ਇੰਦਰਜੀਤ ਚੁਗਾਵਾਂ
ਜ਼ਿੰਦਗੀ ਕਦੇ ਵੀ ਸਾਵੀਂ-ਪੱਧਰੀ ਨਹੀਂ ਹੋ ਸਕਦੀ। ਉਤਾਰ-ਚੜ੍ਹਾਅ ਜ਼ਿੰਦਗੀ ਦੇ ਸਫਰ ਦਾ ਅਹਿਮ ਹਿੱਸਾ ਹੁੰਦੇ ਹਨ। ਉਤਾਰ ਦੌਰਾਨ ਕਿਸੇ ਦੋਸਤ-ਰਿਸ਼ਤੇਦਾਰ ਵੱਲੋਂ ਨਿਭਾਇਆ ਰੋਲ ਤੁਹਾਡੇ ਚੇਤਿਆਂ ‘ਚ ਉੱਕਰਿਆ ਜਾਂਦਾ ਹੈ। ਜੇ ਇਹ ਰੋਲ ਹੱਥ ਫੜਨਵਾਲਾ ਹੋਵੇ ਤਾਂ ਤੁਹਾਨੂੰ ਸਕੂਨ ਦਿੰਦਾ ਹੈ, ਤੁਸੀਂ ਉਸ ਹੱਥ ਨੂੰ ਹਮੇਸ਼ਾ ਆਪਣੇ ਅੰਗ-ਸੰਗ ਮਹਿਸੂਸ ਕਰਦੇ ਹੋ। ਮਨੁੱਖ ਦਰਅਸਲ ਇਕੱਲਾ ਰਹਿ ਹੀ ਨਹੀਂ ਸਕਦਾ। ਇੱਕ-ਦੂਸਰੇ ਦਾ ਹੱਥ ਫੜਨ ਨਾਲ ਭਾਈਚਾਰਾ ਬਣਦਾ ਹੈ। ਭਾਈਚਾਰਾ ਬਣਦਾ ਹੈ ਤਾਂ ਕਿਸ ੇਇੱਕ ਦੀ ਸਮੱਸਿਆ ਪੂਰੇ ਭਾਈਚਾਰੇ ਦੀ ਸਮੱਸਿਆ ਬਣ ਜਾਂਦੀ ਹੈ ਤੇ ਭਾਈਚਾਰੇ ਅੱਗੇ ਕੋਈ ਵੀ ਸਮੱਸਿਆ, ਸਮੱਸਿਆ ਨਹੀਂ ਰਹਿੰਦੀ।
ਦੂਸਰੇ ਪਾਸੇ ਇਨਸਾਨੀ ਫ਼ਿਤਰਤ ਇਹ ਵੀ ਹੈ ਕਿ ਕਿਸੇ ਦੋਸਤ-ਰਿਸ਼ਤੇਦਾਰ ਦੀ ਸੰਕਟ ਦੌਰਾਨ ਮਦਦ ਕਰਨ ਤੋਂ ਬਾਅਦ ਉਸਦੀ ਨਿੱਜੀ ਜ਼ਿੰਦਗੀ ਦੀ ਵਾਗਡੋਰ ਆਪਣੇ ਹੱਥਾਂ ‘ਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਲ਼ੇ-ਦੁਆਲ਼ੇ ਪਰਚਾਰ ਕੀਤਾ ਜਾਂਦਾ ਹੈ, “ਮੈਂ ਉਹਦੇ ਲਈ ਆਹ ਕੁੱਝ ਕੀਤਾ, ਹੋਰ ਕੋਈ ਕਰਕੇ ਤਾਂ ਦਿਖਾਵੇ !” ਅਹਿਸਾਨ ਦੇ ਬੋਝ ਹੇਠ ਦੱਬਿਆ ਉਹ ਵਿਅਕਤੀ ਮੂੰਹੋਂ ਭਾਵੇਂ ਕੁੱਝ ਨਹੀਂ ਬੋਲਦਾ ਪਰ ਅੰਦਰੋ-ਅੰਦਰ ਇਹ ਜ਼ਰੂਰ ਆਖਦਾ ਹੈ ਕਿ ਅਜਿਹੀ ਮਦਦ ਨਾਲ਼ੋਂ ਤਾਂ ਮੌਤ ਹੀ ਚੰਗੀ ਸੀ।
