ਭਾਜਪਾ ਆਗੂਆਂ ਦੇ ‘ਫਿਰਕੂ ਬੋਲਾਂ` ਖਿਲਾਫ ਪੂਰੇ ਮੁਲਕ ਵਿਚ ਰੋਹ ਫੈਲਿਆ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਦੋ ਮੁਅੱਤਲ ਆਗੂਆਂ ਵੱਲੋਂ ਕੁਝ ਦਿਨ ਪਹਿਲਾਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਖਿਲਾਫ ਪੂਰੇ ਮੁਲਕ ਵਿਚ ਰੋਹ ਫੈਲ ਗਿਆ ਹੈ। ਭਾਜਪਾ ਵੱਲੋਂ ਇਨ੍ਹਾਂ ਆਗੂਆਂ ਨੂੰ ਮੁਅੱਤਲ ਕਰਕੇ ਹੀ ਮਾਮਲਾ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਦੂਜੇ ਪਾਸੇ ਇਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ।

ਇਸ ਦੇ ਰੋਸ ਵਜੋਂ ਦਿੱਲੀ ਦੀ ਜਾਮਾ ਮਸਜਿਦ ਸਮੇਤ ਕਈ ਰਾਜਾਂ ਵਿਚ ਰੋਸ ਮੁਜ਼ਾਹਰੇ ਹੋਏ। ਝਾਰਖੰਡ ‘ਚ ਹੋਈ ਝੜਪ ‘ਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਦਕਿ ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਬੰਦ ਵਰਗੀ ਸਥਿਤੀ ਰਹੀ। ਜੁੰਮੇ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ ‘ਚ ਮੁਜਾਹਰਾਕਾਰੀ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਇਕੱਠੇ ਹੋਏ ਤੇ ਉਨ੍ਹਾਂ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਕੁਝ ਲੋਕਾਂ ਨੇ ਹੱਥਾਂ ‘ਚ ਨਾਅਰੇ ਲਿਖੀਆਂ ਤਖਤੀਆਂ ਵੀ ਫੜੀਆਂ ਹੋਈਆਂ ਸਨ। ਉੱਧਰ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਮੁਜਾਹਰਾਕਾਰੀਆਂ ਨੇ ਮੁੱਖ ਸੜਕ ‘ਤੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਹਨੂੰਮਾਨ ਮੰਦਰ ਤੱਕ ਭਾਰੀ ਪਥਰਾਅ ਤੇ ਹਿੰਸਾ ਕੀਤੀ। ਘਟਨਾ ਤੋਂ ਬਾਅਦ ਰਾਂਚੀ ਵਿਚ ਤੁਰੰਤ ਪ੍ਰਭਾਵ ਨਾਲ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਨੂੰਮਾਨ ਮੰਦਰ ‘ਤੇ ਹੋਏ ਪਥਰਾਅ ਤੇ ਹਿੰਸਕ ਸੰਘਰਸ਼ ‘ਚ ਸੀਨੀਅਰ ਪੁਲਿਸ ਅਧਿਕਾਰੀ ਸਮੇਤ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਤੇ ਹੋਰ ਵਿਅਕਤੀ ਜ਼ਖਮੀ ਹੋਏ ਹਨ। ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ ਤੇ ਹਵਾਈ ਫਾਇਰ ਕਰਨੇ ਪਏ। ਉਧਰ, ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਜਿੱਥੇ ਰੋਸ ਮੁਜ਼ਾਹਰੇ ਕੀਤੇ ਗਏ, ਉਥੇ ਹੀ ਪ੍ਰਯਾਗਰਾਜ ਤੇ ਸਹਾਰਨਪੁਰ ‘ਚ ਮੁਜਾਹਰਾਕਾਰੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ। ਇਸ ਦੌਰਾਨ 109 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਯਾਗਰਾਜ ‘ਚ ਮੁਜਾਹਰਾਕਾਰੀਆਂ ਨੇ ਕੁਝ ਮੋਟਰਸਾਈਕਲ ਤੇ ਰੇਹੜੀਆਂ ਨੂੰ ਅੱਗ ਲਗਾ ਦਿੱਤੀ ਤੇ ਪੁਲਿਸ ਦੇ ਇਕ ਵਾਹਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਮੁਜਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਤੇ ਲਾਠੀਚਾਰਜ ਦੀ ਵਰਤੋਂ ਕਰਨੀ ਪਈ। ਬਿਜਨੌਰ, ਮੁਰਾਦਾਬਾਦ, ਰਾਮਪੁਰ ਤੇ ਲਖਨਊ ‘ਚ ਵੀ ਰੋਸ ਮੁਜ਼ਾਹਰੇ ਕੀਤੇ ਗਏ ਹਨ।
ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਮੁੰਬਈ ਦੇ ਪਨਵੇਲ ‘ਚ ਮਹਿਲਾਵਾਂ ਸਮੇਤ ਘੱਟੋ ਘੱਟ ਤਿੰਨ ਹਜ਼ਾਰ ਮੁਜਾਹਰਾਕਾਰੀਆਂ ਨੇ ਰੋਸ ਮਾਰਚ ਕੀਤਾ। ਇਸੇ ਤਰ੍ਹਾਂ ਵਾਸੀ ਦੇ ਸ਼ਿਵਾਜੀ ਚੌਕ, ਠਾਣੇ, ਔਰੰਗਾਬਾਦ, ਸੋਲਾਪੁਰ, ਨੰਬੁਰਦਾਰ, ਪਰਭਨੀ, ਬੀੜ, ਲਾਤੂਰ, ਚੰਦਰਪੁਰ ਤੇ ਪੁਣੇ ‘ਚ ਰੋਸ ਮੁਜ਼ਾਹਰੇ ਕੀਤੇ ਗਏ ਹਨ। ਗੁਜਰਾਤ ਦੇ ਅਹਿਮਦਾਬਾਦ ਤੇ ਵਡੋਦਰਾ ‘ਚ ਵੀ ਜੁੰਮੇ ਦੀ ਨਮਾਜ਼ ਤੋਂ ਬਾਅਦ ਰੋਸ ਮੁਜ਼ਾਹਰੇ ਕੀਤੇ ਗਏ। ਉਧਰ ਪੱਛਮੀ ਬੰਗਾਲ ‘ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਾਵੜਾ ਜਿਲ੍ਹੇ ‘ਚ ਸੜਕਾਂ ਜਾਮ ਕੀਤੀਆਂ। ਪੁਲਿਸ ਨੇ ਦੱਸਿਆ ਕਿ ਮੁਜਾਹਰਾਕਾਰੀਆਂ ਦੀ ਧੂਲਾਗੜ੍ਹ, ਪੰਚਲਾ ਤੇ ਉਲੂਬੇਰੀਆ ‘ਚ ਪੁਲਿਸ ਨਾਲ ਉਸ ਸਮੇਂ ਝੜਪ ਹੋ ਗਈ ਜਦੋਂ ਉਨ੍ਹਾਂ ਕੌਮੀ ਮਾਰਗ ‘ਤੇ ਲੱਗਾ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਧੂਲਾਗੜ੍ਹ ਤੇ ਪੰਚਲਾ ‘ਚ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਇਸ ਦੇ ਜਵਾਬ ‘ਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ ਜਿਸ ਨਾਲ ਨੇੜੇ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪੁੱਜਾ। ਬਿਹਾਰ ਦੇ ਮੁਜੱਫਰਨਗਰ ‘ਚ ਨੂਪੁਰ ਸ਼ਰਮਾ, ਨਵੀਨ ਜਿੰਦਲ ਤੇ ਧਾਰਮਿਕ ਆਗੂ ਯਤੀ ਨਰਸਿੰਘਾਨੰਦ ਖਿਲਾਫ ਕੇਸ ਦਰਜ ਕਰਵਾਇਆ ਹੈ। ਅਸਾਮ ਕਾਂਗਰਸ ਨੇ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਨਫਰਤ ਤੇ ਹਿੰਸਾ ਸਾਡੇ ਜਿਊਣ ਦਾ ਤਰੀਕਾ ਨਹੀਂ: ਰਾਹੁਲ
