ਐਸੀ ਬਾਣੀ ਬੋਲੀਏ, ਮਨ ਕਾ ਆਪਾ ਖੋਏ

ਮੁਹੰਮਦ ਅੱਬਾਸ ਧਾਲੀਵਾਲ
ਸੰਪਰਕ 9855259650
ਦੇਸ਼ `ਚ ਮੀਡੀਆ ਦਾ ਮਿਆਰ ਪਿਛਲੇ ਲਗਭਗ ਅੱਠ-ਦਸ ਸਾਲਾਂ ਤੋਂ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜਿਸ ਦੀ ਊਲ ਜਲੂਲ ਰਿਪੋਰਟਿੰਗ ਦੇ ਚਲਦਿਆਂ ਦੇਸ਼ ਨੂੰ ਕਈ ਵਾਰ ਅੰਤਰਰਾਸ਼ਟਰੀ ਪੱਧਰ `ਤੇ ਨਮੋਸ਼ੀ ਝੱਲਣੀ ਪੈਂਦੀ ਹੈ।

ਜਿਵੇਂ ਕਿ ਅਸੀਂ ਪਿਛਲੇ ਲਗਭਗ ਇਕ ਦਹਾਕੇ ਤੋਂ ਵੇਖਦੇ ਆ ਰਹੇ ਹਾਂ ਕਿ ਦੇਸ਼ ਦੇ ਵਧੇਰੇ ਨਿਊਜ਼ ਚੈਨਲ ਸਾਰਥਕ ਖਬਰਾਂ ਦੀ ਥਾਂ ਆਪਣੀਆਂ ਫਜ਼ੂਲ ਕਿਸਮ ਦੀਆਂ ਡਿਬੇਟਸ ਰਾਹੀਂ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਖਿ਼ਲਾਫ ਬਹੁਗਿਣਤੀ ਦੇ ਦਿਲਾਂ ਵਿਚ ਨਫਰਤ ਭਰਦੇ ਆ ਰਹੇ ਹਨ। ਦਰਅਸਲ ਉਕਤ ਚੈਨਲਾਂ ਦੁਆਰਾ ਦੇਸ਼ ਦੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਜਾਣ-ਬੁੱਝ ਕੇ ਧਾਰਮਿਕ ਕਿਸਮ ਦੀਆਂ ਬਹਿਸਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਬਹਿਸਾਂ ਦੌਰਾਨ ਵੱਖ ਵੱਖ ਬੁਲਾਰਿਆਂ ਦੁਆਰਾ ਜਿਸ ਤਰ੍ਹਾਂ ਦੀ ਬਾਜ਼ਾਰੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕੋਈ ਸੱਭਿਅਕ ਸਮਾਜ ਜਾਂ ਦੇਸ਼ ਹਰਗਿਜ਼ ਪਸੰਦ ਨਹੀਂ ਕਰੇਗਾ। ਇਨ੍ਹਾਂ ਬਹਿਸਾਂ ਦੌਰਾਨ ਕੁੱਕੜਾਂ ਵਾਂਗ ਲੜਦੇ ਬੁਲਾਰੇ ਤੇ ਐਂਕਰ ਆਮ ਵੇਖੇ ਜਾ ਸਕਦੇ ਹਨ। ਦਰਅਸਲ ਜਦੋਂ ਇਨਸਾਨ ਨਫਰਤ ਦੀ ਅੱਗ ਵਿਚਕਾਰ ਘਿਰ ਜਾਂਦਾ ਹੈ ਤਾਂ ਉਸ ਦੀ ਸਮਝ, ਬੂਝ `ਤੇ ਜਹਾਲਤ ਦਾ ਧੂੰਆਂ ਛਾ ਜਾਂਦਾ ਹੈ ਜਿਸ ਦੇ ਚਲਦਿਆਂ ਉਹ ਚੰਗੇ-ਬੁਰੇ ਵਿਚਕਾਰ ਫਰਕ ਕਰਨੋਂ ਅਸਮਰੱਥ ਹੋ ਜਾਂਦਾ ਹੈ।
