ਵਿਜੀਲੈਂਸ ਵੱਲੋਂ ਸਾਧੂ ਸਿੰਘ ਧਰਮਸੋਤ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ

ਚੰਡੀਗੜ੍ਹ: ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਜਾਇਦਾਦਾਂ ਦੀ ਜਾਂਚ ਵੀ ਵਿੱਢ ਦਿੱਤੀ ਹੈ। ਵਿਜੀਲੈਂਸ ਤੱਕ ਉਹ ਪ੍ਰਾਈਵੇਟ ਸੂਹੀਏ ਵੀ ਪਹੁੰਚ ਕਰਨ ਲੱਗੇ ਹਨ ਜਿਨ੍ਹਾਂ ਕੋਲ ਧਰਮਸੋਤ ਦੇ ਅੰਦਰਲੇ ਭੇਤ ਹਨ। ਵਿੱਤੀ ਜਾਂਚ ਦੌਰਾਨ ਮੁੱਖ ਤੌਰ ‘ਤੇ ਧਿਆਨ ਬੇਨਾਮੀ ਜਾਇਦਾਦ ‘ਤੇ ਕੇਂਦਰਿਤ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਧਰਮਸੋਤ ਦੀ ਉੱਤਰ ਪ੍ਰਦੇਸ ਵਿਚ ਜਾਇਦਾਦ ਹੋਣ ਦੀ ਸੂਹ ਵੀ ਮਿਲੀ ਹੈ।

ਸੂਤਰ ਦੱਸਦੇ ਹਨ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਆੜ੍ਹਤੀਆਂ ਅਤੇ ਵਿਅਕਤੀਆਂ ਦੀ ਸੂਹ ਲਈ ਜਾ ਰਹੀ ਹੈ ਜਿਨ੍ਹਾਂ ਕੋਲ ਪੈਸਾ ਰੱਖਿਆ ਜਾਂਦਾ ਰਿਹਾ ਹੈ। ਵਿਜੀਲੈਂਸ ਨੂੰ ਸੂਚਨਾ ਮਿਲੀ ਹੈ ਕਿ ਧਰਮਸੋਤ ਦੀ ਮੁਹਾਲੀ, ਜ਼ੀਰਕਪੁਰ ਅਤੇ ਖਰੜ ਵਿਚ ਵੀ ਬੇਨਾਮੀ ਜਾਇਦਾਦ ਹੈ। ਵਿਜੀਲੈਂਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ਵਿਚ ਧਰਮਸੋਤ ਦੇ ਮੀਡੀਆ ਸਲਾਹਕਾਰ ਰਹੇ ਪੱਤਰਕਾਰ ਕਮਲਜੀਤ ਸਿੰਘ ਨੇ ਉਹ 20 ਲੱਖ ਰੁਪਏ ਦੇ ਵੇਰਵੇ ਦਿੱਤੇ ਹਨ ਜਿਹੜੀ ਰਾਸ਼ੀ ਉਸ ਨੇ ਧਰਮਸੋਤ ਦੇ ਕਹਿਣ ‘ਤੇ ਖਰਚ ਕੀਤੀ ਸੀ। ਖੰਨਾ ਵਿਚ ਧਰਮਸੋਤ ਦੀ ਇਕ ਮੂੰਹ ਬੋਲੀ ਭੈਣ ਸੀ ਜਿਸ ਦੀ ਕੌਂਸਲਰ ਦੀ ਚੋਣ ਸਮੇਂ ਕਮਲਜੀਤ ਸਿੰਘ ਨੇ 12 ਲੱਖ ਰੁਪਏ ਖ਼ਰਚ ਕੀਤੇ ਸਨ। ਵਿਜੀਲੈਂਸ ਨੇ ਇਸ ਚੋਣ ‘ਤੇ ਕਮਲ ਵੱਲੋਂ ਸਰਾਬ ਦੇ ਕੀਤੇ ਖਰਚ ਦੇ ਬਿੱਲ ਵੀ ਪ੍ਰਾਪਤ ਕਰ ਲਏ ਹਨ ਅਤੇ ਇਸ਼ਤਿਹਾਰਾਂ ਦੇ ਕੀਤੇ ਖਰਚੇ ਦੇ ਬਿੱਲ ਵੀ ਵਿਜੀਲੈਂਸ ਨੂੰ ਦਿੱਤੇ ਗਏ ਹਨ। ਮੂੰਹ ਬੋਲੀ ਭੈਣ ਦੀ ਬਾਅਦ ਵਿਚ ਕਰੋਨਾ ਕਾਰਨ ਮੌਤ ਹੋ ਗਈ ਸੀ ਜਿਸ ਦੇ ਇਲਾਜ ਲਈ ਵੀ ਧਰਮਸੋਤ ਦੇ ਹੁਕਮਾਂ ‘ਤੇ ਕਮਲ ਨੇ ਪੰਜ-ਛੇ ਲੱਖ ਰੁਪਏ ਦਾ ਖਰਚਾ ਕੀਤਾ ਸੀ। ਇਕ ਵਿਆਹ ਸਮਾਗਮ ‘ਤੇ ਵੀ ਚਾਰ ਲੱਖ ਰੁਪਏ ਖਰਚ ਕੀਤੇ ਸਨ। ਕਮਲ ਨੇ ਇਹ ਵੇਰਵੇ ਵਿਜੀਲੈਂਸ ਨੂੰ ਦਿੱਤੇ ਹਨ। ਕਮਲਜੀਤ ਕਮਲ ਤਿੰਨ ਹਿੰਦੂ ਸੰਗਠਨਾਂ ਦਾ ਮੀਡੀਆ ਸਲਾਹਕਾਰ ਵੀ ਸੀ। ਵਿਜੀਲੈਂਸ ਵੱਲੋਂ ਧਰਮਸੋਤ ਦੇ ਓ.ਐਸ.ਡੀ. ਰਹੇ ਚਮਕੌਰ ਸਿੰਘ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਣੀ ਹੈ।
