ਭਗਤ ਸੈਣੁ ਜੀ

ਗੁਰਨਾਮ ਕੌਰ, ਕੈਨੇਡਾ
ਗੁਰੂ ਅਮਰਦਾਸ, ਤੀਸਰੀ ਨਾਨਕ ਜੋਤਿ ਨੇ ਰੱਬ ਦੇ ਭਗਤਾਂ ਅਤੇ ਭਗਤੀ ਬਾਰੇ ਫਰਮਾਇਆ ਹੈ ਕਿ ਪਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਆਪ ਰੱਖਦਾ ਹੈ ਅਤੇ ਹਮੇਸ਼ਾ ਰੱਖਦਾ ਆਇਆ ਹੈ। ਭਗਤ ਕੌਣ ਹੁੰਦਾ ਹੈ?

ਇਸ ਬਾਰੇ ਖੁਲਾਸਾ ਕੀਤਾ ਹੈ ਕਿ ਭਗਤ ਉਹ ਹੁੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ ਅਤੇ ਉਸ ਰਸਤੇ ‘ਤੇ ਚੱਲਦਿਆ ਭਗਤ ਬਣ ਜਾਂਦਾ ਹੈ, ਅਜਿਹਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਨੂੰ ਦੂਰ ਕਰਦਾ ਹੈ। ਹਉਮੈ ਪਰਮਾਤਮ-ਪ੍ਰੇਮ ਦੇ ਰਸਤੇ ਦਾ ਸਭ ਤੋਂ ਵੱਡਾ ਰੋੜਾ ਹੈ ਅਤੇ ਜਿਹੜਾ ਮਨੁੱਖ ਸ਼ਬਦ ਰਾਹੀਂ ਹਉਮੈ ਨੂੰ ਦੂਰ ਕਰ ਲੈਂਦਾ ਹੈ ਉਹ ਉਸ ਪਰਮਾਤਮਾ ਨੂੰ ਪਿਆਰਾ ਲੱਗ ਜਾਂਦਾ ਹੈ, ਜਿਸ ਦੀ ਸਿਫ਼ਤਿ-ਸਾਲਾਹ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦੇ ਦੱਸੇ ਰਸਤੇ `ਤੇ ਚੱਲਣ ਵਾਲੇ ਮਨੁੱਖ ਦਿਨ-ਰਾਤ ਪਰਮਾਤਮਾ ਦੀ ਸੱਚੀ ਭਗਤੀ ਕਰਦੇ ਹਨ, ਉਹ ਆਪ ਪਰਮਾਤਮਾ ਦੀ ਸੱਚੀ ਸਿਫ਼ਤਿ-ਸਾਲਾਹ ਵਾਲੀ ਬਾਣੀ ਉਚਾਰਦੇ ਹਨ ਅਤੇ ਦੂਸਰਿਆਂ ਨੂੰ ਵੀ ਉਸ ਦੀ ਸੋਝੀ ਕਰਾਉਂਦੇ ਹਨ। ਭਗਤਾਂ ਦੀ ਜੀਵਨ-ਜੁਗਤਿ ਵੀ ਸੱਚੀ, ਪਵਿੱਤਰ ਅਤੇ ਸੰਤੁਲਿਤ ਹੁੰਦੀ ਹੈ। ਉਹ ਪਰਮਾਤਮ-ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਪਰਮਾਤਮਾ ਦੇ ਦਰ `ਤੇ ਹਮੇਸ਼ਾ ਸੋਭਦੇ ਹਨ:
ਭਗਤ ਜਨਾ ਕੀ ਹਰਿ ਜੀਉ
ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ॥
ਸੋ ਭਗਤੁ ਜੋ ਗੁਰਮੁਖਿ ਹੋਵੈ
ਹਉਮੈ ਸਬਦਿ ਜਲਾਇਆ ਰਾਮੁ॥
ਹਉਮੈ ਸਬਦਿ ਜਲਾਇਆ ਮੇਰੇ ਹਰਿ
ਭਾਇਆ ਜਿਸ ਦੀ ਸਾਚੀ ਬਾਣੀ॥
ਸਚੀ ਭਗਤਿ ਕਰਹਿ ਦਿਨੁ ਰਾਤੀ
ਗੁਰਮੁਖਿ ਆਖਿ ਵਖਾਣੀ॥
ਭਗਤਾ ਕੀ ਚਾਲ ਸਚੀ ਅਤਿ ਨਿਰਮਲ
ਨਾਮੁ ਸਚਾ ਮਨਿ ਭਾਇਆ॥
ਨਾਨਕ ਭਗਤ ਸੋਹਹਿ ਦਰਿ ਸਾਚੈ
ਜਿਨੀ ਸਚੋ ਸਚੁ ਕਮਾਇਆ॥1॥
(ਪੰ.768)
ਇਸ ਤੋਂ ਵੀ ਅੱਗੇ ਰਾਗੁ ਰਾਮਕਲੀ ‘ਅਨੰਦੁ’ ਬਾਣੀ ਵਿਚ ਦੱਸਦੇ ਹਨ ਕਿ ਭਗਤਾਂ ਦੀ ਚਾਲ ਅਰਥਾਤ ਉਨ੍ਹਾਂ ਦੀ ਸੋਚਣੀ, ਜੀਵਨ-ਚਲਣ ਨਿਰਾਲਾ ਭਾਵ ਵਿਲੱਖਣ ਹੁੰਦਾ ਹੈ, ਉਨ੍ਹਾਂ ਦੀ ਜੀਵਨ-ਜੁਗਤਿ ਆਮ ਲੋਕਾਈ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ। ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ, ਉਨ੍ਹਾਂ ਦੇ ਜੀਵਨ ਦੀ ਚਾਲ ਆਮ ਸੰਸਾਰੀਆਂ ਨਾਲੋਂ ਅੱਡਰੀ ਹੁੰਦੀ ਹੈ। ਭਗਤੀ ਦਾ ਰਸਤਾ ਕਠਿਨ ਹੈ। ਭਗਤ ਔਖੇ ਰਸਤੇ ਉਤੇ ਤੁਰਦੇ ਹਨ, ਇਸ ਰਸਤੇ `ਤੇ ਲੋਭ, ਮੋਹ ਅਤੇ ਅਹੰਕਾਰ ਤਿਆਗਣਾ ਪੈਂਦਾ ਹੈ, ਮਾਇਆ ਦੀ ਤ੍ਰਿਸ਼ਨਾ ਛੱਡਣੀ ਪੈਂਦੀ ਹੈ ਅਤੇ ਭਗਤ ਲੋਭ, ਮੋਹ, ਅਹੰਕਾਰ ਅਤੇ ਮਾਇਆਵੀ ਤ੍ਰਿਸ਼ਨਾ ਦਾ ਤਿਆਗ ਕਰਦੇ ਹਨ। ਉਹ ਸੰਜਮ ਨਾਲ ਬੋਲਦੇ ਹਨ ਭਾਵ ਆਪਣੀ ਵਡਿਆਈ ਆਪ ਨਹੀਂ ਕਰਦੇ। ਗੁਰੂ ਅਮਰਦਾਸ ਜੀ ਅਨੁਸਾਰ ਇਸ ਰਸਤੇ `ਤੇ ਤੁਰਨਾ ਕੋਈ ਆਸਾਨ ਖੇਡ ਨਹੀਂ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਬਰੀਕ ਹੈ ਜਿਸ `ਤੇ ਬੜਾ ਸੰਭਲ ਕੇ ਤੁਰਨਾ ਪੈਂਦਾ ਹੈ; ਕਿਉਂਕਿ ਦੁਨਿਆਵੀ ਵਾਸ਼ਨਾਵਾਂ ਦਾ ਖਿੱਚਿਆ ਮਨ ਕਦੇ ਵੀ ਡੋਲ ਸਕਦਾ ਹੈ, ਇਸ ਲਈ ਬੜੀ ਸਾਵਧਾਨੀ ਦੀ ਜ਼ਰੂਰਤ ਹਮੇਸ਼ਾ ਬਣੀ ਰਹਿੰਦੀ ਹੈ। ਪਰ ਇਹ ਉਨ੍ਹਾਂ ਲਈ ਸੰਭਵ ਹੋ ਜਾਂਦਾ ਹੈ ਜਿਨ੍ਹਾਂ `ਤੇ ਗੁਰੂ ਦੀ ਮਿਹਰ ਬਣੀ ਰਹਿੰਦੀ ਹੈ ਕਿਉਂਕਿ ਉਹ ਮਿਹਰ ਸਦਕਾ ਆਪਣੇ ਮਨ ਵਿਚੋਂ ਹਉਮੈ ਦੀ ਭਾਵਨਾ ਨੂੰ ਮੁਕਾ ਦਿੰਦੇ ਹਨ ਅਤੇ ਉਹ ਪਰਮਾਤਮਾ ਨੂੰ ਯਾਦ ਕਰਦਿਆਂ ਦੁਨਿਆਵੀ ਵਾਸ਼ਨਾਵਾਂ ਤੋਂ ਨਿਜ਼ਾਤ ਪਾ ਲੈਂਦੇ ਹਨ:
ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ
ਬਿਖਮ ਮਾਰਗਿ ਚਲਣਾ॥
ਲਭੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ
ਨਿਕੀ ਏਤੁ ਮਾਰਗਿ ਜਾਣਾ॥
ਗੁਰ ਪਰਸਾਦੀ ਜਿਨ੍ਹੀ ਆਪੁ ਤਜਿਆ
ਹਰਿ ਵਾਸਨਾ ਸਮਾਣੀ॥
ਕਹੈ ਨਾਨਕੁ ਚਾਲ ਭਗਤਾ
ਜੁਗਹੁ ਜੁਗੁ ਨਿਰਾਲੀ॥
(ਪੰ.918)
ਭਗਤ ਸੈਣੁ ਜੀ ਵੀ ਉਨ੍ਹਾਂ ਭਗਤਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਭਾਵੇਂ ਉਨ੍ਹਾਂ ਦਾ ਇੱਕ ਸ਼ਬਦ ਹੀ ਰਾਗੁ ਧਨਾਸਰੀ ਵਿਚ ਮਿਲਦਾ ਹੈ। ਗੁਰੂ ਕਾਲ ਤੋਂ ਪਹਿਲਾਂ ਦਾ ਸਮਾਂ ਸਥਾਪਤ ਬ੍ਰਾਹਮਣੀ ਕਰਮ-ਕਾਂਡ, ਜਾਤ-ਪਾਤ ਦੇ ਵਿਰੋਧ ਦਾ ਸਮਾਂ ਸੀ ਜੋ ਸਮਾਜਿਕ ਅਤੇ ਧਾਰਮਿਕ ਤੌਰ `ਤੇ ਭਾਰੀ ਇਨਕਲਾਬੀ ਤਬਦੀਲੀ ਲਈ ਤਾਂਘ ਰਹੀ ਉਥਲ-ਪੁਥਲ ਦਾ ਸਮਾਂ ਸੀ। ਗੁਰੂ ਸਾਹਿਬ ਨੇ ਉਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਹੈ ਜੋ, ਉਪਰ ਦਰਜ ਕੀਤੀ ਗੁਰੂ ਅਮਰਦਾਸ ਜੀ ਦੀ ਬਾਣੀ ਅਨੁਸਾਰ ‘ਨਿਰਾਲੀ ਚਾਲ’ ਦੇ ਧਾਰਨੀ ਸਨ ਭਾਵ ਜਿਨ੍ਹਾਂ ਦੀ ਵਿਚਾਰਧਾਰਾ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ, ਗੁਰਮਤਿ ਦੇ ਰਸਤੇ ਦੀ ਅਨੁਸਾਰੀ ਸੀ; ਉਹ ਭਗਤ ਚਾਹੇ ਕਿਸੇ ਵੀ ਭਾਈਚਾਰੇ ਜਾਂ ਧਰਮ ਨਾਲ ਸਬੰਧਤ ਸਨ। ਪੰਜਵੀਂ ਨਾਨਕ ਜੋਤਿ, ਗੁਰੂ ਅਰਜਨ ਦੇਵ ਭਗਤ ਸੈਣ ਜੀ ਦੇ ਬਾਰੇ ਫਰਮਾਉਂਦੇ ਹਨ:
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥3॥
(ਪੰ.487-88)
