ਕੇ ਤੇਰਾ ਅਪਲਾਈ ਕਰ ਦਿਆਂਗਾ।
ਜੱਸੀ ਜਦੋਂ ਉਨ੍ਹਾਂ ਦੋਨਾਂ ਨੂੰ ਫੋਨ `ਤੇ ਗੱਲਾਂ ਕਰਦੇ ਸੁਣਦੀ ਤਾਂ ਮਨ ਹੀ ਮਨ ਬਹੁਤ ਖੁਸ਼ ਹੁੰਦੀ। ਆਪਣੇ ਵੀਰ ਦੇ ਦਰਦ ਦੇ ਨਾਲ ਨਾਲ ਸਿਮਰ ਦੇ ਦਰਦ ਨੂੰ ਵੀ ਪਹਿਚਾਣਦੀ ਸੀ। ਉਹ ਫੋਨ ਕਰ ਕੇ ਕਦੇ ਸਿਮਰ ਅੱਗੇ ਗੁਰਮੀਤ ਦੀਆਂ ਵਡਿਆਈਆਂ ਕਰਦੀ ਤੇ ਕਦੇ ਗੁਰਮੀਤ ਨੂੰ ਸਿਮਰ ਦੀਆਂ ਪਿਆਰੀਆਂ ਪਿਆਰੀਆਂ ਭੋਲੀਆਂ ਭੋਲੀਆਂ ਗੱਲਾਂ ਦੱਸਦੀ।
ਆਖਰ ਨੂੰ ਉਹ ਦਿਨ ਆ ਗਿਆ ਜਦੋਂ ਗੁਰਮੀਤ ਨੇ ਪੰਜਾਬ ਦੀ ਧਰਤੀ `ਤੇ ਪੈਰ ਰੱਖਿਆ। ਉਹ ਆਪਣੇ ਮਾਂ ਬਾਪ ਨੂੰ ਨਾਲ ਲੈ ਕੇ ਸਿੱਧਾ ਸਿਮਰ ਦੇ ਘਰ ਗਿਆ ਅਤੇ ਬੜੇ ਸਲੀਕੇ ਨਾਲ ਸਿਮਰ ਦਾ ਹੱਥ ਮੰਗਿਆ। ਗੁਰਮੀਤ ਨੇ ਸਪੱਸ਼ਟ ਆਖ ਦਿੱਤਾ ਕਿ ਵਿਆਹ `ਤੇ ਘੱਟ ਤੋਂ ਘੱਟ ਖਰਚ ਕਰਨਾ ਹੈ। ਕੋਰਟ ਮੈਰਿਜ ਜਾਂ ਪੰਜ ਬੰਦਿਆਂ ਦੀ ਹਾਜ਼ਰੀ ਵਿਚ ਆਨੰਦ ਕਾਰਜ। ਦਾਜ ਦਹੇਜ ਤੇ ਬਾਕੀ ਸਭ ਫਜ਼ੂਲ ਰਸਮਾਂ ਦਾ ਬਾਈਕਾਟ।
ਸਿਮਰ ਦੇ ਮਾਂ ਬਾਪ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਇਕ ਸ਼ਰਤ ਲਾਉਣਾ ਚਾਹੁੰਦੇ ਸਨ ਕਿ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਜ਼ਰੂਰ ਮੰਗਵਾਏਗਾ। ਸਿਮਰ ਨੇ ਪਹਿਲਾਂ ਹੀ ਆਪਣੇ ਬਾਪੂ ਦਾ ਮੂੰਹ ਬੰਨ੍ਹ ਦਿੱਤਾ ਸੀ। ਉਸਨੇ ਸਾਫ ਸ਼ਬਦਾਂ ਵਿਚ ਆਖ ਦਿੱਤਾ, `ਪਿਛਲੀ ਵਾਰੀ ਵੀ ਤੁਸੀਂ ਮੇਰਾ ਸੌਦਾ ਕੀਤਾ। ਆਪਣੀ ਮਰਜ਼ੀ ਕੀਤੀ। ਮੈਨੂੰ ਪਤਾ ਵੀ ਨਾ ਲੱਗਣ ਦਿੱਤਾ ਕਿ ਕਦੋਂ ਤੁਸੀਂ ਵਿਆਹ ਦੇ ਖਰਚ ਦੀਆਂ ਸ਼ਰਤਾਂ ਰੱਖ ਲਈਆਂ। ਮੈਨੂੰ ਐਮ. ਏ. ਕਰਵਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਥਾਂ `ਤੇ ਮੇਰੀ ਬੋਲੀ ਲਾਉਂਦੇ ਫਿਰੋ। ਇਹ ਮੇਰੀ ਜ਼ਿੰਦਗੀ ਹੈ, ਇਸਦਾ ਫੈਸਲਾ ਮੈਂ ਆਪ ਕਰਨਾ ਹੈ। ਇਹ ਵਿਆਹ ਹੋਵੇਗਾ ਪਰ ਇਸ ਵਿਚ ਕੋਈ ਸ਼ਰਤ ਨਹੀਂ ਹੋਵੇਗੀ।`
ਅਰਜਨ ਸਿਉਂ ਸਿਮਰ ਦੀ ਦਹਾੜ ਸੁਣ ਕੇ ਚੁੱਪ ਹੋ ਗਿਆ। ਏਨਾ ਹੀ ਕਹਿ ਸਕਿਆ, `ਜਿਵੇਂ ਤੇਰੀ ਮਰਜ਼ੀ ਪੁੱਤ।`
ਸਿਮਰ ਤੇ ਗੁਰਮੀਤ ਦਾ ਵਿਆਹ ਹੋ ਗਿਆ। ਸਭ ਕੁਝ ਬਹੁਤ ਸਾਦਾ ਸੀ ਤੇ ਦੋਨੋਂ ਜਾਣੇ ਬਹੁਤ ਖੁਸ਼ ਸਨ। ਦੋਨੋਂ ਘੁੰਮਣ ਫਿਰਨ ਗਏ। ਗੁਰਮੀਤ ਦੇ ਮਾਂ-ਬਾਪ ਨੂੰ ਪਤਾ ਸੀ ਕਿ ਸਿਮਰ ਬਹੁਤ ਹੀ ਨੇਕ ਅਤੇ ਸਾਊ ਸੁਭਾਅ ਦੀ ਕੁੜੀ ਹੈ। ਸਿਮਰ ਆਪਣੇ ਸੱਸ ਸਹੁਰੇ ਦੀ ਸੇਵਾ ਕਰਦੀ ਅੱਗੇ-ਪਿੱਛੇ ਘੁੰਮਦੀ ਰਹਿੰਦੀ। ਦਿਨਾਂ ਵਿਚ ਹੀ ਉਹ ਬਿੰਦਰ ਨੂੰ ਭੁੱਲ ਗਏ ਅਤੇ ਸਿਮਰ ਨਾਲ ਘੁਲ ਮਿਲ ਗਏ। ਕਦੇ ਕਦੇ ਸਿਮਰ ਦੀ ਸੱਸ ਆਪਣੇ ਆਂਢ-ਗੁਆਂਢ ਨੂੰ ਕਹਿੰਦੀ, `ਭੈਣੇ ਸਾਨੂੰ ਤਾਂ ਠੂਠਾ ਭੰਨ੍ਹ ਕੇ ਛੰਨਾ ਮਿਲ ਗਿਆ।`
ਗੁਰਮੀਤ ਮਹੀਨਾ ਕੁ ਰਹਿ ਕੇ ਕੈਨੇਡਾ ਆ ਗਿਆ। ਆਉਂਦੇ ਸਾਰ ਹੀ ਸਿਮਰ ਦਾ ਅਪਲਾਈ ਕਰ ਦਿੱਤਾ। ਇਕ ਦਿਨ ਸਿਮਰ ਦਾ ਵੀਜ਼ਾ ਆ ਗਿਆ। ਸਿਮਰ ਕੈਨੇਡਾ ਜਾਣ ਦੀਆਂ ਤਿਆਰੀਆਂ ਵਿਚ ਰੁੱਝ ਗਈ। ਸੋਹਣੇ ਸੂਟ ਬਣਵਾਏ, ਕੁਝ ਆਪਣੇ ਲਈ ਤੇ ਕੁਝ ਆਪਣੀ ਸਹੇਲੀ ਤੋਂ ਨਨਾਣ ਬਣੀ ਜੱਸ ਵਾਸਤੇ। ਉਸਨੂੰ ਜਾਪਿਆ ਜਿਵੇਂ ਉਸਦਾ ਨਵਾਂ ਜਨਮ ਹੋਇਆ ਹੋਵੇ। ਉਹ ਆਪਣੇ ਸੂਟਾਂ ਅਤੇ ਹੋਰ ਨਿੱਕ-ਸੁਕ ਨੂੰ ਦਿਨ ਵਿਚ ਕਈ ਕਈ ਵਾਰੀ ਵੇਖਦੀ। ਖੁਸ਼ੀਆਂ ਨਾਲ ਦੋਬਾਰਾ ਮੇਲ ਹੋ ਗਿਆ ਸੀ।
ਤੇ ਫਿਰ ਇਕ ਦਿਨ ਸਿਮਰ ਵੈਨਕੂਵਰ ਏਅਰਪੋਰਟ `ਤੇ ਪੁੱਜ ਗਈ। ਖੁਸ਼ੀ ਖੁਸ਼ੀ ਸਾਰਾ ਟੱਬਰ ਉਸਨੂੰ ਲੈਣ ਆਇਆ। ਏਅਰਪੋਰਟ ਤੋਂ ਬਾਹਰ ਨਿਕਲਦਿਆਂ ਸਿਮਰ ਨੇ ਵੱਡਾ ਸਾਰਾ ਸਾਹ ਲਿਆ। ਇਕ ਪਲ ਲਈ ਉਸਦੀ ਸਾਰੀ ਦਰਦ ਕਹਾਣੀ ਉਸ ਦੀਆਂ ਅੱਖਾਂ ਅੱਗੇ ਘੁੰਮ ਗਈ ਪਰ ਉਸਨੇ ਓਸੇ ਪਲ ਹੀ ਆਪਣੇ ਆਪ ਨੂੰ ਸੰਭਾਲ ਲਿਆ ਤੇ ਵੈਨਕੂਵਰ ਦੀਆਂ ਰੰਗੀਨੀਆਂ ਵਿਚ ਗਵਾਚ ਗਈ। ਉਹ ਵਾਰ-ਵਾਰ ਆਪਣੇ ਨਾਲ ਬੈਠੀ ਜੱਸੀ ਦਾ ਹੱਥ ਫੜ ਕੇ ਚੁੰਮ ਰਹੀ ਸੀ। ਅੱਧੇ ਕੁ ਘੰਟੇ ਬਾਅਦ ਜੱਸੀ ਦਾ ਘਰ ਆ ਗਿਆ। ਇਸ ਤਰ੍ਹਾਂ ਦਾ ਘਰ ਉਸਨੇ ਤਸਵੀਰਾਂ ਵਿਚ ਵੇਖਿਆ ਸੀ ਪਰ ਅੱਜ ਪਹਿਲੀ ਵਾਰ ਅਸਲੀਅਤ ਵਿਚ ਵੇਖ ਰਹੀ ਸੀ।
ਹਰ ਚੀਜ਼ ਆਪਣੇ ਥਾਂ `ਤੇ ਬੜੇ ਹੀ ਸਲੀਕੇ ਨਾਲ ਰੱਖੀ ਹੋਈ ਸੀ। ਜੱਸੀ ਦੀ ਸੱਸ ਨੇ ਸਿਮਰ ਨੂੰ ਰਜਵਾਂ ਪਿਆਰ ਦਿੱਤਾ। ਸਿਮਰ ਨੂੰ ਉਸਦਾ ਕਮਰਾ ਦਿਖਾਇਆ। ਇਕ ਪਲ ਲਈ ਸਿਮਰ ਨੇ ਮਹਿਸੂਸ ਕੀਤਾ ਕਿ ਉਹ ਕਿਸੇ ਸਵਰਗ ਵਿਚ ਆ ਪਹੁੰਚੀ ਹੈ। ਉਸਦੇ ਧੁਰ ਅੰਦਰੋਂ ਵਾਹਿਗੁਰੂ ਨਿਕਲਿਆ।
ਪੰਦਰਾਂ ਕੁ ਦਿਨਾਂ ਬਾਅਦ ਸਿਮਰ ਅਤੇ ਗੁਰਮੀਤ ਆਪਣੇ ਘਰ ਸਿ਼ਫਟ ਕਰ ਗਏ। ਘਰ ਭਾਵੇਂ ਸਿਮਰ ਦੇ ਘਰ ਤੋਂ ਛੋਟਾ ਸੀ ਪਰ ਬਹੁਤ ਸੋਹਣਾ ਸੀ ਅਤੇ ਬਹੁਤੀ ਗੱਲ ਇਹ ਕਿ ਉਹ ਉਨ੍ਹਾਂ ਦਾ ਆਪਣਾ ਘਰ ਸੀ।
ਦਿਨਾਂ ਵਿਚ ਹੀ ਦੋਨੋਂ ਪੂਰੀ ਤਰ੍ਹਾਂ ਸੈਟ ਹੋ ਗਏ। ਸਿਮਰ ਨੇ ਆਪਣੀ ਮਰਜ਼ੀ ਨਾਲ ਆਪਣੇ ਘਰ ਨੂੰ ਸਜਾਇਆ। ਗੁਰਮੀਤ ਨੇ ਸਿਮਰ ਨੂੰ ਮਾਰਗੇਜ਼ ਵਾਲੀ ਗੱਲ ਦੱਸਣੀ ਚਾਹੀ ਪਰ ਮੌਰਗੇਜ਼ ਵਾਲੀਆਂ ਗੱਲਾਂ ਦੀ ਨਾ ਉਸਨੂੰ ਸਮਝ ਸੀ ਅਤੇ ਨਾ ਹੀ ਉਹ ਸਮਝਣਾ ਚਾਹੁੰਦੀ ਸੀ। ਉਸ ਲਈ ਤਾਂ ਗੁਰਮੀਤ ਹੀ ਉਸਦੀ ਜ਼ਿੰਦਗੀ ਸੀ ਅਤੇ ਬਾਕੀ ਦਾ ਸਾਰਾ ਜੀਵਨ ਉਹ ਗੁਰਮੀਤ ਦੇ ਸਾਹਾਂ ਵਿਚ ਸਾਹ ਰਲਾ ਕੇ ਬਤੀਤ ਕਰਨਾ ਚਾਹੁੰਦੀ ਸੀ।
ਗੁਰਮੀਤ ਨੇ ਕੁਝ ਦਿਨਾਂ ਦੀਆਂ ਛੁੱਟੀਆਂ ਲਈਆ ਤੇ ਉਸਨੇ ਸਰੀ ਦਾ ਸਾਰਾ ਆਲਾ ਦੁਆਲਾ ਸਿਮਰ ਨੂੰ ਘੁਮਾ ਦਿੱਤਾ। ਫੈਰੀ `ਤੇ ਵਿਕਟੋਰੀਆ ਵੀ ਦਿਖਾ ਦਿੱਤਾ। ਛੁੱਟੀਆਂ ਦੇ ਇਹ ਦਸ ਪੰਦਰਾਂ ਦਿਨ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਬੀਤ ਗਏ। ਗੁਰਮੀਤ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਮਾਂ-ਪਿਓ ਨਾਲ ਆਇਆ ਸੀ ਆਪਣੀ ਪੜ੍ਹਾਈ ਵਿਚੇ ਹੀ ਛੱਡ ਕੇ। ਉਸਨੇ ਬਾਰਾਂ ਗਰੇਡ ਪੂਰੇ ਨਹੀਂ ਸਨ ਕੀਤੇ ਅਤੇ ਕੈਨੇਡਾ ਆ ਕੇ ਵੀ ਉਸਨੇ ਪੜ੍ਹਨ ਦੀ ਕੋਸ਼ਿਸ਼ ਨਾ ਕੀਤੀ। ਫੈਕਟਰੀ ਦਾ ਕੰਮ ਭਾਰਾ ਤਾਂ ਸੀ ਪਰ ਪੈਸੇ ਚੰਗੇ ਮਿਲਣ ਕਰਕੇ ਉਸਨੂੰ ਮਹਿਸੂਸ ਨਹੀਂ ਸੀ ਹੁੰਦਾ। ਸਿਮਰ ਨੂੰ ਉਸਦੇ ਭਾਰੇ ਕੰਮ ਦਾ ਅਹਿਸਾਸ ਸੀ। ਉਹ ਚੰਗੇ ਪਕਵਾਨ ਬਣਾਉਂਦੀ ਅਤੇ ਹਰ ਤਰੀਕੇ ਨਾਲ ਉਸਦੀ ਸਿਹਤ ਦਾ ਖਿਆਲ ਰੱਖਦੀ। ਦੋ ਕੁ ਮਹੀਨਿਆਂ ਬਾਦ ਸਿਮਰ ਵੀ ਕਿਸੇ ਹੋਰ ਫੈਕਟਰੀ ਵਿਚ ਕੰਮ ਕਰਨ ਲੱਗ ਪਈ। ਭਾਵੇਂ ਗੁਰਮੀਤ ਨੇ ਉਸਨੂੰ ਕਈ ਵਾਰ ਕਿਹਾ ਕਿ ਉਸਦੀ ਤਨਖਾਹ ਨਾਲ ਉਨ੍ਹਾਂ ਦਾ ਸਰ ਜਾਣਾ ਹੈ ਪਰ ਸਿਮਰ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਗੁਰਮੀਤ ਹੱਡ-ਭੰਨਵੀਂ ਮਿਹਨਤ ਕਰੇ ਅਤੇ ਉਹ ਵਿਹਲੀ ਬੈਠ ਸਾਰਾ ਦਿਨ ਟੀਵੀ ਦੇਖੀ ਜਾਵੇ।
ਉਨ੍ਹਾਂ ਦਾ ਖੁਸ਼ੀ ਭਰਿਆ ਸਮਾਂ ਬੜੀ ਤੇਜ਼ੀ ਨਾਲ ਬੀਤ ਗਿਆ। ਗੁਰਮੀਤ ਦੇ ਪੇਟ ਵਿਚ ਦਰਦ ਰਹਿਣ ਲੱਗ ਪਿਆ। ਕਦੇ ਕਦੇ ਟੱਟੀ ਰਾਹੀਂ ਖੂਨ ਵੀ ਵਹਿ ਜਾਂਦਾ। ਇਕ ਦਿਨ ਡਾਕਟਰਾਂ ਨੇ ਸਪਸ਼ਟ ਦੱਸ ਦਿੱਤਾ ਕਿ ਇਸਦੇ ਮੇਹਦੇ ਵਿਚ ਕੈਂਸਰ ਕਾਫੀ ਫੈਲ ਚੁੱਕਿਆ ਹੈ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿਮਰ ਨੂੰ ਆਪਣਾ ਸੂਰਜ ਡੁੱਬਦਾ ਜਾਪਣ ਲੱਗਾ। ਗੁਰਮੀਤ ਦੇ ਨਾਲ ਨਾਲ ਉਹ ਵੀ ਸੁੱਕ ਕੇ ਤੀਲਾ ਹੋ ਗਈ। ਉਸਨੇ ਕਿਹੜੇ ਅਜੇਹੇ ਪਾਪ ਕੀਤੇ ਹਨ ਜਿਸਦੀ ਰੱਬ ਉਸਨੂੰ ਸਜ਼ਾ ਦੇ ਰਿਹਾ ਹੈ।
ਗੁਰਮੀਤ ਦੀ ਹਾਲਤ ਦਿਨੋਂ ਦਿਨ ਵਿਗੜਦੀ ਗਈ। ਡਾਕਟਰਾਂ ਨੇ ਆਪਣੀ ਪੂਰੀ ਵਾਹ ਲਾਈ ਕਿ ਉਸਨੂੰ ਕੁਝ ਹੋਰ ਦੇਰ ਜਿਊਂਦਾ ਰੱਖਿਆ ਜਾ ਸਕੇ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਆਖਿਰ ਨੂੰ ਗੁਰਮੀਤ ਰੱਬ ਨੂੰ ਪਿਆਰਾ ਹੋ ਗਿਆ। ਸਿਮਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸਦੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ। ਗੁਰਮੀਤ ਆਪਣੀ ਕੋਈ ਨਿਸ਼ਾਨੀ ਵੀ ਤਾਂ ਨਹੀਂ ਸੀ ਦੇ ਕੇ ਗਿਆ ਜਿਸਦੇ ਸਹਾਰੇ ਉਹ ਆਪਣੀ ਜ਼ਿੰਦਗੀ ਕੱਟ ਲੈਂਦੀ। ਸਸਕਾਰ ਤੇ ਸਸਕਾਰ ਤੋਂ ਬਾਦ ਭੋਗ ਤੇ ਹੋਰ ਸਾਰਾ ਕੁਝ ਇਕ ਹੱਫਤੇ ਵਿਚ ਨਿਬੜ ਗਿਆ ਪਰ ਉਸਦੇ ਦੁੱਖ ਦੀ ਕਹਾਣੀ ਸ਼ੁਰੂ ਹੋ ਗਈ। ਦੁੱਖ ਵੰਡਾਉਣ ਆਏ ਸਾਰੇ ਰਿਸ਼ਤੇਦਾਰ, ਮਿੱਤਰ ਦੋਸਤ ਆਪੋ ਆਪਣੇ ਘਰਾਂ ਨੂੰ ਤੁਰ ਗਏ।
