ਹੈਦਰਾਬਾਦ ਵਿਚ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਸਭ ਕੁਝ ਸਪਸ਼ਟ ਕਰ ਦਿੱਤਾ ਗਿਆ ਹੈ। ਇਹ ਮੀਟਿੰਗ ਅਸਲ ਵਿਚ 2024 ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਬੁਲਾਈ ਗਈ ਸੀ ਅਤੇ ਇਸ ਵਿਚ ਏਜੰਡੇ ਵੀ ਖਾਸ ਤੌਰ ‘ਤੇ ਉਹੀ ਵਿਚਾਰੇ ਗਏ ਜਿਨ੍ਹਾਂ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਤਿਕੜਮਾਂ ਲੜਾਉਣੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਹਨ।
ਪਾਰਟੀ ਕਾਰਕੁਨਾਂ ਅਤੇ ਆਗੂਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਹੇਠਾਂ ਤੱਕ ਜਾ ਕੇ ਲੋਕਾਂ ਨਾਲ ਜੁੜਨ ਤਾਂ ਕਿ ਅਗਲੇ ਕਈ ਦਹਾਕੇ ਸੱਤਾ ਵਿਚ ਰਿਹਾ ਜਾ ਸਕੇ। ਤਿਲੰਗਾਨਾ ਅਤੇ ਪੱਛਮੀ ਬੰਗਾਲ ਵਿਚੋਂ ਪਰਿਵਾਰਕ ਰਾਜ ਖਤਮ ਕਰਨ ਦੇ ਸੱਦੇ ਨਾਲ ਕਿਹਾ ਹੈ ਕਿ ਵੰਸ਼ਵਾਦ ਦੀ ਸਿਆਸਤ ਦੇਸ਼ ਲਈ ਸਭ ਤੋਂ ਖਤਰਨਾਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਲੋਕਾਂ ਨਾਲ ਜੁੜੇ ਰਹਿਣ ਅਤੇ ਤੁਸ਼ਟੀਕਰਨ ਦੇ ਮੁਕਾਬਲੇ ਤ੍ਰਿਪਤੀਕਰਨ ਵਾਸਤੇ ਕੰਮ ਕਰਨ ਦਾ ਸੱਦਾ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਭਾਜਪਾ ਅਗਲੇ 30-40 ਸਾਲ ਤੱਕ ਸੱਤਾ ਵਿਚ ਰਹੇਗੀ। ਜਿਨ੍ਹਾਂ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਨਹੀਂ ਹਨ, ਉਨ੍ਹਾਂ ਵਿਚ ਵੀ ਸੱਤਾ ਹਾਸਿਲ ਕਰਨ ਦੀ ਮਨਸ਼ਾ ਪ੍ਰਗਟਾਈ ਗਈ ਹੈ।