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ “ਸੈਨ ਨਾਈ ਲੋਕਾਂ ਦੀਆਂ ਬੁਤੀਆਂ (ਛੋਟੇ-ਛੋਟੇ ਕੰਮ ਦੂਰ ਨੇੜੇ ਦੇ) ਕਰਨ ਵਾਲਾ ਸੀ, ਓਹ ਘਰ-ਘਰ ਵਿਚ ਮਸ਼ਹੂਰ ਹੋ ਗਿਆ। (ਸੈਨ ਨਾਈ ਰਾਮਾ ਨੰਦ ਦੇ ਚੇਲਿਆਂ ਵਿਚੋਂ ਇਕ ਭਗਤ ਹੋਇਆ ਹੈ। ਉਹ ਰੇਵਾ ਦੇ ਰਾਜੇ ਰਾਜਾਰਾਮ ਦੇ ਦਰਬਾਰ ਦਾ ਨਾਈ ਸੀ)। ” ਭਗਤ ਸੈਣ ਜੀ ਦੇ ਜੀਵਨ ਬਾਰੇ ਬਹੁਤੇ ਵੇਰਵੇ ਪ੍ਰਾਪਤ ਨਹੀਂ ਹਨ। ਇਨ੍ਹਾਂ ਦੀ ਗਿਣਤੀ ਵੀ ਭਗਤ ਰਾਮਾਨੰਦ (1300-1411) ਦੇ ਚੇਲਿਆਂ ਵਿਚ ਕੀਤੀ ਜਾਂਦੀ ਹੈ। ਭਗਤ ਰਵਿਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਆਪਣੇ ਇਕ ਸ਼ਬਦ ਵਿਚ ਪਰਮਾਤਮਾ ਦੀ ਵਡਿਆਈ ਦੱਸਦਿਆਂ ਉਸ ਨੂੰ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ, ਨੀਵਿਆਂ ਨੂੰ ਉੱਚਾ ਕਰਨ ਵਾਲਾ ਕਹਿੰਦੇ ਹਨ ਜਿਸ ਦੇ ਨਾਮ ਦਾ ਸਿਮਰਨ ਕਰ ਕੇ ਨਾਮਦੇਵ, ਕਬੀਰ, ਤ੍ਰਿਲੋਚਨ, ਸਧਨਾ, ਸੈਨ ਵਰਗੇ ਇਸ ਸੰਸਾਰ ਸਾਗਰ ਤੋਂ ਤਰ ਗਏ ਹਨ। ਉਹ ਵਾਹਿਗੁਰੂ ਸਭ ਕੁਝ ਕਰ ਸਕਣ ਦੇ ਸਮਰੱਥ ਹੈ:
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥
(ਪੰ.1106)
ਭਾਈ ਗੁਰਦਾਸ ਅਨੁਸਾਰ ਭਗਤ ਸੈਣ, ਭਗਤ ਰਾਮਾਨੰਦ ਦਾ ਚੇਲਾ ਸੀ ਜਿਸ ਨੇ ਭਗਤ ਕਬੀਰ ਜੀ ਦੀ ਮਹਿਮਾ ਸੁਣ ਕੇ ਭਗਤ ਰਾਮਾਨੰਦ ਨੂੰ ਆਪਣਾ ਗੁਰੂ ਧਾਰ ਲਿਆ। ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਭਗਤ ਸੈਣ ਜੀ ਰਾਤ ਸਮੇਂ ਵਾਹਿਗੁਰੂ ਦੀ ਪ੍ਰੇਮ-ਭਗਤੀ ਕਰਦੇ ਅਤੇ ਸਵੇਰੇ ਉੱਠ ਕੇ ਰਾਜੇ ਦੇ ਦਰਬਾਰ ਵਿਚ ਉਸ ਦੀ ਸੇਵਾ ਕਰਨ ਜਾਂਦੇ। ਇੱਕ ਦਿਨ ਸੰਤ ਲੋਕ ਪ੍ਰਾਹੁਣੇ ਆ ਗਏ ਤਾਂ ਸਾਰੀ ਰਾਤ ਪਰਮਾਤਮਾ ਦੀ ਭਗਤੀ ਦਾ ਕੀਰਤਨ ਹੁੰਦਾ ਰਿਹਾ। ਇਸ ਹਾਲਤ ਵਿਚ ਭਗਤ ਸੈਣ ਸੰਤਾਂ ਦੀ ਸੰਗਤਿ ਨਹੀਂ ਛੱਡ ਸਕੇ ਅਤੇ ਰਾਜ-ਦੁਆਰੇ ਜਾ ਕੇ ਰਾਜੇ ਦੀ ਸੇਵਾ ਵਿਚ ਹਾਜ਼ਰ ਨਹੀਂ ਹੋ ਸਕੇ। ਹਰਿ ਆਪ ਸੈਣ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕਰਨ ਲਈ ਹਾਜ਼ਰ ਹੋ ਗਿਆ। ਉਧਰ ਸੈਣ ਜੀ ਸੰਤਾਂ ਨੂੰ ਵਿਦਾ ਕਰ ਕੇ ਝਿਜਕਦੇ ਹੋਏ ਰਾਜ ਦਰਬਾਰ ਵਿਚ ਗਏ। ਰਾਜੇ ਨੇ ਦੂਰੋਂ ਆਪਣੇ ਕੋਲ ਬੁਲਾਇਆ ਅਤੇ ਆਪਣੇ ਗਲ ਵਿਚੋਂ ਆਪਣਾ ਪਹਿਨਾਵਾ ਖੋਲ੍ਹ ਕੇ ਭਗਤ ਸੈਣ ਜੀ ਨੂੰ ਪਹਿਨਾ ਦਿੱਤਾ। ਰਾਜੇ ਨੂੰ ਭਗਤ ਸੈਣ ਜੀ ਨੂੰ ਇਹ ਕਹਿੰਦਿਆਂ ਸਾਰੀ ਲੋਕਾਈ ਨੇ ਸੁਣਿਆ ਕਿ ਅੱਜ ਤੂੰ ਮੈਨੂੰ ਆਪਣੇ ਵੱਸ ਵਿਚ ਕਰ ਲਿਆ ਹੈ। ਭਾਈ ਗੁਰਦਾਸ ਜੀ ਨਤੀਜਾ ਇਹ ਕੱਢਦੇ ਹਨ ਕਿ ਪਰਮਾਤਮਾ ਆਪ ਆਪਣੇ ਭਗਤਾਂ ਦੀ ਵਡਿਆਈ ਉਜਾਗਰ ਕਰਦਾ ਹੈ:
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ।
ਪ੍ਰੇਮ ਭਗਤਿ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ।
ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ।
ਛਡਿ ਨ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ।
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ।
ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ।
ਰਾਣੈ ਦੂਰਹੁੰ ਸਦਿ ਕੈ ਗਲਹੁੰ ਕਵਾਇ ਖੋਲਿ ਪੈਨ੍ਹਾਈ।
ਵਸਿ ਕੀਤਾ ਹਉਂ ਤੁਧੁ ਅਜੁ ਬੋਲੈ ਰਾਜਾ ਸੁਣੈ ਲੁਕਾਈ।
ਪਰਗਟੁ ਕਰੈ ਭਗਤਿ ਵਡਿਆਈ॥16॥
