ਆਨੰਦ ਦੀ ਅਰਥਗੀਰੀ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਅਮੀਰੀ, ਸੁੱਖ-ਸਹੂਲਤਾਂ ਦੀ ਅਮੀਰਤਾ, ਖਾਣ-ਪੀਣ ਦੀ ਬਹੁਲਤਾ। ਮਨ-ਮਰਜ਼ੀ ਦੇ ਬਸਤਰ ਪਹਿਨਣੇ। ਮਨ ਵਿਚ ਆਈ ਹਰ ਉਸ ਕੰਮ/ਕਿਰਿਆ ਨੂੰ ਕਰਨ ਦੀ ਚਾਹਨਾ, ਜਿਸਦੇ ਸਿੱਟੇ ਕੁਝ ਵੀ ਹੋਣ।

ਅਮੀਰੀ ਦਾ ਸੰਬੰਧ ਕਦੇ ਸੁਖਨ, ਸਕੂਨ, ਸਹਿਜ, ਸੰਤੁਸ਼ਟੀ ਜਾਂ ਸਫ਼ਤਾ ਦਾ ਸਿਰਨਾਵਾਂ ਨਹੀਂ ਹੁੰਦੀ। ਇਹ ਜੀਵਨ ਦੀਆਂ ਨਿਆਮਤਾਂ ਦੀ ਭਰਪੂਰਤਾ, ਆਪਣੀ ਮਰਜ਼ੀ ਨਾਲ ਸੌਣਾ, ਜਾਗਣਾ, ਖਾਣ-ਪੀਣਾ ਅਤੇ ਮਨਮਰਜ਼ੀ ਦੀ ਜੀਵਨ-ਸ਼ੈਲੀ ਅਪਨਾਉਣਾ ਹੁੰਦੀ।
ਪਰ ਆਨੰਦ ਮਨ ਨਾਲ ਸਬੰਧਤ। ਮਨ ਦੀ ਖੁਸ਼ੀ ਅਤੇ ਹੁਲਾਸ ਨੂੰ ਪ੍ਰਣਾਇਆ। ਪਰ ਸਮਿਆਂ ਦੀ ਕੇਹੀ ਤਰਾਸਦੀ ਕਿ ਅਸੀਂ ਇਸਨੂੰ ਦਿਮਾਗ ਦੇ ਲੜ ਲਾ ਦਿਤਾ ਹੈ। ਅਮੀਰੀ ਨੂੰ ਅਸੀਂ ਨਵੇਂ ਦਾਇਰੇ ਵਿਚ ਪਰਿਭਾਸ਼ਤ ਕਰਦਿਆਂ, ਇਸਦੀ ਤਾਸੀਰ, ਤਾਬੀਰ ਅਤੇ ਤਕਦੀਰ ਨੂੰ ਹੀ ਸਿਉਂਕ ਦਿੱਤਾ ਹੈ। ਹੁਣ ਅਮੀਰੀ ਸਿਰਫ਼ ਦਿਖਾਵੇ ਤੀਕ ਹੀ ਸੀਮਤ।
ਆਨੰਦ ਦੇ ਅਰਥਾਂ ਦੀ ਬੇਆਬਰੂ ਅਤੇ ਬੇਅਦਬੀ ਕਰਨ ਵਿਚ ਅਸੀਂ ਮੋਹਰੀ। ਇਸਦੇ ਅਰਥਾਂ ਨੂੰ ਆਪਣੇ ਅੰਤਰੀਵ ਵਿਚ ਵਸਾਉਣ ਲਈ ਜ਼ਰੂਰਤ ਹੈ ਕਿ ਅਸੀਂ ਇਸਨੂੰ ਬੀਤੇ ਵਿਚੋਂ ਪਛਾਨਣ ਦਾ ਯਤਨ ਕਰੀਏ ਤਾਂ ਪਤਾ ਲੱਗੇਗਾ ਕਿ ਜਦ ਅਸੀਂ ਤਰੱਕੀ ਕੀਤੀ ਜਾਂ ਵੱਡੇ ਹੋਏ ਤਾਂ ਅਸੀਂ ਆਨੰਦ ਨੂੰ ਵਰਤਣ ਦੇ ਨਜ਼ਰੀਏ ਤੋਂ ਦੇਖਣ ਅਤੇ ਮਾਨਣ ਦੀ ਰੁੱਚੀ ਪੈਦਾ ਕੀਤੀ। ਇਸ ਰੁਚੀ ਨੇ ਹੀ ਸਾਨੂੰ ਆਪਣੇ ਆਪ ਨਾਲੋਂ ਵੀ ਦੂਰ ਕੀਤਾ ਅਤੇ ਸਮਾਜ ਤੋਂ ਵੀ ਅਸੀਂ ਬਹੁਤ ਦੂਰ ਚਲੇ ਗਏ। ਇਨ੍ਹਾਂ ਦੂਰੀਆਂ ਵਿਚੋਂ ਹੀ ਅਸੀਂ ਕੁਦਰਤ ਅਤੇ ਇਸ ਦੀਆਂ ਰਹਿਮਤਾਂ ਤੋਂ ਇੰਨੀ ਵਿੱਥ ਬਣਾ ਲਈ ਕਿ ਸਾਨੂੰ ਯਾਦ ਹੀ ਨਾ ਰਿਹਾ ਕਿ ਕਦੇ ਅਸੀਂ ਵੀ ਕੁਦਰਤ ਦਾ ਨਿੱਕਾ ਜਿਹਾ ਕਿਣਕਾ ਸਾਂ। ਕੁਦਰਤ ਸੰਗ ਜਿਉ ਕੇ ਹੀ ਅਸੀਂ ਆਪਣੀ ਅਉਧ ਨੂੰ ਨਵਾਂ ਸਿਰਲੇਖ ਦੇ ਸਕਦੇ ਹਾਂ।
ਅਮੀਰੀ ਦੇ ਅਸੀਮਤ ਅਰਥਾਂ ਨੂੰ ਜੀਵਨ ਵਿਚੋਂ ਮਨਫ਼ੀ ਕਰ ਕੇ ਅਸੀਂ ਕੁਝ ਖੱਟਿਆ ਨਹੀਂ ਸਗੋਂ ਗਵਾਇਆ ਹੀ ਗਵਾਇਆ ਹੈ। ਇਸ ਕਾਰਨ ਹੀ ਅਸੀਂ ਦੁਨੀਆਂ ਦੀ ਭੀੜ ਵਿਚ ਗਵਾਚ ਗਏ ਹਾਂ ਅਤੇ ਅਲੱਗ-ਥਲੱਗ ਹੋ ਕੇ ਰਹਿ ਗਏ ਹਾਂ।
