ਚੋਣਵੇਂ ਕਬੱਡੀ ਖਿਡਾਰੀ: ਅਮਰਜੀਤ ਸਨ੍ਹੇਰਵੀ

ਪ੍ਰਿੰ. ਸਰਵਣ ਸਿੰਘ
ਸਾਡੀ ਦੋਸਤੀ ਹੈ
ਸੁਰਖ ਸਵੇਰਿਆਂ ਦੇ ਨਾਲ
ਸਾਡਾ ਵੈਰ ਸਦਾ ਕਾਲਿਆਂ
ਹਨੇ੍ਹਰਿਆਂ ਦੇ ਨਾਲ
ਅਸੀਂ ਸੂਰਜਾਂ ਦੇ ਬੇਲੀ
ਅਸੀਂ ਅੰਬਰਾਂ ਦੇ ਹਾਣੀ
ਸਾਡੀ ਤੋਰ ਦੀ ਰਵਾਨੀ

ਕਿਸੇ ਵਿਰਲੇ ਪਛਾਣੀ
ਜਾਈਏ ਮੰਜਿ਼ਲਾਂ ਦੇ ਵੱਲੀਂ
ਵੱਡੇ ਜੇਰਿਆਂ ਦੇ ਨਾਲ
ਅਸੀਂ ਧੁੱਪ ਦੀਆਂ ਕਾਤਰਾਂ
ਲਿਆਉਣਾ ਲੋਚਦੇ
ਰਾਜ ਚੰਦਰੇ ਹਨ੍ਹੇਰੇ ਦਾ
ਮਿਟਾਉਣਾ ਲੋਚਦੇ
ਜਿਹੜਾ ਮੁੱਢ ਤੋਂ ਹੀ ਰਿਹਾ ਹੈ
ਲੁਟੇਰਿਆਂ ਦੇ ਨਾਲ
ਹੱਕ ਕਿਸੇ ਦਾ ਕਿਸੇ ਨੂੰ
ਅਸੀਂ ਖੋਹਣ ਨਹੀਂ ਦੇਣਾ
ਕਿਸੇ ਦੁਖੀ ਮਜ਼ਲੂਮ ਤਾਈਂ
ਰੋਣ ਨਹੀਂ ਦੇਣਾ
ਲਿਜਾਣ ਹੀਰ ਨੂੰ ਨੀ ਦੇਣਾ
ਅਸੀਂ ਖੇੜਿਆਂ ਦੇ ਨਾਲ
ਅਸੀਂ ਚਾਹੁੰਨੇ ਗੀਤ ਕੋਈ
ਬਿਨ ਆਈ ਨਾ ਮਰੇ
ਲਾਸ਼ ਆਪਣੇ ਹੀ ਖ਼ੂਨ ਵਿਚ
ਕਦੇ ਨਾ ਤਰੇ
ਖਹਿਣ ਗਿਰਝਾਂ ਨਾ ਸਾਡਿਆਂ
ਬਨੇਰਿਆਂ ਦੇ ਨਾਲ
ਅਮਰਜੀਤ ਅੱਗ ਲੱਗੇ ਕਿਤੇ
ਨਾ ਜਨੂੰਨ ਦੀ
ਕੋਈ ਭੁੱਲੇ ਨਾ ਪਛਾਣ
ਆਪਣੇ ਹੀ ਖੂਨ ਦੀ
ਲੰਘੇ ਔਧ ਸਾਡੀ ਹੱਸਦਿਆਂ
ਵਿਹੜਿਆਂ ਦੇ ਨਾਲ
1980 ਦੇ ਆਸ-ਪਾਸ ਉਭਰਦੇ ਕਵੀ ਅਮਰਜੀਤ ਸਨ੍ਹੇਰਵੀ ਦਾ ਲਿਖਿਆ ਇਹ ਗੀਤ ਗੁਰਸ਼ਰਨ ਭਾਅ ਜੀ ਨੇ ‘ਸਰਦਲ’ ਵਿਚ ਛਾਪਿਆ ਸੀ ਜੋ ਉਹਦੇ ਨਾਟਕਾਂ ਤੇ ਇਨਕਲਾਬੀ ਸਟੇਜਾਂ `ਤੇ ਗਾਇਆ ਜਾਂਦਾ ਰਿਹਾ। ਉਦੋਂ ਕਿਸੇ ਦੇ ਖ਼ਾਬ ਖਿ਼ਆਲ ਵਿਚ ਵੀ ਨਹੀਂ ਸੀ ਕਿ ਉਹ ਆਪਣੇ ਇਲਾਕੇ ਦੇ ਚੋਣਵੇਂ ਕਬੱਡੀ ਖਿਡਾਰੀਆਂ ਬਾਰੇ ਪੁਸਤਕ ਲਿਖੇਗਾ ਤੇ ਖੇਡ ਲੇਖਕ ਵੱਜੇਗਾ। ਉਹਦਾ ਜਨਮ ਉੱਚੇ ਟਿੱਬਿਆਂ ਵਾਲੇ ਪਿੰਡ ਝੋਟੀ ਵਾਲਾ, ਜਿ਼ਲ੍ਹਾ ਫਰੀਦਕੋਟ ਵਿਖੇ ਆਪਣੇ ਨਾਨਕੇ ਘਰ ਹੋਇਆ ਸੀ। ਉਸ ਦੇ ਪਿਤਾ ਸ. ਗੁਰਦਿਆਲ ਸਿੰਘ ਤੇ ਮਾਤਾ ਸ਼੍ਰੀਮਤੀ ਮੁਖਤਿਆਰ ਕੌਰ ਸਨ। ਉਹਦਾ ਬਚਪਨ ਤਹਿਸੀਲ ਜ਼ੀਰਾ ਦੇ ਇਤਿਹਾਸਕ ਪਿੰਡ ਸਨ੍ਹੇਰ ਦੀਆਂ ਬੀਹੀਆਂ ਵਿਚ ਲੁਕਣ-ਮੀਚੀ ਤੇ ਰੌੜਾਂ ਵਿਚ ਕੌਡ ਕਬੱਡੀ ਖੇਡਦਿਆਂ ਬੀਤਿਆ। ਦਸਵੀਂ ਤਕ ਪੜ੍ਹਦਿਆਂ ਉਸ ਨੇ ਹਰ ਸਾਲ ਛੁੱਟੀਆਂ `ਚ ਨਾਨਕੀਂ ਜਾਣਾ ਜਿੱਥੇ ਊਠ `ਤੇ ਬੈਠ ਕੇ ਝੂਟੇ ਲੈਣੇ ਤੇ ਖੇਤਾਂ ਦੇ ਨਜ਼ਾਰੇ ਤੱਕਣੇ। ਨਾਨਕੀਂ ਏਨਾ ਜੀਅ ਲੱਗਣਾ ਕਿ ਦੋ ਮਹੀਨਿਆਂ ਦੀਆਂ ਛੁੱਟੀਆਂ ਬਹਿੰਦੇ ਮੁੱਕ ਜਾਣੀਆਂ। ਹਾਣੀਆਂ ਨਾਲ ਖੇਡਦਿਆਂ ਟਿੱਬਿਆਂ `ਤੇ ਲਿਟਣਾ ਤੇ ਪਤਾ ਹੀ ਨਾ ਲੱਗਣਾ ਕਦੋਂ ਰਾਤ ਪੈ ਜਾਣੀ ਤੇ ਕਦੋਂ ਦਿਨ ਚੜ੍ਹ ਜਾਣਾ? ਬਚਪਨ ਦੀਆਂ ਉਨ੍ਹਾਂ ਖੇਡਾਂ ਦੇ ਰੁਮਾਂਸ ਨੇ ਹੀ ਉਸ ਨੂੰ ਖੇਡ ਸਾਹਿਤ ਲਿਖਣ ਦੀ ਚੇਟਕ ਲਾਈ।
ਹੁਣ ਤਕ ਉਸ ਦੀਆਂ ਚਾਰ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਤਿੰਨ ਪੁਸਤਕਾਂ ਬਾਲ ਸਾਹਿਤ ਨਾਲ ਸੰਬੰਧਤ ਹਨ ਤੇ ਇਕ ਖੇਡ ਸਾਹਿਤ ਨਾਲ। ਬਾਲ ਸਾਹਿਤ ਨਾਲ ਸੰਬੰਧਤ ਬਾਲ ਗੀਤ ਤੇ ਨਰਸਰੀ ਗੀਤ ਹਨ, ਜਿਨ੍ਹਾਂ ਦੇ ਨਾਂ ‘ਮਹਿਕਾਂ ਵੰਡਦੇ ਫੁੱਲ’, ‘ਸਿੰਮੀ ਦਾ ਮੈਡਲ’ ਤੇ ‘ਕੀੜੀ ਦਾ ਵਾਜਾ’ ਹਨ। ਖਿਡਾਰੀਆਂ ਬਾਰੇ ਲਿਖੀ ਪੁਸਤਕ ਦਾ ਨਾਂ ‘ਚੋਣਵੇਂ ਕਬੱਡੀ ਖਿਡਾਰੀ’ ਹੈ। ਉਸ ਦੀਆਂ ਨਜ਼ਮਾਂ ਤੇ ਗਜ਼ਲਾਂ ਦੀ ਗਿਣਤੀ ਦਰਜਨਾਂ ਵਿਚ ਹੈ ਜੋ ਕਵੀਆਂ ਦੇ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਛਪੀਆਂ ਹਨ। ਉਸ ਨੇ ਲਿਖਿਆ, ‘ਸਕੂਲ ਦੇ ਸਰਟੀਫਿਕੇਟ ਮੁਤਾਬਕ ਮੇਰਾ ਜਨਮ 01 ਮਈ, 1956 ਨੂੰ ਹੋਇਆ। ਵਿਰਾਸਤ ਵਿਚ ਆਈ ਥੋੜ੍ਹੀ ਜਿਹੀ ਜ਼ਮੀਨ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਸੀ। ਉਨ੍ਹਾਂ ਦਿਨਾਂ ਵਿਚ ਖੂਹਾਂ ਨਾਲ ਹੀ ਫਸਲਾਂ ਨੂੰ ਪਾਣੀ ਲੱਗਦਾ ਸੀ ਜਦਕਿ ਨਹਿਰੀ ਪਾਣੀ ਨਾਮਾਤਰ ਸੀ। ਉਨ੍ਹਾਂ ਸਮਿਆਂ ਵਿਚ ਕੁੱਝ ਇਕ ਵੱਡੇ ਘਰਾਂ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਦੀ ਆਈ ਚਲਾਈ ਹੀ ਮਸੀਂ ਚਲਦੀ ਸੀ। ਏਸੇ ਕਰਕੇ 1972 ਵਿਚ ਜਦੋਂ ਮੈਂ ਜੀਵਨ ਮੱਲ ਸਰਕਾਰੀ ਸਕੂਲ ਜ਼ੀਰਾ ਤੋਂ ਦਸਵੀਂ ਪਾਸ ਕੀਤੀ ਤਾਂ ਮੈਨੂੰ ਆਰਥਿਕ ਤੰਗੀ ਕਰਕੇ ਕਾਲਜ ਵਿਚ ਨਾ ਪੜ੍ਹਾਇਆ ਗਿਆ ਜਦਕਿ ਸਰਕਾਰੀ ਕਾਲਜ ਜ਼ੀਰਾ ਸਾਡੇ ਪਿੰਡ ਸਨ੍ਹੇਰ ਤੋਂ ਸਿਰਫ ਦੋ ਕਿਲੋਮੀਟਰ ਦੀ ਦੂਰੀ `ਤੇ ਹੀ ਸੀ। ਮੇਰਾ ਬਾਪ ਚਾਹੁੰਦਾ ਸੀ ਕਿ ਮੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਜੋ ਆਰਥਿਕ ਪੱਖੋਂ ਘਰ ਦੀ ਕੁੱਝ ਮਦਦ ਹੋ ਸਕੇ। ਬਹੁਤ ਹੀਲੇ ਕੀਤੇ ਪਰ ਗੱਲ ਕਿਸੇ ਸਿਰੇ ਨਾ ਲੱਗੀ। ਫਿਰ ਔਖੇ ਸੌਖੇ ਮੈਂ ਬੀਏ ਵੀ ਕਰ ਲਈ ਪਰ ਨੌਕਰੀ ਨਾ ਮਿਲੀ। 1980 ਵਿਚ ਖੰਡ ਮਿੱਲ ਜ਼ੀਰਾ ਚਾਲੂ ਹੋਈ ਤਾਂ 1982 ਵਿਚ ਮੈਨੂੰ ਖੰਡ ਮਿੱਲ ਜ਼ੀਰਾ `ਚ ਕਲਰਕ ਦੀ ਸੀਜ਼ਨਲ ਨੌਕਰੀ ਮਿਲ ਗਈ। ਨੌਕਰੀ ਕਰਦਿਆਂ ਪੀ.ਜੀ.ਡੀ.ਸੀ.ਏ. ਦਾ ਕੋਰਸ ਪਾਸ ਕੀਤਾ। ਫਿਰ ਨੌਕਰੀ ਪੱਕੀ ਕਰਵਾਉਣ ਅਤੇ ਵਰਕਰਾਂ ਦੀਆਂ ਜਾਇਜ਼ ਮੰਗਾਂ ਲਈ ਕਰੜਾ ਸੰਘਰਸ਼ ਕਰਨਾ ਪਿਆ। ਵਰਕਰ ਐਕਸ਼ਨ ਕਮੇਟੀ ਵਿਚ ਮੈਂ ਕਈ ਵਾਰ ਮੋਹਰੀ ਰੋਲ ਅਦਾ ਕੀਤਾ। ਪੰਜਾਬ ਦੀਆਂ ਖੰਡ ਮਿੱਲਾਂ ਦੇ ਕਰਮਚਾਰੀਆਂ ਨੂੰ ਪੰਜਾਬ ਗਰੇਡ ਦਿਵਾਉਣ ਲਈ ਅਕਤੂਬਰ 1996 ਵਿਚ ਚੰਡੀਗੜ੍ਹ ਦੇ ਸੈਕਟਰ 17 ਵਿਚ ਸ਼ੂਗਰਫੈੱਡ ਪੰਜਾਬ ਦੇ ਦਫਤਰ ਮੂਹਰੇ ਪੱਕਾ ਧਰਨਾ ਲਾਉਣਾ ਪਿਆ ਤੇ ਇੱਕ ਮਹੀਨਾ ਬੜੈਲ ਜੇਲ੍ਹ ਦੀਆਂ ਸੜੀਆਂ ਰੋਟੀਆਂ ਵੀ ਖਾਣੀਆਂ ਪਈਆਂ।
2001 ਵਿਚ ਛਪੀ ਪੁਸਤਕ ‘ਚੋਣਵੇਂ ਕਬੱਡੀ ਖਿਡਾਰੀ’ ਦੇ ਆਰੰਭ ਵਿਚ ਉਹ ਲਿਖਦਾ ਹੈ ਕਿ ਮੈਨੂੰ ਬਚਪਨ ਤੋਂ ਹੀ ਕਬੱਡੀ, ਹਾਕੀ ਤੇ ਵਾਲੀਬਾਲ ਦੀ ਖੇਡ ਨਾਲ ਬਹੁਤ ਪ੍ਰੇਮ ਸੀ। ਰੇਡੀਓ ਤੋਂ ਹਾਕੀ ਦੇ ਮੈਚਾਂ ਦੀ ਕੁਮੈਂਟਰੀ ਬਹੁਤ ਸੁਣਦਾ ਸਾਂ। ਘਰਦਿਆਂ ਨੇ ਕਈ ਵਾਰ ਗੁੱਸੇ ਵੀ ਹੋਣਾ ਪਰ ਪੂਰੇ ਮੈਚ ਦੀ ਕੁਮੈਂਟਰੀ ਸੁਣ ਕੇ ਹੀ ਹਟਣਾ। ਫੁੱਲ ਬੈਕ ਸੁਰਜੀਤ ਸਿੰਘ ਦੀ ਧੜੱਲੇਦਾਰ ਖੇਡ ਦਾ ਮੈਂ ਬਹੁਤ ਪ੍ਰਸ਼ੰਸਕ ਸੀ। ਉਹਦਾ ਮੈਚ ਦੇਖਣ ਲਈ ਮੈਂ ਇੱਕ ਵਾਰ ਜਲੰਧਰ ਸਪੈਸ਼ਲ ਗਿਆ। ਸਾਹਿਤ ਸਭਾਵਾਂ ਵਿਚ ਵੀ ਜਾਣ ਲੱਗਾ। ਪਹਿਲਾਂ ਪਹਿਲ ਮੇਰੀਆਂ ਗ਼ਜ਼ਲਾਂ ਅਖ਼ਬਾਰਾਂ ਵਿਚ ਛਪਣ ਲੱਗੀਆਂ। ਫਿਰ ਮੇਰੀ ਥੋੜ੍ਹੀ ਬਹੁਤ ਪਛਾਣ ਬਣਨੀ ਸ਼ੁਰੂ ਹੋ ਗਈ। ਇਹ ਗੱਲ 1979-80 ਦੀ ਹੈ। ਮੈਂ ਪੰਜਾਬੀ ਸਾਹਿਤ ਸਭਾ ਜ਼ੀਰਾ ਅਤੇ ਸਾਹਿਤ ਵਿਚਾਰ ਮੰਚ ਮੋਗਾ ਦੀਆਂ ਮੀਟਿੰਗਾਂ ਵਿਚ ਲਾਜ਼ਮੀ ਜਾਂਦਾ। ਓਥੇ ਮਹਿੰਦਰ ਸਾਥੀ ਨਾਲ ਮੇਲ ਹੋਇਆ ਜੋ ਉਸ ਦੇ ਸੰਸਾਰ ਤੋਂ ਚਲੇ ਜਾਣ ਤੱਕ ਨਿਭਿਆ। ਉਹਦੀ ਗ਼ਜ਼ਲ ਤੇ ਕਵਿਤਾ ਮੈਨੂੰ ਬਹੁਤ ਚੰਗੀ ਲੱਗਣੀ। ਅੰਤਾਂ ਦੀ ਆਰਥਿਕ ਤੰਗੀ ਵਿਚੋਂ ਗੁਜ਼ਰਦਿਆਂ ਵੀ ਉਸ ਨੇ ਆਪਣੀ ਜ਼ਮੀਰ ਜਾਗਦੀ ਰੱਖੀ ਤੇ ਕਿਸੇ ਦਾ ਝੋਲੀ ਚੁੱਕ ਨਹੀਂ ਬਣਿਆ। ਉਸਦੀ ਇਸੇ ਗੱਲ ਕਰਕੇ ਸਾਡੀ ਮਿੱਤਰਤਾ ਬਣੀ ਰਹੀ। ਮੈਂ ਖੰਡ ਮਿੱਲ ਦੀ ਨੌਕਰੀ ਕਰਦਿਆਂ ਗੁਰਸ਼ਰਨ ਭਾਅਜੀ ਦੇ ਨਾਟਕ ਜ਼ੀਰੇ ਦੇ ਬਹੁਤ ਸਾਰੇ ਪਿੰਡਾਂ ਵਿਚ ਕਰਵਾਏ। ਅਗਾਂਹਵਧੂ ਸਟੇਜਾਂ `ਤੇ ਵਿਚਰਦਿਆਂ ਅਤੇ ਮਹਿੰਦਰ ਸਾਥੀ ਦਾ ਸਾਥ ਮਾਣਦਿਆਂ ‘ਅੰਬਰਾਂ ਦੇ ਹਾਣੀ’ ਗੀਤ ਨੇ ਜਨਮ ਲਿਆ ਜਿਸਨੂੰ ਗੁਰਸ਼ਰਨ ਭਾਅਜੀ ਦੀ ਟੀਮ ਵੱਲੋਂ ਸਟੇਜਾਂ `ਤੇ ਗਾਇਆ ਜਾਂਦਾ ਰਿਹਾ। ਨੌਕਰੀ ਤੋਂ ਰਿਟਾਇਰ ਹੋ ਕੇ ਹੁਣ ਮੈਂ ਤੇ ਕਈ ਹੋਰ ਸਾਥੀ ਸਮਾਜ ਸੇਵਾ ਦੇ ਕੰਮਾਂ `ਚ ਲੱਗੇ ਹੋਏ ਹਾਂ। ਇਸ ਵੇਲੇ ਪਾਣੀ ਬਚਾਉਣ ਦੀ ਅਤੇ ਵੱਧ ਤੋਂ ਵੱਧ ਦਰਖਤ ਲਾਉਣ ਦੀ ਲੋੜ ਹੈ। ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਆਪ ਵੀ ਅਮਲ ਕਰ ਰਹੇ ਹਾਂ। ਕਿਸਾਨ ਜਥੇਬੰਦੀਆਂ ਜਾਂ ਮੁਲਾਜ਼ਮਾਂ ਦੇ ਸਾਂਝੇ ਧਰਨਿਆਂ ਵਿਚ ਹਾਜ਼ਰੀ ਭਰ ਆਈਦੀ ਹੈ। ਗੁਰਮੀਤ ਕੜਿਆਲਵੀ ਦੀ ਪ੍ਰਧਾਨਗੀ ਵਾਲੇ ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਹਾਂ ਅਤੇ ਟਰੇਡ ਯੂਨੀਅਨ ਕੌਂਸਲ ਜ਼ੀਰਾ ਦੇ ਮੀਤ ਸਕੱਤਰ ਦੇ ਅਹੁਦੇ `ਤੇ ਕੰਮ ਕਰ ਰਿਹਾ ਹਾਂ। ਉਸ ਦੀ ਖੇਡ ਪੁਸਤਕ ਦਾ ਮੁੱਖ ਬੰਦ ਡਾ. ਜਲੌਰ ਸਿੰਘ ਖੀਵਾ ਨੇ ਲਿਖਿਆ ਹੈ:
ਜਵਾਨ ਪੰਜਾਬ ਦੇ
ਜਦੋਂ ਪੰਜਾਬੀ ਦਾ ਅਲਬੇਲਾ ਸ਼ਾਇਰ ਪ੍ਰੋ: ਪੂਰਨ ਸਿੰਘ ‘ਜਵਾਨ ਪੰਜਾਬ ਦੇ’ ਕਵਿਤਾ ਵਿਚ ਪੰਜਾਬ ਦੇ ਜਵਾਨਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ, ਸਡੌਲ ਸਰੀਰ ਅਤੇ ਉੱਚੇ ਆਚਰਨ ਦੀ ਵਡਿਆਈ ਕਰਦਾ ਹੈ ਜਾਂ ਪੰਜਾਬੀ ਦਾ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਆਪਣੀ ਨਜ਼ਮ ‘ਐ ਪੰਜਾਬ ਕਰਾਂ ਕੀ ਸਿਫਤ ਤੇਰੀ’ ਵਿਚ ਪੰਜਾਬ ਦੀ ਭੂਗੋਲਕ, ਇਤਿਹਾਸਕ ਅਤੇ ਸਭਿਆਚਾਰਕ ਵਿਲੱਖਣਤਾ ਦੀਆਂ ਸਿਫਤਾਂ ਕਰਦਾ ਹੈ ਤਾਂ ਉਹ ਕੋਈ ਅਤਿਕਥਨੀ ਨਹੀਂ ਕਰ ਰਹੇ ਹੁੰਦੇ ਸਗੋਂ ਹਕੀਕਤ ਹੀ ਬਿਆਨ ਕਰਦੇ ਹਨ। ਨਿਸ਼ਚੇ ਹੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਰਗੀਆਂ ਇਤਿਹਾਸਕ ਪ੍ਰਸਥਿਤੀਆਂ ਨੇ ਚੱਟਾਨਾਂ ਵਰਗੀ ਦ੍ਰਿੜਤਾ ਤੇ ਸ਼ੇਰਾਂ ਵਰਗੀ ਦਲੇਰੀ ਪ੍ਰਦਾਨ ਕਰਨ ਦੇ ਨਾਲ ‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦਸ਼ਾਹੇ ਦਾ’ ਵਰਗੀ ਸੋਚ ਵੀ ਪੈਦਾ ਕੀਤੀ ਹੈ। ਉਹਦੇ ਫਲਸਰੂਪ ਮੜਕ ਨਾਲ ਤੁਰਨਾ ਤੇ ਅਣਖ ਨਾਲ ਜਿਉਣਾ ਪੰਜਾਬੀਆਂ ਦੀ ਜੀਵਨ ਜਾਚ ਬਣ ਗਈ। ਨੱਚਣ-ਕੁੱਦਣ ਮਨ ਕਾ ਚਾਓ ਬਣ ਗਿਆ, ਜੀਵਨ ਇੱਕ ਅਖਾੜਾ ਤੇ ਜ਼ਿੰਦਗੀ ਇੱਕ ਖੇਡ ਬਣ ਗਈ। ਸਰੂਆਂ ਵਰਗੇ ਕੱਦ ਤੇ ਪਰਬਤਾਂ ਵਰਗੇ ਜੁੱਸੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਨਾਲ ਪਰਚਣ ਲੱਗੇ। ਇਨ੍ਹਾਂ ਖੇਡਾਂ ਵਿਚੋਂ ਹੀ ਕਬੱਡੀ ਇਨ੍ਹਾਂ ਦੀ ਮਨਭਾਉਂਦੀ ਖੇਡ ਬਣ ਗਈ। ਬੱਸ ਫੇਰ ਕੀ ਸੀ ਪੰਜਾਬੀਆਂ ਨੇ ਕਬੱਡੀ ਵਿਚ ਅਜਿਹੀਆਂ ਧੁੰਮਾਂ ਪਾਈਆਂ ਕਿ ਕਬੱਡੀ ਦਾ ਨਾਮ ਪੰਜਾਬੀਆਂ ਨਾਲ ਸਦਾ ਲਈ ਜੁੜ ਗਿਆ। ਪੰਜਾਬ ਦੇ ਲੋਕਾਂ ਨੇ ਇਸ ਖੇਡ ਨੂੰ ਆਪਣਾ ਜੀਵਨ ਅੰਗ ਬਣਾ ਲਿਆ ਜਿਸਦੇ ਫਲਸਰੂਪ ਬਲਵਿੰਦਰ ਫਿੱਡਾ ਤੇ ਹਰਜੀਤ ਬਾਜਾਖਾਨਾ ਵਰਗੇ ਖਿਡਾਰੀ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ `ਤੇ ਪੰਜਾਬ ਦਾ ਨਾਂ ਚਮਕਾਇਆ। ਸਾਡੇ ਬਹੁਤੇ ਪੰਜਾਬੀ ਲੇਖਕਾਂ ਦਾ ਧਿਆਨ ਕਵਿਤਾਵਾਂ, ਕਹਾਣੀਆਂ ਲਿਖਣ ਵੱਲ ਹੀ ਲੱਗਾ ਹੋਇਆ ਹੈ। ਪ੍ਰਿੰ: ਸਰਵਣ ਸਿੰਘ ਵਰਗੇ ਵਿਰਲੇ ਖੇਡ ਲੇਖਕ ਹੀ ਹਨ ਜੋ ਖੇਡ ਜਗਤ ਵੱਲ ਧਿਆਨ ਦੇ ਰਹੇ ਹਨ। ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਲੇਖਕ ਅਮਰਜੀਤ ਸਨ੍ਹੇਰਵੀ ਇਸ ਪਾਸੇ ਕਿਰਿਆਸ਼ੀਲ ਹੋਇਆ ਹੈ ਜਿਸ ਦਾ ਪ੍ਰਮਾਣ ਉਸਦੀ ਪੁਸਤਕ ‘ਚੋਣਵੇਂ ਕਬੱਡੀ ਖਿਡਾਰੀ’ ਹੈ। ਖੇਡ ਸਾਹਿਤ ਵਿਚ ਉਸਦਾ ਇਹ ਨਰੋਆ ਤੇ ਨਿੱਗਰ ਉੱਦਮ ਹੈ। ਇਸ ਪੁਸਤਕ ਵਿਚ ਉਸਨੇ ਆਪਣੇ ਇਲਾਕੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਮੱਲਾਂ ਮਾਰਨ ਵਾਲੇ ਵੀਹ ਕੁ ਕਬੱਡੀ ਖਿਡਾਰੀਆਂ ਦੇ ਰੇਖਾ ਚਿੱਤਰ ਲਿਖੇ ਹਨ। ਲੇਖਕ ਪਾਸ ਸਾਹਿਤਕ ਸ਼ੈਲੀ ਹੈ ਤੇ ਪਛਾਨਣ ਵਾਲੀ ਦ੍ਰਿਸ਼ਟੀ ਹੈ। ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਇਸਦੇ ਜਾਇਆਂ ਨੇ ਬਹੁਤ ਸਾਰੇ ਖੇਤਰਾਂ ਵਿਚ ਜਿ਼ਕਰਯੋਗ ਪ੍ਰਾਪਤੀਆਂ ਕਰ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜਿੱਥੇ ਪੰਜਾਬੀ ਕਿਸਾਨਾਂ ਨੇ ਦੇਸ਼ ਲਈ ਅਨਾਜ ਦੇ ਭੰਡਾਰ ਭਰ ਕੇ ਅੰਨਦਾਤਾ ਬਣਨ ਦਾ ਰੁਤਬਾ ਹਾਸਲ ਕੀਤਾ ਹੈ ਉਥੇ ਹੀ ਪੰਜਾਬੀ ਜਵਾਨਾਂ ਨੇ ਸਰਹੱਦਾਂ ਦੀ ਰਾਖੀ ਕਰ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਇਸੇ ਤਰ੍ਹਾਂ ਹੀ ਖੇਡਾਂ ਦੇ ਖੇਤਰ ਵਿਚ ਵੀ ਜਿੰਨੇ ਕੁ ਅਵਸਰ ਪੰਜਾਬੀਆਂ ਨੂੰ ਮਿਲੇ ਹਨ ਜੇ ਉਨ੍ਹਾਂ ਦਾ ਮੁਲਾਂਕਣ ਕਰੀਏ ਤਾਂ ਪੰਜਾਬ ਦੀ ਜਵਾਨੀ `ਤੇ ਮਾਣ ਕਰਨਾ ਬਣਦਾ ਹੈ। ਪੇਸ਼ ਹੈ ਰਾਜੂ ਭਲਵਾਨ ਦਾ ਰੇਖਾ ਚਿੱਤਰ:
ਧੱਕੜ ਧਾਵੀ ਹਰਬੰਸ ਸਿੰਘ ਰਾਜੂ
ਲੁਹਾਰੇ ਦੇ ਖੇਡ ਮੇਲੇ ਵਿਚ ਜਦੋਂ ਮੈਂ ਮੋਗਾ ਅਤੇ ਲੁਧਿਆਣਾ ਜਿ਼ਲ੍ਹਿਆਂ ਦੇ ਚਾਲੀ ਸਾਲਾ ਕਬੱਡੀ ਖਿਡਾਰੀਆਂ ਦੇ ਸ਼ੋਅ ਮੈਚ ਦੀ ਕੁਮੈਂਟਰੀ ਕਰ ਕੇ ਸਟੇਜ ਤੋਂ ਥੱਲੇ ਉੱਤਰਿਆ ਤਾਂ ਇੱਕ ਪੰਜਾਹ ਕੁ ਸਾਲਾਂ ਦਾ ਵਿਅਕਤੀ ਮੈਨੂੰ ਪੁੱਛਣ ਲੱਗਾ, “ਬਾਈ ਜੀ ਸੰਤੂਵਾਲੇ ਦਾ ਰਾਜੂ ਕੀ ਕਰਦੈ ਹੁਣ? ਕਦੇ ਵੇਖਿਆ ਨਈਂ ਹੁਣ ਉਹਨੂੰ ਖੇਡਦਿਆਂ…।”
