ਫਿਰਕੂ ਦੰਗੇ ਅਤੇ ਭਾਰਤੀ ਪੁਲਿਸ-7

ਫਿਰਕੂ ਦੰਗਿਆਂ ਤੋਂ ਪਹਿਲਾਂ ਤਣਾਅ ਦੀ ਕਹਾਣੀ
ਵਿਭੂਤੀ ਨਰਾਇਣ ਰਾਏ
ਅਨੁਵਾਦ: ਤਰਸੇਮ ਲਾਲ
ਵਿਭੂਤੀ ਨਰਾਇਣ ਰਾਏ ਪੁਲਿਸ ਅਫਸਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਲਿਖਾਰੀ ਵੀ ਹਨ। ਉਨ੍ਹਾਂ 5 ਨਾਵਲਾਂ ਤੋਂ ਇਲਾਵਾ ਭਾਰਤ ਵਿਚ ਫਿਰਕੂ ਸਿਆਸਤ ਨਾਲ ਸਬੰਧਤ ਦੋ ਪੁਸਤਕਾਂ ਲਿਖੀਆਂ ਹਨ। ‘ਫਿਰਕੂ ਦੰਗੇ ਅਤੇ ਭਾਰਤੀ ਪੁਲਿਸ’ ਨਾਂ ਦੀ ਪੁਸਤਕ ਵਿਚ ਉਨ੍ਹਾਂ ਫਿਰਕੂ ਦੰਗਿਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਛਾਣ-ਬੀਣ ਕੀਤੀ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਭਾਰਤ ਵਰਗੇ ਮੁਲਕ ਨੂੰ ਧਰਮ ਨਿਰਪੱਖ ਅਤੇ ਤਰੱਕੀ ਦੇ ਰਸਤੇ ‘ਤੇ ਅੱਗੇ ਵਧਾਉਣ ਲਈ ਧਾਰਮਿਕ ਕੱਟੜਤਾ, ਗੈਰ-ਵਿਗਿਆਨਕ ਸੋਚ, ਰੂੜ੍ਹੀਵਾਦੀ ਮਾਨਸਿਕਤਾ ਤੋਂ ਬਾਹਰ ਆਉਣਾ ਪਵੇਗਾ। ਇਸ ਲਿਖਤ ਦੀ ਸੱਤਵੀਂ ਕਿਸ਼ਤ ਹਾਜ਼ਰ ਹੈ। ਇਸ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਤਰਸੇਮ ਲਾਲ ਨੇ ਕੀਤਾ ਹੈ।

ਜੇ ਅਸੀਂ ਕਿਸੇ ਦੰਗੇ ਸਮੇਂ ਹੋਈ ਹਿੰਸਾ ਦਾ ਸਮਾਜ ਸ਼ਾਸਤਰ ਦੀ ਵਿਧੀ ਰਾਹੀਂ ਵਿਸ਼ਲੇਸ਼ਣ ਕਰੀਏ ਤਾਂ ਅਸੀਂ ਦੇਖਾਂਗੇ, ਇਹ ਹਿੰਸਾ ਪਿਰਾਮਿਡ ਦੀ ਸ਼ਕਲ ਵਿਚ ਵਿਕਸਤ ਹੁੰਦੀ ਹੈ ਅਤੇ ਤਣਾਓ ਤੇ ਝਗੜੇ ਦੇ ਵੱਖ-ਵੱਖ ਰੂਪ ਪਹਿਲਾਂ ਹੀ ਸਮਾਜਿਕ ਬਣਤਰ ਵਿਚ ਮੌਜੂਦ ਹੁੰਦੇ ਹਨ। ਵੱਡੀ ਫਿਰਕੂ ਹਿੰਸਾ ਦੀ ਤਿਆਰੀ ਕਾਫ਼ੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਝਗੜੇ ਦੇ ਵੱਖ-ਵੱਖ ਪੜਾਵਾਂ ਵਿਚੋਂ ਲੰਘਦਾ ਹੋਇਆ ਤਣਾਓ ਅਜਿਹੇ ਬਿੰਦੂ `ਤੇ ਪਹੁੰਚ ਜਾਂਦਾ ਹੈ, ਜਦੋਂ ਇਕ ਪੱਥਰ ਜਾਂ ਅਫ਼ਵਾਹ ਹਿੰਸਾ ਸ਼ੁਰੂ ਕਰਨ ਲਈ ਕਾਫ਼ੀ ਹੁੰਦੀ ਹੈ। ਤਣਾਓ ਦੇ ਪਿਰਾਮਿਡ ਦੀ ਸ਼ਕਲ ਵਿਚ ਹੌਲੀ-ਹੌਲੀ ਉਪਰ ਵੱਲ ਜਾਣ ਅਤੇ ਇਕ ਅਜਿਹੇ ਬਿੰਦੂ ਤੱਕ ਪਹੁੰਚਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਹਿੰਦੂ ਅਤੇ ਮੁਸਲਮਾਨ ਵਪਾਰੀਆਂ ਵਿਚ ਆਰਥਿਕ ਮੁਕਾਬਲੇਬਾਜ਼ੀ, ਭੋਂਇ ਮਾਫ਼ੀਆ ਦੀ ਕਿਸੇ ਜ਼ਮੀਨ ਦੇ ਟੁਕੜੇ `ਤੇ ਗੱਡੀ ਨਜ਼ਰ ਜਾਂ ਨੇੜ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ, ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਦੇ ਹੁੰਦਿਆਂ ਕੋਈ ਪ੍ਰਭਾਵੀ ਸਮੂਹ ਤਣਾਓ ਦੇ ਬਿੰਦੂਆਂ ਨੂੰ ਉਕਸਾਉਂਦਾ ਰਹਿੰਦਾ ਹੈ ਅਤੇ ਕਿਸੇ ਖੇਤਰ ਨੂੰ ਇਸ ਲਈ ਤਿਆਰ ਰੱਖਦਾ ਹੈ ਜਿਥੇ ਛੋਟੀ ਤੋਂ ਛੋਟੀ ਘਟਨਾ ਵੀ ਵੱਡੀ ਹਿੰਸਾ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਇਹ ਕਾਰਨ, ਤਣਾਓ ਭਰੇ ਮਾਹੌਲ ਵਿਚ ਅਨੁਕੂਲ ਨਹੀਂ ਜਾਪਦੇ। ਹੋ ਸਕਦਾ ਹੈ ਕਿ ਤਣਾਓ ਦਾ ਮੁੱਖ ਕਾਰਨ ਕੋਈ ਧਾਰਮਿਕ ਸਥਾਨ ਹੋਵੇ, ਪ੍ਰੰਤੂ ਹਿੰਸਾ ਮੁਸਲਮਾਨ ਅਤੇ ਹਿੰਦੂ ਦੇ ਸਾਈਕਲ ਟਕਰਾਉਣ ਤੋਂ ਵੀ ਸ਼ੁਰੂ ਹੋ ਸਕਦੀ ਹੈ। ਅਜਿਹੇ ਕਿਸੇ ਦਿਖਾਈ ਦਿੰਦੇ ਛੋਟੇ ਜਿਹੇ ਕਾਰਨ ਤੋਂ ਵੱਡੇ ਪੈਮਾਨੇ ਦੀ ਹਿੰਸਾ ਉਸ ਸਮੇਂ ਹੀ ਸ਼ੁਰੂ ਹੁੰਦੀ ਹੈ ਜੇ ਤਣਾਓ ਬਾਰੂਦ ਵਾਂਗ ਪਹਿਲਾਂ ਹੀ ਇਕੱਠਾ ਹੋਇਆ ਹੋਵੇ। ਇਹੀ ਕਾਰਨ ਹੈ ਇਕੋ ਜਹੀਆਂ ਘਟਨਾਵਾਂ ਜੋ ਅਲੱਗ-ਅਲੱਗ ਥਾਵਾਂ `ਤੇ ਵਾਪਰਦੀਆਂ ਹਨ ਤਾਂ ਪ੍ਰਤੀਕ੍ਰਿਆਵਾਂ ਵੀ ਵੱਖੋ-ਵੱਖਰੀਆਂ ਦੇਖਣ ਨੂੰ ਮਿਲਦੀਆਂ ਹਨ। ਉਦਾਹਰਨ ਦੇ ਤੌਰ `ਤੇ ਹਿੰਦੂ ਮੁਸਲਿਮ ਦੇ ਸਾਈਕਲ ਆਪਸ ਵਿਚ ਟਕਰਾਉਣ `ਤੇ ਹਰ ਥਾਂ ਫਿਰਕੂ ਦੰਗੇ ਨਹੀਂ ਹੁੰਦੇ। ਭਿਵੰਡੀ, ਜਲਗਾਓਂ ਅਤੇ ਮਹਾੜ ਵਿਚ ਮਈ 1970 ਵਿਚ ਹੋਏ ਫਿਰਕੂ ਦੰਗਿਆਂ ਦੀ ਜਾਂਚ ਕਰਨ ਵਾਲੇ ਜਸਟਿਸ ਡੀ.ਪੀ. ਮਦਾਨ ਨੇ ਦੰਗਿਆਂ ਦੇ ਸ਼ੁਰੂ ਹੋਣ ਦੀ ਧਾਰਨਾ ਬੜੇ ਸਟੀਕ ਢੰਗ ਨਾਲ ਪੇਸ਼ ਕੀਤੀ ਹੈ।
“ਜੇ ਅਸੀਂ ਕਿਸੇ ਦੰਗੇ ਨਾਲ ਸਬੰਧਤ ਤੱਥਾਂ ਦੇ ਬਾਰੇ ਸਤਹੀ ਰਾਏ ਬਣਾਉਣੀ ਹੋਵੇ ਤਾਂ ਹਮੇਸ਼ਾ ਲੱਗਦਾ ਹੈ ਕਿ ਦੰਗਾ ਕਿਸੇ ਮਾਮੂਲੀ ਘਟਨਾ ਨੂੰ ਲੈ ਕੇ ਸ਼ੁਰੂ ਹੋਇਆ। ਅਸੀਂ ਹੈਰਾਨ ਹੋ ਜਾਵਾਂਗੇ ਕਿ ਇੰਨੀ ਛੋਟੀ ਜਿਹੀ ਗੱਲ ਨੂੰ ਲੈ ਕੇ ਇੰਨੇ ਵੱਡੇ ਪੈਮਾਨੇ `ਤੇ ਸਾੜ-ਫੂਕ, ਲੁੱਟਮਾਰ ਅਤੇ ਕਤਲ ਹੋ ਗਏ। ਸਾਨੂੰ ਇਹ ਸਮਝਣ ਲਈ ਬਹੁਤ ਸਿਆਣਪ ਦੀ ਲੋੜ ਨਹੀਂ ਕਿ ਦਿਖਾਈ ਦਿੰਦੀ ਘਟਨਾ ਦੰਗਿਆਂ ਦਾ ਅਸਲ ਕਾਰਨ ਨਹੀਂ ਸਗੋਂ ਦੰਗਿਆਂ ਪਿਛੇ ਤਾਂ ਅਸਲ ਕਾਰਨ ਹੋਰ ਹੀ ਹੁੰਦੇ ਹਨ।”
ਪਿਛਲੇ ਕੁਝ ਸਾਲਾਂ ਅੰਦਰ ਹੋਏ ਦੰਗਿਆਂ ਵਿਚ ਪਹਿਲਾਂ ਪੱਥਰ ਮਾਰੇ ਜਾਣ ਅਤੇ ਤਣਾਓ ਵਧਣ ਦੀ ਪ੍ਰਕਿਰਿਆ ਵਿਚ ਸਬੰਧ ਨੂੰ ਸਮਝਣ ਲਈ ਕੁਝ ਦੰਗਿਆਂ ਦੇ ਘਟਨਾਕ੍ਰਮ ਨੂੰ ਦੇਖਣਾ ਸਹੀ ਰਹੇਗਾ।
22 ਅਗਸਤ 1967 ਨੂੰ ਰਾਂਚੀ ਅੰਦਰ ਦੰਗਾ ਲਗਭਗ 3.30 ਵਜੇ ਸ਼ੁਰੂ ਹੋਇਆ। ਦਿਖਾਈ ਦਿੰਦਾ ਫੌਰੀ ਕਾਰਨ ਸੀ, ‘ਉਰਦੂ ਦੇ ਵਿਰੋਧ ਵਿਚ ਹਿੰਦੂ ਵਿਦਿਆਰਥੀਆਂ ਵਲੋਂ ਕੱਢੇ ‘ਜਲੂਸ ਉਪਰ ਮੁਸਲਮਾਨਾਂ ਦੁਆਰਾ ਪਥਰਾਓ ਕੀਤਾ ਜਾਣਾ`। 22 ਅਗਸਤ ਤੋਂ ਪਹਿਲਾਂ ਦੇ ਦਸ ਦਿਨਾਂ ਦਾ ਘਟਨਾਕ੍ਰਮ, ਉਸ ਦਿਨ ਜਲੂਸ ਦੁਆਰਾ ਲਗਾਏ ਗਏ ਨਾਅਰੇ ਅਤੇ ਤਿਤਰ ਬਿਤਰ ਹੋਣ ਤੋਂ ਪਹਿਲਾਂ ਜਲੂਸ ਵਿਚ ਸ਼ਰੀਕ ਲੋਕਾਂ ਦਾ ਵਿਹਾਰ ਦੇਖੀਏ ਤਾਂ ਸਥਿਤੀ ਸਾਫ਼ ਹੋ ਜਾਵੇਗੀ।
1967 ਦੀਆਂ ਚੋਣਾਂ ਤੋਂ ਬਾਅਦ ਬਿਹਾਰ ਵਿਚ ਸਾਂਝੀ ਸਰਕਾਰ ਬਣੀ ਜਿਸ ਵਿਚ ਜਨ ਸੰਘ ਵੀ ਇਕ ਹਿੱਸਾ ਸੀ। ਸੰਯੁਕਤ ਵਿਧਾਇਕ ਦਲ ਦੀ ਇਸ ਸਰਕਾਰ ਨੇ ਜਿਸ ਅੰਦਰ ਸਾਰੇ ਗੈਰ-ਕਾਂਗਰਸੀ ਰਾਜਨੀਤਕ ਦਲ ਸ਼ਰੀਕ ਸਨ, ਨੇ ਅਮਲ ਵਿਚ 37 ਸੂਤਰੀ ਪ੍ਰੋਗਰਾਮ ਐਲਾਨਿਆ ਜਿਸ ਵਿਚ ਉਰਦੂ ਨੂੰ ਬਿਹਾਰ ਵਿਚ ਦੂਜੀ ਭਾਸ਼ਾ ਦਾ ਦਰਜਾ ਦੇਣਾ ਵੀ ਸ਼ਾਮਲ ਸੀ। ਸਰਕਾਰ ਵਿਚ ਸ਼ਾਮਲ ਜਨ ਸੰਘ ਇਸ ਪ੍ਰੋਗਰਾਮ ਨਾਲ ਸਹਿਮਤ ਨਹੀਂ ਸੀ। 14 ਜੁਲਾਈ 1967 ਨੂੰ ਜਦੋਂ ਵਿਧਾਨ ਸਭਾ ਵਿਚ ਉਰਦੂ ਨੂੰ ਦੂਜੀ ਰਾਜ ਭਾਸ਼ਾ ਬਣਾਉਣ ਦਾ ਗੈਰ-ਸਰਕਾਰੀ ਬਿਲ ਪੇਸ਼ ਹੋਇਆ ਤਾਂ ਜਨ ਸੰਘ ਅਤੇ ਕਾਂਗਰਸ ਦੇ ਕੁਝ ਮੈਂਬਰਾਂ ਅਤੇ ਹਿੰਦੀ ਸਹਿਤ ਸੰਮੇਲਨ ਵਰਗੇ ਗੈਰ-ਸਰਕਾਰੀ ਸੰਗਠਨਾਂ ਨੇ ਇਸ ਵਿਰੁੱਧ ਰਾਜ ਵਿਆਪੀ ਅੰਦੋਲਨ ਦਾ ਐਲਾਨ ਕਰ ਦਿੱਤਾ। ਪੂਰੇ ਰਾਜ ਵਿਚ 12 ਤੋਂ 26 ਅਗਸਤ ਤੱਕ ਉਰਦੂ ਵਿਰੋਧੀ ਪੰਦਰਵਾੜਾ ਮਨਾਇਆ ਗਿਆ। ਰਾਂਚੀ ਵਿਚ 12 ਅਗਸਤ ਨੂੰ ਕਈ ਉਰਦੂ ਵਿਰੋਧੀ ਪ੍ਰੋਗਰਾਮ ਹੋਏ। ਇਸ ਵਿਚ ਪ੍ਰਮੁੱਖ ਸੀ ਉਰਦੂ ਦੇ ਵਿਰੋਧ ਵਿਚ ਪਰਚੇ ਵੰਡਣੇ ਅਤੇ ਜਲੂਸ ਕੱਢਣਾ। ਪਰਚੇ ਬਹੁਤ ਹੀ ਭੜਕਾਊ ਭਾਸ਼ਾ ਵਿਚ ਸਨ ਅਤੇ ਇਨ੍ਹਾਂ ਅੰਦਰ ਉਰਦੂ ਅਤੇ ਮੁਸਲਮਾਨਾਂ ਵਿਰੁੱਧ ਇਤਰਾਜ਼ਯੋਗ ਢੰਗ ਨਾਲ ਤਰਕ ਦਿੱਤੇ ਗਏ ਸਨ। ‘ਨਵੀਂ ਪੀੜ੍ਹੀ ਦੀ ਮਰਦਾਨਗੀ ਨੂੰ ਚੁਣੌਤੀ` ਨਾਮ ਦੇ ਪਰਚੇ ਵਿਚ ਖੁੱਲ੍ਹੇ ਰੂਪ ਵਿਚ ਮੁਸਲਮਾਨਾਂ ਨੂੰ ਦੇਸ਼-ਧ੍ਰੋਹੀ ਐਲਾਨਿਆ ਗਿਆ ਸੀ। ਹਿੰਦੂਆਂ ਦੀ ਨਵੀਂ ਪੀੜ੍ਹੀ, ਭਾਵ ਵਿਦਿਆਰਥੀਆਂ ਨੂੰ ਉਨ੍ਹਾਂ ਖ਼ਿਲਾਫ਼ ਉੱਠਣ ਲਈ ਕਿਹਾ ਗਿਆ ਸੀ। 15 ਅਗਸਤ ਨੂੰ ਉਰਦੂ ਵਿਰੋਧੀ ਜਲੂਸ ਕੱਢਿਆ ਗਿਆ ਜਿਨ੍ਹਾਂ ਵਿਚ ਕੁਝ ਥਾਵਾਂ `ਤੇ ਝੜਪਾਂ ਹੋਈਆਂ। ਇਸ ਸਮੇਂ ਦੌਰਾਨ ਰੋਜ਼ਾਨਾ ਦੇ ਅਖ਼ਬਾਰਾਂ ਨੂੰ ਦੇਖਿਆ ਜਾਵੇ ਤਾਂ ਰਾਂਚੀ ਵਿਚ ਆਏ ਦਿਨ ਵੱਧ ਰਹੀ ਭੜਕਾਹਟ ਦਾ ਪਤਾ ਲੱਗਦਾ ਹੈ। ਇਸ ਭੜਕਾਹਟ ਦੇ ਵਧਣ ਦੇ ਨਾਲ ਹੀ ਮੁਸਲਮਾਨਾਂ ਨੇ ਆਪਣੀ ਸੁਰੱਖਿਆ ਲਈ ਯਤਨ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਉਰਦੂ ਵਿਰੋਧੀ ਜਲੂਸ ਕੱਢਣ ਸਮੇਂ ਉਨ੍ਹਾਂ ਦੀ ਅਬਾਦੀ ਅਤੇ ਸੰਪਤੀ `ਤੇ ਹਮਲੇ ਹੋ ਸਕਦੇ ਹਨ। ਬਾਅਦ ਵਿਚ ਉਨ੍ਹਾਂ ਦਾ ਇਹ ਡਰ ਸਹੀ ਭੀ ਨਿਕਲਿਆ। 22 ਅਗਸਤ ਨੂੰ ਕੱਢਿਆ ਜਲੂਸ ਜਦੋਂ ਸ਼ਹਿਰ ਵਿਚ ਦੀ ਲੰਘਿਆ ਤਾਂ ਉਸ ਨੇ ਤਬਾਹੀ ਮਚਾ ਦਿੱਤੀ। 