ਆਨੰਦ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਬੋਲ ਕੇ ਦੱਸੀਏ ਕਿ ਅਸੀਂ ਉਸਨੂੰ ਕਿੰਨਾ ਪਿਆਰ ਕਰਦੇ ਹਾਂ। ਕਦੇ ਮੂਕ ਰਹਿ ਕੇ ਪਿਆਰ ਜਤਾਉਣਾ, ਤੁਹਾਡਾ ਅੰਤਰੀਵ ਖੁਸ਼ੀ `ਚ ਖੀਵਾ ਹੋ ਜਾਵੇਗਾ। ਨਾ ਹੀ ਇਹ ਆਨੰਦ ਹੁੰਦਾ ਕਿ ਅਸੀਂ ਕਿਸੇ ਨੂੰ ਚੁੰਮੀਏ, ਚੱਟੀਏ। ਕਦੇ ਹਵਾ ਹੱਥ ਚੁੰਮਣ ਦਾ ਸੁਨੇਹਾ ਭੇਜਣਾ। ਮੁੜਦੀ ਹੋਈ ਹਵਾ ਦੀ ਰੁਮਕਣੀ ਵਿਚ ਸੱਜਣਾਂ ਦੀ ਮਹਿਕ ਤੁਹਾਨੂੰ ਮਦਹੋਸ਼ ਕਰ ਦੇਵੇਗੀ। ਨਾ ਹੀ ਚਾਹਤ ਇਹ ਹੁੰਦੀ ਕਿ ਅਸੀਂ ਸੱਜਣ ਪਿਆਰੇ ਨੂੰ ਨਿੱਤ ਹੀ ਮਿਲਣ ਲਈ ਤਾਂਘੀਏ ਅਤੇ ਉਸਦਾ ਨਾ ਆਉਣਾ ਸਾਨੂੰ ਮਾਯੂਸ ਕਰ ਦੇਵੇ। ਸਗੋਂ ਮਿੱਤਰ ਪਿਆਰੇ ਨੂੰ ਨਿੱਤ ਸੁਪਨਿਆਂ ਵਿਚ ਮਿਲਦੇ ਰਹੋਗੇ ਤਾਂ ਉਸਦੀ ਦੂਰੀ ਕਦੇ ਉਕਤਾਹਟ ਪੈਦਾ ਨਹੀਂ ਕਰੇਗੀ।
ਠਾਠ ਤਾਂ ਹੁੰਦਾ ਸੀ ਉਨ੍ਹਾਂ ਦਿਨਾਂ ਵਿਚ ਜਦ ਅਸੀਂ ਰੱਜ ਕੇ ਗੰਨੇ ਚੂਪਦੇ ਅਤੇ ਗੁੜ ਖਾਂਦੇ ਸਾਂ ਅਤੇ ਸਾਨੂੰ ਕਦੇ ਵੀ ਸ਼ੂਗਰ ਨਹੀਂ ਸੀ ਹੋਈ। ਹੁਣ ਅਸੀਂ ਖੰਡ ਖਾਣਾ ਅਜਿਹਾ ਗਿੱਝ ਗਏ ਹਾਂ ਕਿ ਸ਼ੂਗਰ ਦੇ ਮਰੀਜ਼ ਬਣਨ ਦਾ ਤੌਖ਼ਲਾ ਸਾਨੂੰ ਖੰਡ ਖਾਣ ਤੋਂ ਵੀ ਵਰਜਦਾ ਹੈ।
ਬਾਦਸ਼ਾਹੀ ਤਾਂ ਹੁੰਦੀ ਸੀ ਜਦ ਅਸੀਂ ਵਗਦੀ ਆੜ, ਕਿਸੇ ਤਲਾਅ, ਨਦੀ, ਨਹਿਰ ਜਾਂ ਦਰਿਆ ਵਿਚੋਂ ਪਾਣੀ ਪੀ ਕੇ ਆਪਣੀ ਪਿਆਸ ਮਿਟਾਉਂਦੇ ਸਾਂ। ਸਾਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਹ ਪਾਣੀ ਦੂਸਿ਼ਤ ਹੈ ਅਤੇ ਇਸ ਨਾਲ ਪੇਟ ਵਿਚ ਗੜਬੜੀ ਹੋ ਸਕਦੀ ਹੈ। ਇਹ ਕੇਹੀ ਅਮੀਰੀ ਕਿ ਅਸੀਂ ਬੋਤਲ ਬੰਦ ਪਾਣੀ ਪੀਂਦੇ ਹਾਂ ਅਤੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਲਈ ਹਸਪਤਾਲਾਂ ਦੇ ਚੱਕਰ ਮਾਰਦੇ ਰਹਿੰਦੇ ਹਾਂ।
ਸ਼ਾਹਾਨਾ ਫਕੀਰੀ ਹੀ ਹੁੰਦੀ ਸੀ ਜਦ ਅਸੀਂ ਬੱਚੇ ਸਾਂ। ਸਾਈਕਲ ਦੇ ਟਾਇਰ ਨੂੰ ਚਲਾਉਂਦੇ ਪਿੰਡ ਦੀ ਫਿਰਨੀ ਗਾਹ ਲੈਂਦੇ ਸਾਂ। ਕਦੇ ਗਲੀ ਵਿਚ ਤੁਰੇ ਜਾਂਦਿਆਂ ਦੀਆਂ ਝਿੜਕਾਂ ਵੀ ਖਾਂਦੇ ਸਾਂ। ਆਲੇ ਦੁਆਲੇ ਆਪਣੀ ਹੀ ਸਲਤਨਤ ਹੁੰਦੀ ਸੀ। ਇਹ ਤਾਂ ਲਗਜ਼ਰੀ ਨਹੀਂ ਕਿ ਬੱਚਾ ਸਾਰਾ ਦਿਨ ਫੋਨ `ਤੇ ਗੇਮਾਂ ਖੇਡਦਾ ਆਪਣੀ ਹੀ ਦੁਨੀਆ ਤੀਕ ਸੀਮਤ ਰਹਿੰਦਾ ਹੈ ਜੋ ਕਦੇ ਉਸਦੀ ਜਾਨ ਦਾ ਖ਼ੌਅ ਵੀ ਬਣ ਜਾਂਦੀ ਹੈ।
ਕਿੰਨਾ ਆਨੰਦ ਮਿਲਦਾ ਸੀ ਜਦ ਹਰ ਸ਼ਾਮ ਨੂੰ ਕਦੇ ਗੁੱਲੀ-ਡੰਡਾ ਖੇਡਣਾ, ਕਦੇ ਖਿੱਦੋ-ਖੁੰਡੀ ਅਤੇ ਕਦੇ ਛੂਹਣ ਛੂਹਾਈ। ਅੱਧੀ ਅੱਧੀ ਰਾਤ ਤੀਕ ਖੇਡਦਿਆਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਚਾਨਣੀ ਰਾਤ ਸਾਰੇ ਪਿੰਡ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ। ਅਸੀਂ ਚਾਨਣੀ ਵਿਚ ਨਹਾਉਂਦੇ, ਆਪਣੇ ਹੀ ਜਨੂੰਨ ਵਿਚ ਰਾਤ ਨੂੰ ਠਹਿਰ ਜਾਣ ਲਈ ਕਹਿ ਦਿੰਦੇ ਸਾਂ। ਮਸਨੂਈ ਰੌਸ਼ਨੀਆਂ ਵਿਚ ਖੇਡੀਆਂ ਜਾਣ ਵਾਲੀਆਂ ਗੇਮਾਂ, ਸਾਡੀਆਂ ਬਚਪਨੀ ਖੇਡਾਂ ਦਾ ਕਿਵੇਂ ਮੁਕਾਬਲਾ ਕਰਨਗੀਆਂ? ਉਸ ਸਮੇਂ ਹਰ ਕੋਈ ਛਿੰਝਾਂ ਅਤੇ ਮੇਲੇ ਦੇਖਣ ਲਈ ਅਹੁਲਦਾ ਅਤੇ ਹਰ ਖਿਡਾਰੀ ਦੀ ਹੱਲਾਸ਼ੇਰੀ ਕਰਦਾ ਸੀ। ਪਰ ਹੁਣ ਅਸੀਂ ਮਹਿੰਗੀਆਂ ਟਿਕਟਾਂ ਖਰੀਦ ਕੇ ਮੈਚ ਦੇਖਣ ਲਈ ਖੁਦ ਨੂੰ ਗੇਮ ਦਾ ਹਿੱਸਾ ਬਣਨ ਲਈ ਤਰਸ ਜਾਂਦੇ ਹਾਂ।
ਕਦੇ ਸਮਾਂ ਸੀ ਘਰ ਨਿੱਕੇ ਸਨ ਪਰ ਜੀਆਂ ਦੇ ਦਿਲ ਵੱਡੇ ਸਨ। ਘਰ ਕੱਚੇ ਸਨ, ਪਰ ਰਿਸ਼ਤੇ ਪੱਕੇ ਸਨ। ਅਸੀਂ ਘਰ ਦੀ ਛੱਤ `ਤੇ ਅੰਬਰ ਨਾਲ ਆੜੀ ਪਾਉਂਦੇ ਸਾਂ। ਹੁਣ ਘਰ ਵੱਡੇ ਹੋ ਗਏ ਹਨ ਪਰ ਬੰਦੇ ਸੁੰਗੜ ਗਏ ਹਨ। ਘਰ ਪੱਕੇ ਹੋ ਗਏ ਹਨ ਪਰ ਸਬੰਧ ਕੱਚੇ ਹੋ ਗਏ ਹਨ। ਘਰ ਦੀਆਂ ਖੁੱਲ੍ਹੀਆਂ ਖਿੜਕੀਆਂ ਤੇ ਰੌਸ਼ਨਦਾਨਾਂ ਰਾਹੀਂ ਰੌਸ਼ਨੀ ਤੇ ਤਾਜ਼ੀ ਹਵਾ ਦਾ ਆਉਣਾ-ਜਾਣਾ ਨਿਰੰਤਰ ਜਾਰੀ ਰਹਿੰਦਾ ਸੀ। ਗੁਆਂਢ ਵਿਚ ਵਾਪਰ ਰਹੀ ਹਰ ਕਿਰਿਆ ਤੇ ਬੋਲ ਦੀ ਕਨਸੋਅ ਵੀ ਮਿਲਦੀ ਸੀ। ਪਰ ਹੁਣ ਅਸੀਂ ਰੌਸ਼ਨਦਾਨ ਤਾਂ ਰਹਿਣ ਹੀ ਨਹੀਂ ਦਿੱਤੇ ਪਰ ਅਸੀਂ ਖਿੜਕੀਆਂ ਦੇ ਬਾਹਰ ਗਰਿੱਲਾਂ ਲਗਾ ਦਿੱਤੀਆਂ ਅਤੇ ਅੰਦਰ ਮੋਟੇ ਪਰਦੇ ਤਾਣ ਦਿੱਤੇ ਨੇ ਤਾਂ ਕਿ ਅੰਦਰਲੀ ਹਵਾ ਦੀ ਘੁਟਨ ਬਾਹਰ ਨਾ ਜਾਵੇ ਅਤੇ ਬਾਹਰਲੀ ਤਾਜ਼ਗੀ ਕਮਰਿਆਂ ਦੀ ਫਿਜ਼ਾ ਨੂੰ ਆਪਣੀ ਆਗੋਸ਼ ਵਿਚ ਨਾ ਲੈ ਲਏ। ਕਦੇ ਸਮਾਂ ਸੀ ਕਿ ਖੁੱਲ੍ਹੇ ਦਰਾਂ ਰਾਹੀਂ ਕੋਈ ਵੀ ਘਰ ਆ ਸਕਦਾ ਸੀ। ਕਿਸੇ ਵੀ ਘਰੋਂ ਦਾਲ ਜਾਂ ਸਬਜ਼ੀ ਮੰਗ ਕੇ ਲਿਆਈ ਜਾ ਸਕਦੀ ਸੀ। ਕਿਸੇ ਵੀ ਚੁੱਲ੍ਹੇ `ਤੇ ਬਹਿ ਕੇ ਰੋਟੀ ਖਾ ਲਈਦੀ ਸੀ। ਹੁਣ ਅਸੀਂ ਗੇਟ ਨੂੰ ਬੰਦ ਕਰ ਕੇ ਰੱਖਦੇ ਹਾਂ ਅਤੇ ਬੈੱਲ ਹੋਣ `ਤੇ ਵੀ ਮਰਜ਼ੀ ਨਾਲ ਗੇਟ ਖੋਲ੍ਹਦੇ ਹਾਂ। ਬੰਦ ਘਰਾਂ ਨੇ ਸਿਰਜੀਆਂ ਨੇ ਦੂਰੀਆਂ। ਘਟ ਗਈਆਂ ਨੇ ਸਾਕ-ਸਕੀਰੀਆਂ। ਘਟ ਗਈ ਹੈ ਨੇੜਤਾ ਅਤੇ ਵਧ ਗਈ ਹੈ ਕੁੜੱਤਣ।
ਲਬਰੇਜ਼ਤਾ ਹੁੰਦੀ ਸੀ ਜਦ ਤਵੇ ਤੋਂ ਲੱਥਦੀ ਰੋਟੀ ਨੂੰ ਚੌਕੇ ਵਿਚ ਬੈਠਿਆਂ ਨੇ ਬੁਰਕੀਆਂ ਵਿਚ ਵੰਡ ਕੇ ਖਾ ਲੈਣਾ। ਰੱਜਤਾ ਦਾ ਅਹਿਸਾਸ ਰੂਹ ਵਿਚ ਵਸਾਉਣਾ। ਨਿੱਕੀਆਂ-ਨਿੱਕੀਆਂ ਗੱਲਾਂ ਵਿਚ ਰੋਟੀ ਖਾਣ ਦਾ ਕੇਹਾ ਸਵਾਦ ਆਉਂਦਾ ਸੀ। ਇਹ ਤਾਂ ਲਗਜ਼ਰੀ ਨਹੀਂ ਕਿ ਅਸੀਂ ਪਹਿਲਾਂ ਖਾਣਾ ਡਾਇਨਿੰਗ ਟੇਬਲ `ਤੇ ਸਜਾਉਂਦੇ ਹਾਂ। ਫਿਰ ਨਖ਼ਰੇ ਅਤੇ ਨਜ਼ਾਕਤਾਂ ਨਾਲ ਖਾਂਦਿਆਂ ਖੁਦ ਨੂੰ ਤਰਸਾਉਂਦੇ ਹਾਂ ਅਤੇ ਦੋ ਕੁ ਬੁਰਕੀਆਂ ਖਾ ਕੇ ਰੱਜ ਜਾਣ ਦਾ ਢੋਂਗ ਕਰਦੇ ਹਾਂ। ਖਾਣਾ ਖਾਂਦਿਆਂ ਬੋਲਣ ਤੋਂ ਤਾਲਾ ਵੱਟਦੇ, ਖੁਦ ਦੇ ਖੋਲ ਵਿਚ ਖੁਦ ਨੂੰ ਪਾਉਂਦੇ ਹਾਂ ਅਤੇ ਇਸ ਵਿਚੋਂ ਬਾਹਰ ਆਉਣ ਲਈ ਕਦੇ ਤਰਦੱਦ ਹੀ ਨਹੀਂ ਕਰਦੇ। ਉਹ ਵੀ ਵੇਲਾ ਸੀ ਕਿ ਜੂਠ ਨਾ ਛੱਡਣਾ ਸਭ ਦਾ ਕਰਮ ਹੁੰਦਾ ਸੀ। ਪਰ ਹੁਣ ਅਸੀਂ ਅੱਧਾ-ਪਚੱਧਾ ਖਾ ਕੇ ਜੂਠ ਛੱਡਣ ਨੂੰ ਸ਼ਾਨ ਸਮਝਦਿਆਂ, ਇਸਨੂੰ ਅਮੀਰੀ ਦਾ ਪੈਮਾਨਾ ਸਮਝਣ ਲੱਗ ਪਏ ਹਾਂ।
ਆਨੰਦ ਕਦੇ ਵੀ ਵੱਡੇ ਘਰਾਂ, ਮਹਿੰਗੀਆਂ ਵਸਤਾਂ, ਸ਼ਾਹੀ ਪਾਰਟੀਆਂ ਜਾਂ ਅਮੀਰ ਸਾਥੀਆਂ ਦੀ ਸੰਗਤ ਨਾਲ ਨਹੀਂ ਮਿਲਦਾ। ਇਹ ਬਹੁਤ ਹੀ ਨਿਗੂਣੀਆਂ ਚੀਜ਼ਾਂ, ਕਿਰਿਆਵਾਂ ਵਿਚ ਹੁੰਦਾ। ਸਿਰਫ਼ ਖੁਦ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਸਾਨੂੰ ਕਿਸੇ ਵੀ ਵਸਤ, ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਜਾਚਣ ਅਤੇ ਪਰਖਣ ਦੀ ਸੋਝੀ ਹੋਣੀ ਚਾਹੀਦੀ।
ਬੰਦ ਦਰਵਾਜਿ਼ਆਂ ਵਾਲੀ ਮਹਿਲਨੁਮਾ ਕੋਠੀ ਦੇ ਏਸੀ ਕਮਰੇ ਵਿਚ ਪਏ ਦੋ ਜਿਸਮ ਕੋਈ ਆਨੰਦ ਨਹੀਂ ਮਾਣਦੇ ਜਿਨ੍ਹਾਂ ਵਿਚ ਸੱਤ ਸਮੁੰਦਰਾਂ ਜੇਹੀ ਦੂਰੀ ਹੁੰਦੀ ਹੈ। ਆਨੰਦ ਤਾਂ ਕੱਖਾਂ ਦੀ ਕੁੱਲੀ ਵਿਚ ਆਪਣਿਆਂ ਦਾ ਨਿੱਘ ਮਾਣਦੇ ਅਤੇ ਚੰਨ ਤਾਰਿਆਂ ਨਾਲ ਚਾਨਣ ਦੀਆਂ ਬਾਤਾਂ ਪਾਉਂਦੇ ਜੀਅ ਮਾਣਦੇ ਨੇ ਜਿਨ੍ਹਾਂ ਨੂੰ ਚੰਨ ਤਾਰਿਆਂ ਦਾ ਭਰਪੂਰ ਸਾਥ ਮਿਲਦਾ ਹੈ। ਕਦੇ ਮਿਹਨਤ ਮੁਸੱ਼ਕਤ ਨਾਲ ਥੱਕੇ ਹੋਏ ਮਿਹਨਤਕਸ਼ ਨੂੰ ਅਲਾਣੀ ਮੰਜੀ `ਤੇ ਨੀਂਦ ਦਾ ਅਨੰਦ ਮਾਣਦੇ ਦੇਖਣਾ, ਤੁਹਾਨੂੰ ਨਰਮ ਗੁਦੇਲਿਆਂ `ਤੇ ਨੀਂਦ ਨੂੰ ਉਡੀਕਦੇ ਉਨ੍ਹਾਂ ਜਿਊੜਿਆਂ ਦੀ ਮਾਯੂਸੀ ਜ਼ਰੂਰ ਉਦਾਸ ਕਰੇਗੀ ਜਿਹੜੇ ਸੌਣ ਲਈ ਨੀਂਦ ਦੀਆਂ ਗੋਲੀਆਂ ਖਾਂਦੇ ਜਾਂ ਨਸਿ਼ਆਂ ਦਾ ਸੇਵਨ ਕਰਦੇ ਨੇ।
ਐਸ਼ੋ-ਇਸ਼ਰਤ ਇਹ ਨਹੀਂ ਹੁੰਦੀ ਕਿ ਕੋਈ ਜੋੜਾ ਏਸੀ ਕਾਰ ਵਿਚ ਸਫ਼ਰ ਕਰ ਰਿਹਾ ਹੈ ਪਰ ਉਨ੍ਹਾਂ ਦਰਮਿਆਨ ਚੁੱਪ ਦੀ ਦੀਵਾਰ ਕਦੇ ਨਹੀਂ ਟੁੱਟਦੀ। ਸਗੋਂ ਸੁੱਚੀ-ਸੱਚੀ ਅਯਾਸ਼ੀ ਉਸ ਜੋੜੀ ਦੀ ਹੁੰਦੀ ਜੋ ਕੱਚੇ ਰਾਹਾਂ `ਤੇ ਸਾਈਕਲ ਦੀ ਸਵਾਰੀ ਕਰਦਾ, ਨਿੱਕੇ ਨਿੱਕੇ ਹੁੰਗਾਰਿਆਂ, ਹਾਸਿਆਂ ਹੁੱਜਾਂ ਅਤੇ ਹੁੱਝਤਾਂ ਨਾਲ ਅਠਖੇਲੀਆਂ ਕਰਦਾ, ਲੰਮੇ ਸਫ਼ਰ ਨੂੰ ਛੋਟਾ ਕਰ ਲੈਂਦਾ ਹੈ। ਸਫ਼ਰ ਦੇ ਥਕੇਵੇਂ ਅਤੇ ਅਕੇਵੇਂ ਵਿਚ ਸੁਖਨ ਅਤੇ ਸਕੂਨ ਦੀ ਸਿਰਜਣਾ ਕਰਦਿਆਂ, ਸ਼ੁਕਰਗੁਜ਼ਾਰੀ ਵਿਚ ਖੁਦ ਨੂੰ ਲਿਪਤ ਰੱਖਦਾ ਹੈ। ਯਾਦ ਰੱਖਣਾ! ਸੁੱਖ ਤੇ ਸ਼ਾਂਤੀ ਕਦੇ ਵੀ ਮੱਥੇ ਦੀਆਂ ਤਿਊੜੀਆਂ ਵਿਚ ਨਹੀਂ ਹੁੰਦੀ ਸਗੋਂ ਮੁੱਖ `ਤੇ ਪਸਰੇ ਨੂਰ ਵਿਚ ਹੁੰਦੀ ਹੈ, ਜੋ ਕਦੇ ਵੀ ਧਨ, ਖੂਬਸੂਰਤੀ, ਸਫ਼ਲਤਾ ਜਾਂ ਸਹੂਲਤਾਂ ਦੀ ਮੁਥਾਜ਼ ਨਹੀਂ ਹੁੰਦੀ। ਇਹ ਮਨੁੱਖ ਦੀ ਮਾਨਸਿਕ ਅਵਸਥਾ ਹੁੰਦੀ ਕਿ ਜੋ ਉਹ ਨਿੱਕੀਆਂ ਗੱਲਾਂ ਵਿਚ ਭਾਲਦਾ, ਇਸਨੂੰ ਮਾਣਦਾ ਅਤੇ ਜਿ਼ੰਦਗੀ ਦੇ ਪਲਾਂ ਨੂੰ ਜਿਊਣ ਜੋਗਾ ਕਰਦਾ ਹੈ।
ਇਹ ਕੇਹਾ ਠਾਠ ਹੈ ਕਿ ਅਸੀਂ ਬਿਮਾਰ ਹੋ ਕੇ ਵੱਡੇ ਅਤੇ ਮਹਿੰਗੇ ਹਸਪਤਾਲਾਂ ਤੋਂ ਇਲਾਜ ਕਰਵਾਉਣ ਵਿਚ ਸ਼ਾਨ ਸਮਝਦੇ ਹਾਂ ਜਾਂ ਵਿਦੇਸ਼ ਤੋਂ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਾਂ। ਠਾਠ ਤਾਂ ਇਹ ਹੋਣਾ ਚਾਹੀਦਾ ਕਿ ਅਸੀਂ ਤੰਦਰੁਸਤ ਰਹਿਣ ਨੂੰ ਤਰਜੀਹ ਦੇਈਏ। ਹਸਪਤਾਲ ਦੀ ਬਜਾਏ ਸਵੇਰੇ ਕਿਸੇ ਪਾਰਕ ਵਿਚ ਸੈਰ ਕਰੀਏ ਅਤੇ ਤਨ ਤੇ ਮਨ ਨੂੰ ਅਰੋਗ ਰੱਖੀਏ।