ਉਸ ਬੰਦੇ ਦੇ ਅਣਜਾਣਪੁਣੇ ਵਾਲਾ ਸੁਆਲ ਸੁਣ ਕੇ ਮੈਂ ਅਚੰਭੇ `ਚ ਪੈ ਗਿਆ। ਸੋਚਿਆ ਕਿ ਹੁਣ ਇਸਨੂੰ ਕੀ ਜਵਾਬ ਦੇਵਾਂ?ਦੋ ਤਿੰਨ ਮਿੰਟ ਸਸ਼ੋਪੰਜ `ਚ ਪਏ ਰਹਿਣ ਪਿੱਛੋਂ ਮੈਂ ਕਿਹਾ, “ਭਰਾਵਾ ਰਾਜੂ ਹੁਣ ਇਸ ਸੰਸਾਰ ਵਿਚ ਨਹੀਂ ਰਿਹਾ।”
ਮੇਰੀ ਗੱਲ ਸੁਣ ਕੇ ਉਸ ਨੇ ਹਉਕਾ ਲਿਆ ਤੇ ਬੋਲਿਆ, “ਇਹ ਤਾਂ ਬਹੁਤ ਮਾੜਾ ਹੋਇਆ।” ਤੇ ਫੇਰ ਮੇਰੇ ਮੋਢੇ `ਤੇ ਹੱਥ ਰੱਖ ਕੇ ਕਹਿਣ ਲੱਗਾ, “ਬਾਈ ਜੀ ਐਹੋ ਜਿਹੇ ਦਰਸ਼ਨੀ ਜਵਾਨ ਘਰ-ਘਰ ਨੀਂ ਜੰਮਦੇ। ਮੈਂ ਬਹੁਤ ਸਾਰੇ ਮੇਲਿਆਂ `ਚ ਉਹਨੂੰ ਖੇਡਦਿਆਂ ਵੇਖਿਐ…ਅਗਲੇ ਦੀ ਨਿਸ਼ਾ ਕਰਾ ਦਿੰਦਾ ਸੀ ਮਾਂ ਦਾ ਪੁੱਤ!” ਉਹਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਅੱਗੇ ਖਰਾਸਦੇ ਪੁੜ ਵਰਗੀ ਛਾਤੀ ਤੇ ਗੇਲੀਆਂ ਵਰਗੇ ਪੱਟਾਂ ਵਾਲੇ ਹਰਬੰਸ ਸਿੰਘ ਰਾਜੂ ਦੇ ਖੇਡ ਮੇਲਿਆਂ ਵਿਚ ਖੇਡੇ ਮੈਚਾਂ ਦੇ ਦ੍ਰਿਸ਼ ਫਿਲਮ ਦੀ ਰੀਲ ਵਾਂਗ ਘੁੰਮਣ ਲੱਗੇ। ਉਨ੍ਹਾਂ ਦ੍ਰਿਸ਼ਾਂ `ਚ ਰਾਜੂ ਦਾ ਥਾਪੀ ਮਾਰ ਕੇ ਅਤੇ ਮੁਸਕੜੀਏ ਹੱਸ ਕੇ ਕਬੱਡੀ ਪਾਉਣ ਦਾ ਦ੍ਰਿਸ਼ ਵੀ ਸ਼ਾਮਿਲ ਸੀ ਤੇ ਤਕੜੇ ਜਾਫੀ ਤੋਂ ਅੰਕ ਲੈ ਕੇ ਦੋਹਾਂ ਹੱਥਾਂ ਦੀਆਂ ਦੋ ਉਂਗਲਾਂ ਉਤਾਂਹ ਨੂੰ ਖੜ੍ਹੀਆਂ ਕਰ ਕੇ ਭੰਗੜਾ ਪਾਉਂਦੇ ਹੋਏ ਹੰਧਿਆਂ ਵੱਲ ਨੂੰ ਆਉਣ ਦਾ ਦ੍ਰਿਸ ਼ਵੀ। ਸੱਚ ਗੱਲ ਹੈ,ਰਾਜੂ ਧਾਵੀ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ!
ਉਪਰੋਕਤ ਘਟਨਾ ਤੋਂ ਮੇਰੇ ਮਨ ਵਿਚ ਰਾਜੂ ਦੇ ਜੀਵਨ ਅਤੇ ਉਸਦੀ ਖੇਡ ਬਾਰੇ ਕੁੱਝ ਸਾਰਥਕ ਲਿਖਣ ਦੀ ਭਾਵਨਾ ਨੇ ਜਨਮ ਲਿਆ। ਅਖ਼ਬਾਰਾਂ ਵਿਚ ਉਸ ਬਾਰੇ ਪਹਿਲਾਂ ਹੀ ਬੜਾ ਕੁੱਝ ਛਪ ਚੁੱਕਿਆ ਸੀ ਇਸ ਲਈ ਮੈਂ ਰਾਜੂ ਬਾਰੇ ਲਿਖਣਾ ਕਿਸੇ ਹੋਰ ਸਮੇਂ ਲਈ ਰਾਖਵਾਂ ਰੱਖ ਲਿਆ। ਜਦ ਖਿਡਾਰੀਆਂ ਬਾਰੇ ਪੁਸਤਕ ‘ਚੋਣਵੇਂ ਕਬੱਡੀ ਖਿਡਾਰੀ’ ਲਿਖਣ ਦਾ ਵਿਚਾਰ ਬਣਿਆ ਤਾਂ ਰਾਜੂ ਸੰਤੂਵਾਲੇ ਬਾਰੇ ਪੂਰੀ ਜਾਣਕਾਰੀ ਇਕੱਤਰ ਕਰਨੀ ਜ਼ਰੂਰੀ ਸੀ। ਇੱਕ ਦਿਨ ਜਦ ਮੈਂ ਤੇ ਉਸੇ ਪਿੰਡ ਦੇ ਗੁਰਤੇਜ ਸਿੰਘ ਪਟਵਾਰੀ ਕਬੱਡੀ ਦੇ ਇਸ ਧਨੰਤਰ ਧਾਵੀ ਦੇ ਘਰ ਗਏ ਤਾਂ ਅੱਗੇ ਉਸਦੇ ਨਾਲ ਹੀ ਜਾਫੀ ਦੇ ਤੌਰ `ਤੇ ਧਾਂਕ ਜਮਾਉਣ ਵਾਲਾ ਕੋਕਰੀ ਕਲਾਂ ਦਾ ਦਰਸ਼ਨ ਸਿੰਘ ਵੀ ਮਿਲ ਗਿਆ ਜਿਸ ਕੋਲੋਂ ਰਾਜੂ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ। ਉਸਦੀ ਪਤਨੀ ਪਰਮਜੀਤ ਕੌਰ ਤੇ ਬੱਚਿਆਂ ਦੀ ਹਾਜ਼ਰੀ ਵਿਚ ਰਾਜੂ ਬਾਰੇ ਲੋੜੀਂਦੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਆਪਣੀ ਸਮਰੱਥਾ ਮੁਤਾਬਿਕ ਇਹ ਲੇਖ ਖੇਡ ਪਾਠਕਾਂ ਦੀ ਸੱਥ ਵਿਚ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾਂ।
