ਲਾਲਚ ਤਾਂ ਥੋੜ੍ਹਾ ਵੀ ਬੁਰਾ

ਅੰਮ੍ਰਿਤ ਕੌਰ ਸ਼ੇਰਗਿੱਲ
‘ਹੈਲੋ’
‘ਹਾਂ ਬਾਈ ਕੌਣ ਬੋਲਦੈ?’ ਬੰਤੋ ਨੇ ਪੁੱਛਿਆ।
‘ਮੈਂ ਫਲਾਣੀ ਕੰਪਨੀ ਦੇ ਦਫ਼ਤਰ ਵਿਚੋਂ ਬੋਲ ਰਿਹਾ ਹਾਂ। ਆਪ ਜੀ ਨੂੰ ਇਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ। ਮੈਮ! ਇਹ ਸਿਰਫ ਤੁਹਾਡੇ ਲੱਕੀ ਨੰਬਰ `ਤੇ ਹੀ ਆਈ ਹੈ ਜੀ।’

‘ਮੈਨੂੰ ਨਹੀਂ ਸਮਝ ਲੱਗਦੀ ਭਾਈ ਕੀ ਕਹਿ ਰਿਹੈਂ ਤੂੰ।’ ਬੰਤੋ ਨੂੰ ਗੱਲ ਸਮਝ ਨਹੀਂ ਸੀ ਆ ਰਹੀ।
‘ਪਲੀਜ਼ ਫੋਨ ਨਾ ਕੱਟਿਓ… ਤੁਹਾਡੇ ਫਾਇਦੇ ਦੀ ਗੱਲ ਹੈ।’ ਫੋਨ ਕਰਨ ਵਾਲੇ ਨੇ ਕਿਹਾ।
‘ਸਾਡੇ ਫਾਇਦੇ ਦੀ? …ਕਿਵੇਂ ਭਾਈ?’ ਫਾਇਦੇ ਦੀ ਗੱਲ ਸੁਣ ਕੇ ਬੰਤੋ ਨੇ ਫੋਨ ਨਾ ਕੱਟਿਆ।
‘ਮੇਰੀ ਗੱਲ ਧਿਆਨ ਨਾਲ ਸੁਣਨਾ, ਤੁਸੀਂ ਸਿਰਫ ਫੋਨ ਸੁਣਨਾ ਹੈ… ਜੋ ਤੁਹਾਡੇ ਫੋਨ `ਤੇ ਆਵੇਗਾ, ਤੁਹਾਡੇ ਫੋਨ ਵਿਚ ਪੈਸੇ ਅਸੀਂ ਪਵਾ ਦਿਆ ਕਰਾਂਗੇ ਤੁਸੀਂ ਸਿਰਫ ਗੱਲ ਸੁਣਨੀ ਹੋਇਆ ਕਰੇਗੀ?’
‘ਅਸੀਂ ਤਾਂ ਭਾਈ ਬਾਹਰਲੇ ਦੇਸ਼ ਵੀ ਗੱਲ ਕਰਨੀ ਹੁੰਦੀ ਹੈ…।’
ਬੰਤੋ ਨੇ ਸੋਚਿਆ ਕਿਤੇ ਭਾਈ ਬਾਅਦ ਵਿਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ। ਉਸ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਆਵਾਜ਼ ਆਈ।
‘ਜੋ ਵੀ ਤੁਹਾਡਾ ਮੋਬਾਈਲ ਖਰਚਾ ਹੋਵੇਗਾ ਅਸੀਂ ਦਿਆ ਕਰਾਂਗੇ।’ ਭਾਈ ਨੇ ਕਾਫ਼ੀ ਗੱਲਾਂ ਬੰਤੋ ਨੂੰ ਸਮਝਾਈਆਂ।
‘ਠੀਕ ਐ ਭਾਈ…।’
ਬੰਤੋ ਖੁਸ਼ੀ ਨਾਲ ਹੁੱਬ ਕੇ ਬੋਲੀ।
‘ਸ਼ੁਕਰੀਆ ਜੀ।’ ਕਹਿ ਕੇ ਭਾਈ ਨੇ ਫੋਨ ਕੱਟ ਦਿੱਤਾ।
ਬੰਤੋ ਸੋਚ ਰਹੀ ਸੀ ਘਰੇ ਬੈਠੇ ਬਿਠਾਏ ਚਲੋ ਉਸ ਨੇ ਮੋਬਾਈਲ ਦਾ ਖਰਚਾ ਤਾਂ ਘੱਟ ਕੀਤਾ।
