ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਸਰਗਰਮੀਆਂ ਵਿਚ ਖੜੋਤ ਆਈ

ਅੰਮ੍ਰਿਤਸਰ: ਸਿੱਖ ਬੰਦੀਆਂ ਦੀ ਰਿਹਾਈ ਲਈ ਚਾਰਾਜੋਈ ਕਰਨ ਲਈ ਬਣਾਈ ਗਈ 11 ਮੈਂਬਰੀ ਸਾਂਝੀ ਕਮੇਟੀ ਨੂੰ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਫਿਲਹਾਲ ਮੁਲਾਕਾਤ ਲਈ ਸਮਾਂ ਨਾ ਮਿਲਣ ਕਾਰਨ ਇਸ ਸਬੰਧੀ ਗਤੀਵਿਧੀਆਂ ਵਿਚ ਖੜੋਤ ਆ ਗਈ ਹੈ।

ਦੂਜੇ ਪਾਸੇ ਕਮੇਟੀ ਮੈਂਬਰਾਂ ਵਿਚਾਲੇ ਬਣ ਰਹੀ ਅਸਹਿਮਤੀ ਕਾਰਨ ਕਮੇਟੀ ਦੀ ਹੋਂਦ ਵੀ ਖਤਰੇ ਵਿਚ ਜਾਪ ਰਹੀ ਹੈ। ਕਮੇਟੀ ਦੀ 19 ਮਈ ਨੂੰ ਪਹਿਲੀ ਮੀਟਿੰਗ ਹੋਈ ਸੀ, ਜਿਸ ਵਿਚ ਅਗਲੇ 15 ਦਿਨਾਂ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਦਿੱਲੀ ਤੇ ਕਰਨਾਟਕਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਫੈਸਲਾ ਹੋਇਆ ਸੀ। ਇਸ ਦੌਰਾਨ ਬੰਦੀ ਸਿੱਖਾਂ ਬਾਰੇ ਵੇਰਵੇ ਇਕੱਠੇ ਕਰਕੇ ਇਕ ਸੂਚੀ ਵੀ ਤਿਆਰ ਕੀਤੀ ਜਾਣੀ ਸੀ। ਇਸ ਦੌਰਾਨ ਕਮੇਟੀ ਮੈਂਬਰਾਂ ਵਿਚਾਲੇ ਕੁਝ ਮੈਂਬਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਆਪਸੀ ਸਹਿਮਤੀ ਵੀ ਨਹੀਂ ਬਣ ਰਹੀ। ਹਰਿਆਣਾ ਕਮੇਟੀ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਕਮੇਟੀ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ‘ਤੇ ਇਤਰਾਜ਼ ਕੀਤਾ ਗਿਆ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਸ਼ਮੂਲੀਅਤ ‘ਤੇ ਇਤਰਾਜ਼ ਕੀਤਾ ਗਿਆ ਹੈ। ਹਾਲ ਹੀ ਵਿਚ ਕਮੇਟੀ ਦੇ ਦੋ ਮੈਂਬਰਾਂ ਸੁਖਬੀਰ ਸਿੰਘ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਵੀ ਆਪਸੀ ਵਖਰੇਵੇਂ ਸਾਹਮਣੇ ਆਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 19 ਮਈ ਨੂੰ ਹੋਈ ਸਾਂਝੀ ਕਮੇਟੀ ਦੀ ਮੀਟਿੰਗ ਤੋਂ ਬਾਅਦ 20 ਅਤੇ 24 ਮਈ ਨੂੰ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਦਫਤਰਾਂ ਨੂੰ ਮੀਟਿੰਗ ਵਾਸਤੇ ਸਮਾਂ ਦੇਣ ਲਈ ਪੱਤਰ ਭੇਜੇ ਗਏ ਸਨ। ਪਰ 15 ਦਿਨ ਬੀਤ ਚੁੱਕੇ ਹਨ ਅਤੇ ਹੁਣ ਤੱਕ ਮੀਟਿੰਗ ਦਾ ਸਮਾਂ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਲਈ ਸਮਾਂ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਕਮੇਟੀ ਮੈਂਬਰਾਂ ਵਿਚਾਲੇ ਪੈਦਾ ਹੋਏ ਆਪਸੀ ਵਖਰੇਵਿਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਯਤਨ ਕਰਨਗੇ ਕਿ ਇਹ ਸਾਂਝੀ ਕਮੇਟੀ ਸਿੱਖ ਬੰਦੀਆਂ ਦੀ ਰਿਹਾਈ ਲਈ ਸਾਂਝੇ ਤੌਰ ‘ਤੇ ਕੰਮ ਕਰਦੀ ਰਹੇ।
ਪ੍ਰਧਾਨ ਮੰਤਰੀ ਨੂੰ ਮੁਲਾਕਾਤ ਲਈ ਸਮਾਂ ਦੇਣ ਦੀ ਅਪੀਲ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਵਾਸਤੇ ਮੁਲਾਕਾਤ ਲਈ ਸਮਾਂ ਦੇਣ ਦੀ ਕੀਤੀ ਮੰਗ ਨੂੰ ਤੁਰਤ ਪ੍ਰਵਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਦਫਤਰ ਨੂੰ ਪੱਤਰ ਭੇਜਿਆ ਹੈ। ਹੁਣ ਤੱਕ 15 ਦਿਨ ਬੀਤ ਜਾਣ ਦੇ ਬਾਵਜੂਦ ਪੀ.ਐਮ.ਓ. ਵੱਲੋਂ ਇਸ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਇਸ ਵੇਲੇ ਸਮੁੱਚੀ ਸਿੱਖ ਕੌਮ ਦਾ ਭਖਦਾ ਮਸਲਾ ਬਣ ਚੁੱਕਿਆ ਹੈ ਅਤੇ ਸਿੱਖ ਕੌਮ ਇਸ ਮੁੱਦੇ ਪ੍ਰਤੀ ਗੰਭੀਰ ਹੈ।