ਅਮੀਰਾਨਾ ਠਾਠ ਇਹ ਨਹੀਂ ਕਿ ਅਸੀਂ ਗਮਲਿਆਂ ਵਿਚ ਫੁੱਲ-ਬੂਟੇ ਉਗਾ, ਕਮਰਿਆਂ ਨੂੰ ਸਜਾਉਣ ਤੀਕ ਹੀ ਸੀਮਤ ਹੋ ਜਾਈਏ। ਸਗੋਂ ਚਾਹੀਦਾ ਇਹ ਹੈ ਕਿ ਅਸੀਂ ਬਾਗ ਵਿਚ ਜਾਈਏ, ਫੁੱਲਾਂ ਦੀ ਸੰਗਤ ਮਾਣੀਏ, ਇਨ੍ਹਾਂ ਦੇ ਰੰਗਾਂ ਅਤੇ ਫੁੱਲ ਪੱਤੀਆਂ ਨੂੰ ਨਿਹਾਰੀਏ। ਤਿਤਲੀਆਂ ਦੀ ਰੰਗ-ਬਿਰੰਗਤਾ ਨੂੰ ਦੇਖੀਏ ਅਤੇ ਭੌਰਿਆਂ ਦੀ ਧੁਨੀ ਵਿਚ ਸਾਹ-ਸਾਰੰਗੀ ਨੂੰ ਸੁਰ ਕਰੀਏ।
ਅਮੀਰੀ ਇਹ ਵੀ ਨਹੀਂ ਹੁੰਦੀ ਕਿ ਕਿ ਅਸੀਂ ਘਰ ਵਿਚ ਪਲਾਸਟਿਕ ਦੇ ਫੁੱਲਦਾਨ ਸਜਾਈਏ ਅਤੇ ਮਸਨੂਈ ਭਰਮ-ਭਾਵਨਾ ਪੈਦਾ ਕਰੀਏ ਕਿ ਅਸੀਂ ਕੁਦਰਤ ਦੇ ਕਰੀਬ ਹਾਂ। ਕੁਦਰਤ ਦਾ ਸੰਗ ਮਾਨਣ ਲਈ ਜ਼ਰੂਰੀ ਹੈ ਕਿ ਅਸੀਂ ਸਵੇਰ ਸਾਰ ਘਰੋਂ ਬਾਹਰ ਨਿਕਲੀਏ। ਰੁੱਖਾਂ ਤੇ ਬਿਰਖਾਂ ਵਿਚ ਬਿਰਾਜਮਾਨ ਕੁਦਰਤੀ ਅਸੀਮਤਾ ਨੂੰ ਦੇਖੀਏ। ਪੰਛੀਆਂ ਦੀਆਂ ਉਡਾਰੀਆਂ ਅਤੇ ਇਨ੍ਹਾਂ ਦੀ ਬੋਲਬਾਣੀ ਵਿਚੋਂ ਉਨ੍ਹਾਂ ਬੋਲਾਂ ਨੂੰ ਪੈਦਾ ਕਰੀਏ ਜਿਨ੍ਹਾਂ ਨੇ ਮਨੁੱਖ ਨੂੰ ਉਮਰ ਭਰ ਅਰੋਗ ਰਹਿਣ ਦਾ ਮੂਲ-ਮੰਤਰ ਦੱਸਣਾ। ਅਮੀਰੀ ਹੁੰਦੀ ਹੈ ਕਿ ਘਰ ਦੀ ਬੰਦ ਤੇ ਹਵਾਸੀ ਪੌਣ ਨੂੰ ਦੁਰਕਾਰ ਕੇ, ਖੁੱਲ੍ਹੀ ਆਬੋ-ਹਵਾ ਨੂੰ ਆਪਣੇ ਅੰਦਰ ਭਰ, `ਵਾ ਦੀ ਰਮਕਣੀ ਨਾਲ ਪੱਤਿਆਂ ਵਿਚ ਪੈਦਾ ਸੰਗੀਤ ਨੂੰ ਸੁਣਨਾ।
ਅਮੀਰੀ ਇਹ ਨਹੀਂ ਹੁੰਦੀ ਕਿ ਭਾਂਤ-ਸੁਭਾਂਤੇ ਖਾਣੇ ਖਾਣ ਲਈ ਪੰਜ ਸਿਤਾਰਾ ਹੋਟਲ ਵਿਚ ਜਾਣਾ। ਕਦੇ ਵਾਗੀ ਦੇ ਪੱਲੇ ਬੱਧੀ ਅਚਾਰ ਤੇ ਗੰਢੇ ਨਾਲ ਰੋਟੀ ਦਾ ਸਵਾਦ ਚੱਖਣਾ ਅਤੇ ਵਾਗੀ ਦੇ ਚਿਹਰੇ `ਤੇ ਉੱਗੀ ਹੁਲਾਸ, ਆਨੰਦ ਅਤੇ ਸੰਤੁਸ਼ਟੀ ਨੂੰ ਦੇਖਣਾ ਜੋ ਮਹਿੰਗੇ ਹੋਟਲ ਅਤੇ ਬਾਵਰਚੀ ਵੀ ਕਦੇ ਵੀ ਨਹੀਂ ਸਿਰਜ ਸਕਦੇ।
ਬੱਚੇ ਦੇ ਚਿਹਰੇ `ਤੇ ਉਕਰੀ ਖੁਸ਼ੀ ਤੇ ਆਨੰਦ ਨੂੰ ਨਾਨੇ/ਨਾਨੀ ਜਾਂ ਦਾਦਾ/ਦਾਦੀ ਨਾਲ ਨਿੱਕੇ ਨਿੱਕੇ ਲਾਡ ਕਰਦਿਆਂ, ਲਾਚੜਦਿਆਂ, ਜਿੱ਼ਦ ਕਰਦਿਆਂ ਜਾਂ ਅੜੀ ਕਰਦਿਆਂ ਦੇਖਣਾ। ਆਪਣੀ ਮਾਸੂਮੀਅਤ ਵਿਚੋਂ ਨਵੀਂਆਂ ਉਮੰਗਾਂ ਅਤੇ ਤਰਜੀਹਾਂ ਦੀ ਸਿਰਜਣਾ ਵਿਚੋਂ ਨਜ਼ਰ ਆਵੇਗੀ ਨਾ ਕਿ ਬੱਚਿਆਂ ਨੂੰ ਸੰਭਾਲਣ ਵਾਲੀ ਆਂਟੀ ਕੋਲ ਪਲਰਦੇ ਬੱਚਿਆਂ ਵਿਚੋਂ। ਭਾਵੇਂ ਕਿ ਉਨ੍ਹਾਂ ਕੋਲ ਸਾਰੀਆਂ ਸੁੱਖ ਸਹੂਲਤਾਂ ਦੀ ਬਹੁਤਾਤ ਹੁੰਦੀ ਹੈ। ਇਹ ਹੁਲਾਸ ਧਨ ਵਿਚੋਂ ਨਹੀਂ ਸਗੋਂ ਰਿਸ਼ਤਈ ਨਿੱਘ ਤੇ ਅਪਣੱਤ ਵਿਚੋਂ ਮਿਲਦਾ ਹੈ।