ਵਿਜੀਲੈਂਸ ਨੂੰ ਪਤਾ ਲੱਗਾ ਹੈ ਕਿ ਧਰਮਸੋਤ ਦੇ ਪੈਸਿਆਂ ਦੀ ਸੰਭਾਲ ਵੀ ਚਮਕੌਰ ਸਿੰਘ ਹੀ ਕਰਦਾ ਸੀ। ਵਿਜੀਲੈਂਸ ਨੇ ਮਾਲ ਵਿਭਾਗ ਨਾਲ ਵੀ ਇਸ ਮਾਮਲੇ ‘ਤੇ ਰਾਬਤਾ ਕਾਇਮ ਕੀਤਾ ਹੈ।
ਹਾਲੇ ਜੇਲ੍ਹ ਵਿਚ ਹੀ ਰਹਿਣਗੇ ਧਰਮਸੋਤ
ਮੁਹਾਲੀ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੀ ਕਾਂਗਰਸ ਸਰਕਾਰ ਵਿਚ ਸਮਾਜ ਭਲਾਈ ਅਤੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਅਤੇ ਉਸ ਦੇ ਓ.ਐਸ.ਡੀ. ਚਮਕੌਰ ਸਿੰਘ ਅਤੇ ਮੀਡੀਆ ਸਲਾਹਕਾਰ ਤੇ ਪੱਤਰਕਾਰ ਕਮਲਜੀਤ ਸਿੰਘ ਕਮਲ ਸਮੇਤ ਡੀ.ਐਫ.ਓ. ਗੁਰਅਮਨ ਪ੍ਰੀਤ ਸਿੰਘ ਬੈਂਸ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਉਤੇ ਦੁਬਾਰਾ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਅਤੇ ਹੋਰਨਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਨੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਮੰਗਿਆ ਸੀ।
ਵਿਜੀਲੈਂਸ ਦੇ ਡਰੋਂ ਜੰਗਲਾਤ ਅਫਸਰਾਂ ਦੀ ਧੜਕਣ ਵਧੀ
ਚੰਡੀਗੜ੍ਹ: ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਦੇ ਜੰਗਲਾਤ ਅਫਸਰਾਂ ਦੀ ਧੜਕਣ ਵਧ ਗਈ ਹੈ। ਵਿਜੀਲੈਂਸ ਨੇ ਹੁਣ ਮੁੱਖ ਵਣਪਾਲ ਪ੍ਰਵੀਨ ਕੁਮਾਰ ਅਤੇ ਸ਼ਿਵਾਲਿਕ ਸਰਕਲ ਦੇ ਕੰਜਰਵੇਟਰ ਵਿਸਾਲ ਚੌਹਾਨ ਨੂੰ ਪੁੱਛ-ਪੜਤਾਲ ਲਈ ਤਲਬ ਕੀਤਾ ਹੈ, ਜਦਕਿ ਅਮਿਤ ਚੌਹਾਨ ਨਾਮ ਦਾ ਅਧਿਕਾਰੀ ਫਰਾਰ ਹੈ। ਪਤਾ ਲੱਗਾ ਹੈ ਕਿ ਕਈ ਜੰਗਲਾਤ ਅਫਸਰ ਰੂਪੋਸ਼ ਹੋ ਗਏ ਹਨ, ਜਦਕਿ ਬਹੁਤੇ ਜ਼ਿਲ੍ਹਾ ਜੰਗਲਾਤ ਅਫਸਰਾਂ ਨੇ ਦਫਤਰਾਂ ਵਿਚ ਹਾਜਰੀ ਘਟਾ ਦਿੱਤੀ ਹੈ। ਵਿਜੀਲੈਂਸ ਦਾ ਖ਼ੌਫ਼ ਸਮੁੱਚੇ ਜੰਗਲਾਤ ਮਹਿਕਮੇ ‘ਚ ਦਿਖਾਈ ਦੇ ਰਿਹਾ ਹੈ।
ਰਿਸ਼ਵਤਖੋਰੀ ਕਾਂਗਰਸੀਆਂ ਦੇ ਖੂਨ ਵਿਚ: ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਦਿੱਤੇ ਗਏ ਧਰਨੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਰਿਸ਼ਵਤਖੋਰਾਂ ਦੇ ਹੱਕ ਵਿਚ ਧਰਨੇ ਦੇਣਾ ਕਾਂਗਰਸੀਆਂ ਦੇ ਖੂਨ ‘ਚ ਰਿਸ਼ਵਤਖੋਰੀ ਹੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਬਿਨਾਂ ਸਮਾਂ ਲਏ ਆਏ ਤੇ ਰਿਸ਼ਵਤਖੋਰਾਂ ਦੇ ਹੱਕ ਵਿਚ ਨਾਅਰੇ ਲਾਉਂਦੇ ਹੋਏ ਆਪਣੇ ਹੱਕ ਮੰਗ ਰਹੇ ਹਨ।