22 ਅਗਸਤ ਤੋਂ ਲੈ ਕੇ 26 ਅਗਸਤ ਵਿਚਕਾਰ 184 ਲੋਕ ਮਾਰੇ ਗਏ ਜਿਨ੍ਹਾਂ ਵਿਚ 164 ਮੁਸਲਮਾਨ ਸਨ। ਇੰਨੇ ਵੱਡੇ ਪੈਮਾਨੇ `ਤੇ ਹੋਈ ਹਿੰਸਾ ਕੇਵਲ ਪਥਰਾਓ ਨਾਲ ਨਹੀਂ ਹੋ ਸਕਦੀ ਜੋ ਕਥਿਤ ਰੂਪ ਵਿਚ ਮੁਸਲਮਾਨਾਂ ਵਲੋਂ ਜਲੂਸ ਖ਼ਤਮ ਹੋਣ ਤੋਂ ਬਾਅਦ ਖਿੰਡ ਰਹੇ ਜਲੂਸ ਦੇ ਹਿੱਸਿਆਂ `ਤੇ ਸੈਂਟਰਲ ਸਟਰੀਟ, ਹਿੰਦੀ ਪਿੰਡ ਅਤੇ ਕੋਕਾ ਰੋਡ `ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਦੇ ਦਸ ਦਿਨਾਂ ਤੋਂ ਰਾਂਚੀ ਦੀਆਂ ਸੜਕਾਂ `ਤੇ ਨਾਅਰੇ ਲੱਗ ਰਹੇ ਸਨ, “ਅਗਰ ਉਰਦੂ ਲਾਦੀ ਲੜਕੋਂ ਪਰ, ਤੋ ਖੂਨ ਬਹੇਗਾ ਸੜਕੋਂ ਪਰ।” ਮੁਸਲਮਾਨਾਂ ਦਾ ਪਥਰਾਓ ਡਰੇ ਹੋਏ ਫਿਰਕੇ ਵਲੋਂ ਕੀਤੀ ਪ੍ਰਤੀਕਿਰਿਆ ਸੀ ਜਿਸ ਦੀ ਪਿਛਲੇ ਦਸ ਦਿਨਾਂ ਤੋਂ ਹੀ ਸ਼ੰਕਾ ਸੀ। 22 ਅਗਸਤ ਨੂੰ ਵਾਪਸ ਮੁੜਦੇ ਹੋਏ ਜਲੂਸ ਅਤੇ ਹੁੜਦੰਗੀਆਂ ਤੇ ਉਹ ‘ਪਹਿਲਾ ਪੱਥਰ` ਆਣ ਹੀ ਵੱਜਿਆ ਜਿਸ ਦੀ ਸੰਭਾਵਨਾ ਹੀ ਸੀ।
ਭਿਵੰਡੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦੰਗਾ 7 ਮਈ 1970 ਨੂੰ ‘ਸ਼ਿਵ ਜੈਅੰਤੀ` ਜਲੂਸ `ਤੇ ਮੁਸਲਮਾਨਾਂ ਵਲੋਂ ਪੱਥਰਬਾਜ਼ੀ ਕਰਨ ਨਾਲ ਹੋਇਆ। ਇਕ ਵਾਕ ਦਾ ਇਹ ਬਿਆਨ ਦੰਗੇ ਦੇ ਸ਼ੁਰੂ ਹੋਣ ਦੀ ਬੜੀ ਸਧਾਰਨ ਪੇਸ਼ਕਾਰੀ ਹੈ। ਜੇ ਥੋੜ੍ਹਾ ਜਿਹਾ ਡੂੰਘਾਈ ਨਾਲ ਪੂਰੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਐਨੀ ਅਸਾਨੀ ਨਾਲ ਨਤੀਜੇ ਕੱਢਣੇ ਠੀਕ ਨਹੀਂ। ਭਿਵੰਡੀ ਵਿਚ ਅਸਲ ਦੰਗਿਆਂ ਤੋਂ ਕਾਫ਼ੀ ਸਮਾਂ ਪਹਿਲਾਂ ਤਣਾਓ ਵਾਲੇ ਹਾਲਾਤ ਬਣੇ ਹੋਏ ਸਨ। ਇਹ ਤਣਾਓ ‘ਸ਼ਿਵ ਜੈਅੰਤੀ` ਵੇਲੇ ਅਕਸਰ ਪਿਛਲੇ ਸਾਲਾਂ ਵਿਚ ਵੀ ਹੁੰਦਾ ਰਿਹਾ ਸੀ। ਅਸਲ ਵਿਚ ਵੱਡੇ ਪੈਮਾਨੇ `ਤੇ ਸ਼ਿਵ ਜੈਅੰਤੀ ਮਨਾਉਣ ਦੀ ਪ੍ਰੰਪਰਾ 1964 ਤੋਂ ਸ਼ੁਰੂ ਹੋਈ ਸੀ। ਪਹਿਲੇ ਹੀ ਸਾਲ ‘ਸ਼ਿਵ ਜੈਅੰਤੀ` ਨੇ ਭਿਵੰਡੀ ਅੰਦਰ ਫਿਰਕੂ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਸੀ। ਖੁੱਲ੍ਹੇਆਮ ਮੁਸਲਿਮ ਵਿਰੋਧੀ ਨਾਅਰੇ ਲਗਾ ਕੇ ਭੜਕਾਉਣ ਵਾਲੀਆਂ ਝਾਕੀਆਂ ਕੱਢ ਕੇ ਜਲੂਸ ਦੇ ਪ੍ਰਬੰਧਕਾਂ ਨੇ ਆਪਣੀ ਨੀਅਤ ਛੁਪਾ ਕੇ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਮੁਸਲਿਮ ਬਹੁਲ ਬਸਤੀਆਂ ਅੰਦਰ ਜਲੂਸ ਕੱਢਣ `ਤੇ ਜ਼ੋਰ, ਮਸਜਿਦਾਂ ਅੰਦਰ ਗੁਲਾਲ ਸੁੱਟਣ ਦੀ ਜ਼ਿੱਦ ਜਾਂ ਪੁਲਿਸ ਦੇ ਮਨ੍ਹਾਂ ਕਰਨ ਦੇ ਬਾਵਜੂਦ ‘‘ਜੋ ਹਮ ਸੇ ਟਕਰਾਏਗਾ, ਚੂਰ ਚੂਰ ਹੋ ਜਾਵੇਗਾ` ਵਰਗੇ ਨਾਹਰੇ ਲਗਾ ਕੇ ਪ੍ਰਬੰਧਕਾਂ ਨੇ ਪਹਿਲੇ ਸਾਲ ਹੀ ਦੰਗਾ ਕਰਵਾਉਣ ਦਾ ਪੂਰਾ ਯਤਨ ਕੀਤਾ ਸੀ। ਆਪਣੇ ਉਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ ਵਿਚ ਥਾਣੇ ਦੇ ਪੁਲਿਸ ਮੁਖੀ ਨੇ ਸਪਸ਼ਟ ਲਿਖਿਆ, “ਮੈਂ ਜਾਂਚ ਕੀਤੀ ਹੈ ਕਿ ਹਿੰਦੂਆਂ ਦਾ ਇਕ ਵਰਗ, ਵਿਸ਼ੇਸ਼ ਰੂਪ ਵਿਚ ਆਰ.ਐਸ.ਐਸ. ਦੇ ਕਾਰਕੁਨ ਅਤੇ ਪੀ.ਐਸ.ਪੀ. ਦੇ ਕੁਝ ਲੋਕ ਅਸ਼ਾਂਤੀ ਪੈਦਾ ਕਰਨ ਲਈ ਉਤਾਰੂ ਹਨ। ਜਲੂਸ ਦੇ ਨਾਲ ਚੱਲਣ ਦੇ ਪਿੱਛੇ ਉਨ੍ਹਾਂ ਦੇ ਮਨ ਵਿਚ ਸ਼ਿਵਾ ਜੀ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦੀ ਘੱਟ, ਆਪਣਾ ਹੁਕਮ ਮਨਾਉਣ ਦੀ ਭਾਵਨਾ ਵੱਧ ਸੀ ਅਤੇ ਇਸ ਦੇ ਨਾਲ ਜੇ ਸੰਭਵ ਹੋਵੇ ਤਾਂ ਮੁਸਲਮਾਨਾਂ ਨੂੰ ਉਤੇਜਿਤ ਅਤੇ ਅਪਮਾਨਿਤ ਕਰਨਾ ਚਾਹੁੰਦੇ ਸਨ…।”
1964 ਦੇ ਪਹਿਲੇ ਵੱਡੇ ਜਨਤਕ ਪ੍ਰਦਰਸ਼ਨ ਤੋਂ ਬਾਅਦ 1965 ਅਤੇ 1966 ਵਿਚ ਕੱਢੇ ਗਏ ਸ਼ਿਵ ਜੈਅੰਤੀ ਜਲੂਸਾਂ ਦੌਰਾਨ ਫਿਰਕੂ ਦੰਗੇ ਹੁੰਦੇ-ਹੁੰਦੇ ਬਚੇ ਪ੍ਰੰਤੂ 11 ਮਈ 1967 ਨੂੰ ਕੱਢੇ ਜਲੂਸ ਦੌਰਾਨ ਭਿਵੰਡੀ ਦੇ ਇਤਿਹਾਸ ਦਾ ਪਹਿਲਾ ਫਿਰਕੂ ਦੰਗਾ ਹੋ ਹੀ ਗਿਆ। ਪੁਲਿਸ ਰਿਕਾਰਡ ਅਤੇ ਜਸਟਿਸ ਡੀ.ਪੀ. ਮਦਾਨ ਦੇ ਜਾਂਚ ਆਯੋਗ ਦੀ ਰਿਪੋਰਟ ਵਿਚ ਦਿੱਤੇ ਵੇਰਵਿਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਦੰਗੇ ਜਲੂਸ ਵਿਚ ਮੌਜੂਦ ਲੋਕਾਂ ਦੇ ਗੈਰ-ਜ਼ਿੰਮੇਵਾਰ ਵਤੀਰੇ ਦਾ ਨਤੀਜਾ ਸਨ। ਪੁਲਿਸ ਨੂੰ ਅਖ਼ੀਰ ਤੱਕ ਜਲੂਸ ਦੇ ਰਸਤੇ ਅਤੇ ਸਮੇਂ ਬਾਰੇ ਹਨੇਰੇ ਵਿਚ ਰੱਖਣ ਕਾਰਨ, ਰੋਕਣ `ਤੇ ਭੜਕਾਊ ਨਾਅਰੇ ਲਗਾਉਣ ਅਤੇ ਮਸਜਿਦ ਉਪਰ ਗੁਲਾਲ ਸੁੱਟਣ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕੁਝ ਲੋਕ ਦੰਗਾ ਕਰਵਾਉਣ ਲਈ ਬਜ਼ਿੱਦ ਸਨ ਅਤੇ ਉਹ ਆਪਣੇ ਯਤਨਾਂ ਵਿਚ ਕਾਮਯਾਬ ਵੀ ਹੋਏ। ਇਨ੍ਹਾਂ ਕੋਸ਼ਿਸ਼ਾਂ ਪਿਛੇ ਕਿਹੜੀਆਂ ਸ਼ਕਤੀਆਂ ਸਨ ਜਿਨ੍ਹਾਂ ਦੇ ਸਿਰ ‘ਸਫ਼ਲਤਾ` ਦਾ ਸਿਹਰਾ ਬੱਝਿਆ ਇਸ ਨੂੰ ਸਮਝਣ ਲਈ ਜਸਟਿਸ ਮਦਾਨ ਦੀ ਇਹ ਟਿੱਪਣੀ ਜ਼ਿਕਰਯੋਗ ਹੈ, “1967 ਦੀਆਂ ਮਿਉਂਸਪਲ ਚੋਣਾਂ ਵਿਚ ਜਿਥੋਂ ਤੱਕ ਹਿੰਦੂ ਸਭਾਪਤੀਆਂ ਦਾ ਸਵਾਲ ਹੈ, ਉਹ ਸਭ ਜਿੱਤ ਗਏ ਜਿਨ੍ਹਾਂ ਸ਼ਿਵ ਜੈਅੰਤੀ ਜਲੂਸ ਵਿਚ ਸਰਗਰਮੀ ਨਾਲ ਭਾਗ ਲਿਆ ਸੀ।”
1967 ਦੇ ਦੰਗਿਆਂ ਨੇ ਪੂਰੇ ਭਿਵੰਡੀ ਸ਼ਹਿਰ ਦੇ ਜਨਜੀਵਨ ਨੂੰ ਜਿਸ ਵਿਚ ਮਿਉਂਸਪਲ ਬੋਰਡ ਦੀ ਰਾਜਨੀਤੀ ਵੀ ਸ਼ਾਮਲ ਸੀ, ਫਿਰਕਾਪ੍ਰਸਤੀ ਦੇ ਜ਼ਹਿਰ ਵਿਚ ਪੂਰੀ ਤਰ੍ਹਾਂ ਡੋਬ ਦਿੱਤਾ। 1968 ਅਤੇ 1969 ਦੇ ਸਾਲਾਂ ਦੌਰਾਨ ਤਣਾਓ ਦੀਆਂ ਛੋਟੀਆਂ-ਵੱਡੀਆਂ ਘਟਨਾਵਾਂ ਤੋਂ ਦੂਰ ਰਹੇ ਇਨ੍ਹਾਂ ਦੋਹਾਂ ਸਾਲਾਂ ਵਿਚ ਸ਼ਿਵ ਜੈਅੰਤੀ ਜਲੂਸਾਂ ਦੇ ਨਿਕਲਣ ਤੋਂ ਪਹਿਲਾਂ ਅਤੇ ਉਨ੍ਹਾਂ ਦੇ ਨਿਕਲਣ ਸਮੇਂ ਵਿਵਾਦ ਪੈਦਾ ਹੋਏ; ਪ੍ਰੰਤੂ ਦੰਗਾ ਨਹੀਂ ਹੋਇਆ। ਇਸ ਮਾਹੌਲ ਅੰਦਰ ਇਹ ਸੁਭਾਵਿਕ ਹੀ ਸੀ ਕਿ 1969-70 ਦੌਰਾਨ ਛੋਟੀਆਂ ਗੱਲਾਂ `ਤੇ ਭਿਵੰਡੀ ਵਿਚ ਤਣਾਓ ਪੈਦਾ ਹੋਇਆ। ਵਿਦਿਆਰਥੀਆਂ ਦੇ ਪ੍ਰੋਗਰਾਮਾਂ, ਨਗਰਪਾਲਿਕਾ ਦੀਆਂ ਗਤੀਵਿਧੀਆਂ ਅਤੇ ਧਾਰਮਿਕ ਤਿਉਹਾਰਾਂ ਦੇ ਅਲੱਗ-ਅਲੱਗ ਮੌਕਿਆਂ `ਤੇ ਵੱਡਾ ਦੰਗਾ ਹੁੰਦੇ-ਹੁੰਦੇ ਬਚਿਆ। ਇਸ ਸਮੇਂ ਦੌਰਾਨ ਹਿੰਦੂ ਅਤੇ ਮੁਸਲਿਮ ਦੋਵਾਂ ਪੱਖਾਂ ਦੇ ਫਿਰਕੂ ਸੰਗਠਨਾਂ ਨੇ ਭਿਵੰਡੀ ਅਤੇ ਆਸ ਪਾਸ ਵਿਸਥਾਰ ਕੀਤਾ ਅਤੇ ਆਪਣੇ ਲੀਡਰਾਂ ਦੁਆਰਾ ਸ਼ਹਿਰ ਵਿਚ ਫਿਰਕੂ ਜ਼ਹਿਰ ਫੈਲਾਇਆ।
ਬੇਵਿਸ਼ਵਾਸ, ਤਣਾਓ ਅਤੇ ਵੈਰ-ਭਾਵ ਦੇ ਅਜਿਹੇ ਮਾਹੌਲ ਅੰਦਰ 7 ਮਈ 1970 ਨੂੰ ਸ਼ਿਵ ਜੈਅੰਤੀ ਜਲੂਸ ਕੱਢਿਆ ਗਿਆ। ਹਿੰਦੂ ਫਿਰਕੂ ਸੰਗਠਨ ਕਈ ਦਿਨ ਨੇੜੇ ਦੇ ਪਿੰਡਾਂ ਅਤੇ ਕਸਬਿਆਂ ਅੰਦਰ ਜ਼ਹਿਰੀਲਾ ਪ੍ਰਚਾਰ ਕਰਦੇ ਰਹੇ। ਉਨ੍ਹਾਂ ਦੇ ਪ੍ਰਚਾਰ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਆਸ-ਪਾਸ ਦੇ ਹਥਿਆਰਬੰਦ ਹਿੰਦੂ ਸਵੇਰ ਤੋਂ ਹੀ ਭਿਵੰਡੀ ਆਉਣੇ ਸ਼ੁਰੂ ਹੋ ਗਏ ਸਨ। ਜਲੂਸ ਵਿਚ ਸ਼ਾਮਲ ਲੋਕ ਨਾ ਕੇਵਲ ਮਿੱਟੀ ਦਾ ਤੇਲ, ਡਾਂਗਾਂ, ਭੱਲੇ ਅਤੇ ਬਰਛੇ ਵਰਗੇ ਹਥਿਆਰਾਂ ਨਾਲ ਲੈਸ ਹੀ ਸਨ ਸਗੋਂ ਖੁੱਲ੍ਹੇਆਮ ਉਨ੍ਹਾਂ ਦਾ ਪ੍ਰਦਰਸ਼ਨ ਵੀ ਕਰ ਰਹੇ ਸਨ। ਪਿਛਲੇ ਸਾਲਾਂ ਦੀ ਤਰ੍ਹਾਂ ਮੁਸਲਮਾਨਾਂ ਵਿਰੁੱਧ ਅਪਮਾਨਜਨਕ ਅਤੇ ਭੜਕਾਹਟ ਪੈਦਾ ਕਰਨ ਵਾਲੇ ਨਾਅਰੇ ਲਗਾ ਰਹੇ ਸਨ। ਮੁਸਲਮਾਨਾਂ ਦੀ ਆਬਾਦੀ ਅਤੇ ਮਸੀਤਾਂ ਦੇ ਸਾਹਮਣੇ ਪਹੁੰਚ ਕੇ ਜਲੂਸ ਵੱਧ ਭੜਕਾਊ ਵਰਤਾਓ ਕਰਨ ਲੱਗਦਾ ਸੀ। ਰੋਕਣ ਤੇ ਗੁਲਾਲ ਇਸ ਤਰ੍ਹਾਂ ਉਛਾਇਆ ਜਾਂਦਾ ਸੀ ਕਿ ਉਹ ਮਸੀਤਾਂ ਉਪਰ ਡਿੱਗੇ।
ਇਸ ਉਤੇਜਨਾ ਅਤੇ ਸ਼ੰਕਿਆਂ ਦੌਰਾਨ ਸੁਭਾਵਿਕ ਹੀ ਸੀ ਕਿ ਮੁਸਲਮਾਨਾਂ ਨੇ ਵੀ ਆਪਣੀ ਸੁਰੱਖਿਆ ਦੀ ਵਿਵਸਥਾ ਕੀਤੀ ਹੋਵੇਗੀ। ਜੋ ਤੱਥ ਦੰਗਿਆਂ ਦੀ ਸ਼ੁਰੂਆਤ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਅਲੱਗ-ਅਲੱਗ ਕਿਸੇ ਜਾਂਚ ਆਯੋਗ ਸਾਹਮਣੇ ਰੱਖੇ, ਉਨ੍ਹਾਂ ਤੋਂ ਇਹ ਤੈਅ ਨਹੀਂ ਹੋ ਸਕਿਆ ਕਿ ਪਹਿਲਾਂ ਹਮਲਾ ਕਿਸ ਨੇ ਕੀਤਾ, ਫਿਰ ਵੀ ਜੇ ਇਹ ਮੰਨ ਵੀ ਲਿਆ ਜਾਵੇ ਕਿ ਪਹਿਲਾ ਪੱਥਰ ਕਿਸੇ ਮੁਸਲਮਾਨ ਨੇ ਮਾਰਿਆ ਤਾਂ ਕੀ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ 7 ਮਈ 1970 ਨੂੰ ਭਿਵੰਡੀ ਵਿਖੇ ਹੋਣ ਵਾਲਾ ਦੰਗਾ ਮੁਸਲਮਾਨਾਂ ਦੀ ਸੁਭਾਵਿਕ ਕੱਟੜਤਾ ਅਤੇ ਹਿੰਸਕ ਪ੍ਰਵਿਰਤੀ ਦਾ ਨਤੀਜਾ ਹੀ ਸੀ? ਕਿਸੇ ਮੁਸਲਮਾਨ ਦੁਆਰਾ ਸੁੱਟਿਆ ਪਹਿਲਾ ਪੱਥਰ ਇਕ ਡਰੇ ਹੋਏ ਫਿਰਕੇ ਦੀ ਪ੍ਰਤੀਕਿਰਿਆ ਹੀ ਹੁੰਦੀ ਹੈ, ਕਿਉਂਕਿ ਡਰਿਆ ਹੋਇਆ ਸਮੂਹ ਅਕਸਰ ਹੀ ਪਹਿਲਾਂ ਪ੍ਰਤੀਕਿਰਿਆ ਕਰਦਾ ਹੈ।