‘ਕਿਸੇ ਕੌਂਪਨੀ ਆਲ਼ੇ ਭਾਈ ਦਾ ਫੋਨ ਤੀ… ਕਹਿੰਦਾ ਆਪੇ ਪੈਸੇ ਪਵਾਊਂ ਥੋਡੇ ਫੋਨ ‘ਚ… ਬਸ ਤੁਸੀਂ ਘੜੀ ਦੀ ਘੜੀ ਗੱਲ ਸੁਣਨੀ ਐ… ਜਿੰਨੀ ਵਾਰੀ ਫੋਨ ਆਊਗਾ ਤੁਸੀਂ ਚੁੱਕਣਾ… ਬਸ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਐ।’ ਉਹ ਨੂੰਹ ਨੂੰ ਦੱਸਣ ਲੱਗੀ।
‘ਬੇਬੇ ਕੋਈ ਹੋਰ ਨਾ ਪੰਗਾ ਪਾ ਲਈਂ।’ ਨੂੰਹ ਬੋਲੀ।
‘ਤੂੰ ਤਾਂ ਬਾਰਾਂ ਪੜ੍ਹ ਕੇ ਵੀ ਅਨਪੜ੍ਹਾਂ ਵਰਗੀ ਹੀ ਰਹੀ।’ ਬੰਤੋ ਨੇ ਨੂੰਹ ਦੀ ਗੱਲ `ਤੇ ਮੂੰਹ ਜਿਹਾ ਮਰੋੜ ਕੇ ਆਖਿਆ। ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਆਪਣੀ ਸਿਆਣਪ `ਤੇ ਉਸ ਨੂੰ ਫਖ਼ਰ ਮਹਿਸੂਸ ਹੋ ਰਿਹਾ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ, ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿਚ ਪੈਸੇ ਪਵਾਉਣ ਦੀ ਲੋੜ ਨਹੀਂ… ਉਸ ਨੇ ਇੰਤਜ਼ਾਮ ਕਰ ਲਿਆ।
ਬੰਤੋ ਅਜੇ ਸੋਚ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ, ਉਹ ਇਕਦਮ ਤ੍ਰਭਕ ਗਈ। ਉਸ ਨੇ ਫਿਰ ਚੰਗੀ ਤਰ੍ਹਾਂ ਕੰਨ ਨੰਗੇ ਕਰ ਕੇ ਫੋਨ ਕੰਨ ‘ਤੇ ਲਾਇਆ ਤੇ ਪਿਆਰ ਨਾਲ ‘ਹੈਲੋ’ ਕਿਹਾ।
‘ਆਪ ਕਾ ਨਾਮ ਕਿਆ ਹੈ…?’ ਅੱਗੋਂ ਆਵਾਜ਼ ਆਈ।
‘ਜੀ ਮੇਰਾ ਨਾਮ…।’ ਬੰਤੋ ਚੁੱਪ ਕਰ ਗਈ ਤੇ ਸੋਚਣ ਲੱਗੀ…ਵਿਆਹ ਵੇਲੇ ਉਸ ਦਾ ਨਾਂ ਕੁਲਵੰਤ ਸੀ ਬੰਤੋ ਤਾਂ ਬਾਅਦ ਵਿਚ ਕਹਿਣ ਲੱਗ ਪਏ ਸੀ।
‘ਆਪ ਕੁਛ ਬੋਲ ਕਿਉਂ ਨਹੀਂ ਰਹੇ?’
‘ਜੀ ਕੁਲਵੰਤ …।’
‘ਵਾਓ!… ਕਿਤਨਾ ਸੁੰਦਰ, ਕਿਤਨਾ ਪਿਆਰਾ ਨਾਮ ਹੈ ਆਪ ਕਾ।’ ਬੰਤੋ ਦੀਆਂ ਲੱਤਾਂ ਕੰਬਣ ਲੱਗ ਪਈਆਂ ਏਨੇ ਪਿਆਰ ਨਾਲ ਤਾਂ ਕਦੇ ਦੀਪੇ ਦੇ ਬਾਪੂ ਨੇ ਵੀ ਉਸ ਦੇ ਨਾਂ ਦੀ ਤਾਰੀਫ਼ ਨਹੀਂ ਸੀ ਕੀਤੀ।
‘ਕਾਮ ਕਿਆ ਕਰਤੇਹੋ ?’
