ਮਿਲਖਾ ਸਿੰਘ-ਨਿੰਮੀ ਦੰਪਤੀ ਤੇ ਕੋਵਿਡ 19

ਗੁਲਜ਼ਾਰ ਸਿੰਘ ਸੰਧੂ
ਕੋਵਿਡ 19 ਦੀ ਕਰੋਪੀ ਨੇ ਜਨ-ਜੀਵਨ ਹੀ ਪ੍ਰਭਾਵਿਤ ਨਹੀਂ ਕੀਤਾ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਹਸਤੀਆਂ ਨੂੰ ਵੀ ਨਿਗਲ ਲਿਆ ਹੈ। 2021 ਦੇ ਜੂਨ ਮਹੀਨੇ ਇਸਦਾ ਸ਼ਿਕਾਰ ਹੋਣ ਵਾਲੇ ਉੱਡਣਾ ਸਿੱਖ ਮਿਲਖਾ ਸਿੰਘ ਤੇ ਉਸਦੀ ਜੀਵਨ ਸਾਥਣ ਨਿਰਮਲ ਕੌਰ ਨਿੰਮੀ ਵੀ ਸਨ।

ਨਿਰਮਲ ਕੌਰ ਦਾ ਦੇਹਾਂਤ 13 ਜੂਨ ਨੂੰ ਹੋਇਆ ਤੇ ਮਿਲਖਾ ਸਿੰਘ ਦਾ 18 ਜੂਨ ਨੂੰ। ਚੇਤੇ ਰਹੇ ਕਿ ਉਨ੍ਹਾਂ ਦਾ ਰੋਮਾਂਸ ਸੋਚੀ ਸਮਝੀ ਭਾਵਨਾ ਵਾਲਾ ਸੀ। ਉਹ ਦੋਵੇਂ ਪਹਿਲੀ ਵਾਰ ਇਕ ਦੂਜੇ ਨੂੰ ਕੋਲੰਬੋ ਵਿਚ ਮਿਲੇ ਜਦੋਂ 1956 ਵਿਚ ਮਿਲਖਾ ਸਿੰਘ ਉੱਥੇ ਦੌੜਨ ਗਿਆ ਸੀ ਤੇ ਨਿਰਮਲ ਕੌਰ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੀ ਵਿਦਿਆਰਥਣ ਹੋਣ ਦੇ ਨਾਤੇ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਵਜੋਂ ਗਈ ਸੀ। ਫੇਰ ਉਹ ਦਿੱਲੀ ਵੀ ਮਿਲਦੇ ਰਹੇ ਤੇ ਪਟਿਆਲੇ ਵੀ। ਅੰਤ ਉਨ੍ਹਾਂ ਦੀ ਚੰਡੀਗੜ੍ਹ ਫੇਰੀ ਸਮੇਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਵਿਚੋਲਗਿਰੀ ਸਦਕਾ 5 ਮਈ, 1963 ਨੂੰ ਇਕ ਦੂਜੇ ਦੇ ਜੀਵਨ ਸਾਥੀ ਬਣ ਗਏ। 8 ਸਾਲ ਸੁਲਗਦੀ ਰਹੀ ਕੋਰਟਸ਼ਿਪ ਪਿੱਛੋਂ ਦੋਵੇਂ 58 ਸਾਲ ਦਾ ਸ਼ਾਨਦਾਰ ਵਿਆਹੁਤਾ ਜੀਵਨ ਬਿਤਾ ਕੇ ਪਿਛਲੇ ਸਾਲ ਇਕੱਠੇ ਹੀ ਏਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ।
ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ ਤੇ ਸੰਤਾਲੀ ਦੀ ਦੇਸ਼ ਵੰਡ ਸਮੇਂ ਉਸ ਦੇ ਮਾਪੇ ਤੇ ਕਈ ਸਬੰਧੀ ਮਾਰੇ ਗਏ ਸਨ। ਅੰਤਮ ਸਵਾਸ ਲੈਂਦੇ ਸਮੇਂ ਬਾਲਕ ਮਿਲਖਾ ਆਪਣੇ ਪਿਤਾ ਕੋਲ ਹੀ ਸੀ ਤੇ ਉਸਨੂੰ ਆਪਣੇ ਪਿਤਾ ਦੇ ਆਖਰੀ ਸ਼ਬਦ ਆਪਣੇ ਸਵਾਸ ਤਿਆਗਣ ਤੱਕ ਚੇਤੇ ਰਹੇ। ਉਹ ਸਨ ‘ਦੌੜ ਜਾ ਪੁੱਤਰਾ ਦੌੜ ਜਾ।’ ਇਹੀਓ ਸ਼ਬਦ ਮਿਲਖਾ ਸਿੰਘ ਬਾਰੇ ਬਣਾਈ ਹਰਮਨ ਪਿਆਰੀ ਫ਼ਿਲਮ ਦੇ ਨਿਰਮਾਤਾ ਨੇ ਫ਼ਿਲਮ ਦੇ ਨਾਂ ਵਜੋਂ ਵਰਤੇ, ‘ਭਾਗ ਮਿਲਖਾ ਭਾਗ’। ਉਦੋਂ ਯਤੀਮ ਹੋਇਆ ਮਿਲਖਾ ਮੁਲਤਾਨ ਤੇ ਫਿਰੋਜ਼ਪੁਰ ਰਾਹੀਂ ਦਿੱਲੀ ਪਹੰੁਚਿਆ ਸੀ।
ਓਧਰੋਂ ਏਧਰ ਆਉਣ ਵਾਲੇ ਸਫ਼ਰ ਦੀ ਇਹ ਗੱਲ ਵੀ ਸਾਰੀ ਉਮਰ ਨਹੀਂ ਭੁੱਲਿਆ ਜਦੋਂ ਉਸਨੂੰ ਰੇਲ ਦੇ ਡੱਬੇ ਦੀਆਂ ਸੀਟਾਂ ਥੱਲੇ ਲੁਕ ਕੇ ਆਉਣਾ ਪਿਆ ਸੀ ਤੇ ਬੁਰਕੇ ਵਾਲੀਆਂ ਮੁਸਲਿਮ ਮਹਿਲਾਵਾਂ ਨੇ ਕਿਸੇ ਨੂੰ ਉਹਦਾ ਪਤਾ ਨਹੀਂ ਸੀ ਲੱਗਣ ਦਿੱਤਾ। ਇਹ ਵੀ ਸਬੱਬ ਹੀ ਸਮਝੋ ਕਿ ਜਦੋਂ ਉਹ ਦਿੱਲੀ ਪਹੰੁਚਿਆ ਤਾਂ ਰਫੀਊਜੀ ਕੈਂਪ ਵਿਚ ਉਸਨੂੰ ਉਸਦੀ ਭੈਣ ਮਿਲ ਗਈ। ਯਤੀਮ ਤੇ ਬੇਸਹਾਰਾ ਮਿਲਖਾ ਨੇ ਚੋਰੀਆਂ ਚਕਾਰੀਆਂ ਵੀ ਕੀਤੀਆਂ ਤੇ ਬਿਨ ਟਿਕਟੇ ਸਫਰ ਵੀ। ਅਜਿਹੇ ਇਕ ਸਫ਼ਰ ਵਿਚ ਦਬੋਚੇ ਜਾਣ ਕਾਰਨ ਜੇਲ੍ਹ ਵੀ ਗਿਆ, ਜਿੱਥੋਂ ਉਸਦੀ ਭੈਣ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਗਹਿਣੇ ਰੱਖ ਕੇ ਉਸਨੂੰ ਛੁਡਵਾਇਆ।