ਜਿਵੇਂ ਕਿ ਅਸੀਂ ਵੇਖਿਆ ਕਿ ਪਿਛਲੇ ਦਿਨੀਂ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦੇ ਮਸਲੇ ਨੂੰ ਗੋਦੀ ਮੀਡੀਆ ਨੇ ਜਾਣਬੁੱਝ ਕੇ ਉਛਾਲਿਆ ਤੇ ਵੱਖ ਵੱਖ ਚੈਨਲਾਂ ਵਲੋਂ ਇਸ ਮਾਮਲੇ `ਤੇ ਬਹਿਸਾਂ ਕਰਵਾ ਕੇ ਆਮ ਦਰਸ਼ਕਾਂ ਦਾ ਦਿਮਾਗੀ ਸੋਸ਼ਣ ਕੀਤਾ ਗਿਆ।
ਅਜਿਹੇ ਹੀ ਇਕ ਪ੍ਰੋਗਰਾਮ ਦੌਰਾਨ ਭਾਜਪਾ ਦੀ ਕੌਮੀ ਪ੍ਰਵਕਤਾ ਨੂਪੁਰ ਸ਼ਰਮਾ ਨੇ ਇਕ ਟੈਲੀਵੀਜ਼ਨ ਸ਼ੋਅ `ਚ ਪੈਗੰਬਰ ਮੁਹੰਮਦ (ਸ) ਅਤੇ ਉਨ੍ਹਾਂ ਦੀ ਪਤਨੀ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਉਕਤ ਟਿੱਪਣੀਆਂ ਅਰਬ ਦੇਸ਼ਾਂ ਵਿਚ ਪਹੁੰਚ ਗਈਆਂ ਤੇ ਵੇਖਦੇ ਹੀ ਵੇਖਦੇ ਜੰਗਲ ਦੀ ਅੱਗ ਵਾਂਗ ਆਮ ਲੋਕਾਂ ਵਿਚ ਫੈਲ ਗਈਆਂ, ਨਤੀਜੇ ਵਜੋਂ ਖਾੜੀ ਦੇਸ਼ਾਂ ਵਿਚ ਇਸ ਦਾ ਤਿੱਖਾ ਵਿਰੋਧ ਹੋਇਆ ਤੇ ਉਥੇ ਭਾਰਤੀ ਸਾਮਾਨ ਦੇ ਬਾਈਕਾਟ ਕਰਨ ਦੀਆਂ ਮੁਹਿੰਮਾਂ ਚੱਲੀਆਂ। ਇੰਨਾ ਹੀ ਨਹੀਂ ਇਸ ਦੌਰਾਨ ਖਾੜੀ ਦੇਸ਼ਾਂ ਜਿਵੇਂ ਕਤਰ, ਕੁਵੈਤ, ਸਾਊਦੀ ਅਰਬ, ਈਰਾਨ, ਇਰਾਕ, ਅਫਗਾਨਿਸਤਾਨ ਤੇ ਬਹਿਰੀਨ ਆਦਿ `ਚੋਂ ਕੁਝ ਦੇਸ਼ਾਂ ਨੇ ਤਾਂ ਭਾਰਤੀ ਰਾਜਦੂਤਾਂ ਨੂੰ ਬੁਲਾ ਕੇ ਆਪਣਾ ਸਖਤ ਵਿਰੋਧ ਦਰਜ ਕਰਵਾਇਆ।
ਖਾੜੀ ਦੇਸ਼ਾਂ ਵਿਚ ਹੋ ਰਹੇ ਇਸ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਨੇ ਨੂਪੁਰ ਸ਼ਰਮਾ ਤੇ ਭਾਜਪਾ ਦੇ ਦਿੱਲੀ ਇਕਾਈ ਦੇ ਇਕ ਹੋਰ ਆਗੂ ਨਵੀਨ ਕੁਮਾਰ ਜਿੰਦਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਸਸਪੈਂਡ ਕਰ ਦਿੱਤਾ।
