ਆਰ.ਐਸ.ਐਸ.-ਭਾਜਪਾ ਦੀ ਹਾਲੀਆ ਪਲਟੀ ਦੇ ਮਾਇਨੇ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਸਾਲ 2014 ਵਿਚ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ, ਕੱਟੜਪੰਥੀ ਤਾਕਤਾਂ ਦਾ ਬਹੁਤ ਜ਼ਿਆਦਾ ਉਭਾਰ ਹੋਇਆ ਹੈ। ਸਰਕਾਰੇ-ਦਰਬਾਰੇ ਹਿੰਦੂਤਵੀ ਸਿਆਸਤ ਦੀ ਤੂਤੀ ਬੋਲ ਰਹੀ ਹੈ। ਘੱਟ ਗਿਣਤੀਆਂ, ਖਾਸਕਰ ਮੁਸਲਮਾਨਾਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਕਰਕੇ ਸੱਤਾਧਾਰੀ ਭਾਜਪਾ ਨਾਲ ਸਬੰਧਿਤ ਲੋਕ ਹਰ ਮੰਚ ਉਤੇ ਆਪਣੀ ਸਿਆਸਤ ਦੇ ਹੱਕ ਵਿਚ ਅਕਸਰ ਬੁਰਛਾਗਰਦੀ ਕਰਦੇ ਰਹੇ ਹਨ ਪਰ ਪਿਛਲੇ ਦਿਨੀਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਭਾਜਪਾ ਨੂੰ ਪਿਛਾਂਹ ਮੁੜਨਾ ਪਿਆ ਹੈ। ਇਸ ਸਮੁੱਚੇ ਹਾਲਾਤ ਬਾਰੇ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਅੱਜਕੱਲ੍ਹ ਆਰ.ਐਸ.ਐਸ.-ਭਾਜਪਾ ਦੇ ਨਫਰਤ ਭੜਕਾਊ ਸੁਰ ਬਦਲੇ ਬਦਲੇ ਨਜ਼ਰ ਆ ਰਹੇ ਹਨ। ਕੀ ਇਸ ਦਾ ਭਾਵ ਇਹ ਹੈ ਕਿ ਇਨ੍ਹਾਂ ਨੇ ਆਪਣਾ ਪਾਟਕ ਪਾਊ ਰਾਜਨੀਤਕ ਪ੍ਰੋਜੈਕਟ ਤਿਆਗ ਦਿੱਤਾ ਹੈ? ਜਾਂ ਇਸ ਦੇ ਕਾਰਨ ਕੋਈ ਹੋਰ ਹਨ?
ਮਈ 2014 ‘ਚ ਸੱਤਾ ‘ਚ ਆਉਂਦਿਆਂ ਹੀ ਸੰਘ ਨੇ ਹਿੰਦੂ ਰਾਸ਼ਟਰ ਦੇ ਰਾਜਨੀਤਕ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਨਫਰਤੀ ਮੁਹਿੰਮ ਨੂੰ ਜ਼ਰਬਾਂ ਦੇ ਦਿੱਤੀਆਂ ਸਨ। ਗਊ ਰੱਖਿਆ, ਲਵ ਜਹਾਦ ਅਤੇ ਹੋਰ ਬਹਾਨੇ ਬਣਾ ਕੇ ਮੁਸਲਮਾਨਾਂ ਦੇ ਹਜੂਮੀ ਕਤਲ ਅਤੇ ਹਿੰਸਾ, ਦਹਿਸ਼ਤੀ ਮੁਹਿੰਮਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲਿਆਂ ਦੀ ਰਾਜਕੀ ਅਤੇ ਰਾਜਸੀ ਪੁਸ਼ਤਪਨਾਹੀ, ਮੁਸਲਮਾਨਾਂ ਤੋਂ ਨਾਗਰਿਕ ਹੱਕ ਖੋਹਣ ਵਾਲਾ ਨਾਗਰਿਕਤਾ ਸੋਧ ਕਾਨੂੰਨ, ਨਮਾਜ਼ ਅਤੇ ਹਿਜਾਬ ਉੱਪਰ ਪਾਬੰਦੀਆਂ, ਮਸਜਿਦਾਂ ਦੀ ਭੰਨਤੋੜ ਅਤੇ ਮੁਸਲਿਮ ਮੁਹੱਲਿਆਂ ‘ਚ ਦਹਿਸ਼ਤਵਾਦੀ ਹਿੰਦੂਤਵੀ ਹਜੂਮਾਂ ਦੀ ਗੁੰਡਾਗਰਦੀ, ਮੁਸਲਮਾਨਾਂ ਦੇ ਕਤਲੇਆਮ ਦੀਆਂ ਧਮਕੀਆਂ, ਮਜ਼ਲੂਮ ਧਿਰ ਨੂੰ ਹੀ ਦੋਸ਼ੀ ਕਰਾਰ ਦੇਣ ਦੀ ਰਾਜਕੀ ਧੌਂਸਬਾਜ਼ੀ, ਮੁਸਲਿਮ ਜਾਇਦਾਦਾਂ ਉੱਪਰ ਸਰਕਾਰੀ ਬੁਲਡੋਜ਼ਰ ਮੁਹਿੰਮ, ਮਸਜਿਦਾਂ ਅਤੇ ਪੁਰਾਤਨ ਇਮਾਰਤਾਂ ਥੱਲੇ ‘ਹਿੰਦੂ ਮੰਦਿਰ’ ਤੇ ‘ਸ਼ਿਵ ਲਿੰਗ’ ਲੱਭਣ ਦੀ ਮੁਹਿੰਮ ਆਦਿ ਬੇਸ਼ੁਮਾਰ ਰੂਪਾਂ ਰਾਹੀਂ ਮੁਸਲਿਮ ਭਾਈਚਾਰੇ ਨੂੰ ਦਬਾਇਆ ਅਤੇ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਮੁਸਲਿਮ ਔਰਤਾਂ ਧਾਰਮਿਕ ਅਤੇ ਲਿੰਗਕ ਤੌਰ ‘ਤੇ ਹਿੰਦੂਤਵਵਾਦੀਆਂ ਦੇ ਖਾਸ ਨਿਸ਼ਾਨੇ ‘ਤੇ ਹਨ। ਇਹ ਹਮਲਾ ‘ਧਰਮ ਸੰਸਦਾਂ’ ਅਤੇ ਹੋਰ ਮੰਚਾਂ ਤੋਂ ਮੁਸਲਿਮ ਔਰਤਾਂ ਦੇ ਸਮੂਹਿਕ ਬਲਾਤਕਾਰਾਂ ਦੀਆਂ ਧਮਕੀਆਂ, ਆਈ.ਟੀ. ਸੈੱਲ ਵੱਲੋਂ ‘ਸੁਲੀ ਬਾਈ’, ‘ਬੁੱਲੀ ਬਾਈ’ ਰਾਹੀਂ ਨਾਮਵਰ ਸ਼ਖਸੀਅਤਾਂ ਸਮੇਤ ਮੁਸਲਿਮ ਔਰਤਾਂ ਦੀ ਨਿਲਾਮੀ ਕਰਕੇ ਉਨ੍ਹਾਂ ਨੂੰ ਜ਼ਲੀਲ ਕਰਨ ਦੀਆਂ ਬੇਖੌਫ ਗੈਰ-ਕਾਨੂੰਨੀ ਕਾਰਵਾਈਆਂ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ। ਨਿਊਜ਼ ਚੈਨਲਾਂ ਦੇ ਪ੍ਰੋਗਰਾਮਾਂ ‘ਚ ਮੁਸਲਿਮ ਵਿਰੋਧੀ ਨਫਰਤ ਉੱਘੜਵੇਂ ਰੂਪ ‘ਚ ਦੇਖੀ ਜਾ ਸਕਦੀ ਹੈ। ਜਿੱਥੇ ਭਾਜਪਾ ਦੇ ਬੁਲਾਰੇ ਅਤੇ ‘ਬੁੱਧੀਜੀਵੀ’ ਮੁਸਲਿਮ ਭਾਈਚਾਰੇ ਦੀ ਮੁਲਕ ਪ੍ਰਤੀ ਵਫਾਦਾਰੀ ਉੱਪਰ ਸਵਾਲ ਉਠਾਉਂਦੇ ਅਤੇ ਨਫਰਤ ਭੜਕਾਉਂਦੇ ਅਕਸਰ ਨਜ਼ਰ ਆਉਂਦੇ ਹਨ। ਭਾਜਪਾ ਦੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਇਸੇ ਵਿਆਪਕ ਤੰਤਰ ਦੇ ਮਹੱਤਵਪੂਰਨ ਪੁਰਜੇ ਹਨ ਜਿਨ੍ਹਾਂ ਦੇ ਬਿਆਨਾਂ ਕਾਰਨ ਪੈਦਾ ਹੋਏ ਗੁੱਸੇ ਤੋਂ ਬਚਣ ਲਈ ਭਾਜਪਾ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਦਾ ਢੌਂਗ ਰਚਣਾ ਪਿਆ ਅਤੇ ਉਨ੍ਹਾਂ ਨੂੰ ‘ਹਾਸ਼ੀਏ ਉੱਪਰਲੇ ਅਨਸਰ’ ਕਰਾਰ ਦੇਣਾ ਪਿਆ। ਇਹ ਦਾਅ ਭਾਜਪਾ ਲੀਡਰਸ਼ਿਪ ਉਦੋਂ ਖੇਡਦੀ ਹੈ ਜਦੋਂ ਇਹ ਬੁਰੀ ਤਰ੍ਹਾਂ ਘਿਰ ਜਾਂਦੀ ਹੈ। ਵੈਸੇ ਸੰਘ ਪਰਿਵਾਰ ਦੀਆਂ ਬਹੁਰੂਪੀਆ ਜੀਭਾਂ ਆਪੋ-ਆਪਣਾ ਕੰਮ ਬਾਖੂਬੀ ਕਰਦੀਆਂ ਰਹਿੰਦੀਆਂ ਹਨ।