ਉਹ ਘਰ ਜੋ ਸਿਮਰ ਨੂੰ ਸਵਰਗ ਲੱਗਦਾ ਸੀ ਹੁਣ ਵੱਢਣ ਨੂੰ ਆਉਂਦਾ। ਉਹ ਸਿਰਫ ਤੇ ਸਿਰਫ ਗੁਰਮੀਤ ਦੀ ਯਾਦ ਨਾਲ ਜਿਊਣਾ ਚਾਹੁੰਦੀ ਸੀ। ਕਈ ਵਾਰੀ ਉਸਦਾ ਦਿਲ ਕਰਦਾ ਉਹ ਸਭ ਨੂੰ ਆਖ ਦੇਵੇ ਕਿ ਉਸਦੇ ਘਰੋਂ ਸਾਰੇ ਚਲੇ ਜਾਣ ਤਾਂ ਜੋ ਉਹ ਰੱਜ ਕੇ ਇਕੱਲੀ ਬਹਿ ਕੇ ਗੁਰਮੀਤ ਦੀ ਯਾਦ ਦੇ ਗਲ ਲੱਗ ਕੇ ਰੋ ਸਕੇ। ਪਰ ਕੋਈ ਵੀ ਉਸ ਨੂੰ ਇਕੱਲਾ ਨਾ ਛੱਡਦਾ।
ਗੁਰਮੀਤ ਦਾ ਬਾਪ ਵੀ ਆਪਣੇ ਜਾਨ ਨਾਲੋਂ ਪਿਆਰੇ ਪੁੱਤ ਨੂੰ ਇਸ ਦੁੱਨੀਆਂ ਤੋਂ ਤੋਰਨ ਸਮੇਂ ਆ ਗਿਆ ਸੀ। ਉਸਨੂੰ ਸਿਰਫ ਮਹੀਨੇ ਦਾ ਹੀ ਵੀਜ਼ਾ ਮਿਲਿਆ ਸੀ। ਇਹ ਇਕ ਮਹੀਨਾ ਤਾਂ ਅਫਸੋਸ ਕਰਨ ਆਉਂਦੇ ਲੋਕਾਂ ਨੇ ਹੀ ਘੇਰੀ ਰੱਖਿਆ।
ਕੁਝ ਹੌਲ ਹੁੰਗਾਰਾ ਹੋਇਆ ਤਾਂ ਗੁਰਮੀਤ ਦੇ ਬਾਪ ਨੇ ਸਿਮਰ ਤੇ ਜੱਸੀ ਨੂੰ ਗੁਰਮੀਤ ਦੇ ਫੁੱਲ ਭਾਰਤ ਲੈ ਜਾਣ ਦੀ ਸਲਾਹ ਦਿੱਤੀ। ਜੱਸੀ ਤੇ ਸਿਮਰ ਦੋਨਾਂ ਨੇ ਉਸਦੀ ਹਾਂ ਵਿਚ ਹਾਂ ਮਿਲਾ ਦਿੱਤੀ। ਪਿੰਡ ਪੁੱਜਦੇ ਸਾਰ ਰਿਸ਼ਤੇਦਾਰ ਅਤੇ ਦੋਸਤ ਮਿਤਰਾਂ ਦਾ ਇਕ ਹੜ੍ਹ ਜਿਹਾ ਉਨ੍ਹਾਂ ਦੇ ਘਰ ਆ ਵੜਿਆ। ਲੋਕ ਆਉਂਦੇ ਤੇ ਰਸ਼ਮੀ ਜਿਹਾ ਅਫ਼ਸੋਸ ਕਰਕੇ ਚਲੇ ਜਾਂਦੇ। ਸਭ ਦੀਆਂ ਨਜ਼ਰਾਂ ਤਾਂ ਸਿਮਰ `ਤੇ ਸਨ। ਰਿਸ਼ਤੇਦਾਰਾਂ ਵਿਚ ਦੌੜ ਲਗ ਗਈ ਸਿਮਰ ਨੂੰ ਕਾਬੂ ਕਰਨ ਦੀ। ਰਿਸ਼ਤੇਦਾਰਾਂ ਵਿਚ ਸਿਮਰ ਨੂੰ ਲੈ ਕੇ ਆਪੋ ਧਾਪ ਜੇਹੀ ਮੱਚ ਗਈ।
ਸਭ ਤੋਂ ਪਹਿਲਾਂ ਗੁਰਮੀਤ ਦੀ ਭੂਆ ਵੀਰੋ ਆਪਣੇ ਭਰਾ ਨੂੰ ਕਹਿਣ ਲੱਗੀ, ‘ਵੀਰ! ਰੱਬ ਨੇ ਤਾਂ ਸਾਡੇ ਨਾਲ ਬਹੁਤ ਬੁਰੀ ਕੀਤੀ ਆ। ਕਾਲਜਾ ਬਾਹਰ ਨੂੰ ਆਉਂਦਾ ਹੈ। ਪਰ ਡਾਢੇ ਅੱਗੇ ਕਿਸਦੀ ਚਲਦੀ ਆ। ਮੈਨੂੰ ਵੀ ਗੁਰਮੀਤ ਦਾ ਬਹੁਤ ਦੁੱਖ ਹੈ। ਸਿਮਰ ਤਾਂ ਮੈਥੋਂ ਦੇਖੀ ਨਹੀਂ ਜਾਂਦੀ। ਮੈਨੂੰ ਕਿਹੜਾ ਪਰਾਈ ਹੈ ਉਹ! `
ਕੇਹਰ ਸਿੰਘ ਆਪਣੇ ਪਰਨੇ ਨਾਲ ਅੱਖਾਂ ਪੂੰਝਣ ਲੱਗਦਾ ਹੈ ਤਾਂ ਵੀਰੋ ਬੋਲ ਪੈਂਦੀ ਹੈ, `ਭਾਣਾ ਤਾਂ ਮੰਨਣਾ ਹੀ ਪੈਣਾ ਹੈ। ਕੀਹਦਾ ਜ਼ੋਰ ਚੱਲਦਾ ਹੈ ਰੱਬ ਮੂਹਰੇ।`
‘ਤੇਰੀ ਗੱਲ ਤਾਂ ਠੀਕ ਹੈ ਪਰ ਅੱਗਾ ਖਾਲੀ ਦਿਸਦਾ ਹੈ। ਮੇਰੀ ਜ਼ਿੰਦਗੀ ਵਿਚ ਤਾਂ ਨੇਰਾ ਹੀ ਨੇਰਾ ਦਿੱਸਦਾ ਹੈ। ਕੀ ਬਣੂੰ ਸਿਮਰ ਦਾ?`
‘ਹਾਂ ਵੀਰ, ਮੈਨੂੰ ਵੀ ਏਹੋ ਝੋਰਾ ਖਾਂਦਾ ਹੈ। ਹਾਲੇ ਕੁੜੀ ਦੀ ਉਮਰ ਹੀ ਕੀ ਹੈ। ਕਿਵੇਂ ਕੱਟੂ ਗੀ ਪਹਾੜ ਜੇਡੀ ਜ਼ਿੰਦਗੀ! `
ਕੇਹਰ ਸਿੰਘ ਨੇ ਵੱਡਾ ਸਾਰਾ ਹਉਕਾ ਲਿਆ ਤੇ ਵੀਰੋ ਦੇ ਮੂੰਹ ਵੱਲ ਦੇਖਣ ਲੱਗਿਆ ਜਿਵੇਂ ਉਹ ਉਸਨੂੰ ਪੜ੍ਹਨ ਦਾ ਯਤਨ ਕਰ ਰਿਹਾ ਹੋਵੇ।
‘ਹਾਂ! ` ਕੇਹਰ ਸਿੰਘ ਨੇ ਕਿਹਾ।`
ਵੀਰੋ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਕੋਈ ਹੋਰ ਉਸਦੇ ਭਰਾ ਨੂੰ ਸਿਮਰ ਬਾਰੇ ਕਹੇ ਜਾਂ ਸਿਮਰ ਦੀ ਹੀ ਕਿਸੇ ਨਾਲ ਗੱਲ ਹੋ ਜਾਵੇ, ਉਸਨੂੰ ਆਪਣੇ ਦਿਲ ਦੀ ਕਹਿ ਦੇਣੀ ਚਾਹੀਂਦੀ ਹੈ।
‘ਵੀਰ! ਮੈਂ ਤੇ ਮਨਦੀਪ ਦਾ ਡੈਡੀ ਸੋਚ ਰਹੇ ਸੀ ਕਿ ਜੇਕਰ ਸਿਮਰ ਤੇ ਮਨਦੀਪ ਦਾ ਆਪਸ ਵਿਚ…ਹੋ ਜਾਵੇ ਤਾਂ ਘਰ ਦੀ ਗੱਲ ਘਰ `ਚ ਹੀ ਰਹਿ ਜਾਵੇਗੀ।` ਕਹਿ ਕੇ ਕੇਹਰ ਸਿੰਘ ਦੇ ਚੇਹਰੇ ‘ਤੇ ਟਿਕਟਿਕੀ ਲਗਾ ਉਸਦੇ ਹਾਵ ਭਾਵ ਪੜ੍ਹਨ ਲੱਗੀ।
ਕੇਹਰ ਸਿੰਘ ਨੇ ਸਿਰ ‘ਤੇ ਬੰਨ੍ਹਿਆ ਪਰਨਾ ਠੀਕ ਕੀਤਾ ਤੇ ਬਿਨਾਂ ਕੁਝ ਕਹੇ ਬੀਹੀ ਵੱਲ ਨੂੰ ਹੋ ਤੁਰਿਆ।
ਓਧਰ ਜੱਸੀ ਦੀ ਸੱਸ ਨੇ ਜੱਸੀ ਦੇ ਕੰਨ੍ਹ ਖਾਣੇ ਸ਼ੁਰੂ ਕਰ ਦਿੱਤੇ। ਉਹ ਆਪਣੀ ਭੈਣ ਦਾ ਮੁੰਡਾ ਦੇਖੀ ਬੈਠੀ ਸੀ।
ਜੱਸੀ ਨੇ ਇਕ ਦਿਨ ਅੱਕ ਕੇ ਆਖ ਹੀ ਦਿੱਤਾ, `ਮੰਮੀ! ਅਜੇ ਤਾਂ ਮੇਰੇ ਭਰਾ ਦਾ ਸਿਵਾ ਠੰਡਾ ਨਹੀਂ ਹੋਇਆ, ਤੁਸੀਂ ਏਹੋ ਜੇਹੀਆਂ ਗੱਲਾਂ ਕਰਨ ਲੱਗ ਪਏ ਹੋ। ਅਜੇ ਤਾਂ ਸਿਮਰ ਨੇ ਹੋਸ਼ ਵੀ ਨਹੀਂ ਸੰਭਾਲੀ, ਅਜੇ ਤਾਂ ਉਸਨੂੰ ਯਕੀਨ ਨਹੀਂ ਆ ਰਿਹਾ ਕਿ ਗੁਰਮੀਤ ਸਾਨੂੰ ਛੱਡ ਕੇ ਚਲਾ ਗਿਆ ਤੇ ਉਸਨੇ ਵਾਪਿਸ ਨਹੀਂ ਆਉਣਾ।’
ਜੱਸੀ ਦੀ ਸੱਸ ਦੇ ਤਾਂ ਅੱਗ ਹੀ ਲੱਗ ਗਈ। ਸੋਫੇ ਤੋਂ ਦੁੱਖਦੇ ਗੋਡਿਆਂ ‘ਤੇ ਹੱਥ ਧਰ ਕੇ ਉੱਠਦੀ ਹੋਈ ਮੂੰਹ ਜਿਹਾ ਬਣਾ ਕੇ ਬੋਲੀ, ‘ਸਾਨੂੰ ਤਾਂ ਭਾਈ ਕੀ ਆ। ਨਾਲੇ ਸਾਡੀ ਕਿਹੜਾ ਚਲਣੀ ਹੈ। ਮੈਂ ਤਾਂ ਭਲੇ ਲਈ ਹੀ ਸੋਚਿਆ ਸੀ ਬਈ ਘਰ ਦੀ ਗੱਲ ਘਰ ’ਚ ਰਹਿ ਜਾਊ। ਆਵਦੇ ਪਿਓ ਨਾਲ ਤੇ ਸਿਮਰ ਨਾਲ ਗੱਲ ਕਰਕੇ ਤਾਂ ਵੇਖੀਂ। ਆਪ ਹੀ ਜਵਾਬ ਦੇਈਂ ਜਾਨੀ ਆਂ। ਨਾਲੇ ਅੱਜ ਭਲਕ ਹੀ ਗੱਲ ਕਰ ਲੈ, ਇਹ ਨਾ ਹੋਵੇ ਸਿਮਰ ਜਾਂ ਕੋਈ ਹੋਰ ਕਿਤੇ ਹੋਰ ਥਾਂ ਹਾਂ ਕਰ ਦੇਣ। `
ਸਿਮਰ ਦੇ ਬਾਪ ਅਰਜਨ ਸਿਉਂ ਕੋਲ ਰਿਸ਼ਤੇਦਾਰਾਂ ਤੇ ਦੋਸਤਾਂ ਦਾ ਆਉਣਾ ਜਾਣਾ ਵਧ ਗਿਆ। ਹਰ ਇਕ ਦੀ ਅੱਖ ਸਿਮਰ ‘ਤੇ ਸੀ। ਕੋਈ ਪੁੱਤ, ਕੋਈ ਭਤੀਜੇ ਨੂੰ ਸਿਮਰ ਰਾਹੀਂ ਕੈਨੇਡਾ ਦਾ ਰਾਹ ਖੋਲ੍ਹਣਾ ਚਾਹੁੰਦਾ ਸੀ। ਹਰ ਕੋਈ ਛੇਤੀ ਸੀ ਕਿ ਕਿਤੇ ਇਹ ਮੌਕਾ ਹੱਥੋਂ ਨਾ ਨਿਕਲ ਜਾਵੇ। ‘ਮਾੜਾ ਹੋਇਆ `ਅਰਜਨ ਸਿਆਂ ਆਖ ਕੇ ਸਿਮਰ ਬਾਰੇ ਅਗਾਂਹ ਦੀ ਗੱਲ ਤੋਰ ਲੈਂਦਾ।
ਅਰਜਨ ਸਿੰਘ ਦੇ ਇਕ ਦੋਸਤ ਬਲਦੇਵ ਸਿੰਘ ਨੇ ਤਾਂ ਏਥੋਂ ਤੱਕ ਕਹਿ ਦਿੱਤਾ, ‘ਅਰਜਨ ਸਿਆਂ! ਦੁੱਖ ਤਾਂ ਬਹੁਤ ਆ ਜੋ ਕੁਝ ਰੱਬ ਨੇ ਧੀ ਨਾਲ ਕੀਤਾ। ਪਰ ਭਾਣਾ ਤਾਂ ਮੰਨਣਾ ਹੀ ਪੈਣਾ ਹੈ। ਨਾਲੇ ਕੁੜੀ ਅਜੇ ਨਿਆਣੀ ਹੈ। ਉਮਰ ਕਟਣੀ ਬਹੁਤ ਔਖੀ ਹੈ। ਮੈਂ ਸੋਚਦਾ ਆਂ ਬਈ ਜੇਕਰ ਆਪਾਂ ਘਰ ਦੀ ਗੱਲ ਘਰ ‘ ਚ ਹੀ ਨਿਬੇੜ ਲਈਏ ਤਾਂ ਦੋਨਾਂ ਧਿਰਾਂ ਨੂੰ ਫਾਇਦਾ ਹੈ। ਆਪਣਾ ਛੋਟਾ ਚੰਗਾ ਪੜ੍ਹ ਲਿਖ ਗਿਆ ਹੈ। ਮੇਰਾ ਖਿਆਲ ਹੈ ਸਿਮਰ…ਤੇ ਜੱਗੇ… `
ਅਰਜਨ ਸਿਉਂ ਨੇ ਬਲਦੇਵ ਸਿੰਘ ਦੀ ਗੱਲ ਤਾਂ ਧਿਆਨ ਨਾਲ ਸੁਣ ਲਈ ਪਰ ਜਵਾਬ ਨਾ ਦਿੱਤਾ।
ਬਲਦੇਵ ਸਿੰਘ ਨੂੰ ਪਤਾ ਸੀ ਕਿ ਅਰਜਨ ਸਿਉਂ ਕੁਝ ਲਾਲਚੀ ਬਿਰਤੀ ਦਾ ਮਾਲਕ ਹੈ। ਉਸਨੂੰ ਸਿਮਰ ਦੇ ਪਹਿਲੇ ਵਿਆਹ ਬਾਰੇ ਵੀ ਪਤਾ। ਇਸ ਲਈ ਉਸਨੇ ‘ਹਾਂ `ਸੁਣਨ ਲਈ ਆਪਣਾ ਪੈਂਤੜਾ ਬਦਲ ਲਿਆ ਤੇ ਕਹਿਣ ਲੱਗਾ, ‘ਆਪਣੇ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ। ਐਵੇਂ ਮੁੰਡਾ ਕੈਨੇਡਾ ਜਾਣ ਦੀ ਜਿੱਦ ਕਰਦਾ ਆ। ਜੇ ਗੱਲ ਸਿਰੇ ਚੜ੍ਹਦੀ ਹੈ ਤਾਂ ਕੁੜੀ ਨੂੰ ਦਸ ਬਾਰਾਂ ਲੱਖ ਦੇ ਦਿਆਂਗੇ ਸੈਟ ਹੋਣ ਲਈ। `
ਏਨਾ ਕਹਿ ਕੇ ਅਰਜਨ ਸਿਉਂ ਤੋਂ ਜਵਾਬ ਉਡੀਕਣ ਲੱਗਾ। ਸਬੱਬ ਨਾਲ ਸਿਮਰ ਉਸ ਦਿਨ ਆਪਣੇ ਪੇਕੇ ਆਈ ਹੋਈ ਸੀ। ਉਸਨੇ ਸਾਰੀ ਗੱਲ ਸੁਣ ਲਈ। ਉਹ ਡਰ ਗਈ ਕਿ ਕਿਤੇ ਉਸਦਾ ਬਾਪੂ ਪੈਸੇ ਦੇ ਲਾਲਚ ਵਿਚ ਆ ਕੇ ਫੇਰ ਨਾ ਕੋਈ ਡੀਲ ਕਰ ਲਵੇ।
ਉਹ ਚਾਹ ਦੇਣ ਦੇ ਬਹਾਨੇ ਇਕ ਖਾਲੀ ਕੁਰਸੀ ‘ਤੇ ਆ ਬੈਠੀ। ਬਲਦੇਵ ਸਿਉਂ ਨੇ ਉਠ ਕੇ ਉਸਦਾ ਸਿਰ ਪਲੋਸਿਆ। ਸਿਮਰ ਦਾ ਮਨ ਭਰ ਆਇਆ। ਉਸਨੇ ਭਰੇ ਮਨ ਨਾਲ ਬੋਲਣਾ ਸ਼ੁਰੂ ਕਰ ਦਿੱਤਾ, ‘ਗੁਰਮੀਤ ਤਾਂ ਅਜੇ ਰੱਬ ਕੋਲ ਪੁੱਜਿਆ ਵੀ ਨਹੀਂ ਹੋਵੇਗਾ। ਤੁਸੀਂ ਹੁਣੇ ਹੀ ਮੇਰਾ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਰੱਬ ਨੇ ਦੋ ਹੱਥ ਦਿੱਤੇ ਹਨ। ਮੈਂ ਆਪਣਾ ਗੁਜ਼ਾਰਾ ਆਪ ਕਰ ਸਕਦੀ ਹਾਂ। ਮੇਰੇ ਬਾਰੇ ਫੈਸਲਾ ਕਰਨ ਦਾ ਅਧਿਕਾਰ ਮੈਨੂੰ ਖੁਦ ਆਪ ਨੂੰ ਹੈ।`
ਸਿਮਰ ਦੀ ਗੱਲ ਸੁਣ ਕੇ ਦੋਨੋਂ ਖਾਮੋਸ਼ ਹੋ ਗਏ ਤੇ ਕੋਈ ਕੁਝ ਨਾ ਬੋਲਿਆ।
ਜਿਉਂ ਹੀ ਚਾਹ ਖਤਮ ਹੋਈ, ਬਲਦੇਵ ਸਿਉਂ ਉਠਿਆ, ਸਿਮਰ ਦਾ ਦੋਬਾਰਾ ਸਿਰ ਪਲੋਸਿਆ ਤੇ ਅਰਜਨ ਸਿਉਂ ਨਾਲ ਹੱਥ ਮਿਲਾ ਕੇ, ਆਪਣੀ ਕਾਰ ਵਿਚ ਬੈਠ ਗਿਆ।
ਪਤਾ ਨਹੀਂ ਹੋਰ ਕਿੰਨੇ ਕੁ ਅਜੇਹੇ ਸੌਦੇਬਾਜ਼ਾਂ ਨੇ ਅਰਜਨ ਸਿੰਘ ਦੇ ਘਰ ਗੇੜੇ ਮਾਰ ਮਾਰ ਵਿਹੜਾ ਨੀਵਾਂ ਕਰ ਦਿੱਤਾ। ਇਸ ਤਰ੍ਹਾਂ ਲਗਦਾ ਸੀ ਲੋਕ ਅਫਸੋਸ ਕਰਨ ਨਹੀਂ ਸਗੋ ਗੁਰਮੀਤ ਦੀ ਮੌਤ ਦਾ ਫਾਇਦਾ ਉਠਾਉਣ ਆਉਂਦੇ ਹਨ। ਹੁਣ ਸਿਮਰ ਦੇ ਬਾਪ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਹੁਣ ਸਿਮਰ ਨੇ ਕਿਸੇ ਸੌਦੇਬਾਜੀ ਵਿਚ ਨਹੀਂ ਆਉਣਾ। ਭਾਵੇਂ ਵਿਚ ਵਿਚ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜ਼ਿੰਦਗੀ ਨੂੰ ਅਗਾਂਹ ਤੋਰਨ ਲਈ ਜੇਕਰ ਕੋਈ ਦਸ ਪੰਦਰਾਂ ਲੱਖ ਦਿੰਦਾ ਹੈ ਤਾਂ ਮਾੜਾ ਨਹੀਂ। ਪਹਾੜ ਜੇਡੀ ਜ਼ਿੰਦਗੀ ਇਕੱਲਿਆਂ ਕਟਣੀ ਮੁਸ਼ਕਿਲ ਹੈ।
ਏਹੀ ਹਾਲ ਸਿਮਰ ਦੇ ਸਹੁਰੀਂ ਸੀ। ਜਿਹੜਾ ਵੀ ਆਉਂਦਾ ਇਹ ਸਵਾਲ ਲੈ ਕੇ ਆਉਂਦਾ ਕਿ ਹੁਣ ਸਿਮਰ ਦਾ ਕੀ ਕਰਨਾ ਹੈ। ਸਿਮਰ ਦੇ ਸਹੁਰੀਂ ਉਸ ਦਿਨ ਕਲੇਸ਼ ਪੈ ਗਿਆ ਜਦੋਂ ਸਿਮਰ ਨੇ ਗੁਰਮੀਤ ਦੀ ਭੂਆ ਨੂੰ ਆਖ ਦਿੱਤਾ, ‘ਭੂਆ ਜੀ ਦੇਖੋ, ਮੈਂ ਪਹਿਲਾਂ ਹੀ ਬਹੁਤ ਦੁੱਖੀ ਹਾਂ। ਮੇਰੇ ਨਾਲ ਰੱਬ ਨੇ ਚੰਗਾ ਨਹੀਂ ਕੀਤਾ। ਬਹੁਤ ਬੁਰੀ ਖੇਡ ਖੇਡੀ ਹੈ। ਮੈਂ ਕਿਸੇ ਵੀ ਰਿਸ਼ਤੇ ਬਾਰੇ ਸੋਚ ਨਹੀਂ ਸਕਦੀ। ਰੱਬ ਦਾ ਵਾਸਤਾ ਤੁਸੀਂ ਸਾਨੂੰ ਤੰਗ ਨਾ ਕਰੋ। ਤੁਸੀਂ ਰੋਜ ਇਕੋ ਹੀ ਗੱਲ ਕਰਨ ਆਉਂਦੇ ਹੋ ਸਾਡੇ ਘਰ।
ਵੀਰੋ ਦੇ ਤਾਂ ਜਾਣੀਂ ਅੱਗ ਲੱਗ ਗਈ। ਲਾਲ ਪੀਲੀ ਹੋ ਆਖਣ ਲੱਗੀ, ‘ਲੈ ਸੁਣ ਲੈ…ਰੋਜ਼ ਆਉਂਦੇ ਹੋ…ਮੈਂ ਆਵਦੇ ਭਰਾ ਦੇ ਘਰ ਆਉਂਦੀ ਹਾਂ। ਕਿਸੇ ਦਾ ਕੁਝ ਚੱਕ ਕੇ ਨਹੀਂ ਲਿਜਾਂਦੀ। `
ਕੇਹਰ ਸਿਉਂ ਇਹ ਸਭ ਕੁਝ ਦੁਖੀ ਹਿਰਦੇ ਨਾਲ ਦੇਖ ਰਿਹਾ ਸੀ। ਕਿੰਨੇ ਦਿਨਾਂ ਦੀ ਚੁੱਪ ਟੁੱਟ ਗਈ, ਉਸਨੇ ਭੈਣ ਨੂੰ ਬੜੀ ਹਲੀਮੀ ਨਾਲ ਕਿਹਾ, ‘ਦੇਖ ਵੀਰੋ! ਆਪਾਂ ਨੂੰ ਕੁੜੀ ਨੂੰ ਤੰਗ ਕਰਨ ਦਾ ਕੋਈ ਹੱਕ ਨਹੀਂ। ਉਸਦੀ ਆਪਣੀ ਮਰਜ਼ੀ ਹੈ। ਉਹ ਜਿਹੜਾ ਵੀ ਫੈਸਲਾ ਕਰੇਗੀ, ਮੈਨੂੰ ਮਨਜ਼ੂਰ ਹੋਵੇਗਾ। ਨਾਲੇ ਉਹ ਪੜ੍ਹੀ ਲਿੱਖੀ ਹੈ, ਉਸਨੂੰ ਚੰਗੇ ਮੰਦੇ ਦਾ ਪਤਾ ਹੈ।`
ਬਸ ਫਿਰ ਕੀ ਸੀ। ਵੀਰੋ ਝੋਲਾ ਚੁੱਕ ਕੇ ਜਾਣ ਲਈ ਤਿਆਰ ਹੋ ਗਈ। ਕੇਹਰ ਸਿੰਘ ਦੀ ਘਰ ਵਾਲੀ ਗੁਰਚਰਨ ਕੌਰ ਨੇ ਉਸਦੇ ਹੱਥੋਂ ਝੋਲਾ ਫੜਨਾ ਚਾਹਿਆ ਪਰ ਉਸਨੂੰ ਧੱਕਾ ਦੇ ਕੇ ਪਰੇ ਧਕੇਲ ਦਿੱਤਾ।
‘ਮੇਰੀ ਤਾਂ ਇਸ ਘਰ ਵਿਚ ਕੀਮਤ ਹੀ ਕੀ ਹੈ। ਮੈਂ ਤਾਂ ਅਨਪੜ੍ਹ ਆਂ। ਮੇਰੇ ਭਰਾ ਨੂੰ ਤਾਂ ਅੱਜਕਲ੍ਹ ਲੋਕਾਂ ਦੀਆਂ ਪੜ੍ਹਾਈਆਂ ਦਿਸਦੀਆਂ। ਆਪਣੇ ਭੈਣ ਭਰਾ ਨਹੀਂ ਦਿਸਦੇ। ਉਹ ਜਾਣੇ, ਦੁੱਖ ਤਾਂ ਮੈਨੂੰ ਵੀ ਬਹੁਤ ਆ, ਮੇਰਾ ਭਤੀਜਾ ਸੀ, ਮੇਰੇ ਭਰਾ ਦੀ ਅਣਸ ਸੀ। ਮੈਂ ਤਾਂ ਸੋਚਿਆ ਸੀ ਬਈ ਘਰ ਦੀ ਗੱਲ ਘਰ `ਚ ਹੀ ਰਹਿ ਜੂ ਗੀ।`
ਅੰਤਾਂ ਦਾ ਬੋਝ ਲੈ ਕੇ ਸਿਮਰ ਦੋ ਕੇ ਮਹੀਨਿਆਂ ਬਾਅਦ ਕੈਨੇਡਾ ਆ ਗਈ। ਜੱਸੀ ਉਸਨੂੰ ਏਅਰਪੋਰਟ ‘ਤੇ ਲੈਣ ਗਈ। ਜੱਸੀ ਨੇ ਬਥੇਰਾ ਕਿਹਾ ਕਿ ਉਹ ਕੁਝ ਦਿਨ ਉਸ ਦੇ ਘਰ ਰਹਿ ਲਵੇ ਪਰ ਸਿਮਰ ਤਾਂ ਉਸ ਘਰ ਜਾਣਾ ਚਾਹੁੰਦੀ ਸੀ ਜਿੱਥੇ ਗੁਰਮੀਤ ਦੀਆਂ ਯਾਦਾਂ ਸਨ। ਜਿੱਥੇ ਗੁਰਮੀਤ ਤੇ ਉਸਦੀਆਂ ਤਸਵੀਰਾਂ ਪਈਆਂ ਸਨ। ਜਿਸ ਘਰ ਦੀਆਂ ਕੰਧਾਂ ਵਿਚ ਉਨ੍ਹਾਂ ਦੇ ਹਾਸੇ ਗੂੰਜ਼ਦੇ ਸਨ। ਜੱਸੀ ਨੇ ਸਿਮਰ ਦੇ ਖਾਣ ਪੀਣ ਵਾਸਤੇ ਕੁਝ ਸਮਾਨ ਖਰੀਦਿਆ ਤੇ ਸਿਮਰ ਨੂੰ ਉਸ ਦੇ ਘਰ ਛੱਡ ਕੇ ਆਪਣੇ ਘਰ ਆ ਗਈ।
ਘਰ ਆਉਂਦਿਆਂ ਹੀ ਉਸਦੀ ਸੱਸ ਨੇ ਜੱਸੀ ਨੂੰ ਕਹਿਣਾ ਸ਼ੁਰੂ ਕੀਤਾ, ‘ਨਾ ਤੂੰ ਉਸਨੂੰ ਨਾਲ ਲੈ ਆਉਣਾ ਸੀ। ਵਿਚਾਰੀ ਕਿਵੇਂ ਇਕੱਲੀ ਰਹੂ ਗੀ? `
‘ਬੀ ਜੀ ਮੈਂ ਕਿਹਾ ਸੀ ਪਰ ਉਹ ਇਕੱਲਾ ਰਹਿਣਾ ਚਾਹੁੰਦੀ ਸੀ। `‘ਚੱਲ! ਕਲ੍ਹ ਨੂੰ ਆਪਾਂ ਦੋਨੋਂ ਜਾਵਾਂਗੀਆਂ ਉਸਨੂੰ ਲੈਣ। `
ਅੱਗਲੇ ਦਿਨ ਸਵੇਰ ਤੋਂ ਹੀ ਜੱਸੀ ਦੀ ਸੱਸ ਸਿਮਰ ਦੇ ਘਰ ਜਾਣ ਲਈ ਤਿਆਰ ਹੋਈ ਫਿਰਦੀ ਸੀ। ਜੱਸੀ ਆਪਣੀ ਸੱਸ ਦੀ ਚਾਲ ਤਾਂ ਸਮਝ ਰਹੀ ਸੀ ਪਰ ਉਹ ਬੋਲੀ ਕੁਝ ਨਾ। ਜੱਸੀ ਦੀ ਸੱਸ ਨੇ ਸਿਮਰ ਨੂੰ ਬਹੁਤ ਪਿਆਰ ਕੀਤਾ। ਇਸ ਤਰ੍ਹਾਂ ਦਾ ਪਿਆਰ ਉਸਨੇ ਪਹਿਲਾਂ ਕਦੇ ਵੀ ਸਿਮਰ ਨੂੰ ਨਹੀਂ ਦਿਖਾਇਆ ਸੀ।
ਬਲਵੀਰ ਕੌਰ ਨੂੰ ਆਸ ਸੀ ਕਿ ਜੱਸੀ ਉਸ ਨਾਲ ਗੱਲ ਕਰੇਗੀ ਸਿਮਰ ਬਾਰੇ। ਪਰ ਜੱਸੀ ਨੇ ਕੋਈ ਗੱਲ ਨਾ ਕੀਤੀ। ਜੱਸੀ ਵਿਚ ਹਿੰਮਤ ਹੀ ਕਿੱਥੇ ਸੀ ਅਜੇਹੀ ਗੱਲ ਕਰਨ ਦੀ। ਉਸਨੂੰ ਤਾਂ ਆਪਣਾ ਭਰਾ ਹੁਣ ਸਿਮਰ ਵਿਚੋਂ ਹੀ ਨਜ਼ਰ ਆਉਂਦਾ ਸੀ। ਪਰ ਉਸਦੀ ਸੱਸ ਨੂੰ ਕਾਹਲੀ ਸੀ ਗੱਲ ਕਰਨ ਦੀ।
