ਸਾਡੀ ਲਹਿੰਦੇ ਪੰਜਾਬ ਦੀ ਫੇਰੀ

ਅੱਠਵਾਂ ਦਿਨ: ਅੱਜ ਦਾ ਸਫ਼ਰ ਵਾਪਸ ਲਾਹੌਰ ਤਕ ਦਾ ਸੀ ਪਰ ਰਸਤੇ ਵਿਚ ਕਈ ਇਤਿਹਾਸਕ ਥਾਵਾਂ ਦੇਖਣ ਦਾ ਖਾਸ ਮੌਕਾ ਮਿਲਿਆ। ਇਸਲਾਮਾਬਾਦ ਤੋਂ ਚਲਦਿਆਂ ਪਹਿਲਾ ਪੜਾਅ ਕਟਾਸ ਰਾਜ ਮੰਦਰ ਦਾ ਸੀ, ਜੋ ਹਿੰਦੂਆਂ ਦਾ ਤੀਰਥ ਅਸਥਾਨ ਹੈ।

ਇਸ ਮੰਦਰ ਦਾ ਮਿਥਿਹਾਸ ਸ਼ਿਵਜੀ ਨਾਲ ਜੁੜਿਆ ਹੋਇਆ ਹੈ। ਕਹਿੰਦੇ ਹਨ ਪਾਰਵਤੀ ਕਰਕੇ ਸ਼ਿਵਜੀ ਰੋ ਪਿਆ ਅਤੇ ਉਸਦਾ ਇਕ ਹੰਝੂ ਕਟਾਸਰਾਜ ਅਤੇ ਦੂਸਰਾ ਪੁਸ਼ਕਰ, ਰਾਜਸਥਾਨ ਵਿਚ ਡਿਗਿਆ। ਇਸ ਹੰਝੂ ਕਰਕੇ ਇਸ ਇਲਾਕੇ ਨੂੰ ਇਹ ਵਰ ਮਿਲਿਆ ਕਿ ਇੱਥੇ ਸਥਿਤ ਤਲਾਬ ਵਿਚ ਕਦੇ ਪਾਣੀ ਨਹੀਂ ਸੁੱਕੇਗਾ ਪਰ ਦੇਖਣ ਨੂੰ ਮਿਲਿਆ ਕਿ ਇਸ ਤਲਾਬ ਵਿਚ ਅੱਜ-ਕੱਲ੍ਹ ਮੋਟਰ ਨਾਲ ਪਾਣੀ ਭਰਿਆ ਜਾਂਦਾ ਹੈ। ਸਾਡਾ ਤਾਂ ਵੱਡਾ ਨਿਸ਼ਾਨਾ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਹਵੇਲੀ ਦੇਖਣ ਦਾ ਸੀ, ਜੋ ਇਸ ਕੰਪਲੈਕਸ ਵਿਚ ਹੀ ਸਥਿਤ ਹੈ। ਇਹ ਹਵੇਲੀ ਇਸ ਗੱਲ ਦੀ ਪ੍ਰਤੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰੇਕ ਧਾਰਮਿਕ ਸਥਾਨ ਦੀ ਪੂਰੀ ਸੁਰੱਖਿਆ ਦੀ ਜਿੰ਼ਮੇਵਾਰੀ ਸਥਾਨਕ ਅਹੁਦੇਦਾਰਾਂ ਨੂੰ ਦਿੱਤੀ ਜਾਂਦੀ ਸੀ। ਇਥੇ ਥੋੜ੍ਹਾ ਸਮਾਂ ਗੁਜ਼ਾਰਨ ਤੋਂ ਬਾਅਦ, ਸਮੇਂ ਦੀ ਥੋੜ੍ਹ ਕਾਰਨ, ਨੇੜੇ ਹੀ ਸਥਿਤ, ਖੇਵੜਾ ਨਮਕ ਦੀਆਂ ਖੱਡਾਂ ਨਹੀਂ ਦੇਖ ਸਕੇ, ਜਿਸ ਕਰਕੇ ਅਸੀਂ ਸਿੱਧਾ ਗੁਰਦੁਆਰਾ ਸੱਚਾ ਸੌਦਾ ਦਾ ਰੁਖ਼ ਕੀਤਾ। ਗੁਰਦੁਆਰਾ ਸੱਚਾ ਸੌਦਾ ਨਨਕਾਣਾ ਸਾਹਿਬ ਤੋਂ ਤਕਰੀਬਨ 25-30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਸ਼ੇਖੂਪੁਰਾ ਸ਼ਹਿਰ ਦੇ ਨੇੜੇ ਹੈ। ਇਸ ਗੁਰਦੁਆਰਾ ਸਾਹਿਬ ਦੀ ਸਫਾਈ ਬਹੁਤ ਹੀ ਉਮਦਾ ਹੈ। ਇਸ ਤੋਂ ਉਪਰੰਤ ਰਾਤ ਨੂੰ ਲਾਹੌਰ ਪਹੁੰਚੇ।
