ਡਾ. ਗੁਰਨਾਮ ਕੌਰ, ਕੈਨੇਡਾ
ਪਿਛਲੇ ਦੋ ਲੇਖਾਂ ਵਿਚ ਇਸ ਗੱਲ ‘ਤੇ ਚਰਚਾ ਕੀਤੀ ਗਈ ਸੀ ਕਿ ਬਤੌਰ ਸਿੱਖ ਨੈਤਿਕਤਾ ਦੇ ਜਗਿਆਸੂ ਨੂੰ ਕਿਸ ਕਿਸਮ ਦੇ ਗੁਣ ਆਪਣੇ ਅੰਦਰ ਪੈਦਾ ਕਰਨੇ ਚਾਹੀਦੇ ਹਨ, ਜਿਨ੍ਹਾਂ ਸਦਕਾ ਉਹ ਅਧਿਆਤਮਕ ਬੁਲੰਦੀਆਂ ‘ਤੇ ਪਹੁੰਚਦਾ ਹੋਇਆ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਵੀ ਬਣ ਸਕੇ, ਸਮਾਜਕ ਭਾਈਚਾਰੇ ਲਈ ਇੱਕ ਵਧੀਆ ਮਨੁੱਖ ਵੀ ਸਾਬਤ ਹੋ ਸਕੇ ਅਤੇ ਆਪਣੇ ਆਲੇ ਦੁਆਲੇ ਅਜਿਹੇ ਸ਼ੁਭ ਗੁਣਾਂ ਦਾ ਸੰਚਾਰ ਕਰ ਸਕੇ। ਇਸੇ ਲੜੀ ਵਿਚ ਗੁਣਾਂ ਦੀ ਚਰਚਾ ਜਾਰੀ ਹੈ।
ਹਲੀਮੀ: ਹਲੀਮੀ ਇੱਕ ਅਜਿਹਾ ਗੁਣ ਹੈ ਜਿਸ ਦਾ ਵਿਅਕਤੀਗਤ ਅਤੇ ਸਮਾਜਿਕ ਦੋਵੇਂ ਤਰ੍ਹਾਂ ਨਾਲ ਬਹੁਤ ਮਹੱਤਵ ਹੈ। ਵਿਅਕਤੀਗਤ ਨਜ਼ਰੀਏ ਤੋਂ ਵਾਚਿਆਂ ਇਸ ਵਿਚ ਆਪਣੇ ਗੁਣਾਂ ਨੂੰ ਬਹੁਤ ਹੀ ਤੁਛ ਮੰਨ ਕੇ ਤੁਰਿਆ ਜਾਂਦਾ ਹੈ ਅਤੇ ਸਮਾਜਿਕ ਨਜ਼ਰੀਏ ਤੋਂ ਉਸ ਰੁਝਾਨ ਨੂੰ ਰੋਕਣਾ ਹੈ ਜਿਸ ਵਿਚ ਦੂਜਿਆਂ ਤੋਂ ਆਪਣੇ ਗੁਣਾਂ ਦੀ ਪਛਾਣ ਹਿਤ ਸਮਰਥਨ ਦੀ ਆਸ ਰੱਖੀ ਜਾਂਦੀ ਹੈ। ਹਲੀਮੀ ਆਪਣੇ ਆਪ ਦੀ ਪ੍ਰਸ਼ੰਸਾ ਅਤੇ ਸਤਿਕਾਰ ਵਿਚੋਂ ਪ੍ਰਾਪਤ ਕਰਨ ਵਾਲੀ ਖੁਸ਼ੀ ਨੂੰ ਰੋਕਣ ਲਈ ਮਿਥ ਕੇ ਕੀਤਾ ਜਤਨ ਹੈ। ਆਪਣੇ ਅੰਦਰ ਹਲੀਮੀ ਦਾ ਗੁਣ ਪੈਦਾ ਕਰਨ ਵਿਚ ਅਸਫਲ ਹੋਣਾ ਮਨੁੱਖ ਦੀ ਨੈਤਿਕ ਆਦਰਸ਼ ਪ੍ਰਤੀ ਅਗਿਆਨ ਕਾਰਨ ਹੋ ਸਕਦਾ ਹੈ ਜਿਸ ਖਿਲਾਫ ਉਸ ਨੂੰ ਆਪਣੇ ਆਪ ਨੂੰ ਆਂਕਣਾ ਚਾਹੀਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਆਪਣੇ ਆਦਰਸ਼ ਦੀ ਮਾੜੀ ਮੋਟੀ ਵੀ ਸੂਹ ਹੈ ਉਨ੍ਹਾਂ ਨੂੰ ਹਲੀਮ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਉਹ ਆਪਣੇ ਆਦਰਸ਼ ਦੇ ਅਨੁਭਵ ਤੋਂ ਅਜੇ ਕਿੰਨੀ ਦੂਰ ਹਨ। ਇਸ ਤਰ੍ਹਾਂ ਹਲੀਮੀ ਸਿਰਫ ਉਨ੍ਹਾਂ ਮਨੁੱਖਾਂ ਦਾ ਹੀ ਗੁਣ ਨਹੀਂ ਹੈ ਜਿਨ੍ਹਾਂ ਨੇ ਥੋੜੀ ਬਹੁਤ ਪ੍ਰਾਪਤੀ ਕਰ ਲਈ ਹੈ, ਪ੍ਰੰਤੂ ਇਹ ਗੁਣ ਉਨ੍ਹਾਂ ਸਾਰਿਆਂ ਦਾ ਵੀ ਹੋਣਾ ਚਾਹੀਦਾ ਹੈ ਜੋ ਆਪਣੇ ਆਪ ਨੂੰ ਆਪਣੇ ਆਦਰਸ਼ ਦੇ ਅਨੁਭਵ ਲਈ ਆਂਕਦੇ ਹਨ। ਇਸ ਦੀ ਝਲਕ ਮਨੁੱਖ ਦੇ ਆਪਣੇ ਆਪ ਤੇ ਸਮਾਜਕ ਰਿਸ਼ਤਿਆਂ ਪ੍ਰਤੀ ਨੈਤਿਕ ਆਦਰਸ਼ ਪ੍ਰਤੀ ਰਵੱਈਏ ਵਿਚੋਂ ਵੀ ਮਿਲ ਸਕਦੀ ਹੈ ਜਿਸ ਨੂੰ ਹਲੀਮੀ ਰਾਹੀਂ ਯੋਗ ਹੋਣਾ ਚਾਹੀਦਾ ਹੈ। ਇਸ ਗੁਣ ਦੇ ਇਹ ਸਾਰੇ ਪਹਿਲੂ ਗੁਰੂ ਸਾਹਿਬਾਨ ਦੀ ਮਸਰੂਫ਼ੀਅਤ ਦਾ ਹਿੱਸਾ ਰਹੇ ਹਨ। ਹਲੀਮੀ ਅਤੇ ਹਲੀਮ ਪਦ ਨੂੰ ਦਰਸਾਉਣ ਲਈ ਗ਼ਰੀਬ, ਨੀਚ, ਨਿਮਾਣਾ ਆਦਿ ਸ਼ਬਦਾਂ ਦੀ ਵਰਤੋਂ ਆਮ ਕੀਤੀ ਗਈ ਹੈ। ਭਾਈ ਗੁਰਦਾਸ ਨੇ ਇਨ੍ਹਾਂ ਹੀ ਅਰਥਾਂ ਵਿਚ ਸ਼ਬਦ ਨਿਮਾਣਾ ਅਤੇ ਨਿਤਾਣਾ ਦੀ ਵਰਤੋਂ ਕੀਤੀ ਹੈ, ”ਗੁਰਮੁਖਿ ਹੋਦੈ ਤਾਣਿ ਨਿਤਾਣਾ” ਅਰਥਾਤ ਗੁਰਮੁਖਿ ਤਾਣ ਹੁੰਦਿਆਂ ਵੀ ਆਪਣੇ ਆਪ ਨੂੰ (ਹਲੀਮੀ ਕਾਰਨ) ਨਿਤਾਣਾ ਸਮਝੇ।
ਗੁਰੂ ਅਰਜਨ ਦੇਵ ਇਸੇ ਹਲੀਮੀ ਵੱਲ ਸੰਕੇਤ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਮੈਂ ਨੀਚ ਸੀ, ਅਨਾਥ ਸੀ, ਅਣਜਾਣ ਸੀ ਅਤੇ ਮੇਰੇ ਅੰਦਰ ਕੋਈ ਵੀ ਗੁਣ ਨਹੀਂ ਸੀ, ਮੈਂ ਗੁਣਾਂ ਤੋਂ ਸੱਖਣਾ ਸੀ ਪਰ ਗੁਰੂ ਦੀ ਸ਼ਰਨ ਆਉਣ ਨਾਲ ਉਸ ਅਕਾਲ ਪੁਰਖ ਦੀ ਮਿਹਰ ਮੇਰੇ ਉਤੇ ਹੋਈ ਅਤੇ ਉਸ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ:
ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਨਹੀਨੁ॥
ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨ॥4॥25॥55॥
(ਪੰਨਾ 815)
ਆਪਣੇ ਅੰਦਰ ਹਲੀਮੀ ਦਾ ਗੁਣ ਪੈਦਾ ਕਰਨ ਲਈ ਅਜਿਹਾ ਹੀ ਨਜ਼ਰੀਆ ਧਾਰਨ ਕਰਨ ਦੀ ਲੋੜ ਹੈ ਕਿ ਆਪਣੇ ਅੰਦਰ ਸਭ ਗੁਣ ਹੋਣ ਤੇ ਗਿਆਨਵਾਨ ਹੋਣ ਦੇ ਬਾਵਜੂਦ ਮਨੁੱਖ ਆਪਣੇ ਆਪ ਨੂੰ ਦੂਸਰਿਆਂ ਦੇ ਸਾਹਮਣੇ ਬਹੁਤ ਉਚਾ, ਗੁਣਵਾਨ ਜਾਂ ਗਿਆਨੀ ਕਰਕੇ ਨਾ ਜਣਾਵੇ। ਗੁਰੂ ਰਾਮਦਾਸ ਫਰਮਾਉਂਦੇ ਹਨ ਕਿ ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦਾ ਅਹੰਕਾਰ ਹੈ, ਕਿਸੇ ਨੂੰ ਮਾਇਆ, ਧੰਨ-ਦੌਲਤ ਦੇ ਆਸਰੇ ਦਾ ਤਾਣ ਹੈ। ਮੈਨੂੰ ਅਕਾਲ ਪੁਰਖ ਦੇ ਆਸਰੇ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ। ਹੇ ਅਕਾਲ ਪੁਰਖ ਮੈਂ ਨਿਮਾਣੇ ਦੀ ਰੱਖਿਆ ਤੂੰ ਹੀ ਕਰ:
ਕਿਸ ਹੀ ਜੋਰੁ ਅੰਹਕਾਰ ਬੋਲਣ ਕਾ॥
ਕਿਸ ਹੀ ਜੋਰੁ ਦੀਬਾਨ ਮਾਇਆ ਕਾ॥
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ
ਤੂ ਕਰਤੇ ਰਾਖੁ ਨਿਮਾਣੀ ਹੇ॥13॥ (ਪੰਨਾ 1071)
ਭਾਈ ਗੁਰਦਾਸ ਹਲੀਮੀ ਦੇ ਗੁਣ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਆਪ ਨੂੰ ਗ਼ਰੀਬਾਂ ਤੋਂ ਗ਼ਰੀਬ, ਨੀਚਾਂ ਤੋਂ ਨੀਚ ਸਮਝਦਾ ਹੈ ਉਹ ਹਲੀਮ ਹੈ। ਉਹ ਸਮਝਾਉਂਦੇ ਹਨ ਕਿ ਮਨੁੱਖ ਨੂੰ ਆਪਣੇ ਗੁਣਾਂ ਪ੍ਰਤੀ ਹਲੀਮ ਹੋਣਾ ਚਾਹੀਦਾ ਹੈ, ਇਹੀ ਉਸ ਦੇ ਗੁਣਵਾਨ ਹੋਣ ਦਾ ਅਸਲੀ ਪ੍ਰਗਟਾਵਾ ਹੈ। ਤਿੰਨ ਵੀਹਾਂ ਦੇ ਪੈਸਿਆਂ ਸਾਹਮਣੇ ਇੱਕ ਰੁਪਏ ਦਾ ਸਿੱਕਾ ਹੌਲਾ ਹੁੰਦਾ ਹੈ ਪਰ ਕੀਮਤ ਵਿਚ ਵੱਧ ਹੁੰਦਾ ਹੈ। ਇਸੇ ਤਰ੍ਹਾਂ ਦਸ ਰੁਪਏ ਦਾ ਸਿੱਕਾ (ਪੁਰਾਣੇ ਜ਼ਮਾਨੇ ਵਿਚ ਦਸ ਰੁਪਏ ਦਾ ਸਿੱਕਾ ਹੁੰਦਾ ਸੀ) ਭਾਰ ਵਿਚ ਹੌਲਾ ਹੁੰਦਾ ਹੈ ਪਰ ਉਸ ਦੀ ਕੀਮਤ ਜ਼ਿਆਦਾ ਹੁੰਦੀ ਹੈ। ਹੀਰਾ ਉਨ੍ਹਾਂ ਰੁਪਿਆਂ ਤੋਂ ਭਾਰ ਵਿਚ ਹੌਲਾ ਹੁੰਦਾ ਹੈ ਜਿਨ੍ਹਾਂ ਨਾਲ ਉਹ ਖ਼ਰੀਦਿਆ ਜਾਂਦਾ ਹੈ ਪਰ ਉਸ ਨਾਲ ਹਾਰ ਪਰੋ ਸਕੀਦਾ ਹੈ। ਜਿਹੜਾ ਮਨੁੱਖ ਆਪਣੇ ਆਪ ਨੂੰ ਨਿਮਾਣਾ ਸਮਝ ਕੇ ਸ਼ਰਨ ਆਉਂਦਾ ਹੈ ਉਸ ਦੇ ਮਨ, ਬਾਣੀ ਅਤੇ ਸਰੀਰ ਦੇ ਭਰਮ ਤੇ ਭੈ ਖੋਏ ਜਾਂਦੇ ਹਨ। (23/21)। ਭਾਈ ਸਾਹਿਬ ਅੱਗੇ ਦੱਸਦੇ ਹਨ ਕਿ ਪਾਣੀ ਠੰਢਾ/ਸੀਲ (ਸੀਲ ਨਿਮਰਤਾ ਦਾ ਪ੍ਰਤੀਕ ਹੈ) ਹੈ ਅਤੇ ਨਿਵਾਣ ਵੱਲ ਵਗਦਾ ਹੈ, ਅੰਬ ਦਾ ਦਰੱਖਤ ਜਦੋਂ ਫਲ ਨਾਲ ਭਰਿਆ ਹੁੰਦਾ ਹੈ ਤਾਂ ਧਰਤੀ ਵੱਲ ਝੁਕ ਜਾਂਦਾ ਹੈ। (26/9)। ਭਾਈ ਗੁਰਦਾਸ ਹਲੀਮੀ ਦੇ ਗੁਣ ਵੱਲ ਸੰਕੇਤ ਕਰਦੇ ਹਨ ਕਿ ਹਲੀਮੀ ਮਨੁੱਖ ਦੇ ਗੁਣਵਾਨ ਹੋਣ ਦਾ ਸੂਚਕ ਹੈ ਅਰਥਾਤ ਗੁਣਵਾਨ ਹੁੰਦਿਆਂ ਵੀ ਹਲੀਮ ਆਪਣੇ ਗੁਣਾਂ ਨੂੰ ਜਤਾਉਂਦਾ ਨਹੀਂ।
ਸਮਾਜਿਕ ਪਹਿਲੂ ਤੋਂ ਹਲੀਮੀ ਦੇ ਗੁਣ ਦਾ ਅਰਥ ਹੈ ਮਨੁੱਖੀ ਭਾਈ-ਬੰਦਾਂ, ਗੁਰੂ ਅਤੇ ਅਕਾਲ ਪੁਰਖ ਪ੍ਰਤੀ ਨਿਮਰਤਾ ਦਾ ਪ੍ਰਗਟਾਵਾ। ਸਭ ਤੋਂ ਔਖਾ ਕੰਮ ਆਪਣੇ ਭਾਈ-ਬੰਦਾਂ ਪ੍ਰਤੀ ਹਲੀਮੀ ਰੱਖਣਾ ਹੈ, ਕਿਉਂਕਿ ਮਨੁੱਖ ਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਉਹ ਗੁਰੂ ਅਤੇ ਪਰਮਾਤਮਾ ਨਾਲੋਂ ਊਣਾ ਜਾਂ ਘੱਟ ਹੈ, ਪਰ ਦੂਸਰੇ ਮਨੁੱਖਾਂ ਤੋਂ ਉਹ ਆਪਣੇ ਆਪ ਨੂੰ ਕਈ ਪੱਖਾਂ ਤੋਂ ਘੱਟ ਨਹੀਂ ਸਮਝਦਾ। ਭਾਵਂੇ ਇਹ ਕਰ ਸਕਣਾ ਮੁਸ਼ਕਿਲ ਹੈ ਪਰ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਹ ਬੁਨਿਆਦੀ ਹੈ। ਇਹ ਨਿਸ਼ਸਤੀਕਰਨ ਦਾ ਜ਼ਰੂਰੀ ਹਥਿਆਰ ਹੈ, ਸਮਾਜਿਕ ਮੇਲ-ਮਿਲਾਪ ਲਈ ਅਨੁਕੂਲ ਗੁਣ ਹੈ। ਇਸ ਸਬੰਧੀ ਗੁਰੂ ਅਰਜਨ ਦੇਵ ਦਾ ਫੁਰਮਾਨ ਹੈ ਕਿ ਨਿਮਰ ਸੁਭਾਉ ਸਾਡੇ ਕੋਲ ਗੁਰਜ ਹੈ, ਸਭ ਦੇ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ (ਨਿਮਰ ਸੁਭਾਉ ਅਤੇ ਚਰਨ-ਧੂੜ ਦੋਵੇਂ ਹਲੀਮੀ ਨਾਲ ਸਬੰਧਤ ਹਨ)। ਸਾਨੂੰ ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਇਸ ਗੁਰਜ ਅਤੇ ਖੰਡੇ ਅੱਗੇ ਕੋਈ ਕੁਕਰਮੀ ਟਿਕ ਨਹੀਂ ਸਕਦਾ,
ਗਰੀਬੀ ਗਦਾ ਹਮਾਰੀ॥
ਖੰਨਾ ਸਗਲ ਰੇਨੁ ਛਾਰੀ॥
ਇਸੁ ਆਗੈ ਕੋ ਨ ਟਿਕੈ ਵੇਕਾਰੀ॥
ਗੁਰ ਪੂਰੇ ਏਹ ਗਲ ਸਾਰੀ॥ (ਪੰਨਾ 628)
ਇਥੇ ਇੱਕ ਇਤਿਹਾਸਕ ਉਦਾਹਰਣ ਦਿੱਤੀ ਜਾ ਸਕਦੀ ਹੈ। ਭਾਈ ਗੁਰਦਾਸ ਤੋਂ ਪਹਿਲਾਂ ਅਤੇ ਉਨ੍ਹਾਂ ਦੇ ਸਮੇਂ ਵਿਚ ਵੀ ਸਿੱਖਾਂ ਵਿਚ ਇਹ ਪਰੰਪਰਾ ਰਹੀ ਹੈ ਕਿ ਉਹ ਮਿਲਣ ਵੇਲੇ ਇੱਕ-ਦੂਜੇ ਦੇ ਚਰਨ ਸਪਰਸ਼ ਕਰਦੇ ਸੀ ਜੋ ਕਿ ਹਲੀਮੀ ਦੇ ਗੁਣ ਨੂੰ ਹੋਰ ਮਜ਼ਬੂਤ ਕਰਦੀ ਹੈ, ਇਹ ਪਰੰਪਰਾ ਹਲੀਮੀ ਦੀ ਪ੍ਰਤੀਕ ਹੈ। ਇਸੇ ਦਾ ਜ਼ਿਕਰ ਭਾਈ ਗੁਰਦਾਸ ਕਰਦੇ ਹੋਏ ਕਹਿੰਦੇ ਹਨ ਕਿ ਸਿਰ ਤਾਂ ਉਚਾ ਹੈ ਪਰ ਮਨ ਅੰਦਰ ਹਲੀਮੀ ਹੈ, ‘ਸਿਰ ਉਚਾ ਨੀਵੇਂ ਚਰਣ ਸਿਰਿ ਪੈਰੀ ਪਾਂਦੇ’ (4/3) ਅਤੇ ‘ਪੈਰੀ ਪੈ ਗੁਰ ਸਿਖ ਪੈਰੀ ਪਾਇਆ’ (20/5)। ਚਰਣ ਸਭ ਤੋਂ ਨੀਵੇਂ ਹੁੰਦੇ ਹਨ ਅਤੇ ਜਦੋਂ ਨਿਵ ਕੇ ਇੱਕ-ਦੂਜੇ ਦੇ ਚਰਨ ਛੂਹੇ ਜਾਂਦੇ ਹਨ, ਇਸ ਨਾਲ ਮਨ ਵਿਚੋਂ ਆਪਾ-ਭਾਵ ਦੂਰ ਹੁੰਦਾ ਹੈ। ਇਸ ਤੋਂ ਅੱਗੇ ਗੁਰੂ ਪ੍ਰਤੀ ਨਿਮਰਤਾ ਹੈ ਜੋ ਕਿ ਅਧਿਆਤਮਕ ਅਗਵਾਈ ਦਿੰਦਾ ਹੈ, ਪੂਰੇ ਸਤਿਗੁਰੂ ਨੂੰ ਜਦੋਂ ਮਨੁੱਖ ਨਿਵ ਕੇ ਆਪਾ ਸਮਰਪਣ ਕਰਦਾ ਹੈ ਤਾਂ ਸਤਿਗੁਰੂ ਮਨ ਵਿਚੋਂ ਹਉਮੈ ਰੋਗ ਦੂਰ ਕਰ ਦਿੰਦਾ ਹੈ,
