ਐਸ਼ ਅਸ਼ੋਕ ਭੌਰਾ
ਪਿਆਰ ਵਿਚ ਹਾਰਿਆ ਮਨੁੱਖ ਹੋਰ ਭਾਵੇਂ ਕੁਝ ਵੀ ਨਾ ਬਣੇ, ਪਰ ਕਈ ਵਾਰ ਸਫ਼ਲ ਸ਼ਾਇਰ ਜ਼ਰੂਰ ਬਣ ਜਾਂਦਾ ਹੈ। ਮੈਂ ਗਾਇਕ ਵੀ ਨਹੀਂ ਬਣ ਸਕਿਆ, ਗੀਤਕਾਰੀ ਦਾ ਝੱਗਾ ਵੀ ਨਵਾਂ ਨਹੀਂ ਸੁਆ ਸਕਿਆ ਪਰ ਗਾਇਕੀ ਤੇ ਗਾਇਕਾਂ ਦੀ ਦੁਨੀਆਂ ਦਾ ਸੈਲਾਨੀ ਬਹੁਤ ਦੇਰ ਬਣਿਆ ਰਿਹਾ। ਉਨ੍ਹਾਂ ਲੋਕਾਂ ਨਾਲ ਸੂਈ ਧਾਗੇ ਵਾਂਗ ਤੋਪੇ ਲਾਉਣ ਵਿਚ ਸਫ਼ਲ ਹੁੰਦਾ ਰਿਹਾ ਜਿਨ੍ਹਾਂ ਦੇ ਅੱਖੜ ਤੇ ਅੜਬ ਸਭਾਅ ਕਰ ਕੇ ਕਈ ਗਾਇਕ ਚਰਖਾ ਤਾਂ ਚਲਾਉਂਦੇ ਰਹੇ, ਪਰ ਪੂਣੀ ਇਕ ਵੀ ਕੱਤ ਨਹੀਂ ਹੋਈ।
ਦਿੱਲੀ ਕਈ ਲਾਲ ਕਿਲ੍ਹਾ ਦੇਖਣ ਜਾਂਦੇ ਨੇ, ਮੁਸਲਮਾਨ ਜਾਮਾ ਮਸਜਿਦ। ਕਈਆਂ ਲਈ ਦਿੱਲੀ, ਰਾਜਧਾਨੀ ਤੋਂ ਵੱਧ ਕੁਝ ਵੀ ਨਹੀਂ ਪਰ ਸਿੱਖ ਜਾਣਦੇ ਹਨ ਕਿ ਦਿੱਲੀ ਚੁਰਾਸੀ ਤੱਕ ਕਤਲਗਾਹ ਵੀ ਰਹੀ ਹੈ। ਚਾਂਦਨੀ ਚੌਕ ਭਾਵੇਂ ਵਪਾਰੀਆਂ ਲਈ ਮੰਡੀ ਹੋਵੇ, ਪਰ ਸਿੱਖ ਇਤਿਹਾਸ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਕਰ ਕੇ ਉਥੇ ਸਿਰ ਨੀਵਾਂ ਕਰ ਕੇ ਲੰਘਦਾ ਹੈ; ਚਰਖੜੀਆਂ ਉਥੇ ਹੀ ਚਲਦੀਆਂ ਰਹੀਆਂ ਨੇ; ਮਤੀ ਦਾਸ ਤੇ ਸਤੀ ਦਾਸ ਦੇ ਸਰੀਰ ਉਥੇ ਹੀ ਟੁਕੜੇ ਟੁਕੜੇ ਹੋਏ ਸਨ।
ਨਜ਼ਰ ਤੇ ਨਜ਼ਰੀਆ ਦਿੱਲੀ ਆਉਣ ਵਾਲਿਆਂ ਲਈ ਅੱਡੋ ਅੱਡ ਰਿਹਾ ਹੈ। ਦੇਸ਼ ਚਲਾਉਣ ਵਾਲੀ ਸੰਸਦ ਉਥੇ ਹੀ ਹੈ ਤੇ ਸੰਸਦ ਦੇ ਨਾਲ ਹੀ ਲਗਦਾ ਹੈ ਜਿਸਮਾਂ ਦੀ ਖਰੀਦੋ-ਫਰੋਖਤ ਵਾਲਾ ਕੇਂਦਰ ਜੀæਬੀæ ਰੋਡ। ਹੁਣ ਭਾਵੇਂ ਏਡਜ਼ ਦੇ ਜ਼ਮਾਨੇ ਵਿਚ ਉਥੇ ਧੰਦਾ ਘਟ ਵੀ ਗਿਆ ਹੋਵੇ, ਤੇ ਧੰਨੀ ਦਾ ਨਾਂ ਰਤਨੀ ਰੱਖ ਦਿੱਤਾ ਗਿਆ ਹੋਵੇ, ਯਾਨਿ ਜੀæਬੀæ (ਗੈਸਟਨ ਵੈਸਟਨ) ਰੋਡ ਹੁਣ ਸ਼ਰਧਾ ਨੰਦ ਮਾਰਗ ਬਣ ਗਿਆ ਹੈ, ਪਰ ਜਿਵੇਂ ਇੱਜ਼ਤ ‘ਤੇ ਲੱਗੇ ਧੱਬੇ ਲੱਥਦੇ ਨਹੀਂ, ਇਵੇਂ ਦਿੱਲੀ ਬੜੀ ਦੇਰ ਰੰਗ-ਰਲੀਆਂ ਮਨਾਉਣ ਵਾਲਿਆਂ ਦਾ ਸ਼ਹਿਰ ਵੀ ਰਿਹਾ ਹੈ।
ਜਿਵੇਂ ਪੋਤੇ ਦੀ ਗੱਲ ਦਾਦੇ ਨਾਲ ਜੁੜਦੀ ਹੈ, ਇਉਂ ਪੰਜਾਬੀ ਗਾਇਕੀ ਦਾ ਪਹਿਲਾ ਘੁੰਡ ਦਿੱਲੀ ਤੋਂ ਚੁੱਕਿਆ ਜਾਂਦਾ ਰਿਹਾ ਹੈ। ਬੜੇ ਗਾਇਕ ਗੀਤਾਂ ਦੀ ਬਰਾਤ ਲੈ ਕੇ ਡੋਲੀ ਦਿੱਲੀ ਤੋਂ ਲਿਆਉਂਦੇ ਰਹੇ ਹਨ। ਦਿੱਲੀ ਦਾ ਪ੍ਰਸਿੱਧ ਦਰਿਆਗੰਜ ਰੋਡ, ਇਸ ਰੋਡ ‘ਤੇ ਭੀੜ-ਭੜੱਕੇ ਵਾਲੀ ਥਾਂ ਤੋਂ ਥਾਣੇ ਨਾਲੋਂ ਮੁੜਦਾ ਭਰਤ ਰਾਮ ਰੋਡ ਅਤੇ ਇਸੇ ਰੋਡ ‘ਤੇ ਸੀ ਦੁਨੀਆਂ ਦੀ ਪ੍ਰਸਿੱਧ ਕੁੱਤਾ ਮਾਰਕਾ ਕੰਪਨੀ ਐਚæਐਮæਵੀæ (ਹਿਜ਼ ਮਾਸਟਰ’ਜ਼ ਵੁਆਇਸ) ਦਾ ਸਟੂਡੀਓ। ਇਸ ਕੰਪਨੀ ਵਿਚ ਕਿਸੇ ਵੇਲੇ ਹਾਲਾਤ ਇਹ ਸਨ ਕਿ ਜਿਸ ਵੀ ਗਾਇਕ ਨੂੰ ਇਕ ਵਾਰ ਰਿਕਾਰਡ ਕਰ ਲਿਆ ਜਾਂਦਾ ਸੀ ਤਾਂ ਪੱਕੀ ਗੱਲ ਸੀ, ਉਸ ਦੇ ਸੰਘਰਸ਼ ਵਾਲੇ ਦਿਨ ਖ਼ਤਮ, ਤੇ ਸ਼ੋਹਰਤ ਦੀ ਮਾਊਂਟ ਐਵਰੈਸਟ ਫਤਿਹ ਹੋ ਜਾਂਦੀ ਸੀ; ਜਾਂ ਇਉਂ ਕਹਿ ਸਕਦੇ ਹਾਂ ਕਿ ਚੂਚਕ ਨੇ ਭਰਾ ਕੈਦੋਂ ਦੇ ਅੜਿੱਕੇ ਤੋਂ ਬਿਨਾਂ ਹੀ ਹੀਰ ਦਾ ਪੱਲਾ ਰਾਂਝੇ ਦੇ ਹੱਥ ਫੜਾ ਦਿੱਤਾ ਹੋਵੇ।
ਜਿਵੇਂ ਕਦੇ ਅੰਗਰੇਜ਼ਾਂ ਦੀ ਹਕੂਮਤ ਪੱਖੋਂ ਦੁਨੀਆਂ ਵਿਚ ਰਾਤ ਨਹੀਂ ਸੀ ਪੈਂਦੀ, ਇਵੇਂ ਹੀ ਇਸ ਕੰਪਨੀ ਦੀ ਸਰਦਾਰੀ ਸੀ। ਅੱਜ ਦੀਆਂ ਖੁੰਭਾਂ ਵਰਗੀਆਂ ਉਠੀਆਂ ਕੰਪਨੀਆਂ ਦਾ ਉਦੋਂ ਤਾਂ ਕਿਤੇ ਨਾਂ ਨਿਸ਼ਾਨ ਵੀ ਨਹੀਂ ਸੀ। ਜਦੋਂ ਇਸ ਕੰਪਨੀ ਦੀ ਚਿੱਠੀ ਰਿਕਾਰਡਿੰਗ ਲਈ ਕਿਸੇ ਗਾਇਕ ਕੋਲ ਪਹੁੰਚਦੀ ਸੀ ਤਾਂ ਘਰ ਦਾ ਮਾਹੌਲ ਇੱਦਾਂ ਦਾ ਹੁੰਦਾ ਸੀ ਜਿਵੇਂ ਸੱਤ ਧੀਆਂ ਤੋਂ ਬਾਅਦ ਲਵ ਕੁਸ਼ ‘ਕੱਠੇ ਜੰਮ ਪਏ ਹੋਣ। ਬਹੁਤੇ ਗਾਇਕ ਪੰਜਾਬ ਤੋਂ ਦਿੱਲੀ ਵੱਲ ਤੁਰਨ ਵੇਲੇ ਪਹਿਲਾਂ ਘਰ ‘ਸਨ ਲਾਈਟ’ ਸਾਬਣ ਨਾਲ ਨਹਾਉਂਦੇ ਸਨ, ਫਿਰ ਸ਼ੀਸ਼ ਗੰਜ ਗੁਰਦੁਆਰੇ ਇਸ਼ਨਾਨ ਕਰਦੇ ਸਨ। ਗਾਇਕ ਤੂੰਬੀ, ਢਾਡੀ ਸਾਰੰਗੀ ਗਜ਼ ਤੇ ਢੱਡਾਂ ਗੁਰੂ ਗ੍ਰੰਥ ਸਾਹਿਬ ਅੱਗੇ ਧਰ ਕੇ ਇਕ ਲੱਤ ਭਾਰ ਹੋ ਕੇ ਹੱਥ ਜੋੜ ਕੇ ਖੜ੍ਹ ਜਾਂਦੇ ਸਨ ਕਿ ਹੇ ਵਾਹਿਗੁਰੂ! ਸਾਡੀ ਯਾਤਰਾ ਸਫ਼ਲ ਕਰੀਂ; ਕੰਪਨੀ ਤੇ ਜ਼ਹੀਰ ਅਹਿਮਦ ਦੇ ਗਲ ਲਾਈਂ। ਪਿੱਛੇ ਘਰਵਾਲੀਆਂ ਆਲੇ ‘ਚ ਦੀਵਾ ਤੇ ਧੂਫ-ਬੱਤੀ ਜਗਾਉਂਦੀਆਂ ਆਖਦੀਆਂ ਸਨ- ਰੱਬਾ! ਧੀ ਪੁੱਤ ਭਾਵੇਂ ਸਾਲ ਖੰਡ ਠਹਿਰ ਕੇ ਬਖਸ਼ ਦਈਂ, ਪਰ ਸਾਈਂ ਦੀ ਐਚæਐਮæਵੀæ ਤੋਂ ਰਿਕਾਰਡਿੰਗ ਕਰਵਾ ਦੇ ਕੇਰਾਂ! ਕਈ ਗਾਉਣ ਵਾਲਿਆਂ ਨੇ ਅਖੰਡ ਪਾਠ ਅਤੇ ਹਵਨ ਯੱਗ ਕਰਵਾਉਣ ਦੀਆਂ ਸੁੱਖਾਂ ਵੀ ਸੁੱਖੀਆਂ ਹੁੰਦੀਆਂ। ਹਾਲਾਤ ਇਹ ਸਨ ਜਿਵੇਂ ਮੀਂਹ ਪੈਣ ਤੋਂ ਬਿਨਾਂ ਹੀ ਹੜ੍ਹ ਆਉਣ ਦੀ ਸੰਭਾਵਨਾ ਹੋ ਗਈ ਹੋਵੇ।
ਜਿਵੇਂ ਧਾਰਮਿਕ ਸਥਾਨਾਂ ‘ਤੇ ਕਿਰਤ, ਕਾਰ ਸੇਵਾ ਬਣ ਜਾਂਦੀ ਹੈ, ਇਵੇਂ ਗਾਇਕ ਕੰਪਨੀ ਦੇ ਜਨਰਲ ਮੈਨੇਜਰ ਜ਼ਹੀਰ ਅਹਿਮਦ ਦੀ ‘ਜੀ ਹਜ਼ੂਰੀ’ ਵਿਚ ਕੋਈ ਕਮੀ-ਪੇਸ਼ੀ ਨਹੀਂ ਸਨ ਛੱਡਦੇ। ਨੌਬਤ ਸਿਰਫ ਲੰਮਾ ਪੈਣ ਤੋਂ ਪਹਿਲਾਂ ਵਾਲੀ ਹੀ ਹੁੰਦੀ ਸੀ। ਜ਼ਹੀਰ ਅਹਿਮਦ ਦਾ ਅੱਖੜ ਸੁਭਾਅ ਅਹਿਸਾਸ ਕਰਵਾ ਦਿੰਦਾ ਸੀ ਕਿ ਮੁਸੀਬਤ ਵੇਲੇ ਜਿਵੇਂ ਬੰਦੇ ਨੂੰ ਲਗਦੈ ਕਿ ਮੈਂ ਵੀ ਖਾਸ ਮਨੁੱਖ ਨਹੀਂ ਹਾਂ। ਇਵੇਂ ਬਹੁਤ ਦੇਰ ਸਥਿਤੀ ਇਹ ਰਹੀ ਕਿ ਗਾਇਕਾਂ ਲਈ ਉਸਤਾਦ ਦੋ ਨੰਬਰ ‘ਤੇ ਰਹੇ, ਪਹਿਲਾ ਸਥਾਨ ਜ਼ਹੀਰ ਅਹਿਮਦ ਦਾ ਹੀ ਹੁੰਦਾ ਸੀ।
