ਵਿਗਿਆਨਕ ਕਹਾਣੀਆਂ ਦਾ ਰਚੇਤਾ ਅਜਮੇਰ ਸਿੱਧੂ

ਡਾ. ਡੀ.ਪੀ. ਸਿੰਘ (ਕੈਨੇਡਾ)
ਅਜਮੇਰ ਸਿੱਧੂ ਦਾ ਸ਼ੁਮਾਰ ਸਮਕਾਲੀ ਪੰਜਾਬੀ ਸਾਹਿਤ ਜਗਤ ਦੇ ਪ੍ਰਮੁੱਖ ਕਹਾਣੀਕਾਰਾਂ ਵਿਚ ਕੀਤਾ ਜਾਂਦਾ ਹੈ। ਇਹ ਸਥਾਨ ਉਸ ਨੇ ਆਪਣੀ ਵਿਸ਼ੇਸ਼ ਕਲਾ-ਕੌਸ਼ਲ ਤੇ ਸਖ਼ਤ ਮਿਹਨਤ ਸਦਕਾ ਹਾਸਿਲ ਕੀਤਾ ਹੈ।

ਉਸ ਦੁਆਰਾ ਰਚਿਤ ਸਾਹਿਤਕ ਸੰਸਾਰ ਮੁੱਖ ਤੌਰ ਉੱਤੇ ਸਮਾਜਿਕ, ਆਰਥਿਕ ਤੇ ਰਾਜਨੀਤਕ ਸਰੋਕਾਰਾਂ ਨਾਲ ਓਤ-ਪੋਤ ਹੈ। ਉਹ ਪੰਜਾਬੀ ਭਾਸ਼ਾ ਵਿਚ ਵਿਗਿਆਨ ਪ੍ਰਸਾਰ ਕਾਰਜਾਂ ਲਈ ਵੀ ਲਗਾਤਾਰ ਯਤਨਸ਼ੀਲ ਰਿਹਾ ਹੈ। ਇਸ ਲੇਖ ਵਿਚ ਕੈਨੇਡਾ ਵੱਸਦੇ ਲਿਖਾਰੀ ਡਾ. ਡੀ.ਪੀ. ਸਿੰਘ ਨੇ ਅਜਮੇਰ ਸਿੱਧੂ ਦੀਆਂ ਕਹਾਣੀਆਂ ਵਿਚ ਪੇਸ਼ ਵਿਗਿਆਨਕ ਧਾਰਨਾਵਾਂ ਦਾ ਜ਼ਿਕਰ ਕੀਤਾ ਹੈ।
ਤਰਕਸ਼ੀਲ, ਕ੍ਰਾਂਤੀਕਾਰੀ ਤੇ ਵਿਗਿਆਨਕ ਚੇਤਨਾ ਦੇ ਮਾਲਿਕ ਅਜਮੇਰ ਸਿੱਧੂ ਦਾ ਸ਼ੁਮਾਰ ਸਮਕਾਲੀ ਪੰਜਾਬੀ ਸਾਹਿਤ ਜਗਤ ਦੇ ਪ੍ਰਮੁੱਖ ਕਹਾਣੀਕਾਰਾਂ ਵਿਚ ਕੀਤਾ ਜਾਂਦਾ ਹੈ। ਇਹ ਸਥਾਨ ਉਸ ਨੇ ਆਪਣੀ ਵਿਸ਼ੇਸ਼ ਕਲਾ-ਕੌਸ਼ਲ ਤੇ ਸਖ਼ਤ ਮਿਹਨਤ ਸਦਕਾ ਹਾਸਿਲ ਕੀਤਾ ਹੈ। ਭਾਵੇਂ ਉਸ ਦੁਆਰਾ ਰਚਿਤ ਸਾਹਿਤਕ ਸੰਸਾਰ ਮੁੱਖ ਤੌਰ ਉੱਤੇ ਸਮਾਜਿਕ, ਆਰਥਿਕ ਤੇ ਰਾਜਨੀਤਕ ਸਰੋਕਾਰਾਂ ਨਾਲ ਓਤ ਪ੍ਰੋਤ ਹੈ ਪਰ ਕਿਉਂਕਿ ਉਹ ਵਿਗਿਆਨ ਦਾ ਵਿਦਿਆਰਥੀ ਵੀ ਹੈ ਤੇ ਅਧਿਆਪਕ ਵੀ, ਇਸੇ ਕਾਰਨ ਉਹ ਪੰਜਾਬੀ ਭਾਸ਼ਾ ਵਿਚ ਵਿਗਿਆਨ ਪ੍ਰਸਾਰ ਕਾਰਜਾਂ ਲਈ ਵੀ ਲਗਾਤਾਰ ਯਤਨਸ਼ੀਲ ਰਿਹਾ ਹੈ। ਅਜਮੇਰ ਸਿੱਧੂ ਲਗਭਗ ਇੱਕੀ ਸਾਲ ਤਕ ‘ਵਿਗਿਆਨ ਜੋਤ` ਨਾਮੀ ਵਿਗਿਆਨ ਰਸਾਲੇ ਦਾ ਸੰਪਾਦਕ ਰਿਹਾ ਹੈ। ਇਸ ਜ਼ੁੰਮੇਵਾਰੀ ਨੂੰ ਨਿਭਾਉਂਦਿਆਂ ਉਸ ਨੇ ਅਨੇਕ ਨਵੇਂ ਵਿਗਿਆਨ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਿਚ ਪ੍ਰਸੰਸਾਯੋਗ ਰੋਲ ਨਿਭਾਇਆ ਹੈ। ਇਸ ਦੇ ਨਾਲ ਹੀ ਉਸ ਨੇ ਸਮੇਂ ਸਮੇਂ ਵਿਭਿੰਨ ਵਿਗਿਆਨਕ ਵਿਸ਼ਿਆਂ ਸਬੰਧਤ ਲੇਖ ਤੇ ਕਹਾਣੀਆਂ ਰਚ ਕੇ ਵਿਗਿਆਨ ਪ੍ਰਸਾਰ ਯਤਨਾਂ ਨੂੰ ਹੋਰ ਵੀ ਬਲ ਬਖ਼ਸ਼ਿਆ ਹੈ। ਇਸ ਲਈ ਉਸ ਦਾ ਸ਼ੁਮਾਰ ਅਜਿਹੇ ਮੁੱਢਲੇ ਵਿਗਿਆਨ ਲੇਖਕਾਂ ਵਿਚ ਵੀ ਕੀਤਾ ਜਾਣਾ ਉਚਿਤ ਹੈ ਜੋ ਪੰਜਾਬੀ ਭਾਸ਼ਾ ਵਿਚ ਵਿਗਿਆਨ ਪ੍ਰਸਾਰ ਕਾਰਜਾਂ ਲਈ ਹਮੇਸ਼ਾ ਹੀ ਤਤਪਰ ਰਹੇ/ਰਹਿੰਦੇ ਹਨ।
ਵਿਗਿਆਨਕ ਸੋਚ ਅਤੇ ਗਿਆਨ ਦੇ ਪ੍ਰਸਾਰ ਹਿਤ ਉਸ ਨੇ ਵਿਗਿਆਨਕ ਵਿਸ਼ਿਆਂ ਬਾਰੇ ਹੁਣ ਤਕ ਸੱਤ ਕਹਾਣੀਆਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ ਹਨ। ਉਸ ਦੁਆਰਾ ਰਚਿਤ ਵਿਗਿਆਨਕ ਕਹਾਣੀਆਂ ਨਾਲ ਪਾਠਕਾਂ ਦੀ ਸਾਂਝ ਪੁਆਉਣਾ ਹੀ ਇਸ ਲੇਖ ਦਾ ਵਿਸ਼ਾ ਹੈ। ਅਜਮੇਰ ਦੀਆਂ ਵਿਗਿਆਨ ਸੰਬੰਧਤ ਕਹਾਣੀਆਂ ਦੇ ਵਿਸ਼ਲੇਸ਼ਣ ਤੋਂ ਪਹਿਲਾਂ ਵਿਗਿਆਨ ਕਹਾਣੀਆਂ ਦੀ ਵਰਗ ਵੰਡ ਨੂੰ ਸਮਝ ਲੈਣਾ ਸਹੀ ਰਹੇਗਾ। ਵਿਗਿਆਨਕ ਵਿਸ਼ਿਆਂ ਸੰਬੰਧਤ ਕਹਾਣੀਆਂ ਨੂੰ ਆਮ ਕਰਕੇ ਚਾਰ ਵਰਗਾਂ ਵਿਚ ਵੰਡਿਆਂ ਜਾਂਦਾ ਹੈ। ਇਹ ਵਰਗ ਹਨ:
ਵਿਗਿਆਨ ਸੂਚਨਾਤਮਕ ਕਹਾਣੀ: ਅਜਿਹੀ ਕਹਾਣੀ ਕਿਸੇ ਵਿਗਿਆਨਕ ਸਿਧਾਂਤ ਜਾਂ ਵਰਤਾਰੇ ਦਾ ਮਨੋ-ਵਚਨੀ ਜਾਂ ਵਾਰਤਾਲਾਪੀ ਬਿਰਤਾਂਤ ਹੁੰਦੀ ਹੈ। ਇਸ ਵਿਚ ਵਿਗਿਆਨ ਜਾਂ ਤਕਨਾਲੋਜੀ ਦੇ ਮੌਜੂਦਾ ਪੱਧਰ ਅਧਾਰਿਤ ਸਿਧਾਂਤ ਜਾਂ ਵਰਤਾਰੇ ਦਾ ਸਮਕਾਲੀ ਸਮਾਜ ਦੇ ਵਿਭਿੰਨ ਪੱਖਾਂ ਉੱਤੇ ਪ੍ਰਭਾਵਾਂ ਦਾ ਵਰਨਣ ਵੀ ਸ਼ਾਮਿਲ ਹੋ ਸਕਦਾ ਹੈ।
ਵਿਗਿਆਨ ਗਲਪ ਕਹਾਣੀ: ਇਹ ਗਲਪ ਦੀ ਇੱਕ ਸ਼ੈਲੀ ਹੈ ਜਿਸ ਵਿਚ ਕਹਾਣੀਆਂ ਅਕਸਰ ਭਵਿੱਖ ਦੇ ਵਿਗਿਆਨ ਅਤੇ ਤਕਨਾਲੋਜੀ ਬਾਰੇ ਦੱਸਦੀਆਂ ਹਨ। ਵਿਗਿਆਨ ਗਲਪ ਦਾ ਵਿਗਿਆਨ ਦੇ ਸਿਧਾਂਤਾਂ ਨਾਲ ਗਹਿਰਾ ਰਿਸ਼ਤਾ ਹੁੰਦਾ ਹੈ। ਇਹ ਕਹਾਣੀਆਂ ਅੰਸ਼ਕ ਰੂਪ ਵਿਚ ਵਿਗਿਆਨ ਦੇ ਸਥਾਪਿਤ ਜਾਂ ਕਲਪਿਤ ਸਿਧਾਂਤਾਂ ਆਧਾਰਿਤ ਹੁੰਦੀਆਂ ਹਨ। ਅਜਿਹੀ ਕਹਾਣੀ ਦਾ ਘਟਨਾ ਬਿਰਤਾਂਤ ਅਕਸਰ ਭਵਿੱਖ ਵਿਚ, ਪੁਲਾੜ ਵਿਚ, ਕਿਸੇ ਵੱਖਰੀ ਦੁਨੀਆਂ ਜਾਂ ਕਿਸੇ ਹੋਰ ਬ੍ਰਹਿਮੰਡ ਵਿਚ ਵਾਪਰਦਾ ਦਰਸਾਇਆ ਜਾਂਦਾ ਹੈ। ਅਜਿਹੀ ਕਹਾਣੀ ਦਾ ਬਿਰਤਾਂਤ ਪੂਰੀ ਤਰ੍ਹਾਂ ਅਵਿਸ਼ਵਾਸ਼ਯੋਗ ਨਹੀਂ ਹੋਣਾ ਚਾਹੀਦਾ ਹੈ, ਨਹੀ ਤਾਂ ਫਿਰ ਅਜਿਹੀ ਕਹਾਣੀ ਕਲਪਨਾ ਸ਼ੈਲੀ ਦਾ ਰੂਪ ਧਾਰ ਲੈਂਦੀ ਹੈ।
ਕਲਪਿਤ ਕਹਾਣੀ: ਅਜਿਹੀ ਕਹਾਣੀ ਪੂਰਨ ਤੌਰ ਉੱਤੇ ਵਿਗਿਆਨਕ ਸਿਧਾਂਤਾਂ ਤੋਂ ਮੁਕਤ ਕਲਪਨਾ ਦੀ ਉਡਾਣ ਦਾ ਪ੍ਰਗਟਾ ਹੁੰਦੀ ਹੈ ਜੋ ਅਕਸਰ ਗੈਰ-ਯਕੀਨੀ ਤੱਥਾਂ (ਖਾਸ ਕਰ ਜਾਦੂਈ ਵਰਤਾਰਿਆ ਜਾਂ ਕਰਾਮਾਤਾਂ) ਨਾਲ ਭਰਪੂਰ ਹੁੰਦੀ ਹੈ। ਅਜਿਹੇ ਗੈਰ-ਯਕੀਨੀ ਤੱਥਾਂ ਨੂੰ ਵਾਸਤਵਿਕਤਾ ਦਾ ਮੁਲੰਮਾ ਚੜ੍ਹਾਉਣ ਲਈ ਰਚਨਕਾਰ ਅਕਸਰ ਵਿਗਿਆਨਕ ਸ਼ਬਦਾਵਲੀ ਦੀ ਵਰਤੋਂ ਵੀ ਕਰ ਲੈਂਦੇ ਹਨ।
ਵਿਗਿਆਨਕ ਚਿੰਨ੍ਹਵਾਦ ਵਾਲੀ ਕਹਾਣੀ: ਚਿੰਨ੍ਹਵਾਦ ਸਾਹਿਤਕ ਤਕਨੀਕ ਹੈ ਜੋ ਕਿਸੇ ਹੋਰ ਚੀਜ਼ ਨੂੰ ਦਰਸਾਉਣ ਲਈ ਕਿਸੇ ਘਟਨਾ ਜਾਂ ਵਸਤੂ ਨੂੰ ਚਿੰਨ੍ਹ ਵਜੋਂ ਵਰਤ ਕੇ ਸਬੰਧਤ ਕਹਾਣੀ ਦਾ ਅਰਥ ਪ੍ਰਗਟ ਕਰਦੀ ਹੈ। ਵਿਗਿਆਨਕ ਚਿੰਨ੍ਹਵਾਦ ਵਾਲੀ ਕਹਾਣੀ ਕਿਸੇ ਘਟਨਾ ਜਾਂ ਵਸਤੂ ਨੂੰ ਪ੍ਰਗਟ ਕਰਨ ਲਈ ਵਿਗਿਆਨ ਸੰਬੰਧਤ ਚਿੰਨ੍ਹਾਂ/ਵਸਤੂਆਂ ਦੀ ਵਰਤੋਂ ਕਰਦੀ ਹੈ।
ਆਉ ਜਾਣੀਏ ਕਿ ਅਜਮੇਰ ਸਿੱਧੂ ਦੀਆਂ ਵਿਗਿਆਨ ਕਹਾਣੀਆਂ ਉਪਰੋਕਤ ਵਰਗ-ਵੰਡ ਦੀ ਕਿਹੜੀ ਵੰਨਗੀ ਨਾਲ ਸਬੰਧ ਰੱਖਦੀਆਂ ਹਨ। ਅਜਮੇਰ ਸਿੱਧੂ ਦੀ ਕਹਾਣੀ ‘ਕਿਊਟਾ-ਕਿਊਟਾ, ਤਾਰੇ-ਤਾਰੇ` ਵਿਗਿਆਨ ਦੇ ਜੜ੍ਹਤਾ ਦੇ ਨਿਯਮ ਦਾ ਵਰਨਣ ਕਰਦੀ ਹੈ। ਦੁਨੀਆ ਦੇ ਅਨੇਕ ਪ੍ਰਾਚੀਨ ਗ੍ਰੰਥਾਂ ਵਿਚ ਜੜ੍ਹਤਾ ਦੀ ਧਾਰਨਾ ਦਾ ਵਰਣਨ ਮਿਲਦਾ ਹੈ। ਵਰਨਣਯੋਗ ਹੈ ਕਿ ਪ੍ਰਸਿੱਧ ਪ੍ਰਾਚੀਨ ਵਿਦਵਾਨ ਅਰਸਤੂ ਨੇ ਵੀ ਗਤੀਸ਼ੀਲ ਵਸਤੂ ਦੇ ਚਲਦੇ ਰਹਿਣ ਦੀ ਪ੍ਰਵਿਰਤੀ ਬਾਰੇ ਲਿਖਿਆ ਸੀ। ਜੋਹਾਂਨਸ ਕੈਪਲਰ ਨੇ ਸੰਨ 1600 ਦੇ ਮੁੱਢਲੇ ਸਾਲਾਂ ਵਿਚ ‘ਜੜ੍ਹਤਾ` ਸ਼ਬਦ ਦਾ ਪ੍ਰਚਲਨ ਕੀਤਾ ਸੀ। ਜਿਸ ਅਨੁਸਾਰ ਪਦਾਰਥ ਦੀ ਕੁਦਰਤੀ ਅਵਸਥਾ ਵਿਰਾਮ ਦੀ ਹੁੰਦੀ ਸੀ ਪਰ ਬਾਅਦ ਵਿਚ ਇਸ ਦੀ ਪਰਿਭਾਸ਼ਾ ਵਿਚ ਨਿਰਧਾਰਤ ਗਤੀ ਨਾਲ ਚਲਦੀਆਂ ਵਸਤੂਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸੰਨ 1687 ਵਿਚ ਆਈਜ਼ੈਕ ਨਿਊਟਨ ਨੇ ਆਪਣੀ ਪ੍ਰਸਿੱਧ ਕਿਤਾਬ ‘ਫਿਲਾਸਫੀ ਨੈਚੁਰਲਿਸ ਪ੍ਰਿੰਸੀਪਿਆ ਮੈਥੇਮੈਟਿਕਾ` ਵਿਚ ਜੜ੍ਹਤਾ ਦੇ ਸਿਧਾਂਤ ਨੂੰ ਗਤੀ ਦੇ ਪਹਿਲੇ ਨਿਯਮ ਵਜੋਂ ਪੇਸ਼ ਕੀਤਾ। ‘ਕਿਊਟਾ-ਕਿਊਟਾ, ਤਾਰੇ-ਤਾਰੇ` ਕਹਾਣੀ ਵਿਚ ਅਜਮੇਰ ਨੇ ਵਿਗਿਆਨੀ ਡਾ. ਸਟਾਕਰ ਦੁਆਰਾ ਬਿੱਲੀ ਤੇ ਕੁੱਤੇ ਦੇ ਦੁੱਧ ਪੀਣ ਦੇ ਢੰਗਾਂ ਦੇ ਵਿਗਿਆਨਕ ਅਧਿਐਨ ਰਾਹੀਂ ਜੜ੍ਹਤਾ ਦੇ ਨਿਯਮ ਦਾ ਵਿਖਿਆਨ ਬਹੁਤ ਹੀ ਰੌਚਕਮਈ ਢੰਗ ਨਾਲ ਕੀਤਾ ਹੈ। ਅਜਮੇਰ ਦੀ ਇਹ ਕਹਾਣੀ ਵਿਗਿਆਨ ਸੂਚਨਾਤਮਕ ਕਹਾਣੀ ਹੈ ਜੋ ਭੌਤਿਕ ਵਿਗਿਆਨ ਦੇ ਸਥਾਪਿਤ ਸਤਹੀ ਤਣਾਊ ਅਤੇ ਜੜ੍ਹਤਾ ਦੇ ਨਿਯਮਾਂ ਬਾਰੇ ਜਾਣਕਾਰੀ ਉਪਲਬਧ ਕਰਾਉਂਦੀ ਹੈ।
ਅਜਮੇਰ ਸਿੱਧੂ ਰਚਿਤ ‘ਅੰਨ੍ਹੇ ਸੁਜਾਖੇ` ਕਹਾਣੀ ਵੀ ਵਿਗਿਆਨ ਸੂਚਨਾਤਮਕ ਕਹਾਣੀ ਹੀ ਹੈ ਜੋ ਇੰਗਲੈਂਡ ਵਿਖੇ ਪੜ੍ਹਾਈ ਪਿਛੋਂ ਸਕਾਟਲੈਂਡ ਵਿਖੇ ਲੰਮੇ ਅਰਸੇ ਤਕ ਵਿਗਿਆਨੀ ਵਜੋਂ ਖੋਜ ਕਾਰਜ ਕਰਨ ਪਿਛੋਂ ਪੰਜਾਬ ਵਿਚ ਆਪਣੇ ਪਿੰਡ ਵਿਖੇ ਆਮ ਲੋਕਾਂ ਵਿਚ ਵਿਗਿਆਨ ਦੀ ਪਿਉਂਦ ਲਾਣ ਦਾ ਸੁਪਨਾ ਲੈ ਕੇ ਆਏ ਡਾ. ਏ. ਐੱਸ. ਬਾਠ ਦੀਆਂ ਕੋਸ਼ਿਸ਼ਾਂ ਦਾ ਰੋਚਕਮਈ ਜ਼ਿਕਰ ਕਰਦੀ ਹੈ। ਪਰ ਡਾ. ਬਾਠ ਪਿੰਡ ਵਾਸੀਆਂ ਦੀ ਰੂੜ੍ਹੀਵਾਦੀ ਸੋਚ ਦਾ ਸ਼ਿਕਾਰ ਬਣ ਵਾਪਸ ਸਕਾਟਲੈਂਡ ਜਾਣ ਲਈ ਮਜਬੂਰ ਹੋ ਜਾਂਦਾ ਹੈ। ਅਜਮੇਰ ਨੇ ਇਸ ਕਹਾਣੀ ਵਿਚ ਵਿਗਿਆਨ ਦੇ ਵਿਭਿੰਨ ਖੇਤਰਾਂ ਜਿਵੇਂ ਜੈਨੇਟਿਕ ਇੰਜਨੀਅਰਿੰਗ, ਐਡਵਾਂਸਡ ਸੈੱਲ ਟੈਕਨਾਲੋਜੀ, ਅਤੇ ਕਲੋਨਿੰਗ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਦੀ ਇਹ ਕਹਾਣੀ ਸਾਧਾਰਨ ਲੋਕਾਂ ਦੀ ਪ੍ਰੰਪਰਾਵਾਦੀ ਸੋਚ ਜੋ ਹਰ ਨਵੀਂ ਖੋਜ ਨੂੰ ਸ਼ੱਕ ਦੇ ਨਜ਼ਰੀਏ ਤੋਂ ਦੇਖਣ ਦੀ ਆਦੀ ਹੈ, ਉੱਤੇ ਗਹਿਰਾ ਵਿਅੰਗ ਹੈ ਜੋ ਕਹਾਣੀ ਦੇ ਸਿਰਲੇਖ ਨੂੰ ਬਹੁਤ ਹੀ ਢੁੱਕਵਾ ਸਿੱਧ ਕਰਦਾ ਹੈ।
‘ਮੈਂ ਮਾਂ…` ਕਹਾਣੀ ਸੁਰੋਗੇਟ ਮਦਰਹੁੱਡ (ਕਿਰਾਏ ਦੀ ਕੁੱਖ) ਦੀ ਲੋੜ, ਮਧਵਰਗੀ ਪਰਿਵਾਰ ਦੀਆਂ ਅਜੋਕੀਆਂ ਆਰਥਿਕ ਲੋੜਾਂ ਅਤੇ ਸੁਰੋਗੇਟ ਮਦਰਹੁੱਡ ਵਰਤਾਰੇ ਤੋਂ ਪੈਦਾ ਹੋਣ ਵਾਲੀਆਂ ਸਮਕਾਲੀ ਮਾਨਸਿਕ, ਸਮਾਜਿਕ ਤੇ ਕਾਨੂੰਨੀ ਉਲਝਣਾਂ ਦਾ ਰੌਚਕਮਈ ਵਰਨਣ ਕਰਦੀ ਹੈ। ਪਰ ਇਹ ਕਹਾਣੀ ਵਿਗਿਆਨਕ ਵਿਸ਼ਿਆਂ ਸਬੰਧਤ ਕਹਾਣੀਆਂ ਦੇ ਦੂਜੇ ਵਰਗ ਦੀ ਪਰਿਭਾਸ਼ਾ ਉੱਤੇ ਪੂਰੀ ਨਹੀਂ ਉਤਰਦੀ ਅਤੇ ਇੰਝ ਇਹ ਵਿਗਿਆਨਕ ਕਹਾਣੀਆਂ ਦੇ ਪਹਿਲੇ ਵਰਗ ਦਾ ਮੈਂਬਰ ਹੀ ਨਜ਼ਰ ਆਉਂਦੀ ਹੈ।
‘ਦੀ ਲੈਨਿਨਜ਼ ਫਰੌਮ ਕਲੋਨ ਵੈਲੀ` ਕਲੋਨਿੰਗ ਵਿਧੀ ਦੀ ਵਰਤੋਂ ਨਾਲ ਜੀਵ ਪੈਦਾ ਕਰਨ ਦੇ ਇਤਹਾਸ ਅਤੇ ਇਸੇ ਵਿਧੀ ਦੀ ਵਰਤੋਂ ਨਾਲ ਮਨੁੱਖੀ ਕਲੋਨ ਪੈਦਾ ਕਰਨ ਦੀ ਪ੍ਰਕ੍ਰਿਆ ਬਾਰੇ ਵਿਸਥਾਰਪੂਰਣ ਚਰਚਾ ਕਰਦੀ ਹੈ। ਮਾਸਕੋ ਦੇ ਵਿੱਦਿਅਕ ਅਦਾਰਿਆ ਦੇ ਵਿਦਿਆਰਥੀਆਂ ਅਤੇ ਸਿੱਖਿਅਕਾਂ ਵਲੋਂ ਸਥਾਪਿਤ ਕੀਤੇ ‘ਪ੍ਰੋਲੋਤਾਰੀ ਟ੍ਰਿਬਿਊਨਲ` ਨੇ ਭ੍ਰਿਸ਼ਟ ਕਮਿਊਨਿਸਟ ਨਿਜ਼ਾਮ ਤੋਂ ਲੋਕਾਂ ਦਾ ਛੁਟਕਾਰਾ ਕਰਾਉਣ ਲਈ ਕੀਤੇ ਯਤਨਾਂ ਦੀ ਅਸਫਲਤਾ ਤੋਂ ਬਾਅਦ, ਰੂਸੀ ਇਨਕਲਾਬ ਦੇ ਪ੍ਰਸਿੱਧ ਨਾਇਕ ਲੈਨਿਨ ਵਰਗੇ ਕ੍ਰਿਸ਼ਮਈ ਲੀਡਰ ਦੀ ਘਾਟ ਮਹਿਸੂਸ ਕੀਤੀ। ਤਾਂ ਰੂਸ ਤੋਂ ਸਿੱਖਿਆ ਪ੍ਰਾਪਤ ਭਾਰਤੀ ਜੋੜੇ ਡਾ. ਸਮਰੱਥ ਤੇ ਡਾ. ਦਾਅਰੀਨ ਜੋ ਭਾਰਤ ਵਿਖੇ ਇੰਡੀਅਨ ਰੈਵੋਲਿਊਸ਼ਨਰੀ ਪਾਰਟੀ ਦੇ ਸਰਗਰਮ ਕਾਰਕੁਨ ਸਨ, ਦੀ ਦੇਖ ਰੇਖ ਵਿਚ ਮਨੁੱਖੀ ਕਲੋਨਿੰਗ ਵਿਧੀ ਦੀ ਵਰਤੋਂ ਨਾਲ ਲੈਨਿਨ ਵਰਗਾ ਪ੍ਰਭਾਵਸ਼ਾਲੀ ਲੀਡਰ ਪੈਦਾ ਕਰਨ ਲਈ ਯਤਨ ਆਰੰਭ ਲਏ। ਬੇਸ਼ਕ ਇਸ ਯਤਨ ਵਿਚ ਉਹ ਲੈਨਿਨ ਦੇ ਤਿੰਨ ਕਲੋਨ ਬਣਾਉਣ ਵਿਚ ਸਫਲ ਰਹੇ ਪਰ ਪਹਿਲਾ ਕਲੋਨ ‘ਆਜ਼ਾਦ`ਤਾਂ ਮਜ਼ਦੂਰ ਯੂਨੀਅਨ ਦੀ ਹੜਤਾਲ ਵਿਚ ਚੜ੍ਹਦੀ ਉਮਰੇ ਹੀ ਮਾਰਿਆਂ ਜਾਂਦਾ ਹੈ। ਜਦ ਕਿ ਲੈਨਿਨ ਦਾ ਦੂਸਰਾ ਕਲੋਨ ‘ਕ੍ਰਾਂਤੀ` ਕ੍ਰਿਕਟ ਦੇ ਖੇਤਰ ਵਿਚ ਅਤੇ ਤੀਸਰਾ ਕਲੋਨ ‘ਫਤਿਹ` ਮਲਟੀ-ਨੈਸ਼ਨਲ ਕੰਪਨੀ ਦਾ ਕਾਰਿੰਦਾ ਬਣ ਬੇਸ਼ਕ ਵਿੱਲਖਣ ਪ੍ਰਾਪਤੀਆਂ ਕਰਦੇ ਹਨ, ਪਰ ਪਾਰਟੀ ਦਾ ਸੁਪਨਾ ਸਾਕਾਰ ਕਰਨ ਤੋਂ ਅਸਮਰਥ ਡਾ. ਸਮਰੱਥ ਤੇ ਡਾ. ਦਾਅਰੀਨ ਦੇ ਹਿੱਸੇ ਸ਼ਰਮਿੰਦਗੀ ਤੋਂ ਇਲਾਵਾ ਕੁਝ ਵੀ ਹੱਥ ਨਹੀਂ ਆਉਂਦਾ। ਇਸ ਤਰ੍ਹਾਂ ਇਹ ਕਹਾਣੀ ਇਹ ਦੱਸ ਪਾਉਂਦੀ ਹੈ ਕਿ ਜ਼ਰੂਰੀ ਨਹੀਂ ਕਿ ਵਿਗਿਆਨਕ ਖੋਜਾਂ ਦੇ ਨਤੀਜੇ ਮਿੱਥੇ ਮੰਤਵਾਂ ਦੇ ਅਨੁਕੂਲ ਹੀ ਨਿਕਲਣ। ਬੇਸ਼ਕ ਇਹ ਕਹਾਣੀ ਵਿਗਿਆਨਕ ਜਾਣਕਾਰੀ ਦੀ ਬਹੁਤਾਤ ਸਮੋਈ ਬੈਠੀ ਹੈ ਪਰ ਇਸ ਨੂੰ ਵਿਗਿਆਨਕ ਕਹਾਣੀਆਂ ਦੀ ਦੂਜੇ ਵਰਗ ਵਿਚ ਰੱਖਿਆ ਜਾ ਸਕਦਾ ਹੈ ਕਿਉਂ ਜੋ ਇਹ ਮਨੁੱਖੀ ਕਲੋਨਿੰਗ ਵਿਧੀ ਦੇ ਭਵਿੱਖਮਈ ਅੰਜ਼ਾਮ ਦਾ ਜ਼ਿਕਰ ਕਰਦੀ ਹੈ।
