ਜਥੇਦਾਰ ਜੀ,ਪਹਿਲਾਂ ‘ਉਹ ਗੱਲ’ ਕਰੋ!

ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 001-408-915-1268
ਪਤਾ ਨਹੀਂ ਕਿਹੜੀ ਭਾਵਨਾ ਕਰਕੇ ਮੇਰੇ ਇਕ ਦੋਸਤ ਨੇ ਵ੍ਹਟਸਐਪ ’ਤੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਾਰੀਅਲ-ਪਾਣੀ ਪੀਂਦਿਆਂ ਦੀ ਇਹ ਫੋਟੋ ਭੇਜੀ ਹੋਵੇਗੀ।

ਮੋੜਵੇਂ ਜਵਾਬ ਵਜੋਂ ਉਸ ਦੋਸਤ ਨੂੰ ਤਾਂ ਮੈਂ ਇਹ ਲਿਖ ਕੇ ਭੇਜ ਦਿੱਤਾ ਕਿ ਨਾਰੀਅਲ ਪਾਣੀ ਪੀਣਾ ਤਾਂ ਮੈਂ ਵੀ ਬਹੁਤ ਪਸੰਦ ਕਰਦਾ ਹਾਂ। ਪਰ ਮਗਰੋਂ ਇਸ ਫੋਟੋ ਵੱਲ ਸਰਸਰੀ ਨਜ਼ਰ ਮਾਰਦਿਆਂ ਮੇਰੇ ਜ਼ਿਹਨ ਵਿਚ ਕਈ ਕੁਝ ਘੁੰਮਣ ਲੱਗ ਪਿਆ। ਜਿਵੇਂ ਮਾਪਿਆਂ ਪਾਸੋਂ ਸੁਣੀ ਹੋਈ ਆਪਣੇ ਬਚਪਨੇ ਦੀ ਇਕ ਭੋਲ਼ੀ ਜਿਹੀ ਜ਼ਿੱਦ ਅਤੇ ਮਾਂ ਵਲੋਂ ਮੇਰੀ ਉਹ ਜ਼ਿੱਦ ਭੁਲਾਉਣ ਵਜੋਂ ਹੋਰ ਗੱਲਾਂ ਕਰ ਕੇ ਮੈਨੂੰ ਵਰਚਾਉਣ ਵਾਲ਼ੀ ਵਾਰਤਾ। ਇਸ ਬਾਲ਼ੀ-ਭੋਲ਼ੀ ਵਾਰਤਾ ਦੀ ‘ਕਿਸਮ’ ਨਾਲ਼ ਮਿਲ਼ਦੀਆਂ ਜੁਲਦੀਆਂ ਜਥੇਦਾਰ ਅਕਾਲ ਤਖਤ ਸਾਹਿਬ ਦੀਆਂ ਵਰਤਮਾਨ ਜੋ਼ਰਦਾਰ ਸਰਗਰਮੀਆਂ ਅਤੇ ਅਜੋਕੀ ਸਿੱਖ ਸਿਆਸਤ ਦਾ ਬੁਰੀ ਤਰ੍ਹਾਂ ਉਲ਼ਝਿਆ ਹੋਇਆ ਤਾਣਾ-ਬਾਣਾ! ਇਸ ਸਾਰੇ ਕੁਝ ਦੀ ਮੇਰੇ ਮਨ ਮਸਤਕ ਵਿਚ ਜ਼ੋਰਦਾਰ ਗੁਣਾ-ਘਟਾਓ-ਤਕਸੀਮ ਹੋਣ ਲੱਗ ਪਈ।
