ਕਸ਼ਮੀਰੀ ਪੰਡਿਤ ਮੁੜ ਵਾਦੀ ਛੱਡਣ ਲਈ ਮਜਬੂਰ ਹੋਏ

ਜੰਮੂ: ਕਸ਼ਮੀਰ ਵਿਚ ਮਿੱਥ ਕੇ ਕੀਤੀਆਂ ਗਈਆਂ ਕਈ ਹੱਤਿਆਵਾਂ ਤੋਂ ਬਾਅਦ ਜੰਮੂ ਪਹੁੰਚ ਰਹੇ ਸੈਂਕੜੇ ਕਸ਼ਮੀਰੀ ਪੰਡਿਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਨੂੰ ਇਕ ਵਾਰ ਮੁੜ ਵਾਦੀ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਵਾਦੀ ਵਿਚ ਨੌਕਰੀਆਂ ਕਰ ਰਹੇ ਕਈ ਕਸ਼ਮੀਰੀ ਪੰਡਿਤਾਂ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਹਿੰਦੂਆਂ ਨੂੰ ਚੁਣ ਕੇ ਤੇ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇਕ ਸਕੂਲ ਅਧਿਆਪਕ ਰਜਤ ਰੈਨਾ ਨੇ ਕਿਹਾ, ‘ਸਾਡੇ ਘੱਟ ਗਿਣਤੀ ਭਾਈਚਾਰੇ ਨੂੰ ਇਕ ਵਾਰ ਦੁਬਾਰਾ ਕਸ਼ਮੀਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਾਨੂੰ ਵਾਦੀ ਵਿਚ ਇਕ-ਇਕ ਕਰ ਕੇ ਮਾਰਿਆ ਜਾ ਰਿਹਾ ਹੈ ਤੇ ਬਚਾਉਣ ਵਾਲਾ ਕੋਈ ਨਹੀਂ ਹੈ।`

ਰਜਤ ਜੰਮੂ ਦੇ ਬਰਨਈ ਸਥਿਤ ਆਪਣੇ ਘਰ ਪਰਤ ਆਏ ਹਨ। ਰੈਨਾ ਨੇ ਕਿਹਾ, ‘ਸਰਕਾਰੀ ਨੌਕਰੀ ਕੌਣ ਨਹੀਂ ਕਰਨਾ ਚਾਹੁੰਦਾ ਤੇ ਅਸੀਂ ਕੀਤੀ ਕਿਉਂਕਿ ਸਾਨੂੰ ਇਹ ਮੁੜ ਵਸੇਬਾ ਪੈਕੇਜ ਤਹਿਤ ਮਿਲੀ ਸੀ। ਪਰ ਇਹ ਨਹੀਂ ਸੀ ਪਤਾ ਕਿ ਕੁਝ ਸਾਲਾਂ ਬਾਅਦ ਸਾਨੂੰ ਮੁੜ ਉਹੀ ਕੁਝ ਸਹਿਣਾ ਪਵੇਗਾ ਜੋ 1990 ਵਿਚ ਸਾਡੇ ਮਾਪਿਆਂ ਤੇ ਵੱਡਿਆਂ ਨੂੰ ਸਹਿਣਾ ਪਿਆ।` ਦੱਸਣਯੋਗ ਹੈ ਕਿ ਕੇਂਦਰ ਸਰਕਾਰ ਕਸ਼ਮੀਰ ਵਿਚ ਨੌਕਰੀਆਂ ਕਰ ਰਹੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਾਅਦੇ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਕਸ਼ਮੀਰੀ ਪੰਡਿਤ ਜੰਮੂ ਦੀਆਂ ਵੱਖ-ਵੱਖ ਥਾਵਾਂ ਉਤੇ ਪਰਤ ਰਹੇ ਹਨ, ਜ਼ਿਆਦਾਤਰ ਜਿੱਥੇ ਉਨ੍ਹਾਂ ਦੇ ਪਰਿਵਾਰ ਰਹਿੰਦੇ ਹਨ। ਵੱਡੀ ਗਿਣਤੀ ਮੁਲਾਜ਼ਮ ਜੰਮੂ ਦੀ ਜਗਤੀ ਟਾਊਨਸ਼ਿਪ, ਰੂਪ ਨਗਰ, ਮੁਠੀ ਤੇ ਬਰਨਈ ਇਲਾਕਿਆਂ ਵਿਚ ਪਰਤ ਆਏ ਹਨ। ਇਨ੍ਹਾਂ ਇਲਾਕਿਆਂ ਵਿਚ ਵੱਡੀ ਗਿਣਤੀ ਕਸ਼ਮੀਰੀ ਪੰਡਿਤਾਂ ਦੀ ਹੈ। ਰੂਪ ਨਗਰ ਪਰਤੇ ਇਕ ਹੋਰ ਅਧਿਆਪਕ ਰੁਬੀਨ ਸਪਰੂ ਨੇ ਕਿਹਾ ਕਿ ਪੰਡਿਤ ਭਾਈਚਾਰਾ ਨੂੰ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ, ‘ਜੇ ਉਹ ਸਾਨੂੰ ਜੰਮੂ ਟਰਾਂਸਫਰ ਨਹੀਂ ਕਰਦੇ, ਤਾਂ ਅਸੀਂ ਵਾਦੀ ਵਿਚ ਨਹੀਂ ਜਾ ਸਕਾਂਗੇ। ਹੁਣ ਜਾਂ ਤਾਂ ਅਸੀਂ ਨੌਕਰੀ ਗੁਆ ਦਿਆਂਗੇ ਜਾਂ ਆਪਣੀ ਜਾਨ। ਸਰਕਾਰ ਸਾਡੀ ਰਾਖੀ ਨਹੀਂ ਕਰ ਸਕੀ ਪਰ ਹੁਣ ਸਾਡਾ ਤਬਾਦਲਾ ਘੱਟੋ-ਘੱਟ ਜੰਮੂ ਕਰ ਦੇਵੇ।` ਉਨ੍ਹਾਂ ਨਾਲ ਹੀ ਕਿਹਾ ਕਿ ਨੌਕਰੀ ਲੈਣ ਵੇਲੇ ਇਕ ਬਾਂਡ ਸਾਈਨ ਕੀਤਾ ਗਿਆ ਸੀ ਜਿਸ ਵਿਚ ਦਰਜ ਸੀ ਕਿ ਸਾਨੂੰ ਕਸ਼ਮੀਰ ਵਿਚ ਹੀ ਕੰਮ ਕਰਨਾ ਪਵੇਗਾ, ਸੂਬੇ ਦੇ ਕਿਸੇ ਹੋਰ ਹਿੱਸੇ ਵਿਚ ਕੰਮ ਨਹੀਂ ਕਰ ਸਕਾਂਗੇ। ਸਪਰੂ ਨੇ ਕਿਹਾ ਕਿ ਜਿਹੜੇ ਪੰਡਿਤ ਤਾਂ ਟਰਾਂਜਿਟ ਕੈਂਪਾਂ ਵਿਚ ਰਹਿ ਰਹੇ ਹਨ, ਉਹ ਫਿਰ ਵੀ ਸੁਰੱਖਿਆ ਪ੍ਰਬੰਧਾਂ ਕਾਰਨ ਸੁਰੱਖਿਅਤ ਹਨ। ਪਰ ਜਿਹੜੇ ਬਾਹਰ ਕਿਰਾਏ ਉਤੇ ਰਹਿ ਰਹੇ ਸਨ, ਕਸ਼ਮੀਰ ਛੱਡ ਜੰਮੂ ਆ ਗਏ ਹਨ। ਬਾਰਾਮੂਲਾ ਦੇ ਵੀਰਵਨ ਟਰਾਂਜਿਟ ਕੈਂਪ ਵਿਚ ਰਹਿ ਰਹੇ ਰਾਕੇਸ਼ ਪੰਡਿਤਾ ਨੇ ਕਿਹਾ ਕਿ ਉਹ ਕੰਮ ਉਤੇ ਨਹੀਂ ਜਾ ਰਹੇ। ਉਨ੍ਹਾਂ ਕਿਹਾ, ਅਸੀਂ ਕੈਂਪ ਵਿਚ ਹੀ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਕਿਉਂਕਿ ਕੰਮ ਉਤੇ ਸਾਨੂੰ ਮਾਰਿਆ ਜਾ ਰਿਹਾ ਹੈ।` ਜੰਮੂ ਵਿਚ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਆਗੂਆਂ ਮੁਤਾਬਕ ਪੰਡਿਤ ਮੁਲਾਜ਼ਮਾਂ ਦੇ 150 ਪਰਿਵਾਰ ਜੰੰਮੂ ਪਰਤ ਆਏ ਹਨ। ਹਾਲਾਂਕਿ ਜ਼ਿਆਦਾਤਰ ਨੂੰ ਇਹ ਨਹੀਂ ਪਤਾ ਕਿ ਉਹ ਕਦ ਵਾਪਸ ਕਸ਼ਮੀਰ ਜਾ ਸਕਣਗੇ। ਉਹ ਇਹੀ ਗੱਲ ਵਾਰ-ਵਾਰ ਕਰ ਰਹੇ ਹਨ ਕਿ ਵਾਅਦਿਆਂ ਦੇ ਬਾਵਜੂਦ ਸਰਕਾਰ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕੀ। ਕਸ਼ਮੀਰੀ ਪੰਡਿਤਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ‘ਪੁਨਣ ਕਸ਼ਮੀਰ` ਸੰਗਠਨ ਦੇ ਜਨਰਲ ਸਕੱਤਰ ਕੁਲਦੀਪ ਰੈਨਾ ਨੇ ਕਿਹਾ ਕਿ ਮੁੜ ਵਸੇਬਾ ਉਦੋਂ ਹੀ ਸੰਭਵ ਹੋ ਸਕੇਗਾ ਜਦ ਕਸ਼ਮੀਰ ਵਿਚੋਂ ਪੰਡਿਤਾਂ ਲਈ ਇਕ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਗਠਿਤ ਕੀਤਾ ਜਾਵੇਗਾ।
ਕਸ਼ਮੀਰ `ਚ ਸ਼ਾਂਤੀ ਬਹਾਲੀ ਲਈ ਕਦਮ ਪੁੱਟੇ ਸਰਕਾਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਵਾਦੀ ਵਿੱਚ ਅਮਨ ਬਹਾਲੀ ਲਈ ਫੌਰੀ ਕਦਮ ਚੁੱਕਣ। ਰਾਹੁਲ ਨੇ ਟਵੀਟ ਕੀਤਾ, ‘’ਬੈਂਕ ਮੈਨੇਜਰ, ਅਧਿਆਪਕ ਤੇ ਕਈ ਭੋਲੇ ਭਾਲੇ ਲੋਕਾਂ ਦੀਆਂ ਨਿੱਤ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਕਸ਼ਮੀਰੀ ਪੰਡਿਤ ਭੱਜ ਰਹੇ ਹਨ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੈ, ਉਨ੍ਹਾਂ ਕੋਲ ਸਮਾਂ ਨਹੀਂ ਕਿਉਂਕਿ ਉਹ ਫਿਲਮਾਂ ਦੇ ਪ੍ਰਚਾਰ `ਚ ਰੁੱਝੇ ਹੋਏ ਹਨ।“
ਕਸ਼ਮੀਰੀ ਪੰਡਿਤ ਮੁਲਾਜ਼ਮਾਂ ਦੇ ਤਬਾਦਲਿਆਂ ਦੀ ਸੂਚੀ ਲੀਕ
ਸ੍ਰੀਨਗਰ: ਕਸ਼ਮੀਰੀ ਪੰਡਿਤ ਮੁਲਾਜ਼ਮਾਂ ਦੇ ਤਬਾਦਲਿਆਂ ਦੀ ਸੂਚੀ ਲੀਕ ਹੋ ਗਈ ਹੈ। ਟਰਾਂਸਫਰ ਸੂਚੀ ਵਟਸਐਪ ਤੇ ਹੋਰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਘੁੰਮ ਰਹੀ ਹੈ। ਸੂਚੀ ਜਨਤਕ ਹੋਣ ‘ਤੇ ਭਾਜਪਾ ਨੇ ਸਖਤ ਇਤਰਾਜ਼ ਜਤਾਇਆ ਹੈ ਤੇ ਇਸ ਲੀਕ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ ਹੈ। ਭਾਜਪਾ ਨੇ ਇਸ ਨੂੰ ਸੁਰੱਖਿਆ ਵਿਚ ਸੰਨ੍ਹ ਲੱਗਣ ਦੇ ਬਰਾਬਰ ਕਰਾਰ ਦਿੱਤਾ ਹੈ। ਸੂਚੀ ਮੁਤਾਬਕ ਪ੍ਰਧਾਨ ਮੰਤਰੀ ਮੁੜ ਵਸੇਬਾ ਪੈਕੇਜ ਤਹਿਤ ਨੌਕਰੀ ਕਰ ਰਹੇ 177 ਕਸ਼ਮੀਰੀ ਪੰਡਿਤ ਅਧਿਆਪਕਾਂ ਦਾ ਤਬਾਦਲਾ ਕੀਤਾ ਗਿਆ ਸੀ।