ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਦੇ ਨਵੀਨੀਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹੁਣ ਛੇਤੀ ਹੀ ਇਸ ਬਾਰੇ ਮਾਹਰਾਂ ਦੀ ਰਾਇ ਨਾਲ ਕੰਮ ਸ਼ੁਰੂ ਹੋ ਜਾਵੇਗਾ ਤੇ ਇਸ ਨੂੰ ਇਕ ਆਧੁਨਿਕ ਅਜਾਇਬ ਘਰ ਦਾ ਰੂਪ ਦਿੱਤਾ ਜਾਵੇਗਾ।
ਘੰਟਾ ਘਰ ਰਸਤੇ ਸ੍ਰੀ ਹਰਿਮੰਦਰ ਸਾਹਿਬ ਦਾਖਲ ਹੋਣ ਸਮੇਂ ਇਹ ਕੇਂਦਰੀ ਸਿੱਖ ਅਜਾਇਬ ਘਰ ਸੱਜੇ ਹੱਥ ਉਪਰਲੀ ਮੰਜ਼ਲ ‘ਤੇ ਬਣਿਆ ਹੋਇਆ ਹੈ ਜਿਸ ਵਿਚ ਸਿੱਖ ਵਿਰਸੇ ਨਾਲ ਸਬੰਧਤ ਕਈ ਅਮੁੱਲੀਆਂ ਵਸਤਾਂ ਸੰਭਾਲੀਆਂ ਹੋਈਆਂ ਹਨ। ਅਜਾਇਬ ਘਰ ਵਿਚ ਸਿੱਖ ਗੁਰੂ ਸਾਹਿਬਾਨ ਦੇ ਚਿੱਤਰ, ਸੰਤ ਮਹਾਤਮਾ, ਸਿੱਖ ਜਰਨੈਲਾਂ ਤੇ ਪ੍ਰਮੁੱਖ ਸਿੱਖ ਆਗੂਆਂ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਸਹਿਯੋਗ ਦਿੱਤਾ, ਦੀਆਂ ਤਸਵੀਰਾਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਪੁਰਾਤਨ ਤੇ ਬਹੁਮੁੱਲੇ ਹੱਥ ਲਿਖਤ ਖਰੜੇ, 18ਵੀਂ ਸਦੀ ਵਿਚ ਸਿੱਖ ਜੰਗਾਂ ਸਮੇਂ ਵਰਤੀਆਂ ਗਈਆਂ ਤੋਪਾਂ ਤੇ ਤਲਵਾਰਾਂ, ਨਾਨਕਸ਼ਾਹੀ ਸਿੱਕੇ, ਪੁਰਾਤਨ ਸੰਗੀਤ ਉਪਕਰਨ, ਇਥੇ ਪ੍ਰਦਰਸ਼ਨੀ ਲਈ ਰੱਖੇ ਹੋਏ ਹਨ। ਇਸੇ ਤਰ੍ਹਾਂ 1965 ਤੇ 1971 ਵਿਚ ਭਾਰਤ-ਪਾਕਿਸਤਾਨ ਵਿਚਾਲੇ ਹੋਈਆਂ ਜੰਗਾਂ ਦੌਰਾਨ ਵਰਤਿਆ ਗੋਲੀ ਸਿੱਕਾ ਵੀ ਇਸ ਅਜਾਇਬ ਘਰ ਦਾ ਹਿੱਸਾ ਹਨ। ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਮਾਰੇ ਗਏ ਤਕਰੀਬਨ 743 ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵੀ ਇਥੇ ਪ੍ਰਦਰਸ਼ਤ ਕੀਤੀ ਹੋਈ ਹੈ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਚੰਡੀਗੜ੍ਹ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕੇਂਦਰੀ ਸਿੱਖ ਅਜਾਇਬ ਘਰ ਦੇ ਨਵੀਨੀਕਰਨ ਬਾਰੇ ਆਈਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕੁਝ ਦੁਰਲੱਭ ਵਸਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਰਾਂਡਿਆਂ ਵਿਚ ਪ੍ਰਦਰਸ਼ਤ ਕਰਨ ਦੀ ਵੀ ਯੋਜਨਾ ਹੈ। ਇਹ ਦੁਰਲਭ ਵਸਤਾਂ ਵਰਾਂਡਿਆਂ ਦੇ ਕਮਰਿਆਂ ਵਿਚ ਸ਼ੀਸ਼ਿਆਂ ਦੇ ਬਕਸਿਆਂ ਵਿਚ ਪ੍ਰਦਰਸ਼ਤ ਕੀਤੀਆਂ ਜਾਣਗੀਆਂ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਇਨ੍ਹਾਂ ਦੁਰਲੱਭ ਵਸਤਾਂ ਨੂੰ ਵੇਖ ਸਕਣ।
ਅਜਾਇਬ ਘਰ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਅਜਾਇਬ ਘਰ ਦੇ ਨਵੀਨੀਕਰਨ ਦੌਰਾਨ ਇਸ ਦੇ ਤਿੰਨ ਹਾਲ ਵਾਤਾਨਕੂਲ ਕੀਤੇ ਜਾਣਗੇ। ਤਸਵੀਰਾਂ, ਦੁਰਲੱਭ ਖਰੜੇ, ਪੁਰਾਤਨ ਵਸਤਾਂ, ਸ਼ਸਤਰ, ਸੰਗੀਤ ਉਪਕਰਨ ਤੇ ਹੋਰਾਂ ਦੀ ਦਰਜਾਬੰਦੀ ਕੀਤੀ ਜਾਵੇਗੀ। ਇਸ ਦਰਜਾਬੰਦੀ ਦੌਰਾਨ ਇਕ ਸੈਕਸ਼ਨ ਵਿਚ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਨੂੰ ਦਰਸਾਇਆ ਜਾਵੇਗਾ। ਇਕ ਸੈਕਸ਼ਨ ਵਿਚ ਗੁਰੂ ਕਾਲ ਤੋਂ ਬਾਅਦ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ ਤੇ ਇਕ ਸੈਕਸ਼ਨ ਵਿਚ ਇਸ ਤੋਂ ਬਾਅਦ ਦੇ ਸਿੱਖ ਇਤਿਹਾਸ ਨੂੰ ਦਰਸਾਇਆ ਜਾਵੇਗਾ। ਇਥੇ ਸਥਾਪਤ ਸਮੂਹ ਤਸਵੀਰਾਂ ਦੇ ਫਰੇਮ ਇਕੋ ਜਿਹੇ ਬਣਾਏ ਜਾਣਗੇ ਤੇ ਇਨ੍ਹਾਂ ਦੇ ਹੇਠਾਂ ਤਿੰਨ ਭਾਸ਼ਾਵਾਂ ਵਿਚ ਵੇਰਵੇ ਦਿੱਤੇ ਜਾਣਗੇ।
ਅਜਾਇਬ ਘਰ ਦੇ ਨਵੀਨੀਕਰਨ ਲਈ ਪੁਰਾਤਨ ਵਸਤਾਂ ਦੀ ਸਾਂਭ ਸੰਭਾਲ ਦੇ ਮਾਹਰਾਂ ਦੀ ਟੀਮ ਨੇ 25 ਜੁਲਾਈ ਨੂੰ ਕੇਂਦਰੀ ਸਿੱਖ ਅਜਾਇਬ ਘਰ ਦਾ ਦੌਰਾ ਕੀਤਾ ਸੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਅਜਾਇਬ ਘਰ ਦੇ ਨਵੀਨੀਕਰਨ ਨੂੰ ਜ਼ਰੂਰੀ ਦੱਸਿਆ ਸੀ। ਮਾਹਰਾਂ ਵਲੋਂ ਇਸ ਸਬੰਧੀ ਆਪਣੀ ਇਕ ਸਮੁੱਚੀ ਰਿਪੋਰਟ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਸੀ ਜਿਸ ਦੇ ਆਧਾਰ ‘ਤੇ ਹੁਣ ਅੰਤ੍ਰਿੰਗ ਕਮੇਟੀ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ।
Leave a Reply