ਪਿਛਲੇ ਦਿਨੀਂ ਭਾਜਪਾ ਦੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਅਤੇ ਦਿੱਲੀ ਇਕਾਈ ਦੇ ਮੀਡੀਆ ਮੁਖੀ ਨਵੀਨ ਜਿੰਦਲ ਨੇ ਪੈਗੰਬਰ ਮੁਹੰਮਦ ਸਾਹਿਬ ਵਿਰੁੱਧ ਭੜਕਾਊ ਕੁਮੈਂਟ ਕੀਤੇ। ਨੂਪੁਰ ਦੀ ਟਿੱਪਣੀ ਨੂੰ ਲੈ ਕੇ ਮੁਸਲਿਮ ਭਾਈਚਾਰੇ ‘ਚ ਗੁੱਸਾ ਭੜਕ ਉੱਠਿਆ। ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਹਿੰਸਾ ਸ਼ੁਰੂ ਹੋ ਗਈ। ਮਹੰਤ ਆਦਿਤਿਆਨਾਥ ਸਰਕਾਰ ਨੂੰ ਮੁਸਲਮਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਉੱਪਰ ਬੁਲਡੋਜ਼ਰ ਚਲਾਉਣ ਦਾ ਨਵਾਂ ਬਹਾਨਾ ਮਿਲ ਗਿਆ। ਉੱਧਰ ਪੱਛਮੀ ਏਸ਼ਿਆਈ ਮੁਸਲਿਮ ਮੁਲਕਾਂ ਨੇ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤ ਸਰਕਾਰ ਉੱਪਰ ਕੂਟਨੀਤਕ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ। ਅੰਤਰ-ਸਰਕਾਰੀ ਜਥੇਬੰਦੀ ਓ.ਆਈ.ਸੀ. ਜਿਸ ਦੇ 57 ਮੁਲਕ ਮੈਂਬਰ ਹਨ, ਨੇ ਭਾਜਪਾ ਦੇ ਬੁਲਾਰਿਆਂ ਵੱਲੋਂ ਪੈਗੰਬਰ ਮੁਹੰਮਦ ਬਾਰੇ ਅੱਪਸ਼ਬਦ ਬੋਲਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਇਸ ਨੂੰ ‘ਭਾਰਤ ਵਿਚ ਇਸਲਾਮ ਪ੍ਰਤੀ ਵਧ ਰਹੀ ਨਫਰਤ ਅਤੇ ਅਪਮਾਨਿਤ ਕਰਨ ਵਾਲੀ ਬੋਲਬਾਣੀ ਵਜੋਂ ਲਿਆ।’ ਓ.ਆਈ.ਸੀ. ਨੇ ਸੰਯੁਕਤ ਰਾਸ਼ਟਰ ਤੋਂ ਭਾਰਤ ਵਿਚ ਮੁਸਲਮਾਨਾਂ ਉੱਪਰ ਹਮਲਿਆਂ ਦੇ ਮੁੱਦੇ ‘ਚ ਦਖਲ ਦੇਣ ਦੀ ਮੰਗ ਵੀ ਕੀਤੀ ਹੈ।
ਹੁਣ ਤੱਕ ਛੇ ਮੁਲਕਾਂ ਨੇ ਭਾਰਤੀ ਸਫੀਰਾਂ ਨੂੰ ਬੁਲਾ ਕੇ ਇਸ ਬਾਰੇ ਆਪਣੇ ਲਿਖਤੀ ਇਤਰਾਜ਼ ਦਰਜ ਕਰਾਏ ਹਨ। ਕੁਵੈਤ ਨੇ ਸਾਫ ਕਿਹਾ ਹੈ ਕਿ ਭਾਰਤ ਸਰਕਾਰ ਇਨ੍ਹਾਂ ਇਸਲਾਮ ਵਿਰੋਧੀ ਬਿਆਨਾਂ ਲਈ ਜਨਤਕ ਤੌਰ ‘ਤੇ ਮੁਆਫੀ ਮੰਗੇ। ਇਰਾਨ ਦਾ ਵਿਦੇਸ਼ ਮੰਤਰੀ ਅਗਲੇ ਹਫਤੇ ਭਾਰਤ ਦੀ ਫੇਰੀ ‘ਤੇ ਆ ਰਿਹਾ ਹੈ, ਉਸ ਦੀ ਆਮਦ ਤੋਂ ਪਹਿਲਾਂ ਇਰਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਸਫੀਰ ਦੀ ਜਵਾਬ ਤਲਬੀ ਨੇ ਮੋਦੀ ਹਕੂਮਤ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਪਾਕਿਸਤਾਨ ਸਰਕਾਰ ਨੇ ਜਿੱਥੇ ਇਸ ਨੂੰ ‘ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ’ ਟਿੱਪਣੀ ਕਰਾਰ ਦਿੱਤਾ ਹੈ ਉੱਥੇ ਭਾਰਤ ਸਰਕਾਰ ਵੱਲੋਂ ਦੇਰੀ ਨਾਲ ਕੀਤੀ ਕਾਰਵਾਈ ਦੀ ਵੀ ਤਿੱਖੀ ਆਲੋਚਨਾ ਕੀਤੀ ਹੈ। ਓਮਾਨ ਦੀ ਸਲਤਨਤ ਦੇ ਗਰੈਂਡ ਮੁਫਤੀ ਨੇ ਇਸ ਨੂੰ ‘ਧਰਤੀ ਦੇ ਪੂਰਬ ਅਤੇ ਪੱਛਮ ਦੇ ਹਰ ਮੁਸਲਮਾਨ ਵਿਰੁੱਧ ਯੁੱਧ’ ਕਰਾਰ ਦਿੱਤਾ ਹੈ। ਆਉਣ ਵਾਲੇ ਦਿਨਾਂ ‘ਚ ਹੋਰ ਮੁਲਕ ਵੀ ਐਸਾ ਰੁਖ ਅਖਤਿਆਰ ਕਰ ਸਕਦੇ ਹਨ।
ਜਿਸ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਭਗਵਾਂ ਆਈ.ਟੀ. ਸੈੱਲ ਮੁਸਲਮਾਨਾਂ ਵਿਰੁੱਧ ਨਫਰਤ ਫੈਲਾਉਂਦਾ ਹੈ, ਉਹੀ ਸੋਸ਼ਲ ਮੀਡੀਆ ਇਸ ਮੁੱਦੇ ਉੱਪਰ ਭਗਵੇਂ ਕੈਂਪ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ। ਭਾਜਪਾ ਦੇ ਬੁਲਾਰਿਆਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਰਾਹੀਂ ਮੁਸਲਿਮ ਮੁਲਕਾਂ ਦੇ ਅਵਾਮ ਤੱਕ ਪਹੁੰਚ ਗਈਆਂ ਹਨ। ਕੌਮਾਂਤਰੀ ਮੁਸਲਿਮ ਭਾਈਚਾਰੇ ਨੇ ਇਨ੍ਹਾਂ ਟਿੱਪਣੀਆਂ ਨੂੰ ਇਸਲਾਮ ਉੱਪਰ ਹਮਲੇ ਦੇ ਰੂਪ ‘ਚ ਲਿਆ ਹੈ। ਉਨ੍ਹਾਂ ਮੁਲਕਾਂ ਦੇ ਆਮ ਲੋਕਾਂ ਨੇ ਭਾਰਤੀ ਵਸਤਾਂ ਦੇ ਬਾਈਕਾਟ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਸਾਊਦੀ ਅਰਬ, ਕੁਵੈਤ ਅਤੇ ਬਹਿਰੀਨ ਦੀਆਂ ਸੁਪਰ ਮਾਰਕੀਟਾਂ ਨੇ ਭਾਰਤੀ ਸਮਾਨ ਹਟਾ ਦਿੱਤਾ ਹੈ। ਸ਼ੋਅਰੂਮਾਂ ‘ਚ ਭਾਰਤੀ ਸਮਾਨ ਨੂੰ ਪਰਦਿਆਂ ਨਾਲ ਢਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਉੱਪਰ ਭਾਰਤ ਦਾ ਬਾਈਕਾਟ ਕਰਨ ਦੇ ਨਾਅਰੇ ਲਿਖੇ ਹੋਏ ਮਿਲਦੇ ਹਨ।
ਬੇਸ਼ੱਕ ਦੁਨੀਆ ਭਰ ‘ਚ ਆਰ.ਐਸ.ਐਸ.-ਭਾਜਪਾ ਨੂੰ ਕਈ ਵਾਰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਨੇ ਕਦੇ ਵੀ ਆਪਣੇ ਬੁਲਾਰਿਆਂ ਅਤੇ ਆਈ.ਟੀ. ਸੈੱਲ ਨੂੰ ਅਜਿਹਾ ਕਰਨ ਤੋਂ ਨਹੀਂ ਵਰਜਿਆ ਸਗੋਂ ‘ਪ੍ਰਧਾਨ ਸੇਵਕ’ ਦੀ ਸੋਚੀ-ਸਮਝੀ ਖਾਮੋਸ਼ੀ ਅਤੇ ਭਾਜਪਾ ਹਕੂਮਤ ਦੀ ਸ਼ਹਿ ਨੇ ਹੁਕਮਰਾਨ ਧਿਰ ਦੀ ਮਿਲੀਭੁਗਤ ਹੀ ਉਜਾਗਰ ਕੀਤੀ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮੁਸਲਿਮ ਭਾਈਚਾਰੇ ਦੇ ਰੋਸ ਨੂੰ ਕੁਚਲਣ ਲਈ ਭਾਜਪਾ ਦੇ ਆਗੂ ਰਾਜਧਾਨੀ ਦਿੱਲੀ ਅਤੇ ਹੋਰ ਥਾਵਾਂ ਉੱਪਰ ‘ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’ ਨਾਅਰੇ ਲਾਉਂਦਿਆਂ ਹਿੰਸਕ ਹਜੂਮਾਂ ਦੀ ਅਗਵਾਈ ਕਰਦੇ ਰਹੇ। ਦੁਨੀਆ ਭਰ ‘ਚ ਬਹੁਤ ਭੰਡੀ ਹੋਈ ਪਰ ਹਿੰਦੂਤਵਵਾਦੀ ਮੁਸਲਿਮ ਘੱਟਗਿਣਤੀ ਵਿਰੁੱਧ ਨਫਰਤ ਭੜਕਾਉਣ ਤੋਂ ਬਾਜ ਨਹੀਂ ਆਏ। ਇਹ ਭਾਰਤ ਦੇ ਵੀਹ ਕਰੋੜ ਮੁਸਲਮਾਨਾਂ, ਹੋਰ ਘੱਟਗਿਣਤੀਆਂ ਅਤੇ ਇਨਸਾਫਪਸੰਦ ਤਾਕਤਾਂ ਦੇ ਵਿਰੋਧ ਨੂੰ ਟਿੱਚ ਸਮਝਦੇ ਹਨ ਪਰ ਹਿੰਦੂ ਹੰਕਾਰੀ ਹਕੂਮਤ ਲਈ ਮੁਸ਼ਕਿਲ ਇਹ ਹੈ ਕਿ ਇਹ ਮੁਸਲਮਾਨ ਮੁਲਕਾਂ ‘ਚ ਪੈਦਾ ਹੋਈ ਗੁੱਸੇ ਦੀ ਲਹਿਰ ਅਤੇ ਸੰਸਾਰ ਤਾਕਤਾਂ ਦੀ ਘੁਰਕੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।
ਆਰ.ਐਸ.ਐਸ. ਮੁਖੀ ਦੇ ਹਾਲੀਆ ਪਲਟੀ ਮਾਰਨ ਦੀ ਮੁੱਖ ਵਜ੍ਹਾ ਅਮਰੀਕੀ ਕਾਂਗਰਸ ਵੱਲੋਂ ਬਣਾਏ ਕਮਿਸ਼ਨ ਦੀ ਰਿਪੋਰਟ ਹੈ। 22 ਮਈ ਨੂੰ ਅਮਰੀਕੀ ਸਰਕਾਰ ਅੱਗੇ ਪੇਸ਼ ਕੀਤੀ ਰਿਪੋਰਟ ਵਿਚ ਸਿਫਾਰਸ਼ ਕੀਤੀ ਗਈ ਹੈ ਕਿ ਭਾਰਤ ਵਿਚ ਧਾਰਮਿਕ ਸੁਤੰਤਰਤਾ ਸਬੰਧੀ ਕੌਮਾਂਤਰੀ ਤੌਰ ‘ਤੇ ਨਿਰਧਾਰਤ ਕੀਤੇ ਮਾਪਦੰਡਾਂ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਇਸ ਲਈ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਸਮੇਤ 11 ਮੁਲਕਾਂ ਨੂੰ ਉਸ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ ਜਿੱਥੇ ਧਾਰਮਿਕ ਆਜ਼ਾਦੀ ਦੀ ਸਥਿਤੀ ਚਿੰਤਾਜਨਕ ਹੈ। ਭਾਰਤ ਨੂੰ ਧਾਰਮਿਕ ਸੁਤੰਤਰਤਾ ਦਾ ਘੋਰ ਘਾਣ ਕਰਨ ਵਾਲੇ ਦੋਸ਼ੀ ਵਜੋਂ ਨਾਮਜ਼ਦ ਕਰਨ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ਉੱਪਰ ਪਾਬੰਦੀਆਂ ਲਾਉਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਸਿਫਾਰਸ਼ ਕੌਮਾਂਤਰੀ ਤੌਰ ‘ਤੇ ਆਰ.ਐਸ.ਐਸ.-ਭਾਜਪਾ ਲਈ ਵੱਡੀ ਪਛਾੜ ਹੈ। ਇਸ ਵਾਰ ਮੋਦੀ ਵਜ਼ਾਰਤ ਦਾ ਹਕੀਕਤ ਤੋਂ ਮੁੱਕਰਨ ਅਤੇ ਕੌਮਾਂਤਰੀ ਰਿਪੋਰਟਾਂ ਨੂੰ ਝੂਠੀਆਂ ਕਰਾਰ ਦੇਣ ਦਾ ਬ੍ਰਹਮ-ਅਸਤਰ ਵੀ ਕੰਮ ਨਹੀਂ ਆਇਆ ਸਗੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬਿਆਨ ਦੇ ਕੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਸੰਘ ਪਰਿਵਾਰ ਦੀ ਹਿੰਸਕ ਮੁਹਿੰਮ ਬਾਰੇ ਰਿਪੋਰਟ ਦੀ ਪ੍ਰਮਾਣਿਕਤਾ ਉੱਪਰ ਮੋਹਰ ਲਗਾ ਦਿੱਤੀ। ਅਮਰੀਕੀ ਹਕੂਮਤ ਦੇ ਰੁਖ ਕਾਰਨ ਸੰਘ ਦੇ ਤਾਣੇ-ਬਾਣੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਪਿੱਛੇ ਅਮਰੀਕੀ ਹਕੂਮਤ ਦਾ ਮਨੋਰਥ ਕੁਝ ਵੀ ਹੋਵੇ, ਇਸ ਨੇ ਘੱਟੋ-ਘੱਟ ਹਾਲ ਦੀ ਘੜੀ ਸੰਘ ਬ੍ਰਿਗੇਡ ਨੂੰ ਆਪਣੇ ਸੁਰ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਖਾੜੀ ਸਹਿਯੋਗ ਕੌਂਸਲ (ਜੀ.ਸੀ.ਸੀ.) ਦੇ ਮੈਂਬਰ ਛੇ ਮੁਲਕਾਂ ‘ਚ ਭਾਰਤ ਦੇ ਕਾਰੋਬਾਰੀ ਹਿਤ ਹਨ ਅਤੇ ਇਨ੍ਹਾਂ ਨਾਲ 87 ਅਰਬ ਡਾਲਰ ਦਾ ਕਾਰੋਬਾਰ ਹੈ। ਉੱਥੇ ਪਰਵਾਸੀ ਭਾਰਤੀ ਕਾਮੇ ਵੀ ਬਹੁਤ ਵੱਡੀ ਗਿਣਤੀ ਹਨ ਜੋ ਭਾਰਤ ਲਈ ਵਿਦੇਸ਼ੀ ਕਰੰਸੀ ਦਾ ਮਹੱਤਵਪੂਰਨ ਵਸੀਲਾ ਹਨ। ਘੱਟੋ-ਘੱਟ ਤਿੰਨ ਪੱਛਮੀ ਏਸ਼ਿਆਈ ਮੁਲਕਾਂ ‘ਚ ਭਾਰਤੀ ਕਾਮੇ ਸਥਾਨਕ ਲੋਕਾਂ ਤੋਂ ਵੀ ਜ਼ਿਆਦਾ ਤਾਦਾਦ ‘ਚ ਹਨ। ਖਾੜੀ ਮੁਲਕ ਭਾਰਤੀ ਵਸਤਾਂ ਦੀ ਮਹੱਤਵਪੂਰਨ ਮੰਡੀ ਹੋਣ ਕਾਰਨ ਬਾਈਕਾਟ ਦੀ ਮੰਗ ਬਰਾਮਦ ਕਾਰੋਬਾਰ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਭਾਰਤ ਨੇ ਇੱਥੇ ਕਾਰੋਬਾਰਾਂ ‘ਚ ਸਰਮਾਇਆ ਵੀ ਨਿਵੇਸ਼ ਕੀਤਾ ਹੋਇਆ ਹੈ। ਭਾਰਤ ਕਾਫੀ ਮਾਤਰਾ ‘ਚ ਤੇਲ ਵੀ ਇਸੇ ਖੇਤਰ ਤੋਂ ਲੈ ਰਿਹਾ ਹੈ। ਰੂਸ-ਯੂਕਰੇਨ ਜੰਗ ਕਾਰਨ ਦੁਨੀਆ ਦੇ ਹਾਲਾਤ ਵੀ ਭਾਰਤ ਲਈ ਮੁਸ਼ਕਿਲਾਂ ਵਾਲੇ ਹਨ। ਜੇ ਅਮਰੀਕਾ ਰੂਸ ਵਿਰੁੱਧ ਆਰਥਿਕ ਪਾਬੰਦੀਆਂ ਦੇ ਮਾਮਲੇ ‘ਚ ਸਖਤੀ ਦਿਖਾਉਂਦਾ ਹੈ ਤਾਂ ਭਾਰਤ ਨੂੰ ਆਪਣੀ ਊਰਜਾ ਦੀ ਪੂਰਤੀ ਲਈ ਰੂਸ ਦੇ ਬਦਲ ਦੇ ਰੂਪ ‘ਚ ਅਰਬ ਮੁਲਕਾਂ ਦਾ ਸਹਾਰਾ ਲੈਣਾ ਪਵੇਗਾ। ਇਉਂ ਇਨ੍ਹਾਂ ਮੁਲਕਾਂ ‘ਚ ਭਾਰਤ ਦੇ ਕਾਰੋਬਾਰੀ ਹਿਤ ਹਨ ਅਤੇ ਪਰਵਾਸੀ ਭਾਰਤੀ ਕਿਰਤੀਆਂ ਨੂੰ ਵੀ ਉੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤੇ ਭਾਰਤ ਉਨ੍ਹਾਂ ਮੁਲਕਾਂ ਦਾ ਗੁੱਸਾ ਸਹੇੜਨ ਦੀ ਹਾਲਤ ‘ਚ ਨਹੀਂ ਹੈ।
ਇਸ ਦਬਾਓ ਹੇਠ ਭਾਰਤ ਸਰਕਾਰ ਨੂੰ ਆਪਣੇ ਬੁਲਾਰਿਆਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੀ ਮੈਂਬਰਸ਼ਿੱਪ ਮੁਅੱਤਲ ਕਰ ਦਿੱਤੀ ਗਈ ਹੈ। ਨੂਪੁਰ ਸ਼ਰਮਾ ਨੇ ਵੀ ਆਪਣੀ ਟਿੱਪਣੀ ਵਾਪਸ ਲੈਣ ਦਾ ਖੇਖਣ ਕੀਤਾ ਹੈ ਪਰ ਨਾਲ ਹੀ ਭਗਵੀਂ ਹਕੂਮਤ ਵੱਲੋਂ ਇਹ ਚਲਾਕੀ ਕਰਕੇ ਦੁਨੀਆ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਟਿੱਪਣੀਆਂ ਕਰਨ ਵਾਲੇ ਤਾਂ ‘ਹਾਸ਼ੀਏ ਉੱਪਰਲੇ ਅਨਸਰ’ ਹਨ। ਰਾਤੋ-ਰਾਤ ਭਾਜਪਾ ਨੇ ਆਪਣੇ ਕੌਮੀ ਬੁਲਾਰੇ ‘ਹਾਸ਼ੀਏ ਉੱਪਰਲੇ ਅਨਸਰ’ ਬਣਾ ਲਏ। ਸਮਾਜ ਵਿਚ ਘੱਟਗਿਣਤੀਆਂ ਵਿਰੁੱਧ ਨਫਰਤ ਫੈਲਾਉਣ ਲਈ ਸੰਬਿਤ ਪਾਤਰਾ, ਤੇਜਿੰਦਰ ਬੱਗੇ, ਨੂਪੁਰ ਸ਼ਰਮਾ, ਕਪਿਲ ਮਿਸ਼ਰਾ, ਸਾਧਵੀ ਪ੍ਰੱਗਿਆ ਠਾਕੁਰ ਵਰਗਿਆਂ ਨੂੰ ਸਟਾਰ ਪ੍ਰਚਾਰਕਾਂ ਵਜੋਂ ਵਰਤੋਂ ‘ਚ ਲਿਆਂਦਾ ਜਾਂਦਾ ਹੈ। ਉਨ੍ਹਾਂ ਨੂੰ ਪੂਰੇ ਮਾਣ-ਸਨਮਾਨ ਅਤੇ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਹੈ। ਜਦੋਂ ਉਨ੍ਹਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਲਈ ਜਵਾਬਦੇਹ ਹੋਣਾ ਪੈ ਜਾਵੇ ਤਾਂ ਉਨ੍ਹਾਂ ਤੋਂ ਦੂਰੀ ਬਣਾ ਲਈ ਜਾਂਦੀ ਹੈ ਅਤੇ ਉਦੋਂ ਉਹ ‘ਹਾਸ਼ੀਏ ਉੱਪਰਲੇ ਅਨਸਰ’ ਬਣ ਜਾਂਦੇ ਹਨ।