ਉਧਰ, ਕਤਰ ਦੇ ਵਿਦੇਸ਼ ਮੰਤਰਾਲੇ ਨੇ ਨਾਰਾਜ਼ਗੀ ਜਤਾਉਂਦਿਆਂ ਦੋਹਾ ਵਿਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਕਤਰ ਦੀ ਇਸ ਬਾਰੇ ਪ੍ਰਤੀਕਿਰਿਆ ਦਾ ਅਧਿਕਾਰਤ ਨੋਟ ਸੌਂਪਿਆ। ਕਤਰ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਆਗੂ ਦੇ ਵਿਵਾਦਪੂਰਨ ਬਿਆਨ ਉੱਪਰ ਸਖ਼ਤ ਇਤਰਾਜ਼ ਜਤਾਇਆ ਗਿਆ ਹੈ ਤੇ ਭਾਰਤੀ ਰਾਜਦੂਤ ਨੂੰ ਆਖਿਆ ਕਿ ‘ਅਜਿਹੀਆਂ ਇਸਲਾਮ ਵਿਰੋਧੀ ਟਿੱਪਣੀਆਂ ਦਾ ਹੋਣਾ ਅਤੇ ਉਸ ਸਬੰਧੀ ਕੋਈ ਸਖ਼ਤ ਕਾਰਵਾਈ ਨਾ ਕਰਨਾ ਦੇਸ਼ ਵਿਚ ਮਨੁੱਖੀ ਅਧਿਕਾਰਾਂ ਨੂੰ ਖ਼ਤਰਾ ਹੈ।’ ਇਸ ਦੇ ਨਾਲ ਹੀ ਕਤਰ ਨੇ ਆਖਿਆ ਕਿ ਇਹ ਹਿੰਸਾ ਅਤੇ ਨਫ਼ਰਤ ਨੂੰ ਵਧਾ ਸਕਦਾ ਹੈ।
ਇਸ ਦੇ ਨਾਲ ਹੀ ਕੁਵੈਤ ਨੇ ਵੀ ਭਾਰਤ ਤੋਂ ਇਨ੍ਹਾਂ ਟਿੱਪਣੀਆਂ ਲਈ ਮੁਆਫ਼ੀ ਦੀ ਮੰਗ ਕੀਤੀ ਹੈ। ਕੁਵੈਤ ਵੱਲੋਂ ਆਖਿਆ ਗਿਆ ਕਿ ਅਜਿਹੇ ਬਿਆਨ ਨਫ਼ਰਤ ਨੂੰ ਵਧਾਉਂਦੇ ਹਨ।
ਇਸ ਦੇ ਨਾਲ ਹੀ ਇਰਾਨ ਦੇ ਚੈਨਲ ਈਰਾਨ ਇੰਟਰਨੈਸ਼ਨਲ ਇੰਗਲਿਸ਼ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਤਹਿਰਾਨ ਵਿਖੇ ਭਾਰਤੀ ਰਾਜਦੂਤ ਨੂੰ ਆਖਿਆ ਗਿਆ ਕਿ ਇਹ ਟਿੱਪਣੀਆਂ ਹਜ਼ਰਤ ਮੁਹੰਮਦ ਦੀ ਬੇਇੱਜ਼ਤੀ ਹਨ।
ਖਾੜੀ ਦੇਸ਼ਾਂ ਵਿਚ ਵਿਰੋਧ ਹੁੰਦਾ ਵੇਖ ਭਾਰਤੀ ਜਨਤਾ ਪਾਰਟੀ ਨੇ ਆਪਣੀ ਬੁਲਾਰਨ ਨੂਪੁਰ ਸ਼ਰਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਸਸਪੈਂਡ ਕਰ ਦਿੱਤਾ ਤੇ ਭਾਰਤ ਵੱਲੋਂ ਆਖਿਆ ਗਿਆ ਹੈ ਕਿ ਇਹ ਵਿਚਾਰ ਭਾਰਤ ਸਰਕਾਰ ਦੇ ਨਹੀਂ ਹਨ ਬਲਕਿ ਕੁਝ ਸ਼ਰਾਰਤੀ ਤੱਤਾਂ ਦੇ ਹਨ। ਭਾਰਤ ਵਲੋਂ ਇਹ ਵੀ ਆਖਿਆ ਗਿਆ ਕਿ ਸੱਤਾਧਾਰੀ ਪਾਰਟੀ ਭਾਜਪਾ ਵਲੋਂ ਇਨ੍ਹਾਂ ਲੋਕਾਂ ਖਿ਼ਲਾਫ਼ ਕਾਰਵਾਈ ਕੀਤੀ ਗਈ ਹੈ।
