ਪਾਕੀਜ਼ਾ: ਮੀਨਾ ਕੁਮਾਰੀ ਦਾ ਆਖਰੀ ਤੋਹਫਾ

ਵੰਦਨਾ
ਗੱਲ ਜੁਲਾਈ 1972 ਦੀ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਭਾਰਤ ਆਏ ਸਨ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਸ਼ਿਮਲਾ ਵਿਚ ਉਨ੍ਹਾਂ ਦੀ ਅਹਿਮ ਗੱਲਬਾਤ ਚੱਲ ਰਹੀ ਸੀ।

ਬੇਨਜ਼ੀਰ ਭੁੱਟੋ ਜੋ ਉਸ ਵੇਲੇ ਲਗਭਗ 19 ਸਾਲਾਂ ਦੇ ਸਨ ਤੇ ਉਹ ਵੀ ਆਪਣੇ ਪਿਤਾ ਨਾਲ ਭਾਰਤ ਆਏ ਸਨ। ਅਚਾਨਕ ਉਨ੍ਹਾਂ ਨੇ ਫਿਲਮ ਪਾਕੀਜ਼ਾ ਦੇਖਣ ਦੀ ਇੱਛਾ ਜ਼ਾਹਰ ਕਰ ਦਿੱਤੀ। ਇਸ ਬੈਠਕ ਤੋਂ ਕੁਝ ਮਹੀਨੇ ਪਹਿਲਾਂ ਹੀ, 4 ਫਰਵਰੀ 1972 ਨੂੰ ਪਾਕੀਜ਼ਾ ਫਿਲਮ ਪਰਦੇ ‘ਤੇ ਆਈ ਸੀ। ਸਾਬਕਾ ਆਈ.ਏ.ਐੱਸ. ਅਫਸਰ ਐੱਮ.ਕੇ. ਕੌ ਨੇ ਆਪਣੀ ਕਿਤਾਬ ‘ਐਨ ਆਊਟਸਾਈਡਰ ਐਵਰੀਵੇਅਰ’ ਵਿਚ ਲਿਖਿਆ ਹੈ, “ਮੈਂ ਤੁਰੰਤ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ। ਬੇਨਜ਼ੀਰ ਲਈ ਰਿਟਜ਼ ਸਿਨੇਮਾ ਵਿਚ ਵਿਸ਼ੇਸ਼ ਸ਼ੋਅ ਦਾ ਪ੍ਰਬੰਧ ਕੀਤਾ ਗਿਆ। ਹਾਲ ਵਿਚ ਸਿਰਫ ਤਿੰਨ ਲੋਕ ਸਨ।”
ਇਹ ਛੋਟਾ ਜਿਹਾ ਕਿੱਸਾ ਦੱਸਦਾ ਹੈ ਕਿ 50 ਸਾਲ ਪਹਿਲਾਂ 4 ਫਰਵਰੀ 1972 ਨੂੰ ਰਿਲੀਜ਼ ਹੋਈ ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਦੀ ਫਿਲਮ ‘ਪਾਕੀਜ਼ਾ’ ਦਾ ਜਾਦੂ ਕਿਹੋ ਜਿਹਾ ਸੀ। ਫਿਲਮ ਦੇ ਇੱਕ ਦ੍ਰਿਸ਼ ਤੋਂ ਇਸ ਜਾਦੂਈ ਫਿਲਮ ਦੀ ਰੂਹ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
“ਕਲ ਹਮ ਏਕ ਮੁਜਰੇ ਮੇਂ ਜਾ ਰਹੇ ਹੈਂ… ਏਕ ਦਿਨ ਕੇ ਲਿਏ ਤੁਮਹਾਰੀ ਤਕਦੀਰ ਹਮੇਂ ਚਾਹੀਏ, ਪਰਸੋਂ ਲੌਟਾ ਦੇਂਗੇ।” ਫਿਲਮ ਵਿਚ, ਸਾਹਮਣੇ ਵਾਲੇ ਕੋਠੇ ਦੇ ਛੱਜੇ ਤੋਂ ਜਦੋਂ ਉਹ ਤਵਾਇਫ ਮੀਨਾ ਕੁਮਾਰੀ, ਭਾਵ ਸਾਹਿਬਜਾਨ ਨੂੰ ਇਹ ਅਲਫਾਜ਼ ਕਹਿੰਦੀ ਹੈ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਦੁਨੀਆ ਦੀਆਂ ਨਜ਼ਰਾਂ ‘ਚ ਸਾਹਿਬਜਾਨ ਦੀ ਕਿਸਮਤ ਬੁਲੰਦੀਆਂ ‘ਤੇ ਹੈ ਪਰ ਕੋਠੇ ‘ਤੇ ਬੈਠੀ ਸਾਹਿਬਜਾਨ (ਮੀਨਾ ਕੁਮਾਰੀ) ਅਜੀਬ ਜਿਹੀ ਉਦਾਸੀਨਤਾ ਨਾਲ ਜਵਾਬ ਦਿੰਦੀ ਹੈ, “ਹਾਂ ਹਾਂ ਜ਼ਰੂਰ ਲੇ ਜਾਨਾ (ਤਕਦੀਰ), ਫਿਰ ਚਾਹੇ ਵਾਪਿਸ ਭੀ ਮਤ ਕਰਨਾ।”