‘ਕੰਮ ਤਾਂ ਭਾਈ ਘਰ ਦਾ ਸਾਰਾ ਹੀ ਕਰਦੀ ਆਂ। ਮੈਂ ਲੋਕਾਂ ਦੀਆਂ ਬੁੜ੍ਹੀਆਂ ਆਂਗੂੰ ਨੂੰਹ ਦੇ ਸਿਰ `ਤੇ ਨਹੀਂ ਛੱਡਦੀ ਸਾਰਾ ਕੰਮ। ਧਾਰਾਂ ਵੀ ਆਪ ਕੱਢਦੀਆਂ, ਗੋਹਾ ਕੂੜਾ ਵੀ ਸਿੱਟ ਦਿੰਨੀ ਆਂ…।’ ਕੰਮ ਗਿਣਾਉਂਦਿਆਂ ਬੰਤੋ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅਗਲੇ ਨੇ ਫੋਨ ਕੱਟ ਦਿੱਤਾ। ਸੋਚ ਰਹੀ ਸੀ ‘ਕਿੰਨਾ ਮਿੱਠਾ ਬੋਲਦੇ ਨੇ ਲੋਕ। ਸਾਡੇ ਵਾਲਿਆਂ ਨੂੰ ਤਾਂ ਪਿਆਰ ਨਾਲ ਬੋਲਣਾ ਈ ਨ੍ਹੀਂ ਆਉਂਦਾ… ਉੱਖੜੇ ਕੁਹਾੜੇ ਆਂਗੂੰ ਪੈਂਦੇ ਨੇ।’ ਬੰਤੋ ਨੇ ਫਹੁੜਾ ਚੁੱਕਿਆ, ਮੱਝਾਂ ਦਾ ਗੋਹਾ ਹਟਾਉਣ ਲੱਗੀ। ਘੰਟੀ ਫਿਰ ਵੱਜੀ ਨੂੰਹ ਨੇ ਫ਼ੋਨ ਚੁੱਕਿਆ।
‘ਹੈਲੋ… ਜੀ ਆਪ ਕਾ ਨਾਮ ਕਿਆ ਹੈ?’ ਫੋਨ ਕਰਨ ਵਾਲੇ ਨੇ ਪੁੱਛਿਆ।
‘ਤੂੰ ਨਾਮ ਤੋਂ ਕੀ ਲੈਣਾ ਵੀਰੇ… ਗੱਲ ਕੀਹਦੇ ਨਾਲ ਕਰਨੀ ਐ ਉਹ ਦੱਸ?’ ਨੂੰਹ ਨੇ ਆਖਿਆ।
‘ਵੀਰਾ ਨਹੀਂ ਸਿਰਫ ਫਰੈਂਡ…। ‘ ਅੱਗੋਂ ਅਵਾਜ਼ ਆਈ।
ਵਹੁਟੀ ਨੇ ਫੋਨ ਕੱਟ ਦਿੱਤਾ ਤੇ ਗੁੱਸੇ ਵਿਚ ਬੁੜ ਬੁੜ ਕਰਦੀ ਰਹੀ… .ਲੱਗਦਾ ਫਰੈਂਡ ਦਾ… ਲੱਤਾਂ ਤੁੜਵਾਉਣੀਆਂ ਹੋਣਗੀਆਂ…।’
‘ਕੀ ਹੋ ਗਿਆ ਕੁੜੇ ਤੈਨੂੰ?’ ਬੰਤੋ ਨੂੰਹ ਨੂੰ ਬੁੜਬੁੜ ਕਰਦਿਆਂ ਦੇਖ ਕੇ ਪੁੱਛਣ ਲੱਗੀ।
‘ਹੋਣਾ ਕੀ ਐ… ਕਿਸੇ ਦਾ ਫ਼ੋਨ ਆਇਆ ਸੀ, ਮੇਰਾ ਨਾਂ ਪੁੱਛਦਾ ਸੀ ਟੁੱਟ ਪੈਣਾ…।
‘ਫੇਰ ਤਾਂ ਮੇਰਾ ਫੋਨ ਹੋਊ।’ ਬੰਤੋ ਨੇ ਕਿਹਾ।
‘ਤੂੰ ਬੇਬੇ ਐਹੋ ਜੇ ਫੋਨ ਸੁਣਦੀ ਐਂ?
‘ਨਾ ਨਾ ਮੈਂ ਕਾਹਨੂੰ ਸੁਣਦੀਆਂ।’ ਕਹਿ ਕੇ ਬੰਤੋ ਕੰਮ ਕਰਨ ਜਾ ਲੱਗੀ। ਫੋਨ ਦੀ ਘੰਟੀ ਫਿਰ ਵੱਜੀ ਪੋਤੇ ਨੇ ਫ਼ੋਨ ਚੁੱਕਿਆ। ਉਹ ਕਾਫ਼ੀ ਸਮਾਂ ਗੱਲਾਂ ਕਰਦਾ ਰਿਹਾ। ਬੰਤੋ ਨੇ ਪੁੱਛਿਆ, ‘ਕੀਹਦਾ ਫੋਨ ਐ?’
ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜ੍ਹੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾਂ ਮਾਰਨ ਲੱਗ ਪਿਆ ਕੁੜੀ ਨੂੰ ਫੋਨ ਜਾ ਫੜਾਇਆ।
ਮਾਂ ਨੇ ਪੁੱਛਿਆ, ‘ਉਹਦੀ ਸਹੇਲੀ ਦਾ ਫੋਨ ਤੀ ਵੇ?’
‘ਪਤਾ ਨਹੀਂ ਸਾਰਿਆਂ ਬਾਰੇ ਪੁੱਛ ਕੇ ਕਹਿੰਦਾ ਤੇਰੀ ਦੀਦੀ ਨਾਲ ਗੱਲ ਕਰਾ।’
ਮਾਂ ਨੇ ਮੱਥੇ `ਤੇ ਹੱਥ ਮਾਰਿਆ ਤੇ ਕੁੜੀ ਵੱਲ ਭੱਜੀ। ਕੁੜੀ ਤੋਂ ਫੋਨ ਖੋਹ ਲਿਆ। ਕੁੜੀ ਘਬਰਾਈ ਜਿਹੀ ਆਵਾਜ਼ ਵਿਚ ਬੋਲੀ, ‘ ਮੰਮੀ! ਪਤਾ ਨ੍ਹੀਂ ਕੀਹਦਾ ਫੋਨ ਫੜਾ ਗਿਆ ਮੈਨੂੰ।’
‘ਗਲਤ ਫੋਨ ਆਉਂਦੇ ਨੇ ਪੁੱਤ… ਆਪਣੇ ਨੰਬਰ `ਤੇ, ਤੂੰ ਨਾ ਚੱਕਿਆ ਕਰ।’
ਅੱਧੇ ਕੁ ਘੰਟੇ ਬਾਅਦ ਫੋਨ ਫੇਰ ਨੂੰਹ ਨੇ ਚੁੱਕਿਆ,
‘ਜੀ ਕੁਲਵੰਤ ਜੀ ਸੇ ਬਾਤ ਕਰਵਾਈਏ ਪਲੀਜ਼।’ ਨੂੰਹ ਨੇ ਬੰਤੋ ਨੂੰ ਪੁੱਛਿਆ, ‘ਬੇਬੇ ਆਪਣੇ ਕੁਲਵੰਤ ਕੌਣ ਐ?’
ਬੰਤੋ ਨੇ ਫੋਨ ਫੜ ਕੇ ‘ਹੈਲੋ’ ਕਿਹਾ।
‘ਆਪ ਕੁਲਵੰਤ ਜੀ ਬੋਲ ਰਹੇ ਹੋ?’
