ਗੋਰਾਂ ਨਾਲ ਉਲਾਹਮੇ–ਲਹਿੰਦੇ ਪੰਜਾਬ ਦੇ ਮੁਹੱਬਤੀ ਲੇਖਕ ‘ਏਜਾਜ਼’ ਦੀਆਂ ਕਹਾਣੀਆਂ ਦਾ ਪਰਾਗਾ

ਗੁਰਮੀਤ ਕੜਿਆਲਵੀ
98726-40994
‘ਅੰਗ ਅੰਗ ਵਿਚ ਸੀਤ ਇੰਜ ਲੱਥ ਰਹੀ ਸੀ ਜਿਵੇਂ ਹੱਡਾਂ ਵਿੱਚ ਦੁੱਖ ਲੱਥਦੇ ਨੇਂ, ਟੀਸ ਉਠਦੀ ਏ। ਪੀੜ ਅਪਣਾ ਡੇਰਾ ਜਮਾਂਦੀ ਏ।’ ਜਦੋਂ ਕਿਸੇ ਕਹਾਣੀ ਵਿਚ ਅਜਿਹਾ ਕਾਵਿਕ ਬਿਆਨ ਆਉਂਦਾ ਹੈ ਤਾਂ ਪਾਠਕ ਦੀ ਰੂਹ ਸ਼ਰਸ਼ਾਰ ਹੋ ਜਾਂਦੀ ਹੈ। ਇਹ ਕਾਵਿਕ ਵਾਕ ਏਜਾਜ਼ ਦੀ ਇਕ ਸਫੇ ਦੀ ਕਹਾਣੀ ‘ਅੰਗੀਠੀ’ ਦਾ ਹੈ। ਉਸਦੀਆਂ ਸਾਰੀਆਂ ਕਹਾਣੀਆਂ ‘ਚ ਹੀ ਅਜਿਹੇ ਟੁੰਭ ਲੈਣ ਵਾਲੇ ਵਾਕ ਥਾਂ ਪੁਰ ਥਾਂ ਖਿਲਰੇ ਪਏ ਨੇ।

‘ਏਜਾਜ਼’ ਮੁਹੱਬਤੀ ਲੇਖਕ ਹੈ। ਜਿਹੜੇ ਲੇਖਕ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਬਣਦਾ ਰੁਤਬਾ ਦੁਆਉਣ ਲਈ ਫਿਕਰਮੰਦ ਰਹਿੰਦੇ ਨੇ ਏਜਾਜ਼ ਦਾ ਨਾਂ ਉਨ੍ਹਾਂ ‘ਚ ਪ੍ਰਮੁੱਖ ਏ। ਉਹ ਚੜਦੇ ਤੇ ਲਹਿੰਦੇ ਪੰਜਾਬ ਵਿਚ ਇਕ ਪੁੱਲ਼ ਵਜੋਂ ਵੀ ਵਿਚਰਦਾ ਹੈ। ਏਧਰਲੇ ਲੇਖਕਾਂ ਦੀਆਂ ਚੰਗੀਆਂ ਰਚਨਾਵਾਂ ਦਾ ਸ਼ਾਹਮੁਖੀ ‘ਚ ਲਿਪੀਅੰਤਰ ਕਰਕੇ ਓਧਰਲੇ ਪੰਜਾਬ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਾਂਦਾ ਰਹਿੰਦਾ ਏ। ਉਸਦੀਆਂ ਆਪਣੀਆਂ ਕਥਾ-ਕਹਾਣੀਆਂ ਵੀ ਗੁਰਮੁਖੀ ‘ਚ ਵਟਾਂਦਰਾ ਹੋ ਕੇ ਆਉਂਦੀਆ ਰਹਿੰਦੀਆਂ ਨੇ ਜਿਨ੍ਹਾਂ ਨੂੰ ਏਧਰਲੇ ਪੰਜਾਬ ਦੇ ਪਾਠਕ ਪੜ੍ਹਦੇ ਤੇ ਮਾਣਦੇ ਰਹਿੰਦੇ ਨੇ।
‘ਗੋਰਾਂ ਨਾਲ ਉਲਾਹਮੇ’ ਏਜਾਜ਼ ਰਚਿਤ ਕਹਾਣੀਆਂ ਦਾ ਪਰਾਗਾ ਏ ਜਿਹੜਾ ਸਾਡੇ ਪ੍ਰਬੁੱਧ ਸਾਹਿਤਕਾਰ ਪਰਮਜੀਤ ਮੀਸ਼ਾ ਜੀ ਨੇ ਸ਼ਾਹਮੁਖੀ ਲਿਪੀ ‘ਚੋਂ ਗੁਰਮੁਖੀ ਲਿਪੀ ‘ਚ ਵਟਾਂਦਰਾ ਕਰਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਰਾਹੀਂ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਸੱਥ ‘ਚ ਪੁੱਜਦਾ ਕੀਤਾ ਹੈ।
ਏਜਾਜ਼ ਕੋਲ ਗੱਲ ਕਹਿਣ ਦਾ ਵੱਖਰਾ ਅੰਦਾਜ਼ ਹੈ। ਉਸ ਕੋਲ ਵੱਖ ਵੱਖ ਵਿਸ਼ਿਆਂ ਦਾ ਵਸੀਹ ਗਿਆਨ ਹੈ। ਵੱਖ ਵੱਖ ਤਹਿਜ਼ੀਬਾਂ ਬਾਰੇ ਜਾਨਣ ਤੇ ਸਮਝਣ ਦੀ ਭੁੱਖ ਹੈ। ਏਸੇ ਕਰਕੇ ਉਹ ਗੱਲ ਚਾਹੇ ਲਹਿੰਦੇ ਪੰਜਾਬ ਦੇ ਸਮਾਜ ਦੀ ਕਰੇ ਜਾਂ ਭਾਰਤੀ ਸਮਾਜ, ਇਤਿਹਾਸ/ਮਿਥਿਹਾਸ ਜਾਂ ਕਿਸੇ ਹੋਰ ਬਾਹਰਲੇ ਮੁਆਸ਼ਰੇ ਦੀ, ਇਕੋ ਜਿਹੀ ਮੁਹਾਰਤ ਦਾ ਵਿਖਾਲਾ ਕਰਦਾ ਹੈ। ਉਸਦੀ ਸਮਝ ਤਾਰਕਿਕ ਹੈ। ਗੱਲ ਕਹਿਣ ਲੱਗਿਆ ਸੰਤੁਲਨ ਰੱਖਦਾ ਹੈ, ਕਿਧਰੇ ਉਲਾਰ ਨਹੀਂ ਹੁੰਦਾ। ਉਹ ਆਪਣੀਆਂ ਕਹਾਣੀਆਂ ‘ਚ ਵਿਸ਼ਿਆਂ ਦੀ ਵੰਨ ਸੁਵੰਨਤਾ ਦੇ ਨਾਲ ਨਾਲ ਤਕਨੀਕ ਦੇ ਪੱਧਰ ‘ਤੇ ਵੀ ਨਵੇਂ-ਨਵੇਂ ਤਜਰਬੇ ਕਰਦਾ ਹੈ।
‘ਖੁੱਲ੍ਹਾ ਅਸਮਾਨ’ ਇਸ ਸੰਗ੍ਰਹਿ ਦੀ ਉਹ ਕਹਾਣੀ ਹੈ ਜਿਸਨੂੰ ਪੜ੍ਹਦਿਆਂ ਏਜਾਜ਼ ਦੀ ਸਾਂਝੇ ਪੰਜਾਬ ਦੇ ਦੇਸ਼ ਭਗਤਾਂ ਨਾਲ ਭਾਵਨਾਤਮਕ ਮੁਹੱਬਤ ਦਾ ਅਹਿਸਾਸ ਹੁੰਦਾ ਹੈ। ਗੱਲ ਅੰਗਰੇਜ਼ੀ ਸਾਮਰਾਜ ਵੇਲੇ ਦੀ ਹੈ। ਗਦਰੀਆਂ ਅਤੇ ਹੋਰ ਤਹਿਰੀਕਾਂ ਦੇ ਦੇਸ਼ ਭਗਤਾਂ ਨੂੰ ਵੇਲੇ ਦੀ ਸਰਕਾਰ ਖਤਰਨਾਕ ਬਾਗੀ ਕਰਾਰ ਦੇ ਕੇ ਅੰਡੇਮਾਨ ਦੀ ਕਾਲੇ ਪਾਣੀ ਜੇਲ੍ਹ ਵਿਚ ਭੇਜਦੀ ਹੈ। ਗੋਰੀ ਸਰਕਾਰ ਇਨ੍ਹਾਂ ਯੋਧਿਆਂ ਨੂੰ ਨਿਥਾਵੇਂ, ਬੇਬੱਸ, ਲਾਚਾਰ ਤੇ ਇਕੱਲੇ ਕਰਕੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੋੜ ਦੇਣਾ ਚਾਹੁੰਦੀ ਹੈ। ਬਾਗੀ ਕੈਦੀਆਂ ਨੂੰ ਨਾ ਚੰਗੀ ਖੁਰਾਕ ਦਿੱਤੀ ਜਾਂਦੀ ਹੈ ਤੇ ਨਾ ਨਿਰਬਲ ਤੇ ਬਿਮਾਰ ਕੈਦੀਆਂ ਦਾ ਇਲਾਜ ਕੀਤਾ ਜਾਂਦਾ ਹੈ। ਸਾਰਿਆਂ ਕੈਦੀਆਂ ਤੋਂ ਸਖਤ ਮੁਸ਼ੱਕਤ ਕਰਵਾਈ ਜਾਂਦੀ ਹੈ। ਨਿੱਕੀ-ਨਿੱਕੀ ਗੱਲ ਦਾ ਬਹਾਨਾ ਬਣਾ ਉਨ੍ਹਾਂ ‘ਤੇ ਕੋੜੇ ਵਰਸਾਏ ਜਾਂਦੇ ਹਨ। ਗਦਰੀਆਂ ਉਪਰ ਹੋਏ ਅਨਿਆਪੂਰਨ ਜ਼ੁਲਮਾਂ ਨੂੰ ਇਸ ਕਹਾਣੀ ਵਿਚ ਬੜੇ ਜਾਨਦਾਰ ਬਿਰਤਾਂਤ ਰਾਹੀਂ ਪੇਸ਼ ਕੀਤਾ ਗਿਆ ਹੈ।
‘ਆਵਾਜ਼ਾਂ’ ਉਨ੍ਹਾਂ ਲੋਕਾਂ ਦੀ ਗਾਥਾ ਬਿਆਨ ਕਰਦੀ ਹੈ ਜਿਹੜੇ ਦੇਸ਼ ਵੰਡ ਸਮੇਂ ਤਬਦੀਲੀ ਦੀ ਆਸ ਨਾਲ ਨਵੇਂ ਬਣੇ ਮੁਲਕ ਵਿਚ ਗਏ ਸਨ ਜਾਂ ਜਬਰਦਸਤੀ ਧੱਕ ਦਿੱਤੇ ਗਏ ਸਨ। ਉਸ ਮੁਲਕ ਦੇ ਹਾਲਾਤ ਅਤੇ ਪ੍ਰਸਥਿਤੀਆਂ ਵੇਖ ਕੇ ਨਵੇਂ ਮੁਲਕ ਜਾਣ ਵਾਲਿਆਂ ਦੇ ਸੁਪਨੇ ਕਿਵੇਂ ਟੁੱਟਦੇ ਹਨ–ਏਜਾਜ਼ ਨੇ ਬੜੀ ਕਲਾਤਮਿਕਤਾ ਨਾਲ ਪੰਜ ਆਵਾਜ਼ਾਂ ਰਾਹੀਂ ਇਸਦੀ ਤਸਵੀਰ ਪਾਠਕਾਂ ਅੱਗੇ ਰੱਖੀ ਹੈ। ਮੁਲਕ ਵਿਚ ਗੰਦੀ ਸਿਆਸਤ ਹੈ। ਨਸ਼ਾ, ਫਿਰੌਤੀਆਂ, ਆਪਾਧਾਪੀ, ਕਤਲੋਗਾਰਤ, ਚੋਰ ਬਾਜ਼ਾਰੀ ਤੇ ਬਦਅਮਨੀ ਹੈ। ਅਜਿਹੀ ਸਥਿਤੀ ‘ਚ ਆਮ ਮਨੁੱਖ ਕੀ ਕਰੇਗਾ? ਇਹ ਕਹਾਣੀ ਦੋਵੇਂ ਪੰਜਾਬਾਂ ਦੀ ਹੀ ਕਹਾਣੀ ਹੈ। ਦੋਵੇਂ ਪਾਸੇ ਇਕੋ ਜਿਹੇ ਹਾਲਾਤ ਨੇ।