ਕੁਝ ਮਾਮਲਿਆਂ ਵਿਚ ਤਾਂ ‘ਪਹਿਲਾ ਪੱਥਰ` ਹੱਥ ਵਿਚ ਫੜਨ ਜਾਂ ਮਾਰੇ ਜਾਣ ਦੀ ਪ੍ਰਕਿਰਿਆ ਕੁਝ ਇਸ ਤਰ੍ਹਾਂ ਵਾਪਰਦੀ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਅਦ੍ਰਿਸ਼ ਹੱਥ ਦੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਘੱਟ ਗਿਣਤੀ ਪਹਿਲ ਕਰੇ ਤਾਂ ਜੋ ਉਸ ਨੂੰ ਮਾਰਨ ਦੀ ਭੂਮਿਕਾ ਬਣਾਈ ਜਾ ਸਕੇ। ਇਹ ਅਦ੍ਰਿਸ਼ ਹੱਥ ਕਿਸੇ ਫਿਰਕੂ ਸੰਗਠਨ ਜਾਂ ਰਾਜਨੀਤਕ ਦਲ, ਹਿੰਦੂ ਹਿਤਾਂ ਦੇ ਤਰਜਮਾਨ ਦਾ ਵੀ ਹੋ ਸਕਦਾ ਹੈ। ਕਈ ਵਾਰ ਘੱਟ ਗਿਣਤੀ ਦੇ ਸੰਗਠਨ ਦੇ ਹਿਤ ਵੀ ਇਸ ਨਾਲ ਜੁੜੇ ਹੋ ਸਕਦੇ ਹਨ ਕਿ ਦੰਗੇ ਹੋਣ ਅਤੇ ਮੁਸਲਮਾਨ ਕੁੱਟੇ ਜਾਣ ਤਾਂ ਜੋ ਉਹ ਸਰਗਰਮ ਹੋਣ। ਜੇ ਇਕ ਠੋਸ ਉਦਾਹਰਨ ਦੇਖੀ ਜਾਵੇ ਕਿ ਮੁਸਲਮਾਨਾਂ ਨੂੰ ਪਹਿਲ ਕਰਨ ਲਈ ਮਜਬੂਰ ਕਰਨ ਦੇ ਪਿਛੇ ਖਾਸ ਮਾਨਸਿਕਤਾ ਕੰਮ ਕਰਦੀ ਹੈ।
ਅੰਤਰਰਾਸ਼ਟਰੀ ਸੰਸਥਾਵਾਂ ਦੀ ਰਾਏ, ਭਾਰਤੀ ਪ੍ਰੈਸ ਦਾ ਵੱਡੇ ਹਿੱਸੇ ਦੇ ਉਦਾਰਵਾਦੀ ਅਤੇ ਧਰਮ ਨਿਰਪੱਖ ਹੋਣ (ਉਸ ਸਮੇਂ) ਆਜ਼ਾਦ ਨਿਆਂਪਾਲਿਕਾ, ਸਾਰਿਆਂ ਲਈ ਵੋਟ ਦੇ ਅਧਿਕਾਰ ਦੇ ਕਾਰਨ ਘੱਟ ਗਿਣਤੀਆਂ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਰਾਜਨੀਤਕ ਦਲਾਂ ਦੀ ਮਜਬੂਰੀ, ਆਧੁਨਿਕ ਅਤੇ ਵਿਗਿਆਨਕ ਸਿੱਖਿਆ ਅਤੇ ਵੱਡੇ ਪੈਮਾਨੇ ਉਪਰ ਹਿੰਦੂਆਂ ਅਤੇ ਮੁਸਲਮਾਨਾਂ ਦੇ ਇਕ ਦੂਜੇ ਦੇ ਸੰਪਰਕ ਵਿਚ ਆਉਣ ਦੇ ਸਮਾਜਿਕ ਆਰਥਿਕ ਮੌਕੇ ਆਦਿ ਕਈ ਅਜਿਹੇ ਕਾਰਨ ਹਨ ਜਿਨ੍ਹਾਂ ਦੇ ਚਲਦਿਆਂ ਕੋਈ ਸ਼ਕਤੀਸ਼ਾਲੀ ਸਮੂਹ (ਭਾਰਤੀ ਸੰਦਰਭ ਵਿਚ ਹਿੰਦੂ) ਕਿਸੇ ਕਮਜ਼ੋਰ ਸਮੂਹ (ਉਪਰੋਕਤ ਅਰਥ ਵਿਚ ਮੁਸਲਿਮ) ਉਤੇ ਪਹਿਲਾਂ ਸਰੀਰਕ ਹਮਲਾ ਨਹੀਂ ਕਰ ਸਕਦਾ, ਕਿਉਂਕਿ ਅਜਿਹੀ ਪਹਿਲ ਉਨ੍ਹਾਂ ਦੀ ਉਸ ਬਾਰੇ ਉਲਟ ਰਾਏ ਬਣਾਉਣ ਦਾ ਸਬਬ ਬਣੇਗੀ ਜੋ ਹੁਣ ਤੱਕ ਇਹ ਮੰਨਦੇ ਰਹੇ ਸਨ ਕਿ ਇਹ ਧਾਰਮਿਕ ਸਮੂਹ ਤਾਂ ਅਹਿੰਸਕ ਅਤੇ ਉਦਾਰ ਹੈ। ਬਾਹਰੀ ਆਲੋਚਨਾ ਤੋਂ ਬਚਣ ਲਈ ਅਤੇ ਆਪਣੀ ਚੰਗੀ ਦਿੱਖ ਬਣਾਏ ਰੱਖਣ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਹਮਲਾ ਮੁਸਲਮਾਨ ਕਰਨ ਤਾਂ ਜੋ ਇਸ ਨਾਲ ਉਹ ਆਪਣੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਕੀਤੀ ਜਾਣ ਵਾਲੀ ਹਿੰਸਾ ਦੀ ਵਾਜਬੀਅਤ ਬਣਾ ਸਕਣ। ਜਿਵੇਂ ਕੋਈ ਤਾਕਤਵਰ ਆਦਮੀ ਕਿਸੇ ਕਮਜ਼ੋਰ ਨੂੰ ਧੱਕਦਾ, ਧੱਕੇ ਮਾਰਦਾ ਕੰਧ ਨਾਲ ਲਾ ਦੇਵੇ ਅਤੇ ਫਿਰ ਉਸ ਦੇ ਮੂੰਹ `ਤੇ ਥੁੱਕ ਦੇਵੇ, ਬਹੁਤ ਸਾਰੀਆਂ ਗਾਲਾਂ ਕੱਢੇ ਤਾਂ ਜੋ ਉਹ ਹੱਥ ਉਠਾਉਣ ਲਈ ਮਜਬੂਰ ਹੋ ਜਾਵੇ ਤਾਂ ਜੋ ਬਾਅਦ ਵਿਚ ਉਸ ਨੂੰ ਕੁਟਾਪਾ ਚਾੜ੍ਹਿਆ ਜਾ ਸਕੇ। ਇਸ ਕੁਟਾਪੇ ਤੋਂ ਪਹਿਲਾਂ ਅਤੇ ਬਾਅਦ ਵਿਚ ਇਹ ਰੌਲਾ ਖ਼ੂਬ ਪਾਇਆ ਜਾ ਸਕਦਾ ਹੈ ਕਿ ਇਹ ਤਾਂ ਹੈ ਹੀ ਹਿੰਸਕ ਅਤੇ ਜ਼ਾਲਮ, ਇਸੇ ਲਈ ਇਸ ਨੇ ਪਹਿਲਾਂ ਹਮਲਾ ਕੀਤਾ।
ਜਮਸ਼ੇਦਪੁਰ 1979 ਅਤੇ ਬਨਾਰਸ (1977) ਦੇ ਦੰਗੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਵਿਚੋਂ ਹਨ ਜਿਨ੍ਹਾਂ ਦਾ ਅਧਿਐਨ ਇਹ ਦਿਖਾਉਂਦਾ ਹੈ ਕਿ ਕਿਵੇਂ ਫਿਰਕੂ ਸਥਿਤੀ ਵਿਚ ਮੁਸਲਮਾਨਾਂ ਨੂੰ ਪਹਿਲਾਂ ਹੱਥ ਉਠਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਦੋਵਾਂ ਥਾਵਾਂ `ਤੇ ਧਾਰਮਿਕ ਜਲੂਸਾਂ ਦੌਰਾਨ ਰਸਤੇ ਉਹ ਚੁਣੇ ਗਏ ਜਿੱਧਰ ਬਹੁਗਿਣਤੀ ਮੁਸਲਿਮ ਆਬਾਦੀ ਰਹਿੰਦੀ ਹੋਵੇ ਅਤੇ ਮਸੀਤਾਂ ਮੌਜੂਦ ਹੋਣ। ਜਲੂਸ ਲਈ ਇਹ ਰਸਤੇ ਪਹਿਲਾਂ ਕਦੇ ਵੀ ਨਹੀਂ ਚੁਣੇ ਗਏ। ਵਿਵਾਦਤ ਥਾਵਾਂ `ਤੇ ਜਲੂਸ ਲਿਜਾ ਕੇ ਮੁਸਲਿਮ ਇਲਾਕੇ ਵਿਚ ਜਲੂਸ ਰੋਕ ਲਏ ਗਏ ਅਤੇ ਹਥਿਆਰਬੰਦ ਭੜਕੀ ਭੀੜ ਵਲੋਂ ਬੇਹੱਦ ਭੜਕਾਊ ਕਾਰਵਾਈਆਂ ਕੀਤੀਆਂ ਗਈਆਂ। ਇਹ ਉਸ ਸਮੇਂ ਤੱਕ ਜਾਰੀ ਰਹੀਆਂ ਜਿੰਨੀ ਦੇਰ ਤੱਕ ਮੁਸਲਮਾਨਾਂ ਵਲੋਂ ਬਦਲੇ ਵਿਚ ਪਹਿਲਾ ਪੱਥਰ ਨਹੀਂ ਆ ਗਿਆ। ਬੱਸ ਇਹ ਪਹਿਲਾ ਪੱਥਰ ਆਉਣ ਦੀ ਦੇਰ ਸੀ, ਜਲੂਸ ਨੂੰ ਹਿੰਸਾ ਕਰਨ ਦੀ ਮਨਜ਼ੂਰੀ ਮਿਲ ਗਈ ਅਤੇ ਵੱਡੇ ਪੈਮਾਨੇ `ਤੇ ਸਾੜ ਫੂਕ ਅਤੇ ਮਨੁੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।