ਉਧਰ, ਅਰਬ ਦੇਸ਼ਾਂ ਵਿਚ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖਿ਼ਲਾਫ਼ ਅਭਿਆਨ ਦੀ ਸ਼ੁਰੁਆਤ ਓਮਾਨ ਦੇ ਮੁਫਤੀ ਸ਼ੇਖ ਅਹਿਮਦ ਬਿਨ ਹਮਾਦ ਅਲ ਖਾਲਿਦੀ ਦੀ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਦੀ ਆਗੂ ਵੱਲੋਂ ਇਸਲਾਮ ਦੇ ਦੂਤ ਖਿ਼ਲਾਫ ਅਸ਼ਲੀਲ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਨੇ ਸਾਰੇ ਇਸਲਾਮਿਕ ਦੇਸ਼ਾਂ ਨੂੰ ਇਸ ਦੇ ਵਿਰੁੱਧ ਇਕੱਠਾ ਹੋਣ ਦੀ ਅਪੀਲ ਕੀਤੀ ਸੀ।
ਉਕਤ ਬਿਆਨ ਤੋਂ ਬਾਅਦ ਮੱਧ ਪੂਰਬ ਦੇ ਦੇਸ਼ ਕਤਰ, ਓਮਾਨ, ਸਾਊਦੀ ਅਰਬ ਅਤੇ ਮਿਸਰ ਵਿਚ ਵੀ ਟਵਿੱਟਰ ਰਾਹੀਂ ਵੱਡੇ ਪੱਧਰ `ਤੇ ਵਿਰੋਧ ਜਤਾਇਆ ਗਿਆ ਤੇ ਇਸ ਦੇ ਨਾਲ ਹੀ ਭਾਰਤ ਤੋਂ ਆਉਣ ਵਾਲੀਆਂ ਵਸਤੂਆਂ ਦੇ ਬਾਈਕਾਟ ਦੀ ਗੱਲ ਵੀ ਸੋਸ਼ਲ ਮੀਡੀਆ ਉੱਪਰ ਛਾਈ ਰਹੀ।
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵਲੋਂ ਸਖ਼ਤ ਸ਼ਬਦਾਂ ਵਿਚ ਨੂਪੁਰ ਸ਼ਰਮਾ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਮੰਤਰਾਲੇ ਵਲੋਂ ਇਸ ਸੰਬੰਧੀ ਇਕ ਅਧਿਕਾਰਕ ਬਿਆਨ ਵੀ ਜਾਰੀ ਕੀਤਾ ਗਿਆ ਹੈ।
