ਸੂਰਜ ਡੁੱਬਦਾ ਦੇਖ ਕੇ ‘ਪਾਰਟੀ’ ਦਾ, ਕੱਚੇ ਬੇਰਾਂ ਦੇ ਵਾਂਗ ਹੁਣ ਝੜਨ ਲੱਗੇ।
ਵਿਜੀਲੈਂਸ ਦੀ `ਵਾਜ ਨਾ ਪਵੇ ਕੰਨੀਂ, ਬਚਣੇ ਲਈ ਸਕੀਮਾਂ ਉਹ ਘੜਨ ਲੱਗੇ।
ਲੈਣ ਵਾਸਤੇ ‘ਕਮਲ’ ਦੀ ਓਟ ਬਹੁਤੇ, ਭਗਵੀਂ ਬੇੜੀ ਦੇ ਵਿਚ ਜਾ ਚੜ੍ਹਨ ਲੱਗੇ।
ਪਿੱਠ ਦੇ ਕੇ ‘ਸੈਕੂਲਰ’ ਸੋਚ ਤਾਈਂ, ਫਿਰਕਾਪ੍ਰਸਤੀ ਦੇ ਨਾਲ ਨੇ ਖੜ੍ਹਨ ਲੱਗੇ।
‘ਲੂਣ’ ਦੇਣ ਲਈ ਤਿਆਰ ਸਰਕਾਰ ਹੋਈ, ਖਾ ਖਾ ਰਿਸ਼ਵਤ ਕਰੋੜਾਂ ਦੀ ਭਕਲ਼ਿਆਂ ਨੂੰ।
ਝਾੜੂ ਨਾਲ਼ ਹੁਣ ਪੋਚਾ ਵੀ ਲੱਗਣਾ ਏਂ, ਨੰਗੇ ਕਰਦਿਆਂ ‘ਪੰਜੇ’ ਦੇ ਘਪਲ਼ਿਆਂ ਨੂੰ!