ਅਮੀਰੀ ਇਹ ਨਹੀਂ ਹੁੰਦੀ ਕਿ ਮਹਿੰਗੇ ਬੂਟ ਪਾ ਕੇ ਰੈੱਡ ਕਾਰਪਿਟ `ਤੇ ਤੁਰਨਾ ਅਤੇ ਆਪਣੀ ਮੜ੍ਹਕ ਨਾਲ ਆਲੇ-ਦੁਆਲੇ ਨੂੰ ਚੁੰਧਿਆਉਣਾ। ਸਗੋਂ ਆਨੰਦਤ ਹੋਣ ਲਈ ਕਦੇ ਤ੍ਰੇਲੇ ਘਾਹ `ਤੇ ਨੰਗੇ ਪੈਰੀਂ ਤੁਰਨਾ, ਕਦੇ ਸਮੁੰਦਰੀ ਬੀਚ `ਤੇ ਗਿੱਲੀ ਰੇਤ ਤੇ ਨੰਗੇ ਪੈਰੀਂ ਤੁਰਦਿਆਂ, ਸਮੁੰਦਰੀ ਲਹਿਰਾਂ ਸੰਗ ਗੁਫ਼ਤਗੂ ਕਰਨਾ, ਕਦੇ ਬੱਚਿਆਂ ਵਲੋਂ ਪਹਿਆਂ ਦੀ ਧੁੱਧਲ ਨੂੰ ਉਡਾਉਂਦੇ ਜਾਂ ਰੇਤ ਦੇ ਘਰ ਬਣਾਉਂਦੇ ਦੇਖਣਾ, ਪਤਾ ਲੱਗੇਗਾ ਕਿ ਆਨੰਦ ਕਿਵੇਂ ਅਣਗੌਲੀਆਂ ਕਿਰਿਆਵਾਂ ਵਿਚੋਂ ਪ੍ਰਗਟਦਾ ਹੈ।
ਆਨੰਦ ਇਹ ਵੀ ਨਹੀਂ ਹੁੰਦਾ ਕਿ ਅਸੀਂ ਬਰਫ਼ਬਾਰੀ ਤੋਂ ਬਚਣ ਲਈ ਮੋਟੇ ਕੱਪੜੇ ਪਾਈ ਰੱਖੀਏ, ਨਿੱਘੇ ਕਮਰਿਆਂ ਵਿਚੋਂ ਹੀ ਬਾਹਰ ਨਾ ਨਿਕਲੀਏ। ਅਲਮਸਤੀ ਨੂੰ ਕਿਸ ਪੈਮਾਨੇ ਨਾਲ ਮਾਪੋਗੇ ਜਦ ਬੱਚੇ ਬਰਫ਼ ਦੇ ਗੋਲੇ ਬਣਾ ਕੇ ਇਕ ਦੂਜੇ ਨੂੰ ਮਾਰਦੇ ਨੇ, ਕਦੇ ਸਨੋਅ ਮੈਨ ਬਣਾਉਂਦੇ, ਕਦੇ ਬਰਫ਼ `ਤੇ ਸਕੀਇੰਗ ਕਰਦੇ ਜਾਂ ਕਦੇ ਬਰਫ਼ ਦੀਆਂ ਚਿੱਟੀਆਂ ਫੁੱਟੀਆਂ ਦੀ ਕਲਾਕਾਰੀ ਆਪਣੇ ਕੱਪੜਿਆਂ `ਤੇ ਕਰਦੇ।
ਇਹ ਕਿੱਧਰ ਦੀ ਅਯਾਸ਼ੀ ਕਿ ਅਮੀਰੀ ਇਹ ਵੀ ਨਹੀਂ ਆਪਣੀ ਅਮੀਰੀ ਦੇ ਰੋਅਬ ਵਿਚ ਕਮਰਿਆਂ ਦੀ ਸੁੰਨ ਦਾ ਸਾਥ ਮਾਣੋ। ਖੁਦ ਨੂੰ ਇਕੱਲਤਾ ਨਾਲ ਮਤਾੜੋ। ਸਗੋਂ ਆਪਣੇ ਪੁਰਾਣੇ ਮਿੱਤਰ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਦੀ ਸੰਗਤ ਮਾਣਨ ਲਈ ਪਹਿਲ ਕਰੇ। ਤੁਹਾਡੀ ਫੋਕੀ ਅਮੀਰੀ ਸ਼ਰਮਸ਼ਾਰ ਹੋਵੇਗੀ ਅਤੇ ਤੁਹਾਨੂੰ ਅਸਲੀ ਅਮੀਰੀ ਦਾ ਅਹਿਸਾਸ ਹੋਵੇਗਾ।
ਅਮੀਰੀ ਇਹ ਵੀ ਨਹੀਂ ਹੁੰਦੀ ਕਿ ਖੁਦ ਨੂੰ ਦੁਨੀਆਂ ਤੋਂ ਦੂਰ ਕਰੋ। ਸਾਰਿਆਂ ਨਾਲੋਂ ਨਾਤੇ ਤੋੜ ਲਵੋ। ਸਗੋਂ ਆਪਣੇ ਬਚਪਨ ਦੇ ਸਾਥੀਆਂ ਨੂੰ ਫ਼ੋਨ ਕਰਦੇ ਰਹੋ। ਉਨ੍ਹਾਂ ਦੀ ਸਿਹਤ ਬਾਰੇ ਅਤੇ ਉਨ੍ਹਾਂ ਦੇ ਜੀਵਨ ਦੀ ਸਾਰ ਲੈਂਦੇ ਰਹੋ। ਤੁਹਾਡੀ ਜਿ਼ੰਦਗੀ ਵੀ ਜਿਊਣ ਜੋਗੀ ਹੋ ਜਾਵੇਗੀ ਕਿਉਂਕਿ ਅਸੀਂ ਕਿਸੇ ਦੀ ਉਤਮ ਜੀਵਨ-ਜਾਚ ਵਿਚੋਂ ਖੁਦ ਦੀ ਜੀਵਨ ਸ਼ੈਲੀ ਨੂੰ ਵਿਊਂਤ ਕੇ ਸੱਚੀ ਮੁੱਚੀ ਦੇ ਅਮੀਰ ਹੋ ਸਕਦੇ ਹਾਂ।