ਤਹਿਸੀਲ ਜ਼ੀਰਾ ਦੇ ਪਿੰਡ ਸੰਤੂਵਾਲਾ ਵਿਚ ਸ. ਬਾਬੂ ਸਿੰਘ ਦੇ ਗ੍ਰਹਿ ਵਿਖੇ ਸ੍ਰੀਮਤੀ ਬਸੰਤ ਕੌਰ ਦੀ ਕੁੱਖੋਂ 28 ਜੁਲਾਈ 1953 ਨੂੰ ਜਨਮੇ ਹਰਬੰਸ ਸਿੰਘ ਦਾ ਬਚਪਨ ਦਾ ਨਾਂ ਜਦੋਂ ਰਾਜੂ ਪੱਕ ਗਿਆ ਤਾਂ ਉਸ ਵੇਲੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਦੋ ਅੱਖਰਾਂ ਦੇ ਛੋਟੇ ਜਿਹੇ ਨਾਮ ਵਾਲਾ ਇਹ ਬਾਲ ਵੱਡਾ ਹੋ ਕੇ ਪੰਜਾਬ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ `ਤੇ ਧਰਤੀ ਧੱਕ ਧਾਵੀ ਦੇ ਤੌਰ `ਤੇ ਜਾਣਿਆ ਜਾਵੇਗਾ। ਰਾਜੂ ਨੂੰ ਕਬੱਡੀ ਖੇਡਣ ਦਾ ਸ਼ੌਕ ਬਚਪਨ ਵਿਚ ਹੀ ਲੱਗ ਗਿਆ ਸੀ। ਹੱਡਾਂ ਪੈਰਾਂ ਦਾ ਮੋਕਲਾ ਰਾਜੂ ਪ੍ਰਾਇਮਰੀ ਸਕੂਲ `ਚ ਪੜ੍ਹਦਿਆਂ ਹੀ ਇਲਾਕੇ ਦੇ 65 ਸਕੂਲਾਂ ਦੀ ਚੋਣਵੀਂ ਕਬੱਡੀ ਟੀਮ ਦਾ ਕੈਪਟਨ ਬਣਿਆ ਜਿਸ ਨਾਲ ਜਿੱਤਾਂ ਦਾ ਦੌਰ ਸ਼ੁਰੂ ਹੋਇਆ। ਜੀਵਨ ਮੱਲ ਸਰਕਾਰੀ ਸਕੂਲ ਜ਼ੀਰਾ ਤੋਂ ਦਸਵੀਂ ਪਾਸ ਕਰਨ ਉਪਰੰਤ 1970 ਵਿਚ ਆਰ.ਐਸ.ਡੀ. ਕਾਲਜ ਫਿਰੋਜ਼ਪੁਰ ਵਿਚ ਪੜ੍ਹਿਆ ਤੇ 1971 ਵਿਚ ਸਰਕਾਰੀ ਕਾਲਜ ਜ਼ੀਰਾ ਵਿਚ ਦਾਖਲ ਹੋ ਗਿਆ। ਫੇਰ ਆਪਣੀ ਚੰਗੀ ਖੇਡ ਸਦਕਾ ਹੀ ਸਪੋਰਟਸ ਕਾਲਜ ਜਲੰਧਰ ਚਲਾ ਗਿਆ। ਉਹ ਜ਼ੀਰੇ ਕਾਲਜ ਵਿਚ ਪੜ੍ਹਦਿਆਂ 1973-74 ਵਿਚ ਸਰਕਾਰੀ ਕਾਲਜ ਜ਼ੀਰਾ ਦੀ ਕਬੱਡੀ ਟੀਮ ਦਾ ਕਪਤਾਨ ਬਣ ਗਿਆ ਸੀ। ਜ਼ੋਨ ਜਿੱਤਣ ਉਪਰੰਤ ਪੰਜਾਬ ਯੂਨੀਵਰਸਿਟੀ ਦੇ ਲੀਗ ਮੁਕਾਬਲਿਆਂ ਵਿਚ ਇਸ ਕਾਲਜ ਦੀ ਟੀਮ ਨੂੰ ਉੱਪ ਜੇਤੂ ਬਣਾਉਣ ਲਈ ਰਾਜੂ ਨੇ ਅਹਿਮ ਰੋਲ ਅਦਾ ਕੀਤਾ ਸੀ। 1975-76 ਵਿਚ ਵੀ ਇਹੋ ਪੁਜ਼ੀਸ਼ਨ ਬਰਕਰਾਰ ਰੱਖੀ। ਸਪੋਰਟਸ ਕਾਲਜ ਜਲੰਧਰ ਵਿਚ ਪੜ੍ਹਦਿਆਂ 130 ਕਿੱਲੋਗਰਾਮ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 1978 ਵਿਚ ਬੀ. ਏ. ਕਰਨ ਬਾਅਦ ਉਹ ਪਿੰਡ ਸੰਤੂਵਾਲੇ ਦੀ ਕਬੱਡੀ ਟੀਮ ਬਣਾ ਕੇ ਇਲਾਕੇ ਵਿਚ ਹੁੰਦੇ ਖੇਡ ਮੇਲਿਆਂ ਵਿਚ ਧੂੜਾਂ ਪੁੱਟਦਾ ਰਿਹਾ।
ਉਸਦੀ ਵਧੀਆ ਖੇਡ ਤੋਂ ਪ੍ਰਭਾਵਿਤ ਹੋ ਕੇ 1982 ਵਿਚ ਖੰਡ ਮਿੱਲ ਜ਼ੀਰਾ ਦੇ ਮੁੱਖ ਗੰਨਾ ਵਿਕਾਸ ਅਫਸਰ ਸ੍ਰੀ ਚੰਚਲ ਸਿੰਘ ਨੇ ਰਾਜੂ ਨੂੰ ਮਿੱਲ ਵਿਚ ਯਾਰਡ ਸੁਪਰਵਾਈਜ਼ਰ ਦੇ ਤੌਰ `ਤੇ ਪੱਕਾ ਹੀ ਭਰਤੀ ਕਰ ਲਿਆ ਜਦਕਿ ਇਹ ਅਸਾਮੀ ਸੀਜ਼ਨਲ ਸੀ। ਖੰਡ ਮਿੱਲ ਜ਼ੀਰਾ ਵਿਚ ਨੌਕਰੀ ਕਰਦਿਆਂ ਕਬੱਡੀ ਦੇ ਖੇਤਰ ਵਿਚ ਰਾਜੂ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਹੀ ਸਮਿਆਂ ਵਿਚ ਉਸਨੇ ਆਪਣੀ ਮਣਾਂਮੂੰਹੀਂ ਤਾਕਤ ਦਾ ਲੋਹਾ ਕੁੱਲ ਦੁਨੀਆ ਵਿਚ ਮੰਨਵਾਇਆ। 1983 ਵਿਚ ਜ਼ੀਰਾ ਵਿਖੇ ਸੈਪਸੋ ਵੱਲੋਂ ਟੂਰਨਾਮੈਂਟ ਕਰਵਾਇਆ ਗਿਆ ਤਾਂ ਰਾਜੂ ਦੀ ਕਪਤਾਨੀ ਹੇਠ ਖੰਡ ਮਿੱਲ ਜ਼ੀਰਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਇਲਾਕੇ ਦਾ ਮਾਣ ਵਧਾਇਆ। ਨਵੰਬਰ 1983 ਵਿਚ ਮੰਡੀ ਕਲਾਂ ਵਿਖੇ ਇਸ ਟੀਮ ਨੇ ਸੈਪਸੋ ਵੱਲੋ ਂਖੇਡਦਿਆਂ 30ਵੀਂ ਪੰਜਾਬ ਕਬੱਡੀ ਚੈਂਪੀਅਨਸ਼ਿਪ ਜਿੱਤ ਕੇ ਆਪਣੀ ਧਾਂਕ ਜਮਾਈ ਤਾਂ ਰਾਜੂ ਹੁਰਾਂ ਦੀ ਚਾਰ ਚੁਫੇਰੇ ਬੱਲੇ-ਬੱਲੇ ਹੋ ਗਈ। 