ਪੰਜਾਬ `ਚ ਪਨਪੇ ਗੈਂਗਸਟਰ ਵਰਤਾਰੇ ਦੀਆਂ ਪਰਤਾਂ

ਨਵਕਿਰਨ ਸਿੰਘ ਪੱਤੀ
ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਨੂੰ ਫਿਲਮਾਂ, ਗੀਤਾਂ, ਕਹਾਣੀਆਂ ਵਿਚ ਹੀਰੋ ਬਣਾ ਕੇ ਪੇਸ਼ ਕਰਨ ਦਾ ਰੁਝਾਨ ਲਗਾਤਾਰ ਚੱਲ ਰਿਹਾ ਹੈ। ਕਈ ਮੀਡੀਆ ਅਦਾਰੇ ਆਪਣੀ ਟੀ.ਆਰ.ਪੀ./ਵਿਊ/ਲਾਈਕ ਵਧਾਉਣ ਲਈ ਗੈਂਗਸਟਰਾਂ ਨੂੰ ‘ਹੀਰੋ` ਵਾਂਗ ਦਰਸਾਉਂਦੇ ਹਨ ਜਿਸ ਦਾ ਅੱਲ੍ਹੜ ਉਮਰ ਦੇ ਨੌਜਵਾਨਾਂ ‘ਤੇ ਬਹੁਤ ਜ਼ਿਆਦਾ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਦਿੱਤੇ ਹੋਏ ਹਾਲਾਤ ਵਿਚ ਗੈਂਗਸਟਰਾਂ ਪ੍ਰਤੀ ਉਲਾਰ ਹੁੰਦੇ ਹੋਏ ਇਹਨਾਂ ਦੇ ਗੇੜ ਵਿਚ ਫਸ ਜਾਂਦੇ ਹਨ।

ਪੰਜਾਬ ਦੇ ਚਰਚਿਤ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨੇ ਇੱਕ ਵਾਰ ਫਿਰ ਪੰਜਾਬ ਵਿਚ ਗੈਂਗਸਟਰ ਵਰਤਾਰਾ ਚਰਚਾ ਦਾ ਮੁੱਖ ਵਿਸ਼ਾ ਬਣਾ ਦਿੱਤਾ ਹੈ। ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਮੰਦਭਾਗੀ ਘਟਨਾ ਹੈ ਜਿਸ ਨੇ ਸਰਕਾਰ ਅਤੇ ਇਸ ਦੇ ਖੁਫੀਆ ਤੰਤਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਦ ਪੰਜਾਬ ਪੁਲਿਸ ਨੇ ਗੈਂਗਸਟਰ ਵਿੱਕੀ ਗੌਂਡਰ ਨੂੰ ਕਥਿਤ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਸੀ ਤਾਂ ਉਸ ਸਮੇਂ ਵੀ ਗੈਂਗਸਟਰ ਵਰਤਾਰਾ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਮਾਰਨ ਨਾਲ ਗੈਂਗਸਟਰ ਡਰਨਗੇ ਪਰ ਉਸ ਸਮੇਂ ਵੀ ਜਮਹੂਰੀ ਹਲਕਿਆਂ ਨੇ ਕਿਹਾ ਸੀ ਕਿ ਸਜ਼ਾ ਦੇਣ ਨਾਲ ਜੁਰਮ ਖਤਮ ਨਹੀਂ ਕੀਤੇ ਜਾ ਸਕਦੇ ਤੇ ਜਦ ਤੱਕ ਉਹ ਹਾਲਾਤ ਬਰਕਰਾਰ ਹਨ ਜਿਨ੍ਹਾਂ ਹਾਲਾਤ ਵਿਚ ਨੌਜਵਾਨ ਗੈਂਗਸਟਰ ਬਣਨ ਵੱਲ ਵਧਦੇ ਹਨ, ਤਦ ਤੱਕ ਇਹ ਵਰਤਾਰਾ ਠੱਲ੍ਹਿਆ ਨਹੀਂ ਜਾ ਸਕਦਾ ਹੈ। ਸੱਚਾਈ ਸਭ ਦੇ ਸਾਹਮਣੇ ਹੈ ਕਿ ਅੱਜ ਜਦ ਅਸੀਂ ਅਜਿਹੇ ਰਾਜ ਵਿਚ ਜੀਅ ਰਹੇ ਹਾਂ ਜਿੱਥੇ ਥਾਂ-ਥਾਂ ਥਾਣੇ ਹਨ, ਖੁਫੀਆ ਏਜੰਸੀਆਂ ਦਾ ਵੱਡਾ ਤਾਣਾ-ਬਾਣਾ ਹੈ ਤੇ ਕਈ ਤਰ੍ਹਾਂ ਦੀਆਂ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਰਹਿੰਦੀਆਂ ਹਨ ਤਾਂ ਅਜਿਹੇ ਵਿਚ ਚਰਚਿਤ ਚਿਹਰੇ ਦਾ ਦਿਨ ਦਿਹਾੜੇ ਕਤਲ ਕਰਕੇ ਦੋਸ਼ੀਆਂ ਦਾ ਬਚ ਨਿਕਲਣਾ ਸੁਰੱਖਿਆ ਏਜੰਸੀਆਂ ਅਤੇ ਸਰਕਾਰ ‘ਤੇ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ।
ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਨੂੰ ਫਿਲਮਾਂ, ਗੀਤਾਂ, ਕਹਾਣੀਆਂ ਵਿਚ ਹੀਰੋ ਬਣਾ ਕੇ ਪੇਸ਼ ਕਰਨ ਦਾ ਰੁਝਾਨ ਲਗਾਤਾਰ ਚੱਲ ਰਿਹਾ ਹੈ, ਕਈ ਮੀਡੀਆ ਅਦਾਰੇ ਆਪਣੀ ਟੀ.ਆਰ.ਪੀ./ਵਿਊ/ਲਾਈਕ ਵਧਾਉਣ ਦੇ ਚੱਕਰ ਵਿਚ ਗੈਂਗਸਟਰਾਂ ਨੂੰ ‘ਹੀਰੋ` ਵਾਂਗ ਦਰਸਾਉਂਦੇ ਹਨ ਜਿਸ ਦਾ ਅੱਲ੍ਹੜ ਉਮਰ ਦੇ ਨੌਜਵਾਨਾਂ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਦਿੱਤੇ ਹੋਏ ਹਾਲਾਤ ਵਿਚ ਗੈਂਗਸਟਰਾਂ ਪ੍ਰਤੀ ਉਲਾਰ ਹੁੰਦੇ ਹੋਏ ਇਹਨਾਂ ਦੇ ਗੇੜ ਵਿਚ ਫਸ ਜਾਂਦੇ ਹਨ।
ਵੈਸੇ ਤਾਂ ਗੈਂਗਸਟਰ ਸ਼ਬਦ ਪੱਛਮੀ ਅਤੇ ਵਿਕਸਤ ਮੁਲਕਾਂ ਦੀ ਦੇਣ ਹੈ, ਪੰਜਾਬ ਵਿਚ ਪਹਿਲਾਂ ਇਸ ਤਰ੍ਹਾਂ ਦੇ ਵਿਅਕਤੀਆਂ ਲਈ ਦਸ ਨੰਬਰੀਆ, ਬਦਮਾਸ਼, ਗੁੰਡਾ ਆਦਿ ਸ਼ਬਦ ਵਰਤਿਆ ਜਾਂਦਾ ਸੀ। ਇੱਕ ਖਾਸ ਖਲਾਅ ਦੀ ਵਜ੍ਹਾ ਕਾਰਨ ਅੱਜ ਦੁਨੀਆ ਵਿਚ ਗੈਂਗਸਟਰ ਤੇ ਗੈਂਗਵਾਰ ਸੁਰਖੀਆਂ ਬਟੋਰ ਰਹੇ ਹਨ। ਪੰਜਾਬ ਦੇ ਗੈਂਗਸਟਰਾਂ ਦੇ ਸਾਰੇ ਕਾਰਨਾਮੇ ਵੀ ਸੰਸਾਰ ਪੱਧਰ ‘ਤੇ ਹਰ ਦੇਸ਼ ਵਿਚਲੇ ਗੈਂਗਸਟਰਾਂ ਨਾਲ ਮੋਟੇ ਤੌਰ ‘ਤੇ ਦੇਖੀਏ ਤਾਂ ਇੱਕੋ ਜਿਹੇ ਹਨ ਪਰ ਹਕੀਕੀ ਤੌਰ ‘ਤੇ ਇਹਨਾਂ ਵਿਚ ਫ਼ਰਕ ਵੀ ਹੈ। ਵਿਕਸਤ ਦੇਸ਼ਾਂ ਵਿਚ ਜ਼ਿਆਦਾਤਰ ਗੈਂਗਸਟਰ ਇਛਾਵਾਂ ਲਈ ਬਣਦੇ ਹਨ ਪਰ ਭਾਰਤ ਵਰਗੇ ਵਿਕਾਸ਼ਸ਼ੀਲ ਦੇਸ਼ਾਂ ਵਿਚ ਜ਼ਿਆਦਾਤਰ ਗੈਂਗਸਟਰ ਲੋੜਾਂ ਤੇ ਹਾਲਾਤ ਵਿਚੋਂ ਪੈਦਾ ਹੁੰਦੇ ਹਨ ਅਤੇ ਫਿਰ ‘ਸਰਕਾਰੀ ਤੰਤਰ` ਦੇ ਧੱਕੇ ਚੜ੍ਹ ਜਾਂਦੇ ਹਨ।
ਗਹੁ ਨਾਲ ਤੱਕਿਆ ਜਾਵੇ ਤਾਂ ਜ਼ਿਆਦਾਤਰ ਗੈਂਗਸਟਰਾਂ ਦੀ ਕਹਾਣੀ ਲੱਗਭੱਗ ਇੱਕੋ ਜਿਹੀ ਹੈ ਕਿ ਉਹ ਆਪਣੇ ਸਮੇਂ ਦੇ ਵਧੀਆ ਖਿਡਾਰੀ ਜਾਂ ਤੇਜ਼-ਤਰਾਰ ਨੌਜਵਾਨ ਸਨ ਤੇ ਕਿਸੇ ਨਾ ਕਿਸੇ ਕਾਰਨ ਵੱਡੇ ਰਾਜਨੀਤਕ ਲੀਡਰਾਂ (ਖਾਸਕਰ ਅਕਾਲੀ ਦਲ, ਕਾਂਗਰਸ, ਭਾਜਪਾ) ਦੇ ਧੱਕੇ ਚੜ੍ਹ ਗਏ। ਚੜ੍ਹਦੀ ਜਵਾਨੀ ਵਿਚ ਸੱਤਾ ਧਿਰ ਨਾਲ ਸਬੰਧਿਤ ਵੱਡੇ ਲੀਡਰ ਦਾ ਸਿਰ ‘ਤੇ ਹੱਥ ਹੋਣ ਕਾਰਨ ਇਹ ਨੌਜਵਾਨ ਫੋਕੀ ਸ਼ੋਹਰਤ, ਅਖੌਤੀ ਚੌਧਰ ਦਾ ਸ਼ਿਕਾਰ ਹੋ ਕੇ ਪੂਰੀ ਦੁਨੀਆ ਨੂੰ ਟਿੱਚ ਸਮਝਣ ਲੱਗਦੇ ਹਨ ਤੇ ਅੱਗੇ ਜਾ ਕੇ ਤਿੰਨ ਧਿਰੀ ਗੱਠਜੋੜ ਬਣਦਾ ਹੈ ਜਿਸ ਨੂੰ ‘ਪੁਲਿਸ-ਸਿਆਸੀ-ਗੁੰਡਾ ਗੱਠਜੋੜ` ਕਿਹਾ ਜਾ ਸਕਦਾ ਹੈ। ਇਹ ਨੌਜਵਾਨ ਗੁਨਾਹ ਕਰਦੇ ਅੱਗੇ ਵਧਦੇ ਹਨ ਤੇ ਨੇਤਾ ਜੀ ਦੇ ਕਹਿਣ ‘ਤੇ ਪੁਲਿਸ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਤੇ ਨੇਤਾ ਜੀ ਇਹਨਾਂ ਨੌਜਵਾਨਾਂ ਨੂੰ ਵੋਟਾਂ ਖਰੀਦਣ, ਵਿਰੋਧੀਆਂ ਨੂੰ ਡਰਾਉਣ ਧਮਕਾਉਣ, ਜ਼ਮੀਨੀ ਕਬਜ਼ੇ ਕਰਨ, ਕਤਲ ਕਰਵਾਉਣ, ਨਸ਼ੇ ਵਰਤਾਉਣ ਲਈ ਵਰਤਦੇ ਹਨ।
ਕਿਸੇ ਵੀ ਪ੍ਰਬੰਧ/ਨਿਜ਼ਾਮ ਤੋਂ ‘ਬਾਗੀ` ਹੋਣਾ ਕੋਈ ਮਾੜੀ ਗੱਲ ਨਹੀਂ ਬਲਕਿ ਇਹ ਮਹਾਨਤਾ ਹੈ। ਇਤਿਹਾਸ ਗਵਾਹ ਹੈ ਕਿ ਲੋਕਾਂ ਲਈ ਸੰਘਰਸ਼ ਕਰਦਿਆਂ ਬਾਗੀਆਂ/ਕ੍ਰਾਂਤੀਕਾਰੀਆਂ ਨੇ ਹੁਕਮਰਾਨਾਂ ਨੂੰ ‘ਵਖਤ’ ਪਾਇਆ ਹੈ, ਤੇ ਪੰਜਾਬ ਦੀ ਸੰਘਰਸ਼ੀ ਧਰਤੀ ਦੇ ਲੋਕਾਂ ਨੇ ਬਾਗੀ ਆਗੂਆਂ ਨੂੰ ਹਮੇਸ਼ਾ ਸਿਰ ‘ਤੇ ਬਿਠਾਇਆ ਹੈ ਪਰ ਪਿਛਲੇ ਸਮੇਂ ਤੋਂ ਕੁਝ ਫਿਲਮਕਾਰ, ਗੀਤਕਾਰ, ਗਾਇਕ, ਪੱਤਰਕਾਰ ਸੱਤਾ ਦਾ ਸੰਦ ਬਣਨ ਵਾਲੇ ਗੈਂਗਸਟਰਾਂ ਨੂੰ ਲੋਕਾਂ ਅੱਗੇ ਬਾਗੀ ਬਣਾ ਕੇ ਪੇਸ਼ ਕਰਦੇ ਹਨ ਜਦਕਿ ਹਕੀਕਤ ਇਹ ਹੈ ਕਿ ਇਹ ਅਖੌਤੀ ਗੈਂਗਸਟਰ ਸਰਕਾਰਾਂ/ਨਿਜ਼ਾਮ ਦਾ ਪੁਰਜ਼ਾ ਬਣ ਕੇ ਚੱਲ ਰਹੇ ਹਨ, ਸੱਤਾ ਦੇ ਸੰਦ ਤੇ ਸੱਤਾ ਦੇ ਵਿਰੋਧੀ ਹੋਣ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜਾ ਲੋਕਾਂ ਲਈ ਸਮਝਣਾ ਜ਼ਰੂਰੀ ਹੈ।
ਹਕੀਕਤ ਤਾਂ ਇਹ ਵੀ ਹੈ ਕਿ ਅਫਸਰਸ਼ਾਹੀ ਦਾ ਵੱਡਾ ਹਿੱਸਾ ਤੇ ਪੁਲਿਸ ਤੰਤਰ ਬੇਰੁਜ਼ਗਾਰ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਆਪਣਾ ਉੱਪਰਲਾ ਤੋਰੀ-ਫੁਲਕਾ ਚਾਲੂ ਰੱਖਣਾ ਚਾਹੁੰਦਾ ਹੈ। ਆਮ ਹਾਲਾਤ ਵਿਚ ਸਿਆਸਤਦਾਨ ਤੇ ਪੁਲਿਸ ਤੰਤਰ ਇਹਨਾਂ ਗੈਂਗਸਟਰਾਂ ਨੂੰ ਜੇਲ੍ਹ ਵਿਚ ਵੀ ਸਰਪ੍ਰਸਤੀ ਦਿੰਦਾ ਰਹਿੰਦਾ ਹੈ ਜਿਸ ਦੀ ਤਾਜ਼ਾ ਉਦਹਾਰਨ ਹੈ ਕਿ ਗੈਂਗਸਟਰਾਂ ਵੱਲੋਂ ਜੇਲ੍ਹਾਂ ਵਿਚ ਮੋਬਾਈਲ ਫੋਨ ਵਰਤਣੇ ਹੁਣ ਆਮ ਵਰਤਾਰਾ ਬਣ ਚੁੱਕਾ ਹੈ। ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਖੁਦ ਮੰਨਿਆ ਹੈ ਕਿ ‘ਜੇਲ੍ਹਾਂ ਤੋਂ ਗੈਂਗਸਟਰਾਂ ਦਾ ਗੱਠਜੋੜ ਚੱਲ ਰਿਹਾ ਹੈ, ਖੁਫ਼ੀਆ ਏਜੰਸੀਆਂ ਵੀ ਗੈਂਗਸਟਰਾਂ ਨੂੰ ਮੋਬਾਈਲ ਪਹੁੰਚਾ ਰਹੀਆਂ ਹਨ, ਜੇਲ੍ਹ ਵਾਲੇ ਉਨ੍ਹਾਂ ਨੂੰ ਮਿਲ ਕੇ ਮਦਦ ਦਿੰਦੇ ਹਨ।’ ਰੰਧਾਵਾ ਦਾ ਕਹਿਣਾ ਹੈ ਕਿ ਉਹਨਾਂ ਜੇਲ੍ਹਾਂ ਵਿਚ ਮੋਬਾਈਲ ਫੋਨ ਦੇਣ ਦਾ ਵਿਰੋਧ ਕੀਤਾ ਸੀ ਪਰ ਏਜੰਸੀਆਂ ਦਾ ਦਾਅਵਾ ਹੈ ਕਿ ਜੇਲ੍ਹ ਵਿਚ ਗੈਂਗਸਟਰਾਂ ਨੂੰ ਫੋਨ ਮੁਹੱਈਆ ਕਰਵਾ ਕੇ ਉਨ੍ਹਾਂ ਤੋਂ ਜਾਣਕਾਰੀ ਮਿਲਦੀ ਹੈ। ਹੁਣ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਉਹਨਾਂ ਨੂੰ ਫੋਨ ਕਰਕੇ ਏਜੰਸੀਆਂ ਇਹ ਜਾਣਕਾਰੀ ਤਾਂ ਲੈਣੋਂ ਰਹੀਆਂ ਕਿ ਭਾਰਤੀ ਅਰਥਚਾਰਾ ਪੈਰਾਂ ਸਿਰ ਕਿਵੇਂ ਹੋਵੇਗਾ, ਕੋਈ ਯੋਜਨਾ ਦੱਸੋ। ਜੇ ਜੇਲ੍ਹਾਂ ਵਿਚ ਸਰਕਾਰ ਦੇ ਨੱਕ ਥੱਲੇ ਬੈਠ ਕੇ ਇਹ ਗੈਂਗਸਟਰ ਐਂਡਰਾਇਡ ਫੋਨ ਵਰਤਦਿਆਂ ਕਿਸੇ ਨੂੰ ਮਾਰਨ ਦੀ ਯੋਜਨਾ ਘੜ ਸਕਦੇ ਹਨ ਤਾਂ ਸਰਕਾਰ ਲਈ ਇਸ ਤੋਂ ਨਮੋਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਹੈ।
ਦਰਅਸਲ ਇਹਨਾਂ ਨੌਜਵਾਨਾਂ ਕੋਲ ਹਥਿਆਰ ਤਾਂ ਸੌਖਿਆਂ ਹੀ ਉਪਲਬਧ ਹੋ ਜਾਂਦੇ ਹਨ ਪਰ ਮੰਤਵ ਰਹਿਤ ਸੋਚ ਅਤੇ ਵਿਚਾਰਧਾਰਾਹੀਣ ਇਹ ਨੌਜਵਾਨ ਫੋਕੀ ਚੌਧਰ ਖਾਤਰ ਆਪਸੀ ਲੜਾਈਆਂ ਵਿਚ ਉਲਝ ਜਾਂਦੇ ਹਨ ਜਾਂ ਉਲਝਾ ਦਿੱਤੇ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਅਨੇਕਾਂ ਘਰਾਂ ਵਿਛ ਸੱਥਰ ਵਿਚ ਰਹੇ ਹਨ। ਪੰਜਾਬ ਵਿਚ ਫੈਲੀ ਅੰਤਾਂ ਦੀ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਜਾਲ ਗੈਂਗਸਟਰ ਗਰੁੱਪਾਂ ਨੂੰ ਨਵੀਂ ਭਰਤੀ ਮੁਹੱਈਆ ਕਰਨ ਵਿਚ ਵੱਡਾ ਰੋਲ ਅਦਾ ਕਰ ਰਹੇ ਹਨ। ਕਾਂਗਰਸ ਆਪਣੀ ਸਰਕਾਰ ਸਮੇਂ ਨਾ ਤਾਂ ‘ਘਰ-ਘਰ ਰੁਜ਼ਗਾਰ` ਵਾਲਾ ਵਾਅਦਾ ਪੂਰਾ ਕਰ ਸਕੀ ਹੈ ਤੇ ਨਾ ਹੀ ਸਹੁੰ ਖਾਣ ਦੇ ਬਾਵਜੂਦ ‘ਨਸ਼ਿਆਂ ਦਾ ਲੱਕ` ਤੋੜ ਸਕੀ ਹੈ। ਤਬਦੀਲੀ ਦਾ ਦਾਅਵਾ ਕਰਕੇ ਸੱਤਾ ਹਾਸਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਵੀ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਮਾਮਲੇ ਵਿਚ ਅਜੇ ਤੱਕ ਕੋਈ ਠੋਸ ਯੋਜਨਾ ਨਹੀਂ ਉਲੀਕ ਸਕੀ ਜਿਸ ਕਾਰਨ ਅਨਿਸ਼ਚਤਤਾ ਦੇ ਮਾਹੌਲ ਵਿਚ ਨੌਜਵਾਨਾਂ ਦਾ ਇੱਕ ਹਿੱਸਾ ਕੁਰਾਹੇ ਉਲਾਰ ਹੋ ਰਿਹਾ ਹੈ।
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪਿਛਲੇ ਸਮੇਂ ਤੋਂ ਖੇਡਾਂ ਅਤੇ ਫਿਲਮ/ਸੰਗੀਤ ਇੰਡਸਟਰੀ ‘ਤੇ ਵੀ ਗੈਂਗਸਟਰਾਂ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ ਤੇ ਇਹ ਪਤਾ ਲੱਗਾ ਹੈ ਕਿ ਬਹੁਤ ਸਾਰੇ ਗੈਂਗ ਆਪਣਾ ਪੈਸਾ ਵੀ ਇਹਨਾਂ ਖੇਤਰਾਂ ਵਿਚ ਲਗਾ ਰਹੇ ਹਨ।
ਭਗਵੰਤ ਮਾਨ ਸਰਕਾਰ ਵੱਲੋਂ ਹਰ ਆਮ ਵਰਤਾਰੇ ਨੂੰ ਆਪਣੇ ਪੱਖ ਵਿਚ ਵਿਸ਼ੇਸ਼ ਫੈਸਲੇ ਦੇ ਤੌਰ ‘ਤੇ ਦਰਸਾਉਣ ਦੀ ਹੋੜ ਲੱਗੀ ਹੋਈ ਹੈ। ਘੱਲੂਘਾਰਾ ਦਿਵਸ ਕਾਰਨ 424 ਵੱਡੇ ਲੀਡਰਾਂ ਦੀ ਸਕਿਓਰਿਟੀ ਘਟਾਉਣ/ਵਾਪਸ ਲੈਣ ਦੀ ਪ੍ਰਕਿਰਿਆ ਨੂੰ ਆਮ ਆਦਮੀ ਪਾਰਟੀ ਤੇ ਸਰਕਾਰ ਨੇ ਆਪਣੇ ਵਿਸ਼ੇਸ਼ ਫੈਸਲੇ ਦੇ ਤੌਰ ‘ਤੇ ਪੇਸ਼ ਕੀਤਾ ਅਤੇ ਸ਼ੋਸ਼ਲ ਮੀਡੀਆ ‘ਤੇ ਕੁਝ ਘੰਟੇ ਫੋਕੀ ਵਾਹ-ਵਾਹ ਵੀ ਖੱਟੀ। ਇਸ ਲਈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਫੋਕੀ ਵਾਹ-ਵਾਹ ਖੱਟਣ ਦੀ ਨੀਤੀ ਨਾਲ ਸਕਿਓਰਿਟੀ ਵਾਪਸ ਲੈਣ ਵਾਲਿਆਂ ਦੀ ਜਾਰੀ ਹੋਈ ਲਿਸਟ ਨਾਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਾਣਕਾਰੀ ਮਿਲੀ ਹੋਵੇ। ਭਗਵੰਤ ਮਾਨ ਸਰਕਾਰ ਦੀ ਇਹ ਨਮੋਸ਼ੀ ਹੀ ਸੀ ਕਿ ਸਿੱਧੂ ਮੂਸੇਵਾਲ ਦੇ ਸਸਕਾਰ ਸਮੇਂ ‘ਆਪ` ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਹੀਂ ਸੀ ਤੇ ਸ਼ੋਸ਼ਲ ਮੀਡੀਆ ‘ਤੇ ਹੋ ਰਹੀ ਬਦਖੋਈ ਤੋਂ ਬਾਅਦ ਸ਼ਾਮ ਨੂੰ ਸਥਾਨਕ ਵਿਧਾਇਕ ਘਰ ਪਹੁੰਚਿਆ ਸੀ ਪਰ ਜਿਸ ਦਿਨ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਘਰ ਆਉਣਾ ਸੀ, ਉਸ ਦਿਨ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੂਰੇ ਪਿੰਡ ਨੂੰ ‘ਸੀਲ` ਕੀਤਾ ਗਿਆ। ਪੰਜਾਬ ਦੀ ਰਵਾਇਤ ਅਨੁਸਾਰ ਪਿੰਡ ਦੇ ਜੋ ਲੋਕ ਸਿੱਧੂ ਮੂਸੇਵਾਲਾ ਦੇ ਘਰ ਦੁੱਧ ਫੜਾਉਣ ਪਹੁੰਚੇ, ਉਹਨਾਂ ਨੂੰ ਘਰ ਨਹੀਂ ਵੜਨ ਦਿੱਤਾ ਗਿਆ। ਇੱਥੋਂ ਤੱਕ ਕਿ ਘਰ ਕੰਮ-ਕਾਰ ਲਈ ਆਉਣ ਵਾਲੀਆਂ ਔਰਤਾਂ ਤੇ ਗ੍ਰੰਥੀ ਸਿੰਘ ਨੂੰ ਵੀ ਰੋਕਿਆ ਗਿਆ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ‘ਆਪ` ਨਾਲ ਸਬੰਧਤ ਸਥਾਨਕ ਵਿਧਾਇਕ ਖਿਲਾਫ ਨਾਅਰੇਬਾਜੀ ਕੀਤੀ ਤੇ ਉਸ ਨੂੰ ਪਿੰਡ ‘ਚੋਂ ਜਾਣਾ ਪਿਆ, ਉਸ ਦੇ ਜਾਣ ਉਪਰੰਤ ਮੁੱਖ ਮੰਤਰੀ ਜੀ ਭਾਰੀ ਪੁਲਿਸ ਫੋਰਸ ਨਾਲ ਅਫਸੋਸ ਕਰਨ ਮੂਸਾ ਪਿੰਡ ਪਹੁੰਚੇ।
ਜੇ ਕਿਸਾਨਾਂ, ਮਜ਼ਦੂਰਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ/ਪਾਰਟੀਆਂ ਦੇ ਆਗੂਆਂ ਦੀ ਪੈੜ ਨੱਪਣੀ ਹੋਵੇ ਤਾਂ ਇਹੀ ਖੁਫੀਆਂ ਏਜੰਸੀਆਂ ਸਰਗਰਮ ਰਹਿੰਦੀਆਂ ਹਨ ਤੇ ਕਈ ਵਾਰ ਤਾਂ ਇਹ ਕਹਿ ਕਿ ਗਰੀਬਾਂ ਨੂੰ ਜੇਲ੍ਹ ਧੱਕ ਦਿੰਦੇ ਹਨ ਕਿ ਫਲਾਣੇ ਦੇ ਕਤਲ ਦੀ ਯੋਜਨਾ ਘੜ ਰਹੇ ਸਨ ਪਰ ਜਦ ਹਕੀਕਤ ਵਿਚ ਯੋਜਨਾ ਘੜੀ ਜਾਂਦੀ ਹੈ ਤਾਂ ਇਹ ਅੱਖਾਂ ਮੀਚ ਲੈਂਦੀਆਂ ਹਨ।
ਸਿੱਧੂ ਮੂਸੇਵਾਲਾ ਦੇ ਗੀਤਾਂ ਤੇ ਉਸ ਦੇ ਗੀਤਾਂ ਵਿਚ ਹਥਿਆਰਾਂ ਤੇ ਅਖੌਤੀ ਜੱਟ ਮਾਨਸਿਕਤਾ ਦੇ ਹੁੰਦੇ ਜ਼ਿਕਰ ਨਾਲ ਕਿਸੇ ਦੀ ਵੀ ਅਸਹਿਮਤੀ ਹੋ ਸਕਦੀ ਹੈ ਪਰ ਇਸ ਤਰ੍ਹਾਂ ਦੇ ਕਤਲ ਖਿਲਾਫ ਸਭ ਨੂੰ ਹੀ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਹਕੂਮਤੀ ਸਰਪ੍ਰਸਤੀ ਹੇਠ ਪਲ ਰਹੀ ਗੁੰਡਾਗਰਦੀ ਦਾ ਮੂੰਹ-ਤੋੜ ਜਵਾਬ ਦੇਣਾ ਬਣਦਾ ਹੈ।
ਪੰਜਾਬ ਦੇ ਨੌਜਵਾਨਾਂ ਦੀ ਦਲੇਰੀ, ਬਹਾਦਰੀ, ਨਿੱਡਰਤਾ ਦੇ ਕਿੱਸੇ ਸਦੀਆਂ ਤੋਂ ਪ੍ਰਚਲਿਤ ਹਨ ਤੇ ਅੱਜ ਉਹੀ ਨੌਜਵਾਨ ਬੇਰੁਜ਼ਗਾਰੀ, ਨਸ਼ੇ, ਅਨਿਸ਼ਚਤ ਭਵਿੱਖ, ਰਵਾਇਤੀ ਸਿਆਸੀ ਪਾਰਟੀਆਂ ਨਾਲ ਨਫਰਤ ਦੇ ਚੱਲਦਿਆਂ ਖਲਾਅ ਵਿਚ ਜੀਅ ਰਿਹਾ ਹੈ ਜਿੱਥੇ ਲੋਕ ਪੱਖੀ ਸਿਆਸਤ ਦਾ ਹੋਕਾ ਦੇਣ ਵਾਲੀਆਂ ਧਿਰਾਂ ਦਾ ਹੱਥ ਨਹੀਂ ਪੈਦਾ ਦਿਸ ਰਿਹਾ ਹੈ ਤੇ ਉਸ ‘ਖਲਾਅ` ਦਾ ਫਾਇਦਾ ਹਾਕਮ ਧਿਰ ਚੱਖ ਰਹੀ ਹੈ ਤੇ ਉਸੇ ਜਵਾਨੀ ਨੂੰ ਭਰਾ-ਮਾਰ ਜੰਗ ਵੱਲ ਧੱਕ ਰਹੀ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਬਾਅਦ ਵੋਟ ਪਾਰਟੀਆਂ ਜਿਸ ਤਰ੍ਹਾਂ ਦੀ ਸਿਆਸਤ ਕਰ ਰਹੀਆਂ ਹਨ, ਉਹ ਨਿੰਦਣਯੋਗ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਡੇ ਰਾਜਨੀਤਕ ਲੀਡਰ ਕਿੰਨੇ ਗੈਰ-ਸੰਵੇਦਨਸ਼ੀਲ ਹਨ। ਸਭ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿੰਨੀ ਪੀੜਾ ‘ਚੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੋਵੇਗਾ ਕਿ ‘ਅਜੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ ਤੇ ਚੋਣ ਕਿਵੇਂ ਲੜ ਸਕਦਾ ਹਾਂ।’
ਇਨ੍ਹਾਂ ਹਾਲਾਤ ਵਿਚ ਪੰਜਾਬ ਲਈ ਚਿੰਤਨਸ਼ੀਲ ਧਿਰਾਂ/ਵਿਅਕਤੀਆਂ ਅੱਗੇ ਪਹਿਲਾ ਅਹਿਮ ਕਾਰਜ ਇਹ ਹੈ ਕਿ ਉਹ ਭਗਵੰਤ ਮਾਨ ਸਰਕਾਰ ਨੂੰ ਸਪਸ਼ਟ ਕਹਿਣ ਕਿ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੇ ਹਰ ਨੌਜਵਾਨ ਲਈ ਯੋਗਤਾ ਅਨੁਸਾਰ ਸਥਾਈ ਰੁਜ਼ਗਾਰ ਦਾ ਪ੍ਰਬੰਧ ਕਰਨ ਤੇ ਨਸ਼ਿਆਂ ਦੇ ਮਸਲੇ ਵਿਚ ਪਿਛਲੀਆਂ ਸਰਕਾਰਾਂ ਵਾਂਗ ਮਾੜਾ-ਮੋਟਾ ਨਸ਼ਾ ਕਰਨ ਵਾਲਿਆਂ ਨੂੰ ਫੜਨ ਦੀ ਥਾਂ ਵੱਡੇ ਮੱਗਰਮੱਛਾਂ ਨੂੰ ਹੱਥ ਪਾਉਣਾ ਚਾਹੀਦਾ ਹੈ। ਦੂਜਾ ਅਹਿਮ ਕਾਰਜ ਇਹ ਹੈ ਕਿ ਅਖੌਤੀ ਜੱਟ ਮਾਨਸਿਕਤਾ, ਫੁਕਰਪੰਥੀ, ਫੋਕੀ ਸ਼ੋਹਰਤ, ਹਿੰਸਾ ਉਕਸਾਉਣ ਵਾਲੀ ਤੇ ਲੱਚਰ ਗਾਇਕੀ/ਫਿਲਮਾਂ ਦੀ ਥਾਂ ਲੋਕਾਂ ਦੀ ਰੋਜ਼ਮੱਰਾ ਜ਼ਿੰਦਗੀ ਨਾਲ ਜੁੜੇ ਗੀਤਾਂ/ਫਿਲਮਾਂ ਨੂੰ ਉਤਸ਼ਾਹਿਤ ਕਰਨ ਵੱਲ ਜ਼ੋਰ ਲਾਉਣਾ ਚਾਹੀਦਾ ਹੈ।