ਜਹ ਜਹ ਜਾਉ ਤਹਾ ਤੇਰੀ ਸੇਵਾ: ਡਾ. ਮਹਿੰਦਰ ਸਿੰਘ ਰੰਧਾਵਾ

ਡਾ. ਨਾਹਰ ਸਿੰਘ
ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਵਿਗਿਆਨ, ਸਾਹਿਤ ਅਤੇ ਕਲਾ ਦੀ ਤ੍ਰਿਵੈਣੀ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਜਿਥੇ ਕਲਾ ਅਤੇ ਸਾਹਿਤ ਦੁਆਰਾ ਪੰਜਾਬੀਆਂ ਵਿਚ ਕਲਾ ਸੁਹਜ ਅਤੇ ਸਭਿਆਚਾਰਕ ਚੇਤਨਾ ਦਾ ਪਾਸਾਰ ਕਰਨ ਵਿਚ ਯਾਦਗਾਰੀ ਭੂਮਿਕਾ ਨਿਭਾਈ, ਉਥੇ ਉਸ ਨੇ ਹਰੇ ਇਨਕਲਾਬ ਦੀ ਮਸ਼ੀਨੀ ਖੇਤੀ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਵਿਚ ਇਤਿਹਾਸਕ ਮਹੱਤਤਾ ਵਾਲਾ ਯੋਗਦਾਨ ਪਾਇਆ।

ਡਾ. ਰੰਧਾਵਾ ਵੀਹਵੀਂ ਸਦੀ ਦੇ ਚੋਣਵੇਂ ਪੰਜਾਬੀਆਂ ਵਿਚੋਂ ਸਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਅਤੇ ਇਸ ਦੇ ਲੋਕਾਂ ਦਾ ਮੂੰਹ-ਮੱਥਾ ਸੰਵਾਰਨ ਲਈ ਅਣਥੱਕ ਯੋਧਿਆਂ ਵਾਂਗ ਕੰਮ ਕੀਤਾ। ਡਾ. ਸਰਦਾਰਾ ਸਿੰਘ ਜੌਹਲ ਨੇ ਠੀਕ ਕਿਹਾ ਹੈ, “ਇਹ ਪੰਜਾਬ ਦਾ ਸਪੂਤ ਸਾਰੀ ਉਮਰ ਪੰਜਾਬ ਦੀ ਮਿੱਟੀ ਅਤੇ ਪਾਣੀ ਦਾ ਦੇਣ ਦਿੰਦਾ ਰਿਹਾ। ਅਣਥੱਕ ਲਗਨ ਨਾਲ।”
ਡਾ. ਮਹਿੰਦਰ ਸਿੰਘ ਰੰਧਾਵਾ ਨੇ ਬਹੁਤ ਸਾਰੇ ਖੇਤਰਾਂ ਵਿਚ ਕੰਮ ਕਰ ਕੇ ਨਵੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਦਾ ਜੀਵਨ ਦੂਜਿਆਂ ਲਈ ਨਿਰੰਤਰ ਪ੍ਰੇਰਨਾ ਬਣਿਆ ਰਿਹਾ ਹੈ। ਉਨ੍ਹਾਂ ਦੀ ਪ੍ਰਬੰਧਕੀ ਕੁਸ਼ਲਤਾ, ਕਲਾ ਅਤੇ ਸਾਹਿਤ ਨਾਲ ਪਿਆਰ ਤੋਂ ਬਿਨਾਂ ਉਨ੍ਹਾਂ ਨੇ ਭਾਰਤ ਦੀ ਖੇਤੀਬਾੜੀ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਬਾਰੇ ਖੋਜ ਭਰੀਆਂ ਪੁਸਤਕਾਂ ਲਿਖੀਆਂ ਹਨ। ਛਾਂ-ਦਾਰ ਅਤੇ ਫੁੱਲਾਂ ਵਾਲੇ ਬੂਟਿਆਂ ਰਾਹੀਂ ਧਰਤੀ, ਪਾਰਕਾਂ, ਸੜਕਾਂ ਅਤੇ ਰੇਲ ਮਾਰਗਾਂ ਨੂੰ ਕਿਵੇਂ ਸਜਾ ਕੇ ਸੁੰਦਰ ਦਿੱਖ ਦਿੱਤੀ ਜਾ ਸਕਦੀ ਹੈ, ਇਸ ਬਾਰੇ ਸ਼ਾਨਦਾਰ ਕੰਮ ਕੀਤਾ ਹੈ। ਆਪਣੀ ਉਮਰ ਦੇ ਪਹਿਲੇ ਪੰਜਾਹ ਵਰ੍ਹੇ ਉਸ ਨੇ ਬਨਸਪਤੀ ਵਿਗਿਆਨ ਦੇ ਖੇਤਰ ਵਿਚ ਅਣਥੱਕ ਖੋਜੀ ਵਾਂਗ ਖੋਜ ਕਰਨ ਪ੍ਰਤੀ ਸਮਰਪਤ ਕੀਤੇ।
ਡਾ. ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਤੋਂ ਬਾਟਨੀ ਦੇ ਖੇਤਰ ਵਿਚ ਪੀਐੱਚ.ਡੀ. 1953 ਅਤੇ ਡੀ.ਐੱਸਸੀ. 1955 ਵਿਚ ਕੀਤੀ। ਉਨ੍ਹਾਂ ਦੀ ਖੋਜ ਦਾ ਖੇਤਰ ਉੱਤਰੀ ਭਾਰਤ ਖ਼ਾਸ ਕਰਕੇ ਪੰਜਾਬ ਦੇ ਵਗਦੇ ਪਾਣੀਆਂ ਵਿਚ ਪਨਪਣ ਵਾਲੀਆਂ ਕਾਈਆਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਨਾਲ ਸਬੰਧਤ ਸੀ। ਡਾ. ਰੰਧਾਵਾ ਦੀ ਵਧੇਰੇ ਰੁਚੀ ਜ਼ਿਗਨੀਮੋਸ਼ੀ ਪਰਿਵਾਰ ਦੀਆਂ ਕਾਈਆਂ ਦੀ ਖੋਜ ਵਿਚ ਸੀ। ਉਨ੍ਹਾਂ ਨੇ 1959 ਵਿਚ ਜ਼ਿਗਨੀਮੇਸ਼ੀ ਕਾਈਆਂ ਬਾਰੇ ਮੋਨੋਗ੍ਰਾਫ ਲਿਖਿਆ ਜੋ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ ਵੱਲੋਂ ਛਾਪਿਆ ਗਿਆ। ਇਸ ਮੋਨੋਗ੍ਰਾਫ ਵਿਚ ਉਨ੍ਹਾਂ ਨੇ ਇਸ ਪਰਿਵਾਰ ਦੀਆਂ ਕਾਈਆਂ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ, ਰਹਿਣ-ਸਹਿਣ, ਵਧਣ-ਫੁੱਲਣ ਅਤੇ ਇਨ੍ਹਾਂ ਦੇ ਸੈੱਲਾਂ ਦੀ ਬਣਤਰ ਸਬੰਧੀ ਬਹੁਤ ਡੂੰਘੀ ਖੋਜ ਕਰਕੇ ਬਨਸਪਤੀ ਵਿਗਿਆਨੀ ਵਜੋਂ ਆਪਣਾ ਵਿਲੱਖਣ ਸਥਾਨ ਪ੍ਰਾਪਤ ਕੀਤਾ। ਵਗਦੇ ਪਾਣੀਆਂ ਵਿਚ ਵਧਣ-ਫੁੱਲਣ ਵਾਲੀਆਂ ਕਾਈਆਂ ਬਾਰੇ ਉਨ੍ਹਾਂ ਦੇ ਖੋਜ ਭਰਪੂਰ ਪੱਤਰ ਇੰਡੀਅਨ ਅਕਾਦਮੀ ਆਫ ਸਾਇੰਸਿਜ਼ ਦੇ ਖੋਜ ਪੱਤਰਾਂ ਵਿਚ ਸਮੇਂ ਸਮੇਂ ਛਪਦੇ ਰਹੇ। ਡਾ. ਰੰਧਾਵਾ ਵੱਲੋਂ ਘੋਸੈਲਾ ਇੰਡੀਕਾ ਨਾਮਕ ਨਵੇਂ ਜੈਨਰ ਬਾਰੇ ਖੋਜ ਬੋਟੈਨੀਕਲ ਸੁਸਾਇਟੀ ਦੇ ਖੋਜ ਪੱਤਰ ਵਿਚ ਛਪਵਾਈ। ਉਨ੍ਹਾਂ ਨੇ ਜ਼ਿਗਨੀਮੇਸ਼ੀ ਪਰਿਵਾਰ ਦੇ ਸਪੀਸੀਜ਼ ਜੀਨਜ਼ ‘ਜ਼ਿਗਨੀਆ` ਦੀਆਂ ਤਿੰਨ ਨਵੀਆਂ ਸਪੀਸੀਜ਼ ਦੀ ਖੋਜ ਕੀਤੀ। ਇਸ ਤਰ੍ਹਾਂ ਡਾ. ਰੰਧਾਵਾ ਨੇ ਜਿਹੜਾ ਵੀ ਖੇਤਰ ਚੁਣਿਆ ਉਥੇ ਪੂਰੀ ਤਨਦੇਹੀ ਅਤੇ ਪੂਰੀ ਬੌਧਿਕ ਸਮਰੱਥਾ ਜੁਟਾ ਕੇ ਕੰਮ ਕੀਤਾ। ਇਸ ਲਈ ਉਹ ਆਪਣੀ ਉਮਰ ਦੇ ਪਹਿਲੇ ਪੰਜਾਹ ਸਾਲਾਂ ਤਕ ਮੁੱਖ ਤੌਰ `ਤੇ ਬਨਸਪਤੀ ਵਿਗਿਆਨੀ ਵਜੋਂ ਪੂਰੀ ਲਗਨ ਨਾਲ ਕੰਮ ਕਰਨ ਪ੍ਰਤੀ ਸਮਰਪਤ ਰਹੇ।
ਡਾ. ਰੰਧਾਵਾ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਭਾਰਤ ਵਿਚ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨੀ ਜੀਵਨ ਨੂੰ ਉੱਚਾ ਚੁੱਕਣ ਪ੍ਰਤੀ ਸਮਰਪਤ ਕੀਤਾ। ਉਨ੍ਹਾਂ ਨੇ ਭਾਰਤੀ ਖੇਤੀਬਾੜੀ ਦੀ ਖੋਜ ਸੰਸਥਾ ਦੇ ਸਕੱਤਰ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਉੱਤੇ ਰਹਿੰਦਿਆਂ ਖੇਤੀਬਾੜੀ ਦੇ ਵਿਕਾਸ ਲਈ ਉੱਚ ਪਾਏ ਦੀਆਂ ਯੋਜਨਾਵਾਂ ਉਲੀਕੀਆਂ ਅਤੇ ਸਿਰੇ ਚੜ੍ਹਾਈਆਂ। ਉਨ੍ਹਾਂ ਨੇ ਆਪਣੀ ਪੁਸਤਕ ‘ਸੁੰਦਰ ਰੁੱਖ ਅਤੇ ਬਾਗ਼ ਬਗੀਚੇ` ਲਿਖਣ ਲਈ ਹਿਮਾਲਿਆ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਭਾਰਤ ਗਾਹ ਮਾਰਿਆ। ਸਿਰਜਣਾਤਮਕ ਵਾਰਤਕ ਵਿਚ ਅੰਗਰੇਜ਼ੀ `ਚ ਲਿਖੀ ਇਸ ਪੁਸਤਕ ਬਾਰੇ ਉਹ ਲਿਖਦੇ ਹਨ, “ਇਹ ਹੈ ਸੁੰਦਰ ਰੁੱਖਾਂ ਦਾ ਸ਼ਾਹਨਾਮਾ ਜੋ ਭਾਰਤ ਦੇ ਸੁੰਦਰ ਰੁੱਖਾਂ ਦੀ ਪੂਰੀ ਦਸ਼ਾਬੰਦੀ ਦਾ ਪੂਰਾ ਨਿਚੋੜ ਹੈ। ਇਸ ਪੁਸਤਕ ਨੂੰ ਦੇਖਦਿਆਂ ਹੀ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਜਦ ਮੈਂ ਘੰਟਿਆਂ ਬੱਧੀ ਖੁਸ਼ੀ ਵਿਚ ਮਗਨ ਬੈਠਾ, ਪਿੰਡਾਂ ਅਤੇ ਬਾਗਾਂ ਵਿਚ ਅਰਗਬਾਨੀ ਕਚਨਾਰਾਂ ਦੇ ਛਛਰੇ ਤੇ ਅੰਗਿਆਰਾਂ ਵਾਂਗ ਭਖਦੇ ਲਾਲ ਫੁੱਲਾਂ ਨੂੰ ਵੇਖ-ਵੇਖ ਕੇ ਰੱਜਦਾ ਨਹੀਂ ਸਾਂ।”
