ਬਦਲ ਰਿਹਾ ਭਾਰਤ

ਮਈ 2014 ਵਿਚ ਨਰਿੰਦਰ ਮੋਦੀ ਦੀ ਤਾਜਪੋਸ਼ੀ ਤੋਂ ਹਫਤੇ ਬਾਅਦ ਹੀ ਜਦੋਂ ਹਿੰਦੂਤਵਵਾਦੀਆਂ ਨੇ ਪੁਣੇ ਵਿਚ ਨੌਜਵਾਨ ਇੰਜਨੀਅਰ ਮੋਹਸਿਨ ਖਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ, ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਅੱਠ ਵਰ੍ਹਿਆਂ ਬਾਅਦ ਹਾਲਾਤ ਬਦ ਤੋਂ ਬਦਤਰ ਹੋ ਜਾਣੇ ਹਨ।

ਉਦੋਂ ਨਰਿੰਦਰ ਮੋਦੀ ਕਾਂਗਰਸੀ ਸਿਆਸਤ ਦੀ ਅਸਫਲਤਾ ਉਤੇ ਸਵਾਰ ਹੋ ਕੇ ਕੇਂਦਰੀ ਸੱਤਾ ਉਤੇ ਬਿਰਾਜਮਾਨ ਹੋਇਆ ਸੀ, ਇਸ ਲਈ ਬਹੁਤ ਸਾਰੇ ਲੋਕ ਤਵੱਕੋ ਕਰ ਰਹੇ ਸਨ ਕਿ ਉਹ ਇਸ ਕਤਲ ਦੇ ਪ੍ਰਸੰਗ ਵਿਚ ਕੁਝ ਬੋਲਣਗੇ ਪਰ ਕੇਂਦਰੀ ਸੱਤਾ ਵਿਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਧਰਮ ਨੂੰ ਸਿਆਸਤ ਨਾਲ ਜੋੜਨਾ ਸ਼ੁਰੂ ਕੀਤਾ, ਉਸ ਨਾਲ ਸਪਸ਼ਟ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਫਿਰਕੂ ਸਿਆਸਤ ਦੇ ਰੱਥ ਉਤੇ ਸਵਾਰ ਹੋ ਕੇ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਜੜ੍ਹਾਂ ਅਸਲ ਵਿਚ ਇਟਲੀ ਦੇ ਫਾਸ਼ੀਵਾਦ ਅਤੇ ਜਰਮਨੀ ਦੇ ਨਾਜ਼ੀਵਾਦ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਇਨ੍ਹਾਂ ਨੂੰ ਸਮਝੇ ਬਗੈਰ ਹਿੰਦੂਤਵੀ ਸਿਆਸਤ ਨੂੰ ਸਮਝਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
ਇਤਾਲਵੀ ਇਤਿਹਾਸਕਾਰ ਮਾਰਜ਼ੀਆ ਕੈਸੋਲਰੀ ਨੇ ਆਪਣੀ ਕਿਤਾਬ ‘ਸ਼ੈਡੋ ਆਫ ਦਿ ਸਵਾਸਤਿਕ: ਦਿ ਰਿਲੇਸ਼ਨਸ਼ਿਪਜ਼ ਬਿਟਵੀਨ ਇੰਡੀਅਨ ਰੈਡੀਕਲ ਨੈਸ਼ਨਲਿਜ਼ਮ ਇਟੈਲੀਅਨ ਫਾਸਿਜ਼ਮ ਐਂਡ ਨਾਜ਼ੀਇਜ਼ਮ’ (2020) ਵਿਚ ਹਿੰਦੂਤਵਵਾਦੀਆਂ ਅਤੇ ਫਾਸ਼ੀਵਾਦੀਆਂ ਦੀ ਨੇੜਤਾ ਦਾ ਵਿਸਥਾਰ ਸਹਿਤ ਖੁਲਾਸਾ ਕੀਤਾ ਹੈ। 1930ਵਿਆਂ ਵਿਚ ਜਦੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਫਾਂਸੀ ਤੋਂ ਬਾਅਦ ਆਜ਼ਾਦੀ ਦੀ ਲਹਿਰ ਹੋਰ ਤਿੱਖੀ ਹੋ ਰਹੀ ਸੀ ਤਾਂ ਹਿੰਦੂਤਵਵਾਦੀ ਇਤਾਲਵੀ ਫਾਸ਼ੀਵਾਦ ਤੋਂ ਪ੍ਰੇਰਨਾ ਲੈਂਦੇ ਦੋ ਧਰਾਤਲਾਂ ਉਤੇ ਆਪਣੀ ਊਰਜਾ ਲਾ ਰਹੇ ਸਨ। ਇਕ ਤਾਂ ਇਹ ਕਿ ਹਿੰਦੂਆਂ ਦੀਆਂ ਵੱਖ-ਵੱਖ ਧਾਰਾਵਾਂ ਨੂੰ ਇਕ ਥਾਂ ਕਿਵੇਂ ਲਿਆਂਦਾ ਜਾਵੇ; ਦੂਜੇ, ਨੌਜਵਾਨਾਂ ਨੂੰ ਜੰਗਬਾਜ਼ੀ (ਸੈਨਿਕੀਕਰਨ) ਲਈ ਕਿਵੇਂ ਤਿਆਰ ਕੀਤਾ ਜਾਵੇ। ਇਸ ਕਾਰਜ ਬਾਰੇ ਵਿਚਾਰਾਂ ਲਈ ਆਰ.ਐੱਸ.ਐੱਸ. ਦੇ ਕਰਤਾ-ਧਰਤਾ ਕੇ.ਬੀ. ਹੈਡਗੇਵਾਰ ਦਾ ਸਿਆਸੀ ਮੁਰਸ਼ਦ ਬਾਲਕ੍ਰਿਸ਼ਨ ਸ਼ਿਵਰਾਮ ਮੁੰਜੇ ਇਤਲਾਵੀ ਲੀਡਰਾਂ ਨਾਲ ਵਿਚਾਰਾਂ ਲਈ ਇਟਲੀ ਗਿਆ ਸੀ। ਇਨ੍ਹਾਂ ਦੋਹਾਂ ਵਿਚੋਂ ਪਹਿਲਾ ਕਾਰਜ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਤਕਰੀਬਨ ਮੁਕੰਮਲ ਕਰ ਲਿਆ ਗਿਆ। ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਨੇ ਘੱਟੋ-ਘੱਟ ਅਜਿਹੀ ਚੋਣ ਮਸ਼ੀਨਰੀ ਤਿਆਰ ਕਰ ਲਈ ਹੈ ਜੋ ਹਿੰਦੂ ਸਮਾਜ ਦੇ ਇਕ ਹਿੱਸੇ ਨੂੰ ਕਾਫੀ ਅਪੀਲ ਕਰਦੀ ਜਾਪਦੀ ਹੈ। ਦੂਜੇ ਕਾਰਜ ਦੀ ਤਿਆਰੀ ਹੁਣ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਆਰ.ਐੱਸ.ਐੱਸ. ਦੀ ਲਾਠੀ ਵਾਲੀ ਪਛਾਣ ਹੁਣ ਛੇਤੀ ਹੀ ਅਗਨ-ਹਥਿਆਰਾਂ ਵਿਚ ਬਦਲ ਸਕਦੀ ਹੈ। ਮੋਦੀ ਸਰਕਾਰ ਨੇ ਹੁਣ ‘ਅਗਨੀਪੱਥ ਭਰਤੀ ਯੋਜਨਾ’ ਐਲਾਨ ਦਿੱਤੀ ਹੈ। ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਫੌਜ ਵਿਚ ਚਾਰ ਸਾਲ ਲਈ ਭਰਤੀ ਕੀਤਾ ਜਾਵੇਗਾ। ਇਹ ਨੌਜਵਾਨ ਚਾਰ ਸਾਲ ਬਾਅਦ ਸੇਵਾ-ਮੁਕਤ ਹੋ ਸਕਣਗੇ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਇਕ ਤਾਂ ਫੌਜ ਵਿਚ ਸ਼ਾਮਿਲ ਨੌਜਵਾਨਾਂ ਦੀ ਔਸਤ ਉਮਰ ਘਟੇਗੀ; ਦੂਜੇ, ਸੁਰੱਖਿਆ ਬਲਾਂ ਉਤੇ ਪੈਨਸ਼ਨਾਂ ਬਗੈਰਾ ਦਾ ਖਰਚਾ ਵੀ ਘਟੇਗਾ। ਇਹੀਂ ਨਹੀਂ, ਚਾਰ ਸਾਲ ਬਾਅਦ ਸੇਵਾ-ਮੁਕਤ ਹੋਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਹੋਰ ਥਾਈਂ ਨੌਕਰੀ ਦਿਵਾਉਣ ਲਈ ਫੌਜ ਵੱਡੀ ਭੂਮਿਕਾ ਨਿਭਾਏਗੀ। ਫੌਜੀ ਸਿਖਲਾਈ ਲੈਣ ਵਾਲੇ ਇਨ੍ਹਾਂ ਨੌਜਵਾਨਾਂ ਵਿਚੋਂ 25 ਫੀਸਦ ਨੂੰ ਫੌਜ ਵਿਚ ਪੱਕੀ ਨੌਕਰੀ ਦਾ ਮੌਕਾ ਦਿੱਤਾ ਜਾਵੇਗਾ। ਜ਼ਾਹਿਰ ਹੈ ਕਿ ਇਕ ਅਰਸੇ ਬਾਅਦ ਫੌਜੀ ਸਿਖਲਾਈਯਾਫਤਾ ਨੌਜਵਾਨਾਂ ਦੀ ਗਿਣਤੀ ਚੋਖੀ ਹੋ ਜਾਵੇਗੀ। ਇਹ ਅਸਲ ਵਿਚ ਸਮਾਜ ਦਾ ਫੌਜੀਕਰਨ ਹੀ ਹੈ ਅਤੇ ਇਹ ਫਾਸ਼ੀਵਾਦੀ ਆਗੂਆਂ ਦੀ ਉਸੇ ਕੜੀ ਦੀ ਹਿੱਸਾ ਹੈ ਜਿਸ ਤਹਿਤ ਜੰਗਬਾਜ਼ੀ ਦੀ ਮਹਿਮਾ ਕੀਤੀ ਜਾਂਦੀ ਹੈ।
ਇਹ ਉਹ ਪ੍ਰਸੰਗ ਅਤੇ ਪਿਛੋਕੜ ਹਨ ਜਿਨ੍ਹਾਂ ਤਹਿਤ ਭਾਰਤੀ ਸਿਆਸਤ ਸੱਜੇ ਪਾਸੇ ਤਿੱਖਾ ਮੋੜਾ ਕੱਟ ਰਹੀ ਹੈ। ਸਾਲ 2014 ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੇ ਬਹੁਤ ਸਾਰੇ ਕਾਰਨਾਂ ਵਿਚੋਂ ਇਕ ਅਹਿਮ ਕਾਰਨ ਕਾਂਗਰਸ ਦੀ ਨਾਲਾਇਕੀ ਸੀ। ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਦੌਰਾਨ ਜਦੋਂ ਹਿੰਦੂਤਵੀ ਸਿਆਸਤ ਪੈਰ ਪਸਾਰਨ ਦਾ ਯਤਨ ਕਰ ਰਹੀ ਸੀ ਤਾਂ ਇਸ ਨੇ ਸਭ ਤੋਂ ਪਹਿਲਾਂ ‘ਧਰਮ-ਨਿਰਪੱਖਤਾ’ ਨੂੰ ‘ਜਾਅਲੀ ਧਰਮ ਨਿਰਪੱਖਤਾ’ ਕਹਿ ਕੇ ਹਮਲਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਹਾਣੀ ਬਦਲਦੀ ਗਈ ਅਤੇ ਆਖਿਰਕਾਰ ਹੁਣ ਹਾਲਾਤ ਵਿਗੜਦੇ-ਵਿਗੜਦੇ ਹੁਣ ਵਾਲੀ ਹਾਲਤ ਤੱਕ ਪਹੁੰਚ ਗਏ ਹਨ। ਹੁਣ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ-ਮੁਕਤ ਭਾਰਤ ਦੀ ਮੁਹਿੰਮ ਅੰਦਰ ਖੱਬੇਪੱਖੀ ਹਾਸ਼ੀਏ ‘ਤੇ ਹਨ। ਭਾਰਤੀ ਜਨਤਾ ਪਾਰਟੀ ਨੂੰ ਵੰਗਾਰ ਵਾਲੀ ਗੱਲ ਹੁਣ ਲੈ-ਦੇ ਕੇ ਖੇਤਰੀ ਪਾਰਟੀਆਂ ਤੱਕ ਸਿਮਟ ਗਈ ਹੈ। ਅੱਜ ਮੁਲਕ ਦੇ ਸੱਜੇ ਪਾਸੇ ਕੱਟੇ ਜਾ ਰਹੇ ਮੋੜ ਬਾਰੇ ਸੋਚਣ-ਵਿਚਾਰਨ ਵਾਲਿਆਂ ਲਈ ਸਭ ਤੋਂ ਵੱਡਾ ਸਵਾਲ ਹੈ: ਕੀ ਖੇਤਰੀ ਪਾਰਟੀ ਸੱਜੇਪੱਖੀ ਸਿਆਸਤ ਦਾ ਤੋੜ ਲੱਭਣ ਵਿਚ ਸਹਾਈ ਹੋ ਸਕਦੀਆਂ ਹਨ? ਇਨ੍ਹਾਂ ਖੇਤਰੀ ਪਾਰਟੀਆਂ ਨਾਲ ਤਾਲਮੇਲ ਲਈ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ (ਆਪ) ਦੀ ਹੋ ਰਹੀ ਹੈ। ਦਿੱਲੀ ਮਗਰੋਂ ਪੰਜਾਬ ਵਿਚ ਜਿੱਤ ਤੋਂ ਬਾਅਦ ਇਸ ਦੀ ਅੱਖ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਉਤੇ ਹੈ। ਦਿੱਲੀ ਅਤੇ ਪੰਜਾਬ ਦੇ ‘ਆਪ’ ਮੁੱਖ ਮੰਤਰੀ ਇਨ੍ਹਾਂ ਦੋਹਾਂ ਸੂਬਿਆਂ ਦੇ ਗੇੜੇ ਲਗਾਤਾਰ ਕੱਢ ਰਹੇ ਹਨ ਪਰ ਪਿਛਲੇ ਸਾਲਾਂ ਦੌਰਾਨ ਇਸ ਪਾਰਟੀ ਦੀ ਸਿਆਸਤ ਇਸ਼ਾਰੇ ਸੁੱਟ ਰਹੀ ਹੈ ਕਿ ਇਹ ਜਥੇਬੰਦੀ ਕੁਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੇ ਨੇੜੇ-ਤੇੜੇ ਜਾ ਖੜ੍ਹਦੀ ਹੈ। ਪੰਜਾਬ ਵਿਚ ‘ਆਪ’ ਸਰਕਾਰ ਭਾਵੇਂ ਹੁਣੇ-ਹੁਣੇ ਬਣੀ ਹੈ ਪਰ ਜਾਪਦਾ ਨਹੀਂ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵੀ ਸਿਆਸਤ ਖਿਲਾਫ ਕੋਈ ਮੋਰਚਾ ਬੰਨ੍ਹੇਗੀ। ਹੁਣ ਤਾਂ ਸਗੋਂ ਸਵਾਲ ਇਹ ਹੈ ਕਿ ਕਿਤੇ ਭਾਰਤੀ ਜਨਤਾ ਪਾਰਟੀ ਦੀ ਕਾਂਗਰਸ-ਮੁਕਤ ਮੁਹਿੰਮ ਵਿਚ ਇਹ ਆਮ ਆਦਮੀ ਪਾਰਟੀ ਤਾਂ ਫਿੱਟ ਨਹੀਂ ਕੀਤੀ ਜਾ ਰਹੀ। ਇਸ ਸਮੁੱਚੇ ਹਾਲਾਤ ਨੂੰ ਜੇ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵ ਅਤੇ ਨਰਮ ਹਿੰਦੂਤਵ ਵਾਲੀ ਤੱਕੜੀ ਵਿਚ ਤੋਲੀਏ ਤਾਂ ਸਮੀਕਰਨ ਬਹੁਤ ਘਾਤਕ ਮੋੜ ਕੱਟਦੀ ਨਜ਼ਰੀਂ ਪੈ ਰਹੀ ਹੈ। ਇਸ ਲਈ ਸੰਜੀਦਾ ਧਿਰਾਂ ਨੂੰ ਹੁਣੇ ਹੀ ਇਕੱਠੇ ਹੋ ਕੇ ਅਗਲਾ ਕਦਮ ਉਠਾਉਣ ਲਈ ਅਹੁਲਣਾ ਚਾਹੀਦਾ ਹੈ।