ਇਥੇ ਭਗਤ ਜੀ ਦੀ ਜਾਤ ਬਾਰੇ ਗੱਲ ਕਰਨ ਦਾ ਮਕਸਦ ਕੋਈ ਹੋਰ ਨਾ ਹੋ ਕੇ ਇਹ ਦੱਸਣਾ ਹੈ ਕਿ ਪਰਮਾਤਮਾ ਅੱਗੇ ਜਾਤ-ਪਾਤ ਦਾ ਕੋਈ ਅਰਥ ਨਹੀਂ ਹੈ। ਪਰਮਾਤਮਾ ਦੀ ਭਗਤੀ ਨਾਲ ਮਨੁੱਖ ਵਡਿਆਈ ਪ੍ਰਾਪਤ ਕਰ ਲੈਂਦਾ ਹੈ ਅਤੇ ਊਚ-ਨੀਚ ਦੀਆਂ ਭਾਵਨਾਵਾਂ ਤੋਂ ਉੱਤੇ ਉਠ ਜਾਂਦਾ ਹੈ। ਭਗਤ ਸੈਣ ਭਾਵੇਂ ਨਾਈ ਜਾਤ ਵਿਚ ਪੈਦਾ ਹੋਏ ਸਨ ਜਿਸ ਨੂੰ ਹਿੰਦੂ ਧਰਮ ਦੀ ਵਰਣ-ਵੰਡ ਅਨੁਸਾਰ ਨੀਵਾਂ ਗਿਣਿਆ ਜਾਂਦਾ ਸੀ ਪ੍ਰੰਤੂ ਪਰਮਾਤਮਾ ਦੀ ਭਗਤੀ ਕਰ ਕੇ ਉਸ ਦੀ ਮਿਹਰ ਸਦਕਾ ਆਪਣਾ ਨਾਮ ਊਚਾ ਕੀਤਾ ਅਤੇ ਵਡਿਆਈ ਪਾਈ। (ਜਾਤ-ਪਾਤ ਮਨੁੱਖ ਦੀ ਬਣਾਈ ਹੋਈ ਹੈ, ਪਰਮਾਤਮਾ ਦੀ ਨਹੀਂ। ਪਰਮਾਤਮਾ ਲਈ ਸਾਰੇ ਮਨੁੱਖ ਬਰਾਬਰ ਹਨ ਕਿਉਂਕਿ ਸਭ ਉਸ ਇੱਕ ਦੀ ਜੋਤਿ ਤੋਂ ਹੀ ਪ੍ਰਕਾਸ਼ਮਾਨ ਹਨ)। ਆਮ ਪ੍ਰਾਪਤ ਵੇਰਵੇ ਭਗਤ ਜੀ ਦੀ ਜਾਤਿ ਅਤੇ ਰੇਵਾ ਦੇ ਰਾਜੇ ਦੇ ਦਰਬਾਰ ਵਿਚ ਸੇਵਾ ਕਰਨ ਬਾਰੇ ਸਹਿਮਤ ਹਨ ਜਿਸ ਨੂੰ ਉਦੋਂ ਬਾਂਧਵਗੜ੍ਹ ਕਹਿੰਦੇ ਸੀ ਜੋ ਕੇਂਦਰੀ ਭਾਰਤ ਵਿਚ ਹੈ ਪ੍ਰੰਤੂ ਕਈ ਹੋਰਨਾਂ ਦਾ ਖਿਆਲ ਹੈ ਕਿ ਭਗਤ ਸੈਣ ਜੀ ਦੱਖਣੀ ਭਾਰਤ ਦੇ ਬਿਦਰ ਦੇ ਰਾਜੇ ਦੇ ਦਰਬਾਰ ਵਿਚ ਕੰਮ ਕਰਦੇ ਸੀ। ਜਿਹੜੇ ਦੱਖਣੀ ਭਾਰਤ ਦੀ ਪ੍ਰੰਪਰਾ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਗਤ ਸੈਣ ਜੀ ਜਨਾਨਦੇਵ (ਗਿਆਨਦੇਵ) ਦੇ ਚੇਲੇ ਸੀ। ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਰਵਿਦਾਸ ਦੀ ਬਾਣੀ ਜਿਸ ਵਿਚ ਉਹ ਭਗਤ ਸੈਣ ਜੀ ਦਾ ਜ਼ਿਕਰ ਭਗਤ ਨਾਮਦੇਵ, ਭਗਤ ਕਬੀਰ, ਭਗਤ ਸਦਨਾ ਜੀ ਨਾਲ ਕਰਦੇ ਹਨ ਅਤੇ ਭਾਈ ਗੁਰਦਾਸ ਜੀ ਜਦੋਂ ਇਹ ਕਹਿੰਦੇ ਹਨ ਕਿ ਕਬੀਰ ਦੀ ਸੋਭਾ ਸੁਣ ਕੇ ਦੂਜਾ ਸਿੱਖ ਸੈਣ ਹੋਇਆ ਤਾਂ ਇਸ ਕਥਨ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਭਗਤ ਸੈਣ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ।