ਫਿਲਮ ਪਾਕੀਜ਼ਾ ‘ਚ ਸਾਹਿਬਜਾਨ ਬਣੀ ਮੀਨਾ ਕੁਮਾਰੀ ਦੇ ਇਹ ਅਲਫਾਜ਼ ਸਾਹਿਬਜਾਨ ਦੀ ਜ਼ਿੰਦਗੀ, ਭਾਵਨਾਵਾਂ, ਕਸ਼ਮਕਸ਼ ਤੇ ਬੇਵਸੀ ਬਾਰੇ ਸਭ ਕੁਝ ਦੱਸ ਦਿੰਦੇ ਹਨ। ਗਹੁ ਨਾਲ ਦੇਖੀਏ ਤਾਂ ਪਾਕੀਜ਼ਾ ਦੀ ਕਹਾਣੀ ਕਈ ਵਾਰ ਕਹੀ ਜਾ ਚੁੱਕੀ ਹੈ। ਤਵਾਇਫ ਹੈ, ‘ਸਤਿਕਾਰਯੋਗ’ ਪਰਿਵਾਰ ਦਾ ਮੁੰਡਾ ਹੈ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਹੈ। ਕਹਾਣੀ ਸ਼ਾਇਦ ਬਹੁਤ ਵੱਖਰੀ ਨਹੀਂ ਪਰ ਜਿਸ ਤਰੀਕੇ ਨਾਲ ਇਹ ਕਹਾਣੀ ਕਹੀ ਗਈ ਹੈ, ਉਹੀ ਪਾਕੀਜ਼ਾ ਨੂੰ ਖਾਸ ਬਣਾਉਂਦਾ ਹੈ।
ਇਹ ਸਾਹਿਬਜਾਨ (ਮੀਨਾ ਕੁਮਾਰੀ) ਅਤੇ ਸਲੀਮ (ਰਾਜ ਕੁਮਾਰ) ਦੀ ਦਾਸਤਾਨ ਹੈ – ਰਾਤ ਨੂੰ ਰੇਲ ਦੇ ਇੱਕ ਡੱਬੇ ਵਿਚ ਇਸ਼ਕ ਦੀ ਅਜਿਹੀ ਕਹਾਣੀ ਜਿੱਥੇ ਸਲੀਮ ਨੇ ਸਿਰਫ ਸਾਹਿਬਜਾਨ ਦੇ ਸੁੰਦਰ ਪੈਰ ਦੇਖੇ ਹਨ; ਤੇ ਸਾਹਿਬਜਾਨ ਨੇ ਸਿਰਫ ਕੁਝ ਅਲਫਾਜ਼ ਵਾਲੀ ਉਹ ਚਿੱਠੀ ਪੜ੍ਹੀ ਹੈ ਜਿਸ ਨੂੰ ਸਲੀਮ ਚੁੱਪ-ਚਾਪ ਉਹਦੇ ਲਈ ਛੱਡ ਗਿਆ ਹੈ- “ਆਪਕੇ ਪਾਂਵ ਦੇਖੇ, ਬਹੁਤ ਹਸੀਨ ਹੈਂ। ਇਨ੍ਹੇਂ ਜ਼ਮੀਨ ਪਰ ਮਤ ਉਤਾਰੀਏਗਾ, ਮੈਲੇ ਹੋ ਜਾਏਂਗੇ।” ਪਰ ਦੋ ਜੀਆਂ ਦੀ ਪ੍ਰੇਮ ਕਹਾਣੀ ਤੋਂ ਪਰੇ, ਅਸਲ ਵਿਚ ਇਹ ਸਾਹਿਬਜਾਨ ਦੇ ਸੰਘਰਸ਼, ਹਸਰਤ ਅਤੇ ਤੜਫ ਦੀ ਕਹਾਣੀ ਹੈ – ਤੜਫ ਕਿ ਉਹ ਜਿਹੋ ਜਿਹੀ ਵੀ ਹੈ, ਉਸ ਦਾ ਜੋ ਵੀ ਅਤੀਤ ਹੈ, ਕੀ ਸਮਾਜ ਉਸ ਨੂੰ ਉਸੇ ਹਾਲ ‘ਚ ਸਵੀਕਾਰ ਕਰੇਗਾ ਜਾਂ ਠੁਕਰਾ ਦੇਵੇਗਾ? ਇਹੀ ਸਵਾਲ ਨਿਰਦੇਸ਼ਕ ਕਮਾਲ ਅਮਰੋਹੀ ਦੀ ਫਿਲਮ ਪਾਕੀਜ਼ਾ ਨੂੰ ਵੀ ਅਮਰ ਬਣਾ ਦਿੰਦਾ ਹੈ। ਪਾਕੀਜ਼ਾ ਅਜਿਹੀ ਮਨੁੱਖੀ ਭਾਵਨਾ ਨੂੰ ਛੂਹ ਜਾਂਦੀ ਹੈ ਜਿਸ ਨਾਲ ਇਨਸਾਨ ਕਦੇ ਨਾ ਕਦੇ ਜੂਝਦਾ ਹੀ ਹੈ – ਸਵੀਕਾਰੇ ਜਾਣ ਦਾ ਸਵਾਲ।
ਫਿਲਮ ‘ਚ ਹਰ ਰਾਤ ਮੀਨਾ ਕੁਮਾਰੀ ਰੇਲਗੱਡੀ ਦੀ ਆਵਾਜ਼ ਸੁਣਦੀ ਹੈ ਅਤੇ ਉਸ ਅਣਜਾਣ ਸ਼ਖਸ ਨੂੰ ਯਾਦ ਕਰਦੀ ਕਹਿੰਦੀ ਹੈ- “ਹਰ ਰਾਤ ਤੀਨ ਬਜੇ ਏਕ ਰੇਲਗਾੜੀ ਅਪਨੀ ਪਟਰੀਯੋਂ ਸੇ ਉਤਰ ਕਰ ਮੇਰੇ ਦਿਲ ਸੇ ਗੁਜ਼ਰਤੀ ਹੈ… ਔਰ ਮੁਝੇ ਏਕ ਪੈਗਾਮ ਦੇ ਜਾਤੀ ਹੈ।”
ਕਿਸੇ ਤਵਾਇਫ ਦੀ ਇਹ ਤੜਫ ਉਸ ਗੁਮਨਾਮ ਸ਼ਖਸ ਲਈ ਹੈ ਜੋ ਉਸ ਦੇ ਪੈਰਾਂ ਦੇ ਨਾਂ ਹਸੀਨ ਪੈਗਾਮ ਲਿਖ ਗਿਆ ਹੈ। ਉਹ ਪੈਰ ਜੋ ਸਿਰਫ ਦੂਸਰਿਆਂ ਲਈ ਸ਼ਾਮਾਂ ਨੂੰ ਥਿਰਕਦੇ ਰਹੇ ਹਨ ਪਰ ਕੋਠੇ ‘ਚ ਰਹਿਣ ਵਾਲੀ ਸਾਹਿਬਜਾਨ (ਮੀਨਾ ਕੁਮਾਰੀ) ਦੀ ਸਹੇਲੀ ਉਸ ਨੂੰ ਹਕੀਕਤ ਦਾ ਅਹਿਸਾਸ ਕਰਵਾਉਂਦੀ ਹੈ- “ਯੇ ਪੈਗਾਮ ਤੇਰੇ ਲਿਏ ਨਹੀਂ ਹੈ। ਉਸ ਵਕਤ ਤੇਰੇ ਪੈਰੋਂ ਮੇਂ ਘੁੰਘਰੂ ਬੰਧੇ ਹੁਏ ਨਹੀਂ ਹੋਂਗੇ। ਅਗਰ ਘੁੰਗਰੂ ਬੰਧੇ ਹੁਏ ਹੋਤੇ ਤੋ ਕੈਸੇ ਕੋਈ ਕਹਿਤਾ ਕੇ ਇਨ ਪੈਰੋਂ ਕੋ ਜ਼ਮੀਂ ਪਰ ਮਤ ਰਖਨਾ। ਯੇ ਪੈਗਾਮ ਤੋ ਹੈ ਲੇਕਿਨ ਭਟਕ ਗਯਾ ਹੈ।”
ਪਾਕੀਜ਼ਾ ਭਾਵਨਾਵਾਂ ਦੀ ਕਹਾਣੀ ਹੈ, ਤਵਾਇਫਾਂ ਅਤੇ ਕੋਠਿਆਂ ਦੀ ਕਹਾਣੀ ਹੈ, ਮੁਸਲਿਮ ਸਮਾਜ ਨੂੰ ਦਰਸਾਉਂਦੀ ਦਾਸਤਾਨ ਹੈ ਪਰ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਇਹ ਔਰਤ ਦੇ ਨਜ਼ਰੀਏ ਤੋਂ ਕਹੀ ਔਰਤ ਦੀ ਕਹਾਣੀ ਹੈ ਜੋ ਆਮ ਤੌਰ ‘ਤੇ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਉਂਝ ਤਾਂ ਪਾਕੀਜ਼ਾ ਵਿਚ ਰਾਜ ਕੁਮਾਰ, ਅਸ਼ੋਕ ਕੁਮਾਰ ਤੇ ਕਈ ਹੋਰ ਕਿਰਦਾਰ ਹਨ ਪਰ ਫਿਲਮ ਦੀ ਜਾਨ ਮੀਨਾ ਕੁਮਾਰੀ ਹੈ। ਆਪਣੀ ਅਦਾਕਾਰੀ ਨਾਲ ਮੀਨਾ ਕੁਮਾਰੀ ਨੇ ਔਰਤ ਦੇ ਸੁਪਨਿਆਂ ਅਤੇ ਤਵਾਇਫ ਦੀ ਦੁਬਿਧਾ ਨੂੰ ਬੜੀ ਗੰਭੀਰਤਾ ਅਤੇ ਕੋਮਲਤਾ ਨਾਲ ਨਿਭਾਇਆ ਹੈ। ਫਿਲਮ ਵਿਚ ਮੀਨਾ ਕੁਮਾਰੀ ਦੀਆਂ ਅੱਖਾਂ ਦਾ ਉਹ ਦਰਦ ਸੱਚਾ ਜਾਪਦਾ ਹੈ ਜਦੋਂ ਟੁੱਟੀ ਹੋਈ ਸਾਹਿਬਜਾਨ ਕਹਿੰਦੀ ਹੈ- “ਯੇ ਹਮਾਰੇ ਕੋਠੇ, ਹਮਾਰੇ ਮਕਬਰੇ ਹੈਂ ਜਿਨ ਮੇਂ ਮੁਰਦਾ ਔਰਤੋਂ ਕੇ ਜ਼ਿੰਦਾ ਜਨਾਜ਼ੇ ਸਜਾ ਕਰ ਰੱਖ ਦਿਏ ਜਾਤੇ ਹੈਂ। ਹਮਾਰੀ ਕਬਰੇਂ ਪਾਟੀ ਨਹੀਂ ਜਾਤੀਂ, ਖੁਲੀ ਛੋੜ ਦੀ ਜਾਤੀ ਹੈਂ। ਮੈਂ ਐਸੀ ਹੀ ਕਿਸੀ ਖੁਲੀ ਹੁਈ ਕਬਰ ਕੀ ਬੇਸਬਰ ਲਾਸ਼ ਹੂੰ।”
ਰਾਜ ਕੁਮਾਰ (ਸਲੀਮ) ਤੋਂ ਸੰਸਾਰ ਭਰ ਦੀ ਮੁਹੱਬਤ ਮਿਲਣ ਦੇ ਬਾਅਦ ਵੀ ਸਾਹਿਬਜਾਨ (ਮੀਨਾ ਕੁਮਾਰੀ) ਆਪਣੇ ਆਪ ਨੂੰ ਇਸ ‘ਅਪਰਾਧ ਬੋਧ’ ਤੋਂ ਮੁਕਤ ਨਹੀਂ ਕਰ ਸਕੀ ਕਿ ਉਹ ਆਖ਼ਰਕਾਰ ਤਵਾਇਫ ਹੈ; ਜਾਂ ਕਹੀਏ ਕਿ ਸਮਾਜ ਉਸ ਨੂੰ ਇਹ ਗੱਲ ਕਦੇ ਭੁੱਲਣ ਨਹੀਂ ਦਿੰਦਾ। ਉਸ ਸਮੇਂ ਉਹ ਸਿਰਫ ਸਮਾਜ ਨਾਲ ਹੀ ਨਹੀਂ, ਆਪਣੇ ਆਪ ਨਾਲ ਵੀ ਲੜ ਰਹੀ ਹੁੰਦੀ ਹੈ।
ਇਹ ਫਿਲਮ ਬਣਾਉਣੀ ਮੀਨਾ ਕੁਮਾਰੀ ਤੇ ਕਮਾਲ ਅਮਰੋਹੀ, ਦੋਵਾਂ ਲਈ ਹੀ ਆਸਾਨ ਨਹੀਂ ਸੀ। ਫਿਲਮ ਦੇ ਨਿਰਮਾਣ ਦੀ ਕਹਾਣੀ ਵੀ ਫਿਲਮ ਜਿੰਨੀ ਦਿਲਚਸਪ ਅਤੇ ਉਤਰਾਅ-ਚੜ੍ਹਾਅ ਵਾਲੀ ਹੈ। ਪਾਕੀਜ਼ਾ ਕਮਾਲ ਅਮਰੋਹੀ ਦਾ ਸ਼ਾਨਦਾਰ ਸੁਪਨਾ ਸੀ। ਇਸ ਫਿਲਮ ਦੀ ਸ਼ੂਟਿੰਗ 1954-1955 ਦੇ ਨੇੜੇ-ਤੇੜੇ ਸ਼ੁਰੂ ਹੋਈ। ਉਦੋਂ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦਾ ਇਸ਼ਕ ਸਿਖਰਾਂ ‘ਤੇ ਸੀ ਅਤੇ ਦੋਵਾਂ ਦਾ ਨਿਕਾਹ ਵੀ ਹੋ ਚੁੱਕਿਆ ਸੀ ਪਰ ਹੌਲੀ-ਹੌਲੀ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਵਿਚਾਲੇ ਦੂਰੀਆਂ ਵਧਣ ਲੱਗੀਆਂ ਅਤੇ 1964 ਤੋਂ ਬਾਅਦ ਦੋਵੇਂ ਵੱਖ-ਵੱਖ ਰਹਿਣ ਲੱਗ ਪਏ।