ਅਮੀਰੀ ਤਾਂ ਇਹ ਵੀ ਨਹੀਂ ਹੁੰਦੀ ਕਿ ਅਸੀਂ ਸਵੇਰੇ ਬਾਰਾਂ ਵਜੇ ਉਠੀਏ ਸਗੋਂ ਅਮੀਰਤਾ ਤਾਂ ਇਹ ਹੁੰਦੀ ਕਿ ਅਸੀਂ ਸਵੇਰੇ ਸਰਘੀ ਵੇਲੇ ਸੂਰਜ ਦੀਆਂ ਕਿਰਨਾਂ ਨੂੰ ਖੁਸ਼ਆਮਦੀਦ ਕਹੀਏ। ਫੁੱਲਾਂ `ਤੇ ਡਲਕਦੇ ਤ੍ਰੇਲ ਤੁਪਕਿਆਂ ਵਿਚ ਨਿਖਰਦੇ ਰੰਗਾਂ ਰਾਹੀਂ ਜੀਵਨੀ ਰੰਗਾਂ ਦੇ ਭੇਤ ਨੂੰ ਜਾਣੀਏ। ਚੋਗ ਲਈ ਨਿਕਲੇ ਪਰਿੰਦਿਆਂ ਦੀ ਪ੍ਰਵਾਜ਼ ਨੂੰ ਆਪਣਾ ਜੀਵਨ-ਅੰਦਾਜ਼ ਬਣਾਈਏ।
ਅਮੀਰੀ ਤੁਹਾਡੀ ਦਿੱਖ ਹੈ। ਚਿਹਰੇ `ਤੇ ਪਸਰੀ ਮੁਸਕਰਾਹਟ ਹੈ। ਅੱਖਾਂ ਵਿਚ ਚਮਕਦੀ ਸੁ਼ੱਭ-ਭਾਵਨਾ ਹੈ। ਤੁਹਾਡੇ ਨਜ਼ਰੀਏ ਵਿਚਲਾ ਸ਼ੁਭ-ਚਿੰਤਨ ਅਤੇ ਜੀਵਨੀ ਵਿਚਾਰਧਾਰਾ ਹੈ। ਅਮੀਰਤਾ ਕਿਸੇ ਕੋਲੋਂ ਖੋਹਣਾ ਨਹੀਂ ਸਗੋਂ ਕਿਸੇ ਨੂੰ ਕੁਝ ਦੇਣਾ ਹੁੰਦਾ ਹੈ। ਇਕੱਠੇ ਕੀਤਿਆਂ ਸਭ ਕੁਝ ਗਲ਼ ਜਾਂਦਾ ਹੈ ਜਦ ਕਿ ਵੰਡਿਆਂ ਇਹ ਦੂਣ ਸਵਾਇਆ ਹੁੰਦਾ ਹੈ।
ਅਮੀਰੀ ਕਿਸੇ ਦੀਆਂ ਦੁਆਵਾਂ ਅਤੇ ਅਸੀਸਾਂ ਵਿਚੋਂ ਆਪਣੀ ਹੋਂਦ ਨੂੰ ਕਿਆਸਣਾ ਹੁੰਦਾ ਨਾ ਕਿ ਕਿਸੇ ਦੇ ਵੈਣਾਂ, ਸਿਆਪਿਆਂ ਜਾਂ ਉਲ੍ਹਾਮਿਆਂ ਵਿਚੋਂ ਆਪਣੀ ਅਕ੍ਰਿਤਾਰਥਾ ਨੂੰ ਜੱਗ-ਜ਼ਾਹਰ ਕਰਨਾ ਹੁੰਦਾ।
ਸ਼ਹਾਨਾ ਠਾਠ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਹੀਣ-ਭਾਵਨਾ ਨਾਲ ਜਿਊਣ ਲਈ ਮਜਬੂਰ ਕਰੀਏ। ਕਿਸੇ ਨੂੰ ਨਫਰਤ ਕਰੀਏ। ਕੋਫ਼ਤ ਕਰੀਏ। ਕਿਸੇ ਦੀਆਂ ਆਸਾਂ-ਉਮੀਦਾਂ ਦਾ ਸੇਕ ਵਿਚੋਂ ਖੁਦ ਲਈ ਨਿੱਘ ਪੈਦਾ ਕਰੀਏ। ਅਸਲੀ ਠਾਠ ਹੁੰਦਾ ਹੈ ਕਿ ਅਸੀਂ ਖੁਦ ਨੂੰ ਪਿਆਰ ਕਰਦੇ ਹਾਂ ਕਿਉਂਕਿ ਪਿਆਰ ਦੇ ਪੈਗ਼ਾਮ ਵਿਚ ਮਾਨਵਤਾ ਦਾ ਮੁਹਾਂਦਰਾ ਸੂਹੀ ਭਾਅ ਪੈਦਾ ਕਰਦਾ ਜਿਸਨੇ ਜੀਵਨ ਨੂੰ ਰੂਹਾਨੀ ਰੰਗਤ ਬਖਸ਼ਣੀ ਹੁੰਦੀ ਹੈ।
ਅਮੀਰੀ ਇਹ ਨਹੀਂ ਹੁੰਦੀ ਕਿ ਅਸੀਂ ਕਿਸੇ ਦੇ ਸੁਪਨਿਆਂ ਦੇ ਕਾਤਲ ਬਣੀਏ। ਕਿਸੇ ਲਈ ਕਬਰ ਪੁੱਟੀਏ। ਸਗੋਂ ਸੁੱਚੀ ਅਮੀਰੀ ਤਾਂ ਹੁੰਦੀ ਹੈ ਕਿ ਅਸੀਂ ਸੁਪਨੇ ਵਣਜੀਏ। ਸੁਪਨਹੀਣ ਨੈਣਾਂ ਵਿਚ ਉਹ ਸੁਪਨੇ ਧਰੀਏ ਜਿਸ ਨਾਲ ਉਨ੍ਹਾਂ ਵਿਚ ਮਾਨਵਜੀਤ ਬਣਨ, ਪੈਗੰਬਰੀ ਰਹਿਤਲ ਨੂੰ ਸਿਰਜਣ ਅਤੇ ਸਭ ਦੇ ਜਿਊਣ ਦਾ ਸਬੱਬ ਉਸਰੇ।