ਮਿਸਰ ਤੇ ਸੰਯੁਕਤ ਅਰਬ ਅਮੀਰਾਤ ਵਿਚ ਭਾਰਤ ਦੇ ਰਾਜਦੂਤ ਰਹੇ ਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਖ਼ਾਸ ਫੈਲੋ ਤੇ ਆਪਣੇ ਦਾਦੇ ਨਾਵਲਕਾਰ ਨਾਨਕ ਸਿੰਘ ਦੇ ਪੰਜਾਬ ਵੰਡ ਬਾਰੇ ਨਾਵਲ ‘ਖ਼ੂਨ ਦੇ ਸੋਹਿਲੇ’ ਅਤੇ ਜੱਲਿਆਂਵਾਲੇ ਬਾਗ਼ ਬਾਰੇ ਕਾਵਿ-ਪੁਸਤਕ ‘ਖ਼ੂਨੀ ਵਿਸਾਖੀ’ ਦਾ ਅੰਗਰੇਜ਼ੀ `ਚ ਅਨੁਵਾਦ ਕਰਨ ਵਾਲੇ ਨਵਦੀਪ ਸੂਰੀ ਹੁਰਾਂ ਨੇ ਉਕਤ ਸੰਦਰਭ ਵਿਚ ਆਪਣੇ ਇਕ ਕਾਲਮ “ਹਵਾ ਬੀਜੋਗੇ ਤਾਂ ਝੱਖੜ ਵੱਢੋਗੇ’ ਵਿਚ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਹੈ:
‘ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ (ਜੋ ਹੁਣ ਮੁਅੱਤਲ ਹੈ) ਅਤੇ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ (ਜਿਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ) ਵਲੋਂ ਪੈਗੰਬਰ ਮੁਹੰਮਦ ਸਾਹਿਬ ਬਾਰੇ ਕੀਤੀਆਂ ਘਿਨਾਉਣੀਆਂ ਟਿੱਪਣੀਆਂ ਨਾਲ ਬਿਨਾਂ ਸ਼ੱਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਖਾੜੀ ਮੁਲਕਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਲਈ ਕੀਤੇ ਯਤਨਾਂ ਨੂੰ ਗਹਿਰਾ ਧੱਕਾ ਵੱਜਿਆ ਹੈ। ਮੈਂ ਜਦੋਂ 2016-19 ਤਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤ ਦਾ ਰਾਜਦੂਤ ਸੀ ਤਾਂ ਉਦੋਂ ਇਸ ਤਬਦੀਲੀ ਨੂੰ ਆਪਣੇ ਅੱਖੀਂ ਤੱਕਿਆ ਸੀ ਅਤੇ ਇਸ ਦਾ ਇਹ ਹਸ਼ਰ ਹੁੰਦਾ ਦੇਖ ਕੇ ਦੁੱਖ ਹੁੰਦਾ ਹੈ। ਪੰਜ ਜੂਨ ਨੂੰ 24 ਘੰਟਿਆਂ ਦੇ ਵਕਫ਼ੇ ਵਿਚ ਕਤਰ, ਕੁਵੈਤ ਅਤੇ ਇਰਾਨ ਵਿਚਲੇ ਭਾਰਤੀ ਰਾਜਦੂਤਾਂ ਨੂੰ ਵਿਦੇਸ਼ ਵਿਭਾਗ `ਚ ਤਲਬ ਕੀਤਾ ਗਿਆ ਅਤੇ ਸਖ਼ਤ ਰੋਸ ਦਰਜ ਕਰਾਇਆ ਗਿਆ ਜੋ ਆਮ ਤੌਰ ’ਤੇ ਭੜਕਾਊ ਬਿਆਨਾਂ ਦੀ ਕੀਤੀ ਜਾਂਦੀ ਨੁਕਤਾਚੀਨੀ ਤੋਂ ਕਿਤੇ ਸਖ਼ਤ ਕਾਰਵਾਈ ਗਿਣੀ ਜਾਂਦੀ ਹੈ। ਕਤਰ ਤੇ ਕੁਵੈਤ ਨੇ ਮੰਗ ਕੀਤੀ ਕਿ ਦੋਸ਼ੀ ਜਨਤਕ ਤੌਰ ’ਤੇ ਮੁਆਫ਼ੀ ਮੰਗਣ, ਨਾਲ ਹੀ ਆਖਿਆ, “ਇਸਲਾਮ ਬਾਰੇ ਹਊਆ ਪੈਦਾ ਕਰਨ ਵਾਲੀਆਂ (ਇਸਲਾਮੋਫੋਬੀਆ) ਇਸ ਕਿਸਮ ਦੀਆਂ ਟਿੱਪਣੀਆਂ ਨੂੰ ਜੇ ਇਵੇਂ ਹੀ ਖੁੱਲ੍ਹ ਦਿੱਤੀ ਜਾਂਦੀ ਰਹੀ ਤਾਂ ਇਨ੍ਹਾਂ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਸ ਨਾਲ ਮੁਤੱਸਬ ਹੋਰ ਜ਼ਿਆਦਾ ਵਧ ਸਕਦਾ ਹੈ।’
ਉਧਰ ਪ੍ਰਸਿੱਧ ਪੱਤਰਕਾਰ ਨਿਮਰਤ ਕੌਰ ‘ਰੋਜ਼ਾਨਾ ਸਪੋਕਸਮੈਨ’ ਦੀ ਆਪਣੀ ਇਕ ਸੰਪਾਦਕੀ ਵਿਚ ਲਿਖਦੇ ਹਨ ਕਿ ਉਪ ਰਾਸ਼ਟਰਪਤੀ ਦੇ ਵਿਦੇਸ਼ੀ ਦੌਰੇ ਦੌਰਾਨ ਇਕ ਭਾਰਤੀ ਟੀ.ਵੀ. ਚੈਨਲ ਦੇ ਵਿਚਾਰ ਵਟਾਂਦਰੇ ਵਿਚ ਪੇਸ਼ ਕੀਤੇ ਉਲ ਜਲੂਲ ਵਿਚਾਰਾਂ ਕਾਰਨ ਬੜੀ ਸ਼ਰਮਿੰਦਗੀ ਝੱਲਣੀ ਪਈ। ਕੁਵੈਤ, ਉਮਾਨ, ਕਤਰ ਵਿਚ ਗਏ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਦਾ ਇਕ ਸਮਾਗਮ ਵੀ ਰੱਦ ਕਰ ਦਿੱਤਾ ਗਿਆ ਕਿਉਂਕਿ ਭਾਜਪਾ ਦੇ ਦੋ ਬੁਲਾਰਿਆਂ ਨੇ ਇਕ ਚੈਨਲ `ਤੇ ਪੈਗ਼ੰਬਰ ਮੁਹੰਮਦ ਤੇ ਉਨ੍ਹਾਂ ਦੀ ਪਤਨੀ ਵਿਰੁੱਧ ਭੱਦੀ ਸ਼ਬਦਾਵਤੀ ਵਰਤੀ ਸੀ। ਇਨ੍ਹਾਂ ਵਿਚ ਇਕ ਨੂਪੁਰ ਸ਼ਰਮਾ ਹੈ ਜੋ ਟੀ.ਵੀ. ਚੈਨਲਾਂ ਉਤੇ ਵਿਚਾਰ ਵਟਾਂਦਰਿਆਂ ਵਿਚ ਕਾਫ਼ੀ ਊਲ ਜਲੂਲ ਬੋਲਦੀ ਹੈ।
ਇਹੋ ਜਿਹੇ ਕਈ ਨਾਮ ਹਨ ਜੋ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ `ਤੇ ਤਿੱਖਾ ਅਤੇ ਕੌੜਾ ਬੋਲਦੇ ਹਨ ਤੇ ਇਨ੍ਹਾਂ ਨੂੰ ਸੁਣਦਿਆਂ ਕਈ ਵਾਰ ਦਿਮਾਗ਼ ਵੀ ਚਕਰਾ ਜਾਂਦਾ ਹੈ। ਬੁਲਾਰਿਆਂ ਤੋਂ ਵੱਧ ਤਾਂ ਟੀ.