ਅਪਰੈਲ 1979 ਵਿਚ ਜਮਸ਼ੇਦਪੁਰ ਵਿਚਲਾ ਦੰਗਾ ਉਸੇ ਵੇਲੇ ਦੀ ਕਾਬਜ਼ ਜਨਤਾ ਪਾਰਟੀ ਦੇ ਆਪਸੀ ਕਲੇਸ਼ ਦਾ ਸਿੱਟਾ ਸੀ। ਬਿਹਾਰ ਵਿਚ ਕਰਪੁਰੀ ਠਾਕਰ ਦੀ ਸਰਕਾਰ ਵਿਚ ਜਨ ਸੰਘ ਵੀ ਸ਼ਾਮਲ ਸੀ। ਜਮਸ਼ੇਦਪੁਰ ਦਾ ਵਿਧਾਇਕ ਜਨ ਸੰਘ ਦਾ ਸੀ ਅਤੇ ਉਹ ਸਿਰੇ ਦਾ ਫਿਰਕੂ ਵਿਅਕਤੀ ਸੀ। ਜਮਸ਼ੇਦਪੁਰ ਵਿਚ ਕਈ ਸਾਲਾਂ ਤੋਂ ਰਾਮ ਨੌਮੀ ਦਾ ਜਲੂਸ ਕੱਢਣ ਦੀ ਪ੍ਰੰਪਰਾ ਸੀ ਅਤੇ ਇਸ ਲਈ ਰਸਤਾ ਪਹਿਲਾਂ ਹੀ ਨਿਰਧਾਰਿਤ ਸੀ। 1978 ਵਿਚ ਪਹਿਲੀ ਵਾਰ ਆਪਣੀ ਸਰਕਾਰ ਹੋਣ ਦਾ ਫ਼ਾਇਦਾ ਚੁੱਕਦੇ ਹੋਏ ਸਥਾਨਕ ਵਿਧਾਇਕ ਅਤੇ ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ `ਤੇ ਦਬਾਅ ਬਣਾਕੇ ਨਿਰਧਾਰਤ ਰਸਤੇ ਦੀ ਥਾਂ ਅਲੱਗ ਰਸਤਾ ਨੰ. 14 ਵਿਚ ਜਲੂਸ ਅਤੇ ਨਾਲ ਚੱਲਣ ਵਾਲੇ ਅਖਾੜੇ ਨੂੰ ਲਿਜਾਣ ਦੀ ਆਗਿਆ ਪ੍ਰਾਪਤ ਕਰ ਲਈ। ਇਹ ਰਸਤਾ ਮੁਸਲਿਮ ਅਬਾਦੀ ਅਤੇ ਮਸੀਤਾਂ ਕੋਲ ਦੀ ਹੋ ਕੇ ਲੰਘਦਾ ਹੈ। ਤਣਾਓ ਹੋਣਾ ਸੁਭਾਵਿਕ ਸੀ। ਤਣਾਓ ਇਸ ਲਈ ਵੀ ਹੋਇਆ ਕਿ ਜਲੂਸ ਵਿਚ ਬਹੁਤਿਆਂ ਕੋਲ ਹਥਿਆਰ ਸਨ ਅਤੇ ਉਹ ਭੜਕਾਊ ਨਾਹਰੇ ਲਗਾ ਰਹੇ ਸਨ। ਕਿਸੇ ਤਰ੍ਹਾਂ ਪ੍ਰਸ਼ਾਸਨ ਨੇ ਜਲੂਸ ਨੂੰ ਸ਼ਾਂਤੀਪੂਰਨ ਪੂਰਾ ਕਰਵਾ ਦਿੱਤਾ। 1979 ਵਿਚ ਵੀ ਪ੍ਰਬੰਧਕਾਂ ਨੇ ਰਸਤਾ ਨੰ. 14 ਰਾਹੀਂ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪ੍ਰਸ਼ਾਸਨ ਨੇ ਨਾਂਹ ਕਰ ਦਿੱਤੀ। ਜਲੂਸ ਦੇ ਰਸਤੇ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਸ਼ਹਿਰ ਵਿਚ ਖ਼ੂਬ ਜ਼ਹਿਰ ਉਗਲਿਆ ਅਤੇ ਸ਼ਹਿਰ ਦਾ ਮਾਹੌਲ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। 7 ਅਪਰੈਲ ਨੂੰ ਰਾਮ ਨੌਮੀ ਕੇਂਦਰੀ ਅਖਾੜਾ ਸਮਿਤੀ ਨੇ ਪਰਚਾ ਵੰਡਿਆ ਜਿਸ ਵਿਚ ਫਿਰਕੂ ਏਕਤਾ ਨੂੰ ਵਿਗਾੜਨ ਵਾਲੀਆਂ ਗੱਲਾਂ ਲਿਖੀਆਂ ਗਈਆਂ। ਇਕ ਕਾਰਨ ਹੋਰ ਸੀ। ਜਮਸ਼ੇਦਪੁਰ ਵਿਚ ਹਿੰਦੂ ਅਤੇ ਮੁਸਲਿਮ ਅਪਰਾਧੀ ਮਾਫ਼ੀਆ ਦਾ ਪੂਰਾ ਜ਼ੋਰ ਸੀ। ਉਸ ਸਮੇਂ ਉਸ ਥਾਂ `ਤੇ ਇਮਾਨਦਾਰ ਸਖ਼ਤ ਪੁਲਿਸ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ, ਜੋ ਦੋਵੇਂ ਧਰਮਾਂ ਦੇ ਮਾਫ਼ੀਆ ਗ੍ਰੋਹਾਂ ਦੀਆਂ ਅੱਖਾਂ ਵਿਚ ਰੜਕਦਾ ਸੀ ਜੋ ਦੰਗਾ ਕਰਵਾਉਣ ਦੀ ਤਾਕ ਵਿਚ ਸਨ।
11 ਅਪਰੈਲ 1979 ਨੂੰ ਜਲੂਸ ਕੱਢਣ ਵਾਲੇ ਤੱਤਾਂ ਨੇ ਆਪਣੇ ਇਰਾਦੇ ਪਹਿਲਾਂ ਹੀ ਸਪਸ਼ਟ ਕਰ ਦਿੱਤੇ ਸਨ। ਦੁਪਹਿਰ ਦੋ ਵਜੇ ਜਲੂਸ ਕੱਢਣ ਦਾ ਐਲਾਨ ਕਰਕੇ 11 ਵਜੇ ਹੀ ਜਲੂਸ ਸ਼ੁਰੂ ਕਰ ਦਿੱਤਾ। ਜਲੂਸ ਵਿਚ ਬਾਹਰੋਂ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰਬੰਦ ਕਾਰਕੁਨ ਬੁਲਾਏ ਗਏ ਸਨ। ਇਹ ਲੋਕ ਮੁਸਲਮਾਨਾਂ ਖ਼ਿਲਾਫ਼ ਨਾਅਰੇ ਲਾਉਂਦੇ ਨਿਕਲੇ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜਲੂਸ ਨੇ ਆਪਣਾ ਰਸਤਾ ਬਦਲ ਲਿਆ ਅਤੇ 14 ਨੰਬਰ ਰਸਤੇ ਵੱਲ ਵਧੇ। ਜਲੂਸ ਨਾਲ ਅਖਾੜੇ ਵੀ ਸਨ ਜਿਸ ਵਿਚ ਭਾਗ ਲੈਣ ਵਾਲੇ ਸ਼ਰੇਆਮ ਨੰਗੀਆਂ ਤਲਵਾਰਾਂ ਅਤੇ ਭਾਲੇ ਚਮਕਾਉਂਦੇ ਚੱਲ ਰਹੇ ਸਨ। ਜਲੂਸ ਜਦੋਂ ਮੁਸਲਿਮ ਬਸਤੀ ਦੀ ਮਹੱਤਵਪੂਰਨ ਮਸਜਿਦ ਕੋਲ ਪਹੁੰਚਿਆ ਤਾਂ ਉਸ ਨੂੰ ਰੋਕ ਦਿੱਤਾ ਗਿਆ। ਉਸ ਤੋਂ ਅੱਗੇ ਜਾਣ ਲਈ ਜਲੂਸ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਕੋਲ ਤਰਕ ਵਿਹੂਣੀਆਂ ਮੰਗਾਂ ਰੱਖ ਦਿੱਤੀਆਂ ਜਿਨ੍ਹਾਂ ਦੀ ਕੋਈ ਪ੍ਰਸੰਗਤਾ ਨਹੀਂ ਸੀ ਬਣਦੀ। ਵਿਧਾਇਕ ਅਤੇ ਹੋਰ ਲੋਕਾਂ ਨੇ ਅੱਗ ਲਾਉਣ ਵਾਲੇ ਭਾਸ਼ਣ ਦਿੱਤੇ। ਉਤੇਜਨਾ ਦੇ ਇਸ ਮਾਹੌਲ ਵਿਚ ਹਥਿਆਰਾਂ ਦਾ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਭੜਕਾਊ ਨਾਹਰੇ ਗੂੰਜਦੇ ਰਹੇ। ਜਲੂਸ ਅੱਗੇ ਜਾਣ ਲਈ ਤਿਆਰ ਨਹੀਂ ਸੀ। ਸੰਘਣੀ ਮੁਸਲਿਮ ਆਬਾਦੀ ਵਿਚ ਜਲੂਸ ਕਈ ਘੰਟੇ ਰੁਕਿਆ ਰਿਹਾ।