ਦਮ ਤੋੜਦੇ ਰਿਸ਼ਤਿਆਂ ਦੀ ਧੂੜ ਫਿਲਮ ‘ਤੇ ਜੰਮਣ ਲਗੀ ਅਤੇ ਫਿਲਮ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਦੌਰਾਨ ਮੀਨਾ ਕੁਮਾਰੀ ਕਾਫੀ ਬਿਮਾਰ ਰਹਿਣ ਲੱਗੇ। ਫਿਲਮੀ ਦੁਨੀਆ ਦੇ ਸਿਖਰ ‘ਤੇ ਬੈਠੀ ਮੀਨਾ ਨੂੰ ਸ਼ਰਾਬ ਦੀ ਲਤ ਲੱਗ ਗਈ। ਉਹ ਇਲਾਜ ਲਈ ਵਿਦੇਸ਼ ਚਲੇ ਗਏ। ਉਨ੍ਹਾਂ ਦੇ ਚਿਹਰੇ ਅਤੇ ਸਰੀਰ ਵਿਚ ਕਈ ਬਦਲਾਅ ਆ ਚੁੱਕੇ ਸਨ।
ਦਿਲਾਂ ‘ਚ ਬੈਠੀ ਕਠੋਰਤਾ ਨੂੰ ਕੁਝ ਸਮੇਂ ਨੇ ਘੱਟ ਕਰ ਦਿੱਤਾ ਅਤੇ ਕੁਝ ਹਾਲਾਤ ਨੇ। ਸਭ ਕੁਝ ਇੱਕ ਪਾਸੇ ਰੱਖ ਕੇ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਨੇ 1968 ‘ਚ ਦੁਬਾਰਾ ਫਿਲਮ ‘ਤੇ ਜੀ-ਜਾਨ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ‘ਪਾਕੀਜ਼ਾ’ ਦੇ ਗੀਤ ਅਤੇ ਮੁਜਰੇ ਇਸ ਫਿਲਮ ਦੀ ਰੂਹ ਹਨ ਪਰ ਜਦੋਂ ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਤਾਂ ਮੀਨਾ ਕੁਮਾਰੀ ਦੀ ਸਿਹਤ ਅਜਿਹੀ ਨਹੀਂ ਸੀ ਕਿ ਉਹ ਔਖੇ ਡਾਂਸ ਸਟੈਪ ਕਰ ਸਕਣ। ਇਸ ਲਈ ਫਿਲਮ ‘ਚ ਕੁਝ ਖਾਸ ਥਾਵਾਂ ‘ਤੇ ਬਾਡੀ ਡਬਲ ਦੀ ਵਰਤੋਂ ਕੀਤੀ ਗਈ ਹੈ। ਮੇਘਨਾਦ ਦੇਸਾਈ ਨੇ ਆਪਣੀ ਕਿਤਾਬ ਵਿਚ ਇਸ ਦਾ ਜ਼ਿਕਰ ਕੀਤਾ ਹੈ। ‘ਪਾਕੀਜ਼ਾ’ ਦੇ ਅੰਤ ਵਿਚ ਮੁਜਰਾ ਹੈ ਜੋ ਫਿਲਮ ਨੂੰ ਕਲਾਈਮੈਕਸ ਤੱਕ ਲੈ ਜਾਂਦਾ ਹੈ… ਜਦੋਂ ਸਾਹਿਬਜਾਨ ਆਪਣੇ ਹੀ ਪ੍ਰੇਮੀ ਸਲੀਮ ਦੇ ਵਿਆਹ ‘ਤੇ ਮੁਜਰਾ ਕਰ ਰਹੀ ਹੈ- ‘ਆਜ ਹਮ ਅਪਨੀ ਦੁਆਓਂ ਕਾ ਅਸਰ ਦੇਖੇਂਗੇ, ਜ਼ਖਮੇ ਜਿਗਰ ਦੇਖੇਂਗੇ।’ ਇਸ ਮੁਜਰੇ ਵਿਚ ਅਦਾਕਾਰਾ ਪਦਮਾ ਖੰਨਾ ਨੂੰ ਬਾਡੀ ਡਬਲ ਵਜੋਂ ਇਸਤੇਮਾਲ ਕੀਤਾ ਗਿਆ ਸੀ।
ਫਿਲਮ ਦਾ ਇੱਕ ਹੋਰ ਖੂਬਸੂਰਤ ਗੀਤ ਹੈ- ‘ਮੌਸਮ ਹੈ ਆਸ਼ਿਕਾਨਾ’। ‘ਫਿਲਮਫੇਅਰ’ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਮੀਨਾ ਕੁਮਾਰੀ ਦੇ ਮਤਰੇਏ ਪੁੱਤਰ ਤਾਜਦਾਰ ਅਮਰੋਹੀ ਆਪਣੀ ਛੋਟੀ ਅੰਮੀ ਨੂੰ ਯਾਦ ਕਰਦੇ ਹੋਏ ਦੱਸਦੇ ਹਨ, “ਜਦੋਂ ‘ਪਾਕੀਜ਼ਾ’ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਤਾਂ ‘ਮੌਸਮ ਹੈ ਆਸ਼ਿਕਾਨਾ’ ਗੀਤ ਦੀ ਸ਼ੂਟਿੰਗ ਹੋ ਰਹੀ ਸੀ। ਬਾਬਾ (ਕਮਾਲ ਅਮਰੋਹੀ) ਨੇ ਉਸ ਗੀਤ ‘ਚ ਛੋਟੀ ਅੰਮੀ ਨੂੰ ਕੁੜਤਾ ਅਤੇ ਲੁੰਗੀ ਪਹਿਨਵਾਈ ਕਿਉਂਕਿ ਜਿਗਰ ਦੀ ਬਿਮਾਰੀ ਕਾਰਨ ਉਨ੍ਹਾਂ ਦਾ ਪੇਟ ਫੁੱਲ ਗਿਆ ਸੀ। ਬਾਅਦ ਵਿਚ ਉਹ ਟ੍ਰੇਂਡ ਬਣ ਗਿਆ। ਖਰਾਬ ਸਿਹਤ ਕਾਰਨ ਉਹ ਬਹੁਤ ਥੱਕ ਜਾਂਦੇ ਸਨ ਪਰ ਸ਼ਾਟ ਸ਼ੁਰੂ ਹੁੰਦੇ ਹੀ ਫਿਰ ਤੋਂ ਜੋਸ਼ ‘ਚ ਆ ਜਾਂਦੇ ਸਨ। ਫਿਲਮ ਦੇ ਆਖਰੀ ਮੁਜਰੇ ‘ਚ ਉਨ੍ਹਾਂ ਨੇ ਤੇਜ਼ ਅਤੇ ਗੋਲ-ਗੋਲ ਘੁੰਮਣਾ ਸੀ ਅਤੇ ਫਿਰ ਡਿੱਗਣਾ ਸੀ ਪਰ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਕਲੋਜ਼-ਅੱਪ ਬੈਠੀ ਹੋਈ ਸਥਿਤੀ ‘ਚ ਹੀ ਲਏ ਗਏ। ਜਦੋਂ ਰਾਜ ਕੁਮਾਰ ਨਾਲ ਵਿਆਹ ਦੇ ਸਮੇਂ ਉਹ ਪੌੜੀਆਂ ‘ਤੇ ਦੌੜਦੇ ਹੋਏ ਭੱਜ ਜਾਂਦੇ ਹਨ, ਉੱਥੇ ਵੀ ਬਾਡੀ-ਡਬਲ ਦੀ ਵਰਤੋਂ ਕੀਤੀ ਗਈ। ‘ਚਲੋ ਦਿਲਦਾਰ ਚਲੋ’ ਗੀਤ ਵਿਚ ਵੀ ਉਨ੍ਹਾਂ ਦੇ ਚਿਹਰੇ ‘ਤੇ ਜ਼ਿਆਦਾ ਫੋਕਸ ਨਹੀਂ ਰੱਖਿਆ ਗਿਆ।” ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਨਾ ਤਾਂ ਮੀਨਾ ਕੁਮਾਰੀ ਦਾ ਹੌਸਲਾ ਟੁੱਟਿਆ ਅਤੇ ਨਾ ਹੀ ਕਮਾਲ ਅਮਰੋਹੀ ਦਾ।
ਟੁੱਟੇ ਰਿਸ਼ਤਿਆਂ ਦੀਆਂ ਦਰਾਰਾਂ ਵਿਚ ਫਸੀ ਇਸ ਫਿਲਮ ਨੂੰ ਦੁਬਾਰਾ ਸ਼ੁਰੂ ਕਰਨ ਦਾ ਸਿਹਰਾ ਨਰਗਿਸ ਦੇ ਸਿਰ ਵੀ ਬੰਨ੍ਹਿਆ ਜਾਂਦਾ ਹੈ। ਮੇਘਨਾਦ ਦੇਸਾਈ ਆਪਣੀ ਕਿਤਾਬ ‘ਪਾਕੀਜ਼ਾ – ਐਨ ਓਡ ਟੂ ਏ ਬਾਈਗੌਨ ਵਰਲਡ’ ਵਿਚ ਲਿਖਦੇ ਹਨ ਕਿ ਇੱਕ ਵਾਰ ਨਰਗਿਸ ਅਤੇ ਸੁਨੀਲ ਦੱਤ ਨੇ ਪਾਕੀਜ਼ਾ ਦੇ ਸ਼ੁਰੂਆਤੀ ਪ੍ਰਿੰਟ ਦੇਖੇ ਅਤੇ ਦੇਖ ਕੇ ਕਮਾਲ ਅਮਰੋਹੀ ਨੂੰ ਕਿਹਾ ਕਿ ਇਹ ਫਿਲਮ ਪੂਰੀ ਹੋਣੀ ਚਾਹੀਦੀ ਹੈ। 1956 ਵਿਚ ਬਲੈਕ ਐਂਡ ਵ੍ਹਾਈਟ ਵਿਚ ਸ਼ੂਟ ਹੋਇਆ ‘ਇਨ੍ਹੀਂ ਲੋਗੋਂ ਨੇ ਲੇ ਲੀਨਾ’ ਦਾ ਇੱਕ ਕਲਿੱਪ ਵੀ ਤੁਹਾਨੂੰ ਯੂਟਿਊਬ ‘ਤੇ ਮਿਲ ਜਾਵੇਗਾ ਜਿਸ ਵਿਚ ਮੀਨਾ ਕੁਮਾਰੀ ਡਾਂਸ ਕਰਦੇ ਨਜ਼ਰ ਆਉਂਦੇ ਹਨ।
‘ਪਾਕੀਜ਼ਾ’ ਜਿੰਨੀ ਆਪਣੀ ਅਦਾਕਾਰੀ ਅਤੇ ਨਿਰਦੇਸ਼ਨ ਲਈ ਜਾਣੀ ਜਾਂਦੀ ਹੈ, ਓਨੀ ਹੀ ਹੋਰ ਚੀਜ਼ਾਂ ਲਈ ਵੀ, ਜਿਵੇਂ ਫਿਲਮ ਦੇ ਸੈੱਟ ਲਈ। ਕਮਾਲ ਅਮਰੋਹੀ ਨੇ ਦਿੱਲੀ ਅਤੇ ਲਖਨਊ ਦੇ ਕੋਠਿਆਂ ਦੀ ਦੁਨੀਆ ਨੂੰ ਆਪਣੀ ਕਲਪਨਾ ਅਨੁਸਾਰ ਬੇਹਤਰੀਨ ਢੰਗ ਨਾਲ ਢਾਲਣ ਦੀ ਕੋਸ਼ਿਸ਼ ਕੀਤੀ। ‘ਬਾਜ਼ਾਰ-ਏ-ਹੁਸਨ’ ਦਾ ਸੈੱਟ ਜਿੱਥੇ ‘ਇਨ੍ਹੀਂ ਲੋਗੋਂ ਨੇ’ ਗਾਣੇ ਦੀ ਸ਼ੂਟਿੰਗ ਹੋਈ ਸੀ, ਉਸ ਨੂੰ ਬਣਾਉਣ ‘ਚ ਲਗਭਗ ਛੇ ਮਹੀਨੇ ਲੱਗੇ ਸਨ। ਗਹਿਣੇ ਜੈਪੁਰ ਤੋਂ ਮੰਗਵਾਏ ਗਏ ਸਨ ਅਤੇ ਸ਼ੂਟਿੰਗ ਦੌਰਾਨ ਸਾਹਿਬਜਾਨ (ਮੀਨਾ ਕੁਮਾਰੀ) ਦੇ ਕਮਰੇ ਵਿਚ ਬਿਹਤਰੀਨ ਅਤੇ ਅਸਲੀ ਇੱਤਰ ਦੀਆਂ ਸ਼ੀਸ਼ੀਆਂ ਰੱਖੀਆਂ ਜਾਂਦੀਆਂ ਸਨ। ਮੀਨਾ ਕੁਮਾਰੀ ਨੇ ਪੋਸ਼ਾਕ ਡਿਜ਼ਾਈਨਿੰਗ ਦੀ ਜ਼ਿੰਮੇਵਾਰੀ ਆਪ ਲਈ ਸੀ ਅਤੇ ਫਿਲਮ ਦੇ ਕ੍ਰੈਡਿਟ ਤੋਂ ਇਸਦੀ ਜਾਣਕਾਰੀ ਵੀ ਮਿਲਦੀ ਹੈ।