ਲਾਵਾਰਸੀ ਦੇ ਦਿਨਾਂ ਵਿਚ ਮਿਲਖਾ ਸਿੰਘ ਨੇ ਢਿੱਡ ਭਰਨ ਲਈ ਫੌਜੀਆਂ ਦੇ ਬੂਟ ਵੀ ਪਾਲਸ਼ ਕੀਤੇ ਅਤੇ ਅਜਮੇਰੀ ਗੇਟ, ਦਿੱਲੀ ਦੇ ਇਕ ਦੁਕਾਨਦਾਰ ਦੀ ਸਾਫ-ਸਫਾਈ ਦਾ ਕੰਮ ਵੀ ਕੀਤਾ। ਉਸਨੂੰ ਉਹ ਦੁਕਾਨਦਾਰ ਮਹੀਨੇ ਦੇ ਕੇਵਲ ਦਸ ਰੁਪਏ ਦਿੰਦਾ ਸੀ, ਜਿਨ੍ਹਾਂ ਦੀਆਂ ਲੂਣ ਮਿਰਚ ਵਾਲੀਆਂ ਬੇਹੀਆਂ ਰੋਟੀਆਂ ਹੀ ਮਿਲਦੀਆਂ ਸਨ। ਜ਼ਰਾ ਵੱਡਾ ਹੋ ਕੇ 1950-51 ਵਿਚ ਉਹ ਤਿੰਨ ਵਾਰ ਲਾਲ ਕਿਲਾ ਦਿੱਲੀ ਦੇ ਫ਼ੌਜੀ ਸੈਂਟਰ ਵਿਚ ਭਰਤੀ ਹੋਣ ਗਿਆ ਤਾਂ ਮਾੜਚੂ ਸਰੀਰ ਤੇ ਛਾਤੀ ਘੱਟ ਚੌੜੀ ਹੋਣ ਕਾਰਨ ਰੱਦ ਹੋਇਆ। ਅੰਤ 1952 ਵਿਚ ਕਿਸੇ ਮਿਹਰਬਾਨ ਦੀ ਸਿਫਾਰਸ਼ ਸਦਕਾ ਸਿਪਾਹੀ ਚੁਣਿਆ ਗਿਆ। ਏਸ ਸਬੰਧ ਵਿਚ ਉਸਨੂੰ ਨਵੇਂ ਰੰਗਰੂਟਾਂ ਵਿਚ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਸਿਖਲਾਈ ਲਈ ਸਿਕੰਦਰਾਬਾਦ ਭੇਜਿਆ ਗਿਆ।
ਉਹ ਵਾਲਾ ਸੈਂਟਰ ਮਿਲਖਾ ਸਿੰਘ ਦੀਆਂ ਦੌੜਾਂ ਦਾ ਮੱਕਾ ਹੋ ਨਿਬੜਿਆ। ਏਥੇ ਪਹੰੁਚਣ ਵਾਲੇ 500 ਜਵਾਨਾਂ ਨੂੰ ਕਰਾਸ ਕੰਟਰੀ ਰੇਸ ਲਾਉਣ ਲਈ ਕਿਹਾ ਗਿਆ ਤਾਂ ਇਹ ਵੀ ਐਲਾਨ ਹੋ ਗਿਆ ਕਿ ਇਸ ਵਿਚ ਸਫਲ ਹੋਣ ਵਾਲੇ ਹਰ ਦੌੜਾਕ ਨੂੰ ਅੱਗੇ ਤੋਂ ਹਰ ਰੋਜ਼ ਦੋ ਆਂਡੇ ਤੇ ਇਕ ਗਲਾਸ ਦੁੱਧ ਮਿਲਿਆ ਕਰੇਗਾ। ਮਿਲਖਾ ਸਿੰਘ ਦੀ ਸਫਲਤਾ ਉੱਤੇ ਉਸਨੂੰ ਇਹ ਖੁਰਾਕ ਮਿਲਣ ਲੱਗੀ ਤਾਂ ਇਸਨੇ ਮਿਲਖਾ ਸਿੰਘ ਦੀ ਆਤਮਾ ਤੇ ਸਰੀਰ ਵਿਚ ਨਵੀਂ ਰੂਹ ਫੂਕ ਦਿੱਤੀ। ਉਸ ਤੋਂ ਛੇ ਹਫਤੇ ਪਿਛੋਂ ਸਿਕੰਦਰਬਾਦ ਦੀ ਅਥਲੈਟਿਕ ਮੀਟ ਹੋਈ ਤਾਂ ਇਸ ਖੁਰਾਕ ਸਦਕਾ ਮਿਲਖਾ ਸਿੰਘ ਨੇ 400 ਮੀਟਰ ਦੌੜ ਕੇ ਓਲਿੰਪਕ ਖੇਡਾਂ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ। ਇਸ ਲਾਸਾਨੀ ਜਿੱਤ ਸਦਕਾ ਮਿਲਖਾ ਸਿੰਘ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਚ ਹੋਣ ਵਾਲੀਆਂ ਖੇਡਾਂ ਲਈ ਵੀ ਚੁਣਿਆ ਗਿਆ। ਉਥੇ ਜਾ ਕੇ 200 ਮੀਟਰ ਤੇ 400 ਮੀਟਰ ਦੀਆਂ ਦੌੜਾਂ ਜਿੱਤਣ ਪਿੱਛੋਂ ਉਸ ਦੀ ਪ੍ਰਸਿੱਧੀ ਭਾਰਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਕੁੱਲ ਏਸ਼ੀਆ ਵਿਚ ਪਹੰੁਚ ਗਈ।
ਫੇਰ ਜਦੋਂ ਉਸਨੇ ਮਈ 1958 ਵਿਚ ਟੋਕੀਓ ਦੀਆਂ ਓਲਿੰਪਕ ਖੇਡਾਂ ਵਿਚ ਪਾਕਿਸਤਾਨ ਦੇ ਅਬਦੁਲ ਖਾਲਿਕ ਨੂੰ ਮਾਤ ਪਾਈ ਤਾਂ ਜਨਰਲ ਅਯੂਬ ਖਾਂ ਨੇ ਉਸਨੂੰ ਗੋਲਡ ਮੈਡਲ ਪਹਿਨਾਉਂਦੇ ਸਮੇਂ ਸ਼ਾਬਾਸ਼ ਦਿੰਦਿਆਂ ਇਹ ਸ਼ਬਦ ਵੀ ਉਚਰੇ, ‘ਮਿਲਖਾ ਸਿੰਘ ਤੁਸੀਂ ਦੌੜੇ ਨਹੀਂ ਉੱਡੇ ਹੋ।’ ਅਯੂਬ ਖਾਂ ਦੇ ਇਨ੍ਹਾਂ ਸ਼ਬਦਾਂ ਨੇ ਮਿਲਖਾ ਸਿੰਘ ਨੂੰ ਸਦਾ ਲਈ ਉੱਡਣਾ ਸਿੱਖ ਬਣਾ ਦਿੱਤਾ। ਉਸ ਦਿਨ ਉਸਨੂੰ ਪਾਕਿਸਤਾਨ ਦੀਆਂ ਉਹ ਮੁਸਲਿਮ ਮਾਵਾਂ ਵੀ ਚੇਤੇ ਆਈਆਂ ਜਿਨ੍ਹਾਂ ਨੇ ਉਸਨੂੰ ਲਹੂ ਲਿੱਬੜੇ ਰੇਲ ਦੇ ਡੱਬੇ ਵਿਚ ਢੋਈ ਦਿੱਤੀ ਸੀ। ਇਸ ਜਿੱਤ ਪਿੱਛੋਂ ਪੰਡਤ ਨਹਿਰੂ ਦੇ ਬੋਲੇ ਇਹ ਸ਼ਬਦ ਵੀ ਸਾਰੀ ਉਮਰ ਉਸਦੇ ਕੰਨਾਂ ਵਿਚ ਗੰੂਜਦੇ ਰਹੇ ਜਿਹੜੇ ਉਸ ਨੇ ਆਪਣੀ ਰਿਹਾਇਸ਼ ਵਿਚ ਦਿੱਤੇ ਪ੍ਰੀਤੀ ਭੋਜਨ ਸਮੇਂ ਕਹੇ ਸਨ। ਉਨ੍ਹਾਂ ਕਿਹਾ ਸੀ ਕਿ ਉਹ ਮਿਲਖਾ ਸਿੰਘ ਦਾ ਖੋਇਆ ਬਚਪਨ ਤਾਂ ਨਹੀਂ ਲਿਆ ਸਕਦੇ ਤੇ ਨਾ ਹੀ ਦੇਸ਼ ਵੰਡ ਸਮੇਂ ਖ਼ਤਮ ਹੋਏ ਉਸਦੇ ਮਾਪੇ ਪਰ ਅੱਗੇ ਤੋਂ ਭਾਰਤ ਦੀ ਮਿੱਟੀ ਨੂੰ ਆਪਣੀ ਮਾਂ ਸਮਝੇ ਤੇ ਇਸ ਦੀ ਰੱਖਿਆ ਕਰਦੇ ਨਹਿਰੂ ਨੂੰ ਆਪਣਾ ਪਿਤਾ। ਇਸ ਨਾਤੇ ਜ਼ਿੰਦਗੀ ਵਿਚ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪਵੇ ਤਾਂ ਬੇਝਿਜਕ ਇਸ ਪਿਤਾ ਦੇ ਘਰ ਆ ਸਕਦਾ ਹੈ। ਏਸ ਜਿੱਤ ਪਿੱਛੋਂ ਕਈ ਖਿਡਾਰੀਆਂ ਨੂੰ ਤਰੱਕੀ ਦੇ ਕੇ ਸਿਪਾਹੀ ਤੋਂ ਜੇ ਸੀ ਓ ਬਣਾ ਦਿੱਤਾ ਗਿਆ ਪਰ ਉਨ੍ਹਾਂ ਵਿਚੋਂ ਪਦਮ ਸ਼੍ਰੀ ਦੀ ਉਪਾਧੀ ਨਾਲ ਨਿਵਾਜੇ ਜਾਣ ਵਾਲਾ ਕੇਵਲ ਮਿਲਖਾ ਸਿੰਘ ਹੀ ਸੀ।
ਜਦੋਂ 1958 ਦੀਆਂ ਕਾਮਨਵੈਲਥ ਖੇਡਾਂ ਵਿਚ ਭਾਗ ਲੈਣ ਉਹ ਕਾਰਡਿਫ ਜਾ ਕੇ ਦੌੜਿਆ ਤਾਂ ਦਰਸ਼ਕਾਂ ਵਿਚ ਬਰਤਾਨੀਆ ਦੀ ਮਲਿਕਾ ਐਲਿਜ਼ਾਬੈਥ ਵੀ ਸ਼ਾਮਲ ਸੀ। ਉਦੋਂ ਮਲਿਕਾ ਨੇ ਜਿੱਤਣ ਪਿੱਛੋਂ ਮਿਲਖਾ ਸਿੰਘ ਨੂੰ ਖੁਦ ਹੀ ਗੋਲਡ ਮੈਡਲ ਪਹਿਨਾਇਆ ਸੀ। ਮਿਲਖਾ ਸਿੰਘ ਦੀ ਦੇਸ਼ ਵਾਪਸੀ ਦੇ ਦਿਨ ਭਾਰਤ ਸਰਕਾਰ ਵੱਲੋਂ ਐਲਾਨੀ ਪਬਲਿਕ ਹਾਲੀਡੇਅ ਸਦਕਾ ਸਕੂਲਾਂ ਵਿਚ ਛੁੱਟੀ ਹੋ ਗਈ ਤੇ ਮਿਲਖਾ ਸਿੰਘ ਦਾ ਨਾਂ ਦੇਸ਼ ਦੇ ਬੱਚੇ-ਬੱਚੇ ਦੀ ਜ਼ਬਾਨ `ਤੇ ਚੜ੍ਹ ਗਿਆ ਸੀ।