ਨੌਵਾਂ ਦਿਨ: ਇਹ ਦਿਨ ਬਹੁਤ ਹੀ ਮਹੱਤਵਪੂਰਨ ਅਤੇ ਜੋਸ਼ ਭਰਪੂਰ ਸੀ ਕਿਉਂਕਿ ਅੱਜ ਅਸੀਂ ਗੁਰੂ ਨਾਨਕ ਦੀ ਧਰਤੀ, ਨਨਕਾਣਾ ਸਾਹਿਬ ਜਿਸ ਦਾ ਪੁਰਾਣਾ ਨਾਮ ਰਾਏ ਭੋਇ ਦੀ ਤਲਵੰਡੀ ਸੀ, ਦੇ ਦਰਸ਼ਨਾਂ ਨੂੰ ਜਾਣਾ ਸੀ। ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣਾ ਬਚਪਨ ਬਿਤਾਇਆ ਅਤੇ ਅੱਠ ਸਾਲ ਦੀ ਉਮਰ ਵਿਚ ਬਿੱਪਰ ਦੀ ਸੋਚ ਅਤੇ ਰਵਾਇਤ ਨੂੰ ਚੁਣੌਤੀ ਦਿੱਤੀ। ਲਾਹੌਰ ਤੋਂ ਤਕਰੀਬਨ ਇਕ-ਡੇਢ ਘੰਟੇ ਦੀ ਡ੍ਰਾਈਵ ਤੋਂ ਬਾਅਦ ਗੁਰਦੁਆਰਾ ਜਨਮ ਅਸਥਾਨ ਪੁਹੰਚੇ। ਇਹ ਦਿਨ ਇਕ ਵਿਸਾਖ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ, ਦਸਮ ਪਿਤਾ ਵਲੋਂ ਸਾਜੇ ਖਾਲਸਾ ਸਾਜਨਾ ਦਿਨ ਅਤੇ ਵਿਸਾਖੀ ਵਜੋਂ ਵੀ ਜਾਣਿਆ ਜਾਂਦਾ ਹੈ। ਜਿਵੇਂ ਪਹਿਲਾਂ ਵੀ ਆਪ ਜੀ ਨਾਲ ਇਹ ਸਾਂਝ ਪਾਈ ਹੈ ਕਿ ਪਾਕਿਸਤਾਨ ਵਿਚ ਵਿਸਾਖੀ ਪੰਜਾ ਸਾਹਿਬ ਵਿਖੇ ਮਨਾਈ ਜਾਂਦੀ ਹੈ ਇਸ ਕਰਕੇ ਗੁਰੂ ਨਾਨਕ ਦੇ ਜਨਮ ਅਸਥਾਨ ‘ਤੇ ਬਹੁਤ ਥੋੜ੍ਹੀ ਸੰਗਤ ਸੀ। ਇੱਥੇ ਗੁਰਦੁਆਰਾ ਸਾਹਿਬ ਵਿਖੇ, ਸੰਗਤ ਵਲੋਂ ਆਰੰਭ ਕੀਤੇ ਸਧਾਰਨ ਪਾਠ ਦੇ ਭੋਗ ਦੀ ਸਮਾਪਤੀ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀ ਅਰਦਾਸ ਅਤੇ ਲੰਗਰ ਦੀ ਸੇਵਾ ਸ਼ਿਕਾਗੋ ਦੀ ਸੰਗਤ ਵੱਲੋਂ ਕਰਾਈ ਗਈ ਸੀ, ਜਿਸ ਵਿਚ ਸਥਾਨਕ ਪ੍ਰਬੰਧਕਾਂ ਨੇ ਬਹੁਤ ਸਾਥ ਦਿੱਤਾ, ਜਿਸ ਲਈ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਾਂਗੇ।
ਦੁਪਹਿਰ ਤੋਂ ਬਾਅਦ ਅਸੀਂ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਹਾਲਤ ਵਧੀਆ ਨਹੀਂ ਕਹੀ ਜਾ ਸਕਦੀ। ਪਾਕਿਸਤਾਨ ਵਕਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਹੀਲਾ-ਵਸੀਲਾ ਵਰਤ ਕੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਹੋ ਸਕੇ ਅਤੇ ਕਰ ਵੀ ਰਹੇ ਹਨ ਜਿਸ ਕਰਕੇ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਸਿੱਖ, ਪਾਕਿਸਤਾਨ ਵਕਫ ਬੋਰਡ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ੁਕਰਗੁਜ਼ਾਰ ਹਨ। ਪਰ ਇਸ ਸਾਰੇ ਕਾਰਜ ਨੂੰ ਚੰਗੀ ਤਰ੍ਹਾਂ ਕਰਨ ਵਾਸਤੇ ਸਿੱਖ ਕੌਮ ਨੂੰ ਇਨ੍ਹਾਂ ਅਦਾਰਿਆਂ ਦੀ ਭਰਪੂਰ ਮਦਦ ਕਰਨ ਦੀ ਲੋੜ ਹੈ। ਸਭ ਕੁਝ ਦੇਖਣ ਤੋਂ ਬਾਅਦ ਮਨ ਵਿਚ ਇਕ ਦ੍ਰਿਸ਼ ਬਣਿਆ ਕਿ ਕਿਵੇਂ ਤਕਰੀਬਨ ਸਾਢੇ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਇਸ ਅਸਥਾਨ ‘ਤੇ ਆਏ ਅਤੇ ਉਮਰ ਦੇ ਹਰ ਪੜਾਅ ਵਿਚੋਂ ਹੁੰਦੇ ਹੋਏ ਵੱਡੇ ਹੋਏ, ਬਚਪਨ ਤੋਂ ਜਵਾਨੀ ਅਤੇ ਫਿਰ 22-23 ਸਾਲ ਦੀ ਉਮਰ ਵਿਚ ਸੋਚਿਆ ਕਿ ਕਿਉਂ ਨਾ ਦੁਨੀਆ ਵਿਚ ਵੱਖ ਵੱਖ ਮੁਲਕਾਂ ਵਿਚ ਜਾ ਕੇ, ਹੋਰ ਧਰਮਾਂ ਦੇ ਪੈਰੋਕਾਰਾਂ ਨਾਲ ਵਿਚਾਰ ਕਰ ਕੇ, ਕੁਝ ਕਹੀਐ ਅਤੇ ਕੁਝ ਸੁਣੀਏ ਦੀ ਨੀਤੀ ਰਾਹੀਂ, ਉਪਦੇਸ਼ ਦੇਈਏ। ਉਨ੍ਹਾਂ ਦੀ ਇਸ ਸੋਚ ਬਾਰੇ ਆਪਾਂ ਸਾਰੇ ਹੀ ਭਲੀ-ਭਾਂਤ ਜਾਣਦੇ ਹਾਂ, ਕੋਈ ਬਹੁਤ ਕਹਿਣ ਦੀ ਲੋੜ ਨਹੀਂ। ਦੇਖਣ ਅਤੇ ਸੋਚਣ ਦੀ ਗੱਲ ਜੋ ਕਿ ਮੈਨੂੰ, ਮੇਰੀ ਸੋਚ ਨੂੰ ਝਿੰਜੋੜ ਰਹੀ ਹੈ ਕਿ ਗੁਰੂ ਸਾਹਿਬ ਨਾਲ ਜੁੜੇ ਜਾਂ ਜੋੜੇ ਇਤਿਹਾਸਕ ਗੁਰਦੁਆਰੇ ਨਨਕਾਣਾ ਸਾਹਿਬ ਵਿਖੇ ਮਿਲਦੇ ਹਨ ਪਰ ਕੋਈ ਵੀ ਸਥਾਨ ਜਾਂ ਗੁਰਦੁਆਰਾ ਬ੍ਰਾਹਮਣੀ ਜਨੇਊ ਵਾਲੇ ਬਿਰਤਾਂਤ ਨਾਲ ਜੁੜਿਆ ਹੋਇਆ ਨਹੀਂ ਦਿਸਿਆ। ਇਹ ਮੇਰੀ ਸੋਚ ਮੁਤਾਬਕ ਗੁਰੂ ਨਾਨਕ ਸਾਹਿਬ ਵਲੋਂ ਪੰਡਤ ਨੂੰ ਚੁਣੌਤੀ ਅਤੇ ਆਮ ਲੋਕਾਂ ਨੂੰ ਪਹਿਲਾ ਉਪਦੇਸ਼ ਜਾਂ ਸਬਕ ਸੀ। ਇਹ ਬਿਰਤਾਂਤ ਇੰਨਾ ਜ਼ਰੂਰੀ ਹੈ ਪਰ ਇਸ ਦੀ ਸਥਾਨਕ ਨਿਸ਼ਾਨਦੇਹੀ ਨਾ ਹੋਣਾ ਬਹੁਤ ਵੱਡਾ ਸਵਾਲ ਹੈ। ਕੀ ਇਹ ਗੁਰੂ ਨਾਨਕ ਦੇ ਇਸ ਉਪਦੇਸ਼ ਨੂੰ ਗ਼ਾਇਬ ਕਰਨ ਦਾ ਕੋਈ ਮਨਸੂਬਾ ਹੋ ਸਕਦਾ ਹੈ? ਕਿਤੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਖਤਮ ਕਰਨਾ ਵੀ ਇਸੇ ਨੀਤੀ ਦਾ ਹਿੱਸਾ ਤਾਂ ਨਹੀਂ? ਕੀ ਅੱਜ-ਕੱਲ੍ਹ ਦੇ ਪੜਚੋਲਕਾਰ ਇਸ ‘ਤੇ ਗੌ਼ਰ ਫਰਮਾਉਣਗੇ? ਸਮਾਂ ਹੀ ਦੱਸੇਗਾ।
ਇਨ੍ਹਾਂ ਕੁਝ ਗੰਭੀਰ ਖਿਆਲਾਂ ਨੂੰ ਪਾਸੇ ਰੱਖਦੇ ਹੋਏ ਅਗਲੇ ਮੁਕਾਮ ‘ਤੇ ਪਹੁੰਚੇ, ਜੋ ਰਾਏ ਬੁਲਾਰ ਭੱਟੀ ਸਾਹਿਬ ਦੀ 17ਵੀਂ ਪੁਸ਼ਤ ਵਿਚੋਂ ਜਨਾਬ ਔਰੰਗਜ਼ੇਬ ਭੱਟੀ ਸਾਹਿਬ ਦਾ ਰਿਜ਼ੋਰਟ ਹੈ। ਭੱਟੀ ਸਾਹਿਬ ਬਹੁਤ ਖ਼ੂਬਸੂਰਤ, ਨਫ਼ੀਸ ਅਤੇ ਪੜ੍ਹੇ-ਲਿਖੇ ਇਨਸਾਨ ਹਨ। ਉਨ੍ਹਾਂ ਨੇ ਬਹੁਤੀ ਜ਼ਿੰਦਗੀ ਅਮਰੀਕਾ ਵਿਚ ਸੌਫਟਵੇਅਰ ਇੰਡਸਟਰੀ ਵਿਚ ਹੀ ਗੁਜ਼ਾਰੀ ਹੈ ਅਤੇ 8-9 ਜ਼ੁਬਾਨਾਂ ਵਿਚ ਮੁਹਾਰਤ ਰੱਖਦੇ ਹਨ। ਅੱਜ-ਕੱਲ੍ਹ ਉਹ ਵਾਪਸ ਨਨਕਾਣਾ ਸਾਹਿਬ ਦੀ ਪਾਕ ਧਰਤੀ ‘ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਆਲੀਸ਼ਾਨ ਲਾਇਬ੍ਰੇਰੀ ਦੇ ਪ੍ਰੋਜੈਕਟ ਦੀ ਤਿਆਰੀ ਵਿਚ ਹਨ। ਉਨ੍ਹਾਂ ਦਾ ਇਹ ਅਜ਼ੀਮ ਸੁਫਨਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਆਧਾਰ ‘ਤੇ ਇਕ ਲਾਇਬ੍ਰੇਰੀ ਹੋਵੇ, ਜਿਸ ਵਿਚ ਨਾਨਕ ਦੀ ਸੋਚ ਬ੍ਰਹਿਮੰਡ ਨਾਲ ਜਿਵੇਂ ਜੁੜਦੀ ਹੈ, ਉਸ ਨੂੰ ਮੱਦੇਨਜ਼ਰ ਰੱਖ ਕੇ ਖੋਜ, ਪੜ੍ਹਾਈ ਅਤੇ ਸਮੇਂ ਸਮੇਂ ‘ਤੇ ਲੈਕਚਰ ਕਰਵਾਏ ਜਾਇਆ ਕਰਨਗੇ। ਇਸ ‘ਤੇ ਜ਼ਮੀਨੀ ਪੱਧਰ ‘ਤੇ ਕੰਮ ਜਲਦੀ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਦਸਤਖਤਾਂ ਹੇਠ ਆਪਣੀ ਕਿਤਾਬ ‘ਫਰੌਮ ਤਲਵੰਡੀ ਟੂ ਨਨਕਾਣਾ’ ਵੀ ਭੇਟ ਕੀਤੀ। ਕਿਤਾਬ ਦਾ ਟਾਈਟਲ ਹੀ ਦਰਸਾਉਂਦਾ ਹੈ ਕਿ ਇਹ ਕਿਤਾਬ ਕਿੰਨੀ ਜਾਣਕਾਰੀ ਭਰਪੂਰ ਹੈ। ਬਹੁਤ ਹੀ ਦਿਲਚਸਪ ਵਿਚਾਰ ਹੋਏ ਅਤੇ ਖੁਦ ਤਿਆਰ ਕੀਤੇ ਭੋਜ ਵੀ ਸਾਡੇ ਵਾਸਤੇ ਰੱਖੇ। ਭੱਟੀ ਸਾਹਿਬ ਨੂੰ ਅਲਵਿਦਾ ਕਹਿੰਦਿਆਂ ਅਗਲੇ ਸਾਲ ਉਨ੍ਹਾਂ ਦੀ ਲਾਇਬ੍ਰੇਰੀ ਦੇ ਸਮਾਰੋਹ ‘ਤੇ ਪੁਹੰਚਣ ਦੀ ਉਮੀਦ ਨਦਲ ਲਾਹੌਰ ਵੱਲ ਨੂੰ ਰੁਖ਼ ਕੀਤਾ। ਲਾਹੌਰ ਪੁਹੰਚਣ ‘ਤੇ ਕਿਸੇ ਸੱਜਣ ਦੇ ਘਰ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਣ ਨੂੰ ਮਿਲਿਆ, ਜਿਸ ਵਿਚ ਮੰਨੇ- ਪ੍ਰਮੰਨੇ ਕਲਾਕਾਰ ਫੈਸਲ ਜੱਟ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਦਸਵਾਂ ਦਿਨ: ਅੱਜ ਦਾ ਪਹਿਲਾ ਪੜਾਅ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦਾ ਸੀ। ਇਸ ਉਪਰੰਤ ਗੁਰਦੁਆਰਾ ਕਰਤਾਰਪੁਰ ਸਾਹਿਬ ਵੱਲ ਨੂੰ ਚਾਲੇ ਪਾਏ ਜੋ ਲਾਹੌਰ ਤੋਂ ਤਕਰੀਬਨ ਦੋ ਘੰਟੇ ਦਾ ਸਫ਼ਰ ਸੀ। ਸਰਹੱਦ ਦੇ ਨੇੜੇ ਹੋਣ ਕਰਕੇ ਸਕਿਉਰਿਟੀ ਜਾਂਚ ਕੇਂਦਰ ਬਹੁਤ ਸਨ ਪਰ ਕੋਈ ਮੁਸ਼ਕਿਲ ਨਹੀਂ ਆਈ। ਅਖੀਰ ਉਸ ਅਸਥਾਨ ‘ਤੇ ਪੁਹੰਚੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ 17 ਸਾਲ ਬਿਤਾਏ ਅਤੇ ਅਖੀਰ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਨੂੰ ਗੁਰਗੱਦੀ ਨਾਲ ਨਿਵਾਜਿਆ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕੰਪਲੈਕਸ ਬਹੁਤ ਹੀ ਵੱਡਾ ਹੈ। ਉਥੇ ਕੁਝ ਯਾਤਰੀ ਭਾਰਤ ਵੱਲੋਂ ਵੀ ਆਏ ਹੋਏ ਸਨ, ਪਰ ਗਿਣਤੀ ਬਹੁਤ ਥੋੜ੍ਹੀ, 200-250 ਦੇ ਨੇੜੇ ਹੀ ਸੀ। ਪਾਕਿਸਤਾਨ ਸਰਕਾਰ ਨੇ ਇਹ ਕੰਪਲੈਕਸ ਢਾਈ-ਤਿੰਨ ਹਜ਼ਾਰ ਦੀ ਸੰਗਤ ਲਈ ਬਣਾਇਆ ਸੀ। ਖੈ਼ਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਬਹੁਤ ਵਧੀਆ ਹਨ। ਇਕ ਗੱਲ ਦਾ ਥੋੜ੍ਹਾ ਦੁੱਖ ਹੋਇਆ ਕਿ ਸਾਡੇ ਨਾਲ ਜੋ ਮੁਸਲਿਮ ਗਾਈਡ ਅਤੇ ਡਰਾਈਵਰ ਸਨ, ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਪ੍ਰਬੰਧਕਾਂ ਨੂੰ ਬੇਨਤੀ ਕਰਨ ‘ਤੇ ਉਹ ਉਨ੍ਹਾਂ ਨੂੰ ਅੰਦਰ ਜਾਣ ਦੇਣ ਲਈ ਰਾਜ਼ੀ ਹੋ ਗਏ ਅਤੇ ਉਨ੍ਹਾਂ ਵੀਰਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਜਿਸ ਦੀ ਉਨ੍ਹਾਂ ਨੂੰ ਦਿਲੀ ਤਾਂਘ ਸੀ। ਇਸ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਇਕ ਖੂਹ ਵੀ ਹੈ, ਜਿਸ ਦੀ ਗੁਰੂ ਸਾਹਿਬ ਵਰਤੋਂ ਕਰਦੇ ਸਨ। ਇਸ ਖੂਹ ਦੇ ਨੇੜੇ ਇਕ ਅਣਚੱਲਿਆ ਬੰਬ ਵੀ ਪਿਆ ਹੈ, ਜੋ 1965 ਦੀ ਭਾਰਤ-ਪਾਕਿਸਤਾਨ ਦੀ ਲੜਾਈ ਵੇਲੇ ਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਬੰਬ ਭਾਰਤੀ ਫੌਜ ਵਲੋਂ ਆਇਆ ਸੀ। ਇਸ ਤੋਂ ਉਪਰੰਤ ਲਾਹੌਰ ਵੱਲ ਦੀ ਵਾਪਸੀ ਕੀਤੀ ਗਈ।
ਗਿਆਰਵਾਂ ਦਿਨ: ਇਹ ਜਥੇ ਦੀ ਪਾਕਿਸਤਾਨ ਯਾਤਰਾ ਦਾ ਆਖਰੀ ਦਿਨ ਸੀ। ਸਵੇਰ ਨੂੰ ਇਤਿਹਾਸਕ ਗੁਰਦੁਆਰਾ ਸਿੰਘ ਸਿੰਘਣੀਆਂ ਵੱਲ ਚਾਲੇ ਪਾਏ। ਹਰ ਸਿੱਖ ਆਪਣੀ ਰੋਜ਼ਾਨਾ ਅਰਦਾਸ ਵਿਚ ਇਸ ਜਗ੍ਹਾ ਦਿੱਤੀਆਂ ਸ਼ਹੀਦੀਆਂ ਨੂੰ ਯਾਦ ਕਰਦਾ ਹੈ। ਇਸ ਗੁਰਦੁਆਰਾ ਸਾਹਿਬ ਵਿਚ ਮੀਰ ਮਨੂੰ ਦੀਆਂ ਜੇਲ੍ਹ ਕੋਠੜੀਆਂ ਮੌਜੂਦ ਹਨ, ਜਿਨ੍ਹਾਂ ਵਿਚ ਬੀਬੀਆਂ ਨੇ ਸਵਾ-ਸਵਾ ਮਣ ਪੀਸਣ ਪੀਸੇ ਅਤੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪੁਆਏ, ਖੰਨੀ ਖੰਨੀ ਰੋਟੀ ‘ਤੇ ਗੁਜ਼ਾਰਾ ਕੀਤਾ। ਇਸ ਮਗਰੋਂ ਅਸੀਂ ਦਿਆਲ ਸਿੰਘ ਟਰੱਸਟ ਪਬਲਿਕ ਲਾਇਬਰੇਰੀ ਵਿਚ ਐਸਾਨ ਨਦੀਮ ਜੀ ਨੂੰ ਮਿਲੇ, ਜੋ ਪਾਕਿਸਤਾਨੀ ਗੁਰਦੁਆਰਿਆਂ ਦੀ ਦੇਖਭਾਲ ਵਾਲੀ ਸੰਸਥਾ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਸਾਡਾ ਨਿੱਘਾ ਸਵਾਗਤ ਕੀਤਾ ਅਤੇ ਲਾਈਬਰੇਰੀ ਦਾ ਦੌਰਾ ਕਰਵਾਇਆ। ਇਸ ਲਾਇਬਰੇਰੀ ਵਿਚ ਗੁਰਮੁਖੀ ਦਾ ਰਿਸਰਚ ਸੈਕਸ਼ਨ ਵੀ ਹੈ ਅਤੇ ਇਹ ਗੁਰਮੁਖੀ ਵਿਚ ਰਸਾਲਾ ਵੀ ਛਾਪਦੀ ਹੈ। ਜਨਾਬ ਐਸਾਨ ਨਦੀਮ ਜੀ ਨੇ ਸਾਨੂੰ ਲਾਇਬਰੇਰੀ ਦੇ ਆਡੀਟੋਰੀਅਮ ਦਾ ਵੀ ਦੌਰਾ ਕਰਵਾਇਆ, ਜਿਸ ਵਿਚ ਸ਼ਹੀਦ ਭਗਤ ਸਿੰਘ ਅਤੇ ਸਰਦਾਰ ਦਿਆਲ ਸਿੰਘ ਮਜੀਠੀਆ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਅਤੇ ਆਉਣ ਵਾਲੀ ਵਿਸਾਖੀ ਦੀਆਂ ਤਿਆਰੀਆਂ ਹੋ ਰਹੀਆਂ ਸਨ। ਲਾਇਬਰੇਰੀ ਮਗਰੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ ਜੁੜੀ, ਚੰਦੂ ਬਾਹਮਣ ਦੀ ਲਾਲ ਖੂਈ ਦੇ ਦਰਸ਼ਨ ਕੀਤੇ। ਅੰਦਰੂਨੀ ਲਾਹੌਰ ਵਿਚ ਹੀ ਅਸੀਂ ਵਜ਼ੀਰ ਖਾਂ ਮਸਜਿਦ ਵੀ ਦੇਖੀ ਜਿਸ ਦੇ ਥੱਲੇ ਵਾਲੇ ਹਿੱਸੇ ਵਿਚ ਬਾਜ਼ਾਰੇ ਕਤੇਬਾਂ ਹੈ, ਇੱਥੇ ਮੰਨਿਆ ਜਾਂਦਾ ਹੈ ਕਿ ਭਾਈ ਬੰਨੂ ਜੀ ਨੇ ਬੀੜ ਨੂੰ ਜਿਲਦ-ਬੰਦ ਕਰਵਾਇਆ ਸੀ। ਲਾਹੌਰ ਵਿਚ ਹੀ ਫਿਰ ਅਸੀਂ ਚੂਨਾ ਮੰਡੀ ਵਿਖੇ ਗੁਰਦੁਆਰਾ ਜਨਮ ਅਸਥਾਨ, ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਦੇ ਦਰਸ਼ਨ ਕੀਤੇ।
ਮਗਰੋਂ ਜਥੇ ਨੂੰ ਫਕੀਰ ਖ਼ਾਨਾਂ ਮਿਊਜ਼ੀਅਮ ਦੇਖਣ ਦਾ ਮੌਕਾ ਮਿਲਿਆ। ਫਕੀਰ ਖਾਨਾ ਅਜਾਇਬ ਘਰ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਪਿਛਲੀਆਂ ਤਿੰਨ ਸ਼ਤਾਬਦੀਆਂ ਨਾਲ ਜੁੜੀਆਂ ਵੀਹ ਹਜ਼ਾਰ ਤੋਂ ਵੱਧ ਚੀਜ਼ਾਂ ਹਨ। ਰਾਤ ਦੇ ਖਾਣੇ ਦੌਰਾਨ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਮਹਿੰਦਰ ਪਾਲ ਸਿੰਘ ਨੇ ਜਥੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਮਗਰੋਂ ਡਾਕਟਰ ਰੋਬੀਨਾ ਯਾਸਮੀਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਜਨਾਬ ਇਕਬਾਲ ਕੈਸਰ ਨੇ ਆਪਣੀ ਰਿਸਰਚ ਅਤੇ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹੀ ਕਿਤਾਬਾਂ ਸਾਰਿਆਂ ਨੂੰ ਤੋਹਫੇ ਵਜੋਂ ਮਿਲੀਆਂ।