ਪਹਿਲਾਂ ਮੇਰੇ ਬਚਪਨ ਦੀ ਜ਼ਿੱਦੀ ਚਲਾਕੀ ਸੁਣ ਲਓ-ਬੀਬੀ ਦੱਸਦੀ ਹੁੰਦੀ ਸੀ ਕਿ ਰਿੜ੍ਹਨ ਤੋਂ ਬਾਅਦ ਮੈਂ ਤੁਰਨ ਵੀ ਲੱਗ ਪਿਆ ਅਤੇ ਅੱਧੀ-ਪੌਣੀ ਰੋਟੀ ਵੀ ਖਾਣੀ ਸ਼ੁਰੂ ਕਰ ਦਿੱਤੀ ਪਰ ਮੈਂ ਮਾਂ ਦਾ ਦੁੱਧ ਚੁੰਘਣੋਂ ਨਹੀਂ ਸਾਂ ਹਟਦਾ! ਕਹਿੰਦੇ ਜਦੋਂ ਵੀ ਮੈਂ ਬੀਬੀ ਦੇ ਕੁੱਛੜ ਜਾਣ ਨੂੰ ਭੱਜਣਾ ਤਾਂ ਬੀਬੀ ਨੇ ਉਦੇ ਈ ਸਾਡੇ ਵਿਹੜੇ ’ਚ ਖੜ੍ਹੀ ਨਿੰਮ ਉੱਤੇ ਬੈਠੇ ਜਨੌਰਾਂ ਵੱਲ ਇਸ਼ਾਰੇ ਕਰ ਕਰ ਕਹਿਣਾ, ‘ਔਹ ਦੇਖ ਪੁੱਤ ਕਿੰਨੇ ਸੋਹਣੇ ਤੋਤੇ…ਉਹ ਦੇਖ ਇਕ ਮੋਰ ਵੀ ਆ ਗਿਆ… ਹੋਰ ਦੇਖ ਪੁੱਤ ਚਿੜੀਆਂ ਕਿੱਦਾਂ ਚੀਂ…ਚੀਂ ਕਰਦੀਆਂ ਹਨਾਂ?’ ਮੈਂ ਜ਼ਰਾ ਦੀ ਜ਼ਰਾ ਨਿੰਮ ਵੱਲ ਦੇਖਣ ਤੋਂ ਬਾਅਦ ਫਿਰ ‘ਦੁਧੂ..ਦੁੱਧੂ’ ਕਰਨ ਲੱਗ ਪੈਣਾ। ਫਿਰ ਬੀਬੀ ਨੇ ਘਰੇ ਘੁੰਮਦੀ ਬਿੱਲੀ ਵੱਲ ਇਸ਼ਾਰਾ ਕਰ ਕੇ ਮੇਰਾ ‘ਦੁੱਧੂ’ ਵਲੋਂ ਧਿਆਨ ਹਟਾਉਣ ਲਈ ਨਵੀਂ ‘ਜੁਗਤਿ’ ਵਰਤਦਿਆਂ ਆਖਣਾ-‘ਲੈ, ਆਹ ਮਾਣੋ ਬਿੱਲੀ ਆ ਗਈ…ਕਹਿੰਦੀ ਆ… ਕਾਕੇ ਦੀ ਰੋਟੀ ਮੈਨੂੰ ਦੇ ਦਿਓ… ਮੈਨੂੰ ਭੁੱਖ ਲੱਗੀ ਆ! … ਦੌੜ ਜਾਹ ਬਿੱਲੀਏ, ਰੋਟੀ ਤਾਂ ਸਾਡੇ ਕਾਕੇ ਨੇ ਖਾਣੀ ਆਂ, ਪਤਾ ?’ ਬੀਬੀ ਹੱਸ ਹੱਸ ਕੇ ਦੱਸਦੀ ਹੁੰਦੀ ਸੀ ਕਿ ਮੈਂ ਪਲ ਦੀ ਪਲ ਬਿੱਲੀ ਵੱਲ ਗੌਰ ਨਾਲ਼ ਦੇਖਣ ਮਗਰੋਂ ਬੀਬੀ ਦੀ ਏਸ ਜੁਗਤਿ ਉੱਤੇ ਵੀ ਪਾਣੀ ਫੇਰਦਿਆਂ ਉਹੀ ਰਟ ਲਾ ਦੇਣੀ, ‘ਮੈਂਅ ਨੀਂ… ਮੈਂਅ ਨੀਂ, ਪਹਿਲਾਂ ਮੇਲੇ ਨਾਲ ‘ਦੁੱਧੂ ਦੀ ਗੱਲ’ ਕਰ ਤੂੰ!’
ਬਾ-ਐਨ੍ਹ ਇਹੋ ਕੁਝ ਹੋ ਰਿਹਾ ਹੈ ਪੰਜਾਬ ਦੀ ਸਿੱਖ ਸਿਆਸਤ ਵਿਚ! ਜਦੋਂ ਤੋਂ ਪੰਜਾਬ ਦੀਆਂ ਵਿਧਾਨ ਸਭਾਈ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਣਾ ਦਿੱਤੇ ਗਏ ‘ਬਾਦਲ ਦਲ’ ਨੂੰ ਸਮੁੱਚੇ ਵੋਟਰਾਂ ਨੇ ਨਕਾਰ ਤੇ ਦੁਰਕਾਰ ਦਿੱਤਾ ਹੈ, ਉਦੋਂ ਤੋਂ ਹੀ ਬਾਦਲ ਦਲ ਦੀ ਕਮਾਂਡ ਕਰਨ ਵਾਲ਼ੇ ਆਗੂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਰਾਹੀਂ ਆਪਣੇ ਬੁਰ੍ਹੀ ਤਰਾਂ ਉੱਖੜੇ ਹੋਏ ਪੈਰ ਮੁੜ ਜਮਾਉਣ ਲਈ ਤਰਲੋਮੱਛੀ ਹੋ ਰਹੇ ਹਨ। ਬਾਦਲ ਦਲ ਦੇ ਸਮਰਥਕਾਂ ਤੋਂ ਇਲਾਵਾ ਸਾਰਾ ਸਿੱਖ ਜਗਤ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਮਤਾ ਮੁਤਾਬਿਕ ਜਥੇਦਾਰ ਸਾਹਿਬ ਤੋਂ ਵਾਰ ਵਾਰ ਮੰਗ ਕਰ ਰਿਹਾ ਹੈ ਕਿ ਸਿੰਘ ਸਾਹਿਬ ਜੀ, ਬਰਗਾੜੀ ਦੇ ਬੇਅਦਬੀ ਕਾਂਡ ਦੇ ਵੱਡੇ ਕਾਰਨ ਬਣੇ ਸੌਦੇ ਸਾਧ ਨੂੰ ਸ੍ਰੀ ਅਕਾਲ ਤਖਤ ਵਲੋਂ ਮੁਆਫੀਨਾਮਾ ਦੇਣ, ਮੁਆਫੀਨਾਮੇ ਨੂੰ ‘ਹੁਕਮਨਾਮੇ’ ਵਜੋਂ ਪ੍ਰਚਾਰਨ ਲਈ ਗੁਰੂ ਕੀ ਗੋਲਕ ਵਿਚੋਂ ਨੱਬੇ ਲੱਖ ਰੁਪਏ ਅਖਬਾਰੀ ਇਸ਼ਤਿਹਾਰਬਾਜ਼ੀ ’ਤੇ ਖਰਚਣ ਫਿਰ ਉਸ ਮੁਆਫੀਨਾਮੇ ਨੂੰ ਰੱਦ ਕਰਨ/ਕਰਾਉਣ ਵਾਲ਼ੇ ਸਾਬਕਾ ਜਥੇਦਾਰ ਅਤੇ ਤਤਕਾਲੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ‘ਸੁੱਖ ਨਾਲ’ ਸਾਰੇ ਜੀਵਿਤ ਹਨ, ਉਨ੍ਹਾਂ ਸਾਰਿਆਂ ਨੂੰ ਤਖਤ ਸਾਹਿਬ ਵਿਖੇ ਤਲਬ ਕਰ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਿੱਤਾ ਜਾਵੇ! ਇਹਦੇ ਨਾਲ ਹੀ ਦੁਖੀ ਹਿਰਦਿਆਂ ਨਾਲ ਸਿੱਖ ਸੰਗਤ ਅਤੇ ਦੁਨੀਆਂ ਭਰ ਦੀਆਂ ਧਾਰਮਿਕ ਜਥੇਬੰਦੀਆਂ ਜਥੇਦਾਰ ਜੀ ਪਾਸੋਂ ਮੰਗ ਕਰਦੀਆਂ ਹਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਤਿੰਨ ਸੌ ਅਠਾਈ ਸਰੂਪਾਂ ਦੇ ਗੁਨਾਹਗਾਰਾਂ ਨੂੰ ਨੰਗਿਆਂ ਕਰਨ ਪਰ ਜਥੇਦਾਰ ਸਾਹਿਬ ਜੀ ਬਿਲਕੁਲ ਮੇਰੀ ਮਾਂ ਵਾਂਗ ਸਿੱਖ ਸੰਗਤ ਨੂੰ ਹੋਰ ਦੀਆਂ ਹੋਰ ਗੱਲਾਂ ਕਰ ਕਰ ਕੇ ਟਰਕਾਈ ਜਾ ਰਹੇ ਹਨ! ਕਦੇ ਕਹਿੰਦੇ ਨੇ ਕਿ ਸਿੱਖ, ਸ਼੍ਰੋਮਣੀ ਕਮੇਟੀ ਦੀ ਹਿਫਾਜ਼ਤ ਲਈ ਡਾਂਗਾਂ ਸੋਟੇ ਲੈ ਕੇ ਆ ਜਾਣ…ਕਦੇ ਕਹਿੰਦੇ ਨੇ ਕਿ ਬਾਦਲ ਦਲ ਨੂੰ ਹਰਾ ਕੇ ਪੰਜਾਬ ਨੇ ਬਹੁਤ ‘ਬਦਤਮੀਜ਼ੀ’ ਕੀਤੀ ਹੈ! ਕਦੇ ਉਹ ਹਥਿਆਰਬੰਦ ਹੋਣ ਦੀਆਂ ਅਪੀਲਾਂ ਕਰਦੇ ਹਨ…ਕਦੇ ਪੰਜਾਬ ਦੇ ਮੌਜੂਦਾ ਹਾਲਾਤ ਲਈ ਭਾਜਪਾਈ ਆਗੂਆਂ ਦੀ ਤਰਜ਼ ’ਤੇ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾਉਂਦੇ ਨੇ। ਇੰਜ ਹੀ ਕਦੇ ਉਹ ਕੌਮ ਨੂੰ ਏਕਤਾ ਕਰਨ ਲਈ ਅਪੀਲਾਂ ਕਰਦੇ ਹਨ, ਜਿਸਦਾ ਸਿੱਧ-ਅਸਿੱਧਾ ਅਰਥ ਇਹੋ ਹੁੰਦਾ ਹੈ ਕਿ ਪੰਜਾਬ ਦੇ ਸਾਰੇ ਸਿੱਖ, ਬਾਦਲ ਪਰਿਵਾਰ ਦੀ ਅਧੀਨਗੀ ਸਵੀਕਾਰ ਕਰ ਲੈਣ। ਬਸ,ਹੋ ਗਈ ‘ਪੰਥਕ ਏਕਤਾ’!
ਜਥੇਦਾਰ ਸਾਹਿਬ ਨੂੰ ਅਜਿਹਾ ਕੁੱਝ ਕਹਿਣ ਫਰਮਾਉਣ ਦਾ ਬੇਸ਼ੱਕ ਪੂਰਾ ਹੱਕ ਹੈ ਪਰ ਕੌਮ ਦੇ ਤਰਜ਼ਮਾਨ ਹੋਣ ਵਜੋਂ ਉਨ੍ਹਾਂ ਨੂੰ ਸਿੱਖ ਭਾਵਨਾਵਾਂ ਸਮਝਣ ਤੇ ਸਿੱਖ-ਸਵਾਲਾਂ ਦੇ ਸਨਮੁੱਖ ਹੋ ਕੇ ਉਨ੍ਹਾਂ ਦਾ ਸਮਾਧਾਨ ਕਰਨਾ ਵੀ ਪ੍ਰਥਮ ਫਰਜ਼ ਬਣਦਾ ਹੈ। ਜਦ ਤਕ ਉਹ ਅਜਿਹਾ ਨਹੀਂ ਕਰਦੇ ਤਦ ਤਕ ਸਿੱਖਾਂ ਦਾ ਵੀ ਪੂਰਾ ਹੱਕ ਹੈ ਕਿ ਉਹ ਜਥੇਦਾਰ ਜੀ ਦੀਆਂ ਸਿਆਸੀ ਸਰਗਰਮੀਆਂ-ਅਪੀਲਾਂ, ਸਿੱਖ ਜਗਤ ਨੂੰ ‘ਤੋਤੇ ਮੋਰ ਤੇ ਬਿੱਲੀਆਂ ਦਿਖਾਉਣ’ ਵਾਂਗ ਹੀ ਸਮਝਣ ਅਤੇ ਮੇਰੇ ਬਚਪਨੇ ਦੀ ਮਿਸਾਲ ਵਾਂਗ ਜਦ ਵੀ ਉਹ ਸਿੱਖ ਮੰਗਾਂ ਨੂੰ ਅਣਗੌਲ਼ਿਆ ਕਰਨ ਲਈ ‘ਔਹ ਦੇਖੋ…ਔਹ ਦੇਖੋ’ ਕਹਿਣ ਤਾਂ ਡਟ ਕੇ ਜਵਾਬ ਦੇਈਏ ਕਿ ਜਥੇਦਾਰ ਜੀ, ਪਹਿਲਾਂ ‘ਉਹ ਗੱਲ’ ਕਰੋ…ਬਾਕੀ ਬਾਅਦ ਵਿਚ ਦੇਖਾਂਗੇ!