ਡਾ. ਰੰਧਾਵਾ ਦਾ ਬਚਪਨ ਪਿੰਡਾਂ ਵਿਚ ਬੀਤਿਆ ਸੀ। ਨੌਕਰੀ ਦੌਰਾਨ ਵੀ ਉਨ੍ਹਾਂ ਦਾ ਨੇੜਲਾ ਵਾਹ ਕਿਸਾਨਾਂ ਤੇ ਖੇਤੀਬਾੜੀ ਨਾਲ ਰਿਹਾ। ਬਨਸਪਤੀ ਵਿਗਿਆਨੀ ਦਾ ਗਿਆਨ, ਕਿਸਾਨੀ ਜੀਵਨ ਦਾ ਨਿੱਜੀ ਅਨੁਭਵ, ਸਾਹਿਤ, ਕਲਾ ਅਤੇ ਆਪਣੇ ਲੋਕਾਂ ਨਾਲ ਡੂੰਘਾ ਭਾਵਕ ਲਗਾਉ ਇਸ ਸਭ ਕੁਝ ਦਾ ਖ਼ੂਬਸੂਰਤ ਸੰਗਮ ਸੀ ਰੰਧਾਵਾ। ਉਸ ਨੇ ਖੇਤੀਬਾੜੀ ਬਾਰੇ, ਪਸ਼ੂ ਪਾਲਣ ਬਾਰੇ, ਰੁੱਖਾਂ ਅਤੇ ਬੂਟਿਆਂ ਬਾਰੇ, ਪਿੰਡਾਂ ਦੇ ਸਮੂਹਕ ਵਿਕਾਸ ਬਾਰੇ ਆਪਣੇ ਵਿਗਿਆਨਕ ਗਿਆਨ ਅਤੇ ਅਮਲੀ ਤਜਰਬਿਆਂ ਦੇ ਆਧਾਰ `ਤੇ ਕਮਾਲ ਦੀਆਂ ਖੋਜ ਭਰਪੂਰ ਪੁਸਤਕਾਂ ਲਿਖੀਆਂ ਜਿਹੜੀਆਂ ਅੱਜ ਵੀ ਇਸ ਖੇਤਰ ਦੇ ਗਿਆਨ ਸ੍ਰੋਤ ਸਿੱਧ ਹੋ ਰਹੀਆਂ ਹਨ, ਜਿਵੇਂ: ਬਿਊਟੀਫੁਲ ਟ੍ਰੀਜ਼ ਐਂਡ ਗਾਰਡਨਜ਼, ਬਿਊਟੀਫਾਈਂਗ ਇੰਡੀਆ, ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਇੰਨ ਇੰਡੀਆ, ਨੈਸ਼ਨਲ ਐਕਸਟੈਨਸ਼ਨ ਸਰਵਿਸ ਐਂਡ ਕਮਿਊਨਿਟੀ ਪ੍ਰੋਜੈਕਟਸ ਇੰਨ ਪੰਜਾਬ ਆਦਿ। ਡਾ. ਰੰਧਾਵਾ ਨੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਮੀਤ ਪ੍ਰਧਾਨ ਹੁੰਦਿਆਂ ਭਾਰਤ ਦੇ ਕਿਸਾਨਾਂ ਦੀ ਜੀਵਨ-ਸ਼ੈਲੀ, ਉਨ੍ਹਾਂ ਦੀ ਆਰਥਕ, ਸਮਾਜਕ ਦਸ਼ਾ, ਖੇਤੀ ਕਰਨ ਦੇ ਢੰਗ ਤਰੀਕਿਆਂ, ਹਰ ਖਿੱਤੇ ਦੇ ਕਿਸਾਨੀ ਜੀਵਨ ਦੀਆਂ ਸਮੱਸਿਆਵਾਂ ਤੇ ਸਥਿਤੀ ਬਾਰੇ ਦੂਸਰੇ ਲੇਖਕਾਂ ਨਾਲ ਰਲ ਕੇ ‘ਫਾਰਮਰਜ਼ ਆਫ ਇੰਡੀਆ ਚਾਰ ਜਿਲਦਾਂ ਵਿਚ ਪ੍ਰਕਾਸ਼ਿਤ ਕੀਤੀ। ਇਹ ਚਾਰੇ ਪੁਸਤਕਾਂ ਭਾਰਤ ਵਿਚ ਖੇਤੀ ਦੀ ਸਥਿਤੀ, ਜ਼ਮੀਨਾਂ ਤੇ ਫਸਲਾਂ ਦੀ ਵੰਨ-ਸਵੰਨਤਾ ਤੇ ਕਿਸਾਨੀ ਜੀਵਨ ਬਾਰੇ ਗਿਆਨ ਨਾਲ ਭਰਪੂਰ ਹਨ।
ਡਾ. ਮਹਿੰਦਰ ਸਿੰਘ ਰੰਧਾਵਾ ਫੁੱਲਾਂ, ਬੂਟਿਆਂ ਤੇ ਪ੍ਰਕਿਰਤਕ ਖ਼ੂਬਸੂਰਤੀ, ਔਰਤ ਦੇ ਹੁਸਨ ਅਤੇ ਕਲਾ ਦੇ ਸੁਹਜ, ਤਿੰਨਾਂ ਦਾ ਆਸ਼ਕ ਸੀ। ਉਹ ਵਿਰਲੇ ਪੰਜਾਬੀਆਂ ਵਿਚੋਂ ਸੀ ਜਿਸ ਨੂੰ ਚਿਤਰਕਲਾ ਦੀਆਂ ਬਾਰੀਕੀਆਂ ਦੀ ਸਮਝ ਸੀ। ਕਾਂਗੜੇ ਅਤੇ ਕੁੱਲੂ ਵਾਦੀ ਦੀਆਂ ਖ਼ੂਬਸੂਰਤੀ ਨਾਲ ਉਹ ਸਰਸ਼ਾਰ ਸੀ। ਉਸ ਦੇ ਜੀਵਨ ਦਾ ਉਹ ਸਮਾਂ ਬਹੁਤ ਸਿਰਜਣਾਤਮਕ ਤੇ ਹੁਸੀਨ ਸੀ ਜਦੋਂ ਉਹ ਕੁਝ ਸਾਲ ਕਾਂਗੜੇ ਤੇ ਕੁੱਲੂ ਦੇ ਇਲਾਕੇ ਵਿਚ ਲੋਕਗੀਤਾਂ ਦੀ ਭਾਲ ਕਰ ਰਿਹਾ ਸੀ ਅਤੇ ਇਥੋਂ ਦੀ ਚਿਤਰਕਲਾ ਦੀਆਂ ਸ਼ੈਲੀਆਂ ਨਾਲ ਸਬੰਧਿਤ ਦੁਰਲੱਭ ਪੇਂਟਿੰਗ ਇਕੱਠੀਆਂ ਕਰ ਰਿਹਾ ਸੀ। ਚਿਤਰਕਲਾ ਤੇ ਕਲਾਕਾਰਾਂ ਨਾਲ ਉਸ ਨੂੰ ਡੂੰਘਾ ਮੋਹ ਸੀ। ਉਸ ਨੇ ਇਕੱਲੇ ਨੇ ਜਾਂ ਦੂਸਰੇ ਲੇਖਕਾਂ ਨਾਲ ਮਿਲ ਕੇ ਚਿਤਰਕਲਾ ਸਬੰਧੀ ਪੁਸਤਕਾਂ ਲਿਖੀਆਂ। ਉਸ ਨੇ ਕਾਂਗੜੇ ਵਿਚ ਬਹੁਤ ਸਾਰੇ ਸਥਾਨਾਂ, ਖ਼ਾਸ ਕਰਕੇ ਗੁਲੇਰ, ਸੁਜਾਨਪੁਰ, ਆਲਮਪੁਰ, ਨਦੌਣ ਆਦਿ ਵਿਚੋਂ ਕਾਂਗੜਾ ਸ਼ੈਲੀ ਨਾਲ ਸਬੰਧਿਤ ਦੁਰਲੱਭ ਚਿਤਰ ਇਕੱਠੇ ਕੀਤੇ। ਡਾ. ਰੰਧਾਵਾ ਨੇ ਚਿਤਰਕਾਰਾਂ ਦੀ ਚਿਤਰਕਲਾ ਬਾਰੇ ਆਪਣੇ ਪ੍ਰਭਾਵਾਂ ਨੂੰ ਪੈਂਫਲਿਟਾਂ ਤੇ ਆਰਟੀਕਲਾਂ ਦੀ ਸ਼ਕਲ ਵਿਚ ਛਾਪ ਕੇ ਲੋਕਾਂ ਨੂੰ ਇਸ ਕਲਾ ਦੀ ਜਾਣਕਾਰੀ ਦਿੱਤੀ। ਇਨ੍ਹਾਂ ਪੈਂਫਲਿਟਾਂ ਵਿਚ ਕਲਾਕਾਰਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਰੰਧਾਵਾ ਨੇ ਇਸ ਤੱਥ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਕਿ ਭੂਗੋਲਿਕ ਪ੍ਰਸਥਿਤੀਆਂ, ਪ੍ਰਕਿਰਤਕ ਵਾਤਾਵਰਨ ਦਾ ਕਲਾਕਾਰ ਦੇ ਸੂਖਮ ਮਨ ਉੱਤੇ ਜਿਹੜਾ ਸੁਹਜਮਈ ਪ੍ਰਭਾਵ ਪੈਂਦਾ ਹੈ ਅਤੇ ਉਹ ਉਸ ਦੇ ਰੰਗਾਂ ਵਿਚੋਂ ਤੇ ਚਿਤਰ ਦੀ ਪਿੱਠ-ਭੂਮੀ ਵਿਚੋਂ ਕਿਵੇਂ ਉੱਘੜਦਾ ਹੈ। ਉਸ ਨੇ ਇਕ ਦਰਜਨ ਤੋਂ ਵੱਧ ਕਲਾਕਾਰਾਂ ਬਾਰੇ ਅਜਿਹੇ ਕਿਤਾਬਚੇ ਲਿਖੇ। ਡਾ. ਰੰਧਾਵਾ ਦੇ ਚਿਤਰਕਲਾ ਬਾਰੇ ਲਿਖੇ ਲੇਖਾਂ ਅਤੇ ਸ੍ਵੈ-ਜੀਵਨੀ (ਆਪ ਬੀਤੀ) ਵਿਚ ਅੰਕਿਤ ਅਨੁਭਵਾਂ ਵਿਚੋਂ ਇਹ ਤੱਥ ਭਲੀਭਾਂਤ ਪ੍ਰਮਾਣਤ ਹੁੰਦਾ ਹੈ ਕਿ ਉਸ ਦੀ ਨੀਝ ਬਹੁਤ ਡੂੰਘੀ ਅਤੇ ਮਨ ਬਹੁਤ ਹੀ ਸੰਵੇਦਨਸ਼ੀਲ ਸੀ। ਉਹ ਜਦੋਂ ਵੀ ਪ੍ਰਕਿਰਤੀ ਦੀ, ਔਰਤ ਜਾਂ ਕਲਾ ਦੀ ਖ਼ੂਬਸੂਰਤੀ ਦਾ ਵਰਨਣ ਕਰਦੇ ਹਨ ਤਾਂ ਉਨ੍ਹਾਂ ਦੀ ਲਿਖਤ ਮੋਹ ਭਰੀ ਅਤੇ ਰਸਮਈ ਹੋ ਜਾਂਦੀ ਹੈ। ਜਿਵੇਂ ਕੁਦਰਤ ਦਾ ਨਜ਼ਾਰਾ ਰੰਧਾਵੇ ਨੂੰ ਕੀਲ ਕੇ ਰੱਖ ਦਿੰਦਾ ਹੋਵੇ। ਅਜਿਹੀ ਅਵਸਥਾ ਵਿਚ ਉਹ ਆਨੰਦਮਈ ਤੇ ਵਿਸਮਾਦੀ ਅਨੁਭਵਾਂ ਨੂੰ ਮੰਤਰ ਮੁਗਧ ਹੋ ਕੇ ਆਪਣੀ ਰੂਹ ਵਿਚ ਰਚਾ ਲੈਂਦੇ ਸਨ। ਉਹ ਤੀਖਣ ਅਨੁਭਵ ਵਾਲੇ ਰਸੀਏ ਸਨ, ਜ਼ਰਾ ਭਾਸ਼ਾ ਸ਼ੈਲੀ ਦੇਖੋ, “ਪੂਰਨਮਾਸ਼ੀ ਦਾ ਪੂਰਾ ਚੰਨ ਬਿਆਸ ਦੀ ਵਾਦੀ ਤੋਂ ਜਿਵੇਂ ਚਾਂਦੀ ਦਾ ਛੜਕਾਉ ਕਰ ਰਿਹਾ ਸੀ। ਚੰਨ ਨੂੰ ਪਰਵਾਰ ਲੱਗਾ ਹੋਇਆ ਸੀ ਜਿਸ ਨਾਲ ਇਹ ਹੋਰ ਵੀ ਸੁੰਦਰ ਲੱਗ ਰਿਹਾ ਸੀ। ਦਰਿਆ ਦੇ ਕੰਢੇ ਇਕ ਬ੍ਰਿਛ ਦੇ ਪੱਤੇ ਸੋਨੇ ਦੇ ਦੀਵਿਆਂ ਵਾਂਗ ਚਮਕ ਰਹੇ ਸਨ। ਇਹ ਰੁੱਖ ਪਿੱਪਲ ਦਾ ਸੀ ਤੇ ਇਸ ਦੇ ਤਾਂਬੇ ਰੰਗੇ ਨਵੇਂ ਪੱਤੇ ਚੰਦ ਦੀ ਚਾਨਣੀ ਵਿਚ ਬੇਸ਼ੁਮਾਰ ਜੋਤਾਂ ਵਾਂਗ ਨਜ਼ਰ ਆ ਰਹੇ ਹਨ।” (ਆਪ ਬੀਤੀ, ਪੰਨਾ 316)
ਭਾਰਤ ਵਿਚ ਅਮਰੀਕੀ ਸਫੀਰ ਪ੍ਰੋਫੈਸਰ ਗਾਲਬ੍ਰਿਥ ਨਾਲ ਰਲ ਕੇ ਡਾ. ਰੰਧਾਵਾ ਨੇ ਤਿੰਨ ਮਹੀਨੇ ਦੀ ਛੁੱਟੀ ਲੈ ਕੇ ਕਾਂਗੜੇ ਦੀ ਚਿਤਰਕਲਾ ਬਾਰੇ ਪੁਸਤਕ ‘ਇੰਡੀਅਨ ਪੇਂਟਿੰਗਜ਼` ਲਿਖੀ ਜਿਹੜੀ ਬਾਅਦ ਵਿਚ ਬਹੁਤ ਪੜ੍ਹੀ ਜਾਣ ਵਾਲੀ ਪ੍ਰਮਾਣਕ ਪੁਸਤਕ ਸਿੱਧ ਹੋਈ। ਇਸ ਪੁਸਤਕ ਵਿਚ ਕਾਂਗੜਾ ਸ਼ੈਲੀ ਦੀਆਂ ਮੁੱਖ ਵੰਨਗੀਆਂ- ਗੁਲੇਰ, ਬਸੋਹਲੀ, ਸੁਜਾਨਪੁਰ ਟੀਰਾ, ਨਦੌਣ, ਨੂਰਪੁਰ ਅਤੇ ਹੋਰ ਥਾਵਾਂ ਦੀਆਂ ਪੇਂਟਿੰਗ ਦੇ ਨਮੂਨੇ ਦਿੱਤੇ ਗਏ ਹਨ ਅਤੇ ਉਨ੍ਹਾਂ ਬਾਰੇ ਇਤਿਹਾਸਕ ਪੱਖ ਤੋਂ ਚਰਚਾ ਕੀਤੀ ਗਈ ਹੈ। ਉਨ੍ਹਾਂ ਬੜੇ ਦੁਰਲੱਭ ਚਿਤਰ ਖ਼ਰੀਦ ਕੇ ਪੰਜਾਬ ਮਿਊਜ਼ੀਅਮ ਵਿਚ ਲਿਆਂਦੇ। ਇਸ ਤਰ੍ਹਾਂ ਚਿਤਰਕਲਾ ਦੇ ਖੇਤਰ ਵਿਚ ਉਨ੍ਹਾਂ ਨੇ ਆਪਣੀਆਂ ਲਿਖਤਾਂ ਦੁਆਰਾ ਤੇ ਦੁਰਲੱਭ ਚਿੱਤਰਾਂ ਦੇ ਵਡਮੁੱਲੇ ਖ਼ਜ਼ਾਨੇ ਨੂੰ ਸਾਂਭਣ ਵਿਚ ਬਹੁਤ ਇਤਿਹਾਸਕ ਮਹੱਤਤਾ ਵਾਲਾ ਕੰਮ ਕੀਤਾ।
ਡਾ. ਮਹਿੰਦਰ ਸਿੰਘ ਰੰਧਾਵਾ ਨੇ ਲੋਕ ਸਾਹਿਤ ਦੇ ਇਕੱਤ੍ਰਣ, ਸੰਪਾਦਨ ਅਤੇ ਅਧਿਐਨ ਦੇ ਖੇਤਰ ਵਿਚ ਬੜਾ ਯਾਦਗਾਰੀ ਕੰਮ ਕੀਤਾ ਹੈ। ਉਸ ਨੇ ਲੋਕਗੀਤਾਂ ਦੀ ਸਮੱਗਰੀ ਇਕੱਤਰ ਕਰਵਾਈ। ਆਪਣੇ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਲੋਕਗੀਤਾਂ ਦਾ ਸੰਪਾਦਨ ਕੀਤਾ ਅਤੇ ਖੋਜ ਭਰਪੂਰ ਭੂਮਿਕਾਵਾਂ ਲਿਖੀਆਂ। ਇਸ ਖੇਤਰ ਵਿਚ ਉਨ੍ਹਾਂ ਦੀਆਂ ਸੱਤ ਪੁਸਤਕਾਂ ਸਿੱਧੇ ਤੌਰ `ਤੇ ਲੋਕਗੀਤਾਂ ਦੇ ਸੰਗ੍ਰਹਿ ਹਨ ਜਿਨ੍ਹਾਂ ਵਿਚ ਸਬੰਧਿਤ ਸਭਿਆਚਾਰਕ ਖੰਡ ਦੇ ਲੋਕਾਂ ਦੀ ਸਭਿਆਚਾਰਕ ਵਿਲੱਖਣਤਾ ਨੂੰ ਬੜੇ ਸੂਖਮ ਰੂਪ ਵਿਚ ਪਛਾਣਿਆ ਗਿਆ ਹੈ। ਇਹ ਸੰਗ੍ਰਹਿ ਹਨ: ਪੰਜਾਬ ਦੇ ਲੋਕਗੀਤ (1955), ਪੰਜਾਬੀ ਲੋਕਗੀਤ (1960), ਹਰਿਆਣੇ ਦੇ ਲੋਕਗੀਤ (1956), ਕਾਂਗੜਾ ਕਲਾ ਤੇ ਲੋਕਗੀਤ (1963), ਕੁੱਲੂ ਦੇ ਲੋਕਗੀਤ (1955), ਕਾਂਗੜਾ ਦੇ ਲੋਕਗੀਤ (1955), ਪ੍ਰੀਤ ਕਹਾਣੀਆਂ (1957)। ਇਨ੍ਹਾਂ ਬਾਰੇ ਲੋਕਗੀਤ ਸੰਗ੍ਰਹਿ ਅਤੇ ਪੁਸਤਕਾਂ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਡਾ. ਰੰਧਾਵਾ ਨੇ ਲੋਕਗੀਤਾਂ ਦੇ ਹਵਾਲੇ ਨਾਲ ਹਰ ਸਭਿਆਚਾਰਕ ਖਿੱਤੇ ਦੀ ਵਿਲੱਖਣਤਾ ਤੇ ਸਭਿਆਚਾਰ ਦੀ ਸਥਾਨਕ ਆਭਾ ਨੂੰ ਪਛਾਣ ਕੇ ਉਜਾਗਰ ਕਰਨ ਦਾ ਯਤਨ ਕੀਤਾ ਹੈ। ਇਸੇ ਲਈ ਇਨ੍ਹਾਂ ਖਿੱਤਿਆਂ ਵਿਚ ਵਸਦੇ ਲੋਕਾਂ ਦੇ ਰੀਤਾਂ-ਰਸਮਾਂ, ਖਾਣ-ਪਹਿਨਣ ਦੀਆਂ ਆਦਤਾਂ, ਪਹਿਰਾਵੇ ਅਤੇ ਗਹਿਣਿਆਂ ਬਾਰੇ ਵਿਸ਼ੇਸ਼ ਤੌਰ `ਤੇ ਜਾਣਕਾਰੀ ਦਿੱਤੀ ਗਈ ਹੈ। 1966 ਤੇ ਪਹਿਲਾਂ ਲੋਕਗੀਤਾਂ ਦਾ ਇਹ ਖਿੱਤਾ ਹਰਿਆਣਾ, ਪੰਜਾਬ ਤੇ ਹਿਮਾਚਲ ਭਾਸ਼ਾਈ ਪੱਖ ਅਤੇ ਰਾਜਨੀਤਕ ਇਕਾਈ ਵਜੋਂ ਇਕ ਸੀ। ਇਸ ਖੇਤਰ ਦੇ ਉਪਭਾਸ਼ਾਈ ਤੇ ਸਥਾਨਕ ਰੰਗਾਂ ਨੂੰ ਚਿਤਰਨ ਦੇ ਪਿੱਛੇ ਰੰਧਾਵੇ ਦਾ ਮਕਸਦ ਵਿਸ਼ਾਲ ਖੇਤਰ ਦੇ ਪੰਜਾਬੀ ਸਭਿਆਚਾਰ ਦੀ ਗੌਰਵਮਈ ਪਰੰਪਰਾ ਨੂੰ ਉਜਾਗਰ ਕਰਨਾ ਸੀ ਜਿਸ ਦੇ ਅੰਦਰ ਕਈ ਸਥਾਨਕ ਵੰਨਗੀਆਂ ਸਨ। ਆਜ਼ਾਦੀ ਤੋਂ ਬਾਅਦ ਜਦੋਂ ਭਾਸ਼ਾ ਦੇ ਆਧਾਰ ਨਵੀਆਂ ਭਾਸ਼ਾਈ-ਪ੍ਰਾਂਤਕ ਇਕਾਈਆਂ ਨੂੰ ਰਾਜਸੀ ਪੱਖੋਂ ਪ੍ਰਵਾਨ ਕੀਤਾ ਗਿਆ ਤਾਂ ਇਨ੍ਹਾਂ ਭਾਸ਼ਾਈ-ਪ੍ਰਾਂਤਕ ਖਿੱਤਿਆਂ ਦੀ ਵਿਲੱਖਣ ਪਛਾਣ ਨੂੰ ਉਜਾਗਰ ਕਰਨਾ ਰੰਧਾਵਾ ਵਰਗੇ ਖੁੱਲ੍ਹ ਦਿਲੇ ਵਿਦਵਾਨ ਦਾ ਕੰਮ ਸੀ ਤਾਂ ਕਿ ਭਾਰਤ ਦੀ ਏਕਤਾ ਵਿਚ ਅਨੇਕਤਾ ਨੂੰ ਪ੍ਰਵਾਨਗੀ ਮਿਲੇ। ਇਥੇ ਸਥਾਨਕ ਪਛਾਣਾਂ, ਰਾਸ਼ਟਰੀ ਪਛਾਣ ਦੇ ਟਕਰਾਉ ਵਿਚੋਂ ਨਹੀਂ ਸਗੋਂ ਸਹਿਯੋਗੀ ਧਿਰ ਵਜੋਂ ਉਜਾਗਰ ਹੁੰਦੀਆਂ ਹਨ।