ਆਖਿਰ ਬਲਵੀਰ ਕੌਰ ਨੇ ਪੁੱਛ ਹੀ ਲਿਆ, ‘ਜੱਸ ਪੁੱਤ, ਤੂੰ ਸਿਮਰ ਬਾਰੇ ਆਪਣੇ ਡੈਡੀ ਨਾਲ ਗੱਲ ਕੀਤੀ, ਕੀ ਸਲਾਹ ਹੈ ਉਨ੍ਹਾਂ ਦੀ? `
‘ਬੀ ਜੀ! ਸੱਚ ਦੱਸਾਂ, ਮੈਂ ਨਹੀਂ ਗੱਲ ਕੀਤੀ ਸਿਮਰ ਬਾਰੇ। ਨਾ ਹੀ ਮੈਂ ਸਿਮਰ ਨੂੰ ਪੁੱਛ ਸਕਦੀ ਹਾਂ। ਉਹ ਆਪਣੀ ਜ਼ਿੰਦਗੀ ਦੀ ਆਪ ਮਾਲਕ ਹੈ। ਉਸ ਨਾਲ ਕਿਸਮਤ ਨੇ ਬਥੇਰਾ ਕੁਝ ਕਰ ਲਿਆ। ਮੈਂ ਹੁਣ…। `ਜੱਸੀ ਦਾ ਰੋਣ ਨਿਕਲ ਗਿਆ।
‘ਚੰਗਾ ਭਾਈ`
ਉਸ ਰਾਤ ਬਲਵੀਰ ਕੌਰ ਦੇਰ ਤੱਕ ਜਾਗਦੀ ਰਹੀ। ਆਪਣੇ ਪੁੱਤਰ ਗੁਰਮੇਲ ਨਾਲ ਇਸ ਮਸਲੇ ‘ਤੇ ਗੱਲ ਕਰਨਾ ਚਾਹੁੰਦੀ ਸੀ। ਗੁਰਮੇਲ ਆਪਣੇ ਕਾਰੋਬਾਰ ਵਿਚ ਏਨਾ ਰੁਝਿਆ ਸੀ ਕਿ ਉਸਨੂੰ ਜਾਇਦਾਦਾਂ ਦੀਆਂ ਡੀਲਾਂ ਕਰਨ ਤੋਂ ਬਿਨਾਂ ਕੁਝ ਸੁੱਝਦਾ ਹੀ ਨਹੀਂ ਸੀ। ਉਹ ਥੱਕਿਆ ਟੁੱਟਿਆ ਘਰ ਦੇਰ ਨਾਲ ਆਉਂਦਾ ਤੇ ਸਵੇਰੇ ਸਾਜਰੇ ਹੀ ਘਰੋਂ ਚਲਾ ਜਾਂਦਾ। ਮਕਾਨ ਬਣਦੇ ਪਿੱਛੋਂ ਤੇ ਵਿਕ ਪਹਿਲਾਂ ਜਾਂਦੇ।
‘ਕੀ ਪਤਾ ਸਵੇਰੇ ਉਹ ਫਿਰ ਸਾਜਰੇ ਚਲਾ ਜਾਵੇ, ਨਾਲੇ ਸਵੇਰੇ ਸਵੇਰੇ ਉਹ ਕਿਸੇ ਨਾਲ ਘੱਟ ਹੀ ਗੱਲ ਕਰਦਾ ਹੈ। ਅੱਜ ਰਾਤ ਨੂੰ ਹੀ ਉਸਨੂੰ ਟੋਹਾਂਗੀ।`
ਉਹ ਆਪਣੇ ਕਮਰੇ ‘ਚ ਜਾਣ ਦੀ ਬਜਾਇ ਫੈਮਲੀ ਰੂਮ ‘ਚ ਹੀ ਸੋਫੇ ‘ਤੇ ਲੇਟ ਗਈ।
ਜਿਉਂ ਹੀ ਗੁਰਮੇਲ ਦੇ ਆਉਣ ਦੀ ਭਿਣਕ ਪਈ ਉਹ ਉੱਠ ਕੇ ਬੈਠ ਗਈ।
“ਅੱਜ ਤੁਸੀਂ ਸੁੱਤੇ ਨਹੀਂ ਬੀ ਜੀ! `ਗੁਰਮੇਲ ਨੇ ਟਾਈ ਢਿੱਲੀ ਕਰਦੇ ਪੁੱਛਿਆ।
‘ਤੂੰ ਪਹਿਲਾਂ ਦੱਸ ਕੁਝ ਖਾਣਾ ਪੀਣਾ ਹੈ?` ‘ਨਹੀਂ ਬੀ ਜੀ। ਮੈਂ ਬਾਹਰੋਂ ਹੀ ਡਿਨਰ ਕਰਕੇ ਆਉਂਦਾ ਹਾਂ। ਅੱਜ ਕਲ੍ਹ ਮਾਰਕੀਟ ਤੇਜ਼ ਹੈ। ਚਾਰ ਪੈਸੇ ਬਣਾਉਣ ਲਈ ਦਿਨ-ਰਾਤ ਕੰਮ ਕਰਨਾ ਪੈਂਦਾ ਹੈ। ਗਾਹਕਾਂ ਤੋਂ ਹੋਰ ਗਾਹਕ ਲੈਣ ਲਈ ਡਿਨਰ ਡੁਨਰ ‘ਤੇ ਲਿਜਾਣਾ ਪੈਂਦਾ ਹੈ।`
ਬਲਵੀਰ ਕੌਰ ਨੇ ਦੇਖਿਆ ਕਿ ਗੁਰਮੇਲ ਚੰਗੇ ਰੌਂਅ ‘ਚ ਹੈ। ਉਸਨੇ ਆਪਣੇ ਚੇਹਰੇ ਦੇ ਹਾਵ-ਭਾਵ ਬਦਲੇ ਤੇ ਕਹਿਣ ਲੱਗੀ, ‘ਪੁੱਤ! ਤੇਰੀ ਬਠਿੰਡੇ ਵਾਲੀ ਮਾਸੀ ਦਾ ਕਈ ਵਾਰ ਫੋਨ ਆਇਆ ਕਿ ਸਿਮਰ ਨਾਲ ਗੱਲ ਕਰੋ। ਦੁੱਖ ਤਾਂ ਆਪਾਂ ਸਾਰਿਆਂ ਨੂੰ ਹੈ ਗੁਰਮੀਤ ਦੀ ਮੌਤ ਦਾ। ਪਰ ਕੀ ਕਰੀਏ…।`
‘ਸਿਮਰ…ਸਿਮਰ…ਕੀ ਗੱਲ ਕਰਨੀ ਹੈ ਉਸ ਨਾਲ। ਕੀ ਹਾਲ ਹੈ ਸਿਮਰ ਦਾ। ਮੇਰੇ ਕੋਲੋਂ ਤਾਂ ਉਸ ਵਿਚਾਰੀ ਨੂੰ ਮਿਲ ਵੀ ਨਹੀਂ ਹੋਇਆ। ਮੈਂ ਕੰਮ `ਚ ਹੀ ਏਨਾ ਬਿਜ਼ੀ ਸੀ।`
ਬਲਵੀਰ ਕੌਰ ਨੇ ਦੁਖੀ ਜੇਹੀ ਬਣ ਕੇ ਕਿਹਾ, ‘ਠੀਕ ਹੈ ਵਿਚਾਰੀ। ਤੇਰੀ ਮਾਸੀ ਕਹਿੰਦੀ ਸੀ ਜੇਕਰ ਸਿਮਰ ਮੰਨ ਜਾਵੇ ਤਾਂ ਆਪਾਂ ਗੁਰਵਿੰਦਰ ਦਾ ਰਿਸ਼ਤਾ ਸਿਮਰ ਨਾਲ ਕਰ ਦੇਈਏ। ਘਰ ਦੀ ਗੱਲ ਘਰ `ਚ ਰਹਿ ਜਾਵੇਗੀ।`
‘ਗੱਲ ਤਾਂ ਠੀਕ ਹੈ ਬੀ ਜੀ ਪਰ ਗੁਰਵਿੰਦਰ ਤਾਂ ਕਾਫੀ ਛੋਟਾ ਹੈ ਸਿਮਰ ਤੋਂ।` ‘ਲੈ ਛੋਟੇ ਵੱਡੇ ਦਾ ਕੀ ਹੈ। ਊਂ ਸਿਆਣਾ ਬਾਹਲਾ ਈ ਆ। ਨਾਲੇ ਪੜ੍ਹਿਆ ਲਿਖਿਆ ਹੈ।` ਬਲਵੀਰ ਕੌਰ ਨੇ ਬੜੇ ਫੱਖਰ ‘ਚ ਕਿਹਾ।
‘ਉਹ ਤਾਂ ਠੀਕ ਹੈ ਪਰ ਤੁਸੀਂ ਤਾਂ ਕਹਿੰਦੇ ਸੀ ਉਹ ਨਸ਼ਾ ਕਰਨ ਲੱਗ ਪਿਆ ਹੈ। ਮੈਨੂੰ ਯਾਦ ਹੈ ਮਹੀਨਾ ਕੁ ਪਹਿਲਾਂ ਮਾਸੀ ਦਾ ਫੋਨ ਆਇਆ ਸੀ। ਤੁਸੀਂ ਆਪੇ ਹੀ ਦੱਸਿਆ ਸੀ ਮੈਨੂੰ।`
“ਲੈ ਕਿਤੇ ਮਾੜਾ ਮੋਟਾ ਕਰ ਲਿਆ ਹੋਣੈ। ਤੇਰੀ ਮਾਸੀ ਨੇ ਤਾਂ ਘਰ ਸਿਰ ‘ਤੇ ਚੁੱਕ ਲਿਆ। ਮੈਂ ਪੁੱਛਿਆ ਸੀ ਉਸਤੋਂ ਕਿ ਭਾਈ ਪਹਿਲਾਂ ਦੱਸ ਦੇ। ਸਿਮਰ ਸਾਡੀ ਧੀ ਹੈ। ਅਸੀਂ ਉਸ ਨਾਲ ਕਿਸੇ ਕਿਸਮ ਦਾ ਧੋਖਾ ਨਹੀਂ ਕਰ ਸਕਦੇ। ਸਾਨੂੰ ਤਾਂ ਜੇਹੋ ਜਿਹਾ ਗੁਰੀ ਆ ਓਹੋ ਜੇਹੀ ਸਿਮਰ ਆ। ਪਹਿਲਾਂ ਹੀ ਵਿਚਾਰੀ ਨੇ ਬਥੇਰੇ ਦੁੱਖ ਝੱਲੇ ਹਨ। ਦੇਖ ਨੀ ਹੁੰਦੀ ਮੇਰੇ ਤੋਂ। ਭੋਰਾ ਕੁ ਮੂੰਹ ਨਿਕਲਿਆ ਪਿਆ ਆ ਕੁੜੀ ਦਾ! `
‘ਬੀ ਜੀ ਤੁਸੀਂ ਜੱਸ ਨਾਲ ਗੱਲ ਕਰਨੀ ਸੀ ਉਹ ਆਪੇ ਹੀ ਸਿਮਰ ਨਾਲ ਗੱਲ ਕਰ ਲਵੇਗੀ। `
‘ਪੁੱਤ! ਜੋ ਦੁੱਖ ਤੇਰੀ ਮਾਸੀ ਦਾ ਆਪਾਂ ਨੂੰ ਆ ਉਹ ਜੱਸੀ ਨੂੰ ਨਹੀਂ। ਆਪਾਂ ਤਾਂ ਇਉਂ ਸੋਚਦੇ ਆਂ ਬਈ ਤੇਰੀ ਮਾਸੀ ਦਾ ਕੋਈ ਮੁੰਡਾ ਕੁੜੀ ਬਾਹਰ ਨੀ ਆਇਆ। ਲੋਕੀਂ ਮਿਹਣੇ ਮਾਰਦੇ ਆ ਬਈ ਤੇਰੇ ਭਾਣਜੇ ਦਾ ਏਡਾ ਵੱਡਾ ਕਾਰੋਬਾਰ ਹੈ, ਉਹਨੇ ਤੇਰਾ ਕੀ ਸੰਵਾਰਿਆ ਵਾ। ਮੈਂ ਤਾਂ ਸ਼ੇਰਾ ਇਉਂ ਸੋਚਦੀ ਆਂ ਨਾਲੇ ਗੁਰੀ ਆ ਜਾਵੇਗਾ ਨਾਲੇ ਸਿਮਰ ਨੂੰ ਸਾਥ ਮਿਲ ਜਾਊ। ਘਰ ਦੀ ਗੱਲ ਆ। ਦੋਨੋਂ ਆਪਣੇ ਆ।`
‘ਨਾ ਤਾਂ ਵੀ, ਜੱਸੀ ਨੇ ਕੀ ਕਿਹਾ?`
ਬਲਵੀਰ ਕੌਰ ਨੇ ਫਿਰ ਚੁੰਨੀ ਦਾ ਲੜ ਫੜਿਆ ਤੇ ਅੱਖਾਂ ਪੂੰਝਣ ਦਾ ਨਾਟਕ ਜੇਹਾ ਕਰਦਿਆ ਕਿਹਾ, ‘ਪੁੱਤ, ਉਹਨੇ ਤਾਂ ਸਾਫ਼ ਕਹਿ ਦਿੱਤਾ ਕਿ ਉਸਨੇ ਸਿਮਰ ਨਾਲ ਇਸ ਮਾਮਲੇ ‘ਤੇ ਕੋਈ ਗੱਲ ਨੀ ਕਰਨੀ। ਸਿਮਰ ਦੀ ਆਪਣੀ ਜ਼ਿੰਦਗੀ ਹੈ। ਉਸਨੂੰ ਜੋ ਚੰਗਾ ਲਗੇਗਾ ਕਰ ਲਵੇਗੀ ਤੇ ਨਾਲੇ ਅਜੇ ਉਸਦਾ ਮੂਡ ਨਹੀਂ ਉਸ ਨਾਲ ਇਸ ਬਾਰੇ ਗੱਲ ਕਰਨ ਦਾ।`
‘ਤੇ ਹਾਂ ਬੀ ਜੀ ਇਹ ਠੀਕ ਤਾਂ ਹੈ। ਉਹ ਸੋਚੇਗੀ ਉਸਦਾ ਭਰਾ ਚਲਾ ਗਿਆ ਤੇ ਇਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਮੰਗਵਾਉਣ ਦੀ ਪਈ ਆ। ਸਿਮਰ ਨੂੰ ਉਸਦੇ ਹਾਲ ‘ਤੇ ਛੱਡ ਦੇਣਾ ਚਾਹੀਦਾ ਹੈ। ਉਹ ਸਿਆਣੀ ਕੁੜੀ ਹੈ।`
ਪੁੱਤ! ਇਹੋ ਜਿਹੇ ਕੰਮ ਜੇ ਤੱਤੇ ਭਾ ਹੋ ਜਾਣ ਤਾਂ ਠੀਕ ਹੈ, ਨਹੀਂ ਤਾਂ ਪਿੱਛੋਂ ਹਾਲਾਤ ਬਦਲ ਜਾਂਦੇ ਹਨ। ਜੇ ਤੂੰ ਜੱਸੀ ਨੂੰ ਕਹੇਂਗਾ ਤਾਂ ਉਹ ਜ਼ਰੂਰ ਮੰਨ ਜਾਊ। ਜਿਹੜਾ ਘਰ ਹੁਣ ਸਿਮਰ ਕੋਲ ਹੈ ਉਹ ਤੇਰੇ ਨਾਂ ‘ਤੇ ਹੈ। ਜੇ ਕੰਮ ਸਿਰੇ ਚੜ੍ਹ ਗਿਆ ਤਾਂ ਆਪਾਂ ਸਾਰਾ ਘਰ ਉਹਦੇ ਨਾਂ ਕਰਵਾ ਦਿਆਂਗੇ। `
‘ਬੀ ਜੀ! ਤੁਸੀਂ ਇਹ ਗੱਲ ਕੀ ਕਰ ਰਹੇ ਹੋ। ਘਰ ਦੇ ਪੈਸੇ ਤਾਂ ਸਾਰੇ ਗੁਰਮੀਤ ਨੇ ਦਿੱਤੇ ਸਨ, ਮੇਰਾ ਨਾਮ ਤਾਂ ਕੇਵਲ ਮੌਰਗੇਜ਼ ਵਾਸਤੇ ਹੀ ਪਾਇਆ ਸੀ। `
ਗੁਰਮੇਲ ਦੀ ਇਹ ਗੱਲ ਸੁਣ ਕੇ ਬਲਵੀਰ ਕੌਰ ਕੁਝ ਚੁੱਪ ਜਿਹੀ ਹੋ ਗਈ।
ਗੁਰਮੇਲ ਬਿਨਾਂ ਕੁਝ ਬੋਲੇ ਕਮਰੇ ਵਿਚ ਚਲਾ ਗਿਆ। ਜੱਸੀ ਦੇਰ ਨਾਲ ਹੀ ਸੌਂਦੀ ਸੀ। ਕਿਹੜਾ ਸਵੇਰੇ ਕੰਮ ‘ਤੇ ਜਾਣਾ ਹੁੰਦਾ ਸੀ। ਜੱਸੀ ਨੂੰ ਪਤਾ ਤਾਂ ਸੀ ਕਿ ਗੁਰਮੇਲ ਆ ਗਿਆ ਹੈ ਪਰ ਉਸਨੇ ਆਪਣੇ ਕਮਰੇ ਵਿਚ ਬੈਠੇ ਰਹਿਣਾ ਹੀ ਠੀਕ ਸਮਝਿਆ। ਉਹ ਮਾਂ ਪੁੱਤ ਦੀ ਗੱਲਬਾਤ ਵਿਚ ਦਖਲ ਦੇਣਾ ਨਹੀਂ ਸੀ ਚਾਹੁੰਦੀ।
ਦਿਨ ਬੀਤਦੇ ਗਏ। ਸਿਮਰ ਨੇ ਨੌਕਰੀ ‘ਤੇ ਜਾਣਾ ਸ਼ੁਰੂ ਕਰ ਦਿੱਤਾ। ਸਮਾਂ ਬਿਤਾਉਣ ਲਈ ਉਸਨੇ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਵਿਚਲਾ ਆਤਮ ਵਿਸ਼ਵਾਸ ਹੋਰ ਵੀ ਪਰਪੱਕ ਹੋਣ ਲੱਗਾ। ਉਸ ਵਿਚ ਆਪਣੇ ਫੈਸਲੇ ਆਪ ਕਰਨ ਦੀ ਸ਼ਕਤੀ ਦਿਨੋ ਦਿਨ ਵੱਧਣ ਲੱਗੀ।
ਜੱਸੀ ਦੀ ਸੱਸ ਨੇ ਘਰ ਵਿਚ ਕਲੇਸ਼ ਸ਼ੁਰੂ ਕਰ ਦਿੱਤਾ। ਉਹ ਰੋਜ਼ ਜੱਸੀ ਨੂੰ ਆਖਦੀ ਕਿ ਸਿਮਰ ਨਾਲ ਗੁਰਵਿੰਦਰ ਬਾਰੇ ਗੱਲ ਕਰੇ।
ਤੇ ਇਕ ਦਿਨ ਜੱਸੀ ਨੇ ਹੌਸਲਾ ਕਰਕੇ ਆਖ ਹੀ ਦਿੱਤਾ, ‘ਬੀ ਜੀ ਇਕ ਵਾਰੀ ਕਹੋ ਜਾਂ ਦਸ ਵਾਰੀ। ਮੈ ਨਹੀਂ ਸਿਮਰ ਨੂੰ ਕਹਿਣਾ। ਤੇ ਨਾਲੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਗੁਰਵਿੰਦਰ ਵਿਗੜਿਆ ਹੋਇਆ ਮੁੰਡਾ ਹੈ। ਰੋਜ਼ ਤਾਂ ਮਾਸੀ ਤੁਹਾਡੇ ਕੋਲ ਉਸ ਦੀਆਂ ਸ਼ਕਾਇਤਾਂ ਕਰਦੀ ਸੀ ਅਤੇ ਹੁਣ ਅਚਾਨਕ ਉਸ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ। ਮੈਂ ਨਹੀਂ ਚਾਹੁੰਦੀ, ਮੈਂ ਸਿਮਰ ਦੀ ਮਜ਼ਬੂਰੀ ਦਾ ਫਾਇਦਾ ਉਠਾਵਾਂ। ਬਹੁਤੀ ਗੱਲ ਹੈ ਤਾਂ ਮਾਸੀ ਮੇਰੇ ਨਾਲ ਗੱਲ ਕਰ ਲਵੇ। ਮੇਰੇ ਬਾਪੂ ਜੀ ਨੇ ਸਿਮਰ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਦੀ ਆਪ ਮਾਲਕਣ ਹੈ। ਤੁਸੀਂ ਖਾਮ ਖਾਹ ਘਰ ਵਿਚ ਕਲੇਸ਼ ਨਾ ਪਾਵੋ।`
ਬਸ ਫਿਰ ਕੀ ਸੀ। ਬਲਵੀਰ ਕੌਰ ਅੱਗ ਵਾਂਗ ਬਲਣ ਲੱਗੀ। ਕਿਵੇਂ ਹੋ ਸਕਦਾ ਸੀ ਕਿ ਉਸ ਦੀ ਨੂੰਹ ਉਸਦੇ ਭਾਣਜੇ ਬਾਰੇ ਇਹ ਕਹੇ ਕਿ ਉਹ ਵਿਗੜਿਆ ਤਿਗੜਿਆ ਹੈ। ਜੱਸੀ ਦੇ ਮਾਂ ਪਿਓ ਤੇ ਭਰਾ ਨੂੰ ਉਸਦੇ ਪੁੱਤ ਨੇ ਮੰਗਵਾਇਆ ਤੇ ਹੁਣ ਜੱਸੀ ਦੀ ਇਹ ਮਜ਼ਾਲ!
