ਨਵੀਂ ਦਿੱਲੀ: ਲਗਾਤਾਰ ਦਿੱਤੇ ਜਾ ਰਹੇ ਭਰੋਸਿਆਂ ਤੋਂ ਬਾਅਦ ਵੀ ਚੀਨ ਦੀ ਭਾਰਤੀ ਖੇਤਰਾਂ ਵਿਚ ਘੁਸਪੈਠ ਜਾਰੀ ਹੈ। ਇਸ ਵਾਰ ਚੀਨ ਦੇ ਸੈਨਿਕ ਅਰੁਣਾਚਲ ਪ੍ਰਦੇਸ਼ ਦੇ ਅਜਵਾਂ ਜ਼ਿਲ੍ਹੇ ਦੇ ਚਗਲਾਗਾਮ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਪਾਰ ਕਰਕੇ 20 ਕਿਲੋਮੀਟਰ ਤੱਕ ਭਾਰਤੀ ਸਰਹੱਦ ਅੰਦਰ ਆ ਗਏ ਤੇ ਤਿੰਨ ਚਾਰ ਦਿਨਾਂ ਤੱਕ ਭਾਰਤੀ ਇਲਾਕੇ ਵਿਚ ਰਹੇ।
ਸੂਤਰਾਂ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਸੈਨਿਕ ਟੁਕੜੀਆਂ ਅਰੁਣਾਚਲ ਪ੍ਰਦੇਸ਼ ਦੇ ਚਗਲਾਗਾਮ ਇਲਾਕੇ ‘ਤੇ ਆਪਣਾ ਦਾਅਵਾ ਕਰਦਿਆਂ ਭਾਰਤੀ ਖੇਤਰ ਵਿਚ 20 ਕਿਲੋਮੀਟਰ ਤੱਕ ਅੰਦਰ ਆ ਗਈਆਂ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਭਾਰਤੀ ਸੈਨਿਕਾਂ ਨੇ ਬੈਨਰ ਦਿਖਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ।
ਇਸ ਦੌਰਾਨ ਦੋਵਾਂ ਦੇਸ਼ਾਂ ਦੀਆਂ ਸੈਨਿਕ ਟੁਕੜੀਆਂ ਨੇ ਖੇਤਰ ‘ਤੇ ਦਾਅਵਾ ਕਰਨ ਵਾਲੇ ਬੈਨਰ ਇਕ ਦੂਜੇ ਨੂੰ ਦਿਖਾਏ ਤੇ ਪੁਜ਼ੀਸ਼ਨਾਂ ਲੈ ਲਈਆਂ। ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਦੇ ਉੱਚ ਸੈਨਿਕ ਅਧਿਕਾਰੀਆਂ ਦੀ ਸਰਹੱਦ ‘ਤੇ 15 ਮਿੰਟਾਂ ਤੱਕ ਹੋਈ ਬੈਠਕ ਉਪਰੰਤ ਚੀਨੀ ਸੈਨਿਕ ਵਾਪਸ ਚਲੇ ਗਏ। ਸੂਤਰਾਂ ਮੁਤਾਬਕ ਇਹ ਇਲਾਕਾ ਫੌਜ ਦੀ ਡਵੀਜ਼ਨ ਦੋ ਅਧੀਨ ਪੈਂਦਾ ਹੈ। ਫੌਜ ਦੀ ਡਵੀਜ਼ਨ ਦੋ ਦੇ ਕਮਾਂਡਰ ਨੂੰ ਮਾਮਲਾ ਹੱਲ ਕਰਨ ਲਈ ਦਖਲ ਅੰਦਾਜੀ ਕਰਨੀ ਪਈ। ਅਸਲ ਕੰਟਰੋਲ ਰੇਖਾ ਦੀ ਸੁਰੱਖਿਆ ਦੀ ਜਿੰਮੇਵਾਰੀ ਇੰਡੋ ਤਿਬਤੀਅਨ ਬਰਡਰ ਪੁਲਿਸ ਦੀ ਹੈ। ਇੰਡੋ ਤਿਬਤੀਅਨ ਬਰਡਰ ਪੁਲਿਸ ਦੇ ਦਸਤਿਆਂ ਨੂੰ ਪੈਦਲ ਹੀ ਸਰਹੱਦ ਵੱਲ ਜਾਣਾ ਪੈਂਦਾ ਹੈ ਕਿਉਂਕਿ ਅਸਲ ਕੰਟਰੋਲ ਰੇਖਾ ‘ਤੇ ਭਾਰਤੀ ਭਾਰਤ ਵਾਲੇ ਪਾਸੇ ਸੜਕਾਂ ਨਹੀਂ ਹਨ।
ਦੂਜੇ ਪਾਸੇ ਭਾਰਤੀ ਫੌਜ ਤੇ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਤੇ ਕੂਟਨੀਤਕ ਤੌਰ ‘ਤੇ ਇਹ ਮਾਮਲਾ ਚੀਨ ਸਰਕਾਰ ਕੋਲ ਨਹੀਂ ਉਠਾਇਆ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ ਮਹੀਨੇ ਵਿਚ ਚੀਨ ਦੇ ਸੈਨਿਕ 19 ਕਿਲੋਮੀਟਰ ਤੱਕ ਭਾਰਤੀ ਸਰਹੱਦ ਅੰਦਰ ਆ ਗਏ ਸਨ ਤੇ ਉਨ੍ਹਾਂ ਲਦਾਖ ਦੇ ਦੇਸਪਾਂਗ ਵਿਚ ਆਪਣੇ ਤੰਬੂ ਲਗਾ ਲਏ ਸਨ।