ਹੁਣ ਜਦੋਂ ਪੰਜਾਬ, ਹਰਿਆਣਾ ਤੇ ਹਿਮਾਚਲ ਵੱਖਰੀ ਰਾਜਸੀ ਪ੍ਰਾਂਤਕ ਇਕਾਈਆਂ ਬਣ ਚੁੱਕੀਆਂ ਹਨ, ਉਦੋਂ ਇਨ੍ਹਾਂ ਪੁਸਤਕਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚਲੇ ਹਰਿਆਣਵੀ, ਪੰਜਾਬੀ ਤੇ ਹਿਮਾਚਲੀ ਰੰਗਾਂ ਦੀ ਖੂਬਸੂਰਤ ਪਛਾਣ ਉਘੜਦੀ ਹੈ ਜਿਹੜੀ ਸਥਾਨਕ ਰੰਗ ਵਿਚ ਵਿਲੱਖਣ ਹੈ ਪਰ ਕਿਸੇ ਹੋਰ ਨਾਲ ਟਕਰਾਉਂਦੀ ਨਹੀਂ ਹੈ। ਇਸ ਦਾ ਭਾਵ ਹੈ ਕਿ ਇਨ੍ਹਾਂ ਤਿੰਨਾ ਖੰਡਾਂ ਦੇ ਲੋਕ ਜਿੱਥੇ ਆਪੋ-ਆਪਣੀ ਵਿਲੱਖਣ ਸਭਿਆਚਾਰਕ ਪਛਾਣ ਉਤੇ ਮਾਣ ਕਰ ਸਕਦੇ ਹਨ, ਉਥੇ ਉਸ ਸਮੇਂ ਇਨ੍ਹਾਂ ਤਿੰਨਾਂ ਖਿੱਤਿਆਂ ਵਿਚਲੇ ਲੋਕਗੀਤਾਂ ਦੇ ਸਿਰਜਣਹਾਰਿਆਂ ਦੇ ਸਾਂਝੇ ਦਿਲਾਂ ਦੀ ਧੜਕਣ ਨੂੰ ਵੀ ਮਹਿਸੂਸ ਕਰ ਸਕਦੇ ਹਨ। ਰੰਧਾਵੇ ਵੱਲੋਂ ਸਥਾਪਤ ਕੀਤੀ ਹਰ ਖਿੱਤੇ ਦੀ ਖ਼ੂਬਸੂਰਤੀ ਦੀ ਪਛਾਣ ਉੱਤੇ ਇਹ ਸਾਰੇ ਮਾਣ ਕਰ ਸਕਦੇ ਹਨ। ਜੇ ਇਹ ਪੁਸਤਕਾਂ ਨਾ ਹੁੰਦੀਆਂ ਤਾਂ ਸ਼ਾਇਦ ਟਕਰਾਵੀਆਂ ਪਛਾਣਾਂ ਤਾਂ ਹੁੰਦੀਆਂ ਪਰ ਇਨ੍ਹਾਂ ਵਿਚਲੀ ਸਾਂਝੀ ਤੰਦ ਜੋੜੇ ਰਾਜਸੀ ਹਿਤਾਂ ਕਾਰਨ ਗੁਆਚ ਚੁੱਕੀ ਹੁੰਦੀ। ਇਹ ਰੰਧਾਵਾ ਹੀ ਸੀ ਜਿਹੜਾ ਹਰ ਵਿਲੱਖਣਤਾ ਨੂੰ ਖੁੱਲੇ ਦਿਲ ਨਾਲ ਸਵੀਕਾਰਦਾ ਸੀ ਕਿਉਂਕਿ ਉਹ ਕਿਸੇ ਸੌੜੀ ਧਾਰਮਿਕ ਪਛਾਣ ਅੰਦਰ ਕੈਦ ਨਹੀਂ ਸੀ। ਡਾ. ਰੰਧਾਵੇ ਨੂੰ ਸੁਤੇ-ਸਿਧ ਇਹ ਸੋਝੀ ਸੀ ਕਿ ਲੋਕ ਆਪੋ ਆਪਣੇ ਸਭਿਆਚਾਰਕ ਸੰਦਰਭਾਂ ਵਿਚ ਆਪੋ ਆਪਣੀ ਸੁਤੰਤਰ ਸਿਰਜਣਾਤਮਕ ਪ੍ਰਤਿਭਾ ਨੂੰ ਹੁੰਗਾਰਾ ਭਰਦੇ ਹਨ।
ਡਾ. ਰੰਧਾਵਾ ਨੇ ਇਨ੍ਹਾਂ ਪੁਸਤਕਾਂ ਦੀਆਂ ਭੂਮਿਕਾਵਾਂ ਵਿਚ ਸਥਾਨਕ ਲੋਕਾਂ ਦੀਆਂ ਆਦਤਾਂ, ਸੁਭਾਅ ਅਤੇ ਵਰਤੋਂ-ਵਿਹਾਰ ਬਾਰੇ ਆਪਣੀਆਂ ਧਾਰਨਾਵਾਂ ਦਿੱਤੀਆਂ ਹਨ। ਪੁਸਤਕ ‘ਪੰਜਾਬ ਦੇ ਲੋਕਗੀਤ` ਵਿਚ ਉਹ ਪੰਜਾਬ ਦੀ ਸੰਸਕ੍ਰਿਤੀ ਨੂੰ ਉਹ ‘ਨੱਚਦੀ ਗਾਉਂਦੀ ਜੂਝਦੀ ਸੰਸਕ੍ਰਿਤੀ` ਵਜੋਂ ਪਛਾਣ ਕਰਦਾ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਡੂੰਘਾ ਭਾਵੁਕ ਲਗਾਉ ਇਨ੍ਹਾਂ ਸੰਗ੍ਰਹਿਆਂ ਵਿਚੋਂ ਪਤਾ ਲੱਗਦਾ ਹੈ। ਉਸ ਦਾ ਵਿਸ਼ੇਸ਼ ਧਿਆਨ ਬਦਲਦੀਆਂ ਰੁੱਤਾਂ, ਮੌਲਦੀ ਬਨਸਪਤੀ, ਪ੍ਰਕਿਰਤੀ ਦੇ ਵੰਨ-ਸਵੰਨੇ ਰੰਗਾਂ ਦੀ ਦੁਨੀਆ ਵਿਚ ਵਿਚਰਦੇ ਜਨ-ਸਾਧਾਰਨ ਦੇ ਪਰਿਵਾਰਕ ਤੇ ਸਮਾਜਕ ਰਿਸ਼ਤਿਆਂ ਵਿਚਲੇ ਤਣਾਉ-ਟਕਰਾਉ ਤੇ ਮੋਹ ਪਿਆਰ ਦੇ ਸਬੰਧਾਂ ਨੂੰ ਚਿਤਰਨ ਵਲ ਰਿਹਾ ਹੈ।
ਡਾ. ਰੰਧਾਵਾ ਵੱਲੋਂ ਸੰਪਾਦਤ ਪੁਸਤਕ ‘ਪੰਜਾਬ`(1961) ਪੰਜਾਬੀ ਸਭਿਆਚਾਰ ਤੇ ਬੋਲੀ ਬਾਰੇ ਦਸਤਾਵੇਜ਼ੀ ਜਾਣਕਾਰੀ ਨਾਲ ਭਰਪੂਰ ਹੈ। ਇਸ ਵਿਚ ਚੋਟੀ ਦੇ ਪੰਜਾਬੀ ਲੇਖਕਾਂ ਦੁਆਰਾ ਪੰਜਾਬ ਦੇ ਇਤਿਹਾਸ ਤੋਂ ਲੈ ਕੇ ਕਲਾ ਤਕ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਭਰਪੂਰ ਲੇਖ ਸ਼ਾਮਲ ਹਨ ਜਿਨ੍ਹਾਂ ਵਿਚ ਪੰਜਾਬੀਅਤ ਦੀ ਪਛਾਣ ਉਜਾਗਰ ਹੁੰਦੀ ਹੈ।