ਪਾਰਟੀ ਦੀ ਕੌਮੀ ਕਾਰਜਕਾਰਨੀ ਨੇ ਅਗਨੀਪਥ ਯੋਜਨਾ ਦੀ ਤਾਰੀਫ ਕੀਤੀ ਹੈ ਅਤੇ ਕੇਂਦਰ ਸਰਕਾਰ ਦੁਆਰਾ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਦੀ ਸ਼ਲਾਘਾ ਕੀਤੀ ਹੈ। ਮਹਿੰਗਾਈ ਤੋਂ ਪੱਲਾ ਝਾੜਦਿਆਂ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਆਰਥਿਕ ਸੰਕਟ ਕੇਵਲ ਭਾਰਤ ਲਈ ਨਹੀਂ ਬਲਕਿ ਰੂਸ-ਯੂਕਰੇਨ ਜੰਗ ਕਰਕੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਸੰਸਾਰਵਿਆਪੀ ਵਰਤਾਰਾ ਹੈ। ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਵਿਚ ਨੌਜਵਾਨ, ਸਿਆਸੀ ਧਿਰਾਂ ਅਤੇ ਬਹੁਤ ਸਾਰੇ ਸੇਵਾਮੁਕਤ ਫੌਜੀ ਅਫਸਰ ਵੀ ਵਿਰੋਧ ਜ਼ਾਹਿਰ ਕਰ ਚੁੱਕੇ ਹਨ। ਉਧਰ, ਇਹ ਪਾਰਟੀ ਸਭ ਖਾਮੀਆਂ ਦੇ ਬਾਵਜੂਦ ਲਗਾਤਾਰ ਜਿੱਤਾਂ ਪ੍ਰਾਪਤ ਕਰ ਰਹੀ ਹੈ। ਗਰੀਬੀ, ਬੇਰੁਜ਼ਗਾਰੀ ਅਤੇ ਪਛਾਣ ਦੇ ਬਹੁਤ ਸਾਰੇ ਮੁੱਦਿਆਂ ਦੇ ਬਾਵਜੂਦ ਭਾਜਪਾ ਦਾ ਲਗਾਤਾਰ ਜਿੱਤਦੇ ਜਾਣ ਪਿੱਛੇ ਵਿਰੋਧੀ ਧਿਰ ਦੀ ਲੋਕਾਂ ਤੋਂ ਦੂਰੀ ਅਤੇ ਸਿਆਸੀ ਤੌਰ ਉੱਤੇ ਸਪਸ਼ਟ ਏਜੰਡੇ ਦੀ ਕਮੀ ਮੰਨਿਆ ਜਾ ਰਿਹਾ ਹੈ। ਭਾਜਪਾ ਨੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਹਾਲ ਹੀ ਵਿਚ ਮਹਾਰਾਸ਼ਟਰ ਅੰਦਰ ਸ਼ਿਵ ਸੈਨਾ ਦੇ ਵਿਰੋਧੀ ਗੁੱਟ ਨਾਲ ਮਿਲ ਕੇ ਸਰਕਾਰ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਮਹਾਰਾਸ਼ਟਰ ਵਿਚ ਊਧਵ ਠਾਕਰੇ ਦੇ ਸੱਤਾ ਤੋਂ ਬਾਹਰ ਹੋਣ ਪਿੱਛੋਂ ਸ਼ਿਵ ਸੈਨਾ ਦੇ ਦੋਵਾਂ ਧੜਿਆਂ `ਚ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਅਤੇ ਅਸਲੀ ਸ਼ਿਵ ਸੈਨਾ ਹੋਣ ਬਾਰੇ ਯੁੱਧ ਸ਼ੁਰੂ ਹੋ ਗਿਆ ਹੈ। ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵਿਧਾਨ ਸਭਾ `ਚ ਆਪਣੇ ਭਾਸ਼ਣ `ਚ ਆਪਣੇ ਗਰੁੱਪ ਦੇ ਵਿਧਾਇਕਾਂ ਨੂੰ ਬਾਲਾ ਸਾਹਿਬ ਠਾਕਰੇ ਦੇ ਅਸਲੀ ਸ਼ਿਵ ਸੈਨਿਕ ਦੱਸਿਆ। ਉਸ ਅਨੁਸਾਰ, ਉਸ ਨੇ ਬਾਲਾ ਸਾਹਿਬ ਦੀ ਵਿਰਾਸਤ ਨੂੰ ਬਚਾਉਣ ਲਈ ਹੀ ਊਧਵ ਵਿਰੁੱਧ ਬਗਾਵਤ ਕੀਤੀ ਹੈ। ਉਸ ਅਨੁਸਾਰ ਊਧਵ ਨੇ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨਾਲ ਗੱਠਜੋੜ ਕਰ ਕੇ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨਾਲ ਧਰੋਹ ਕੀਤਾ ਸੀ।
ਭਾਜਪਾ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਨਾਲ ਸਬੰਧਿਤ ਲੜਾਈ ਨੂੰ ਹੋਰ ਹਵਾ ਦੇਣਾ ਚਾਹੁੰਦੀ ਹੈ। ਪਾਰਟੀ ਨੂੰ ਸ਼ਿਵ ਸੈਨਾ ਦੇ ਟੁੱਟਣ ਨਾਲ ਵੱਡਾ ਸਿਆਸੀ ਫਾਇਦਾ ਹੋਇਆ ਹੈ। ਸ਼ਿਵ ਸੈਨਾ ਨਾਲ ਗੱਠਜੋੜ ਹੋਣ ਦੇ ਬਾਵਜੂਦ ਭਾਜਪਾ ਨੇ ਸ਼ਿਵ ਸੈਨਾ ਨੂੰ ਹਰ ਪੱਖ ਤੋਂ ਕਮਜ਼ੋਰ ਹੀ ਕੀਤਾ; ਇਸ ਤੋਂ ਪਹਿਲਾਂ ਵਾਲੀ ਭਾਜਪਾ-ਸ਼ਿਵ ਸੈਨਾ ਗੱਠਜੋੜ ਸਰਕਾਰ ਵਿਚ ਭਾਜਪਾ ਨੇ ਢਾਈ ਸਾਲਾਂ ਬਾਅਦ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਅਤੇ ਵਿਰਾਸਤ ਬਾਰੇ ਸ਼ਾਬਦਿਕ ਯੁੱਧ ਵਿਚ ਏਕਨਾਥ ਸ਼ਿੰਦੇ ਦਾ ਸਾਥ ਦੇਣ ਦੇ ਬਾਵਜੂਦ ਭਾਜਪਾ ਚਾਹੁੰਦੀ ਹੈ ਕਿ ਸ਼ਿਵ ਸੈਨਾ ਦੇ ਦੋਵੇਂ ਧੜੇ ਕਮਜ਼ੋਰ ਹੋਣ। ਇਸ ਨੇ ਇਸੇ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਛੱਡ ਕੇ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਹੈ। ਦੋਵਾਂ ਧੜਿਆਂ ਦੇ ਅਸਲੀ ਸ਼ਿਵ ਸੈਨਾ ਹੋਣ ਦੇ ਦਾਅਵਿਆਂ ਵਿਚ ਕਈ ਤਰ੍ਹਾਂ ਦੀਆਂ ਕਾਨੂੰਨੀ ਪੇਚੀਦਗੀਆਂ ਹਨ। ਕਾਨੂੰਨੀ ਮਾਹਿਰਾਂ ਅਨੁਸਾਰ ਏਕਨਾਥ ਸ਼ਿੰਦੇ ਨੂੰ ਆਪਣੇ ਧੜੇ ਨੂੰ ਅਸਲੀ ਸ਼ਿਵ ਸੈਨਾ ਸਿੱਧ ਕਰਨ ਲਈ ਦੋ-ਤਿਹਾਈ ਵਿਧਾਇਕਾਂ ਦੇ ਨਾਲ-ਨਾਲ, ਸੰਸਦ ਮੈਂਬਰਾਂ ਅਤੇ ਪਾਰਟੀ ਨਾਲ ਜੁੜੇ ਹੋਰ ਸੰਗਠਨਾਂ (ਜਿਵੇਂ ਨੌਜਵਾਨ, ਟਰੇਡ ਯੂਨੀਅਨਾਂ, ਮਹਿਲਾ ਵਿੰਗ ਆਦਿ) ਦੇ ਆਗੂਆਂ ਦੀ ਬਹੁਸੰਮਤੀ ਦੀ ਹਮਾਇਤ ਦੀ ਵੀ ਜ਼ਰੂਰਤ ਹੈ। ਇਹ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਹੈ ਕਿ ਕਿਹੜਾ ਗਰੁੱਪ ਅਸਲੀ ਸ਼ਿਵ ਸੈਨਾ ਹੈ। ਕੁਝ ਹੋਰ ਮਾਹਿਰਾਂ ਅਨੁਸਾਰ ਜਦੋਂ ਸਾਰੇ ਫੈਸਲੇ ਏਕਨਾਥ ਸ਼ਿੰਦੇ ਦੇ ਹੱਕ ਵਿਚ ਹੋਏ ਹਨ ਤਾਂ ਇਹ ਫੈਸਲਾ ਵੀ ਉਸ ਦੇ ਹੱਕ ਵਿਚ ਹੀ ਹੋਵੇਗਾ। ਇਸ ਸਬੰਧ ਵਿਚ ਮਹਾਰਾਸ਼ਟਰ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕਰਾਉਣ ਬਾਰੇ ਦਿਸ਼ਾ-ਨਿਰਦੇਸ਼ ਦੇਣ ਦੀ ਮਿਸਾਲ ਦਿੱਤੀ ਜਾ ਰਹੀ ਹੈ। ਸਪਸ਼ਟ ਹੈ ਕਿ ਸਿਆਸੀ ਨੈਤਿਕਤਾ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ ਅਤੇ ਸੰਵਿਧਾਨਕ ਅਹੁਦਿਆਂ ਨੂੰ ਸਿਆਸੀ ਮਕਸਦਾਂ ਲਈ ਵਰਤਿਆ ਜਾ ਰਿਹਾ ਹੈ। ਇਸ ਨਾਲ ਭਾਜਪਾ ਵਿਰੋਧੀ ਮੁਹਾਜ਼ ਬਣਾਉਣ ਦਾ ਇਕ ਹੋਰ ਤਜਰਬਾ ਖਤਮ ਹੋ ਗਿਆ ਹੈ। ਭਾਜਪਾ ਅਸਲੀ ਸ਼ਕਤੀ ਵਾਲੀ ਸਿਆਸੀ ਧਿਰ ਬਣ ਕੇ ਉੱਭਰ ਰਹੀ ਹੈ ਜਦੋਂਕਿ ਵਿਰੋਧੀ ਪਾਰਟੀਆਂ ਖੇਰੂੰ-ਖੇਰੂੰ ਹੋ ਰਹੀਆਂ ਹਨ। ਮੁੱਖ ਵਿਰੋਧੀ ਵਜੋਂ ਵਿਚਰਦੀ ਕਾਂਗਰਸ ਦਾ ਹਾਲ ਬੇਹੱਦ ਮਾੜਾ ਹੈ। ਸੋਚਣ ਵਾਲੇ ਲੋਕਾਂ ਨੂੰ ਕੁਝ ਆਸ ਖੇਤਰੀ ਪਾਰਟੀਆਂ ‘ਤੇ ਹੈ ਪਰ ਭਾਰਤੀ ਜਨਤਾ ਪਾਰਟੀ ਸਿਆਸਤ ਦਾ ਇਹ ਗੜ੍ਹ ਵੀ ਤੋੜ ਦੇਣਾ ਚਾਹੁੰਦੀ ਹੈ। ਇਸੇ ਕਰਕੇ ਖੇਤਰੀ ਪਾਰਟੀਆਂ ਨੂੰ ਹੁਣ ਆਪੋ-ਆਪਣੀ ਪਛਾਣ ਬਰਕਰਾਰ ਰੱਖ ਕੇ ਆਪਣੀ ਸਿਆਸਤ ਉਲੀਕਣੀ ਚਾਹੀਦੀ ਹੈ ਅਤੇ ਜਿੰਨਾ ਸੰਭਵ ਹੋ ਸਕੇ, ਏਕਾ ਕਾਇਮ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇਣੀ ਚਾਹੀਦੀ ਹੈ। ਇਸ ਤੋਂ ਬਿਨਾਂ ਹੁਣ ਹੋਰ ਕੋਈ ਚਾਰਾ ਬਾਕੀ ਨਹੀਂ ਬਚਿਆ ਹੈ।