ਅੰਮ੍ਰਿਤਸਰ: ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਵੱਲੋਂ ਸਿੱਖਾਂ ਖਿਲਾਫ ਕੀਤੀ ਟਿੱਪਣੀ ‘ਤੇ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਕੀਤਾ ਹੈ। ਇਸ ਮਾਮਲੇ ਵਿਚ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ।
ਸਾਬਕਾ ਆਈ.ਪੀ.ਐਸ. ਅਧਿਕਾਰੀ ਵੱਲੋਂ ਕੀਤੀ ਟਿੱਪਣੀ ‘ਤੇ ਇਤਰਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਸਿੱਖਾਂ ਨੇ ਅਬਦਾਲੀ ਦੇ ਰਾਜ ਵਿਚ ਔਰਤਾਂ ਨੂੰ ਬਚਾਉਣ ਲਈ ਅਤੇ ਧਾੜਵੀਆਂ ਨੂੰ ਰੋਕਣ ਲਈ ਕੀ ਕੁਝ ਕੀਤਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਧਾੜਵੀ ਭਾਰਤ ‘ਤੇ ਹਮਲਾ ਕਰ ਕੇ ਇਥੋਂ ਦਾ ਕੀਮਤੀ ਸਾਮਾਨ ਅਤੇ ਔਰਤਾਂ ਨੂੰ ਬਾਜ਼ਾਰਾਂ ਵਿਚ ਵੇਚਣ ਲਈ ਲੈ ਜਾਂਦੇ ਸਨ ਤਾਂ ਲੋਕਾਂ ਦੀ ਰਖਵਾਲੀ ਲਈ ਸਦਾ ਤਤਪਰ ਰਹਿਣ ਵਾਲੇ ਸਿੰਘ ਰਾਤ 12 ਵਜੇ ਧਾੜਵੀਆਂ ‘ਤੇ ਹਮਲਾ ਕਰ ਕੇ ਲੁੱਟ ਦਾ ਸਾਮਾਨ ਅਤੇ ਔਰਤਾਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਘਰਾਂ ਵਿਚ ਪਹੁੰਚਾਉਂਦੇ ਸਨ। ਉਨ੍ਹਾਂ ਕਿਹਾ ਕਿ ਕਿਰਨ ਬੇਦੀ ਪੰਜਾਬ ਦੀ ਜੰਮਪਲ ਹੈ ਅਤੇ ਉਸ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪਰ ਉਸ ਵੱਲੋਂ ਸਿੱਖਾਂ ਖਿਲਾਫ ਕੀਤੀ ਟਿੱਪਣੀ ਹੈਰਾਨੀਜਨਕ ਤੇ ਸ਼ਰਮਨਾਕ ਹੈ, ਇਸ ਨੇ ਪੂਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ‘ਆਪ` ਦੇ ਵੱਖ-ਵੱਖ ਆਗੂਆਂ ਵੱਲੋਂ ਵੀ ਕਿਰਨ ਬੇਦੀ ਦੀ ਟਿੱਪਣੀ ਦਾ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਕਿਰਨ ਬੇਦੀ ਨੇ ਸੋਸ਼ਲ ਮੀਡੀਆ `ਤੇ ਹੋਈ ਇਸ ਗਲਤੀ ਲਈ ਮੁਆਫੀ ਵੀ ਮੰਗ ਲਈ ਹੈ। ਉਸ ਨੇ ਆਪਣੇ ਟਵਿੱਟਰ ਖਾਤੇ `ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੁੰਦਿਆਂ ਦੀ ਤਸਵੀਰ ਵੀ ਅਪਲੋਡ ਕੀਤੀ ਹੈ। ਇਸ `ਤੇ ਲਿਖਿਆ ਹੋਇਆ ਕਿ ਉਹ ਪੰਜਾਬ ਦੀ ਧੀ ਹੈ।
ਉਸ ਨੇ ਇਕ ਹੋਰ ਟਵੀਟ ਵਿਚ ਲਿਖਿਆ ਹੈ ਕਿ ਉਸ ਦੇ ਮਨ ਵਿਚ ਆਪਣੇ ਭਾਈਚਾਰੇ ਲਈ ਵੱਡਾ ਸਤਿਕਾਰ ਹੈ ਅਤੇ ਉਹ ਗੁਰੂ ਨਾਨਕ ਦੇਵ ਦੀ ਭਗਤ ਹੈ। ਉਸ ਨੇ ਆਪਣੀ ਟਿੱਪਣੀ ਵਾਸਤੇ ਮੁਆਫੀ ਵੀ ਮੰਗੀ ਹੈ। ਉਸ ਵੱਲੋਂ ਕੀਤੀ ਟਿੱਪਣੀ ਕਾਰਨ ਉਸ ਖਿਲਾਫ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਜਵਾਬ ਵੀ ਦਰਜ ਕੀਤੇ ਹੋਏ ਹਨ।