ਜਦੋਂ ਪੰਜਾਬੀ ਗਾਇਕੀ ਦੀ ਲਾਰੀ ਵਿਚ ਮੈਂ ਚੜ੍ਹਿਆ ਤਾਂ ਐਚæਐਮæਵੀæ ਨਾਲੋਂ ਵੀ ਜ਼ਹੀਰ ਅਹਿਮਦ ਦਾ ਜ਼ਿਕਰ ਵੱਧ ਛਿੜਦਾ ਸੀ। ਉਸਤਾਦ ਆਪਣੀਆਂ ਪ੍ਰਾਪਤੀਆਂ ਦੱਸਦਿਆਂ ਇਹ ਨਹੀਂ ਕਹਿੰਦੇ ਸਨ ਕਿ ਮੇਰਾ ਸ਼ਾਗਿਰਦ ਗਵੱਈਆ ਬਣ ਗਿਆ ਹੈ, ਸਗੋਂ ਮਾਣ ਨਾਲ ਆਖਿਆ ਕਰਦੇ ਸਨ-ਮੇਰੇ ਸ਼ਾਗਿਰਦ ਨੂੰ ਜ਼ਹੀਰ ਅਹਿਮਦ ਨੇ ਪ੍ਰਵਾਨ ਕਰ ਲਿਆ। ਪੰਜਾਬੀ ਗਾਇਕੀ ਬਾਰੇ ਨਵਾਂ-ਨਵਾਂ ਝੱਸ ਰੱਖਣ ਵਾਲਿਆਂ ਨੂੰ ਲੱਗੇਗਾ ਕਿ ਮੈਂ ਜ਼ਹੀਰ ਜ਼ਹੀਰ ਕਰੀ ਜਾ ਰਿਹਾ ਹਾਂ, ਪਰ ਮੰਨਣਾ ਇਹ ਹੋਵੇਗਾ ਕਿ ਪਿਛਲੇ ਪੰਜ ਦਹਾਕਿਆਂ ਦੀ ਗਾਇਕੀ ਦੇ ਇਤਿਹਾਸ ਦੀ ਗੱਲ ਇਸ ਨਾਂ ਤੋਂ ਬਿਨਾਂ ਸੰਪੂਰਨ ਨਹੀਂ ਹੋਵੇਗੀ। ਮੋਟਾ-ਮੋਟਾ ਸੁਆਦ ਦਿਖਾਉਣ ਵਾਂਗ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਉਸੇ ਜ਼ਹੀਰ ਅਹਿਮਦ ਦਾ ਮੁੱਖਬੰਦ ਲਿਖਣ ਦੀ ਕੋਸ਼ਿਸ ਕਰ ਰਿਹਾ ਹਾਂ ਜਿਸ ਦੇ ਦਫ਼ਤਰੀ ਮੇਜ਼ ‘ਤੇ ਕਿਸੇ ਵਕਤ ਗਾਇਕ ਕਰਮਜੀਤ ਧੂਰੀ ਨੇ ਡੱਬ ‘ਚੋਂ ਰਿਵਾਲਵਰ ਕੱਢ ਕੇ ਰੱਖ ਦਿੱਤਾ ਸੀ ਕਿ ਜਾਂ ਤਾਂ ਅੱਜ ਰਿਕਾਰਡ ਕਰ ਲੈ, ਤੇ ਜਾਂ ਫਿਰ ਗੋਲੀ ਖਾਣ ਲਈ ਅੱਲਾ ਅੱਗੇ ਹੱਥ ਜੋੜ ਲੈ। ਇਸ ਤੋਂ ਪਿੱਛੋਂ ਜਦੋਂ ਧੂਰੀ ਰਿਕਾਰਡ ਹੋਇਆ ਤਾਂ ‘ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ’ ਜਾਂ ‘ਹੁੰਦੀਆਂ ਸ਼ਹੀਦ ਜੋੜੀਆਂ, ਦਾਦੀ ਵੇਖਦੀ ਬੁਰਜ ‘ਤੇ ਚੜ੍ਹ ਕੇ’ ਨਾਲ ਧੁਰੀ ਧੂਰੀ ਹੀ ਨਹੀਂ ਸੀ ਹੋਈ, ਬਲਕਿ ਇਨ੍ਹਾਂ ਗੀਤਾਂ ਨਾਲ ਜਿਵੇਂ ਤ੍ਰੇਲ ਘਾਹ ਧੋ ਦਿੰਦੀ ਹੈ, ਇਵੇਂ ਪੰਜਾਬੀ ਗਾਇਕੀ ਦਾ ਮੂੰਹ-ਮੱਥਾ ਨਿਖ਼ਰ ਗਿਆ ਸੀ। ਹਾਲਾਂਕਿ ਉਨ੍ਹਾਂ ਦਿਨਾਂ ਵਿਚ ਇਹ ਵੀ ਚੁੰਝ ਚਰਚਾ ਸੀ ਕਿ ਜ਼ਹੀਰ ਦੇ ਇਕ ਸੁਨੱਖੀ ਗਾਇਕਾ ਨਾਲ ਸਬੰਧ ਸਨ ਤੇ ਉਸੇ ਗਾਇਕਾ ਦਾ ਆਖਾ ਮੰਨ ਕੇ ਉਹ ਚਲਦਾ ਸੀ।
ਸੁਰਿੰਦਰ ਕੌਰ ਨਾਲ ਦੀਦਾਰ ਸੰਧੂ ਤੇ ਮੁਹੰਮਦ ਸਦੀਕ ਨੂੰ ਗਾਉਣ ਦਾ ਮੌਕਾ ਜ਼ਹੀਰ ਨੇ ਹੀ ਦਿੱਤਾ ਸੀ। ਕੇæ ਦੀਪ ਤੇ ਜਗਮੋਹਣ ਕੌਰ ਦੇ ‘ਪੋਸਤੀ ਤੇ ਮਾਈ ਮੋਹਣੋ’ ਵਾਲੇ ਤਵੇ ਉਸੇ ਦੀ ਕਾਢ ਸੀ। ਐਚæਐਮæਵੀæ ਨਾਈਟ ਉਹਦਾ ਨਵਾਂ ਰੰਗ ਸੀ। ‘ਕੁਲਦੀਪ ਮਾਣਕ ਦੀਆਂ ਲੋਕ ਗਾਥਾਵਾਂ’ ਉਹਨੇ ਡਰਦਿਆਂ-ਡਰਦਿਆਂ ਰਿਲੀਜ਼ ਕੀਤੀਆਂ ਸਨ ਪਰ ਜਿੱਦਾਂ ਦੀ ਹਨ੍ਹੇਰੀ ਆਈ, ਉਸ ਤਰ੍ਹਾਂ ਦੀ ਆਸ ਨਹੀਂ ਸੀ। ਉਹ ਬਾਅਦ ਵਿਚ ਮੰਨਦਾ ਰਿਹਾ ਕਿ ਮਾਣਕ ਪੰਜਾਬ ਕੋਲ ਸਿਰਫ਼ ਇਕੋ ਹੀ ਹੈ। ਸੁਰਿੰਦਰ ਸ਼ਿੰਦਾ ਨੂੰ ‘ਜਿਉਣਾ ਮੌੜ’ ਨਾਲ ਹਿੱਟ ਬਣਾਉਣ ਵਾਲਾ ਵੀ ਜ਼ਹੀਰ ਹੀ ਸੀ। ਮੁਹੰਮਦ ਸਦੀਕ ਦੇ ਅਖਾੜੇ ਵਾਲੇ ਐਲ਼ਪੀæ ਵਿਚ ਬਾਬੂ ਸਿੰਘ ਮਾਨ ਤੇ ਜ਼ਹੀਰ ਅਹਿਮਦ ਨੂੰ ਪੰਜਾਬੀਆਂ ਨੇ ਪਹਿਲੀ ਵਾਰ ਬੋਲਦਿਆਂ ਸੁਣਿਆ ਸੀ। ਕਰਤਾਰ ਰਮਲੇ ਨੂੰ ਰੋਟੀ ਖਾਣ ਉਸੇ ਨੇ ਲਾਇਆ। ਅਮਰ ਸਿੰਘ ਚਮਕੀਲੇ ਨੂੰ ਸਦਾ ਬਹਾਰ ਗਾਇਕ ਬਣਾਉਣ ਦੀ ਸੋਚ ਜ਼ਹੀਰ ਅਹਿਮਦ ਦੀ ਹੀ ਸੀ, ਪਰ ਇਸ ਨਾਲ ਉਸ ਵਿਰੁਧ ਪੰਜਾਬੀ ਗਾਇਕੀ ਦੇ ਖੇਤਰ ਵਿਚ ਇਹ ਗੱਲਾਂ ਵੀ ਉਠ ਰਹੀਆਂ ਸਨ ਕਿ ਉਹ ਚੰਗੇ-ਚੰਗੇ ਗਾਇਕਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ, ਚੰਮ ਦੀਆਂ ਚਲਾ ਰਿਹਾ ਹੈ। ਕੰਪਨੀ ਕੋਲ ਸ਼ਿਕਾਇਤਾਂ ਵੀ ਗਈਆਂ, ਪਰ ਉਤਰੀ ਭਾਰਤ ਵਿਚ ਸਣੇ ਹਿੰਦੀ ਗੀਤਾਂ ਦੇ, ਉਸ ਨੂੰ ਕੁਸ਼ਲ ਪ੍ਰਬੰਧਕ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ।
ਜਿਵੇਂ ਸ਼ਰਾਬੀ ਬੰਦਾ ਪੀ ਕੇ ਤਾਂ ਘਰਵਾਲੀ ਨੂੰ ਸੋਨੇ ਦੇ ਝੁਮਕਿਆਂ ਦੇ ਨਾਲ ਚਾਂਦੀ ਦੀਆਂ ਝਾਂਜਰਾਂ ਘੜਾ ਕੇ ਦੇਣ ਨੂੰ ਕਾਹਲਾ ਹੁੰਦਾ ਹੈ, ਪਰ ਨਸ਼ਾ ਉਤਰਦਿਆਂ ਹੀ ਦੋਵੇਂ ਵਸਤਾਂ ਲੁਹਾਉਣ ਅਤੇ ਕਈ ਵਾਰ ਵੇਚਣ ਲਈ ਚੂਹੇ ਵਾਂਗ ਖੁੱਡ ‘ਚੋਂ ਸਿਰ ਕੱਢੀ ਬੈਠਾ ਹੁੰਦਾ ਹੈ। ਇੱਦਾਂ ਬੜੇ ਗਾਇਕ ਮੇਰੇ ਕੋਲ ਟਾਹਰਾਂ ਮਾਰਦੇ ਰਹੇ, ‘ਲੈ ਜ਼ਹੀਰ ਅਹਿਮਦ! ਉਹ ਤਾਂ ਪਾਣੀ ਵਾਂਗ ਚਲਦੈ ਆਪਣੇ ਤੋਂ।’ ਕਈ ਫੂਕ ਬੰਨ੍ਹਦੇ, ‘ਲੈ ਉਹ ਤਾਂ ਆਪਣੀ ਸੱਜੀ ਬਾਂਹ ਹੈ।’ ਅਸੀਂ ਇਕ ਵਾਰ ਜਾਖੜ ਤੋਂ ਪਰਤੇ ਸਾਂ। ਕਾਰ ਦੀ ਪਿਛਲੀ ਸੀਟ ‘ਤੇ ਮੈਂ ਅਤੇ ਮਾਣਕ ‘ਕੱਠੇ ਬੈਠੇ ਸਾਂ ਕਿ ਅਚਾਨਕ ਉਹਦੇ ਦਿਮਾਗ ਵਿਚ ਪਤਾ ਨ੍ਹੀਂ ਕੀ ਆਇਆ, ਕਹਿਣ ਲੱਗਾ, ‘ਲੈ ਬਈ ਭੌਰਾ! ਤੂੰ ਇਕ ਕੰਮ ਕਰ, ਕੇਰਾਂ ਜ਼ਹੀਰ ਅਹਿਮਦ ਨੂੰ ਮਿਲ਼ææਕੰਜਰ ਦੇ ਨੂੰ ਸ਼ੋਹਰਤ ਦੀ ਭੁੱਖ ਐ, ਉਹਦੇ ਨਾਲ ਮੁਲਾਕਾਤ ਛਾਪ ਅਜੀਤ ਵਿਚ।’
ਮੈਂ ਵਿਚੋਂ ਟੋਕ ਕੇ ਕਿਹਾ, ‘ਉਹ ਕਾਹਤੋਂ?’