‘ਹਾਂ ਜੀ’
‘ਆਪ ਕੋ ਹਿੰਦੀ ਬੋਲਨੀ ਨਹੀਂ ਆਤੀ’ ਭਾਈ ਨੇ ਕਿਹਾ।
‘ਘੱਟ ਆਤੀ ਹੈ ਜੀ।’
‘ਚਲੋ ਮੈਂ ਪੰਜਾਬੀ ਮੇਂ ਹੀ ਬਾਤ ਕਰੂੰਗਾ…. ਕੁਲਵੰਤ ਜੀ, ਤੁਹਾਡਾ ਨਾਮ ਬਹੁਤ ਪਿਆਰਾ ਹੈ। ਲੱਗਦਾ ਹੈ ਜਿੰਨਾ ਪਿਆਰਾ ਨਾਮ ਹੈ, ਇੰਨੇ ਹੀ ਪਿਆਰੇ ਤੁਸੀਂ ਹੋਵੋਗੇ।’ ਬੰਤੋ ਫਿਰ ਸੋਚਣ ਲੱਗੀ…. ਮਨਾਂ ਤੇਰੀ ਤਾਂ ਕਦੇ ਕਿਸੇ ਨੇ ਕਦਰ ਈ ਨ੍ਹੀਂ ਪਾਈ, ਇੰਨੇ ਪਿਆਰ ਨਾਲ ਸਾਰੀ ਉਮਰ ਊਈਂ ਨੀ ਕਦੇ ਕਿਸੇ ਨੇ ਗੱਲ ਕੀਤੀ। ਐਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ ਹਜ਼ਮ ਨਹੀਂ ਸੀ ਹੋ ਰਿਹਾ ਲੱਗਦਾ। ਉਸ ਨੂੰ ਲੱਗਿਆ ਜਿਵੇਂ ਉਸ ਦੇ ਢਿੱਡ ਵਿਚ ਵੱਟ ਜਿਹੇ ਪੈਂਦੇ ਹੋਣ।
‘ਹੈਲੋ…ਹੈਲੋ…. ਕੁਲਵੰਤ ਜੀ ਮੇਰੀ ਗੱਲ ਸੁਣ ਰਹੇ ਓ ਨਾ?
‘ਹਾਂ ਜੀ, ਹਾਂ ਜੀ।’ ਉਹ ਜਿਵੇਂ ਕਿਸੇ ਨੀਂਦ ਵਿਚੋਂ ਜਾਗੀ ਹੋਵੇ। ‘ਹਾਏ ਰੱਬਾ ..ਕੁਲਵੰਤ ਜੀ… ਕਹਿ ਕੇ ਬੋਲ ਰਿਹੈ ਭਾਈ। ਕਿੰਨੀ ਮਿੱਠੀ ਬੋਲੀ।’ ਉਹ ਸੋਚ ਰਹੀ ਸੀ।
‘ਕੁਲਵੰਤ ਜੀ, ਤੁਸੀਂ ਵੀ ਕੁਛ ਕਹੋ। ਮੈਂ ‘ਕੱਲਾ ਹੀ ਬੋਲ ਰਿਹਾਂ। ਕੋਈ ਜਵਾਬ ਦਿਓ… ਕਿਹੜੀ ਕਲਾਸ ਵਿਚ ਪੜ੍ਹਦੇ ਓ। ਤੁਹਾਡੀ ਪੜ੍ਹਾਈ ਕਿੰਨੀ ਕੁ ਐ?’
‘ਪੜ੍ਹਾਈ ਤਾਂ ਮੇਰੇ ਬੇਬੇ ਦਸਦੀ ਹੁੰਦੀ ਸੀ, ਮੇਰਾ ਬਾਪੂ ਮੈਨੂੰ ਮੋਢਿਆਂ `ਤੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਸੀ। ਇਕ ਵਾਰੀ ਐਹਾ ਜਾ ਗੋਡੇ `ਤੇ ਫੋੜਾ ਨਿਕਲਿਆ। ਇਕ ਮਹੀਨਾ ਸੂਤ ਨ੍ਹੀਂ ਆਇਆ… ਮੁੜ ਕੇ ਬਾਪੂ ਨੇ ਸਕੂਲ ਨ੍ਹੀਂ ਜਾਣ ਦਿੱਤਾ… ਬਾਹਲ਼ੀ ਲਾਡਲੀ ਤੀ ਮੈਂ ਮੇਰੇ ਪਿਉ ਨੂੰ।’ ਉਹ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਉਸ ਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸਿਓਂ ਫ਼ੋਨ ਕੱਟ ਦਿੱਤਾ ਗਿਆ।