“ਨੈਣੋਂ ਮੇ ਬਸੇ ਨੰਦ ਲਾਲ” ਕ੍ਰਿਸ਼ਨ ਦੀ ਭਗਤ ਮੀਰਾਂ ਬਾਈ ਦੀ ਵੇਦਨਾ ਸੰਵੇਦਨਾ ਨੂੰ ਬਿਆਨ ਕਰਨ ਵਾਲੀ ਖੂਬਸੂਰਤ ਕਹਾਣੀ ਹੈ। ਏਜਾਜ਼ ਨੇ ਜਿਸ ਤਰ੍ਹਾਂ ਇਤਿਹਾਸ ਤੇ ਮਿਥਿਹਾਸ ਦੀ ਪੇਸ਼ਕਾਰੀ ਕੀਤੀ ਹੈ ਤੇ ਜਿਵੇਂ ਭਾਸ਼ਾ ਦੀ ਕਲਾਕਾਰੀ ਦਿਖਾਈ ਹੈ–ਪੜ੍ਹਦਿਆਂ ਵਾਰ-ਵਾਰ ਮੂੰਹੋਂ ‘ਵਾਹ’ ਨਿਕਲਦਾ ਹੈ। ਹੈਰਾਨੀ ਹੁੰਦੀ ਹੈ ਕਿ ਏਜਾਜ਼ ਨੇ ਰਾਜਸਥਾਨੀ ਜਨਮਾਨਸ ਦੀ ਬੋਲੀ ਦਾ ਇਹ ਲਹਿਜ਼ਾ ਕਿਵੇਂ ਫੜ ਲਿਆ–‘ਦੂਰ ਹੋ ਜਾਓ ਮਹਾਰੇ ਸੁਏ ਮੈਂ ਉਸਨੇ ਜਾਨ ਤੇ ਮਾਰ ਦੂੰ। ਹਮ ਨਾਂ ਬੀਰਾ ਆ, ਇਸ ਤਰ੍ਹਾਂ ਕੀ ਛੋਹਰੀਆਂ ਯੂ ਨਾ ਮਾਨੇਂ। ਮੰਨੇ ਲਾਗੇ ਯੂ ਛੋਹਰੀ ਜ਼ਰੂਰ ਕਿਸੀ ਔਰ ਜਨੇ ਸੇ ਪਿਆਰ-ਵਿਆਰ ਕਰ ਰਹੀ। ਤਭੀ ਤੋ ਯੂ ਰਾਜ ਬੇਟੇ ਗੇਲ ਯੇ ਬਰਤਾਓ ਕਰ ਰਹੀ। ਦੂਰ ਹੋ ਜਾਓ ਮੈਂ ਅਭੀ ਉਸਨਾਂ ਸਿਰ ਕਲਮ ਕਰ ਦੂੰ।’
ਏਜਾਜ਼ ਦੀ ਕਥਾਕਾਰੀ ਦੀ ਇਕ ਹੋਰ ਖੂਬਸੂਰਤੀ ਹੈ ਕਿ ਉਹ ਕਥਾ ‘ਚੋਂ ਕਥਾ ਕੱਢਦਾ ਜਾਂਦਾ ਹੈ। ਜਿਵੇਂ ਪਾਠਕ ਕਹਾਣੀ ਪੜ੍ਹਦਿਆਂ ਅੰਤ ਬਾਰੇ ਅੰਦਾਜ਼ਾ ਲਾਉਂਦਾ ਹੈ, ਏਜਾਜ਼ ਅੰਤ ਬਿਲਕੁਲ ਉਲਟੇ ਰੁਖ ਕਰ ਦਿੰਦਾ ਹੈ। ‘ਵਲਗਣਾਂ ਵਿਚ ਘਿਰਿਆ ਜੀਵਨ’ ‘ਚ ਦਲਬੀਰ ਤੇ ਨਿਰਮਲ ਇਕ ਦੂਸਰੇ ਲਈ ਤਾਂਘਦੇ ਨਜ਼ਰ ਆਉਂਦੇ ਹਨ ਪਰ ਅੰਤ ਕੁੱਝ ਹੋਰ ਹੋ ਜਾਂਦਾ ਹੈ। ਨਿਰਮਲ ਗਰਭਵਤੀ ਹੋ ਕੇ ਦੋਰਾਹੇ ‘ਤੇ ਆ ਖੜੀ ਹੈ ਤੇ ਦਲਬੀਰ ਜਿ਼ੰਦਗੀ ਤੋਂ ਭਗੌੜਾ ਹੋਇਆ ਨਜ਼ਰ ਆਉਂਦਾ ਹੈ।