ਅਖੀਰ ਵਿਚ ਕਈ ਗੁਰੂ ਪਿਆਰਿਆਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ, ਜਿਨ੍ਹਾਂ ਨੇ ਸਾਡੀ ਇਸ ਫੇਰੀ ਵਿਚ ਅਹਿਮ ਹਿੱਸਾ ਪਾਇਆ। ਇਨ੍ਹਾਂ ਵਿਚ ਇਕ ਓਂਕਾਰ ਬਰਿੱਜਜ਼ ਵਾਲੇ ਬੀਬੀ ਹਰਬੀਰ ਕੌਰ, ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਦਾ ਬੇਹਤਰੀਨ ਇੰਤਜ਼ਾਮ ਕੀਤਾ। ਸਈਅਦ ਫੈਜ਼ਾਨ ਨਕਵੀ, ਜਿਨ੍ਹਾਂ ਨੂੰ ‘ਲਾਹੌਰ ਦਾ ਖੋਜੀ’ ਵੀ ਕਿਹਾ ਜਾਂਦਾ ਹੈ ਅਤੇ ਸਿੱਖ ਇਤਿਹਾਸ ਦੀ ਮੁਹਾਰਤ ਸਦਕਾ ਸਾਨੂੰ ਇਸ ਫੇਰੀ ਦੌਰਾਨ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ। ਕਾਮਰਾਨ ਅਲੀ (ਫੋਟੋਗਰਾਫਰ), ਰਾਣਾ ਗੁਲਜ਼ਾਰ ਅਹਿਮਦ (ਡ੍ਰਾਈਵਰ), ਫਾਰੂਖ ਅਹਿਮਦ (ਡ੍ਰਾਈਵਰ), ਮੁਹੰਮਦ ਅਰਬਾਜ਼, ਸ਼ਹਿਜ਼ਾਦ ਖਾਨ (ਸਕਿਉਰਿਟੀ ਡ੍ਰਾਈਵਰ), ਹੁਸਨੈਨ ਅਹਿਮਦ (ਸਕਿਉਰਿਟੀ), ਬਿਲਾਲ ਨਿਆਜ਼ੀ (ਸਕਿਉਰਿਟੀ) ਜਨਾਬ ਮਿਰਜ਼ਾ ਸਫ਼ਦਰ ਬੇਗ਼ ਸਾਹਿਬ ਨੇ ਸਾਨੂੰ ਜੇਹਲਮ ਦੇ ਇਲਾਕੇ ਵਿਚ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਤੋਂ ਇਲਾਵਾ ਹਸਨ, ਬੀਬੀ ਕਿਰਨ ਕੌਰ ਅਰੋੜਾ ਅਤੇ ਤਰਨਜੀਤ ਸਿੰਘ (ਟੀ ਵੀ ਐਂਕਰ) ਵੀ ਸਹਾਈ ਹੋਏ। ਅਤੀ ਧੰਨਵਾਦੀ ਹਾਂ ਜਨਾਬ ਅਸਜਦ ਘਨੀ ਤਾਹਿਰ ਜੀ ਦੀ ਮੇਜ਼ਬਾਨੀ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿਚੋਂ ਸਾਡੇ ਵਾਸਤੇ ਸਮਾਂ ਕੱਢਿਆ ਅਤੇ ਬੇਹਤਰੀਨ ਦਾਅਵਤ ਨਾਲ ਨਿਵਾਜਿਆ।
-ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰ ਕੇ ਆਏ ਜਥੇ ਦੀ ਰਿਪੋਰਟ