1985 ਵਿਚ ਰਾਏਕੋਟ ਦੇ ਖੇਡ ਮੇਲੇ `ਚ ਖੰਡ ਮਿੱਲ ਜ਼ੀਰਾ ਦੀ ਟੀਮ ਨੇ ਰਾਜੂ ਦੀ ਕਪਤਾਨੀ ਹੇਠ ਪਟਿਆਲੇ ਨੂੰ 30 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤਾਂ ਮੇਲੇ ਦੇ ਪ੍ਰਬੰਧਕਾਂ ਨੇ ਕੋਈ ਹੋਰ ਤਸਵੀਰ ਅਖ਼ਬਾਰਾਂ ਨੂੰ ਭੇਜਣ ਦੀ ਥਾਂ ਖੰਡ ਮਿੱਲ ਜ਼ੀਰਾ ਦੀ ਪੂਰੀ ਟੀਮ ਦੀ ਫੋਟੋ ਅਖ਼ਬਾਰਾਂ ਨੂੰ ਭੇਜੀ ਜਦ ਕਿਸੇ ਪੁਰਾਣੇ ਖਿਡਾਰੀ ਕੋਲ ਅੱਜ ਵੀ ਉਨ੍ਹਾਂ ਅਖ਼ਬਾਰਾਂ ਦੀਆਂ ਕਟਿੰਗਜ਼ ਵੇਖੀਦੀਆਂ ਹਨ ਤਾਂ ਗੱਭਰੂਆਂ ਦੇ ਗੁੰਦਵੇਂ ਸਰੀਰ ਅਤੇ ਉੱਚੇ ਲੰਮੇ ਕੱਦ ਵੇਖ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। ਉਸ ਤਰ੍ਹਾਂ ਦੇ ਨਿੱਗਰ ਅਤੇ ਦਰਸ਼ਨੀ ਸਰੀਰਾਂ ਵਾਲੇ ਜਵਾਨ ਹੁਣ ਪੰਜਾਬ ਦੀ ਧਰਤੀ ਤੋਂ ਅਲੋਪ ਹੋ ਰਹੇ ਹਨ।
ਉਸਦੀ ਕਬੱਡੀ ਖੇਡ ਦਾ ਸਿਲਸਿਲਾ ਖੰਡ ਮਿੱਲ ਜ਼ੀਰਾ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਉਸਨੇ ਵਿਦੇਸ਼ਾਂ ਦੀ ਧਰਤੀ `ਤੇ ਵੀ ਨਿਵੇਕਲੀਆਂ ਪੈੜਾਂ ਪਾਈਆਂ। 1984 ਵਿਚ ਖੇਡ ਪ੍ਰੇਮੀਆਂ ਦੇ ਸੱਦੇ `ਤੇ ਇੰਗਲੈਂਡ ਗਿਆ ਤਾਂ ਨੀਲਾ ਤਾਰਾ ਅਪਰੇਸ਼ਨ ਹੋਣ ਕਰਕੇ ਮੈਚ ਨਾ ਹੋ ਸਕੇ। 1985 ਵਿਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਭਾਰਤੀ ਟੀਮ ਵੱਲੋਂ ਖੇਡਿਆ ਤਾਂ ਅਬਦੁੱਲਾ ਕੱਪ ਜਿੱਤ ਕੇ ਲਿਆਂਦਾ। ਉਸੇ ਸਾਲ ਹੀ ਬਾਰ ਕਿੰਗ ਲੰਦਨ ਦੀ ਸਿੰਘ ਸਭਾ ਦੇ ਸੱਦੇ `ਤੇ ਇੰਗਲੈਂਡ ਵਿਚ ਖੇਡਣ ਦਾ ਮੌਕਾ ਮਿਲਿਆ ਤਾਂ ਉਥੇ ਵੀ ਧੰਨ-ਧੰਨ ਕਰਾਈ। 1986 ਵਿਚ ਫੇਰ ਇੰਗਲੈਂਡ ਤੇ ਅਮਰੀਕਾ ਵਿਚ ਪੂਰੀਆਂ ਧੁੰਮਾਂ ਪਾ ਕੇ ਆਇਆ। ਬਹੁਤ ਘੱਟ ਵਿਅਕਤੀ ਇਸ ਧਰਤੀ `ਤੇ ਜਨਮ ਲੈਂਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਸਾਨ੍ਹ ਜਿੰਨੀ ਤਾਕਤ ਬਖਸ਼ੀ ਹੋਵੇ। ਲੱਤ ਮਾਰ ਕੇ ਧਰਤੀ ਵਿਚੋਂ ਪਾਣੀ ਕੱਢਣ ਦੀ ਸਮਰੱਥਾ ਰੱਖਣ ਵਾਲਾ ਰਾਜੂ ਜਦ 1986 ਵਿਚ ਕੁਰਾਲੀ ਵਿਖੇ ਸੁਪਰਵੇਅਰ ਕਬੱਡੀ ਕਲੱਬ ਇੰਗਲੈਂਡ ਦੀ ਟੀਮ ਵਿਰੁੱਧ ਆਪਣੇ ਸਾਥੀ ਕੁਲਵੰਤ ਨਾਲ ਮਿਲ ਕੇ ਮੰਡੀਕਰਨ ਬੋਰਡ ਵੱਲੋਂ ਖੇਡਿਆ ਤਾਂ ਉਹਦੇ ਸਰੀਰ ਅਤੇ ਖੇਡ ਤੋਂ ਪ੍ਰਭਾਵਿਤ ਹੋ ਕੇ ਸ਼ਮਸ਼ੇਰ ਸਿੰਘ ਸੰਧੂ ਨੇ ਪੰਜਾਬੀ ਟ੍ਰਿਬਿਊਨ ਵਿਚ ਲਿਖਿਆ, “ਖੰਡ ਮਿੱਲ ਜ਼ੀਰਾ ਦੇ ਦੋ ਖਿਡਾਰੀ ਰਾਜੂ ਅਤੇ ਕੁਲਵੰਤ ਵੀ ਸੋਹਣੀ ਖੇਡ ਖੇਡੇ ਤੇ ਉਨ੍ਹਾਂ ਨੇ ਲੰਮੀਆਂ ਬਾਹਾਂ ਅਤੇ ਆਪਣੀ ਤਾਕਤ ਦਾ ਖੂਬ ਫਾਇਦਾ ਉਠਾਇਆ ਜਿਸ ਨਾਲ ਇੰਗਲੈਂਡੀਆਂ ਨੂੰ 42ਦੇ ਮੁਕਾਬਲ ੇ46 ਅੰਕਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।”
ਉਹਦੇ ਘਰ ਵਿਚ ਪਏ ਅਨੇਕਾਂ ਹੀ ਸਰਟੀਫਿਕੇਟ ਦੱਸਦੇ ਹਨ ਕਿ ਰਾਜੂ ਕਬੱਡੀ ਦੇ ਨਾਲ-ਨਾਲ ਜਿ਼ਲ੍ਹਾ ਪੰਚਾਇਤ ਟੂਰਨਾਮੈਂਟਾਂ ਵਿਚ ਅਨੇਕ ਵਾਰ ਭਾਰ ਤੋਲਣ ਮੁਕਾਬਲਿਆਂ ਵਿਚ ਪਹਿਲੇ ਸਥਾਨ `ਤੇ ਆਉਂਦਾ ਰਿਹਾ ਅਤੇ ਬਹੁਤ ਸਾਰੀਆਂ ਪੰਜਾਬ ਕਬੱਡੀ ਚੈਂਪੀਅਨਸ਼ਿਪਾਂ ਵਿਚ ਜਿ਼ਲ੍ਹਾ ਫਿਰੋਜ਼ਪੁਰ ਵੱਲੋਂ ਭਾਗ ਲੈਂਦਾ ਰਿਹਾ। ਇਸਦੇ ਨਾਲ-ਨਾਲ ਉਹ ਆਪਣੇ ਪਿੰਡ ਵੱਲੋਂ ਕੁੱਕੂ ਤੇ ਗੁਰਮੇਲ ਹੁਰਾਂ ਨਾਲ ਮਿਲ ਕੇ ਪੇਂਡੂ ਖੇਡ ਮੇਲਿਆਂ ਵਿਚ ਆਪਣੀ ਤਾਕਤ ਦਾ ਲੋਹਾ ਮਨਵਾਉਂਦਾ ਰਿਹਾ। ਸੁਭਾਅ ਪੱਖੋਂ ਸਿਰੇ ਦਾ ਮਖੌਲੀਆ ਰਾਜੂ ਯਾਰਾਂ ਦਾ ਯਾਰ ਸੀ। ਜਿੰਨੇ ਚੁਟਕਲੇ ਅਤੇ ਹੋਰ ਹਾਸੇ ਭਰਪੂਰ ਗੱਲਾਂ ਦਾ ਭੰਡਾਰ ਉਹਦੇ ਕੋਲ ਸੀ, ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ। ਵੰਨ-ਸਵੰਨੀਆਂ ਮਸਾਲੇਦਾਰ ਗੱਲਾਂ ਸੁਣਾ ਕੇ ਭਰੀ ਮਹਿਫਲ ਦੇ ਢਿੱਡੀਂ ਪੀੜਾਂ ਪਾਉਣ ਦੀ ਕਲਾ ਦਾ ਮਾਹਿਰ ਰਾਜੂ ਹਰ ਕਿਸੇ ਨੂੰ ਹੱਸ ਕੇ ਮਿਲਦਾ ਸੀ। ਘਰ ਵਿਚ ਉਸਨੂੰ ਮਿਲਣ ਆਏ ਯਾਰਾਂ ਦੋਸਤਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਪਰ ਘਰ ਦਿਆਂ ਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ। ਆਏ ਗਏ ਦੀ ਸੇਵਾ ਕਰਨ ਵਿਚ ਉਸਦੇ ਭਰਾ ਤੇ ਸਮੁੱਚਾ ਪਰਿਵਾਰ ਉਹਦੇ ਨਾਲ ਖੜ੍ਹਾ ਸੀ।
ਅਫਸੋਸ ਹੈ ਕਿ ਆਪਣੇ ਛੋਟੇ ਜਿਹੇ ਪਿੰਡ ਸੰਤੂਵਾਲੇ ਤੋਂ ਲੈ ਕੇ ਇੰਗਲੈਂਡ ਅਮਰੀਕਾ ਤੱਕ ਆਪਣੀ ਸ਼ਾਨਦਾਰ ਤੇ ਜਾਨਦਾਰ ਕਬੱਡੀ ਦੇ ਜੌਹਰ ਵਿਖਾਉਣ ਵਾਲੇ ਰਾਜੂ ਨੂੰ ਪਰਮਾਤਮਾ ਨੇ ਜਿ਼ਆਦਾ ਸਮਾਂ ਇਸ ਧਰਤੀ `ਤੇ ਵਿਚਰਨ ਦਾ ਮੌਕਾ ਨਾ ਦਿੱਤਾ। 19 ਮਈ 1998 ਨੂੰ ਅਚਨਚੇਤ ਹੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਕਬੱਡੀ ਦਾ ਉਹ ਮਘਦਾ ਸੂਰਜ ਸਦਾ ਲਈ ਅਲੋਪ ਹੋ ਗਿਆ ਜਿਸ ਨਾਲ ਕਬੱਡੀ ਦੇ ਵਿਸ਼ਾਲ ਧਰਾਤਲ `ਤੇ ਗ਼ਮਗ਼ੀਨੀ ਦਾ ਹਨੇ੍ਹਰਾ ਫੈਲ ਗਿਆ। ਇਸ ਖੌਫ਼ਨਾਕ ਘਟਨਾ ਨੇ ਜਿੱਥੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਉਥੇ ਉਸਦੇ ਸਨੇਹੀਆਂ, ਯਾਰਾਂ-ਦੋਸਤਾਂ, ਸਮੁੱਚੇ ਇਲਾਕੇ ਅਤੇ ਮਿੱਤਰਾਂ ਦੇ ਦਿਲ ਵਿਚੋਂ ਨਿਕਲੀ ਹੂਕ ‘ਨਹੀਂ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ’ ਨੇ ਸਾਰੀ ਫਿਜ਼ਾ ਨੂੰ ਉਦਾਸੀ ਦੇ ਆਲਮ ਵਿਚ ਡੋਬ ਕੇ ਰੱਖ ਦਿੱਤਾ। ਜੇ ਉਸ ਵੇਲੇ ਦੇ ਮੀਡੀਆਕਾਰ ਉਸਦੇ ਇਸ ਤਰ੍ਹਾਂ ਚਲੇ ਜਾਣ ਨੂੰ ਮੀਡੀਆ ਦੀਆਂ ਸੁਰਖੀਆਂ ਵਿਚ ਲਿਆਉਂਦੇ ਤਾਂ ਹੋ ਸਕਦਾ ਸੀ ਕਿ ਸਰਕਾਰ ਉਹਦੇ ਅਣਗੌਲੇ ਪਰਿਵਾਰ ਦੀ ਆਰਥਿਕ ਮੱਦਦ ਕਰਦੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਿਰਮੌਰ ਧਾਵੀ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਠੋਸ ਉਪਰਾਲੇ ਵੀ ਕਰਦੀ ਪਰ ਇਸ ਤਰ੍ਹਾਂ ਹੋਇਆ ਨਹੀਂ। ਸਰਕਾਰ ਤੇ ਲੋਕਾਂ ਵੱਲੋਂ ਢੁੱਕਵੀਂ ਯਾਦਗਾਰ ਬਣਾਉਣੀ ਚਾਹੀਦੀ ਸੀ ਜਿਸ ਨਾਲ ‘ਰਾਜੂ ਭਲਵਾਨ’ ਵਜੋਂ ਜਾਣੇ ਜਾਂਦੇ ਉਸ ਮਹਾਨ ਖਿਡਾਰੀ ਦੀ ਚਿਰ ਸਥਾਈ ਯਾਦ ਕਾਇਮ ਰਹਿੰਦੀ, ਜਿਹੜੀ ਨਵੀਂ ਪੀੜ੍ਹੀ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਦੀ।
ਅਮਰਜੀਤ ਕਹਿੰਦਾ ਹੈ ਕਿ ਲਿਖਣ ਦੀ ਚੇਟਕ ਉਸ ਨੂੰ ਇਨਕਲਾਬੀ ਸ਼ਾਇਰ ਮਹਿੰਦਰ ਸਾਥੀ ਦੀਆਂ ਗ਼ਜ਼ਲਾਂ ਨੇ ਲਾਈ ਸੀ। ਉਸ ਦੀਆਂ ਗ਼ਜ਼ਲਾਂ ਪੜ੍ਹ-ਸੁਣ ਕੇ ਹੀ ਉਸ ਨੇ ਪਹਿਲੀ ਗ਼ਜ਼ਲ ਲਿਖੀ ਸੀ ਜਿਸ ਦਾ ਮਤਲਾ ਸੀ:
ਪੂਰਬ ਵਿਚੋਂ ਕਿਰਨਾਂ ਉੱਠੀਆਂ,
ਸੁਰਖ ਸਵੇਰਾ ਹੋਇਆ ਹੈ
ਰਾਤ ਹਨੇਰੀ ਬੀਤਣ ਲੱਗੀ,
ਕਾਲਖ ਮੂੰਹ ਲਕੋਇਆ ਹੈ।