ਆਪਣੇ ਆਪ ਨੂੰ ਬੁਰੀ ਤਰ੍ਹਾਂ ਘਿਰਿਆ ਮਹਿਸੂਸ ਕਰਦੇ ਹੋਏ ਮੁਸਲਮਾਨਾਂ ਨੇ ਵੀ ਆਪਣੀਆਂ ਛੱਤਾਂ `ਤੇ ਇੱਟਾਂ, ਪੱਥਰ, ਗਰਮ ਤੇਲ ਅਤੇ ਡਾਂਗਾਂ, ਭਾਲੇ ਰੱਖ ਲਏ ਅਤੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਮਸਜਿਦ ਵਿਚ ਵੀ ਕਾਫ਼ੀ ਮੁਸਲਮਾਨ ਮੌਜੂਦ ਸਨ।
ਇਸ ਸਮੇਂ ਭੀੜ ਦੇ ਵਿਹਾਰ ਦੇ ਮਨੋਵਿਗਿਆਨ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਸਪਸ਼ਟ ਲੱਗਦਾ ਹੈ ਕਿ ਇਕ ਅਜਿਹਾ ਸਮੂਹ ਤਿਆਰ ਸੀ ਜੋ ਆਪਣੇ ਵਿਰੋਧੀ ਨੂੰ ਭੜਕਾ ਕੇ ਪਹਿਲਾਂ ਪੱਥਰ ਮਾਰਨ ਲਈ ਕਹਿ ਰਿਹਾ ਹੋਵੇ। ਕੁਝ ਘੰਟਿਆਂ ਦੇ ਯਤਨ ਤੋਂ ਬਾਅਦ ਪਹਿਲਾ ਪੱਥਰ ਮਿਲ ਹੀ ਗਿਆ। ਸ਼ਾਮ ਦਾ ਹਨੇਰਾ ਹੋਣ ਤੋਂ ਕੁਝ ਸਮਾਂ ਪਹਿਲਾਂ ਮਸਜਿਦ ਵਲੋਂ ਪਹਿਲਾ ਪੱਥਰ ਆਇਆ ਅਤੇ ਪੂਰੇ ਸ਼ਹਿਰ ਵਿਚ ਕਤਲੇਆਮ ਸ਼ੁਰੂ ਹੋ ਗਿਆ। ਬਹੁਗਿਣਤੀ ਸਮੂਹ ਨੂੰ ਆਪਣੀ ਹਿੰਸਾ ਦੀ ਵਾਜਬੀਅਤ ਮਿਲ ਗਈ ਸੀ।
1977 ਵਿਚ ਬਨਾਰਸ ਵਿਚ ਵੀ ਇਸੇ ਤਰ੍ਹਾਂ ਵਾਪਰਿਆ। ਆਏ ਸਾਲ ਦੁਰਗਾ ਪੂਜਾ ਦੇ ਮੌਕੇ ਬੰਗਾਲੀ ਮੁਹੱਲਿਆਂ ਤੋਂ ਦੁਰਗਾ ਮੂਰਤੀਆਂ ਜਲ ਪ੍ਰਵਾਹ ਲਈ ਗੰਗਾ ਕਿਨਾਰੇ ਲਿਆਂਦੀਆਂ ਜਾਂਦੀਆਂ ਹਨ। ਬੰਗਾਲੀਆਂ ਦੇ ਮੁਹੱਲੇ ਮੁਸਲਿਮ ਆਬਾਦੀ ਦੇ ਨੇੜੇ ਹਨ ਅਤੇ ਵਸੋਂ ਬਹੁਤ ਸੰਘਣੀ ਹੈ। ਦੁਰਗਾ ਮੂਰਤੀਆਂ ਦੇ ਜਲ ਪ੍ਰਵਾਹ ਲਈ ਰਸਤਾ ਤੈਅ ਹੈ। ਦੁਰਗਾ ਪੂਜਾ ਤੋਂ ਕੁਝ ਸਮਾਂ ਪਹਿਲਾਂ ਐਂਗਲੋ-ਬੰਗਾਲੀ ਕਾਲਜ ਅਤੇ ਉਸਦੇ ਨਾਲ ਰਹਿ ਰਹੇ ਜੁਲਾਹਿਆਂ ਦੀ ਬਸਤੀ ਵਿਚ ਕਾਲਜ ਦੀ ਕੰਧ ਟੁੱਟੀ ਹੋਣ ਕਾਰਨ ਕਾਲਜ ਦੇ ਮੈਦਾਨ ਵਿਚ ਸੂਤ ਦਾ ਤਾਣਾ ਫੈਲਾ ਦਿੱਤਾ ਗਿਆ, ਕਾਲਜ ਦੇ ਲੜਕਿਆਂ ਦੀ ਖੇਡ ਵਿਚ ਰੁਕਾਵਟ ਪੈਣ ਦੀ ਗੱਲ ਤੋਂ ਟਕਰਾਓ ਪੈਦਾ ਹੋ ਗਿਆ। ਗੋਲਡਨ ਸਪੋਰਟਿੰਗ ਕਲੱਬ ਦੇ ਨੌਜਵਾਨਾਂ ਨੇ ਆਪਣੀਆਂ ਮੂਰਤੀਆਂ ਦੇ ਜਲ ਪ੍ਰਵਾਹ ਲਈ ਨਿਰਧਾਰਤ ਰਸਤੇ ਦੀ ਥਾਂ ਬਦਲਵੇਂ ਰਸਤੇ ਦੀ ਮੰਗ ਰੱਖੀ ਜੋ ਮੁਸਲਮਾਨਾਂ ਦੀ ਬਸਤੀ ਦੀਆਂ ਤੰਗ ਗਲੀਆਂ ਵਿਚ ਦੀ ਹੋ ਕੇ ਲੰਘਦਾ ਸੀ। ਇਹ ਸ਼ਰਾਰਤੀ ਮੰਗ ਸੀ ਅਤੇ ਖ਼ਾਸ ਮਕਸਦ ਨਾਲ ਕੀਤੀ ਜਾ ਰਹੀ ਸੀ। ਪ੍ਰਸ਼ਾਸਨ ਨੇ ਇਹ ਮੰਗ ਨਾ ਮੰਨੀ। 22 ਅਕਤੂਬਰ 1977 ਨੂੰ ਪ੍ਰਸ਼ਾਸਨ ਨੇ ਮੂਰਤੀਆਂ ਨੂੰ ਜਲ ਪ੍ਰਵਾਹ ਕਰਵਾ ਦਿੱਤਾ।
ਉਨ੍ਹਾਂ ਤੱਤਾਂ ਦਾ ਮਕਸਦ ਤਾਂ ਪੂਰਾ ਨਾ ਹੋਇਆ। ਉਸੇ ਰਾਤ ਉਨ੍ਹਾਂ ਨੇ ਇਕ ਹੋਰ ਨਵੀਂ ਮੂਰਤੀ ਪੁਰਾਣੀ ਮੂਰਤੀ ਦੇ ਥਾਂ `ਤੇ ਰੱਖ ਦਿੱਤੀ ਅਤੇ 23 ਅਕਤੂਬਰ ਨੂੰ ਉਸ ਮੂਰਤੀ ਦੇ ਜਲ ਪ੍ਰਵਾਹ ਲਈ ਮੁੜ ਉਸੇ ਰਸਤੇ ਦੀ ਮੰਗ ਕੀਤੀ ਜਿਸ ਲਈ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਪ੍ਰਸ਼ਾਸਨ ਵਲੋਂ ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੀ ਮੰਗ ਬਿਲਕੁਲ ਗ਼ਲਤ ਹੈ, ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਘੰਟਿਆਂ ਤੱਕ ਚੱਲੇ ਵਿਵਾਦ ਦਾ ਸਿੱਟਾ ਇਹ ਨਿਕਲਿਆ ਕਿ ਲੋਕ ਇਕੱਠੇ ਹੁੰਦੇ ਗਏ ਅਤੇ ਸ਼ਹਿਰ ਵਿਚ ਅਫ਼ਵਾਹ ਫੈਲਦੀ ਗਈ ਕਿ ਮੁਸਲਮਾਨਾਂ ਦੇ ਵਿਰੋਧ ਕਾਰਨ ਦੁਰਗਾ ਦੀ ਮੂਰਤੀ ਜਲ ਪ੍ਰਵਾਹ ਨਹੀਂ ਹੋ ਰਹੀ। ਮੁਸਲਮਾਨਾਂ ਨੂੰ ਡਰ ਸੀ ਕਿ ਜੇ ਉਹ ਸਾਡੇ ਇਲਾਕੇ ਵਿਚੋਂ ਦੀ ਜਲੂਸ ਲੈ ਕੇ ਜਾਂਦੇ ਹਨ ਤਾਂ ਉਹ ਹਮਲਾ ਕਰ ਸਕਦੇ ਹਨ। ਕਈ ਘੰਟੇ ਤੱਕ ਚੱਲੀ ਬਹਿਸ ਅਤੇ ਤਣਾਓ ਤੋਂ ਬਾਅਦ ਮਸਲਾ ਉਸ ਬਿੰਦੂ `ਤੇ ਪਹੁੰਚ ਗਿਆ, ਜਿਥੇ ਸਿਰਫ਼ ਇਕ ਚੰਗਿਆੜੀ, ਇਕ ਪੱਥਰ ਵੱਡੀ ਪੱਧਰ ਦਾ ਦੰਗਾ ਸ਼ੁਰੂ ਕਰਵਾਉਣ ਦੇ ਯੋਗ ਸੀ। ਇਹ ਪੱਥਰ ਕਿਸੇ ਮੁਸਲਿਮ ਘਰੋਂ ਆ ਗਿਆ ਅਤੇ ਦੰਗਾ ਸ਼ੁਰੂ ਹੋ ਗਿਆ।