ਵਾਰਤਾ ਕਹਾਣੀ ਰਾਹੀਂ ਏਜਾਜ਼ ਨੇ ਦਿਨ-ਬਦਿਨ ਨੀਵਾਣਾਂ ਵੱਲ ਧਸੀ ਜਾਂਦੇ ਮੁਆਸ਼ਰੇ ਦੀ ਤਸਵੀਰਕਸ਼ੀ ਕੀਤੀ ਹੈ। ਕਹਾਣੀ ਕਾਮਰੇਡ ਵਜ਼ੀਰ ਅਲੀ, ਅਧਿਆਪਕ ਅਬਦੁੱਲ ਹੱਕ ਸਮੇਤ ਚਿੰਤਾਵਾਨ ਲੋਕਾਂ ਦੇ ਬਿਆਨ ਹਨ ਜੋ ਸਮਾਜ ਦੇ ਇਸ ਨਿਘਾਰ ਤੋਂ ਦੁਖੀ ਹੀ ਨਹੀਂ ਚਿੰਤਾਵਾਨ ਵੀ ਹਨ। ਇਹ ਲੋਕ ਇਸ ਕਰਕੇ ਵੀ ਦੁਖੀ ਹਨ ਕਿ ਕਾਲੀ-ਬੋਲੀ ਰਾਤ ਮੁਕਣ ਵਿਚ ਹੀ ਨਹੀਂ ਆ ਰਹੀ ਤੇ ਉੱਤੋਂ ਆਵਾਮ ਏ ਕਿ ਬੁੱਢੀਆਂ ਰੂਹਾਂ ਤੇ ਚੌਂਕੀਦਾਰਾਂ ਦੇ ਬੀਂਡੇ ਦੀ ਆਵਾਜ਼ ਜਾਂ ਜਾਗਦੇ ਰਹੋ ਦਾ ਹੋਕਾ ਸੁਣ ਕੇ ਵੀ ਜਾਗਦਾ ਨਹੀਂ ਹੈ।
ਭੁਲੇਖਾ, ਧੀ, ਹੱਥ, ਕਿਰਾਏ ਦਾ ਮਕਾਨ; ਛੋਟੇ ਅਕਾਰ ਦੀਆਂ ਕਹਾਣੀਆਂ ਨੇ। ਇਕ-ਡੂਢ ਸਫੇ ਦੀਆਂ। ਏਜਾਜ਼ ਨਿੱਕੇ ਅਕਾਰ ਦੀਆਂ ਕਹਾਣੀਆਂ ਨੂੰ ਵੀ ਵੱਡੇ ਅਰਥ ਦੇ ਕੇ ਦਿਲ ਖਿੱਚਵੇਂ ਰੰਗ ਭਰ ਦਿੰਦਾ ਹੈ। ਕਾਵਿਕ ਵਾਕ ਬਣਤਰ ਰੂਹ ਨੂੰ ਸ਼ਰਸ਼ਾਰ ਕਰਦੀ ਹੈ—ਉਹਨੂੰ ਉਨ੍ਹਾਂ ਹੱਥਾਂ ਨਾਲ ਸਖ਼ਤ ਨਫ਼ਰਤ ਏ ਜਿਹੜੇ ਰੁੱਖਾਂ ਨੂੰ ਕੱਟਣ, ਜਨੌਰਾਂ ਨੂੰ ਮਾਰਨ ਤੇ ਪੌਦਿਆਂ ਨੂੰ ਵੱਡਣ ਦਾ ਕੰਮ ਕਰਦੇ ਨੇ—ਉਹਨੂੰ ਨਿੱਕੇ ਬਾਲਾਂ ਤੇ ਔਰਤਾਂ ਦੇ ਹੱਥ ਬੜੇ ਚੰਗੇ ਲੱਗਦੇ ਨੇ। ਸਵਾਣੀਆਂ ਦੇ ਉਹ ਹੱਥ ਜਿਹੜੇ ਮੁਖ਼ਤਲ਼ਿਫ ਕੱਪੜਿਆਂ ਨੂੰ ਸੀਵਨ ਦਾ ਕੰਮ ਕਰਦੇ ਨੇਂ।’
