ਬਲਜੀਤ ਬਾਸੀ
ਘਰੋਂ ਬਾਹਰ ਪੈਰ ਪਾਉਂਦਿਆਂ ਮਨੁੱਖ ਸਾਹਮਣੇ ਗਲੀ ਵਿਛੀ ਹੁੰਦੀ ਹੈ, ਬਲਕਿ ਗਲੀ ਵਿਚ ਹੀ ਪੈਰ ਪਾਈਦੇ ਹਨ। ਫਿਰ ਗਲੀ ਗਾਹ ਕੇ ਹੀ ਨਗਰ ਖੇੜੇ ਤੋਂ ਬਾਹਰ ਜਾਈਦਾ ਹੈ। ਜੋ ਬਾਹਰ ਨਹੀਂ ਜਾਂਦੇ, ਉਹ ਇਕ ਗਲੀ ਤੋਂ ਦੂਜੀ ਗਲੀ ਵੜਦੇ ਨਿਕਲਦੇ ਗਲੀਆਂ ਦੀ ਹੀ ਖਾਕ ਛਾਣਦੇ ਫਿਰਦੇ ਹਨ। ਪਿੰਡ ਦੇ ਵਿਹਲੇ ਬੰਦੇ, ਖਾਸ ਤੌਰ ‘ਤੇ ਔਰਤਾਂ ਦਾ ਤਾਂ ਝੱਟ ਟਪਾਉਣ ਦਾ ਤਰੀਕਾ ਹੀ ਇਹੋ ਹੈ। ਕਹਿੰਦੇ ਨੇ ਨਾ- ਉਹ ਕਿਹੜੀ ਗਲੀ ਜਿਥੇ ਭਾਗੋ ਨਹੀਂ ਖਲੀ। ਦੇਖਿਆ ਜਾਵੇ ਤਾਂ ਪਿੰਡ ਦੇ ਦੋ ਹੀ ਜੁਜ਼ ਹਨ, ਘਰ ਤੇ ਗਲੀ। ਜਿਥੇ ਘਰ ਨਿੱਜ ਲਈ ਹੈ, ਗਲੀ ਸਾਂਝ ਦੀ ਪ੍ਰਤੀਕ ਹੈ। ਗਲੀ ਵਿਚ ਦੀ ਹੀ ਪ੍ਰਾਹੁਣੇ ਤੁਰੇ ਆਉਂਦੇ ਹਨ, ਗਲੀ ਵਿਚ ਸਭ ਹੋਕਾ ਦੇਣ ਵਾਲੇ, ਹਾਥੀਆਂ ਵਾਲੇ, ਤਮਾਸ਼ਾ ਕਰਨ ਵਾਲੇ, ਗਜਾ ਕਰਨ ਵਾਲੇ, ਸ਼ਰਾਬੀ ਕਬਾਬੀ, ਆਸ਼ਿਕ-ਆਪੋ ਆਪਣੀ ਹੋਂਦ ਦਾ ਮੁਜ਼ਾਹਰਾ ਕਰਦੇ ਫਿਰਦੇ ਹਨ।
ਵਣਜਾਰੇ ਗਲੀ ਗਲੀ ਹੀ ਫਿਰਦੇ ‘ਵੰਗਾਂ ਲਵੋ ਚੜ੍ਹਾ’ ਦਾ ਹੋਕਾ ਦਿੰਦੇ ਫਿਰਦੇ ਹਨ। ਮੈਨੂੰ ਆਪਣੇ ਪਿੰਡ ਦੀ ਲੰਮੀ ਗਲੀ ਯਾਦ ਆਉਂਦੀ ਹੈ ਜਿਸ ਦੇ ਅਖੀਰ ਤੋਂ ਮੁੜਦੀ ਇਕ ਹੋਰ ਤੰਗ ਤੇ ਨਿੱਕੀ ਗਲੀ ਦੇ ਸਿਰੇ ‘ਤੇ ਸਾਡਾ ਘਰ ਸੀ। ਸਾਡੇ ਦਰਵਾਜ਼ੇ ਦੇ ਐਨ ਮੂਹਰੇ ਮਾਲਣ ਗੁਆਂਢਣ ਦਾ ਚਰਖਾ ਡੱਠਾ ਹੁੰਦਾ ਸੀ। ਉਸ ਦੇ ਆਸੇ ਪਾਸੇ ਹੋਰ ਚਾਰ ਪੰਜ ਔਰਤਾਂ ਸੂਤ ਅਟੇਰਦੀਆਂ, ਇਕ ਦੂਜੇ ਦੀਆਂ ਜੂੰਆਂ ਕਢਦੀਆਂ ਤੇ ਚੁਗਲੀਆਂ ਦੇ ਆਹਰ ਵਿਚ ਰੁਝੀਆਂ ਹੁੰਦੀਆਂ। ਮਸਾਂ ਇਸ ਤ੍ਰਿੰਜਣ ‘ਚੋਂ ਪੈਰ ਕਢੀਦਾ ਸੀ ਕਿ ਲੰਮੀ ਬੀਹੀ ਦੇ ਮਹਾਂ ਤ੍ਰਿੰਜਣ ਵਿਚ ਖੁਭ ਜਾਈਦਾ ਸੀ। ਬੀਹੀ ਦੇ ਗੱਭੇ ਵਗਦੀ ਨਾਲੀ ਦੇ ਦੋਵੇਂ ਪਾਸੇ ਧੁਰ ਤੱਕ ਚਰਖਿਆਂ ਦੀ ਲੰਮੀ ਕਤਾਰ ਹੁੰਦੀ ਸੀ। ਤੀਵੀਆਂ ਮਾਨੀਆਂ ਦੀ ਛੂਹ ਤੋਂ ਡਰਦੇ ਪੈਰ ਕਦੇ ਨਾਲੀ ਦੇ ਇਕ ਪਾਸੇ ਕਦੀ ਦੂਜੇ ਪਾਸੇ ਧਰਦਿਆਂ ਗੁਰੂ ਨਾਨਕ ਦੇ ਇਹ ਬੋਲ, “ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥” ਸਾਕਾਰ ਕਰੀਦੇ ਸਨ। ਗਲੀ ਵਿਚ ਔਰਤਾਂ ਤਾਹਨੇ ਮਿਹਣੇ ਦਿੰਦੀਆਂ, ਗਾਲੀ ਗਲੋਚ ਕਰਦੀਆਂ ਤੇ ਇਕ ਦੂਜੇ ਨੂੰ ਝਈਆਂ ਲੈ ਲੈ ਪੈਂਦੀਆਂ। ਗਲੀ ਵਿਚ ਬੱਚੇ ਸਾਈਕਲ ਦੇ ਚੱਕੇ ਦਾ ਵੰਗਲਾ ਬਣਾ ਕੇ ਇਸ ਨੂੰ ਘੁੰਮਾਉਂਦੇ ਤੁਰੇ ਜਾਂਦੇ; ਕਿਸੇ ਦੀ ਖੁਲ੍ਹੀ ਹੋਈ ਮਝ ਡਹਿੰਬਰਿਆਂ ਵਾਂਗ ਝਾਕਦੀ ਤੁਰੀ ਫਿਰਦੀ।
ਮੈਂ ਹੁਣੇ ਹੀ ਇਕ ਫਿਲਮ ਵਿਚ ‘ਗਲੀ ਦਾ ਕੁੱਤਾ ਗਟਰ ਦਾ ਸੂਅਰ’ ਗਾਲ ਸੁਣ ਕੇ ਹਟਿਆ ਹਾਂ। ਸੱਚਮੁਚ ਗਲੀ ਪਿੰਡ ਦਾ ਇਕ ਮੰਡੂਆ ਹੈ, ਦਿਲ ਪਰਚਾਵੇ ਦਾ ਇੱਕੋ ਇੱਕ ਸਾਧਨ, ਦਰਾਂ ਦੇ ਐਨ ਮੂਹਰੇ, ਮਾਨੋ ਘਰ ‘ਚ ਗੰਗਾ। ਇਥੋਂ ਦੀ ਹੀ ਮੁੰਡਾ ਜੰਮਣ ‘ਤੇ ਖੁਸਰੇ ਨੱਚਦੇ ਆਉਂਦੇ ਹਨ, ਵਿਆਹ ਦੀ ਬਰਾਤ ਲੰਘਦੀ ਹੈ, ਕੁੜੀ ਤੋਰੀ ਜਾਂਦੀ ਹੈ, ਤੇ ਜ਼ਿੰਦਗੀ ਦੀ ਅੰਤਮ ਯਾਤਰਾ, ਅਰਥੀ ਦੇ ਰੂਪ ਵਿਚ ਨਿਕਲਦੀ ਵਿਖਾਈ ਦਿੰਦੀ ਹੈ। ਇਹ ਮੰਡੂਆ ਪਤਾ ਨਹੀਂ ਦਿਨ ਵਿਚ ਕਿੰਨੀਆਂ ਝਾਕੀਆਂ ਪੇਸ਼ ਕਰ ਜਾਂਦਾ ਹੈ ਤੇ ਉਹ ਵੀ ਸਜੀਵ, ਜਿਸ ਨੂੰ ਅੰਗਰੇਜ਼ੀ ਵਿਚ ਅਲਾਈਵ ਕਿਹਾ ਜਾਂਦਾ ਹੈ।
ਵੱਡੀਆਂ ਗਲੀਆਂ ਵਿਚੋਂ ਨਿੱਕੀਆਂ ਗਲੀਆਂ ਨਿਕਲਦੀਆਂ ਹਨ ਤੇ ਅੱਗੋਂ ਹੋਰ ਨਿਕੇਰੀਆਂ। ਹਿੰਦੀ ਵਿਚ ਇਨ੍ਹਾਂ ਨੂੰ ਕੁੰਜ ਗਲੀਆਂ ਕਿਹਾ ਜਾਂਦਾ ਹੈ। ਮੈਂ ਗੋਕੁਲ ਦੀਆਂ ਕੁੰਜ ਗਲੀਆਂ ਦੇ ਖੁਦ ਦਰਸ਼ਨ ਕੀਤੇ ਹਨ: ਗਲੀ ਦਰ ਗਲੀ ਦਾ ਲੰਮਾ ਸਿਲਸਿਲਾ ਜਿਨ੍ਹਾਂ ਵਿਚ ਕ੍ਰਿਸ਼ਨ ਤੇ ਰਾਧਾ ਬਚਪਨ ਵਿਚ ਪ੍ਰੇਮ ਖੇਡ ਖੇਲਦੇ ਰਹੇ। ਗਾਈਡ ਨੇ ਸਾਨੂੰ ਦੱਸਿਆ ਕਿ ਇਹ ਗਲੀਆਂ ਭਾਵੇਂ ਕਿੰਨੀਆਂ ਵੀ ਭੀੜੀਆਂ ਹਨ ਪਰ ਕ੍ਰਿਸ਼ਨ ਦੇ ਚਰਨ ਪਏ ਹੋਣ ਕਾਰਨ ਇਨ੍ਹਾਂ ਵਿਚੋਂ ਚੌੜੇ ਤੋਂ ਚੌੜਾ ਵਾਹਣ ਵੀ ਲੰਘ ਸਕਦਾ ਹੈ। ਮੈਨੂੰ ਆਪਣੇ ਬਚਪਨ ਵਿਚ ਅਜਿਹੀਆਂ ਗਲੀਆਂ ਵਿਚ ਖੇਡੀਆਂ ਛੂਣ-ਛੁਹਾਈਆਂ, ਤੜੱਕ ਤੇਰੀ ਭੌਂ ਤੇ, ਛੂਛਕ ਭਾਂਡਾ ਮਿੱਟੀ ਦਾ ਜਿਹੀਆਂ ਖੇਲਾਂ ਯਾਦ ਆਈਆਂ। ਪਿੰਡ ਬੰਨ੍ਹਣ ਵੇਲੇ ਅਵੱਸ਼ ਹੀ ਬਜ਼ੁਰਗ ਇਸ ਨੂੰ ਕੁਝ ਲੰਮੀਆਂ ਗਲੀਆਂ ਵਿਚ ਵੰਡਦੇ ਹੋਣਗੇ। ਪਿੰਡ ਦੀ ਫਿਰਨੀ ਦੇ ਅੰਦਰ ਅੰਦਰ ਹੀ ਵਸੇਬੇ ਦੀ ਸੀਮਾ ਹੁੰਦੀ ਸੀ। ਸੋ ਜਿਉਂ ਜਿਉਂ ਆਬਾਦੀ ਵਧਦੀ ਜਾਂਦੀ, ਗਲੀਆਂ ਦੇ ਅਖੀਰ ਜਾਂ ਵਿਚਕਾਰੋਂ ਹੋਰ ਗਲੀਆਂ ਕਢ ਲਈਆਂ ਜਾਂਦੀਆਂ ਹੋਣਗੀਆਂ ਤੇ ਇੰਜ ਬਣਦਾ ਹੋਵੇਗਾ ਗਲੀ-ਦਰ-ਗਲੀ ਦਾ ਸਿਲਸਿਲਾ। ਇਹ ਉਪ-ਗਲੀਆਂ ਇਕ ਪਾਸਿਓਂ ਅਕਸਰ ਬੰਦ ਹੋ ਜਾਂਦੀਆਂ ਹਨ, ਜਿਨ੍ਹਾਂ ਤੋਂ ਫਿਰ ਪਿਛੇ ਹੀ ਮੁੜ ਸਕੀਦਾ ਹੈ। ਕਈ ਵਾਰੀ ਮਨੁੱਖ ਜ਼ਿੰਦਗੀ ਦੀ ਬੰਦ ਗਲੀ ਵਿਚ ਫਸ ਜਾਂਦਾ ਹੈ, ਪਰ ਲੰਮੀਆਂ ਗਲੀਆਂ ਅਕਸਰ ਸਾਰ-ਪਾਰ ਹੁੰਦੀਆਂ ਹਨ ਜਾਂ ਇਉਂ ਕਹੋ ਕਿ ਮੂਲ ਰੂਪ ਵਿਚ ਅਜਿਹੀਆਂ ਸਨ ਪਰ ਵਧਦੀ ਆਬਾਦੀ ਨੇ ਉਨ੍ਹਾਂ ਨੂੰ ਵੀ ਬੰਦ ਬਣਾ ਦਿੱਤਾ।
ਭੀੜੀਆਂ ਗਲੀਆਂ ਵੀ ਬੋਲ ਚਾਲ ਵਿਚ ਲਾਖਣਿਕ ਵਰਤੋਂ ਦਾ ਚੋਖਾ ਮਸਾਲਾ ਪੇਸ਼ ਕਰਦੀਆਂ ਹਨ। ਹਾਸ਼ਮ ਸ਼ਾਹ ਗਲੀ ਨੂੰ ਇਸ਼ਕ ਮਿਜ਼ਾਜੀ ਨੂੰ ਰੋਲਣ ਦਾ ਸਮਾਨ ਸਮਝਦਾ ਹੈ, ‘ਹਾਸ਼ਮ ਖਾਕ ਰੁਲਾਵੇ ਗਲੀਆਂ, ਇਹ ਕਾਫ਼ਿਰ ਇਸ਼ਕ ਮਿਜ਼ਾਜੀ।’ ਪੀਲੂ ਜਿੰਨਾ ਕਠੋਰ ਯਥਾਰਥਵਾਦੀ ਕਵੀ ਸ਼ਾਇਦ ਹੀ ਕੋਈ ਹੋਵੇ ਜਿਸ ਦੀ ਸਾਹਿਬਾਂ ਮਿਰਜ਼ੇ ਨੂੰ ਮਿਲਣ ਖਾਤਿਰ ਆਪਣੀਆਂ ਹੀ ਗਵਾਂਢਣਾਂ ਦੇ ਮਰਨ ਅਤੇ ਗਲੀਆਂ ਸੁੰਨੀਆਂ ਹੋ ਜਾਣ ਦੀ ਕਾਮਨਾ ਕਰਦੀ ਹੈ,
ਹੁਜਰੇ ਸ਼ਾਹ ਹਕੀਮ ਦੇ
ਇਕ ਜੱਟੀ ਅਰਜ਼ ਕਰੇ।
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਕੰਤ ਮਰੇ।
ਪੰਜ ਸੱਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ।
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿੱਤ ਬਲੇ।
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ-ਚਊਂ ਨਿੱਤ ਕਰੇ।
ਗਲੀਆਂ ਹੋਵਣ ਸੁੰਨੀਆਂ
ਵਿਚ ਮਿਰਜ਼ਾ ਯਾਰ ਫਿਰੇ।
ਮਨੁੱਖ ਦੀ ਮਨੁੱਖ ਨਾਲ ਤਾਂ ਭਲਾ ਦੁਸ਼ਮਣੀ ਹੁੰਦੀ ਹੀ ਹੈ, ਪੀਲੂ ਨੇ ਤਾਂ ਕੁੱਤੇ ਦੀ ਜਾਤ ਵੀ ਨਹੀਂ ਬਖਸ਼ੀ। ਐਪਰ ਸੂਫੀਆਂ ਤੇ ਗੁਰੂਆਂ ਭਗਤਾਂ ਨੇ ਗਲੀਆਂ ਨੂੰ ਹਕੀਕੀ ਇਸ਼ਕ ਦੇ ਰਾਹ ‘ਤੇ ਤੁਰਨ ਦੀ ਕਰੜੀ ਪ੍ਰੀਖਿਆ ਬਣਾਇਆ ਹੈ, ‘ਖੰਡੇਧਾਰ ਗਲੀ ਅਤਿ ਭੀੜੀ॥’ -ਗੁਰੂ ਨਾਨਕ; ‘ਜਿਥੇ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ।’ ‘ਜੇ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’, ‘ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੁ॥’ ਇਸ਼ਕ ਮਿਜ਼ਾਜੀ ਤੇ ਹਕੀਕੀ ਦਾ ਏਡਾ ਅਖਾੜਾ ਹੋਵੇ ਗਲੀ, ਤਾਂ ਇਸ ‘ਤੇ ਫਿਲਮ ਨਾ ਬਣੇ! ਕਿਉਂ ਨਹੀਂ? ਆਖਿਰ ਕਿਸੇ ਨੇ ਬਣਾ ਹੀ ਦਿੱਤੀ ਪੰਜਾਬੀ ਫਿਲਮ ‘ਸਾਡੀ ਗਲੀ ਆਇਆ ਕਰੋ।’
ਏਨੀ ਚਰਚਾ ਤੋਂ ਪਿਛੋਂ ਹੁਣ ਗਲੀ ਸ਼ਬਦ ਦੀ ਖਾਕ ਛਾਣਨ ਦਾ ਵਕਤ ਆ ਗਿਆ ਹੈ। ਸੰਸਕ੍ਰਿਤ ਵਿਚ ਇਕ ਧਾਤੂ ਹੈ, ‘ਗਲ’ ਜਿਸ ਦਾ ਅਰਥ ਚੋਣਾ, ਟਪਕਣਾ, ਰਿਸਣਾ, ਪਿਘਲਣਾ ਹੁੰਦਾ ਹੈ। ਇਸ ਧਾਤੂ ਦਾ ਵਿਕਸਤ ਅਰਥ ਬਣਿਆ ਨਿਗਲਣਾ, ਅੰਦਰ ਲੰਘਾਉਣਾ। ਅਜਿਤ ਵਡਨੇਰਕਰ ਨੇ ਇਸ ਦੀ ਪਹਿਲੇ ਅਰਥਾਂ ਅਨੁਸਾਰ ਵਿਆਖਿਆ ਕੀਤੀ ਹੈ। ਉਸ ਅਨੁਸਾਰ ਕੋਈ ਚੋਅ ਰਿਹਾ ਤਰਲ ਪਦਾਰਥ ਚੋਂਦਾ ਚੋਂਦਾ ਆਖਿਰ ਖਤਮ ਹੋ ਜਾਂਦਾ ਹੈ, ਅੱਖੋਂ ਓਝਲ ਹੋ ਜਾਂਦਾ ਹੈ। ਗਲੀ ਦੀ ਇਹੀ ਮੁਖ ਵਿਸ਼ੇਸ਼ਤਾ ਹੈ। ਗਲੀ ਜਿੰਨੀ ਮਰਜ਼ੀ ਲੰਮੀ ਹੋਵੇ, ਆਖਿਰ ਉਹ ਹੌਲੀ ਹੌਲੀ ਖਤਮ ਹੀ ਹੋ ਰਹੀ ਹੁੰਦੀ ਹੈ। ਉਂਜ ਤਾਂ ਇਹ ਵਿਆਖਿਆ ਵੀ ਤਾਰਕਿਕ ਪ੍ਰਤੀਤ ਹੁੰਦੀ ਹੈ ਪਰ ਜੀæਐਸ਼ ਰਿਆਲ ਇਸ ਸ਼ਬਦ ਨੂੰ ਇਸ ਧਾਤੂ ਦੇ ਵਿਕਸਿਤ ਅਰਥ ਨਿਗਲਣਾ ਤੋਂ ਬਣਿਆ ਦੱਸਦੇ ਹਨ। ਭੋਜਨ ਨੂੰ ਅੰਦਰ ਸੁੱਟਣ ਤੋਂ ਹੀ ਗਲ ਜਾਂ ਗਲਾ ਸ਼ਬਦ ਬਣਿਆ; ਅਰਥਾਤ ਜਿਸ ਰਾਹੀਂ ਭੋਜਨ ਨਿਗਲਿਆ ਜਾਂਦਾ ਹੈ। ‘ਗਲ ਪਿਆ ਢੋਲ ਵਜਾਉਣਾ’ ਜਾਂ ‘ਗਲ ਗਲੰਮ ਪੈਣਾ’ ਵਿਚ ਇਸ ਸ਼ਬਦ ਦੀ ਛਵੀ ਦੇਖੀ ਜਾ ਸਕਦੀ ਹੈ। ‘ਗਲ ਗਲ ਤੱਕ ਡੁੱਬ ਕੇ’ ਤਾਂ ਇਸ ਸ਼ਬਦ ਦੇ ਭਿਅੰਕਰ ਜਾਨ ਲੇਵਾ ਰੂਪ ਦੇ ਵੀ ਦਰਸ਼ਨ ਹੋ ਜਾਂਦੇ ਹਨ। ਗਲਮਾ ਜੋ ਆਮ ਤੌਰ ‘ਤੇ ਕਮੀਜ਼ ਆਦਿ ਦੇ ਗਲੇ ਲਈ ਵਰਤਿਆ ਜਾਦਾ ਹੈ, ਇਸੇ ਸ਼ਬਦ ਦਾ ਵਿਸ਼ੇਸ਼ ਵਿਕਾਸ ਹੈ। ਅਸਲ ਵਿਚ ਤਾਂ ਨਿਗਲਣਾ ਸ਼ਬਦ ਵੀ ‘ਗਲ’ ਧਾਤੂ ਤੋਂ ਹੀ ਬਣਿਆ ਹੈ- ਨਿ+ਗਲ। ਖਾਖ ਦੇ ਅਰਥਾਂ ਵਾਲਾ ਗੱਲ੍ਹ ਸ਼ਬਦ ਵੀ ਇਸੇ ਦਾ ਇਕ ਹੋਰ ਭੇਦ ਹੈ। ਮੋਰੀ ਦੇ ਅਰਥਾਂ ਵਾਲੀ ਗਲੀ ਇਸੇ ਤੋਂ ਬਣੀ ਜੋ ਅੱਗੇ ਬੀਹੀ ਦੇ ਅਰਥ ਵੀ ਧਾਰਨ ਕਰ ਗਈ। ਇਸ ਨਜ਼ਰੀਏ ਤੋਂ ਦੇਖਿਆਂ ਬੀਹੀ ਦੇ ਅਰਥਾਂ ਵਾਲੀ ਗਲੀ ਪਿੰਡ, ਸ਼ਹਿਰ ਜਾਂ ਪਹਾੜ ਦੇ ਵਿਚਕਾਰ ਬਣੀ ਹੋਈ ਲੰਮੀ ਤੇ ਤੰਗ ਮੋਰੀ ਹੈ। ‘ਗਲ’ ਧਾਤੂ ਦੇ ਚੋਣ ਵਾਲੇ ਅਰਥਾਂ ਤੋਂ ਪੰਜਾਬੀ ਦਾ ਸ਼ਬਦ ਗਲਣਾ ਵੀ ਬਣਿਆ ਹੈ ਜੋ ਇਕ ਤਰ੍ਹਾਂ ਖਤਮ ਹੋਣ ਦੇ ਅਰਥ ਹੀ ਤਾਂ ਦਿੰਦਾ ਹੈ। ਜਦੋਂ ਕੋਈ ਚੀਜ਼ ਗਲਦੀ ਹੈ ਤਾਂ ਉਹ ਆਪਣੇ ਪਹਿਲੇ ਰੂਪ ਦਾ ਨਾਸ ਕਰ ਦਿੰਦੀ ਹੈ। ਅਸਲ ਵਿਚ ਤਾਂ ‘ਪਿ’ ਅਗੇਤਰ ਲੱਗ ਕੇ ਬਣਿਆ ਪਿਘਲਣਾ ਸ਼ਬਦ ਵੀ ਇਸੇ ਤੋਂ ਬਣਿਆ। ਨਿਘਰਨਾ ਵੀ ਇਸੇ ਮੂਲ ਦਾ ਕੌਤਕ ਹੈ। ਗਰਨਾ ਸ਼ਬਦ ਵੀ ਗਲਣਾ ਦਾ ਹੀ ਸਕਾ ਭਰਾ ਹੈ ਜਿਸ ਦਾ ਅਰਥ ਕੁਝ ਵਖਰਾ ਵੀ ਹੈ, ਯਾਨਿ ਭਿਜ ਕੇ ਨਰਮ ਹੋਣਾ। ਪਾਣੀ ਵਿਚ ਦੱਬੇ ਸਣ ਦੇ ਪੂਲੇ ਨੂੰ ਵੀ ਗਰਨਾ ਆਖਦੇ ਹਨ। ਜ਼ਹਿਰ ਦੇ ਅਰਥਾਂ ਵਾਲਾ ਗਰਲ ਸ਼ਬਦ ਵੀ ਇਸੇ ਧਾਤੂ ਤੋਂ ਨਿਰਮਿਤ ਹੋਇਆ, ‘ਗਰਲ ਨਾਸ ਤਨਿ ਨਠਿਯੋ ਅਮਿਉ ਅੰਤਰਗਤਿ ਪੀਓ॥’ -ਭਟ ਕਲ-ਸਹਾਰ ਅਰਥਾਤ ਨਾਸ ਕਰਨ ਵਾਲਾ ਮਾਇਆ ਰੂਪੀ ਜ਼ਹਿਰ ਸਰੀਰ ਵਿਚੋਂ ਭੱਜ ਗਿਆ ਹੈ ਅਤੇ ਤੂੰ ਅੰਤਰ ਆਤਮਾ ਵਿਚ ਨਾਮ ਰੂਪੀ ਅੰਮ੍ਰਿਤ ਪੀ ਲਿਆ ਹੈ। ਇਸ ਵਿਚ ਜ਼ਹਿਰ ਦੇ ਨਿਗਲਣ ਅਰਥਾਤ ਪੀਣ ਵਾਲੀ ਚੀਜ਼ ਹੋਣ ਦਾ ਭਾਵ ਨਿਹਿਤ ਹੈ। ਇਸੇ ਧਾਤੂ ਤੋਂ ਗੱਲਾ ਅਤੇ ਗੋਲਕ ਸ਼ਬਦ ਬਣੇ ਜੋ ਮਾਇਆ ਨੂੰ ਬੋਚ ਲੈਂਦੇ ਹਨ।
ਇਸ ਸ਼ਬਦ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਸਕੇ ਸ਼ਬਦ ਮਿਲਦੇ ਹਨ। ਫਾਰਸੀ ਵਿਚ ਗਲ ਨੂੰ ਗੁਲੂ ਆਖਦੇ ਹਨ। ਇਸੇ ਤੋਂ ਗੁਲੂਬੰਦ ਸ਼ਬਦ ਬਣਿਆ। ਗਰਦਨ ਸ਼ਬਦ ਵਿਚ ਵੀ ਇਹੀ ਧਾਤੂ ਕਾਰਜਸ਼ੀਲ ਹੈ। ਲਾਤੀਨੀ ਵਿਚ gula ਸ਼ਬਦ ਦਾ ਅਰਥ ਗਲਾ ਹੁੰਦਾ ਹੈ। ਅੰਗਰੇਜ਼ੀ ਦਾ gullet ਸ਼ਬਦ ਵੀ ਇਸੇ ਨਾਲ ਜਾ ਜੁੜਦਾ ਹੈ ਜਿਸ ਦਾ ਅਰਥ ਗਲਾ, ਧੌਣ, ਬੋਤਲ ਆਦਿ ਦਾ ਗਲਮਾ ਹੁੰਦਾ ਹੈ। ਇਸੇ ਤੋਂ ਅੰਗਰੇਜ਼ੀ ਸ਼ਬਦ gorge (ਗਲਾ), gutter (ਨਾਲਾ), gully (ਘਰਾਲ), goitre (ਗਲਗੰਢ) ਸ਼ਬਦ ਬਣੇ ਹਨ।
Leave a Reply