ਦੋ ਕੁ ਵਾਰ ਹੋਰ ਫੋਨ ਆਇਆ ਬੰਤੋ ਦਾ ਜੀਅ ਕਾਹਲਾ ਪੈਣ ਲੱਗ ਪਿਆ। ਐਨੀਆਂ ਕਿੰਨੀਆਂ ਕੁ ਗੱਲਾਂ ਕਰ ਸਕਦਾ ਕੋਈ। ਸ਼ਾਮ ਤਕ ਬੰਤੋ ਨੇ ਹੀ ਫੋਨ ਚੁੱਕੇ… ਕੋਈ ਉਮਰ ਪੁੱਛੇ… ਕੋਈ ਪੜ੍ਹਾਈ ਪੁੱਛੇ… ਕੋਈ ਨੌਕਰੀ ਬਾਰੇ… ਕੋਈ ਪਰਿਵਾਰ ਦੇ ਮੈਂਬਰਾਂ ਬਾਰੇ…। ਕੋਈ ਪਸੰਦ ਦੀ ਫਿਲਮ, ਕੋਈ ਗਾਣੇ। ਨੂੰਹ ਨੇ ਚੇਤੇ ਕਰਾਇਆ ਕਿ ਬਾਪੂ ਖੇਤੋਂ ਘਰ ਨਹੀਂ ਆਇਆ। ਬੰਤੋ ਨੇ ਦੇਖਿਆ ਚਾਰ ਵੱਜਣ ਵਾਲੇ ਸੀ ਤੇ ਡੇਢ ਦੋ ਵਜੇ ਉਸ ਦੇ ਘਰ ਵਾਲਾ ਘਰੇ ਗੇੜਾ ਮਾਰਦਾ ਹੁੰਦਾ ਚਾਹ-ਰੋਟੀ ਲਈ।
‘ਤੂੰ ਹੁਣ ਦੱਸਦੀ ਐਂ…… ਫੂਨ ਕਰਕੇ ਨ੍ਹੀਂ ਪੁੱਛ ਸਕਦੀ ਸੀ?
‘ਫੋਨ ਤਾਂ ਸਾਰਾ ਦਿਨ ਵਿਹਲਾ ਨ੍ਹੀਂ ਹੋਇਆ ਅੱਜ।’ ਨੂੰਹ ਨੇ ਜਵਾਬ ਸੁਣਾਇਆ। ਬੰਤੋ ਨੇ ਫੋਨ ਫੜਾਉਂਦਿਆਂ ਕਿਹਾ, ‘ਹੁਣ ਲਾ ਕੇ ਪੁੱਛ ਕਿਉਂ ਨ੍ਹੀਂ ਆਇਆ?’ ਨੂੰਹ ਨੇ ਨੰਬਰ ਮਿਲਾ ਕੇ ਬੰਤੋ ਨੂੰ ਫੜਾ ਦਿੱਤਾ।
ਬੰਤੋ ਦੇ ਮੂੰਹੋਂ ਹੌਲੀ ਕੁ ਦੇਣੇ ‘ਹੈਲੋ’ ਨਿਕਲਿਆ।
‘ਕੌਣ ਬੋਲਦੈ?’ ਅੱਗੋਂ ਆਵਾਜ਼ ਆਈ।
‘ਮੈਂ ਕੁਲਵੰਤ…। ਬੰਤੋ ਸਵੇਰ ਦੀ ਮਿੱਠਾ ਬੋਲਦੀ ਬੋਲਦੀ ਭੁੱਲ ਚੁੱਕੀ ਸੀ ਕਿ ਪਰਿਵਾਰ ਵਾਲੇ ਉਸ ਦੀ ਅਸਲੀ ਆਵਾਜ਼ ਹੀ ਪਛਾਣਦੇ ਨੇ।
‘ਕਿਹੜੀ ਕੁਲਵੰਤ?’
‘ਬੰਤੋ ਬੋਲਦੀ ਆਂ ਮੈਂ।’ ਉਹ ਉੱਚੀ ਦੇਣੇ ਬੋਲੀ।
‘ਹੈਂਅ… ਬੋਲ ਤਾਂ ਮਰੀ ਜ੍ਹੀ ‘ਵਾਜ ਕਿਉਂ ਕੱਢਦੀ ਐਂ। ਪੰਜਾਹ ਫੋਨ ਕਰਤੇ ਹੋਣਗੇ…। ਚਾਹ ਖੇਤ ਮੰਗਵਾਉਣੀ ਸੀ। ਮੋਟਰਾਂ ਆਲੀ ਲੈਟ ਆਈ ਹੋਈ ਐ।’
‘ਹੁਣ ਫੇਰ…?’
