ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਹਾਲ ਹੀ ਵਿਚ ਲਿਆਂਦੀ ਗਈ ‘ਅਗਨੀਪਥ` ਯੋਜਨਾ ਖਿਲਾਫ ਪੂਰੇ ਮੁਲਕ ਵਿਚ ਰੋਹ ਭਖ ਗਿਆ ਹੈ। ਨੌਕਰੀ ਦੇ ਚਾਹਵਾਨ ਨੌਜਵਾਨਾਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਸੜਕਾਂ `ਤੇ ਅਤੇ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਵਿਚ ਰੇਲ ਦੀਆਂ ਪਟੜੀਆਂ `ਤੇ ਡੰਡ ਮਾਰੇ, ਜਦਕਿ ਉੜੀਸਾ ਦੇ ਨਬਰੰਗਪੁਰ ਵਿੱਚ ‘ਅਗਨੀਪਥ` ਯੋਜਨਾ ਖਿਲਾਫ ਇਕ ਨੌਜਵਾਨ ਨੇ 60 ਕਿਲੋਮੀਟਰ ਦੀ ਦੌੜ ਲਗਾਈ। ਬਿਹਾਰ ਵਿਚ ਪ੍ਰਦਰਸ਼ਨਕਾਰੀਆਂ ਨੇ ਪਟਨਾ ਜ਼ਿਲ੍ਹੇ ਵਿਚ ਪੈਂਦੇ ਤਾਰੇਗਾਨਾ ਰੇਲਵੇ ਸਟੇਸ਼ਨ ਤੇ ਜੀ.ਆਰ.ਪੀ. ਦੇ ਇਕ ਵਾਹਨ ਨੂੰ ਅੱਗ ਲਗਾ ਦਿੱਤੀ ਜਦਕਿ ਜਹਾਨਾਬਾਦ ਵਿਚ ਹੋਏ ਪਥਰਾਅ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਇਥੇ ਅਗਨੀਪਥ ਦੇ ਵਿਰੋਧ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਬੰਦ ਸਮਰਥਕਾਂ ਨੇ ਇਥੇ ਇਕ ਪੁਲਿਸ ਪੋਸਟ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਜੀ.ਆਰ.ਪੀ. ਮੁਲਾਜ਼ਮਾਂ ‘ਤੇ ਗੋਲੀਆਂ ਚਲਾਈਆਂ, ਪਥਰਾਅ ਕੀਤਾ ਅਤੇ ਇਸ ਟਕਰਾਅ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵੀ ਕੁੱਟਿਆ।
ਦਾਨਾਪੁਰ ਸਬ-ਡਿਵੀਜਨ ਵਿਚ ਬੰਦ ਸਮਰਥਕਾਂ ਨੇ ਇਕ ਐਂਬੂਲੈਂਸ ਦੀ ਭੰਨ-ਤੋੜ ਕੀਤੀ ਅਤੇ ਡਰਾਈਵਰ ਨੇ ਦੋਸ਼ ਲਗਾਇਆ ਕਿ ਐਂਬੂਲੈਂਸ ਅੰਦਰ ਮੌਜੂਦ ਇਕ ਮਰੀਜ਼ ਤੇ ਉਸ ਦੇ ਅਟੈਂਡੈਂਟ ਦੀ ਕੁੱਟਮਾਰ ਵੀ ਕੀਤੀ ਗਈ।
ਭਾਜਪਾ ਦੇ ਸੂਬਾਈ ਮੁੱਖ ਦਫਤਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ ਭਾਜਪਾ ਦੇ ਕਈ ਸੀਨੀਅਰ ਆਗੂਆਂ ‘ਤੇ ਹਮਲੇ ਹੋ ਚੁੱਕੇ ਹਨ ਅਤੇ ਪਾਰਟੀ ਦੇ ਘੱਟੋ-ਘੱਟ ਤਿੰਨ ਜਿਲ੍ਹਾ ਦਫਤਰਾਂ ਨੂੰ ਅੱਗ ਲਗਾਈ ਜਾ ਚੁੱਕੀ ਹੈ।