1958 ਤੋਂ 1960 ਤਕ ਮਿਲਖਾ ਸਿੰਘ ਨੇ ਆਪਣਾ ਟਿਕਾਣਾ ਲੰਡਨ ਬਣਾ ਕੇ ਦੁਨੀਆਂ ਭਰ ਵਿਚ ਦੌੜਾਂ ਲਾਈਆਂ। ਕਦੀ ਪੈਰਿਸ, ਕਦੀ ਮਾਲਕੋ ਤੇ ਕਦੀ ਲੰਡਨ ਖਾਸ। ਇਸ ਸਮੇਂ ਉਸ ਨੇ ਸੰਸਾਰ ਦੇ 70 ਮੁਲਕਾਂ ਵਿਚ 80 ਦੌੜਾਂ ਦੌੜੀਆਂ ਜਿਨ੍ਹਾਂ ਵਿਚੋਂ 77 ਵਿਚ ਉਸਦੀ ਜਿੱਤ ਹੋਈ।
ਉਨ੍ਹਾਂ ਦਿਨਾਂ ਵਿਚ ਹੀ ਤਰਸੇਮ ਪੁਰੇਵਾਲ ਨੇ ਬਰਤਾਨੀਆ ਤੋਂ ਛਪਦੇ ਆਪਣੇ ‘ਦੇਸ਼ ਪ੍ਰਦੇਸ’ ਮੈਗਜ਼ੀਨ ਵਿਚ ਲਿਖਿਆ, ‘ਰਾਜਨੀਤਕ ਪੱਖ ਤੋਂ ਲੋਕ ਭਾਰਤ ਨੂੰ ਪੰਡਤ ਨਹਿਰੂ ਕਰਕੇ, ਫ਼ਿਲਮ ਜਗਤ ਵਿਚ ਰਾਜ ਕਪੂਰ ਕਰਕੇ ਤੇ ਖੇਡ ਸੰਸਾਰ ਵਿਚ ਮਿਲਖਾ ਸਿੰਘ ਕਰਕੇ ਜਾਣਦੇ ਹਨ।’
ਅੱਜ ਦੇ ਦਿਨ ਏਸ਼ਿਆਈ ਖੇਡਾਂ ਦੇ ਚਾਰ ਗੋਲਡ ਮੈਡਲ, ਕਾਮਨਵੈਲਥ ਖੇਡਾਂ ਦਾ ਇਕ, ਕੌਮੀ ਖੇਡਾਂ ਤੇ ਦੁਵੱਲੀਆਂ ਦੌੜਾਂ ਦੇ ਅਨੇਕਾਂ ਮੈਡਲ ਤੇ ਪਹਿਲੇ ਓਲੰਪਿਕ ਰਿਕਾਰਡ ਨੂੰ ਤੋੜਨ ਵਾਲਾ ਮਿਲਖਾ ਸਿੰਘ ਤਾਂ ਸਾਡੇ ਵਿਚਕਾਰ ਨਹੀਂ ਪਰ ਉਸਦੇ ਮੁੜ੍ਹਕੇ ਨਾਲ ਸਿੰਜੇ ਭਾਰੇ ਕਿੱਲਾਂ ਵਾਲੇ ਬੂਟ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਅਜਾਇਬ ਘਰ ਵਿਚ ਟੰਗੇ ਉਸਦੀ ਯਾਦ ਦਿਵਾਉਂਦੇ ਹਨ।
ਮੈਂ ਖੇਡ ਜਗਤ ਦਾ ਬੰਦਾ ਨਹੀਂ। ਜੇ ਤੁਸੀਂ ਮਿਲਖਾ ਸਿੰਘ ਤੇ ਨਿਰਮਲ ਕੌਰ ਜੋੜੀ ਬਾਰੇ ਵਧੇਰੇ ਜਾਣਕਾਰੀ ਚਾਹੰੁਦੇ ਹੋ ਤਾਂ ਤੁਹਾਨੂੰ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਖੇਡ ਪੁਸਤਕਾਂ ਜਾਂ ਬਲਦੇਵ ਸਿੰਘ ਦਾ ਨਵਾਂ ਨਾਵਲ ‘ਉੱਡਣਾ ਸਿੱਖ ਮਿਲਖਾ ਸਿੰਘ’ ਲੋਕ ਗੀਤ ਪ੍ਰਕਾਸ਼ਨ ਪੜ੍ਹਨਾ ਪਵੇਗਾ। ਮੇਰਾ ਲਿਖਿਆ ਤਾਂ ਉਨ੍ਹਾਂ ਦੇ ਫੁੱਟ ਨੋਟ ਸਮਾਨ ਹੀ ਹੈ।
ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਅਰੀਤ ਹੈਲਥ ਡਾਇਰੈਕਟਰ
ਜਿਹੜੇ ਗੁਰਸ਼ਰਨ ਸਿੰਘ ਨਾਟਕਕਾਰ ਉਰਫ ਭਾਈ ਮੰਨਾ ਸਿੰਘ ਦੀ ਪੰਜਾਬੀ ਸਭਿਆਚਾਰ ਨੂੰ ਦਿੱਤੀ ਦਾਤ ਤੋਂ ਜਾਣੂ ਹਨ, ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਦੋ ਵੱਖ ਵੱਖ ਖੇਤਰਾਂ ਵਿਚ ਆਪਣੇ ਪਿਤਾ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਅਰੀਤ ਕੌਰ ਸਿਹਤ ਜਗਤ ਵਿਚ ਅੱਖਾਂ ਦੇ ਰੋਗਾਂ ਦੀ ਮਾਹਰ ਹੈ ਤੇ ਨਵਸ਼ਰਨ ਕੌਰ ਸਮਾਜ ਵਿਗਿਆਨ ਵਿਦਿਆ ਦੀ। ਨਵਸ਼ਰਨ ਦਾ ਕਾਰਜ ਖੇਤਰ ਨਵੀਂ ਦਿੱਲੀ ਤੇ ਅਰੀਤ ਦਾ ਪੰਜਾਬ ਹੈ। ਅਰੀਤ ਨੇ ਆਪਣੇ ਕਾਰਜ ਖੇਤਰ ਦਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪਰਨਾਏ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਵਿਚੋਂ ਅੱਖਾਂ ਦੇ ਮਾਹਰ ਵਜੋਂ ਕੀਤਾ। ਉਹ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੀ ਡਾਇਰੈਕਟਰ ਵੀ ਰਹਿ ਚੁੱਕੀ ਹੈ ਤੇ ਹੁਣ ਹੈਲਥ ਤੇ ਫੈਮਿਲੀ ਵੈੱਲਫੇਅਰ, ਪੰਜਾਬ ਦੀ ਉਚਤਮ ਤੇ ਉੱਤਮ ਜ਼ਿੰਮੇਵਾਰੀ ਨਿਭਾਏਗੀ। ਨਿੱਕ-ਸੁੱਕ ਵਲੋਂ ਵਧਾਈ ਤੇ ਸੁਆਗਤ!
ਅੰਤਿਕਾ
ਸੁਸ਼ੀਲ ਦੁਸਾਂਝ
ਕਿਸੇ ਮੰਜ਼ਿਲ ਨੂੰ ਸਰ ਕਰਨਾ
ਕਦੇ ਮੁਸ਼ਕਲ ਨਹੀਂ ਹੰੁਦਾ
ਹੈ ਲਾਜ਼ਮ ਸ਼ਰਤ ਇਹ
ਪੈਰੀਂ ਸੁਲਗਦਾ ਇਕ ਸਫਰ ਹੋਵੇ।