ਸਭ ਦੂੰ ਨੀਵੇ ਚਰਣ ਹੋਇ
ਆਪੁ ਗਵਾਇ ਨਸੀਬੁ ਨਸੀਬੀ।
ਹਉਮੈ ਰੋਗੁ ਮਿਟਾਇਦਾ
ਸਤਿਗੁਰ ਪੂਰਾ ਕਰੈ ਤਬੀਬੀ।
ਪੈਰੀ ਪੈ ਰਹਿਰਾਸਿ ਕਰਿ ਗੁਰ
ਸਿਖ ਸੁਣਿ ਗੁਰ ਸਿਖ ਮਨੀਬੀ। (4/3)
ਗੁਰੂ ਅਰਜਨ ਦੇਵ ਹਲੀਮੀ ਦੀ ਇਸ ਭਾਵਨਾ ਦਾ ਪ੍ਰਗਟਾਵਾ ਬਹੁਤ ਥਾਂਵਾਂ ਉਤੇ ਕਰਦੇ ਹਨ, ਜਿਵੇਂ ਇੱਕ ਥਾਂ ਕਹਿੰਦੇ ਹਨ ਕਿ ਹੇ ਅਕਾਲ ਪੁਰਖ ਮੈਂ ਨੀਵੇਂ ਤੋਂ ਨੀਵਾਂ ਹੋ ਕੇ ਬਹੁਤ ਨੀਵਾਂ ਹੋ ਕੇ ਬੇਨਤੀ ਕਰਕੇ ਉਨ੍ਹਾਂ ਨੂੰ ਬੁਲਾਉਂਦਾ ਰਹਾਂ। ਮੈਂ ਆਪਾ-ਭਾਵ ਛੱਡ ਕੇ ਸੰਤਾਂ ਦੇ ਪੈਰ ਘੁਟਿਆ ਕਰਾਂ ਅਤੇ ਸੰਤਾਂ ਦੀ ਸੰਗਤਿ ਵਿਚ ਟਿਕਿਆ ਰਹਾਂ,
‘ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ॥
ਪਾਵ ਮਲੋਵਾ ਆਪੁ ਤਿਆਗਿ ਸੰਤ ਸੰਗਿ ਸਮਾਵਉ॥’ (ਪੰਨਾ 812)
ਹਲੀਮੀ ਅਜਿਹਾ ਗੁਣ ਹੈ ਜਿਸ ਨਾਲ ਮਨੁੱਖ ਨੂੰ ਆਪਣੀਆਂ ਊਣਤਾਈਆਂ ਅਤੇ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਇਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਰਾਹੀਂ ਮਨੁੱਖ ਨੂੰ ਅਨੁਭਵ ਹੁੰਦਾ ਹੈ ਕਿ ਇਹ ਜੀਵਨ ਅਤੇ ਉਸ ਦੇ ਗੁਣ ਥੋੜ-ਚਿਰੇ ਹਨ। ਇਸ ਨਾਲ ਮਨੁੱਖ ਦੇ ਅੰਦਰੋਂ ਹਉਮੈ ਦੀ ਭਾਵਨਾ ਦੂਰ ਹੋ ਜਾਂਦੀ ਹੈ। ਭਾਈ ਗੁਰਦਾਸ ਧਰਤੀ, ਅੱਗ ਅਤੇ ਪਾਣੀ ਆਦਿ ਦੀਆਂ ਉਦਾਹਰਣਾਂ ਰਾਹੀਂ ਸਮਝਾਉਂਦੇ ਹਨ ਕਿ ਇਹ ਚੀਜ਼ਾਂ ਕਿੰਨੀਆਂ ਵੱਡੀਆਂ ਹਨ ਪਰ ਕਿਸ ਤਰ੍ਹਾਂ ਇਨ੍ਹਾਂ ਵਿਚ ਹਲੀਮੀ ਹੈ। ਧਰਤੀ ਸਭ ਤੋਂ ਨੀਵੀਂ ਹੈ ਅਤੇ ਨਿਮਾਣੀ ਹੋ ਕੇ, ਆਪਣਾ ਆਪ ਗੁਆ ਕੇ, ਧੀਰਜ, ਧਰਮ ਅਤੇ ਸੰਤੋਖ ਨਾਲ ਸਭ ਦੇ ਪੈਰਾਂ ਹੇਠ ਆਉਂਦੀ ਹੈ ਅਤੇ ਲਿਵਲੀਨ ਹੋ ਕੇ ਰਹਿੰਦੀ ਹੈ। ਇਸੇ ਤਰ੍ਹਾਂ ਅੱਗ ਦਾ ਸੁਭਾਅ ਗਰਮ ਹੈ, ਤੱਤਾ ਹੈ ਅਤੇ ਪਾਣੀ ਦਾ ਸੁਭਾਅ ਠੰਡਾ ਹੈ, ਸੀਤਲ ਹੈ। ਅੱਗ ਦੀ ਉਚੀ ਲਾਟ ਤੋਂ ਘਬਰਾਹਟ ਹੁੰਦੀ ਹੈ ਅਤੇ ਸਿਰ ਉਚਾ ਕਰਕੇ ਬੁਰਾ ਕਰਦੀ ਹੈ ਪਰ ਪਾਣੀ ਨੀਵਾਣ ਵੱਲ ਜਾਂਦਾ ਹੈ ਅਤੇ ਆਪਣੀ ਨਿਮਰਤਾ ਨਾਲ ਪਰ-ਉਪਕਾਰ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਨਿਮਰ ਹੈ, ਉਹ ਗੁਰੂ ਨੂੰ ਪਿਆਰਾ ਹੈ। ਚੀਚੀ ਉਂਗਲੀ ਸਭ ਤੋਂ ਛੋਟੀ ਹੁੰਦੀ ਹੈ ਪਰ ਮੁੰਦਰੀ ਉਸ ਦਾ ਮਾਣ ਬਣਦੀ ਹੈ, ਉਸ ਨੂੰ ਸਤਿਕਾਰ ਮਿਲਦਾ ਹੈ। ਪਾਣੀ ਦੀ ਨਿੱਕੀ ਜਿਹੀ ਬੂੰਦ ਮੋਤੀ ਬਣਨ ਦੇ ਕੰਮ ਆਉਂਦੀ ਹੈ ਅਤੇ ਛੋਟਾ ਜਿਹਾ ਬੀਜ ਜਦੋਂ ਧਰਤੀ ਵਿਚ ਬੀਜਿਆ ਜਾਂਦਾ ਹੈ ਤਾਂ ਉਹ ਵੱਡੇ ਦਰੱਖਤ ਦਾ ਰੂਪ ਧਾਰਨ ਕਰ ਲੈਂਦਾ ਹੈ। ਭਾਈ ਗੁਰਦਾਸ ਅਨੁਸਾਰ ਇਸੇ ਤਰ੍ਹਾਂ ਗੁਰਮੁਖਿ ਤਾਕਤਵਰ ਹੁੰਦਿਆਂ ਵੀ ਆਪਣੀ ਤਾਕਤ ਦਾ ਮੁਜ਼ਾਹਰਾ ਨਹੀਂ ਕਰਦਾ, ਉਹ ਹਲੀਮੀ ਵਿਚ ਵਿਚਰਦਾ ਹੈ।
ਸੰਤੋਖ: ਅਗਲਾ ਗੁਣ ਸੰਤੋਖ ਹੈ ਜੋ ਕਿ ਸੰਸਕ੍ਰਿਤ ਦੇ ਸ਼ਬਦ ‘ਸੰਤੋਸ਼’ ਦਾ ਪੰਜਾਬੀ ਰੂਪ ਹੈ। ਸੰਤੋਖ ਅਜਿਹਾ ਗੁਣ ਹੈ ਜਿਸ ਦੀ ਸਿੱਖ ਨੈਤਿਕਤਾ ਵਿਚ ਬਹੁਤ ਵੱਡੀ ਭੂਮਿਕਾ ਹੈ। ਅਸਲ ਵਿਚ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਕਰਮ-ਕਾਂਡ ਵਿਚੋਂ ਕੱਢ ਕੇ ਨੈਤਿਕ ਗੁਣਾਂ ਨਾਲ ਜੋੜਿਆ। ਅਜਿਹੇ ਨੈਤਿਕ ਗੁਣਾਂ ਨਾਲ ਜਿਨ੍ਹਾਂ ਰਾਹੀਂ ਮਨੁੱਖ ਦਾ ਵਿਅਕਤੀਗਤ ਕਲਿਆਣ ਅਤੇ ਸਮਾਜ ਦਾ ਕਲਿਆਣ ਦੋਵੇਂ ਸੰਭਵ ਹੋ ਸਕਦੇ ਹਨ। ਸਮਾਜ ਦੇ ਕਲਿਆਣ ਬਿਨਾਂ ਵਿਅਕਤੀਗਤ ਮੁਕਤੀ ਕੋਈ ਮਾਅਨੇ ਨਹੀਂ ਰੱਖਦੀ ਅਤੇ ਵਿਅਕਤੀਗਤ ਮੁਕਤੀ ਦੇ ਨਾਲ ਹੀ ਸਮਾਜ ਦੀ ਮੁਕਤੀ ਸੰਭਵ ਹੈ। ਇਸੇ ਲਈ ਗੁਰਮਤਿ ਨੈਤਿਕਤਾ ਵਿਚ ਕਿਸੇ ਇਕਾਂਤ ਵਿਚ ਜਾ ਕੇ, ਸਮਾਜ ਦਾ ਤਿਆਗ ਕਰਕੇ ਹੱਠ ਜੋਗ ਜਾਂ ਕਠਿਨ ਤਪੱਸਿਆ ਕਰਨ ਦੀ ਪ੍ਰੇਰਨਾ ਨਹੀਂ ਕੀਤੀ ਗਈ ਬਲਕਿ ਸਤਿ-ਸੰਗਤਿ ਵਿਚ ਜਾ ਕੇ ਗੁਰੂ ਦੀ ਅਗਵਾਈ ਵਿਚ ਨਾਮ ਜਪਣ ਦੀ ਪ੍ਰੇਰਨਾ ਕੀਤੀ ਗਈ ਹੈ।
ਗੁਰਮਤਿ ਅਨੁਸਾਰ ਨਾਮ ਜਪਣਾ ਕੋਈ ਤੋਤੇ-ਰਟਣੀ ਨਹੀਂ ਸਗੋਂ ਨਾਮ ਸਿਮਰਨ ਦਾ ਅਰਥ ਹੈ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ, ਉਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਅਤੇ ਫਿਰ ਆਪਣੀ ਕਰਨੀ ਰਾਹੀਂ, ਆਪਣੀ ਰਹਿਣੀ ਰਾਹੀਂ ਉਨ੍ਹਾਂ ਗੁਣਾਂ ਨੂੰ ਪ੍ਰਗਟ ਕਰਨਾ। ਇਸ ਲਈ ਸਿੱਖ ਨੈਤਿਕਤਾ ਕਿਸੇ ਕਿਸਮ ਦੀਆਂ ਧਾਰਮਿਕ ਰਸਮਾਂ ਜਾਂ ਕਰਮ-ਕਾਂਡ ਨਾਲ ਨਹੀਂ ਜੁੜੀ ਹੋਈ ਬਲਕਿ ਇੱਕ ਖਾਸ ਕਿਸਮ ਦੀ ਜੀਵਨ ਜਾਚ ਹੈ, ਜਿਸ ਵਿਚ ਮਨੁੱਖ ਦੀ ਕਰਨੀ ਸ਼ਾਮਲ ਹੈ। ਇਹ ਕਰਨੀ ਮਨੁੱਖ ਦੇ ਅਧਿਆਤਮਕ ਆਦਰਸ਼ ਨਾਲ ਇੱਕਸੁਰਤਾ ਹੈ, ਮੇਲ ਹੈ ਜੋ ਕਿ ਇਸ ਦਾ ਧੁਰਾ ਹੈ, ਮੂਲ ਹੈ। ‘ਕਰਨੀ’ ਤੋਂ ਮਨੁੱਖ ਥੱਕ ਵੀ ਸਕਦਾ ਹੈ, ਉਸ ਦੇ ਅੰਦਰ ਉਕਤਾਹਟ ਪੈਦਾ ਹੋ ਸਕਦੀ ਹੈ ਪਰ ਸੰਤੋਖ ਅਜਿਹਾ ਗੁਣ ਹੈ ਜੋ ਮਨੁੱਖ ਨੂੰ ਇਸ ਉਕਤਾਹਟ ਤੋਂ ਬਚਾਉਂਦਾ ਹੈ। ਇਸ ਲਈ ਸੰਤੋਖ ਸਿੱਖ ਨੈਤਿਕਤਾ ਦਾ ਅਹਿਮ ਅਤੇ ਜ਼ਰੂਰੀ ਹਿੱਸਾ ਹੈ।
ਇਹ ਬਿਲਕੁਲ ਸੰਭਵ ਹੈ ਕਿ ਮਨੁੱਖ ਜਦੋਂ ਉਹ ਸਭ ਕੁੱਝ ਕਰਨ ਦਾ ਉਦਮ ਕਰ ਚੁੱਕਦਾ ਹੈ, ਕੋਸ਼ਿਸ਼ ਕਰ ਚੁੱਕਦਾ ਹੈ ਜੋ ਉਹ ਕਰ ਸਕਦਾ ਉਸ ਦਾ ਫਲ ਉਸ ਦੀ ਕਰਨੀ ਦੇ ਅਨੁਰੂਪ ਨਾ ਨਿਕਲੇ। ਇਹ ਬਹੁਤ ਸੰਕਟਮਈ ਘੜੀ ਹੁੰਦੀ ਹੈ ਜਦੋਂ ਮਨੁੱਖੀ ਕਰਨੀ ਦੀ ਉਬਲਦੀ ਦੇਗ ਦਾ ਨਤੀਜਾ ਬਿਲਕੁਲ ਉਲਟ ਨਿਕਲੇ ਤਾਂ ਮਨੁੱਖ ਹਾਲਾਤ ਨਾਲ ਸਮਝੌਤਾ ਕਰਨ ਲਈ ਦੋ ਬਦਲ ਚੁਣ ਸਕਦਾ ਹੈ: ਵੈਰਾਗ ਜਾਂ ਸੰਤੋਖ। ਵੈਰਾਗ ਦਾ ਵਿਚਾਰ ਮਨ ਨੂੰ ਜ਼ਿਆਦਾ ਲੁਭਾਉਣਾ ਲੱਗ ਸਕਦਾ ਹੈ ਕਿਉਂਕਿ ਇਸ ਨਾਲ ਮਨੁੱਖ ਹਾਲਾਤ ਨਾਲ ਸ਼ਾਇਦ ਛੇਤੀ ਸਾਵਾਂ ਹੋ ਜਾਂਦਾ ਹੈ। ਪ੍ਰੰਤੂ ਸੰਤੋਖ ਦਾ ਰਸਤਾ ਨੈਤਿਕ ਤੌਰ ਤੇ ਜ਼ਿਆਦਾ ਅਹਿਮ ਅਤੇ ਚਿਰ-ਸਥਾਈ ਹੈ ਕਿਉਂਕਿ ਮਨੁੱਖ ਆਪਣੀ ਕਰਨੀ ਦੇ ਫਲ ਨੂੰ ਜ਼ਿਆਦਾ ਸਹਿਜ ਨਾਲ, ਦੁਬਾਰਾ ਕਰਮ ਕਰਨ ਦੀ ਦ੍ਰਿੜਤਾ ਦਾ ਤਿਆਗ ਕੀਤੇ ਬਗੈਰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਬਿਹਤਰ ਢੰਗ ਨਾਲ ਤਿਆਰ ਹੋ ਕੇ, ਸਵੀਕਾਰ ਕਰਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸੰਤੋਖ ਮਿਹਨਤ ਨਾਲ ਪ੍ਰਾਪਤ ਕੀਤੀ ਮਾਨਸਿਕ ਅਵਸਥਾ ਹੈ, ਜੋ ਕਿ ਤਿਆਗ ਦੀ ਚੋਣ ਦੇ ਉਲਟ, ਮਨੁੱਖੀ ਸ਼ਖਸੀਅਤ ਲਈ ਕਰਨੀ ਵਾਸਤੇ ਸੁਰੱਖਿਅਤ-ਛਤਰੀ ਦਾ ਕੰਮ ਕਰਦਾ ਹੈ।
ਸਾਰੇ ਗੁਰੂ ਸਾਹਿਬਾਨ ਨੇ ਸੰਤੋਖ ਦੇ ਇਸ ਅਹਿਮ ਪਹਿਲੂ ‘ਤੇ ਜ਼ੋਰ ਦਿੱਤਾ ਹੈ। ਇਸ ਦੀ ਅਹਿਮੀਅਤ ਕਿੰਨੀ ਹੈ ਜਾਂ ਸੰਤੋਖ ਨੂੰ ਕਿੰਨਾ ਉਚਾ ਸਥਾਨ ਦਿੱਤਾ ਗਿਆ ਹੈ, ਇਸ ਦਾ ਪਤਾ ਇਸ ਤੱਥ ਤੋਂ ਲੱਗ ਜਾਂਦਾ ਹੈ ਕਿ ਬਾਣੀ ਵਿਚ ਜੇ ਗੁਰੂ ਸਾਹਿਬਾਨ ਨੇ ਕਿਤੇ ਵੀ ਤਿੰਨ ਗੁਣਾਂ ਤੋਂ ਵੱਧ ਦਾ ਵਰਣਨ ਨਹੀਂ ਕੀਤਾ ਤਾਂ ਸੰਤੋਖ ਦਾ ਜ਼ਿਕਰ ਉਨ੍ਹਾਂ ਵਿਚ ਜ਼ਰੂਰ ਕੀਤਾ ਹੈ ਜਿਵੇਂ ‘ਸਤ ਸੰਤੋਖ ਵੀਚਾਰੋ’ ਜਾਂ ‘ਸਤ ਸੰਤੋਖ ਸੰਜਮ।’ ਇਸੇ ਤਰ੍ਹਾਂ ਇਸ ਗੁਣ ਦੀ ਮਹੱਤਤਾ ਇਸ ਗੱਲ ਤੋਂ ਵੀ ਜ਼ਾਹਿਰ ਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ‘ਸੰਤੋਖ’ ਸ਼ਬਦ ਦਾ ਜ਼ਿਕਰ ‘ਸਤ’ ਨਾਲ ਵਾਰ ਵਾਰ ਆਇਆ ਹੈ। ਜਨਮ ਸਾਖੀਆਂ ਵਿਚ ਵੀ ਅਧਿਆਤਮਕ ਉਨਤੀ ਦੇ ਇੱਕ ਪੱਖ ਵਜੋਂ ਇਸ ਦਾ ਜ਼ਿਕਰ ਕੀਤਾ ਮਿਲਦਾ ਹੈ ਜਿਵੇਂ ਸਤਸੰਗਤਿ, ਸਤਿ, ਸਾਮ, ਦਾਮ, ਸੰਤੋਖ ਆਦਿ।
ਸੰਤੋਖ ਦੇ ਸੁਭਾਅ ਦੀ ਗੱਲ ਕਰਦਿਆਂ ਇਹ ਪ੍ਰਸ਼ਨ ਪੈਦਾ ਹੋ ਸਕਦਾ ਹੈ ਕਿ ਮਨੁੱਖ ਨੂੰ ਕਿਸ ਨਾਲ ਜਾਂ ਕਿਵੇਂ ਸੰਤੋਖ ਆਉਣਾ ਚਾਹੀਦਾ ਹੈ? ਕੀ ਮਨੁੱਖ ਨੂੰ ਗ਼ਰੀਬੀ, ਭੁੱਖ ਜਾਂ ਥੁੜ ਤੋਂ ਬਿਨਾਂ ਇਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਸੰਤੋਖ ਕਰ ਲੈਣਾ ਚਾਹੀਦਾ ਹੈ? ਕੀ ਸੰਤੋਖ ਦਾ ਅਰਥ ਹੈ ਹਾਲਾਤ ਨੂੰ ਜਿਵੇਂ ਦੇ ਤਿਵੇਂ ਮਨਜ਼ੂਰ ਕਰ ਲੈਣਾ? ਕੀ ਇਸ ਦਾ ਮਤਲਬ ਬੁਰਾਈ, ਆਲਸ ਜਾਂ ਅਕਰਨੀ ਤੇ ਸੰਤੋਖ ਕਰ ਲੈਣਾ ਹੈ? ਕੀ ਸੰਤੋਖ ਦਾ ਅਰਥ ਹੈ ਹਾਲਾਤ ਨੂੰ ਬਿਨਾਂ ਨੈਤਿਕ-ਅਧਿਆਤਮਕ ਉਨਤੀ ਵੱਲ ਕਦਮ ਪੁੱਟਿਆਂ ਉਵੇਂ ਸਵੀਕਾਰ ਕਰ ਲੈਣਾ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉਤਰ ਗੁਰਬਾਣੀ ਅਨੁਸਾਰ ਅਗਲੇ ਲੇਖ ਵਿਚ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।
(ਚਲਦਾ)
Leave a Reply