ਹੁਣ ਅਚਾਨਕ ਆਰ.ਐਸ.ਐਸ.-ਭਾਜਪਾ ਦੀ ਘੋਰ ਫਿਰਕੂ ਨਫਰਤੀ ਸੁਰ ਵੀ ਬਦਲ ਗਈ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਭਾਜਪਾ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ; ਕਿ ਭਾਜਪਾ ਕਿਸੇ ਵੀ ਧਰਮ ਦੀ ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਅਪਮਾਨ ਦੀ ਨਿਖੇਧੀ ਕਰਦੀ ਹੈ; ਕਿ ਭਾਜਪਾ ਕਿਸੇ ਵੀ ਪੰਥ ਜਾਂ ਧਰਮ ਦਾ ਅਪਮਾਨ ਕਰਨ ਜਾਂ ਉਸ ਨੂੰ ਨੀਵਾਂ ਦਿਖਾਉਣ ਵਾਲੀ ਵਿਚਾਰਧਾਰਾ ਦੇ ਖਿਲਾਫ ਹੈ; ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਪਸੰਦ ਦੇ ਧਰਮ ਨੂੰ ਮੰਨਣ ਦਾ ਹੱਕ ਦਿੰਦਾ ਹੈ ਅਤੇ ਹਰ ਧਰਮ ਦਾ ਸਨਮਾਨ ਤੇ ਸਤਿਕਾਰ ਕਰਦਾ ਹੈ। ਪਿਛਲੇ ਮਹੀਨਿਆਂ ਤੋਂ ਇਹ ਬਿਰਤਾਂਤ ਜ਼ੋਰਾਂ ‘ਤੇ ਹੈ ਕਿ ਫਲਾਣੀ ਮਸਜਿਦ, ਫਲਾਣੀ ਪੁਰਾਤਨ ਇਮਾਰਤ ਅਤੇ ਤਾਜ ਮਹਿਲ ਹਿੰਦੂ ਮੰਦਿਰ ਢਾਹ ਕੇ ਬਣਾਏ ਹੋਏ ਹਨ। ਆਰ.ਐਸ.ਐਸ.-ਭਾਜਪਾ ‘ਮੰਦਿਰ ਖੋਜਣ’ ਨੂੰ ਖਾਮੋਸ਼ ਸਹਿਮਤੀ ਦੇ ਕੇ ਇਸ ਦੀ ਪੁਸ਼ਤਪਨਾਹੀ ਕਰ ਰਹੀ ਸੀ। ਹੁਣ ਅਚਾਨਕ ਸੰਘ ਦੇ ਮੁਖੀ ਮੋਹਣ ਭਾਗਵਤ ਨੂੰ ਵੀ ਯਾਦ ਆ ਗਿਆ ਹੈ ਕਿ ‘ਮੁਸਲਮਾਨ ਸਾਡੇ ਭਰਾ ਹਨ… ਹਰ ਮਸਜਿਦ ਹੇਠਾਂ ਮੰਦਿਰ ਸ਼ਿਵਲਿੰਗ ਲੱਭਣ ਦੀ ਜ਼ਰੂਰਤ ਨਹੀਂ ਹੈ।’ ਹੁਣ ਇਕ ਵਾਰ ਫਿਰ ‘ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰਨ’ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਾਇਦ ਸੰਘ ਨੂੰ ਆਉਣ ਵਾਲੇ ਦਿਨਾਂ ‘ਚ ਕੋਈ ਅਦਾਲਤੀ ਫੈਸਲਾ ਆਉਣ ਦੀ ਉਮੀਦ ਵੀ ਹੋਵੇ।
ਜ਼ਾਹਿਰ ਹੈ ਕਿ ਆਰ.ਐਸ.ਐਸ.-ਭਾਜਪਾ ਦੇ ਬਿਆਨਾਂ ‘ਚ ਨਜ਼ਰ ਆ ਰਿਹਾ ਇਹ ਬਦਲਾਓ ‘ਹਿਰਦੈ ਪਰਿਵਰਤਨ’ ਨਹੀਂ ਹੈ। ਇਹ ਮੌਜੂਦਾ ਮੁਸ਼ਕਿਲ ‘ਚੋਂ ਨਿਕਲਣ ਦੀ ਕਪਟੀ ਕੂਟਨੀਤਕ ਚਾਲ ਹੈ।