1947: ਦਮੋ ਦੀ ਅਲਵਿਦਾ ਤੇ ਪੰਜਾਬ ਦੀ ਵੱਢ-ਟੁੱਕ

ਬਲਰਾਜ ਸਾਹਨੀ
ਸ਼੍ਰੀ ਸਾਊਂਡ ਸਟੂਡੀਓ ਵਿਚ ‘ਧਰਤੀ ਕੇ ਲਾਲ` ਤੋਂ ਬਾਅਦ ਸਾਡੀ ‘ਗੁੜੀਆ` ਨਾਂ ਦੀ ਪਿਕਚਰ ਬਣੀ। ਉਸ ਦੇ ਨਿਰਮਾਤਾ ਰਜਨੀ ਕਾਂਤ ਪਾਂਡੇ ਆਪ ਸਨ, ਤੇ ਨਿਰਦੇਸ਼ਕ ਅਚਯੁਤ ਰਾਓ ਰਾਨਾਡੇ ਜਿਨ੍ਹਾਂ ਮਗਰੋਂ ਫਿਲਮਾਂ ਤਿਆਗ ਕੇ ਰਿਹਾ-ਸ਼ੁਦਾ ਕੈਦੀਆਂ ਨੂੰ ਵਸਾਉਣ ਦੇ ਕੰਮ ਵਿਚ ਆਪਣਾ ਜੀਵਨ ਅਰਪਣ ਕਰ ਦਿੱਤਾ। ਉਹ ਬੜੇ ਉਚੇ ਦਰਜੇ ਦੇ ਵਿਦਵਾਨ ਤੇ ਇਖਲਾਕ ਵਾਲੇ ਆਦਮੀ ਸਨ। ‘ਗੁੜੀਆ` ਦਾ ਕਥਾਨਕ ਉਹਨਾਂ ਇਬਸਨ ਦੇ ਮਸ਼ਹੂਰ ਡਰਾਮੇ ‘ਡਾਲਸ ਹਾਊਸ’ ਦੇ ਆਧਾਰ ‘ਤੇ ਤਿਆਰ ਕੀਤਾ ਸੀ। ਦਮੋ ਤੇ ਮੈਂ ਉਸ ਵਿਚ ਮੁੱਖ ਪਾਤਰ ਖੇਡ ਰਹੇ ਸਾਂ।

ਇਕ ਦਿਨ ਇਕ ਗੀਤ ਫਿਲਮਾਇਆ ਜਾ ਰਿਹਾ ਸੀ। ਦਮੋ ਬਗੀਚੇ ਵਿਚ ਬੈਠ ਕੇ ਗਾਉਂਦੀ ਹੈ:
“ਆਜ ਮੇਰੇ ਮਨ ਮੇਂ ਚਾਂਦਨੀ ਸਮਾ ਗਈ।”
ਅਤੇ ਮੈਂ ਕੋਲ ਬਹਿ ਕੇ ਸੁਣਦਾ ਹਾਂ।
ਸ਼ਾਟ ਦੀ ਲਾਈਟਿੰਗ ਹੋ ਰਹੀ ਸੀ। ਥੋੜ੍ਹੀ ਦੇਰ ਬਾਹਰ ਹਵਾ ਵਿਚ ਖਲੋਣ ਲਈ ਅਸੀਂ ਨਿਕਲ ਆਏ – ਰਜਨੀ ਕਾਂਤ, ਦਮੋ ਤੇ ਮੈਂ। ਉਸੇ ਵੇਲੇ ਇਕ ਵੱਡੀ ਸਾਰੀ ਮੋਟਰ ਆ ਕੇ ਰੁਕੀ ਜਿਸ ਵਿਚੋਂ ਇਕ ਆਦਮੀ ਨੇ ਸਹਾਰਾ ਦੇ ਕੇ ਕੇ.ਐਲ. ਸਹਿਗਲ ਨੂੰ ਉਤਾਰਿਆ। ਕੀ ਇਹ ਉਹੀ ਸਹਿਗਲ ਸੀ ਜਿਸ ਨੂੰ ਅਸਾਂ ਛੇ ਸਾਲ ਪਹਿਲਾਂ ਕਲਕੱਤੇ ‘ਪਰੈਜ਼ੀਡੈਂਟ’ ਫਿਲਮ ਦੇ ਸੈੱਟ ‘ਤੇ ਠਠੋਲੀਆਂ ਕਰਦੇ ਵੇਖਿਆ ਸੀ? ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ। ਸਹਿਗਲ ਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਸਨ। ਅੱਖਾਂ ਉਤੇ ਕਾਲੀ ਐਨਕ ਚਾੜ੍ਹੀ ਹੋਈ ਸੀ ਪਰ ਇੰਜ ਲਗਦਾ ਸੀ ਜਿਵੇਂ ਨਜ਼ਰ ਜਵਾਬ ਦੇ ਚੁੱਕੀ ਹੈ। ਚਿੱਟੇ ਮਲਮਲ ਦੇ ਕੁੜਤੇ ਤੇ ਚੂੜੀਦਾਰ ਪਜਾਮੇ ਵਿਚੋਂ ਉਸ ਦਾ ਪਿੰਜਰ ਹੋਰ ਵੀ ਉਘੜਿਆ ਹੋਇਆ ਸੀ। ਇੰਜ ਲੜਖੜਾ ਰਿਹਾ ਸੀ ਜਿਵੇਂ ਕੁਝ ਦਿਨਾਂ ਦਾ ਮਹਿਮਾਨ ਹੋਵੇ। ਅਜੇ ਤਾਂ ਉਸ ਦੀ ਜਵਾਨੀ ਦਾ ਸਿਖਰ ਦੁਪਹਿਰਾ ਸੀ। ਇਹ ਕੀ ਹੋ ਗਿਆ ਉਹਨੂੰ? ਕਿਹੜਾ ਰੋਗ ਖਾ ਗਿਆ ਉਹਨੂੰ ਅੰਦਰ-ਅੰਦਰ? ਕਿਹੜਾ ਰਾਖਸ਼ ਨਿਗਲ ਗਿਆ ਉਸ ਦੀਆਂ ਰੌਣਕਾਂ ਨੂੰ?
ਸਹਿਗਲ ਨੂੰ ਬਾਹੋਂ ਫੜ ਕੇ ਉਹ ਵਿਅਕਤੀ ਸਾਡੇ ਕੋਲ ਲੈ ਆਇਆ। ਅਸਾਂ ਵੀ ਅਗੇ ਵਧ ਕੇ ਸੁਆਗਤ ਕੀਤਾ।
“ਸਹਿਗਲ ਸਾਹਬ, ਹੁਣ ਕੈਸੀ ਤਬੀਅਤ ਹੈ ਆਪ ਦੀ?” ਰਜਨੀ ਕਾਂਤ ਨੇ ਅੰਗਰੇਜ਼ੀ ਵਿਚ ਕਿਹਾ ਪਰ ਸਹਿਗਲ ਨੂੰ ਜਿਵੇਂ ਕੁਝ ਸੁਣਾਈ ਨਹੀਂ ਦਿੱਤਾ। ਰਜਨੀ ਕਾਂਤ ਨੇ ਮੌਕੇ ਨੂੰ ਸਾਂਭਦਿਆਂ ਉਚੇਰੀ ਆਵਾਜ਼ ਵਿਚ ਕਿਹਾ, “ਆਓ, ਤੁਹਾਡਾ ਦਮਯੰਤੀ ਸਾਹਨੀ ਨਾਲ ਤੁਆਰਫ ਕਰਾਵਾਂ ਜਿਸ ਨੇ ਇੰਡਸਟਰੀ ਵਿਚ ਪੈਰ ਰੱਖਦਿਆਂ ਹੀ ਇਤਨੀ ਸ਼ੁਹਰਤ ਹਾਸਲ ਕਰ ਲਈ ਹੈ। ਅਜ ਉਹ ਇਕ ਗੀਤ ਫਿਲਮਾ ਰਹੀ ਹੈ।”
“ਗੀਤ?” ਸਹਿਗਲ ਝਟ ਚੌਂਕ ਪਿਆ। ਉਸ ਦਾ ਮੂੰਹ ਉਤਾਂਹ ਚੁੱਕਿਆ ਗਿਆ ਜਿਵੇਂ ਦੂਰੋਂ ਉਸ ਨੂੰ ਕਿਸੇ ਬੁਲਾਇਆ ਹੋਵੇ, ਜਾਂ ਯਾਦ ਵਿਚੋਂ ਕਿਸੇ ਗੀਤ ਦੇ ਬੋਲ ਮੁੜ ਆਏ ਹੋਣ। ਕਾਫੀ ਚਿਰ ਉਹ ਉਵੇਂ ਹੀ ਖੜ੍ਹਾ ਰਿਹਾ ਜਿਵੇਂ ਹੌਲੀ-ਹੌਲੀ ਉਸ ਦਾ ਮਨ ਸਾਡੇ ਵੱਲ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਸ ਦੇ ਚਿਹਰੇ ਉਤੇ ਇਕ ਮੁਸਕਣੀ ਫੁੱਟੀ। ਉਹਨੇ ਦਮੋ ਨੂੰ ਆਪਣੇ ਕੋਲ ਖਿੱਚ ਲਿਆ, ਤੇ ਪਿਆਰ ਨਾਲ ਉਸ ਦੇ ਸਿਰ ‘ਤੇ ਹੱਥ ਫੇਰਨ ਲੱਗ ਪਿਆ। ਫੇਰ ਅੰਗਰੇਜ਼ੀ ਵਿਚ ਕਿਹਾ, “ਏ ਸਾਂਗ? ਗੋ ਐਂਡ ਸਿੰਗ ਮਾਈ ਡੀਅਰ ਚਾਈਲਡ, ਦੇਅਰਾ ਇਜ਼ ਨਥਿੰਗ ਇਨ ਦਿਸ ਵਰਡ ਲਾਈਕ ਏ ਸਾਂਗ!” (ਗੀਤ? ਜਾ, ਗਾ ਮੇਰੀ ਬੱਚੀ, ਇਸ ਦੁਨੀਆ ਵਿਚ ਗੀਤ ਜਿਹੀ ਹੋਰ ਕੋਈ ਚੀਜ਼ ਨਹੀਂ!)
ਦਮੋ ਦੀਆਂ ਅੱਖਾਂ ਵਿਚੋਂ ਹੰਝੂ ਫੁੱਟ ਪਏ, ਤੇ ਜਜ਼ਬਾਤ ਬੇਕਾਬੂ ਹੋਣ ਤੋਂ ਪਹਿਲਾਂ ਉਹ ਸਟੂਡੀਓ ਅੰਦਰ ਨੱਠ ਗਈ।
ਉਸ ਦਿਨ ਕਿਤਨਾ ਚਿਰ ਉਸ ਤੋਂ ਕੰਮ ਨਾ ਹੋ ਸਕਿਆ। ਅਨਗਿਣਤ ਲੋਕਾਂ ਵਾਂਗ ਉਸ ਦੇ ਭਾਵੁਕ ਜੀਵਨ ਦੀ ਨਸ-ਨਾੜੀ ਵਿਚ ਵੀ ਸਹਿਗਲ ਸਮਾਇਆ ਹੋਇਆ ਸੀ। ਉਹ ਰੋਂਦੀ ਜਾਂਦੀ ਤੇ ਮੁੜ-ਮੁੜ ਕਹਿੰਦੀ, “ਬਲਰਾਜ, ਕੀ ਸਹਿਗਲ ਮਰ ਜਾਏਗਾ? ਕੀ ਉਹਨੂੰ ਬਚਾਉਣ ਦਾ ਕੋਈ ਉਪਾਅ ਨਹੀਂ ਹੋ ਸਕਦਾ? ਕੀ ਅਸੀਂ ਸੋਚ ਵੀ ਸਕਦੇ ਹਾਂ ਕਿ ਇਕ ਦਿਨ ਦੁਨੀਆ ਵਿਚ ਸਹਿਗਲ ਨਹੀਂ ਹੋਵੇਗਾ?”
ਤੇ ਕਿਤਾਬ ਦਾ ਸਫਾ ਪਰਤਣ ਜਿਤਨੀ ਦੇਰ ਪਿੱਛੋਂ ਨਾ ਦੁਨੀਆ ਵਿਚ ਸਹਿਗਲ ਸੀ, ਨਾ ਦਮੋ। ਦੋਵੇਂ ਆਪਣਾ-ਆਪਣਾ ਪਿੰਜਰਾ ਲੈ ਕੇ ਉੱਡ ਗਏ ਸਨ; ਤੇ ਮੈਂ ਉਹਨਾਂ ਤੋਂ ਖਾਲੀ ਦੁਨੀਆ ਦੀ ਕਲਪਨਾ ਹੀ ਨਹੀਂ ਸਾਂ ਕਰ ਰਿਹਾ, ਉਸ ਵਿਚ ਸਾਹ ਲੈ ਰਿਹਾ ਸਾਂ, ਉਸ ਦੀਆਂ ਕੌੜੀਆਂ ਛੋਹਾਂ ਨਾਲ ਟਕਰਾ ਰਿਹਾ ਸਾਂ।
27 ਅਪਰੈਲ 1947 ਨੂੰ ਦਮੋ ਦੀ ਮ੍ਰਿਤੂ ਹੋਈ। 15 ਅਗਸਤ 1947 ਨੂੰ ਪੰਜਾਬ ਟੁੱਕਿਆ ਗਿਆ। ਸਾਡਾ ਸਾਰਾ ਪਰਿਵਾਰ ਪਿੰਡੀਓਂ ਉੱਜੜ ਕੇ ਥਾਂ-ਥਾਂ ਬਿਖਰ ਗਿਆ। ਮੇਰਾ ਤਾਸ਼ ਦਾ ਘਰ ਢਹਿ ਕੇ ਢੇਰੀ ਹੋ ਗਿਆ। (ਸਮਾਪਤ)