‘ਬੱਤੀ ਬਲਦੀ ਤਾਂ ਸਾਰਿਆਂ ਨੂੰ ਦਿਸਦੀ ਆ, ਤੇਲ ਤਾਂ ਦੀਵੇ ਦੇ ਢਿੱਡ ‘ਚ ਹੁੰਦੈ। ਬੜਾ ਤਿੱਖਾ ਦਿਮਾਗ ਐ ਉਹਦਾ। ਹੋਰ ਕਿਵੇਂ ਐਵੇਂ ਤਾਂ ਨ੍ਹੀਂ ਜ਼ਹੀਰ ਅਹਿਮਦ ਗਾਇਕਾਂ ਨੂੰ ਸਟਾਰ ਬਣਾਈ ਜਾਂਦਾ। ਇਕ ਤਾਂ ਪੰਜਾਬੀਆਂ ਨੂੰ ਪਤਾ ਲੱਗ ਜੂ ਕਿ ਜ਼ਹੀਰ ਅਹਿਮਦ ਹੈ ਕੀ, ਤੇ ਹੈ ਕੌਣ, ਤੇ ਦੂਜਾ æææ।’
‘ਦੂਜਾ ਕੀæææ?’
‘ਸੁਣ ਤਾਂ ਲੈæææ ਲਿਖਣ ਤਾਂ ਲੱਗ ਪਿਐਂ, ਹੈਗਾ ਤੂੰ ਜੁਆਕੜਾ ਈ। ਪਹਿਲੀ ਗੱਲ ਤਾਂ ਇਹ ਹੈ ਕਿ ਤੇਰਾ ਸੁਭਾਅ ਠੰਢਾ ਹੈਗਾ, ਤੈਂ ਉਹਨੂੰ ਮੋੜ ਲੈਣਾ। ਅਗਲੀ ਗੱਲ ਇਹ ਹੈ ਕਿ ਤੇਰੇ ਕਹੇ ‘ਤੇ ਕਿਸੇ ਹੋਰ ਨੂੰ ਮੌਕਾ ਦੇ ਦਊ। ਹੋਰ ਨ੍ਹੀਂ ਤਾਂ ਕੇਵਲ ਜਲਾਲ ਨੂੰ ਈ ਰਿਕਾਰਡ ਕਰਵਾ ਦਿਆਂਗੇ।’
ਮਸ਼ਵਰਾ ਤਾਂ ਉਹਨੇ ਸਾਧਾਰਨ ਹੀ ਦਿੱਤਾ ਸੀ, ਪਰ ਮੇਰੇ ਮਨ ਨੂੰ ਭਾਅ ਗਿਆ। ਸੋਚਿਆ, ਤੀਰ ਤਾਂ ਭਾਵੇਂ ਆਪਣੇ ਕੋਲ ਇਕ ਵੀ ਹੈ ਨ੍ਹੀਂ, ਪਰ ਨਿਸ਼ਾਨੇ ਦੋ ਫੁੰਡੇ ਜਾਣਗੇ। ਇਕ ਤਾਂ ਗਾਇਕਾਂ ਤੇ ਕੰਪਨੀ ‘ਚ ਭੱਲ ਬਣ ਜੂ, ਨਾਲੇ ਭਾਅ ਜੀ ਬਰਜਿੰਦਰ ਕਹੂ, ਗੰਦਲ ਵਰਗਾ ਮੁੰਡਾ ਕੰਮ ਵੱਡੇ ਕਰਨ ਲੱਗ ਪਿਆ।
ਅਗਲੇ ਦਿਨ ਈ ਝੋਲਾ ਚੁੱਕ ਕੇ ਦਿੱਲੀ ਤੁਰ ਪਿਆ। ਰਾਤ ਆਰæਕੇæ ਪੁਰਮ ਆਪਣੀ ਵੱਡੀ ਭੈਣ ਕੋਲ ਰਿਹਾ, ਤੇ ਸਵੇਰੇ ਉਠ ਕੇ ਚੜ੍ਹ ਗਿਆ ਐਚæਐਮæਵੀæ ਸਟੂਡੀਓ ਵਾਲੀਆਂ ਪੌੜੀਆਂ। ਕੰਪਨੀ ਦੇ ਤਵਿਆਂ ‘ਤੇ ਦਾਦਾ ਇੰਜੀਨੀਅਰ ਦਾ ਨਾਂ ਪੜ੍ਹਿਆ ਸੀ। ਚੇਤੇ ਮੈਨੂੰ ਇਹ ਵੀ ਸੀ ਕਿ ਤਵਿਆਂ ਦੇ ਕਵਰ ਅਮਲੇਸ਼ ਦੇਵ ਡਿਜ਼ਾਇਨ ਕਰਦਾ ਹੁੰਦਾ ਸੀ, ਪਰ ਗੰਜੇ ਦਾਦਾ ਨੂੰ ਦੇਖ ਕੇ ਮੈਨੂੰ ਅੰਦਰੋ-ਅੰਦਰ ਬੜਾ ਅਜੀਬ ਲੱਗ ਰਿਹਾ ਸੀ ਕਿ ਇਹ ਗੰਜਾ ਜਿਹਾ ਸਾਜ਼ਾਂ ਨੂੰ ਕਿੱਦਾਂ ਕਾਬੂ ਕਰਦਾ ਹੋਊ! ਰਿਕਾਰਡਿੰਗ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਚੱਲ ਰਹੀ ਸੀ। ਗੀਤ ਸੀ ‘ਮੈਨੂੰ ਖਿੱਚ ਲੈ ਵੈਰੀਆ, ਖਿੱਚ ਲੈ ਚੁਬਾਰੇ ਵਿਚੋਂ ਬਾਂਹ ਫੜ ਕੇæææ।’ ਗੀਤ ਖ਼ਤਮ ਹੋਇਆ ਤਾਂ ਪਹਾੜ ਵਾਂਗ ਸਦੀਕ-ਰਣਜੀਤ ਦੇ ਪਹਿਲੀ ਵਾਰ ਨੇੜਿਉਂ ਦਰਸ਼ਨ ਹੋਏ। ਸ਼ਮਸ਼ੇਰ ਸੰਧੂ ਦੇ ਕਹਿਣ ਵਾਂਗ, ਸਦੀਕ ਦੇ ਚਿਹਰੇ ‘ਤੇ ਬਚਪਨ ‘ਚ ਨਿਕਲੀ ਫੁੱਲ ਮਾਤਾ ਦੇ ਡੂੰਘੇ ਨਿਸ਼ਾਨ ਸਨ, ਪਰ ਅੱਜ ਇਨ੍ਹਾਂ ‘ਚ ਪਸੀਨਾ ਫਸਿਆ ਹੋਇਆ ਸੀ, ਜਿਵੇਂ ਕਾਲੇ ਬੰਟੇ ਗੰਗਾ ਜਲ ‘ਚ ਭਿੱਜ ਗਏ ਹੋਣ। ਰਣਜੀਤ ਦਾ ਚਿਹਰਾ ਵੇਖ ਕੇ ਲੱਗਾ ਸੀ ਕਿ ਹਾੜ੍ਹ ਮਹੀਨੇ ਇਸ ਤੋਂ ਵੱਧ ਨ੍ਹੀਂ ਰੰਗ ਚੋ-ਚੋ ਪੈਂਦਾ ਹੋਣਾ; ਤੇ ਮੇਰੀਆਂ ਨਜ਼ਰਾਂ ਉਹਦੇ ਹੁਸਨ ਤੋਂ ਵਾਰ-ਵਾਰ ਤਿਲਕ ਕੇ ਜ਼ਖ਼ਮੀ ਹੋ ਰਹੀਆਂ ਸਨ।
ਦੀਦਾਰ ਸੰਧੂ ਦਾ ਗੀਤ ‘ਭਾਫਾਂ ਛੱਡੇ ਸਰੀਰ, ਕੁੜਤੀ ਮਲ ਮਲ ਦੀ’ ਅਮਲੀ ਰੂਪ ਪਹਿਲੀ ਵਾਰ ਵੇਖਿਆ ਸੀ। ਉਂਜ ਮੈਂ ਅੰਦਰੋਂ ਕੱਚਾ ਪਿੱਲਾ ਜਿਹਾ ਆਪਣੇ ਆਪ ਨੂੰ ਇੱਦਾਂ ਸਮਝਦਾ ਸਾਂ ਜਿਵੇਂ ਵਿਆਹ ਮੁੱਕਣ ‘ਤੇ ਝਿਊਰਾਂ ਦੇ ਗੁਰੂ ਢੋਲਕੀ ਚੁੱਕ ਕੇ ਨੱਚਣ ਆ ਗਏ ਹੋਣ! ਊਂ ਸਕੂਨ ਸੀ ਕਿ ਚਲੋ ਜ਼ਹੀਰ ਨਾਲ ਮੁਲਾਕਾਤ ਭਾਵੇਂ ਨਾ ਵੀ ਹੋਵੇ, ਪਰ ਮੁਕਲਾਵੇ ਤੋਂ ਪਹਿਲਾਂ ਪ੍ਰੇਮਿਕਾ ਜ਼ਰੂਰ ਮਿਲ ਗਈ ਸੀ। ਅੱਜ ਸੰਗੀਤ ਸਮਰਾਟ ਚਰਨਜੀਤ ਆਹੂਜਾ ਦਾ ਨਾਂ ਗਾਇਕਾਂ ਤੇ ਪੰਜਾਬੀ ਸੰਗੀਤ ਲਈ ਪੂਜਣਯੋਗ ਹੈ, ਪਰ ਉਸ ਦਿਨ ਮੇਰੀ ਜ਼ਿੰਦਗੀ ਦਾ ਉਹ ਜਿਹੜਾ ‘ਕੱਲ੍ਹ’ ਸੀ, ਉਹ ਮੈਨੂੰ ਦੱਸਦਾ ਰਹੇਗਾ ਕਿ ਮਿੱਤਰਾ! ਉਸ ਦਿਨ ਹੀ ਤੂੰ ਚਰਨਜੀਤ ਆਹੂਜਾ ਨੂੰ ਮੈਡੋਲੀਨ ਵਜਾਉਂਦਿਆਂ ਵੇਖਿਆ ਸੀ। ਸੰਗੀਤਕਾਰ ਕੇਸਰ ਸਿੰਘ ਨਰੂਲਾ ਦੇ ਦਰਸ਼ਨ ਹੋਏ ਸਨ ਤੇ ਗੀਤ ਰਿਕਾਰਡ ਹੁੰਦੇ ਵੇਖ ਕੇ ਯਕੀਨ ਆ ਗਿਆ ਸੀ ਕਿ ਸੇਵੀਆਂ ਖਾਧੀਆਂ ਤਾਂ ਬਹੁਤ ਲੋਕਾਂ ਨੇ ਹਨ, ਪਰ ਵੱਟ ਹੁੰਦੀਆਂ ਬੜੇ ਘੱਟ ਲੋਕਾਂ ਨੇ ਵੇਖੀਆਂ ਹੋਣਗੀਆਂ। ਦਰਅਸਲ ਪਿਆਰ ਹਮੇਸ਼ਾ ਭੂ-ਮੱਧ ਰੇਖਾ ਤੋਂ ਅਰੰਭ ਹੁੰਦਾ ਹੈ ਤੇ ਸੂਰਜ ਜਦੋਂ ਦੂਰ ਹੁੰਦਾ ਹੈ ਤਾਂ ਪ੍ਰੇਮਿਕਾ ਸਿਆਲ ਤੇ ਸਰਦੀਆਂ ਵਰਗੀ ਲੱਗ ਰਹੀ ਹੁੰਦੀ ਹੈ, ਤੇ ਜਦੋਂ ਸੂਰਜ ਭੂ-ਮੱਧ ਰੇਖਾ ਦੇ ਨੇੜੇ ਹੁੰਦਾ ਹੈ ਤਾਂ ਵਿਛੋੜੇ ਦੀ ਤਪਸ਼ ਨੇ ਲੂਹਣਾ ਵੀ ਹੁੰਦਾ ਹੈ, ਤੇ ਪੰਜਾਬੀ ਗਾਇਕੀ ਤੇ ਸੰਗੀਤ ਦੇ ਘਾਟੇ-ਵਾਧਿਆਂ ਦੀ ਜੰਤਰੀ ਮੇਰੇ ਹੱਥ ਇਥੋਂ ਹੀ ਲੱਗੀ ਸੀ।