ਉੱਪਰ ਦਿੱਤੇ ਉਦਾਹਰਨ ਇਹ ਸਮਝਣ ਵਿਚ ਸਾਡੀ ਮਦਦ ਕਰਨਗੇ ਕਿ ਦੰਗਿਆਂ ਦੀ ਸ਼ੁਰੂਆਤ ਕੇਵਲ ਉਹ ਬਿੰਦੂ ਨਹੀਂ ਹੁੰਦਾ, ਜਿੱਥੋਂ ਹਿੰਸਾ ਸ਼ੁਰੂ ਹੁੰਦੀ ਹੈ। ਇਸ ਬਿੰਦੂ ਤੋਂ ਕਾਫ਼ੀ ਪਹਿਲਾਂ ਤਣਾਓ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਤਣਾਓ ਹੌਲੀ-ਹੌਲੀ ਪਿਰਾਮਿਡ ਦੀ ਸ਼ਕਲ ਵਿਚ ਹੌਲੀ-ਹੌਲੀ ਉਪਰ ਵਧੀ ਜਾਂਦਾ ਹੈ। ਪਿਰਾਮਿਡ ਦਾ ਸਿਖ਼ਰ ਉਸ ਬਿੰਦੂ ਤੋਂ ਬਣਦਾ ਹੈ ਜੋ ‘ਤਬਦੀਲੀ ਬਿੰਦੂ` ਹੁੰਦਾ ਹੈ। ਇਸੇ ਬਿੰਦੂ `ਤੇ ਕਿਸੇ ਸਮੂਹ ਵਲੋਂ ਕੀਤੀ ਛੋਟੀ ਕਾਰਵਾਈ ਜਿਸ ਦਾ ਆਧਾਰ ਪਹਿਲਾਂ ਹੀ ਲੰਬੇ ਸਮੇਂ ਵਿਚ ਤਿਆਰ ਕਰ ਲਿਆ ਗਿਆ ਸੀ ਵੱਡੇ ਦੰਗੇ ਕਰਵਾ ਸਕਦੀ ਹੈ। ਜੇ ਤਣਾਓ ਦਾ ਇਹ ਪਿਰਾਮਿਡ ਮੌਜੂਦ ਨਾ ਹੋਵੇ ਤਾਂ ਕਈ ਵਾਰ ਗੰਭੀਰ ਫਿਰਕੂ ਘਟਨਾਵਾਂ ਵੀ ਅਣਗੌਲਿਆਂ ਲੰਘ ਜਾਂਦੀਆਂ ਹਨ। ਇਸ ਲਈ ਦੰਗਿਆਂ ਦੀ ਸ਼ੁਰੂਆਤ ਦੀ ਲੋੜ ਹੈ ਕਿ ਇਸ ਪਿਰਾਮਿਡ ਲਈ ਆਧਾਰ ਸਥਾਪਤ ਕਰਨ ਵਿਚ ਅਤੇ ਇਸ ਦੀਆਂ ਵੱਖ-ਵੱਖ ਪਰਤਾਂ ਬਣਾਉਣ ਵਿਚ ਕਿਸੇ ਪੱਖ ਦਾ ਕਿੰਨਾ ਯੋਗਦਾਨ ਹੈ।
ਦੰਗਿਆਂ ਦੀ ਸ਼ੁਰੂਆਤ ਦੀ ਧਾਰਨਾ ਨੂੰ ਜਾਂਚਦੇ ਸਮੇਂ ਇਕ ਹੋਰ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਜੋ ਸਮੂਹ ਦੰਗਾ ਸ਼ੁਰੂ ਕਰੇਗਾ, ਉਹ ਇਸ ਦੀ ਪਹਿਲਾਂ ਤਿਆਰੀ ਵੀ ਕਰੇਗਾ, ਇਸ ਤਿਆਰੀ ਲਈ ਹਥਿਆਰ ਇਕੱਠੇ ਕਰੇਗਾ। ਅਹਿੰਸਕ ਹੋਣ ਕਾਰਨ ਹਿੰਦੂ ਸਮੂਹ ਕੋਲ ਹਥਿਆਰ ਨਹੀਂ ਹੋਣਗੇ। ਜੇ ਹੋਣਗੇ ਵੀ ਤਾਂ ਹਲਕੇ। ਇਸ ਲਈ ਮੁੱਢਲੇ ਸਮੇਂ ਵਿਚ ਪਹਿਲਾਂ ਹਮਲਾ ਕਰਨ ਵਾਲਾ ਲਾਭ ਵਾਲੀ ਸਥਿਤੀ ਵਿਚ ਰਹਿਣਾ ਚਾਹੀਦਾ ਹੈ। ਅਖ਼ਬਾਰਾਂ ਅਤੇ ਪੁਲਿਸ ਦਸਤਾਵੇਜ਼ਾਂ ਵਿਚ ਦਰਜ ਰਿਪੋਰਟਿੰਗ ਅਨੁਸਾਰ ਵੱਖ-ਵੱਖ ਦੰਗਿਆਂ ਵਿਚ ਹਿੰਦੂਆਂ ਦੇ ਜਲੂਸ `ਤੇ ਮੁਸਲਮਾਨਾਂ ਵਲੋਂ ਹਮਲਾ ਹੀ ਦਰਸਾਇਆ ਜਾਂਦਾ ਹੈ। ਜੇ ਇਸ ਤਰਕ ਨੂੰ ਮੰਨ ਲਈਏ ਤਾਂ ਦੰਗਿਆਂ ਦੇ ਸ਼ੁਰੂਆਤੀ ਦੌਰ ਵਿਚ ਹਿੰਦੂਆਂ ਦਾ ਵੱਧ ਨੁਕਸਾਨ ਹੋਵੇ ਅਤੇ ਬਾਅਦ ਵਿਚ ਭਾਵੇਂ ਮੁਸਲਮਾਨ ਦਾ ਵੱਧ ਨੁਕਸਾਨ ਹੁੰਦਾ ਹੋਵੇ। ਰਿਪੋਰਟਾਂ ਅਨੁਸਾਰ ਮੁਸਲਮਾਨ ਸ਼ੁਰੂ ਤਾਂ ਕਰ ਦਿੰਦੇ ਹਨ ਪ੍ਰੰਤੂ ਬਾਅਦ ਵਿਚ ਪੁਲਿਸ, ਸੁਰੱਖਿਆ ਬਲ ਅਤੇ ਫ਼ੌਜ ਦੇ ਆਉਣ ਤੋਂ ਬਾਅਦ ਹਾਲਾਤ ਬਦਲ ਜਾਂਦੇ ਹਨ। ਮੁਸਲਮਾਨਾਂ ਦਾ ਵੱਧ ਨੁਕਸਾਨ ਮੁੱਖ ਰੂਪ ਵਿਚ ਇਨ੍ਹਾਂ ਬਲਾਂ ਵਲੋਂ ਹਿੰਦੂਆਂ ਨੂੰ ਬਚਾਉਣ ਦੀ ਕਾਰਵਾਈ ਦੇ ਸਿੱਟੇ ਵਜੋਂ ਹੁੰਦਾ ਹੈ।
ਲੇਕਿਨ ਦੋ ਤੱਥ ਇਸ ਸੋਚ ਨੂੰ ਗ਼ਲਤ ਸਿੱਧ ਕਰਦੇ ਹਨ। ਆਜ਼ਾਦੀ ਤੋਂ ਬਾਅਦ ਹੋਏ ਜ਼ਿਆਦਾਤਰ ਵੱਡੇ ਦੰਗਿਆਂ ਵਿਚ ਸ਼ੁਰੂ ਵਿਚ ਵੀ ਮੁਸਲਮਾਨਾਂ ਦਾ ਹੀ ਵਧੇਰੇ ਨੁਕਸਾਨ ਹੋਇਆ। ਇਕ ‘ਹਿੰਸਕ` ‘ਦੰਗਾ ਸ਼ੁਰੂ ਕਰਨ ਲਈ ਤਿਆਰ ਸਮੂਹ` ਨੂੰ ਹਿੰਸਾ ਦੇ ਸ਼ੁਰੂਆਤ ਸਮੇਂ ਵੀ ਲਾਭ ਪ੍ਰਾਪਤ ਨਹੀਂ ਹੁੰਦਾ। ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਭਾਰਤੀ ਪੁਲਿਸ ਸਿਖਲਾਈ ਅਤੇ ਸਾਧਨਾਂ ਦੀ ਗਿਣਤੀ ਦੇ ਮਾਮਲੇ ਵਿਚ ਕਦੇ ਵੀ ਚੰਗੀ ਸਥਿਤੀ ਵਿਚ ਨਹੀਂ ਰਹੀ ਤਾਂ ਜੋ ਦੰਗਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ।
ਪੈਰਾਮਿਲਟਰੀ (ਸੀ.ਆਰ.ਪੀ.ਐਫ., ਬੀ.ਐਸ.ਐਫ.) ਆਦਿ ਕਾਫ਼ੀ ਸਮੇਂ ਬਾਅਦ ਪਹੁੰਚਦੇ ਹਨ। ਕਈ ਵਾਰ ਦੋ ਤਿੰਨ ਦਿਨਾਂ ਬਾਅਦ। ਇਸ ਲਈ ਸ਼ੁਰੂਆਤੀ ਦੌਰ ਵਿਚ ਮੁੱਖ ਰੂਪ ਵਿਚ ਹਿੰਦੂ ਅਤੇ ਮੁਸਲਿਮ ਕੱਟੜਪੰਥੀਆਂ ਕੋਲ ਜ਼ੋਰ ਅਜਮਾਈ ਦਾ ਕਾਫ਼ੀ ਮੌਕਾ ਹੁੰਦਾ ਹੈ, ਜਦੋਂ ਸਥਾਨਕ ਪੁਲਿਸ ਮੂਕ ਦਰਸ਼ਕ ਬਣੀ ਸਾਰਾ ਕੁਝ ਦੇਖ ਰਹੀ ਹੁੰਦੀ ਹੈ। ਉਨ੍ਹਾਂ ਕੋਲ ਬੰਦੂਕਾਂ ਵੀ ਉਹ ਹੁੰਦੀਆਂ ਹਨ, ਜੋ ਚੱਲ ਹੀ ਨਹੀਂ ਸਕਦੀਆਂ। ਦੰਗਿਆਂ ਵਿਚ ਜ਼ਿਆਦਾ ਮੌਤਾਂ ਚਾਕੂ, ਛੁਰੇ ਜਾਂ 12 ਬੋਰ ਦੀਆਂ ਬੰਦੂਕਾਂ ਨਾਲ ਹੀ ਹੁੰਦੀਆਂ ਹਨ। ਇਸ ਲਈ ਇਹ ਤਰਕ ਕਿ ਮੁਸਲਮਾਨਾਂ ਦੀਆਂ ਜ਼ਿਆਦਾ ਮੌਤਾਂ ਪੁਲਿਸ ਦੇ ਬਲ ਪ੍ਰਯੋਗ ਨਾਲ ਹੁੰਦੀਆਂ ਹਨ, ਠੀਕ ਨਹੀਂ। ਪੁਲਿਸ ਬਲਾਂ ਨਾਲ ਮਰਨ ਵਾਲੇ ਤਾਂ ਬਹੁਤ ਥੋੜ੍ਹੇ ਹੁੰਦੇ ਹਨ। ਉਨ੍ਹਾਂ ਦੀ ਦਖ਼ਲ ਅੰਦਾਜ਼ੀ ਤਾਂ ਹਿੰਦੂ ਕੱਟੜਪੰਥੀਆਂ ਦੀ ਮਦਦ ਕਰਨਾ ਹੁੰਦੀ ਹੈ। ਦੰਗਿਆਂ ਸਮੇਂ ਹਿੰਦੂ ਕੱਟੜਪੰਥੀਆਂ ਪ੍ਰਤੀ ਉਨ੍ਹਾਂ ਦਾ ਨਰਮੀ ਵਾਲਾ ਵਤੀਰਾ ਹੁੰਦਾ ਹੈ। (ਚੱਲਦਾ)