ਨਵੀਂ ਦਿੱਲੀ: ਭਾਰਤ ਨੇ ਹਮੇਸ਼ਾ ਹੀ ਦੁਨੀਆਂ ਨੂੰ ਸਚਾਈ, ਅਹਿੰਸਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਅਤੇ ਨਫਰਤ ਤੇ ਹਿੰਸਾ ਸਾਡੇ ਜਿਊਣ ਦਾ ਤਰੀਕਾ ਨਹੀਂ। ਕਾਂਘਰਸ ਆਗੂ ਰਾਹੁਲ ਗਾਂਧੀ ਨੇ ਇਹ ਗੱਲ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਕਹੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਸਿਧਾਂਤ ਆਜ਼ਾਦ ਭਾਰਤ ਦੀ ਨੀਂਹ ਹਨ ਅਤੇ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ ਕਿ ਭਾਰਤ ਨੂੰ ਇਕਜੁੱਟ ਰੱਖਿਆ ਜਾਵੇ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ।
ਟਿੱਪਣੀਆਂ ਕਰਨ ਵਾਲਿਆਂ ਨੂੰ ‘ਮਹੱਤਵਹੀਣ` ਦੱਸਣਾ ਗੈਰਵਾਜਬ: ਹਾਮਿਦ ਅਨਸਾਰੀ
ਨਵੀਂ ਦਿੱਲੀ: ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਹੈ ਕਿ ਇਹ ਦਾਅਵਾ ਕਰਨਾ ਠੀਕ ਨਹੀਂ ਹੈ ਕਿ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਗੂਆਂ ਦੀ ਕੋਈ ਅਹਿਮੀਅਤ ਨਹੀਂ ਹੈ। ਉਨ੍ਹਾਂ ਕਿਹਾ ਧਰਮ ਸੰਸਦਾਂ ਵਿਚ ਘੱਟ ਗਿਣਤੀਆਂ ਵਿਰੁੱਧ ਨਫਰਤੀ ਤਕਰੀਰਾਂ ਦੌਰਾਨ ਸਰਕਾਰ ਮੂਕ ਦਰਸ਼ਕ ਬਣੀ ਰਹੀ। ਉਨ੍ਹਾਂ ਕਿਹਾ ਕਿ ਹਿੰਸਾ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਖਾਮੋਸ਼ੀ‘ ਦੇ ‘ਗੰਭੀਰ ਅਰਥ‘ ਹਨ ਤੇ ਇਹ ਕੋਈ ਇਤਫ਼ਾਕ ਨਹੀਂ ਹੈ।
ਜਾਵੇਦ ਪੰਪ ਦੇ ਘਰ ‘ਤੇ ਚੱਲਿਆ ਬੁਲਡੋਜ਼ਰ
ਪ੍ਰਯਾਗਰਾਜ: ਉੱਤਰ ਪ੍ਰਦੇਸ਼ ਵਿਚ ਹਿੰਸਾ ਕਰਨ ਉਤੇ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਮੁਹੰਮਦ ਜਾਵੇਦ ਉਰਫ ਜਾਵੇਦ ਪੰਪ ਦੇ ਦੋ ਮੰਜ਼ਿਲਾ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਜਾਵੇਦ ਪੰਪ ਦਾ ਨਾਮ ਪੈਗੰਬਰ ਮੁਹੰਮਦ ਬਾਰੇ ਭਾਜਪਾ ਨੇਤਾ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਕਾਰਨ 10 ਜੂਨ ਨੂੰ ਸ਼ਹਿਰ ਵਿਚ ਭੜਕੀ ਹਿੰਸਾ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਬੋਲਦਾ ਹੈ। ਸ਼ਹਿਰ ਦੇ ਅਤਲਾ ਇਲਾਕੇ ਵਿਚ ਜਾਵੇਦ ਦੇ ਘਰ ਦੇ ਗੇਟ ਉਤੇ ਪੀ.ਡੀ.ਏ. ਦਾ ਨੋਟਿਸ ਚਿਪਕਾਇਆ ਗਿਆ ਸੀ, ਜਿਸ ਵਿਚ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ 12 ਜੂਨ ਨੂੰ ਸਵੇਰੇ 11 ਵਜੇ ਤੱਕ ਜਾਇਦਾਦ ਖਾਲੀ ਕਰ ਲੈਣ ਤਾਂ ਜੋ ਕਾਰਵਾਈ ਕੀਤੀ ਜਾ ਸਕੇ।