ਉੜੀਸਾ ਦੇ ਨਬਰੰਗਪੁਰ ਵਿਚ ਨੌਕਰੀ ਦੇ ਚਾਹਵਾਨ ਇਕ ਨੌਜਵਾਨ ਨੇ 60 ਕਿਲੋਮੀਟਰ ਦੀ ਦੌੜ ਲਗਾਈ ਅਤੇ ਗੰਜਮ ਜ਼ਿਲ੍ਹੇ ਦੇ ਬਹਿਰਾਮਪੁਰ ਵਿਚ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਮਾਲ ਡਿਵੀਜਨਲ ਕਮਿਸ਼ਨਰ ਦੇ ਦਫਤਰ ਨੇੜੇ ਧਰਨੇ ‘ਤੇ ਬੈਠ ਗਏ। ਪ੍ਰਦਰਸ਼ਨਕਾਰੀਆਂ ‘ਚ ਵੱਡੀ ਗਿਣਤੀ ਉਹ ਨੌਜਵਾਨ ਸ਼ਾਮਲ ਸਨ ਜੋ ਪਹਿਲਾਂ ਹੀ ਭਰਤੀ ਲਈ ਸਰੀਰਕ ਪ੍ਰੀਖਿਆ ਪਾਸ ਕਰ ਚੁੱਕੇ ਹਨ। ਇਸ ਦੌਰਾਨ ਰੇਲਵੇ ਵੱਲੋਂ ਉੜੀਸਾ ‘ਚੋਂ ਲੰਘ ਕੇ ਵਿਸ਼ਾਖਾਪਟਨਮ ਆਉਣ-ਜਾਣ ਵਾਲੀਆਂ ਰੇਲਾਂ ਰੱਦ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਝਾਰਖੰਡ ਵਿਚ ਧਨਬਾਦ ਅਤੇ ਰਾਂਚੀ ‘ਚ ਮੋਰਾਬਾਦੀ ਵਿੱਚ ਵੀ ਪ੍ਰਦਰਸ਼ਨ ਹੋਏ।
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਵਿਚ ਪੈਂਦੇ ਚਡਵਾਲ ‘ਚ ਫੌਜ ਵਿਚ ਭਰਤੀ ਹੋਣ ਦੇ ਚਾਹਵਾਨਾਂ ਵੱਲੋਂ ਜੰਮੂ-ਪਠਾਨਕੋਟ ਸ਼ਾਹਰਾਹ ‘ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਹਲਕਾ ਪਥਰਾਅ ਵੀ ਕੀਤਾ ਗਿਆ ਪਰ ਸਥਿਤੀ ਜਲਦੀ ਹੀ ਕਾਬੂ ਹੇਠ ਆ ਗਈ। ਇਸੇ ਦੌਰਾਨ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਵੀ ‘ਅਗਨੀਪਥ‘ ਖਿਲਾਫ ਮੁਜ਼ਾਹਰਾ ਕੀਤਾ।
ਕੇਰਲ ਵਿਚ ਵੀ ‘ਅਗਨੀਪਥ` ਯੋਜਨਾ ਦੇ ਵਿਰੋਧ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਤਿਰੂਵਨੰਤਪੁਰਮ ਤੇ ਕੋੜੀਕੋੜ ਵਿਚ ਵੱਡੀ ਪੱਧਰ `ਤੇ ਰੋਸ ਰੋਸ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਫੌਜ ਵਿਚ ਭਰਤੀ ਸਬੰਧੀ ਪੈਂਡਿੰਗ ਪਈ ਲਿਖਤੀ ਪ੍ਰੀਖਿਆ ਜਲਦੀ ਕਰਵਾਉਣ ਦੀ ਮੰਗ ਕੀਤੀ ਅਤੇ ‘ਅਗਨੀਪਥ` ਯੋਜਨਾ ਖਿਲਾਫ ਰੋਸ ਪ੍ਰਗਟਾਇਆ। ਇਸ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ ਤੇ ਕਰਨਾਟਕ ਵਿਚ ਵੀ ਵੱਡੇ ਪੱਧਰ `ਤੇ ਰੋਸ ਮੁਜ਼ਾਹਰੇ ਹੋਏ ਹਨ।