ਬਹੁਤ ਘੱਟ ਲੋਕ ਹੁੰਦੇ ਹਨ ਜੋ ਸੰਕਟ ਵੇਲੇ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ ਸੰਕਟ-ਮੋਚਨ ਬਣ ਕੇ ਆਉਂਦੇ ਹਨ ਤੇ ਮਸਲੇ ਦਾ ਹੱਲ ਕਰਕੇ ਤੁਰਦੇ ਬਣਦੇ ਹਨ। ਸੰਕਟ ‘ਚ ਘਿਰੇ ਬੰਦੇ ਨੂੰ ਕੋਈ ਇਲਮ ਵੀ ਨਹੀਂ ਹੋਣ ਦਿੰਦੇ ਕਿ ਮੁਸੀਬਤ ਤੋਂ ਉਸਦਾ ਛੁਟਕਾਰਾ ਕਿਵੇਂ ਹੋਇਆ। ਪਤਾ ਲੱਗਣ ‘ਤੇ ਜਦ ਉਹ ਬੰਦਾ ਆਪਣੇ ਸੰਕਟ-ਮੋਚਨ ਕੋਲ ਸ਼ੁਕਰਾਨੇ ਵਜੋਂ ਜਾਂਦਾ ਹੈ ਤਾਂ ਉਹ ਅੱਗੋਂ ਹੱਸ ਕੇ ਗੱਲ ਟਾਲ ਦਿੰਦਾ ਹੈ।
ਮੇਰੀ ਹਮਸਫ਼ਰ ਪੰਮ ਦੇ ਚਾਚਾ ਜੀ ਸ. ਗੁਰਦੀਪ ਸਿੰਘ ਅਣਖੀ, ਜੋ ਬੀਤੀ ਅਠਾਰਾਂ ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ। ਰਹਿੰਦੇ ਉਹ ਫਰਿਜ਼ਨੋ ‘ਚ ਸਨ ਪਰ ਖ਼ਬਰ ਹਰ ਪਾਸੇ ਦੀ ਰੱਖਦੇ ਸਨ। ਮੁਸੀਬਤ ‘ਚ ਫਸੇ ਵਿਅਕਤੀ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਸਨ। ਜਦ ਤੱਕ ਸਮੱਸਿਆ ਹੱਲ ਨਾ ਹੋ ਜਾਵੇ, ਉਨ੍ਹਾ ਨੂੰ ਟੇਕ ਨਹੀਂ ਸੀ ਆਉਂਦੀ। ਆਪਣੇ ਪਿੰਡ ਕੰਗ ਅਰਾਈਆਂ ਦੇ ਕਿਸੇ ਗਰੀਬ ਪਰਿਵਾਰ ਦੀ ਮੁਸ਼ਕਲ ਬਾਰੇ ਪਤਾ ਲੱਗਣਾ ਤਾਂ ਆਪਣੇ ਬੇਟੇ ਹਰਜਿੰਦਰ ਨੂੰ ਉਸ ਪਰਿਵਾਰ ਦੀ ਮਦਦ ਕਰਨ ਲਈ ਆਖ ਦੇਣਾ। ਹਰਜਿੰਦਰ ਇਕੱਲਾ ਹੀ ਘਰ ਤੋਰਨ ਵਾਲਾ ਪਰ ਬਾਪ ਦੇ ਆਖੇ ਨੂੰ ਸਿਰ-ਮੱਥੇ ਮੰਨ ਕੇ ਵਿੱਤ ਮੁਤਾਬਕ ਪੈਸੇ ਭੇਜ ਦੇਣੇ।
ਚਾਚਾ ਅਣਖੀ ਦੇ ਦਿਹਾਂਤ ਤੋਂ ਬਾਅਦ ਅਸੀਂ (ਸੁਰਿੰਦਰ ਮੰਢਾਲੀ, ਮਹਿੰਦਰ ਸਿੰਘ ਢਾਹ, ਮਹਿੰਦਰ ਦੁਸਾਂਝ ਤੇ ਹੋਰ ਪਰਿਵਾਰਕ ਮੈਂਬਰ) ਘਰ ਬੈਠੇ ਸੀ ਤਾਂ “ਨੇਕੀ ਕਰ-ਖੂਹ ‘ਚ ਪਾ” ਅਖਾਣ ਬਾਰੇ ਗੱਲ ਚੱਲੀ ਤੇ ਇਸ ਦੌਰਾਨ ਇਕ ਬਹੁਤ ਦਿਲਚਸਪ ਕਿੱਸਾ ਸਾਹਮਣੇ ਆਇਆ।