ਇਸਤੋਂ ਬਾਦ ਬਲਵੀਰ ਕੌਰ ਰੋਜ ਰਾਤ ਨੂੰ ਆਪਣੇ ਪੁੱਤ ਦੀ ਉਡੀਕ ਕਰਨ ਲੱਗੀ। ਉਸਦੇ ਕੰਨ ਭਰਨ ਲਈ ਕੋਈ ਨਾ ਕੋਈ ਸਮਾਂ ਕੱਢ ਹੀ ਲੈਂਦੀ। ਗੁਰਮੇਲ ਤੇ ਆਪਣੀ ਮਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਭਾਵੇਂ ਪਹਿਲਾਂ ਪਹਿਲਾਂ ਉਹ ਕਹਿ ਦਿਆ ਕਰਦਾ ਸੀ ਕਿ ਬੀਜੀ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਸਿਮਰ ਨੂੰ ਮਜ਼ਬੂਰ ਕਰੀਏ। ਸਿਮਰ ਤੇ ਗੁਰਵਿੰਦਰ ਦਾ ਕੋਈ ਮੇਲ ਨਹੀਂ। ਇਹ ਇਕ ਤਰ੍ਹਾਂ ਨਾਲ ਪਾਪ ਹੋਵੇਗਾ। ਪਰ ਬਲਵੀਰ ਕੌਰ ਨੇ ਆਪਣੇ ਢੰਗ ਤਰੀਕੇ ਵਰਤ ਕੇ ਗੁਰਮੇਲ ਦੇ ਦਿਮਾਗ ਵਿਚ ਇਹ ਗੱਲ ਪੱਕੀ ਕਰ ਦਿੱਤੀ ਕਿ ਉਸਦਾ ਸਿਮਰ ਦੀ ਜ਼ਿੰਦਗੀ ਤੇ ਅਧਿਕਾਰ ਹੈ। ਉਸਦੀ ਮਾਸੀ ਦੇ ਪੁੱਤ ਨਾਲ ਸਿਮਰ ਦਾ ਵਿਆਹ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਉਸਦੀ ਮਾਸੀ ਦੇ ਪੁੱਤ ਦਾ ਅਧਿਕਾਰ ਹੈ ਸਿਮਰ ‘ਤੇ, ਕਿਉਂ ਕਿ ਗੁਰਮੀਤ ਨੂੰ ਤੂੰ ਮੰਗਵਾਇਆ ਸੀ। ਜੇ ਤੂੰ ਗੁਰਮੀਤ ਨੂੰ ਨਾ ਮੰਗਵਾਉਂਦਾ ਤਾਂ ਸਿਮਰ ਕਿਵੇਂ ਆਉਂਦੀ!
ਤੇ ਸਿਮਰ …ਕਿਵੇਂ ਹੌਸਲਾ ਕਰ ਸਕਦੀ ਹੈ ਇਹ ਕਹਿਣ ਦਾ ਕਿ ਉਸਨੇ ਆਪਣੀ ਜ਼ਿੰਦਗੀ ਦਾ ਆਪ ਫੈਸਲਾ ਕਰਨਾ ਹੈ। ਸਿਮਰ…ਦੀ ਇਹ ਮਜ਼ਾਲ!
ਤੇ ਫਿਰ ਇਕ ਦਿਨ ਗੁਰਮੇਲ ਨੇ ਜੱਸੀ ਨੂੰ ਕਿਹਾ ਕਿ ਉਹ ਸਿਮਰ ਦੇ ਘਰ ਜਾਣ ਲਈ ਤਿਆਰ ਹੋ ਜਾਵੇ। ਜੱਸੀ ਤਿਆਰ ਹੋ ਗਈ ਤੇ ਦੋਨੋਂ ਕਾਰ ਵਿਚ ਬੈਠ ਗਏ। ਰੱਸਤੇ ਵਿਚ ਜੱਸੀ ਨੇ ਗੁਰਮੇਲ ਤੋਂ ਪੁੱਛਣਾ ਚਾਹਿਆ ਕਿ ਕੀ ਗੱਲ ਕਰਨੀ ਹੈ। ਗੁਰਮੇਲ ਨੇ ਸਿਰਫ ਏਨਾ ਹੀ ਕਿਹਾ ਕਿ ਓਥੇ ਜਾ ਕੇ ਪਤਾ ਲੱਗ ਜਾਵੇਗਾ।
ਜੱਸੀ ਨੇ ਅਦਬ ਨਾਲ ਚਾਹ ਪਾਣੀ ਪੁੱਛਿਆ। ਗੁਰਮੇਲ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ, `ਅਸੀਂ ਚਾਹ ਪੀਣ ਨਹੀਂ ਆਏ। ਅਸੀਂ ਤਾਂ ਤੇਰਾ ਫੈਸਲਾ ਸੁਣਨ ਆਏ ਹਾਂ। ਤੇ ਹਾਂ ਬੋਲ ਹੁਣ ਤੂੰ ਕੀ ਸੋਚਿਆ ਗੁਰਵਿੰਦਰ ਬਾਰੇ! `
ਸਿਮਰ ਨੇ ਗੁਰਮੇਲ ਮੂਹਰੇ ਹੱਥ ਬੰਨ੍ਹੇ ਤੇ ਕਹਿਣ ਲੱਗੀ, `ਵੀਰੇ, ਮੈਂ ਪਹਿਲਾਂ ਹੀ ਕਈ ਵਾਰ ਕਹਿ ਚੁੱਕੀ ਹਾਂ ਕਿ ਮੇਰਾ ਅਜੇ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ। ਮੈਂ ਗੁਰਮੀਤ ਦੀਆਂ ਯਾਦਾਂ ਨਾਲ ਹੀ ਦਿਨ ਕਟੀ ਕਰਨਾ ਚਾਹੁੰਦੀ ਹਾਂ। ਰੱਬ ਦੇ ਵਾਸਤੇ ਮੈਨੂੰ ਜੀ ਲੈਣ ਦੇਵੋ। ਜੇ ਰੱਬ ਨੇ ਮੇਰੇ ਨਾਲ ਇਹ ਕੁਝ ਕੀਤਾ ਹੈ ਤਾਂ ਤੁਸੀਂ ਤਾਂ ਮੇਰੇ ‘ਤੇ ਤਰਸ ਕਰੋ! `
‘ਤਰਸ ਤੁਰਸ ਅਸੀਂ ਬਥੇਰਾ ਕਰ ਲਿਆ। ਤਰਸ ਕਰਕੇ ਹੀ ਅਸੀਂ ਕਿਸੇ ਦੀ ਛੱਡੀ ਛੁਡਾਈ ਨੂੰ ਏਥੇ ਸੱਦਿਆ। ਤੇਰੇ ਤੋਂ ਵਧੀਆ ਓਥੇ ਹੋਰ ਬਥੇਰੀਆਂ ਸਨ…ਤੂੰ ਕੋਈ ਬਾਹਲੀ ਹੂਰ ਨਹੀਂ ਸੀ। ਕਦੇ ਸ਼ੀਸ਼ੇ `ਚ ਖੜ੍ਹ ਕੇ ਦੇਖੀਂ ਕਿ ਤੇਰੇ ਵਿਚ ਏਹੋ ਜੇਹਾ ਕੁਝ ਨਹੀਂ ਜਿਸਦੇ ਮਾਣ ਵਿਚ ਤੂੰ ਹੰਕਾਰੀ ਫਿਰਦੀ ਐਂ। `
ਗੁਰਮੇਲ ਦੇ ਸ਼ਬਦਾਂ ਨੇ ਜੱਸੀ ਤੇ ਸਿਮਰ ਦੋਨਾਂ ਦਾ ਹਿਰਦਾ ਵਲੂੰਧਰ ਦਿੱਤਾ। ਸਿਮਰ ਜੱਸੀ ਦੇ ਗੱਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ।
ਗੁਰਮੇਲ ਨੇ ਜੱਸੀ ਨੂੰ ਫੜ ਕੇ ਸਿਮਰ ਤੋਂ ਅਲੱਗ ਕਰ ਦਿੱਤਾ ਤੇ ਕਹਿਣ ਲੱਗਾ, ‘ਚੰਗਾ ਜੇ ਤੈਨੂੰ ਸਾਡੀ ਗੱਲ ਨਹੀਂ ਮਨਜ਼ੂਰ ਤਾਂ ਮੇਰਾ ਘਰ ਖਾਲੀ ਕਰ ਦੇ ਤੇ ਜਿੱਥੇ ਮਰਜ਼ੀ ਧੱਕੇ ਖਾ।`
‘ਮੇਰਾ ਘਰ! ਉਹ ਕਿਵੇਂ? `ਜੱਸੀ ਨੇ ਸਵਾਲੀਆ ਨਜ਼ਰਾਂ ਨਾਲ ਗੁਰਮੇਲ ਵੱਲ ਤੱਕਿਆ।
‘ਹਾਂ…ਮੇਰਾ ਘਰ। ਘਰ ਮੇਰੇ ਨਾਮ ਹੈ।`
‘ਪਰ…ਸਾਰੀ ਡਾਊਨ ਪੇਮਿੰਟ ਤਾਂ ਗੁਰਮੀਤ ਨੇ ਦਿੱਤੀ ਸੀ? `ਜੱਸੀ ਹੌਸਲਾ ਕਰ ਕੇ ਬੋਲੀ।
‘ਅੱਛਾ! ਹੁਣ ਤੂੰ ਇਸ ਦੀ ਵਕੀਲ ਬਣ ਗਈ। ਕਾਗਜ਼ ਦੇਖ, ਕਿਸਦੇ ਨਾਮ ਹੈ ਘਰ। ਆ ਗਈ ਵੱਡੀ ਇਸ ਦੀ ਰਖਵਾਲੀ।`
‘ਕੋਈ ਨਾ ਵੀਰੇ, ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਮੈਂ ਘਰ ਖਾਲੀ ਕਰ ਦਿਆਂਗੀ।`
ਕੁਝ ਹੀ ਦਿਨਾਂ `ਚ ਸਿਮਰ ਨੇ ਘਰ ਖਾਲੀ ਕਰ ਦਿੱਤਾ ਤੇ ਉਹ ਕਿਸੇ ਦੀ ਬੇਸਮਿੰਟ ਕਿਰਾਏ ‘ਤੇ ਲੈ ਕੇ ਰਹਿਣ ਲੱਗ ਪਈ। ਇਹ ਉਸਦੇ ਇਕ ਜੀਵਨ ਦਾ ਅੰਤ ਸੀ ਤੇ ਇਕ ਨਵੇਂ ਜੀਵਨ ਦੀ ਸ਼ੁਰੂਆਤ!