‘ਪਾਕੀਜ਼ਾ’ ਤਵਾਇਫ ਦੀ ਕਹਾਣੀ ਹੈ ਅਤੇ ਇਸ ਫਿਲਮ ਦਾ ਸੰਗੀਤ ਅਤੇ ਇੱਕ-ਇੱਕ ਗੀਤ ਇਸ ਕਹਾਣੀ ਦੀ ਰੂਹ ਹੈ। ਫਿਲਮ ਦੀ ਸ਼ੁਰੂਆਤ ਹੀ ਘੁੰਗਰੂਆਂ ਦੀ ਥਾਪ ਨਾਲ ਹੁੰਦੀ ਹੈ ਅਤੇ ਤੁਸੀਂ ਸਮਝ ਜਾਂਦੇ ਹੋ ਕਿ ਇਹ ਸਫਰ ਸੰਗੀਤ ਨਾਲ ਭਰਪੂਰ ਹੋਣ ਵਾਲਾ ਹੈ। ਉਂਝ ਤਾਂ ਗੁਲਾਮ ਮੁਹੰਮਦ ਸਤਿਕਾਰਤ ਸੰਗੀਤਕਾਰ ਸਨ ਪਰ ਉਸ ਸਮੇਂ ਹੋਰ ਸੰਗੀਤਕਾਰਾਂ ਦਾ ਬੋਲਬਾਲਾ ਸੀ ਪਰ ਕਮਾਲ ਅਮਰੋਹੀ ਦੀ ਜ਼ਿੱਦ ਸੀ ਕਿ ਫਿਲਮ ਦਾ ਸੰਗੀਤ ਗੁਲਾਮ ਮੁਹੰਮਦ ਹੀ ਦੇਣਗੇ। ਕਮਾਲ ਅਮਰੋਹੀ ਨੇ 12 ਧੁਨਾਂ ਵਿਚੋਂ 6 ਧੁਨਾਂ ਰੱਖੀਆਂ ਅਤੇ ਅੱਜ ਦੀ ਤਾਰੀਖ ‘ਚ ਇੱਕ-ਇੱਕ ਗੀਤ ਨਗੀਨਾ ਮੰਨਿਆ ਜਾਂਦਾ ਹੈ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਗ਼ੁਲਾਮ ਮੁਹੰਮਦ ਗੁਜ਼ਰ ਗਏ ਤਾਂ ਨੌਸ਼ਾਦ ਸਾਹਿਬ ਨੇ ਬੈਕਗ੍ਰਾਊਂਡ ਸਕੋਰ ਪੂਰਾ ਕੀਤਾ।
‘ਇਨ੍ਹੀਂ ਲੋਗੋਂ ਨੇ’ ਸੰਗੀਤ, ਬੋਲ, ਸਿਨੇਮੈਟੋਗ੍ਰਾਫੀ ਅਤੇ ਗਾਇਨ, ਹਰ ਤਰ੍ਹਾਂ ਨਾਲ ਬੇਮਿਸਾਲ ਹੈ। ਜਦੋਂ ਮੀਨਾ ਕੁਮਾਰੀ ਗੁਲਾਬੀ ਪਹਿਰਾਵੇ ਵਿਚ ਇਹ ਮੁਜਰਾ ਕਰ ਰਹੇ ਹੁੰਦੇ ਹਨ, ਤਾਂ ਤੁਸੀਂ ਬੈਕਗ੍ਰਾਊਂਡ ਵਿਚ ਵੱਖ-ਵੱਖ ਕੋਠਿਆਂ ‘ਤੇ ਕੁਝ 10-12 ਤਵਾਇਫਾਂ ਨੂੰ ਨੱਚਦੇ ਹੋਏ ਦੇਖ ਸਕਦੇ ਹੋ। ਕਮਾਲ ਅਮਰੋਹੀ ਨੇ ਸਿਨੇਮਾਸਕੋਪ ਵਿਚ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਸ਼ੂਟ ਕੀਤਾ ਸੀ। ਸੰਗੀਤਕਾਰ ਦੀ ਤਰ੍ਹਾਂ ਹੀ ਜਰਮਨ ਸਿਨੇਮੈਟੋਗ੍ਰਾਫਰ ਜੋਸੇਫ ਵਰਸ਼ਿੰਗ ਦਾ ਵੀ ਫਿਲਮ ਦੇ ਵਿਚਕਾਰ ਹੀ ਦੇਹਾਂਤ ਹੋ ਗਿਆ ਅਤੇ ਕਈ ਸਿਨੇਮੈਟੋਗ੍ਰਾਫਰਾਂ ਨੇ ਮਿਲ ਕੇ ਇਸ ਫਿਲਮ ਦਾ ਕੰਮ ਪੂਰਾ ਕੀਤਾ।
ਉਂਝ ਤਾਂ ‘ਇਨ੍ਹੀਂ ਲੋਗੋਂ ਨੇ’ ਵਾਲਾ ਗੀਤ ਹਿੰਦੀ ਸਿਨੇਮਾ ‘ਚ ਕਈ ਵਾਰ ਫਿਲਮਾਇਆ ਜਾ ਚੁੱਕਿਆ ਹੈ। ਚਾਹੇ ਉਹ 1941 ‘ਚ ਫਿਲਮ ‘ਹਿੰਮਤ’ ਲਈ ਸ਼ਮਸ਼ਾਦ ਬੇਗ਼ਮ ਦਾ ਗਾਇਆ ਗੀਤ ਹੋਵੇ ਜਾਂ ‘ਆਬਰੂ’ ਵਿਚ ਯਾਕੂਬ ਵੱਲੋਂ ਗਾਇਆ ਗਿਆ ਵਰਜ਼ਨ।
ਹੋਰ ਪਹਿਲੂਆਂ ਦੀ ਗੱਲ ਕਰੀਏ ਤਾਂ ਪੂਰੀ ਫਿਲਮ ਵਿਚ ਸਾਊਂਡ ਦਾ ਸ਼ਾਨਦਾਰ ਇਸਤੇਮਾਲ ਹੋਇਆ ਹੈ – ਰਾਤ ਦੀ ਚੁੱਪ ਨੂੰ ਵਾਰ-ਵਾਰ ਚੀਰਦੀ ਰੇਲਗੱਡੀ ਦੀ ਉਹ ਸੀਟੀ ਜੋ ਸਾਹਿਬਜਾਨ ਨੂੰ ਉਸ ਅਣਜਾਣ ਸ਼ਖਸ ਦੀ ਯਾਦ ਦਿਵਾਉਂਦੀ ਹੈ ਜਿਸ ਨੇ ਤਵਾਇਫ ਦੀ ਪਛਾਣ ਤੋਂ ਪਰ੍ਹੇ ਉਸ ਨੂੰ ਦੇਖਿਆ ਅਤੇ ਸਾਹਿਬਜਾਨ ਦੇ ਦਿਲ ਵਿਚ ਉਮੀਦ ਜਗਾਈ। ਅਤੇ ਦੂਸਰਾ, ਲਤਾ ਦੀ ਆਵਾਜ਼ ‘ਚ ਉਹ ਆਲਾਪ ਜੋ ਹਰ ਵਾਰ ਸੁਣਾਈ ਦਿੰਦਾ ਹੈ, ਜਦੋਂ ਸਾਹਿਬਜਾਨ ਡੂੰਘੀ ਉਦਾਸੀ ‘ਚ ਹੁੰਦੀ ਹੈ। ਮਜਰੂਹ ਸੁਲਤਾਨਪੁਰੀ (ਠਾੜੇ ਰਹਿਓ), ਕੈਫੀ ਆਜ਼ਮੀ (ਚਲਤੇ ਚਲਤੇ ਯੂੰ ਹੀ ਕੋਈ), ਕੈਫ ਭੋਪਾਲੀ (ਚਲੋ ਦਿਲਦਾਰ ਚਲੋ) ਵਰਗੇ ਮਹਾਨ ਗੀਤਕਾਰਾਂ ਦੇ ਬੋਲ ਇਸ ਫਿਲਮ ਵਿਚ ਹਨ। ‘ਮੌਸਮ ਹੈ ਆਸ਼ਿਕਾਨਾ’ ਦੇ ਬੋਲ ਤਾਂ ਆਪ ਕਮਾਲ ਅਮਰੋਹੀ ਨੇ ਹੀ ਲਿਖੇ ਹਨ।