ਦੁਆਬੇ ਦੇ ਇੱਕ ਨਾਮਵਰ ਤੇ ਸਤਿਕਾਰਤ ਢਾਡੀ ਚਾਚਾ ਜੀ ਦੇ ਮਿੱਤਰ ਹੋਇਆ ਕਰਦੇ ਸਨ ਜਿਨ੍ਹਾਂ ਦਾ ਨਾਂਅ ਲਿਖਣਾ ਸਦਾਚਾਰ ਦੇ ਉਲਟ ਤਾਂ ਹੋਵੇਗਾ ਹੀ, ਅਣਖੀ ਜੀ ਨਾਲ ਵੀ ਦਗ਼ਾ ਕਮਾਉਣਾ ਹੋਵੇਗਾ। ਜਵਾਨੀ ਵੇਲੇ ਪ੍ਰੋਗਰਾਮ ਕਰਨ ਤੋਂ ਬਾਅਦ ਘਰ ਜਾ ਕੇ ਪੈੱਗ ਲਾਉਣਾ ਉਨ੍ਹਾ ਦੀ ਆਦਤ ਸੀ ਪਰ ਇਸ ਬਾਰੇ ਕੁੱਝ ਇੱਕ ਗਿਣੇ-ਚੁਣੇ ਬੰਦਿਆਂ ਤੋਂ ਇਲਾਵਾ ਕਿਸੇ ਨੂੰ ਵੀ ਇਲਮ ਨਹੀ ਸੀ। ਵੈਸੇ ਵੀ ਸ਼ਰਾਬ ਪੀਣਾ ਕੋਈ ਪਾਪ ਨਹੀਂ ਬਸ਼ਰਤੇ ਕਿ ਇਹ ਪਰਿਵਾਰ ਤੇ ਆਲੇ-ਦੁਆਲੇ ਦਾ ਜੀਵਨ ਨਰਕ ਨਾ ਬਣਾਵੇ।
ਇੱਕ ਵਾਰ ਪ੍ਰੋਗਰਾਮ ਤੋਂ ਵਾਪਸੀ ਵੇਲੇ ਉਨ੍ਹਾ ਫਗਵਾੜਿਓਂ ਠੇਕੇ ਤੋਂ ਬੋਤਲ ਲਈ ਤੇ ਝੋਲੇ ‘ਚ ਪਾ ਕੇ ਬੱਸ ‘ਚ ਬੈਠ ਗਏ। ਕਿਸੇ ਲੱਗਦੀ ਵਾਲੇ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ ਤੇ ਪੁਲਿਸ ਨੇ ਬੱਸ ਦੀ ਤਲਾਸ਼ੀ ਦੇ ਬਹਾਨੇ ਉਨ੍ਹਾ ਦੇ ਝੋਲੇ ‘ਚੋਂ ਬੋਤਲ ਬਰਾਮਦ ਕਰ ਲਈ। ਥਾਣੇ ਲਿਜਾ ਕੇ ਕੇਸ ਪਾ ਦਿੱਤਾ ਗਿਆ।
ਉਨ੍ਹਾਂ ਦਿਨਾਂ ‘ਚ ਸੋਸ਼ਲ ਮੀਡੀਆ ਤਾਂ ਦੂਰ ਦੂਰ ਤੱਕ ਨਜ਼ਰ ਨਹੀਂ ਸੀ ਆਉਂਦਾ। ਇਸ ਲਈ ਇਹ ਖ਼ਬਰ ਚਰਚਾ ਵਿੱਚ ਨਾ ਆਈ। ਕੇਸ ਫਗਵਾੜਾ ਦੀ ਅਦਾਲਤ ‘ਚ ਚੱਲ ਰਿਹਾ ਸੀ। ਤਰੀਕਾਂ ਪੈਣ ਤੋਂ ਬਾਅਦ ਗੱਲ ਫੈਸਲੇ ‘ਤੇ ਆ ਗਈ। ਇਸ ਪੜਾਅ ‘ਤੇ ਗੱਲ ਅਣਖੀ ਹੁਰਾਂ ਦੇ ਕੰਨੀ ਪਈ।
ਫਗਵਾੜਾ ਦੀ ਅਦਾਲਤ ਦਾ ਜੱਜ ਦੂਰੋਂ ਨੇੜਿਓਂ (ਮਰਹੂਮ) ਨੌਨਿਹਾਲ ਸਿੰਘ ਚੱਠਾ (ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ) ਹੁਰਾਂ ਦਾ ਨਜ਼ਦੀਕੀ ਨਿਕਲਿਆ। ਅਣਖੀ ਜੀ ਨੇ ਨੌਨਿਹਾਲ ਹੁਰਾਂ ਅੱਗੇ ਮਾਮਲਾ ਰੱਖਿਆ ਤੇ ਦੋਵੇਂ ਮਿੱਤਰ ਜੱਜ ਦੇ ਘਰ ਜਾ ਪਹੁੰਚੇ।