ਹਾਲਾਂਕਿ ਮੇਰੀ ਦਾਦਾ ਜਾਂ ਚਰਨਜੀਤ ਆਹੂਜਾ ਨਾਲ ਉਸ ਵੇਲੇ ਤੱਕ ਕੋਈ ਮੁਲਾਕਾਤ ਨਹੀਂ ਸੀ ਹੋਈ, ਪਰ ਗੀਤ ਦੀ ਟੇਕ ਮੁਕੰਮਲ ਹੋਣ ਤੋਂ ਬਾਅਦ ਜਦੋਂ ਸਾਰਿਆਂ ਨੂੰ ਦਾਦਾ ਨੇ ਗੀਤ ਸੁਣਾਇਆ ਤਾਂ ਸਦੀਕ ਰਣਜੀਤ ਨੇ ਵੀ ਤਾੜੀਆਂ ਵਜਾਈਆਂ। ਵਿਚਾਲੇ ਮੈਨੂੰ ਵਾਧੂ ਜਿਹਾ ਮੈਂਬਰ ਖੜ੍ਹਾ ਵੇਖ ਕੇ ਦਾਦਾ ਨੇ ਮੈਨੂੰ ਪੁੱਛਿਆ, ‘ਆਪ ਨੇ ਕਿਸ ਕੋ ਮਿਲਨਾ ਹੈ?’
‘ਜ਼ਹੀਰ ਸਾਹਿਬ ਕੋ।’
‘ਗਾਨਾ ਗਾਤੇ ਹੋ?’
‘ਨਹੀਂ ਲਿਖਤਾ ਹੂੰ।’
‘ਤੋ ਆਪ ਗਾਇਕ ਕੇ ਪਾਸ ਜਾਈਏ ਨਾ, ਯਹਾਂ ਥੋੜ੍ਹਾ ਗਾਨੇ ਲੇਤੇ ਹੈਂ ਹਮ।’
‘ਮੈਂ ਅਖ਼ਬਾਰ ਮੇਂ ਲਿਖਤਾ ਹੂੰ। ਜ਼ਹੀਰ ਸਾਹਿਬ ਨਾਲ ਮੁਲਾਕਾਤ ਕਰਨੀ æææ।’ ਮੇਰੀ ਗੱਲ ਮੁੱਕਣ ਤੋਂ ਪਹਿਲਾਂ ਹੀ ਚਰਨਜੀਤ ਨੇ ਵਿਚਾਲੇ ਹੁੰਗਾਰਾ ਭਰ ਦਿੱਤਾ, ‘ਤੇਰਾ ਨਾਂ ਅਸ਼ੋਕ ਹੈ।’
‘ਹਾਂ ਜੀ।’
‘ਬੈਠ ਤੂੰ, ਖੜ੍ਹਾ ਕਿਉਂ ਏਂæææ ਤੈਨੂੰ ਤਾਂ ਮਿਲਣਾ ਸੀ। ਪਹਿਲਾਂ ਇਨ੍ਹਾਂ ਨੂੰ ਮਿਲ਼ææਇਹ ਕੇਸਰ ਸਿੰਘ ਨਰੂਲਾ ਨੇ ਸੰਗੀਤਕਾਰ, ਇਨ੍ਹਾਂ ਦੀ ਪਤਨੀ ਮੋਹਣੀ ਨਰੂਲਾ ਜੀਹਨੇ ਗੀਤ ਗਾਏ ਸਨ ‘ਅੰਬਰਸਰੀਆ, ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ’, ‘ਨੀ ਸੋਹਣੀਏ, ਨੀ ਮੋਹਣੀਏ’, ‘ਆ ਜਾ ਪਤਲੀਏ ਨਾਰੇ, ਟਾਂਗੇ ਵਾਲਾ ਵਾਜਾਂ ਮਾਰਦਾ’ æææ ਤੇ ਇਨ੍ਹਾਂ ਦੀ ਬੇਟੀ ਜਸਪਿੰਦਰ ਨਰੂਲਾ ਵੀ ਅੱਛਾ ਗਾਉਣ ਲੱਗੀ ਪਈ ਹੈ।’ ਆਹੂਜਾ ਹਰਿਆਣਵੀ ਹੋਣ ਕਰ ਕੇ ਪੰਜਾਬੀ ਠੀਕ ਬੋਲ ਲੈਂਦਾ ਹੈ ਤੇ ਨਾਲ ਹੀ ਉਹਨੇ ਨਰੂਲੇ ਨੂੰ ਦੱਸ ਦਿੱਤਾ, ‘ਗਾਇਕਾਂ ਬਾਰੇ ਕੋਈ ਨ੍ਹੀਂ ਸੀ ਲਿਖਦਾ, ਇਸ ਮੁੰਡੇ ਨੇ ਹੀ ਇਹ ਖੇਤਰ ਚੁਣਿਆ ਹੈ।’ ਉਸ ਦਿਨ ਹੀ ਉਸ ਨੇ ਮੇਰੀ ਸਦੀਕ ਨਾਲ ਘੁੱਟ ਕੇ ਮਿਲਣੀ ਕਰਾਈ। ਗੱਲ ਇਹ ਬਣ ਗਈ ਸੀ ਕਿ ਵੇਖਣ ਕੁੜੀ ਆਏ ਸੀ, ਸ਼ਗਨ ਮੁੰਡੇ ਨੂੰ ਪੈਣ ਲੱਗ ਪਿਆ। ਜ਼ਹੀਰ ਨਾਲ ਤਾਂ ਉਸ ਦਿਨ ਮੁਲਾਕਾਤ ਨਹੀਂ ਹੋ ਸਕੀ, ਪਰ ਨਰੂਲਾ ਸਾਹਿਬ ਨੇ ਕਿਹਾ, ‘ਕੱਲ੍ਹ ਘਰੇ ਆ ਜਾਈਂ। ਕੁਝ ਲਾਇਨਾਂ ਜਸਪਿੰਦਰ ਬਾਰੇ ਤੇ ਸਾਡੇ ਪਰਿਵਾਰ ਬਾਰੇ ਵੀ ਲਿਖ ਛੱਡੀਂ। ਭਲਕੇ ਹੀ ਬਾਅਦ ਦੁਪਹਿਰ ਜ਼ਹੀਰ ਸਾਹਿਬ ਨਾਲ ਗੱਲਬਾਤ ਵੀ ਕਰਵਾ ਦਿਆਂਗੇ।’ ਖ਼ੈਰ! ਮੋਹਣੀ ਨਰੂਲਾ ਵੀ ਮਿਲ ਪਈ। ਜਸਪਿੰਦਰ ਉਦੋਂ ਮਿਲੀ ਜਦੋਂ ਉਸ ਨੂੰ ਕੋਈ ਵੀ ਨਹੀਂ ਸੀ ਜਾਣਦਾ। ਦੁਰਘਟਨਾ ਤੋਂ ਬਾਅਦ ਗੱਲ੍ਹ ਦੀ ਸਰਜਰੀ ਬੜੀ ਦੇਰ ਬਾਅਦ ਦੀ ਕਹਾਣੀ ਹੈ।
ਅਗਲੇ ਦਿਨ ਜ਼ਹੀਰ ਅਹਿਮਦ ਨਾਲ ਮੇਰੀ ਮੁਲਾਕਾਤ ਨਰੂਲਾ ਸਾਹਿਬ ਨੇ ਇੱਦਾਂ ਕਰਵਾਈ ਜਿਵੇਂ ਬੀæਬੀæਸੀæ ਦਾ ਸਿੱਧਾ ਪ੍ਰਸਾਰਨ ਚਲਣਾ ਹੋਵੇ, ਪਰ ਇਸ ਲੰਬੀ ਗੱਲਬਾਤ ਦੇ ਨਤੀਜੇ ਇਹ ਸਾਹਮਣੇ ਆਉਣ ਦੀ ਸੰਭਾਵਨਾ ਜ਼ਰੂਰ ਬਣ ਗਈ ਸੀ ਕਿ ਪ੍ਰਸਾਰਨ ਭਾਵੇਂ ਸਿੱਧਾ ਨਾ ਵੀ ਹੋਵੇ, ਪਰ ਗਾਇਕਾਂ ਲਈ ਮੈਂ ਰਾਹ ਸਿੱਧੇ ਕਰਨ ਵਿਚ ਸਫ਼ਲ ਹੋ ਗਿਆ ਸਾਂ। ਨਾਲ ਹੀ ਕਿਸੇ ਮਸ-ਫੁੱਟ ਗੱਭਰੂ ਦੀ ਪੁੱਛ ਹੋਣ ਲੱਗ ਪਈ ਸੀ। ਤਾਰੀ ਤੇ ਜ਼ਾਕਿਰ ਹੁਸੈਨ ਤੋਂ ਪਹਿਲਾਂ ਤਬਲਾ ਵਾਦਨ ਵਿਚ ਜਿਸ ਵਾਦਕ ਦਾ ਨਾਂ ਵੱਜਦਾ ਸੀ, ਉਹ ਯੂਸਫ਼ ਸੀ ਤੇ ਐਚæਐਮæਵੀæ ਦਾ ਪੱਕਾ ਤਾਲ ਵਾਦਕ। ਜ਼ਹੀਰ ਨੇ ਉਹਨੂੰ ਦਫ਼ਤਰ ਬੁਲਾ ਕੇ ਮੇਰੇ ਨਾਲ ਮਿਲਾਇਆ। ਮੈਨੂੰ ਇੰਜ ਲੱਗਣ ਲੱਗ ਪਿਆ, ਜਿਵੇਂ ਕੋਈ ਪੰਚ, ਪ੍ਰਧਾਨ ਮੰਤਰੀ ਦਫ਼ਤਰ ਵਿਚ ਨਿਯੁਕਤ ਹੋ ਗਿਆ ਹੋਵੇ। ਨਿੱਕਾ ਜਿਹਾ ਹੁੰਦਾ ਮੈਂ ਕਰੀਬ ਛੇ ਸੱਤ ਸਾਲ ਐਚæਐਮæਵੀæ ਕੰਪਨੀ ਦੇ ਪੰਜਾਬੀ ਸੰਗੀਤ ਵਿਭਾਗ ਦਾ ਸਲਾਹਕਾਰ ਵੀ ਰਿਹਾ।
ਜ਼ਹੀਰ ਅਹਿਮਦ ਨਾਲ ਲੰਬੀ ਮੁਲਾਕਾਤ ਜਦੋਂ ਅਜੀਤ ਵਿਚ ਛਪੀ ਤਾਂ ਗਾਇਕ ਤੇ ਜ਼ਹੀਰ ਅਹਿਮਦ ਨੱਚਣ ਤੇ ਗਿੱਧਾ ਪਾਉਣ ਵਾਲੇ ਬਣ ਗਏ ਸਨ, ਤੇ ਫਿਰ ਦਰਜਨਾਂ ਗਾਇਕਾਂ ਦੀ ਰਿਕਾਰਡਿੰਗ ਦੇ ਰਾਹ ‘ਚ ਡਿਗਦੇ ਰੋੜੇ ਮੈਂ ਚੁੱਕਣ ਵਿਚ ਸਫ਼ਲ ਹੋ ਗਿਆ ਸਾਂ।
ਜਦੋਂ ਬਿਰਲਾ ਗਰੁਪ ਨੇ ਕੰਪਨੀ ਖਰੀਦੀ ਤਾਂ ਕੰਪਨੀ ਦੇ ਐਚæਐਮæਵੀæ ਲੇਬਲ ਨਾਲ ਆਰæਪੀæਜੀæ (ਰਾਮ ਪ੍ਰਕਾਸ਼ ਗੋਇਨਕਾ) ਲਿਖਿਆ ਜਾਣ ਲੱਗਾ। ਬਦਲਦੇ ਹਾਲਾਤ ਤੇ ਸੰਗੀਤ ਯੁੱਗ ਨਾਲ ਫਿਰ ਜ਼ਹੀਰ ਬਦਲ ਕੇ ਵੈਸਟਨ ਟੀæਵੀæ ਕੰਪਨੀ ਵਿਚ ਚਲੇ ਗਿਆ।
Leave a Reply