ਡਾ. ਮਹਿੰਦਰ ਸਿੰਘ ਰੰਧਾਵਾ ਦੂਰ ਦ੍ਰਿਸ਼ਟੀ ਵਾਲਾ ਪ੍ਰਸ਼ਾਸਕ ਅਤੇ ਕਲਾ ਪ੍ਰੇਮੀ ਸੀ। ਉਸ ਨੇ ਅਜਿਹੇ ਸੁਪਨੇ ਸਿਰਜੇ ਜਿਨ੍ਹਾਂ ਨੂੰ ਵਿਉਂਤਬੰਦੀ ਨਾਲ ਸਿਰੇ ਚਾੜ੍ਹਿਆ। ਪੰਜਾਬ ਵਿਚ ਹਰੇ ਇਨਕਲਾਬ ਦੀ ਸਫਲਤਾ ਦਾ ਵੱਡਾ ਕਾਰਨ ਪੰਜਾਬ ਦੇ ਪਿੰਡਾਂ ਵਿਚ 1955 ਤੋਂ ਆਰੰਭੀਆਂ ਪੇਂਡੂ ਵਿਕਾਸ ਦੀਆਂ ਸਕੀਮਾਂ ਦੀ ਸਫਲਤਾ ਸੀ। ਉਦਾਹਰਣ ਵਜੋਂ ਚੱਕਬੰਦੀ ਨਾਲ ਪੰਜਾਬ ਦੇ ਪਿੰਡਾਂ ਦਾ ਮੂੰਹ ਮੱਥਾ ਸੰਵਾਰਿਆ। ਪਿੰਡ ਦੇ ਚੁਫੇਰੇ ਵਿਰਨੀਆਂ ਕੱਢਣੀਆਂ, ਸਾਂਝੀਆਂ ਥਾਵਾਂ ਛੱਡਣੀਆਂ, ਸਮੂਹਿਕ ਪੱਧਰ ਦੀਆਂ ਸਕੀਮਾਂ ਅਤੇ ਘਣੀ ਖੇਤੀ ਜ਼ਿਲ੍ਹਾ ਪ੍ਰੋਗਰਾਮਾਂ ਦੀ ਸਫਲਤਾ ਸੀ। ਪਿੰਡਾਂ ਦੀਆਂ ਸੜਕਾਂ ਸਿੱਧੀਆਂ ਹੋਈਆਂ, ਰਾਹ ਪੱਧਰੇ ਹੋਏ ਜਿਹੜੇ ਬਾਅਦ ਵਿਚ ਪੱਕੀਆਂ ਸੜਕਾਂ ਬਣੇ।
ਡਾ. ਰੰਧਾਵਾ ਦਾ ਸੁਪਨਾ ਸੀ ਕਿ ਪਿੰਡਾਂ ਵਿਚ ਲਾਇਬ੍ਰੇਰੀਆਂ ਹੋਣ, ਖੇਡ ਗਰਾਊਂਡ ਹੋਣ, ਨਵੇਂ ਢੰਗ ਦੀ ਖੇਤੀ ਹੋਵੇ, ਕਿਸਾਨਾਂ ਕੋਲ ਮਿੱਟੀ ਨਾਲ ਮਿੱਟੀ ਹੋਣ ਤੋਂ ਇਲਾਵਾ ਹੋਰ ਕੰਮਾਂ ਲਈ ਵਿਹਲ ਹੋਵੇ। ਸੰਖੇਪ ਵਿਚ ਰੰਧਾਵਾ ਪਿੰਡਾਂ ਦੇ ਮਾਨਵੀ ਸਰੋਤਾਂ, ਭਾਵ ਨੌਜੁਆਨਾਂ ਨੂੰ ਸ਼ਹਿਰਾਂ ਦੇ ਪੜ੍ਹੇ ਲਿਖੇ ਲੋਕਾਂ ਬਰਾਬਰ ਪਨਪਦੇ ਦੇਖਣਾ ਚਾਹੁੰਦਾ ਸੀ। ਉਹ ਨਵੀਂ ਪੀੜ੍ਹੀ ਨੂੰ ਸਰੀਰਕ, ਬੌਧਿਕ ਅਤੇ ਭਾਵੁਕ ਤਿੰਨੇ ਪੱਖਾਂ ਤੋਂ ਸਪੰਨ ਕਰਨਾ ਚਾਹੁੰਦਾ ਸੀ। ਡਾ. ਰੰਧਾਵੇ ਦੀ ‘ਆਪ ਬੀਤੀ` ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸ ਦੇ ਧੁਰ ਅੰਦਰ ਪੰਜਾਬ ਦੇ ਪਿੰਡਾਂ ਅਤੇ ਕਿਸਾਨਾਂ ਲਈ ਡੂੰਘਾ ਦਰਦ ਸੀ। ਉਸ ਨੂੰ ਕਿਸਾਨੀ ਜੀਵਨ ਦੀ ਕਰੜੀ ਮੁਸ਼ੱਕਤ ਦਾ ਨਿੱਜੀ ਅਨੁਭਵ ਸੀ। ਉਹ ਦਰਿਆ ਦਿਲ, ਸਿੱਧਾ ਸਪਾਟ, ਬਿਨਾਂ ਵਲ ਫੇਰ ਤੋਂ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਇਨਸਾਨ ਸੀ। ਧਾਰਮਿਕ ਕੱਟੜਤਾ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ।
ਡਾ. ਰੰਧਾਵਾ ਦੇਖਣ ਨੂੰ ਅੰਗਰੇਜ਼ ਲੱਗਦਾ ਸੀ ਪਰ ਧੁਰ ਅੰਦਰੋਂ ਪੇਂਡੂ ਕਿਸਾਨਾਂ ਵਰਗਾ ਸੀ। ਉਹ ਬੌਧਿਕ ਪੱਖ ਤੋਂ ਵਿਗਿਆਨੀ ਤੇ ਭਾਵੁਕ ਪੱਖ ਤੋਂ ਕਲਾ ਪ੍ਰੇਮੀ ਸੀ। ਸੋਚ ਵਿਚ ਆਧੁਨਿਕ, ਵਿਹਾਰ ਵਿਚ ਸੱਚਾ-ਸੁੱਚਾ। ਇਕ ਪਾਸੇ ਨਵੇਂ ਪੰਜਾਬ ਦੀ ਉਸਾਰੀ ਲਈ ਅਣਥੱਕ ਘਾਲਣਾ ਘਾਲੀ ਅਤੇ ਨਾਲ ਹੀ ਪੰਜਾਬ ਦੀ ਕਲਾ ਅਤੇ ਸਭਿਆਚਾਰ ਦੀ ਵਿਰਾਸਤ ਨੂੰ ਸਾਂਭਿਆ। ਉਸ ਨੇ ਆਪਣੀਆਂ ਉੱਚੀਆਂ ਪਦਵੀਆਂ ਕਾਰਨ ਮਿਲੀਆਂ ਸ਼ਕਤੀਆਂ ਨੂੰ ਲੋਕਾਂ ਦੀ ਭਲਾਈ ਅਤੇ ਜੀਵਨ ਦੀ ਬਿਹਤਰੀ ਲਈ ਕੰਮ ਕਰਨ ਦੇ ਲੇਖੇ ਲਾਇਆ। ਡਾ. ਰੰਧਾਵੇ ਦਾ ਇਸ਼ਕ ਕੰਮ ਨਾਲ ਸੀ। ਉਸ ਨੇ ਆਪਣੇ ਜੀਵਨ ਦਾ ਹਰ ਪਲ ਸਕਾਰਥ ਕੀਤਾ, ਸੁਪਨੇ ਲੈਂਦਿਆਂ, ਨਵੀਆਂ ਯੋਜਨਾਵਾਂ ਉਲੀਕਦਿਆਂ, ਉਨ੍ਹਾਂ ਨੂੰ ਤਨਦੇਹੀ ਨਾਲ ਸਿਰੇ ਚੜ੍ਹਾਇਆ। ਡਾ. ਰੰਧਾਵਾ ਦੀ ਸ਼ਖ਼ਸੀਅਤ ਵਿਚ ਖ਼ਾਸ ਗੁਣ ਸੀ ਕਿ ਉਹ ਆਪਣੇ ਸੰਪਰਕ ਵਿਚ ਆਉਣ ਵਾਲੇ ਬੰਦੇ ਨੂੰ ਪਰਖ ਲੈਂਦਾ ਸੀ ਕਿ ਇਸ ਵਿਚ ਕਿਹੜਾ ਗੁਣ ਹੈ ਜਿਸ ਨੂੰ ਪ੍ਰਫੁੱਲਤ ਕਰਨ ਲਈ ਉਸ ਨੂੰ ਪ੍ਰੇਰਿਆ ਜਾਵੇ। ਉਸ ਦੇ ਨੇੜਲੇ ਸੰਪਰਕ ਵਿਚ ਆਏ ਦਰਜਨਾਂ ਹੀ ਸਾਹਿਤਕਾਰ, ਚਿਤਰਕਾਰ, ਲੋਕਗੀਤਾਂ ਦੇ ਸੰਗ੍ਰਹਿਕਾਰ ਸਨ ਜਿਨ੍ਹਾਂ ਨੂੰ ਉਸ ਨੇ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਵਿਉਂਤਬੰਦੀ ਨਾਲ ਸਿਰਜਣਾਤਮਕ ਕਿਰਤਾਂ ਪੈਦਾ ਕਰਨ ਲਈ ਪ੍ਰੇਰਿਆ।
ਜਿਹੜੇ ਕੰਮ ਵਿਅਕਤੀਆਂ ਦੀ ਵਿਤੋਂ ਬਾਹਰੇ ਸੰਸਥਾਵਾਂ ਦੇ ਕਰਨ ਦੇ ਸਨ, ਉਨ੍ਹਾਂ ਲਈ ਉਸ ਨੇ ਅੱਗੇ ਲੱਗ ਕੇ ਉਨ੍ਹਾਂ ਸੰਸਥਾਵਾਂ ਦੀ ਨਿਰਮਾਣਕਾਰੀ ਕੀਤੀ। ਉਸ ਨੇ ਇਕ ਪੁਸਤਕ ‘ਐਵੋਲਿਊਸ਼ਨ ਆਫ ਲਾਈਫ’ ਲਿਖਵਾਈ ਜਿਸ ਵਿਚ ਵਿਸ਼ਵ ਪ੍ਰਸਿੱਧ ਵਿਗਿਆਨੀ ਦੇ ਜੀਵਨ ਦੀ ਉਤਪਤੀ ਤੇ ਵਿਕਾਸ ਸੰਬੰਧੀ ਲੇਖ ਹਨ। ਚੰਡੀਗੜ੍ਹ ਵਿਚ ਉਸ ਨੇ ਵਿਗਿਆਨ ਤੇ ਕਲਾ ਦਾ ਮਿਊਜ਼ੀਅਮ ਬਣਵਾਇਆ। ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹੁੰਦਿਆਂ ਉਥੇ ਪੰਜਾਬੀ ਸਭਿਆਚਾਰ ਦਾ ਅਜਾਇਬ ਘਰ ਬਣਵਾਇਆ। ਉਸ ਦਾ ਇਕ ਹੋਰ ਉੱਦਮ ਪੰਜਾਬ ਆਰਟਸ ਕੌਂਸਲ ਦੀ ਸਥਾਪਨਾ ਅਤੇ ਕਲਾ ਭਵਨ (ਸੈਕਟਰ 16, ਚੰਡੀਗੜ੍ਹ) ਦੀ ਉਸਾਰੀ ਸੀ। ਇਸ ਕਲਾ ਪ੍ਰੀਸ਼ਦ ਦੇ ਤਿੰਨ ਵਿੰਗ ਹਨ: ਸੰਗੀਤ-ਨਾਟਕ ਅਕਾਦਮੀ, ਸਾਹਿਤ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ। ਡਾ. ਰੰਧਾਵਾ ਦਾ ਸੰਕਲਪ ਸੀ ਕਿ ਜਦੋਂ ਪੰਜਾਬ ਦੇ ਹਰ ਵੰਨਗੀ ਦੇ ਕਲਾਕਾਰ, ਸਾਹਿਤਕਾਰ ਤੇ ਅਦਾਕਾਰ ਇਕ ਥਾਂ ਜੁੜ ਕੇ ਬੈਠਿਆ ਕਰਨਗੇ ਤਾਂ ਪੰਜਾਬੀਆਂ ਦੀ ਕਲਾਤਮਕ ਪ੍ਰਤਿਭਾ ਨੇ ਖਿੜਨ ਲਈ ਸਾਵਾਂ ਮਾਹੌਲ ਮਿਲੇਗਾ। ਇਸੇ ਲਈ ਪੰਜਾਬ ਵਿਚ ਪਿੰਡ-ਪਿੰਡ ਲਾਇਬ੍ਰੇਰੀਆਂ ਬਣਾਉਣ ਦੀ ਸਕੀਮ ਚਲਾਈ ਸੀ ਤਾਂ ਕਿ ਲੋਕ ਪੜ੍ਹ ਲਿਖ ਕੇ ਅੰਧ-ਵਿਸ਼ਵਾਸ ਦੇ ਹਨੇਰੇ ਵਿਚੋਂ ਨਿਕਲ ਸਕਣ। ਚੰਡੀਗੜ੍ਹ ਦੀ ਨਿਰਮਾਣਕਾਰੀ ਅਤੇ ਖੇਤੀਬਾੜੀ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ਤਕ ਲਿਜਾਣ ਲਈ ਰੰਧਾਵੇ ਦੀਆਂ ਦੂਰ ਦ੍ਰਿਸ਼ਟੀ ਵਾਲੀਆਂ ਸਕੀਮਾਂ ਰਾਸ ਆਈਆਂ ਹਨ।
ਕਦੇ-ਕਦੇ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਇਕੱਲਾ ਬੰਦਾ ਇੰਨੇ ਕੰਮ ਕਿਵੇਂ ਕਰ ਸਕਦਾ ਹੈ? ਇਸ ਸਵਾਲ ਦਾ ਜੇ ਉੱਤਰ ਲੱਭਣਾ ਹੋਵੇ ਤਾਂ ਉਸ ਦੀ ਸਵੈ-ਜੀਵਨੀ ਵਾਰ-ਵਾਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਸਾਡਿਆਂ ਸਮਿਆਂ ਵਿਚ ਏਡੀ ਕੱਦਾਵਰ ਸ਼ਖ਼ਸੀਅਤ ਵਾਲਾ ਬੰਦਾ ਕਿਵੇਂ ਸਿਦਕ, ਸਿਰੜ ਅਤੇ ਮਿਹਨਤ ਦੇ ਜ਼ੋਰ ਉਸਾਰਿਆ। ਜ਼ਿੰਦਗੀ ਦੀ ਉਸਾਰੀ ਦਾ ਦੂਜਾ ਨਾਂ ਹੈ ਮਹਿੰਦਰ ਸਿੰਘ ਰੰਧਾਵਾ। ਸੰਤ ਸਿੰਘ ਸੇਖੋਂ ਨੇ ਠੀਕ ਹੀ ਕਿਹਾ ਹੈ, “ਨਹੀਂ ਹੋਣਾ ਰੰਧਾਵੇ ਵਰਗਾ ਕੋਈ ਹੋਰ।”