ਜੱਜ ਨੂੰ ਉਨ੍ਹਾ ਸਾਫ਼ ਲਫਜ਼ਾਂ ‘ਚ ਦੱਸ ਦਿੱਤਾ ਕਿ ਸ਼ਰਾਬ ਬਿਲਕੁਲ ਉਸਦੇ ਝੋਲੇ ‘ਚੋਂ ਮਿਲੀ ਹੈ ਤੇ ਇਹ ਕੋਈ ਵੱਡੀ ਗੱਲ ਵੀ ਨਹੀਂ ਕਿਉਂਕਿ ਇਹ ਬੋਤਲ ਉਸਨੇ ਪੀਣ ਲਈ ਖਰੀਦੀ ਸੀ, ਵੇਚਣ ਲਈ ਨਹੀਂ। ਕਾਨੂੰਨ ਦੀਆਂ ਨਜ਼ਰਾਂ ‘ਚ ਉਹ ਦੋਸ਼ੀ ਹੋ ਸਕਦਾ ਹੈ ਪਰ ਉਸਨੂੰ ਸਜ਼ਾ ਦੇ ਕੇ ਜੇ ਜੇਲ੍ਹ ਭੇਜ ਦਿੱਤਾ ਗਿਆ ਤਾਂ ਉਸਦੇ ਬੱਚੇ ਭੁੱਖੇ ਮਰ ਜਾਣਗੇ ਤੇ ਲੋਕਾਂ ਦੀਆਂ ਨਜ਼ਰਾਂ ‘ਚ ਉਸਦਾ ਮਾਣ ਵੀ ਜਾਂਦਾ ਲੱਗੇਗਾ। ਅਖੀਰ ‘ਚ ਅਣਖੀ ਜੀ ਨੇ ਕਿਹਾ,” ਜੱਜ ਤੁਸੀਂ ਹੋ। ਫੈਸਲਾ ਤੁਹਾਡੇ ਹੱਥ ਹੈ। ਅਸੀਂ ਨਹੀਂ ਕਹਿੰਦੇ ਕਿ ਉਹਨੂੰ ਬਖ਼ਸ਼ ਦਿਓ! ਸਾਡੀ ਤਾਂ ਇਹੋ ਅਰਜੋਈ ਹੈ ਕਿ ਫੈਸਲਾ ਸੁਣਾਉਣ ਲੱਗੇ ਇਨ੍ਹਾਂ ਪਹਿਲੂਆਂ ਵੱਲ ਜ਼ਰੂਰ ਨਜ਼ਰ ਮਾਰ ਲਿਓ!”
ਜੱਜ ਨੇ ਕੋਈ ਭਰੋਸਾ ਨਾ ਦਿੱਤਾ। ਏਨਾ ਜ਼ਰੂਰ ਕਿਹਾ, “ਦੇਖਾਂਗਾ ਮੈਂ..!”
ਦੋਵੇਂ ਮਿੱਤਰ ਆਪਣਾ ਰੋਲ ਅਦਾ ਕਰਕੇ ਵਾਪਸ ਆ ਗਏ। ਨੌਨਿਹਾਲ ਹੁਰੀਂ ਕਹਿਣ ਲੱਗੇ, “ਅਣਖੀ ਯਾਰ, ਜੱਜ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ …” ਅਣਖੀ ਜੀ ਦਾ ਜੁਆਬ ਸੀ, “ਘੱਟੋ-ਘੱਟ ਆਪਣੀ ਜ਼ਮੀਰ ‘ਤੇ ਤਾਂ ਕੋਈ ਬੋਝ ਨਹੀਂ…ਜੇ ਪਤਾ ਹੁੰਦੇ ਕੁੱਝ ਨਾ ਕਰਦੇ, ਫੇਰ ਜ਼ਿਆਦਾ ਮਾੜੀ ਗੱਲ ਹੋਣੀ ਸੀ।
ਲਓ ਜੀ, ਫੈਸਲੇ ਵਾਲਾ ਦਿਨ ਆ ਗਿਆ। ਅਦਾਲਤ ਜੁੜੀ। ਅਣਖੀ ਹੁਰਾਂ ਦਾ ਮਿੱਤਰ ਢਾਡੀ ਪੂਰੀ ਤਿਆਰੀ ਕਰਕੇ ਆਇਆ ਸੀ ਜੇਲ੍ਹ ਜਾਣ ਦੀ। ਜਦੋਂ ਜੱਜ ਨੇ ਉਨ੍ਹਾ ਨੂੰ ਦੋਸ਼ਮੁਕਤ ਕਰਾਰ ਦੇ ਦਿੱਤਾ ਤਾਂ ਉਹ ਹੱਕਾ-ਬੱਕਾ ਰਹਿ ਗਏ।