‘ਕਬਰ ‘ਚ ਦਫਨ ਹਜ਼ਾਰ ਵਰ੍ਹੇ` ਕਹਾਣੀ ਮਨੁੱਖ ਲਈ ਲੰਮੇ ਜੀਵਨ ਕਾਲ ਦੀ ਪ੍ਰਾਪਤੀ ਸੰਬੰਧਤ ਖੋਜ ਕਾਰਜਾਂ ਦਾ ਰੌਚਕਮਈ ਵਰਨਣ ਤਾਂ ਕਰਦੀ ਹੀ ਹੈ ਪਰ ਇਸ ਦੇ ਨਾਲ ਹੀ ਇਹ ਕਹਾਣੀ ਉੱਨਤ ਵਿਗਿਆਨਕ ਤਕਨੀਕਾਂ ਤੇ ਸੁਵਿਧਾਵਾਂ ਦਾ ਖੁਲਾਸਾ ਵੀ ਕਰਦੀ ਹੈ। ਅਜਮੇਰ ਦੀ ਇਹ ਕਹਾਣੀ ਜੋ ਆਧੁਨਿਕ ਵਿਗਿਆਨਕ ਤਕਨੀਕਾਂ ਰਾਹੀਂ ਅਪਰਾਧੀਆਂ ਦਾ ਪਤਾ ਲਗਾਉਣ ਦੀ ਦੱਸ ਪਾਉਂਦੀ ਹੋਈ ਵਧੇਰੇ ਸੁਰੱਖਿਅਤ ਭਵਿੱਖਮਈ ਸਮਾਜ ਦਾ ਸੁਪਨਾ ਸਿਰਜਦੀ ਹੈ ਸਪਸ਼ਟ ਰੂਪ ਵਿਚ ਵਿਗਿਆਨ ਗਲਪ ਰਚਨਾ ਹੈ।
‘ਦਿੱਲੀ ਦੇ ਕਿੰਗਰੇ’ ਕਹਾਣੀ ਵਿਚ ਅਜਮੇਰ ਨੇ ਮਨੁੱਖੀ ਦਿਮਾਗ ਦੇ ਆਰ ਐੱਨ ਏ ਤਬਦੀਲੀ ਰਾਹੀਂ ਇਕ ਵਿਅਕਤੀ ਦੇ ਯਾਦ ਭੰਡਾਰ ਨੂੰ ਕਿਸੇ ਹੋਰ ਵਿਅਕਤੀ ਦੇ ਦਿਮਾਗ ਵਿਚ ਸਥਾਪਨ ਦੀ ਵਿਧੀ ਦਾ ਜ਼ਿਕਰ ਕੀਤਾ ਹੈ। ਇੰਝ ਇਹ ਕਹਾਣੀ ਵਿਗਿਆਨ ਦੇ ਨਵੇਂ ਸੰਭਾਵੀ ਖੇਤਰ ਦੀ ਦੱਸ ਪਾਉਂਦੀ ਹੈ। ਅਜਮੇਰ ਦੁਆਰਾ ਸੁਝਾਈ ਸੰਭਾਵਨਾ ਵਿਗਿਆਨ ਤੇ ਤਕਨਾਲੋਜੀ ਦੇ ਮੌਜੂਦਾ ਪੱਧਰ ਨੂੰ ਨਵਾਂ ਆਯਾਮ ਪ੍ਰਦਾਨ ਕਰਦੀ ਨਜ਼ਰ ਆਉੁਂਦੀ ਹੈ। ਇਸ ਤਰ੍ਹਾਂ ਇਹ ਕਹਾਣੀ ਵੀ ਵਿਗਿਆਨ ਕਹਾਣੀਆਂ ਦੇ ਦੂਜੇ ਵਰਗ ਦਾ ਹਿੱਸਾ ਬਨਣ ਦੀ ਹੱਕਦਾਰ ਬਣ ਜਾਂਦੀ ਹੈ। ਪਰ ਕਿਉਂ ਕਿ ਯਾਦ ਵਿਸਥਾਪਨ ਵਿਧੀ ਦੀ ਸਾਕਾਰਤਾ, ਅਜਮੇਰ ਦੁਆਰਾ ਰਚਿਤ ਕਹਾਣੀ ਦੇ ਕਾਲ ਸਤੰਬਰ – ਅਕਤੂਬਰ 1970, ਦੌਰਾਨ ਸੰਭਵ ਨਹੀਂ ਸੀ ਅਤੇ ਇਹ ਕਹਾਣੀ ਉਸ ਨੇ 2003 ਵਿਚ ਲਿਖੀ ਜਿਸ ਕਾਰਨ ਉਸ ਦੀ ਇਹ ਕਹਾਣੀ ਵਿਗਿਆਨ ਗਲਪ ਰਚਨਾ ਨਾ ਹੋ ਕੇ ਵਿਗਿਆਨ ਕਹਾਣੀਆਂ ਦੇ ਤੀਜੇ ਵਰਗ ‘ਕਲਪਿਤ ਕਹਾਣੀ`ਦਾ ਅੰਗ ਜਾਪਦੀ ਹੈ।
ਅਜਮੇਰ ਦੀ ਸੱਤਵੀਂ ਵਿਗਿਆਨ ਕਹਾਣੀ ‘ਡਾਇਨਾਸੋਰ` ਅਜੋਕੇ ਸਮਾਜ ਤੇ ਸਿਆਸੀ ਖੇਤਰ ਵਿਚ ਫੈਲੇ ਨੈਤਿਕ ਦੂਜੈਲੇਪਣ ਅਤੇ ਪਾਖੰਡਾਂ ਉੱਤੇ ਵਿਅੰਗਾਤਮਕ ਟਿੱਪਣੀ ਹੈ। ਇਹ ਕਹਾਣੀ ਸਮਕਾਲੀ ਸਮਾਜਿਕ ਹਾਲਤਾਂ ਉੱਤੇ ਉਕਤੀ ਕਰਨ ਲਈ ਵਿਗਿਆਨ ਚਿੰਨ੍ਹ੍ਹਾਂ (ਖਾਸ ਕਰ ਡਾਇਨਾਸੋਰ ਬਿੰਬ) ਦੀ ਨਿਵੇਕਲੀ ਵਰਤੋਂ ਕਰਦੀ ਹੈ। ਇਸ ਕਾਰਣ ਅਜਮੇਰ ਦੀ ਇਹ ਕਹਾਣੀ ਵਿਗਿਆਨ ਕਹਾਣੀਆਂ ਦੇ ਚੋਥੇ ਵਰਗ – ਵਿਗਿਆਨਕ ਚਿੰਨ੍ਹਵਾਦ ਵਾਲੀ ਕਹਾਣੀ ਵਜੋਂ ਮਕਬੂਲੀਅਤ ਹਾਸਿਲ ਕਰਦੀ ਹੈ।
ਅਜਮੇਰ ਦੀਆਂ ਵਿਗਿਆਨ ਕਹਾਣੀਆਂ ਮੁੱਖ ਤੌਰ ਉੱਤੇ ਜੀਵ-ਗਿਆਨ ਨਾਲ ਸੰਬੰਧਤ ਹਨ ਸਿਵਾਏ ‘ਕਿਊਟਾ-ਕਿਊਟਾ, ਤਾਰੇ-ਤਾਰੇ`ਕਹਾਣੀ ਦੇ ਜਿਸ ਦਾ ਸਿੱਧਾ ਸੰਬੰਧ ਭੌਤਿਕ ਵਿਗਿਆਨ ਨਾਲ ਹੈ। ਉਸ ਦੀਆਂ ਚਾਰ ਕਹਾਣੀਆਂ ‘ਮੈਂ ਮਾਂ…।`, ‘ਕਬਰ ‘ਚ ਦਫਨ ਹਜ਼ਾਰ ਵਰ੍ਹੇ`, ‘ਦਿੱਲੀ ਦੇ ਕਿੰਗਰੇ ਕਹਾਣੀ` ਅਤੇ ‘ਡਾਇਨਾਸੋਰ` ਉੱਤਮ-ਪੁਰਖੀ ਬਿਰਤਾਂਤ ਸ਼ੈਲੀ ਵਿਚ ਹਨ। ਇਸ ਜੁਗਤ ਦੀ ਵਰਤੋਂ ਨਾਲ ਉਹ ਇਨਾਂ ਕਹਾਣੀਆਂ ਦੇ ਕੇਂਦਰੀ ਪਾਤਰਾਂ ਦੇ ਅੰਦਰ ਦੀ ਇਕੱਲਤਾ, ਬੇਗਾਨਗੀ, ਨਿਰਾਸ਼ਾ ਤੇ ਖੰਡਿਤ ਵਿਅਕਤੀਤਵ ਨੂੰ ਗੰਭੀਰਤਾ ਨਾਲ ਚਿੱਤਰਣ ਵਿਚ ਸਫਲ ਰਿਹਾ ਹੈ। ਅਜਮੇਰ ਪਾਤਰਾਂ ਦੇ ਅੰਦਰੂਨੀ ਦਵੰਦੀ ਤਣਾਉ ਨੂੰ ਉਨ੍ਹਾਂ ਦੇ ਚੇਤਨ ਤੇ ਅਵਚੇਤਨ ਦੀ ਬਹੁਪਰਤੀ ਪੇਸ਼ਕਾਰੀ ਰਾਹੀਂ ਪ੍ਰਗਟ ਕਰਨ ਵਿਚ ਖਾਸ ਮੁਹਾਰਿਤ ਦਾ ਮਾਲਕ ਹੈ। ਉਸ ਦੀਆਂ ਕਹਾਣੀਆਂ ਦੇ ਮੌਲਿਕ ਤੇ ਨਿਵੇਕਲੇ ਵਿਸ਼ੈ ਪਾਠਕ ਦਾ ਮਨ ਮੋਹਣ ਦੀ ਸਮਰਥਾ ਰੱਖਦੇ ਹਨ। ਬੇਸ਼ਕ ਅਜਮੇਰ ਦੀਆਂ ਕਹਾਣੀਆਂ ਬਹੁ-ਪਰਤੀ ਵੀ ਹਨ ਤੇ ਕੁਝ ਕੁ ਲੰਮੀਆਂ ਵੀ, ਪਰ ਉਹ ਆਪਣੀ ਕਹਾਣੀ ਕਲਾ ਦੇ ਹੁਨਰ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਸਾਨੂੰ ਆਸ ਹੈ ਕਿ ਉਹ ਆਪਣੇ ਵਿਗਿਆਨ ਕਹਾਣੀਆਂ ਦੇ ਵਿਸ਼ਾ ਖੇਤਰ ਨੂੰ ਹੋਰ ਮੋਕਲਾ ਕਰਦੇ ਹੋਏ, ਭਵਿੱਖ ਵਿਚ ਵੀ ਪਾਠਕਾਂ ਨੂੰ ਆਪਣੀਆਂ ਵੰਨ-ਸਵੰਨੀਆਂ ਕਹਾਣੀਆਂ ਨਾਲ ਸਰਸ਼ਾਰ ਕਰਦਾ ਰਹੇਗਾ।