‘ਗੋਰਾਂ ਨਾਲ ਉਲਾਹਮੇ’ ਇਸ ਪਰਾਗੇ ਦੀ ਸ਼ਾਹਕਾਰ ਕਿਰਤ ਹੈ ਜਿਸ ਵਿੱਚ ਲੇਖਕ ਸਾਨੂੰ ਇਤਿਹਾਸ ਦੇ ਸਾਹਵੇਂ ਲਿਜਾ ਖਲਿਆਰਦਾ ਹੈ। 1947 ਦੀ ਵੰਡ ਦਾ ਦਰਦ ਇਸ ਕਹਾਣੀ ਦੇ ਆਰ-ਪਾਰ ਫੈਲਿਆ ਪਿਆ ਹੈ। ਵੰਡ ਨੇ ਪੰਜਾਬੀਆਂ ਨੂੰ ਦਿੱਤਾ ਘੱਟ ਖੋਹਿਆ ਬਹੁਤਾ ਹੈ। ਕਤਲੋਗਾਰਤ, ਖੋਹਾ-ਖਿਚੀ, ਬਲਾਤਕਾਰਾਂ, ਉਜਾੜੇ ਤੇ ਬੇਗੁਨਾਹਾਂ ਦੇ ਵਹੇ ਖੂਨ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਸੀ। ਇਹ ਬਦਨੁਮਾ ਦਾਗ ਪੰਜਾਬੀਆਂ ਦੇ ਮੱਥੇ ‘ਤੇ ਸਦਾ ਲਈ ਖੁਣਿਆ ਗਿਆ ਹੈ। ਕਹਾਣੀ ‘ਚ ਮੁੱਖ ਪਾਤਰ ਦੀ ਮੌਤ ਹੋ ਗਈ ਹੈ। ਕਹਾਣੀਕਾਰ ਨੇ ਮੁੱਖ ਪਾਤਰ ਦੀ ਜਿੰਦਗੀ ਦੇ ਸੰਘਰਸ਼ ਤੇ ਟੁੱਟ-ਭੱਜ ਬਾਰੇ ਉਸਦੇ ਪੁੱਤਰ, ਪੋਤਰੇ, ਦੋਹਤਰੇ ਅਤੇ ਨੂੰਹ ਦੇ ਮੂੰਹੋਂ ਆਪਣੇ-ਆਪਣੇ ਨਜ਼ਰੀਏ ਤੋਂ ਬਿਆਨ ਕਰਵਾਇਆ ਹੈ। ਇਹ ਕਥਾ ਹਰ ਉਸ ਪੰਜਾਬਣ ਦੀ ਹੈ ਜਿਸਨੇ ਫੌਲਾਦੀ ਜਿਗਰੇ ਨਾਲ ਵੰਡ ਦੇ ਦੁਖਾਂਤ ਨੂੰ ਝੇਲਿਆ ਤੇ ਆਪਣੇ ‘ਤੇ ਪਈ ਮਾਨਸਿਕ ਸੱਟ ਨੂੰ ਜਰਦਿਆਂ ਪਰਿਵਾਰ ਨੂੰ ਪੈਰਾਂ ਸਿਰ ਕੀਤਾ। ਲੇਖਕ ਦੀ ਦਮਦਾਰ ਪੇਸ਼ਕਾਰੀ ਅਤੇ ਵਾਕ ਬਣਤਰ ਸਦਕਾ ਕਹਾਣੀ ਪਾਠਕ ਦੇ ਚੇਤਿਆਂ ‘ਚ ਬਣੀ ਰਹਿੰਦੀ ਹੈ।
ਲੇਖਕ ਵੰਡ ਤੋਂ ਪਹਿਲਾਂ ਅਤੇ ਪਿਛੋਂ ਦੇ ਰਾਜਨੀਤਕ ਤੇ ਸਮਾਜਿਕ ਜੀਵਨ ਨੂੰ ਬਿਨਾ ਕਿਸੇ ਧਿਰ ਵੱਲ ਉਲਾਰ ਹੋਇਆਂ ਪੇਸ਼ ਕਰਦਾ ਹੈ। ਏਜਾਜ਼ ਦੀ ਕਹਾਣੀ ਸਾਡੇ ਮੁਆਸ਼ਰੇ ਦੀ ਕਹਾਣੀ ਹੈ। ਉਹ ਹਵਾਈ ਗੱਲਾਂ ਨਹੀਂ ਕਰਦਾ। ਉਸਦੀ ਕਹਾਣੀ ‘ਚ ਸਾਡੇ ਆਪਣੇ ਦੁੱਖਾਂ ਦਰਦਾਂ ਦੀ ਪੀੜ ਪਰੋਈ ਹੋਈ ਹੈ।