ਜ਼ਿੰਦਗੀ ਆਪਣੀ ਪਹਿਲੀ ਚਾਲੇ ਹੀ ਨਹੀਂ ਤੁਰੀ, ਸਗੋਂ ਹੋਰ ਵੀ ਰਵਾਨਗੀ ਨਾਲ ਤੁਰਦੀ ਗਈ। ਦੇਸ਼ ਬਦੇਸ਼ ‘ਚ ਉਸ ਢਾਡੀ ਨੇ ਬਹੁਤ ਇੱਜ਼ਤ ਕਮਾਈ। ਵਰ੍ਹਿਆਂ ਬਾਅਦ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾ ਨੂੰ ਬਰੀ ਕਰਵਾਉਣ ਵਾਲੇ ਤਾਂ ਅਣਖੀ ਜੀ ਹਨ, ਉਹ ਵਿਸ਼ੇਸ਼ ਤੌਰ ‘ਤੇ ਅਣਖੀ ਜੀ ਨੂੰ ਮਿਲਣ ਆਏ। ਹੱਥ ਘੁੱਟ ਕੇ ਕਹਿਣ ਲੱਗੇ, “ਮੇਰਾ ਯਾਰ ਅਣਖੀ ਇੱਕ ਜਿਊਂਦਾ ਜਾਗਦਾ ਰੱਬ ਹੈ..!”
ਅਣਖੀ ਹੁਰਾਂ ਮੁੜ ਕੇ ਇੱਕ ਵਾਰ ਵੀ ਇਸ ਗੱਲ ਦਾ ਜ਼ਿਕਰ ਕਿਸੇ ਕੋਲ ਨਹੀਂ ਕੀਤਾ। ਅੰਤਲੇ ਦਿਨਾਂ ‘ਚ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਜਦ ਉਨ੍ਹਾਂ ਦੇ ਉਸ ਢਾਡੀ ਮਿੱਤਰ ਦਾ ਜ਼ਿਕਰ ਆਇਆ ਤਾਂ ਜਾ ਕੇ ਉਨ੍ਹਾ ਦੇ ਮੂੰਹੋਂ ਇਹ ਗੱਲ ਸਹਿਵਨ ਹੀ ਨਿਕਲ ਗਈ ।
ਮੈਂ ਸੋਚ ਰਿਹਾ ਸੀ ਕਿ ਜੇ ਅਣਖੀ ਹੁਰਾਂ ਦੀ ਥਾਂ ਕੋਈ ਸੌਦੇਬਾਜ਼ ਮਿੱਤਰ ਹੁੰਦਾ ਤਾਂ ਸਾਰੀ ਉਮਰ ਉਸ ਢਾਡੀ ਨੂੰ ਆਪਣੇ ਅਹਿਸਾਨ ਥੱਲਿਓਂ ਨਿਕਲਣ ਨਹੀਂ ਸੀ ਦੇਣਾ।
ਅਜਿਹੇ ਮਨੁੱਖ ਮਾਨਵਤਾ ਦੇ ਚਾਨਣ ਮੁਨਾਰੇ ਹੁੰਦੇ ਹਨ ਜੋ ਖ਼ੁਦ ਬਲ਼ ਕੇ ਦੂਸਰਿਆਂ ਲਈ ਰਾਹ ਦਰਸਾਵੇ ਬਣ ਜਾਂਦੇ ਹਨ ਤੇ ਲੋਕ ਆਪਣੇ ਦਿਲਾਂ ‘ਚ ਉਨ੍ਹਾਂ ਨੂੰ ਸਦਾ ਜਿਊਂਦਾ ਰੱਖਦੇ ਹਨ!
ਕੈਪਸ਼ਨ
ਅਣਖੀ ਹੁਰਾਂ ਦੇ ਦਿਹਾਂਤ ਤੋਂ ਕੁੱਝ ਦਿਨ ਪਹਿਲਾਂ ਲਈ ਗਈ ਇਸ ਤਸਵੀਰ ‘ਚ ਮੇਰੇ ਤੇ ਪਰਮਜੀਤ ਨਾਲ ਉਨ੍ਹਾ ਦੀ ਬੇਟੀ ਬਲਜੀਤ ਵੀ ਨਜ਼ਰ ਆ ਰਹੀ ਹੈ