ਭਗਤ ਸੈਣ ਜੀ ਦਾ ਇੱਕੋ ਇੱਕ ਸ਼ਬਦ ਰਾਗੁ ਧਨਾਸਰੀ ਵਿਚ ਅੰਕਤ ਹੈ। ਇਸ ਸ਼ਬਦ ਰਾਹੀਂ ਭਗਤ ਜੀ ਦੱਸਦੇ ਹਨ ਕਿ ਪਰਮਾਤਮਾ ਦੀ ਅਸਲੀ ਆਰਤੀ ਕਿਹੋ ਜਿਹੀ ਹੁੰਦੀ ਹੈ:
ਧੂਪ ਦੀਪ ਘ੍ਰਿਤ ਸਾਜਿ ਆਰਤੀ॥
ਵਾਰਨੇ ਜਾਉ ਕਮਲਾਪਤੀ॥1॥
ਮੰਗਲਾ ਹਰਿ ਮੰਗਲਾ॥
ਨਿਤ ਮੰਗਲੁ ਰਾਜਾ ਰਾਮ ਰਾਇ ਕੋ॥1॥ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ॥
ਤੁਹੀਂ ਨਿਰੰਜਨ ਕਮਲਾਪਾਤੀ॥2॥
ਰਾਮਾ ਭਗਤਿ ਰਾਮਾਨੰਦੁ ਜਾਨੈ॥
ਪੂਰਨ ਪਰਮਾਨੰਦੁ ਬਖਾਨੈ॥3॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥
ਸੈਣੁ ਭਣੈ ਭਜੁ ਪਰਮਾਨੰਦੇ॥4॥1॥
(ਪੰ.695)
ਭਗਤ ਸੈਣ ਇਸ ਸ਼ਬਦ ਵਿਚ ਜਿਸ ਆਰਤੀ ਦੀ ਗੱਲ ਕਰ ਰਹੇ ਹਨ ਉਹ ਕੋਈ ਧੂਫ ਜਲਾ ਕੇ ਜਾਂ ਘਿਉ ਦੇ ਦੀਵੇ ਜਗਾ ਕੇ ਕਰਨ ਵਾਲੀ ਆਰਤੀ ਨਹੀਂ ਹੈ। ਭਗਤ ਜੀ ਅਨੁਸਾਰ ਅਸਲ ਭਗਤੀ ਧੂਫ ਦੀਪ ਜਲਾ ਕੇ ਨਹੀਂ ਹੁੰਦੀ, ਦਿਲ ਦੇ ਪਿਆਰ ਨਾਲ ਹੁੰਦੀ ਹੈ। ਭਗਤ ਜੀ ਅਨੁਸਾਰ ਉਸ ਵਾਹਿਗੁਰੂ ਪਰਵਦਗਾਰ, ਜੋ ਸਾਰੀ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਦੀ ਅਸਲੀ ਆਰਤੀ ਉਸ ਤੋਂ ਸਦਕੇ ਜਾਣਾ ਹੈ, ਉਸ ਦਾ ਜਸ ਗਾਉਣਾ ਹੈ। ਭਗਤ ਜੀ ਪਰਮਾਤਮਾ ਅੱਗੇ ਗੁਜ਼ਾਰਿਸ਼ ਕਰਦੇ ਹਨ ਕਿ ਉਹ ਮਾਇਆ ਦੇ ਮਾਲਕ! ਪਰਮਾਤਮਾ ਤੋਂ ਸਦਕੇ ਜਾਂਦੇ ਹਨ ਅਤੇ ਉਸ ਤੋਂ ਸਦਕੇ ਜਾਣਾ ਹੀ ਧੂਪ, ਦੀਪ ਅਤੇ ਘਿਉ ਆਦਿ ਸਮੱਗਰੀ ਇਕੱਠੀ ਕਰ ਕੇ ਉਸ ਦੀ ਆਰਤੀ ਕਰਨਾ ਹੈ। ਪਰਮਤਾਮਾ ਅੱਗੇ ਬੇਨਤੀ ਕੀਤੀ ਹੈ ਕਿ ਉਸ ਪਰਵਦਗਾਰ ਦੀ ਮਿਹਰ ਸਦਕਾ ਹੀ ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਸਿਮਰਨ ਦਾ ਅਨੰਦ-ਮੰਗਲ ਹੋ ਰਿਹਾ ਹੈ। ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਲਈ ਨਿਰੰਜਨ (ਮਾਇਆ ਤੋਂ ਨਿਰਲੇਪ ਵਾਹਿਗੁਰੂ) ਆਪ ਹੀ ਦੀਵਾ ਅਤੇ ਸਾਫ਼-ਸੁਥਰੀ ਬੱਤੀ ਹੈ। ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਸਭ ਕੁੱਝ ਆਪ ਹੀ ਹੈ ਅਤੇ ਉਸ ਨੂੰ ਯਾਦ ਕਰਨਾ ਹੈ, ਉਸ ਦਾ ਸਿਮਰਨ ਕਰਨਾ ਹੀ ਉਸ ਦੀ ਆਰਤੀ ਹੈ। ਉਸ ਪਰਮਾਤਮਾ ਨੂੰ ਕਿਸੇ ਬਾਹਰੀ ਸਮੱਗਰੀ ਜਾਂ ਆਰਤੀ ਦੀ ਜ਼ਰੂਰਤ ਨਹੀਂ ਹੈ। ਜੋ ਮਨੁੱਖ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਹਰ ਸਮੇਂ ਕਰਦਾ ਹੈ ਉਹ ਆਪਣੀ ਭਗਤੀ ਦੀ ਬਰਕਤਿ ਸਦਕਾ ਉਸ ਦੇ ਮਿਲਾਪ ਦਾ ਅਨੰਦ ਮਾਣਦਾ ਹੈ। ਭਗਤ ਸੈਣ ਜੀ ਆਪਣੇ ਮਨ ਨੂੰ ਉਸ ਪਰਮਆਨੰਦ, ਸੋਹਣੇ ਸਰੂਪ ਵਾਲੇ ਪਰਮਾਤਮਾ ਦਾ ਸਿਮਰਨ ਕਰਨ ਲਈ ਸਮਝਾਉਂਦੇ ਹਨ ਜੋ ਮਨੁੱਖ ਦੇ ਮਨ ਨੂੰ ਸਾਰੇ ਸੰਸਾਰਕ ਡਰਾਂ ਤੋਂ ਪਾਰ ਕਰਨ ਵਾਲਾ ਅਤੇ ਸਾਰੀ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ।
ਭਗਤ ਸੈਣ ਜੀ ਦੇ ਉਪਰ ਦਿੱਤੇ ਸ਼ਬਦ ਤੋਂ ਇਹ ਅੰਦਾਜ਼ਾ ਲਾ ਸਕਣਾ ਮੁਸ਼ਕਿਲ ਨਹੀਂ ਹੈ ਕਿ ਇਹ ਭਗਤ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇੱਕ ਨਿਰੰਕਾਰ, ਨਿਰਗੁਣ ਬ੍ਰਹਮ ਨੂੰ ਧਿਆਉਣ ਦੀ ਗੱਲ ਕਰਦੇ ਹਨ, ਉਸ ਦੇ ਨਾਮ ਸਿਮਰਨ ਰਾਹੀਂ ਭਗਤੀ ਕਰਨ ਦੀ ਪ੍ਰੇਰਨਾ ਕਰਦੇ ਹਨ; ਕਿਸੇ ਦੇਵੀ-ਦੇਵਤੇ, ਅਵਤਾਰ ਆਦਿ ਦੀ ਮੂਰਤੀ ਦੀ ਪੂਜਾ ਕਰਨ ਵਿਚ ਵਿਸ਼ਵਾਸ ਨਹੀਂ ਕਰਦੇ। ਉਹ ਕਿਸੇ ਵੀ ਕਿਸਮ ਦੇ ਕਰਮ-ਕਾਂਡ ਦੇ ਮੁੱਦਈ ਨਹੀਂ ਸੀ। ਪਰਮਾਤਮਾ ਨੂੰ ਪਾਉਣ ਦਾ ਰਸਤਾ ਉਸ ਦੀ ਪ੍ਰੇਮ-ਭਗਤੀ ਹੈ, ਉਸ ਦੇ ਗੁਣਾਂ ਨੂੰ ਯਾਦ ਕਰਨਾ ਅਤੇ ਉਸ ਦੀ ਮਿਹਰ ਪ੍ਰਾਪਤ ਕਰਨਾ ਹੈ ਅਤੇ ਇਸ ਰਸਤੇ ਦੀ ਸੋਝੀ ਗੁਰੂ ਦੇ ਸ਼ਬਦ ਰਾਹੀਂ ਹੁੰਦੀ ਹੈ।