ਪੰਜਾਬੀ ਮਾਨਸਿਕਤਾ ਦੀ ਗੱਲ ਕਰਦਿਆਂ…

ਹਰਜੀਤ ਦਿਉਲ
ਦਰਅਸਲ ਗੱਲ ਸਿੱਖ ਮਾਨਸਿਕਤਾ ਦੀ ਕਰਨੀ ਬਣਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਦਾਇਰੇ ਵਿਚ ਪੰਜਾਬੀ ਹਿੰਦੂ ਨਹੀਂ ਆਉਂਦੇ ਪਰ ਆਉਂਦੇ ਤਾਂ ਸਾਰੇ ਸਿੱਖ ਵੀ ਨਹੀਂ ਹਨ। ਮਤਲਬ ਇਹ ਹੋਇਆ ਕਿ ਸਿੱਖਾਂ ਦਾ ਇੱਕ ਸੀਮਤ ਵਰਗ ਹੀ ਇਸ ਉਲਾਰ ਮਾਨਸਿਕਤਾ ਦਾ ਧਾਰਨੀ ਹੈ ਜੋ ਬਹੁਤਾ ਰੌਲਾ ਰੱਪਾ ਪਾ ਹਮਲਾਵਰ ਰੁਖ ਅਖਤਿਆਰ ਕਰਦਿਆਂ ਬਾਕੀਆਂ `ਤੇ ਹਾਵੀ ਹੋਣ ਦਾ ਯਤਨ ਕਰ ਸਾਰੇ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਦਾ ਭਰਮ ਪਾਉਂਦਾ ਹੈ।

ਗੱਲ ਭਾਵੇਂ 84 ਦੇ ਕਾਲੇ ਦੌਰ ਦੀ ਹੋਵੇ ਜਾਂ ਭਾਰਤੀ ਹਕੂਮਤ, ਕਿਸਾਨ ਅੰਦੋਲਨ, ਦੀਪ ਸਿੱਧੂ ਜਾਂ ਸਿੱਧੂ ਮੂਸੇ ਵਾਲੇ ਦੀ ਇਨ੍ਹਾਂ ਵਿਵੇਕ ਨਾਲ ਤੱਥਾਂ ਦੀ ਪੜਚੋਲ ਕਰਨ ਤੋਂ ਪਾਸਾ ਵੱਟਦਿਆਂ ਆਪ-ਮੁਹਾਰੇ ਇੱਕ ਪਾਸੜ ਰੇਸ ਫੜ ਲੈਣੀ ਹੁੰਦੀ ਹੈ। ਸੰਖੇਪ ਵਿਚ ਗੱਲ ਸਾਫ ਕਰਨ ਦਾ ਯਤਨ ਕਰਾਂਗਾ। ਕਿਸਾਨੀ ਬਿੱਲਾਂ ਬਾਰੇ ਆਪਣੀ ਰਾਇ ਦੇਣ ਤੋਂ ਪਹਿਲਾਂ ਪੰਜਾਬ ਦੇ ਬੁੱਧੀਜੀਵੀਆਂ ਦੁਆਰਾ ਸਰਦਾਰਾ ਸਿੰਘ ਜੌਹਲ ਖੇਤੀ ਅਤੇ ਅਰਥ-ਸ਼ਾਸ਼ਤਰੀ ਮਾਹਰ ਨੂੰ ਪੰਜਾਬ ਦਾ ਮਾਣਯੋਗ ਈਮਾਨਦਾਰ ਵਿਦਵਾਨ ਗਰਦਾਨਿਆ ਗਿਆ ਸੀ ਜੋ ਬਿੱਲਾਂ ਦਾ ਸਮਰਥਨ ਕਰਨ `ਤੇ ਝੱਟ ਟੁੱਕੜਬੋਚ ਅਤੇ ਕੇਂਦਰ ਦਾ ਏਜੰਟ ਬਣਾ ਦਿੱਤਾ ਗਿਆ। ਖੇਤੀ ਬਿੱਲਾਂ ਦੀ ਵਾਪਸੀ ਉਪਰੰਤ ਜੌਹਲ ਸਾਹਿਬ ਮੁੜ ਈਮਾਨਦਾਰ ਵਿਦਵਾਨ ਦਾ ਰੁਤਬਾ ਹਾਸਲ ਕਰ ਗਏ। ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਲੰਮੇ ਸਮੇਂ ਤੋਂ ਪੰਜਾਬ ਅਤੇ ਪੰਜਾਬੀਅਤ ਨਾਲ ਖੜ੍ਹਦਾ ਰਿਹਾ ਜਿਸ ਲਈ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਸਨਮਾਨਤ ਤਾਂ ਕੀਤਾ ਪਰ ਉਸ ਦੁਆਰਾ ਭਿੰਡਰਾਂਵਾਲਿਆਂ ਦੀ ਹਿੰਸਕ ਗਤੀਵਿਧੀਆਂ ਦੀ ਆਲੋਚਨਾ ਕਰਨ `ਤੇ ਝੱਟ ਸਨਮਾਨ ਵਾਪਸ ਲੈ ਲਿਆ ਗਿਆ। ਤਾਜ਼ੀ ਖਬਰ ਅਨੁਸਾਰ ਐਸ ਜੀ ਪੀ ਸੀ ਨੇ ਪੰਜਾਬ ਐਂਡ ਸਿੰਧ ਬੈਂਕ `ਚ ਕਿਸੇ ਸਿੱਖ ਮੁਖੀ ਨੂੰ ਤਾਇਨਾਤ ਕਰਨ ਦੀ ਸਿਫਾਰਸ਼ ਕੀਤੀ ਹੈ। ਸਿੱਖੀ ਸਿੱਧਾਂਤਾਂ ਦਾ ਘਾਣ ਕਿਸ ਵਰਗ ਨੂੰ ਖੁਸ਼ ਕਰਨ ਲਈ ਕੀਤਾ ਜਾਂਦਾ ਹੈ? ਇਸ ਸੰਕੀਰਨ ਮਾਨਸਿਕਤਾ ਦਾ ਵਿਖਾਵਾ ਕਿਸਾਨ ਅੰਦੋਲਨ ਵਿਚ ਘੁਸਪੈਠ ਕਰ ਵੀ ਰੱਜ ਕੇ ਕੀਤਾ ਗਿਆ ਪਰ ਸਰਕਾਰ ਦੂਰਅੰਦੇਸ਼ੀ ਤੋਂ ਕੰਮ ਲੈ ਮਾਮਲਾ ਨਜਿੱਠ ਲਿਆ। ਹਿੰਦੂਆਂ-ਸਿੱਖਾਂ ਵਿਚਕਾਰ ਨਫਰਤ ਬੀਜਣ ਦਾ ਯਤਨ ਕਰਨ ਵਾਲੇ ਇਸ ਵਰਗ ਨੇ ਮੋਦੀ ਅਤੇ ਹਿੰਦੁਤਵ ਦੇ ਅੰਨ੍ਹੇ ਵਿਰੋਧ ਦਾ ਬੀੜਾ ਚੁੱਕਿਆ ਜਦਕਿ ਸਰਕਾਰ ਦੇ ਕੁਝ ਕੰਮ ਚੰਗੇ ਅਤੇ ਕੁਝ ਮਾੜੇ ਵੀ ਹੋ ਸਕਦੇ ਹਨ ਜਿਨ੍ਹਾਂ ਦੀ ਹਮਾਇਤ ਅਤੇ ਵਿਰੋਧ ਦੋਵੇਂ ਬਣਦੇ ਹਨ। ਮੁਸਲਮਾਨਾਂ ਦੇ ਥੋੜ੍ਹੇ ਜਿਹੇ ਨੁਕਸਾਨ `ਤੇ ਤੜਫਣ ਵਾਲੇ ਹਿੰਦੂਆਂ ਦੀ ਹੋਈ ਬਰਬਾਦੀ ਵੱਲੋਂ ਘੇਸਲ ਵੱਟ ਲੈਂਦੇ ਹਨ ਜਿਸ ਦੇ ਫਲਸਰੂਪ ਹਿੰਦੂਆਂ ਦਾ ਝੁਕਾਅ ਵੀ ਕੱਟੜਤਾ ਵੱਲ ਹੋ ਰਿਹੈ। ਤੱਤੀ ਤਾਸੀਰ ਦੇ ਭਾਸ਼ਣਾਂ ਕਰਕੇ ਦੀਪ ਸਿੱਧੂ ਨੂੰ ਇਨ੍ਹਾਂ ਨੇ ਮਹਾਨਾਇਕ ਬਣਾ ਕੇ ਪੇਸ਼ ਕਰ ਦਿੱਤਾ। ਸਿੱਧੂ ਮੂਸੇ ਵਾਲੇ ਦੀ ਗੱਲ ਕਰਦੇ ਹਾਂ। ਕਿਸੇ ਵੀ ਕਿੜ ਕਾਰਨ ਕਿਸੇ ਦਾ ਵੀ ਕਤਲ ਕਰਨਾ ਬਹੁਤ ਮਾੜੀ ਗੱਲ ਹੈ ਇਸਦੀ ਸਭਿਅਕ ਅਤੇ ਲੋਕਤੰਤਰੀ ਦੁਨੀਆ ਵਿਚ ਕੋਈ ਥਾਂ ਨਹੀਂ। ਕਾਤਲ ਫੜੇ ਵੀ ਜਾਣਗੇ ਅਤੇ ਵਾਜਬ ਸਜ਼ਾ ਵੀ ਭੁਗਤਣਗੇ। ਮਾਂ-ਪਿਉ ਦੇ ਨੌਜਵਾਨ ਹੋਣਹਾਰ ਪੁੱਤਰ ਦੀ ਮੌਤ ਨਿਹਾਇਤ ਅਫਸੋਸਨਾਕ ਹੈ ਪਰ ਇਹ ਅਫਸੋਸ ਹਰ ਉਸ ਕਤਲ ਲਈ ਹੋਣਾ ਚਾਹੀਦਾ ਜਿਸ ਨੇ ਬਿਰਧ ਮਾਪਿਆਂ ਦਾ ਲੱਕ ਤੋੜਿਆ ਹੋਵੇ। ਰਹੀ ਗੱਲ ਉਸ ਦੀ ਗਾਇਕੀ ਦੀ ਤਾਂ ਇਸ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਦੇ ਪਿੜ ਵਿਚ ਗੁਰਦਾਸ ਮਾਨ, ਹਰਭਜਨ ਮਾਨ ਵਰਗਿਆਂ ਦਰਜਨਾਂ ਉੱਚ ਕੋਟੀ ਦੇ ਗਾਇਕਾਂ ਵਿਵਾਦਾਂ ਤੋਂ ਬਚ ਪੰਜਾਬੀਅਤ ਅਤੇ ਮਾਂ ਬੋਲੀ ਦਾ ਨਾਂਅ ਰੋਸ਼ਨ ਕੀਤਾ ਹੈ। ਕੀ ਅੱਜ ਸਫਲਤਾ ਦੀ ਪੌੜੀ ਚੜ੍ਹਨ ਦਾ ਸ਼ੌਰਟਕੱਟ ਬੜ੍ਹਕਾਂ ਮਾਰਦੇ ਹੋਏ ਅਸਲੇ ਦਾ ਪ੍ਰਦਰਸ਼ਨ ਕਰ ਮਰਜਾਂਗੇ ਮਾਰ-ਦਿਆਂਗੇ ਹੀ ਰਹਿ ਗਿਆ ਹੈ? ਜਥੇਦਾਰ ਦੁਆਰਾ ਨੌਜਵਾਨਾਂ ਨੂੰ ਸਭਿਅਕ ਸੰਸਾਰ ਨਾਲ ਕਦਮ ਮਿਲਾ ਅੱਗੇ ਵਧਣ ਦੀ ਥਾਂ ਹਥਿਆਰਾਂ ਦਾ ਸਮਰਥਨ ਕਰ ਕਿਸ ਪਾਸੇ ਤੋਰਨ ਦਾ ਯਤਨ ਕੀਤਾ ਜਾ ਰਿਹੈ। ਕੀ ਭਵਿੱਖ ਵਿਚ ਇਹ ਵੱਡੇ ਦੁਖਾਂਤ ਵਰਤਾਉਣ ਵੱਲ ਪਹਿਲਕਦਮੀ ਨਹੀਂ? ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਹੈ। ਸਮਾਂ ਰਹਿੰਦੇ ਇਸ ਪਾਸੇ ਸੁਚੇਤ ਹੋਏ ਹੁੰਦੇ `84 ਦਾ ਦੁਖਾਂਤ ਟਾਲਿਆ ਜਾ ਸਕਦਾ ਸੀ ਪਰ ਕੀ ਕੀਤਾ ਜਾ ਸਕਦਾ ਹੈ ਨਾਸਤਕ ਹੁੰਦਿਆਂ ਵੀ ਕਹਿਣਾ ਪੈ ਰਿਹੈ ‘ਵਹੀ ਹੋਤਾ ਹੈ ਜੋ ਮੰਜੂਰੇ ਖੁਦਾ ਹੋਤਾ ਹੈ’।