‘ਆ ਰਿਹਾਂ ਹੁਣ ਘਰੇ।’
ਬੰਤੋ ਨੇ ਆਪਣੇ ਆਪ ਨੂੰ ਕਿਹਾ, ‘ਨਪੁੱਤੇ ਦੀਏ ਕਿਧਰ ਉਲਝਗੀ ਤੂੰ। ਉਹ ਵਿਚਾਰਾ ਭੁੱਖਣ ਭਾਣਾ ਖੇਤ ਕੰਮ ਕਰਦਾ ਫਿਰਦੈ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਐਂ… ਜਿਨ੍ਹਾਂ ਨਾਲ ਜਾਣ ਨਾ ਪਛਾਣ… ਘਰ ਦਾ ਭੇਤ ਤਾਂ ਊਈਂ ਨੀਂ ਦਈਂਦਾ ਕਿਸੇ ਨੂੰ… ਤੂੰ ਕਿਉਂ ਬੌਲ਼ ਮੱਧ ਲਿਆ। ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ, ਉਹ ਗਾਲ਼ਾਂ ਦਿਊ। ਦੀਪੇ ਨੂੰ ਪਤਾ ਲੱਗ ਗਿਆ ਉਹ ਔਖਾ ਹੋਊ।’ ਉਸ ਦਾ ਸਾਰਾ ਜੋਸ਼ ਠੰਢਾ ਪੈ ਗਿਆ। ਮੁੰਡਾ ਕਿਸੇ ਕੰਮ ਸ਼ਹਿਰ ਗਿਆ ਸੀ, ਆ ਕੇ ਉਹ ਲੜਨ ਵਰਗਾ ਹੋ ਗਿਆ ਕਿ ਉਸ ਨੇ ਐਨੇ ਵਾਰੀ ਫੋਨ ਲਾਇਆ… ਬਿਜ਼ੀ ਆਈ ਜਾਂਦਾ ਸੀ।… ‘ਕੀਹਦੇ ਨਾਲ ਗੱਲੀਂ ਲੱਗੀਆਂ ਸੀ।’ ਨੂੰਹ ਨੇ ਬੇਬੇ ਵੱਲ ਦੇਖਿਆ, ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੂੰਹ ਵੀ ਚੁੱਪ ਹੀ ਰਹੀ। ਐਨੇ ਨੂੰ ਬਾਪੂ ਘਰੇ ਆ ਗਿਆ। ਉਹ ਆ ਕੇ ਬੰਤੋ ਦੇ ਗਲ਼ ਪੈ ਗਿਆ। ਬੰਤੋ ਨੂੰ ਸਮਝ ਨਾ ਆਵੇ ਕਿ ਕੀ ਕਹੇ ਅਤੇ ਕੀ ਕਰੇ। ਫੋਨ ਦੀ ਘੰਟੀ ਫੇਰ ਵੱਜਣੀ ਸ਼ੁਰੂ ਹੋ ਗਈ। ਬੰਤੋ ਨੇ ਫੋਨ ਚੁੱਕ ਕੇ ਲਾਲ ਨਿਸ਼ਾਨ ਵਾਲਾ ਬਟਨ ਦਬਾ ਦਿੱਤਾ। ਥੋੜ੍ਹੀ ਦੇਰ ਬਾਅਦ ਫੇਰ ਘੰਟੀ ਵੱਜਣ ਲੱਗੀ। ਬੰਤੋ ਫੋਨ ਚੁੱਕ ਕੇ ਗੁਆਂਢੀਆਂ ਦੇ ਕਾਲਜ ਪੜ੍ਹਦੇ ਮੁੰਡੇ ਕੋਲ ਲੈ ਕੇ ਚਲੀ ਗਈ। ਮੁੰਡੇ ਨੇ ਬਥੇਰਾ ਮੱਥਾ ਮਾਰਿਆ। ਫੋਨ ਆਉਣੇ ਬੰਦ ਨਾ ਹੋਏ ਪਰ ਮੁੰਡੇ ਨੇ ਘੰਟੀ ਦੀ ਅਵਾਜ਼ ਘਟਾ ਦਿੱਤੀ।
ਜਦੋਂ ਬੰਤੋ ਘਰੇ ਵਾਪਸ ਆਈ ਤਾਂ ਉਸ ਦੇ ਪਤੀ ਨੇ ਆਖਿਆ, ‘ਕੁਲਵੰਤ ਕੁਰੇ ਕਿੰਨੇ ਪੈਸੇ ਪਵਾਉਣਗੇ ਤੇਰੇ ਕੌਂਪਨੀ ਵਾਲੇ।’ ਬੰਤੋ ਸਮਝ ਗਈ ਕਿ ਇਨ੍ਹਾਂ ਨੂੰ ਪਤਾ ਲੱਗ ਗਿਆ।
