ਮੂਸੇਵਾਲਾ ਕਤਲ ਕਾਂਡ: ਅਜੇ ਹਵਾ ਵਿਚ ਹੱਥ-ਪੈਰ ਮਾਰ ਰਹੀ ਹੈ ਪੁਲਿਸ

ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਦੇ ਢਾਈ ਹਫਤਿਆਂ ਬਾਅਦ ਵੀ ਹੱਥ ਖਾਲੀ ਹਨ। 29 ਮਈ ਦੀ ਘਟਨਾ ਤੋਂ ਬਾਅਦ ਹੁਣ ਤੱਕ ਪੁਲਿਸ ਨਾ ਕਾਤਲਾਂ ਨੂੰ ਫੜ ਸਕੀ ਹੈ ਅਤੇ ਨਾ ਹੀ ਹਥਿਆਰ, ਜਦੋਂ ਕਿ ਨਾ ਹੀ ਸ਼ੂਟਰਾਂ ਦੀ ਪੱਕੀ ਗਿਣਤੀ ਦਾ ਕੋਈ ਦਾਅਵਾ ਕਰ ਸਕੀ।

ਪੁਲਿਸ ਵੱਲੋਂ ਅਜੇ ਤੱਕ ਕੋਈ ਸ਼ਾਰਪ ਸ਼ੂਟਰ ਕਾਤਲ ਵਜੋਂ ਕਾਬੂ ਨਹੀਂ ਕੀਤਾ ਜਾ ਸਕਿਆ। ਪੁਲਿਸ ਨੂੰ ਅਜੇ ਇਸ ਗੱਲ ਦਾ ਵੀ ਪਤਾ ਨਹੀਂ ਕਿ ਕਤਲ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਪੁਲਿਸ ਕੋਲ ਇਸ ਗੱਲ ਦੇ ਵੀ ਪੁਖਤਾ ਸਬੂਤ ਨਹੀਂ ਕਿ ਕਤਲ ਕਰਨ ਵੇਲੇ ਸ਼ਾਰਪ ਸ਼ੂਟਰਾਂ ਜਾਂ ਕਾਤਲਾਂ ਦੀ ਗਿਣਤੀ ਕਿੰਨੀ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਪਹਿਲਾਂ 8 ਸ਼ਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ, ਪਰ ਹੁਣ ਪੁਲਿਸ ਕਹਿ ਰਹੀ ਹੈ ਕਿ ਇਨ੍ਹਾਂ ਵਿਚੋਂ ਕਈ ਉਸ ਘਟਨਾ ਵਿਚ ਸ਼ਾਮਲ ਨਹੀਂ ਸਨ। ਦਿੱਲੀ ਪੁਲਿਸ ਜਿੱਥੇ 5 ਜਾਂ 6 ਸ਼ੂਟਰਾਂ ਦੀ ਗੱਲ ਕਹਿ ਰਹੀ ਹੈ, ਉਥੇ ਹੀ ਪੰਜਾਬ ਪੁਲਿਸ ਚਾਰ ਸ਼ੂਟਰ ਦੱਸ ਰਹੀ ਹੈ, ਜਦਕਿ ਸਹੀ ਗਿਣਤੀ ਦਾ ਹਾਲੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਹੈ। ਇਕ ਉੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਵਿਚੋਂ ਪੁਣੇ ਦੇ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਮਹਾਕਾਲ ਨੂੰ ਪੁਣੇ ਦੀ ਪੁਲਿਸ ਨੇ ਫੜਿਆ ਹੈ, ਪਰ ਹੁਣ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਹਾਕਾਲ, ਸਿੱਧੂ ਮੂਸੇਵਾਲਾ ਦਾ ਕਾਤਲ ਨਹੀਂ ਹੈ ਤੇ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ। ਉਧਰ, ਬਠਿੰਡਾ ਪੁਲਿਸ ਨੇ ਹਰਕਮਲ ਰਾਣੂ ਨੂੰ ਹਿਰਾਸਤ ਵਿਚ ਲਿਆ ਹੈ, ਪਰ ਉਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਪਰਾਧੀ ਕਿਸਮ ਦਾ ਬੰਦਾ ਤਾਂ ਹੈ ਤੇ ਉਸ ‘ਤੇ ਗਿਆਰਾਂ ਕੇਸ ਵੀ ਦਰਜ ਹਨ, ਪਰ ਸਿੱਧੂ ਦੇ ਕਤਲ ਵਿਚ ਉਹ ਸ਼ਾਮਲ ਨਹੀਂ ਲੱਗਦਾ। ਪੁਲਿਸ ਹਾਲੇ ਤੱਕ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਵੀ ਸਪੱਸ਼ਟ ਨਹੀਂ ਹੋ ਸਕੀ ਹੈ। ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਸਨ, ਜਿਨ੍ਹਾਂ ਵਿਚੋਂ 7 ਗੋਲੀਆਂ ਉਸ ਦੇ ਸਰੀਰ ਅੰਦਰੋਂ ਮਿਲੀਆਂ ਸਨ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਹਨ ਤੇ ਇਨ੍ਹਾਂ ਵਿਚੋਂ ਇਕ ਰੂਸੀ ਏਐਨ-94 ਹੋਣ ਦਾ ਵੀ ਦਾਅਵਾ ਸੀ, ਪਰ ਯਕੀਨ ਨਾਲ ਇਸ ਹਥਿਆਰ ਦੀ ਵਰਤੋਂ ਹੋਣ ਬਾਰੇ ਪੰਜਾਬ ਪੁਲਿਸ ਹਾਲੇ ਕੁਝ ਨਹੀਂ ਕਹਿ ਰਹੀ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਸਬੂਤ ਲੈਬਾਰਟਰੀ ‘ਚ ਭੇਜੇ ਗਏ ਹਨ ਤੇ ਰਿਪੋਰਟਾਂ ਆਉਣ ‘ਤੇ ਹੀ ਅਸਲੀਅਤ ਪਤਾ ਲੱਗ ਸਕੇਗੀ। ਪੰਜਾਬ ਪੁਲਿਸ ਨੇ ਹੁਣ ਤੱਕ ਇਸ ਕੇਸ ਵਿਚ ਨੌਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ ਉਰਫ ਕੇਕੜਾ ਵੀ ਸ਼ਾਮਲ ਹੈ। ਉਹ ਹੁਣ ਪੁਲਿਸ ਰਿਮਾਂਡ ‘ਤੇ ਹੈ। ਉਸ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਮੋਨੂੰ ਡਾਗਰ, ਪਵਨ, ਨਸੀਬ ਖ਼ਾਨ ਦਾ ਵੀ ਕੇਕੜਾ ਦੇ ਨਾਲ ਹੀ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਤੇ ਚਰਨਜੀਤ ਸਿੰਘ ਚੇਤਨ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ‘ਤੇ ਮਾਨਸਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
ਦੇਸ਼ ਦਾ ਖੁਸ਼ਹਾਲ ਸੂਬਾ ਗੈਂਗਵਾਰ ਦਾ ਗੜ੍ਹ ਬਣਿਆ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਾਅ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ, ਪਰ ਅੱਜ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਕਤਲਾਂ, ਗੈਂਗਵਾਰਾਂ ਤੇ ਧਾਰਮਿਕ ਝੜਪਾਂ ਦਾ ਗੜ੍ਹ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਜਿਹਾ ਬਦਲਾਅ ਨਹੀਂ ਮੰਗਿਆ ਸੀ। ਸ੍ਰੀ ਬਾਦਲ ਨੇ ਟਵੀਟ ਵਿਚ ਦੁੱਖ ਜ਼ਾਹਰ ਕੀਤਾ ਕਿ ‘ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਅੱਜ ਕਤਲਾਂ, ਗੈਂਗਵਾਰ, ਧਾਰਮਿਕ ਝੜਪਾਂ ਅਤੇ ਹੋਰਨਾਂ ਘਟਨਾਵਾਂ ਦਾ ਗੜ੍ਹ ਬਣ ਗਿਆ ਹੈ। ਇਹ ਸਭ ਕੁਝ ਸੂਬੇ `ਚ ਹੋਣ ਵਾਲੇ ਨਿਵੇਸ਼ਾਂ ਅਤੇ ਸੂਬੇ ਦੀ ਪ੍ਰਤਿਭਾ ਲਈ ਘਾਤਕ ਸਾਬਤ ਹੋਵੇਗਾ।`