ਉਧਰ, ਭਾਰਤ ਨੇ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਵਿਚ ਚੀਨੀ ਘੁਸਪੈਠ ਨਾਲ ਨਜਿੱਠਣ ਲਈ ਅਮਰੀਕਾ ਤੋਂ ਮਦਦ ਮੰਗਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਤੇ ਨਾਲ ਹੀ ਕਿਹਾ ਕਿ ਭਾਰਤ ਆਪਣੀ ਪ੍ਰਭੂਸਤਾ ਤੇ ਅਖੰਡਤਾ ਦੀ ਰਾਖੀ ਖ਼ੁਦ ਕਰਨ ਦੇ ਸਮਰੱਥ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸੰਕਰ ਮੈਨਨ ਨੇ ਆਪਣੀ ਛੇ ਦਿਨਾ ਅਮਰੀਕਾ ਯਾਤਰਾ ਦੀ ਸਮਾਪਤੀ ਮੌਕੇ ਕਿਹਾ ਕਿ ਆਪਣੀ ਪ੍ਰਭੂਸਤਾ ਤੇ ਅਖੰਡਤਾ ਦੀ ਰਾਖੀ ਕਰਨਾ ਭਾਰਤ ਦਾ ਅਧਿਕਾਰ ਹੈ ਤੇ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਭਾਰਤ ਕਿਸੇ ਕੋਲੋਂ ਮਦਦ ਨਹੀਂ ਮੰਗਦਾ।
_______________________________
ਚੀਨ ਦੀ ਵਧੀਕੀ ਨਾਲ ਦੁਵੱਲੇ ਸਬੰਧਾਂ ‘ਤੇ ਅਸਰ ਪਾਵੇਗਾ: ਭਾਰਤ
ਬੀਜਿੰਗ: ਭਾਰਤ ਨੇ ਚੀਨੀ ਸੈਨਿਕਾਂ ਵੱਲੋਂ ਅਸਲ ਕੰਟਰੋਲ ਰੇਖਾ ‘ਤੇ ਵਾਰ-ਵਾਰ ਕੀਤੀ ਜਾ ਰਹੀ ਘੁਸਪੈਠ ‘ਤੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਹੱਦ ‘ਤੇ ਵਧਦੀਆਂ ਅਜਿਹੀਆਂ ਘਟਨਾਵਾਂ ਨਾਲ ਭਾਰਤ ਤੇ ਚੀਨ ਦੇ ਦੁਵੱਲੇ ਸਬੰਧਾਂ ‘ਤੇ ਅਸਰ ਪਵੇਗਾ। ਭਾਰਤ-ਚੀਨ ਦੁਵੱਲੇ ਸਬੰਧਾਂ ‘ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚੀਨ ਵਿਚ ਭਾਰਤ ਦੇ ਰਾਜਦੂਤ ਐਸ ਜੈਸ਼ੰਕਰ ਨੇ ਕਿਹਾ ਕਿ ਸਰਹੱਦ ‘ਤੇ ਘੁਸਪੈਠ ਦੀਆਂ ਕਾਰਵਾਈਆਂ ਦਾ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ‘ਤੇ ਉਲਟਾ ਅਸਰ ਪਵੇਗਾ। ਭਾਰਤੀ ਸੰਸਥਾ ਓæਆਰæਐਫ ਤੇ ਚੀਨ ਦੀ ਵਿਦੇਸ਼ ਮਾਮਲਿਆਂ ਦੀ ਯੂਨੀਵਰਸਿਟੀ ਕਾਨਫਰੰਸ ਵੱਲੋਂ ਕਰਵਾਏ ਸੈਮੀਨਾਰ ਵਿਚ ‘ਪੁਰਾਣੇ ਸਬੰਧ-ਨਵਾਂ ਮਾਡਲ’ ਵਿਸ਼ੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਤਲਖੀਆਂ ਭੁਲਾ ਕੇ ਸ਼ਾਂਤੀ ਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
Leave a Reply