4 ਫਰਵਰੀ 1972 ਨੂੰ ਜਦੋਂ ਇਹ ਫਿਲਮ ਰਿਲੀਜ਼ ਹੋਈ, ਤਾਂ ਇਹ ਆਪਣੇ ਹੋਂਦ ‘ਚ ਆਉਣ ਤੋਂ ਲਗਭਗ 15 ਸਾਲਾਂ ਬਾਅਦ ਪਰਦੇ ‘ਤੇ ਆ ਰਹੀ ਸੀ। ਉਸ ਵੇਲੇ ਤੱਕ ਸਿਨੇਮਾ ਪ੍ਰੇਮੀ ਅਮਿਤਾਭ ਬੱਚਨ ਦੀ ਦੁਨੀਆ ‘ਚ ਕਦਮ ਰੱਖ ਚੁੱਕੇ ਸਨ। ਹੌਲੀ ਅਤੇ ਸ਼ਾਇਰਾਨਾ ਅੰਦਾਜ਼ ‘ਚ ਬਣੀ ਇਸ ਫਿਲਮ ਨੂੰ ਪਹਿਲੇ ਦਿਨ ਆਲੋਚਕਾਂ ਨੇ ਬਹੁਤ ਮਾੜੇ ਰਿਵਿਊ ਦਿੱਤੇ।
ਵਿਨੋਦ ਮਹਿਤਾ ਨੇ ਆਪਣੀ ਕਿਤਾਬ ‘ਮੀਨਾ ਕੁਮਾਰੀ ਦਿ ਕਲਾਸਿਕ ਬਾਇਓਗ੍ਰਾਫੀ’ ਵਿਚ ਲਿਖਿਆ, “ਉਸ ਸਮੇਂ ‘ਟਾਈਮਜ਼ ਆਫ ਇੰਡੀਆ’ ਨੇ ਪਾਕੀਜ਼ਾ ਨੂੰ ਲੈਵਿਸ਼ ਵੇਸਟ ਕਰਾਰ ਦਿੱਤਾ ਸੀ, ਮਤਲਬ ਆਲੀਸ਼ਾਨ ਬਰਬਾਦੀ। ਫਿਲਮਫੇਅਰ ਕ੍ਰਿਟਿਕਸ ਨੇ ਪਾਕੀਜ਼ਾ ਨੂੰ ਸਿਰਫ ਇੱਕ ਸਟਾਰ ਦਿੱਤਾ ਸੀ।” ਪਰ ਮਰਾਠਾ ਮੰਦਰ ਵਿਚ ਰਿਲੀਜ਼ ਹੋਈ ਪਾਕੀਜ਼ਾ ਹੌਲੀ-ਹੌਲੀ ਆਪਣਾ ਜਾਦੂ ਫੈਲਾਉਣ ਲੱਗੀ।
ਫਿਲਮਫੇਅਰ ‘ਚ ਪਾਕੀਜ਼ਾ ਨੂੰ ਕਈ ਪੁਰਸਕਾਰ ਮਿਲਣ ਦੀ ਉਮੀਦ ਸੀ ਪਰ ਲੋਕਾਂ ਨੂੰ ਉਸ ਸਮੇਂ ਕਾਫੀ ਹੈਰਾਨੀ ਹੋਈ ਜਦੋਂ ਸਰਵੋਤਮ ਫਿਲਮ, ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਸੰਗੀਤ ਦਾ ਪੁਰਸਕਾਰ ਫਿਲਮ ‘ਬੇਈਮਾਨ’ ਨੂੰ ਮਿਲਿਆ। ਜਦੋਂ ਪ੍ਰਾਣ ਨੂੰ ਫਿਲਮ ‘ਬੇਈਮਾਨ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਆਪਣੀ ਫਿਲਮ ‘ਬੇਈਮਾਨ’ ਦੀ ਬਜਾਇ ‘ਪਾਕੀਜ਼ਾ’ ਸਰਵੋਤਮ ਸੰਗੀਤ ਪੁਰਸਕਾਰ ਦੀ ਹੱਕਦਾਰ ਹੈ ਪਰ ਇਸ ਸਭ ਤੋਂ ਪਰੇ ‘ਪਾਕੀਜ਼ਾ’ ਕਈ ਤਰੀਕਿਆਂ ਨਾਲ ਖਾਸ ਰਹੀ। ਇਹ ਫਿਲਮ 4 ਫਰਵਰੀ 1972 ਨੂੰ ਰਿਲੀਜ਼ ਹੋਈ ਅਤੇ 31 ਮਾਰਚ 1972 ਨੂੰ ਮੀਨਾ ਕੁਮਾਰੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਨੇਮਾ ਪ੍ਰੇਮੀਆਂ ਲਈ ‘ਪਾਕੀਜ਼ਾ’ ਉਨ੍ਹਾਂ ਦਾ ਆਖਰੀ ਤੋਹਫਾ ਸੀ।
ਕਮਾਲ ਅਮਰੋਹੀ ਨੇ ਆਪਣੀ ਜ਼ਿੰਦਗੀ ‘ਚ ਸਿਰਫ ਚਾਰ ਫਿਲਮਾਂ ਬਣਾਈਆਂ ਜਿਨ੍ਹਾਂ ਵਿਚੋਂ ਪਾਕੀਜ਼ਾ ਨੇ ਉਨ੍ਹਾਂ ਨੂੰ ਸਿਨੇਮਾ ਦੇ ਇਤਿਹਾਸ ਵਿਚ ਸਦਾ ਲਈ ਦਰਜ ਕਰ ਦਿੱਤਾ। ਫਿਲਮ ਦੇ ਅੰਤ ਵਿਚ ਇੱਕ ਸੀਨ ਹੈ ਜਿੱਥੇ ਸਾਹਿਬਜਾਨ ਨੂੰ ਸਲੀਮ (ਰਾਜ ਕੁਮਾਰ) ਦੇ ਵਿਆਹ ਲਈ ਮੁਜਰੇ ਦਾ ਸੱਦਾ ਮਿਲਦਾ ਹੈ। ਉਹ ਪਹਿਲਾਂ ਹੀ ਸਲੀਮ ਨਾਲ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਚੁੱਕੀ ਹੈ। ਸਾਹਿਬਜਾਨ (ਮੀਨਾ ਕੁਮਾਰੀ) ਦਿਲ ਖੋਲ੍ਹ ਕੇ ਨੱਚਦੀ ਹੈ ਅਤੇ ਉੱਥੇ ਟੁੱਟੇ ਕੱਚ ‘ਤੇ ਨੱਚਦੇ ਹੋਏ ਉਸ ਦੇ ਪੈਰਾਂ ‘ਚੋਣ ਖੂਨ ਨਿੱਕਲ ਆਉਂਦਾ ਹੈ। ਉਹੀ ਪੈਰ ਜਿਨ੍ਹਾਂ ਲਈ ਕਦੇ ਰਾਜ ਕੁਮਾਰ ਨੇ ਕਿਹਾ ਸੀ ਕਿ ਇਨ੍ਹਾਂ ਨੂੰ ਜ਼ਮੀਨ ‘ਤੇ ਨਾ ਰੱਖਣਾ। ਇਸ ਫਿਲਮ ਵਿਚ ਆਖ਼ਰਕਾਰ ਔਰਤ ਹੀ ਔਰਤ ਲਈ ਆਵਾਜ਼ ਉਠਾਉਂਦੀ ਹੈ। ਸਾਹਿਬਜਾਨ ਦੀ ਮਾਸੀ ਖੁਦ ਕੋਠਾ ਚਲਾਉਂਦੀ ਹੈ ਅਤੇ ਉਹ ਸਾਹਿਬਜਾਨ ਦੀ ਮਾਂ ਨਾਲ ਹੋਈ ਬੇਇਨਸਾਫੀ ਦੇਖ ਚੁੱਕੀ ਹੈ। ਆਖਰ ਉਹੀ ਸਾਹਿਬਜਾਨ ਨੂੰ ਉਸ ਦਾ ਹੱਕ ਦਿਵਾਉਂਦੀ ਹੈ।
ਫਿਲਮ ਵਿਚ ਮੀਨਾ ਕੁਮਾਰੀ ਦੀ ਦੋਹਰੀ ਭੂਮਿਕਾ ਹੈ – ਤਵਾਇਫ ਮਾਂ ਜੋ ਅਸ਼ੋਕ ਕੁਮਾਰ ਦੀ ਧੀ ਸਾਹਿਬਜਾਨ ਨੂੰ ਜਨਮ ਦੇਣ ਤੋਂ ਬਾਅਦ ਗੁਜ਼ਰ ਜਾਂਦੀ ਹੈ। ਹਾਲਾਂਕਿ ਇਹ ਫਿਲਮ ਉਸ ਫਰੇਮ ‘ਤੇ ਖਤਮ ਹੋ ਸਕਦੀ ਸੀ ਜਦੋਂ ਅੰਤ ‘ਚ ਮੀਨਾ ਕੁਮਾਰੀ ਦੁਲਹਨ ਬਣ ਕੇ ਕੋਠੇ ਤੋਂ ਵਿਦਾ ਹੁੰਦੀ ਹੈ ਅਤੇ ਉਸ ਦਾ ਨਿਕਾਹ ਰਾਜ ਕੁਮਾਰ ਨਾਲ ਹੋ ਜਾਂਦਾ ਹੈ। ਉਹ ਸੋਹਣਾ ਮੰਜ਼ਰ ਹੁੰਦਾ ਪਰ ਕਮਲ ਅਮਰੋਹੀ ਫਿਲਮ ‘ਪਾਕੀਜ਼ਾ’ ਨੂੰ ਉਸੇ ਕੋਠੇ ਦੀ ਇੱਕ ਅਣਜਾਣ ਤਵਾਇਫ ਦੇ ਚਿਹਰੇ ‘ਤੇ ਲਿਆ ਕੇ ਖ਼ਤਮ ਕਰਦੇ ਹਨ- ਉਸ ਦੀਆਂ ਅੱਖਾਂ ‘ਚ ਵੀ ਉਹੀ ਤਲਾਸ਼, ਉਹੀ ਸਵਾਲ, ਉਹੀ ਤੜਫ ਹੈ ਜੋ ਸਾਹਿਬਜਾਨ ਦੀਆਂ ਅੱਖਾਂ ‘ਚ ਸੀ। ਸ਼ਾਇਦ ਇੱਕ ਹੋਰ ਸਾਹਿਬਜਾਨ ਇੱਥੋਂ ਜਨਮ ਲਵੇਗੀ ਅਤੇ ਉੱਥੇ ਹੀ ਕੈਦ ਹੋ ਕੇ ਰਹਿ ਜਾਵੇਗੀ।
ਬੇਮਿਸਾਲ ਅਦਾਕਾਰੀ, ਖ਼ੂਬਸੂਰਤ ਲਿਬਾਸ, ਨੱਕਾਸ਼ੀ ਵਾਲੇ ਆਲੀਸ਼ਾਨ ਮਹਿਲ, ਕੀਮਤੀ ਗਹਿਣੇ, ਮਨਮੋਹਕ ਨਜ਼ਾਰਿਆਂ ਨਾਲ ਸਜੇ ਕੈਮਰੇ ਦਾ ਹਰ ਫਰੇਮ, ਸੰਗਮਰਮਰ ਵਾਂਗ ਤਰਾਸ਼ਿਆ ਹੋਇਆ ਸੰਗੀਤ, ਸ਼ਾਇਰਾਨਾ ਸੰਵਾਦ ਅਤੇ ਗੀਤ- ‘ਪਾਕੀਜ਼ਾ’ ਦੇਖਣ ਵੇਲੇ ਇਹ ਸਮਝਣਾ ਮੁਸ਼ਕਿਲ ਹੈ ਕਿ ਤੁਸੀਂ ਕਿਸ ਲਈ ਇਹ ਫਿਲਮ ਦੇਖਣਾ ਚਾਹੁੰਦੇ ਹੋ।
ਵਿਨੋਦ ਮਹਿਤਾ, ਮੀਨਾ ਕੁਮਾਰੀ ਵਜੋਂ ਕਿਤਾਬ ਵਿਚ ਲਿਖਦੇ ਹਨ- “ਪਾਕੀਜ਼ਾ ਅਜਿਹਾ ਸੁਪਨਾ ਸੀ ਜਿਸ ਦੇ ਪਿੱਛੇ ਉਨ੍ਹਾਂ ਦੀ (ਕਮਾਲ ਅਮਰੋਹੀ) ਦੀ ਰੂਹ ਸਾਲਾਂ ਤੋਂ ਭਟਕਦੀ ਰਹੀ ਹੈ। ਇਹ ਉਹ ਮਹਿਬੂਬਾ ਹੈ, ਜਿਹੜੀ ਉਨ੍ਹਾਂ ਦੀ ਕਲਪਨਾ ‘ਚ ਪਤਾ ਨਹੀਂ ਕਦੋਂ ਤੋਂ ਵੱਸੀ ਹੋਈ ਸੀ।”
ਅਸਲ ਜ਼ਿੰਦਗੀ ‘ਚ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦੀ ਅਧੂਰੀ ਪ੍ਰੇਮ ਕਹਾਣੀ ਭਾਵੇਂ ਅਧੂਰੀ ਹੀ ਰਹੀ ਪਰ ਦੋਵਾਂ ਨੇ ਮਿਲ ਕੇ ‘ਪਾਕੀਜ਼ਾ’ ਦਾ ਆਲੀਸ਼ਾਨ ਸੁਪਨਾ ਜ਼ਰੂਰ ਪੂਰਾ ਕੀਤਾ।
(ਬੀ.ਬੀ.ਸੀ. ਤੋਂ ਧੰਨਵਾਦ ਸਹਿਤ)