‘ਬਸ ਐਂ ਸੋਚ ਲਿਆ ਕਈ ਵਾਰੀ ਪੈਸੇ ਨ੍ਹੀਂ ਹੁੰਦੇ ਘਰੇਂ ਪਵਾਉਣ ਨੂੰ… ਆਪੇ ਪਾ ਦਿਆ ਕਰਨਗੇ।’ ਉਸ ਨੇ ਨਿੰਮੋਝੂਣੀ ਜਿਹੀ ਹੋ ਕੇ ਆਖਿਆ।
‘ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲੇ ਨ੍ਹੀਂ ਹੁੰਦੇ ਕੁਲਵੰਤ ਕੁਰੇ।’
‘ਲਿਆ ਬੇਬੇ… ਮੈਂ ਠੀਕ ਕਰਾ ਕੇ ਲਿਆਵਾਂ ਮੋਬਾਈਲਾਂ ਵਾਲੇ ਤੋਂ… ਉਹ ਠੀਕ ਕਰ ਦਿੰਦੇ ਹੁੰਦੇ ਨੇ… ਮੇਰੇ ਦੋਸਤ ਨੇ ਠੀਕ ਕਰਾਇਆ ਤੀ ਇਕ ਵਾਰੀ… ਉਨ੍ਹਾਂ ਦੇ ਘਰੇ ਵੀ ਬਾਹਲ਼ੇ ਫੋਨ ਆਉਂਦੇ ਤੀ।’ ਬੰਤੋ ਦੇ ਪੋਤੇ ਨੇ ਦੱਸਿਆ। ਬੰਤੋ ਦੇ ਸਾਹ ਵਿਚ ਸਾਹ ਆਇਆ। ਉਸ ਨੇ ਫੋਨ ਪੋਤੇ ਨੂੰ ਫੜਾਉਂਦਿਆਂ ਆਖਿਆ।
‘ਜਾਹ ਮੇਰਾ ਪੁੱਤ… ਪਰ ਛੇਤੀ ਆ ਜੀਂ।’
‘ਲਾਲਚ ਵਿਚ ਆ ਗਈ ਬੇਬੇ ਤਾਂ… ।’ ਦੀਪੇ ਨੇ ਮਾਂ ਨੂੰ ਮਖੌਲ ਜਿਹੇ ਨਾਲ ਆਖਿਆ।
‘ਦੋ-ਚਾਰ ਸੌ ਦਾ ਤਾਂ ਕਾਹਦਾ ਲਾਲਚ ਹੋਇਆ।’ ਬੰਤੋ ਨੇ ਕਿਹਾ।
‘ਬੇਬੇ! ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਅਈਂ ਫਸਾ ਲੈਂਦੇ ਨੇ। ਚੰਗੇ ਭਲੇ ਸਿਆਣੇ ਬਿਆਣਿਆਂ ਨੂੰ ਬੁੱਧੂ ਬਣਾ ਕੇ ਖ਼ਾਤਿਆਂ ਵਿਚੋਂ ਪੈਸੇ ਕੱਢ ਲੈਂਦੇ ਨੇ।’
‘ਲਾਲਚ ਤਾਂ ਥੋੜ੍ਹਾ ਜਿੰਨਾ ਵੀ ਬੁਰਾ ਹੁੰਦੈ। ਪਤਾ ਨ੍ਹੀਂ ਕਿੱਥੇ ਫਸਾ ਦੇ ਬੰਦੇ ਨੂੰ। ਚਲੋ ਚੰਗਾ ਹੋਇਆ ਕੁਲਵੰਤ ਕੁਰ ਨੂੰ ਛੇਤੀ ਹੀ ਪਤਾ ਲੱਗ ਗਿਆ।’
‘ਅੱਗੇ ਤੋਂ ਨੀਂ ਏਹੀ ਜੀ ਗਲਤੀ ਕਰਦੀ।’ ਉਸ ਨੇ ਕੰਨਾਂ ਨੂੰ ਫੜ ਕੇ ਖਿੱਚਦਿਆਂ ਆਖਿਆ, ‘ਇੱਕ …ਦੋ…ਤਿੰਨ।’
ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)