ਵੀ. ਚੈਨਲਾਂ `ਤੇ ਬੈਠੇ ਕਈ ਐਂਕਰ ਨਫ਼ਰਤ ਭਰੀਆਂ ਟਿੱਪਣੀਆਂ ਕਰਦੇ ਹਨ ਤੇ ਇਸ ਨਫ਼ਰਤ ਦੀ ਪੱਤਰਕਾਰੀ ਨੇ ਦੁਨੀਆ ਭਰ ਵਿਚ ਭਾਰਤ ਵਾਸਤੇ ਬਦਨਾਮੀ ਹੀ ਖੱਟੀ ਹੈ। ਇਨ੍ਹਾਂ ਦੀ ਇਕਤਰਫ਼ਾ ਨਫ਼ਰਤ ਭਰੀ ਪੱਤਰਕਾਰੀ ਨੇ ਸਾਡੇ ਸਾਰੇ ਪੱਤਰਕਾਰਾਂ ਨੂੰ ਗੋਦੀ ਮੀਡੀਆ ਦਾ ਨਾਮ ਦਿਵਾ ਦਿੱਤਾ ਹੈ।’
ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਆਪਣੇ ਫੇਸਬੁੱਕ ਪੇਜ `ਤੇ ਉਕਤ ਸੰਦਰਭ `ਚ ਲਿਖਦੇ ਹਨ, “ਪਿਛਲੇ ਅੱਠ ਸਾਲਾਂ ਵਿਚ ਦੇਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਸੱਤਾਧਾਰੀ ਪਾਰਟੀ ਤੋਂ ਵੱਖਰੀ ਰਾਇ ਰੱਖਣ ਵਾਲੇ ਲੋਕਾਂ ਦਾ ਲਗਾਤਾਰ ਉਤਪੀੜਨ ਹੋਇਆ ਹੈ। ਵੱਡੀ ਪੱਧਰ ‘ਤੇ ਉਨ੍ਹਾਂ ਉੱਪਰ ਝੂਠੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ ਹੈ। ਨੌਜਵਾਨਾਂ ਦੀਆਂ ਜਿ਼ੰਦਗੀਆਂ ਬਰਬਾਦ ਕਰ ਦਿੱਤੀਆਂ ਗਈਆਂ ਹਨ। ਹੁਣ ਅਮਰੀਕਾ ਸਮੇਤ ਅਰਬ ਦੇਸ਼ਾਂ ਨੇ ਇਸ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਬੁਲਾਰਾ ਨੂਪੁਰ ਸ਼ਰਮਾ ਵੱਲੋਂ ‘ਟਾਈਮਜ਼ ਨਾਓ’ ਟੀਵੀ ਚੈਨਲ ‘ਤੇ ਮੁਹੰਮਦ ਸਾਹਿਬ (ਸ) ਸੰਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਅਰਬ ਦੇਸ਼ਾਂ ਵਿਚ ਭਾਰਤ ਦੇ ਵਪਾਰਕ ਬਾਈਕਾਟ ਦੇ ਸੱਦੇ ਦਿੱਤੇ ਜਾ ਰਹੇ ਹਨ।”
ਪਿਛਲੇ ਦਿਨੀਂ ਦੇਸ਼ ਦੇ ਸੰਪਾਦਕਾਂ ਦੀ ਜਥੇਬੰਦੀ ‘ਆਡੀਟਰਜ਼ ਗਿਲਡ ਆਫ਼ ਇੰਡੀਆ’ ਨੇ ਵੀ ਆਪਣੇ ਇਕ ਬਿਆਨ ਵਿਚ ਗੋਦੀ ਮੀਡੀਆ ਚੈਨਲਾਂ ਦੀ ਤਿੱਖੀ ਆਲੋਚਨਾ ਕੀਤੀ ਸੀ। ਇਸ ਸੰਦਰਭ ਵਿਚ ਗਿਲਡ ਨੇ ਆਖਿਆ ਕਿ ਉਹ ਕੌਮੀ ਨਿਊਜ਼ ਚੈਨਲਾਂ ਦੇ ਗੈਰ-ਜਿ਼ੰਮੇਵਾਰਾਨਾ ਰਵੱਈਏ ਤੋਂ ਨਿਰਾਸ਼ ਹੈ, ਜਿਹੜੇ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਜੋ ਘੱਟਗਿਣਤੀ ਫਿਰਕਿਆਂ ਪ੍ਰਤੀ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਗਿਲਡ ਨੇ ਅੱਗੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਦੇਸ਼ ਨੂੰ ਝੱਲਣੀ ਪਈ ਸ਼ਰਮਿੰਦਗੀ ਤੋਂ ਬਚਾਇਆ ਜਾ ਸਕਦਾ ਸੀ ਜੇਕਰ ਟੀ ਵੀ ਚੈਨਲ ਧਰਮ ਨਿਰਪੱਖਤਾ ਬਾਰੇ ਦੇਸ਼ ਦੀ ਸੰਵਿਧਾਨਕ ਪ੍ਰਤੀਬੱਧਤਾ ਦੇ ਨਾਲ-ਨਾਲ ਪੱਤਰਕਾਰੀ ਦੀ ਨੈਤਿਕਤਾ ਤੇ ਪ੍ਰੈਸ ਕੌਂਸਲ ਆਫ਼ ਇੰਡੀਆ ਵਲੋਂ ਜਾਰੀ ਹਦਾਇਤਾਂ ਉੱਤੇ ਪਹਿਰਾ ਦਿੰਦੇ। ਕੁਝ ਚੈਨਲ ਦਰਸ਼ਕਾਂ ਦੀ ਸੰਖਿਆ ਵਧਾ ਕੇ ਲਾਭ ਕਮਾਉਣ ਦੇ ਲਾਲਚ ਵਿਚ ‘ਰੇਡੀਓ ਰਵਾਂਡਾ’ ਦੇ ਰਾਹ ਪਏ ਹੋਏ ਹਨ, ਜਿਸ ਦੇ ਭੜਕਾਊ ਪ੍ਰਸਾਰਨਾਂ ਨੇ ਇਸ ਅਫ਼ਰੀਕੀ ਦੇਸ਼ ਨੂੰ ਕਤਲਗਾਹ ਬਣਾ ਦਿੱਤਾ ਸੀ। ਉਕਤ ਜਥੇਬੰਦੀ ਨੇ ਇਹ ਮੰਗ ਵੀ ਕੀਤੀ ਕਿ, ‘ਗਿਲਡ ਮੰਗ ਕਰਦੀ ਹੈ ਕਿ ਇਹ ਚੈਨਲ ਅਜਿਹੀ ਸਮੱਗਰੀ ਨੂੰ ਪ੍ਰਸਾਰਤ ਕਰਨਾ ਛੱਡ ਦੇਣ ਤੇ ਵੰਡਪਾਊ ਨਫ਼ਰਤੀ ਮਾਹੌਲ ਪੈਦਾ ਕਰਨ ਵਾਲੇ ਜਿਨ੍ਹਾਂ ਪ੍ਰੋਗਰਾਮਾਂ ਰਾਹੀਂ ਕੌਮੀ ਵਿਵਾਦ ਖੜ੍ਹਾ ਹੋਇਆ, ਉਨ੍ਹਾਂ ਦੀ ਆਲੋਚਨਾਤਮਕ ਪੜਚੋਲ ਕਰਨ।’
ਅੰਤ ਵਿਚ ਆਪਣੀ ਗੱਲ ਕਬੀਰ ਜੀ ਦੇ ਇਸ ਦੋਹੇ ਨਾਲ ਹੀ ਸਮਾਪਤ ਕਰਨਾ ਚਾਹਾਂਗਾ:
ਐਸੀ ਬਾਣੀ ਬੋਲੀਏ, ਮਨ ਕਾ ਆਪਾ ਖੋਏ।
ਔਰਨ ਕੋ ਸ਼ੀਤਲ ਕਰੇ, ਆਪਹੂੰ ਸ਼ੀਤਲ ਹੋਏ॥