ਕਵਿਤਾ ਤੂੰ ਆ…ਪਰ ਇਸ ਤਰ੍ਹਾਂ ਆ

ਸੁਰਿੰਦਰ ਗੀਤ ਦੀ ਕਵਿਤਾ ਦਾ ਸਫ਼ਰ
ਸੁਰਜੀਤ ਪਾਤਰ
ਸੁਰਿੰਦਰ ਗੀਤ ਤੇਈ ਸਾਲਾਂ ਦੀ ਸੀ ਜਦੋਂ ਉਹ ਪਰਦੇਸਣ ਹੋ ਗਈ। ਉਹਨੂੰ ਆਪਣੇ ਪਿੰਡ ਬੀੜ ਰਾਉਕੇ ਤੋਂ ਹਜ਼ਾਰਾਂ ਮੀਲ ਦੂਰ ਕੈਲਗਰੀ ਜਾਣਾ ਪਿਆ। ਕਹਿਣ ਨੂੰ ਤਾਂ ਉਸਦਾ ਸਹੁਰਾ ਪਿੰਡ ਘੱਲ ਕਲਾਂ ਸੀ, ਜੋ ਉਸਦੇ ਪੇਕਿਆਂ ਤੋਂ ਮਸੀਂ ਚਾਲੀ ਕਿਲੋਮੀਟਰ ਦੂਰ ਹੈ ਪਰ ਉਸਦਾ ਵਰ ਗੁਰਬਖਸ਼ ਸਿੰਘ ਆਪ ਪਰਦੇਸੀ ਸੀ। ਸੋ ਵਸਣ ਲਈ ਉਸਦਾ ਸਹੁਰਾ ਕੈਲਗਰੀ ਬਣਿਆ।

ਬਹੁਤ ਸਾਰੀਆਂ ਪੰਜਾਬਣ ਮੁਟਿਆਰਾਂ ਤਕਰੀਬਨ ਏਸੇ ਉਮਰ ਵਿਚ ਪਰਦੇਸਣਾਂ ਹੁੰਦੀਆਂ ਹਨ। ਇਹ ਦੂਹਰਾ ਪਰਦੇਸ ਹੁੰਦਾ ਹੈ। ਦੂਸਰੇ ਘਰ ਜਾਣਾ ਤੇ ਦੂਸਰੇ ਦੇਸ ਵੀ ਜਾਣਾ। ਧੀਆਂ ਤਾਂ ਦੇਸ ਰਹਿੰਦੀਆਂ ਹੋਈਆਂ ਵੀ ਪਰਦੇਸਣਾਂ ਅਖਵਾਉਂਦੀਆਂ ਹਨ। ਖ਼ੌਰੇ ਕਿੰਨਾ ਕੁ ਪੁਰਾਣਾ ਲੋਕ ਗੀਤ ਹੈ : ਧੀ ਕਿਉਂ ਦਿੱਤੀ ਦੂਰੇ…ਉਦੋਂ ਦਰਿਆ“ਂ ਪਾਰ ਕੋਈ ਧੀ ਨਹੀਂ ਸੀ ਵਿਆਹੁੰਦਾ, ਹੁਣ ਸਮੁੰਦਰੋਂ ਪਾਰ ਇਕ ਮਿੱਟੀ ਵਿੱਚੋਂ ਖੱਗ ਕੇ ਬੂਟਾ ਦੂਜੀ ਮਿੱਟੀ ਵਿੱਚ ਲਾਉਣ ਵਾਲੀ ਗੱਲ ਹੁੰਦੀ ਹੈ। ਇਸ ਦੌਰਾਨ ਬੂਟੇ ਦੀਆਂ ਜੜ੍ਹਾਂ ਅਤੇ ਪੱਤਿਆਂ ਨਾਲ ਬਹੁਤ ਕੁਝ ਵਾਪਰਦਾ ਹੈ। ਫਿਰ ਬੂਟਿਆਂ ਦੀਆਂ ਕਿਸਮਾਂ ਵੀ ਹੁੰਦੀਆਂ ਹਨ।
ਸੁਰਿੰਦਰ ਦਾ ਵਜੂਦ ਬਹੁਤ ਸੰਵੇਦਨ ਵਾਲਾ ਬੂਟਾ ਹੈ, ਜੋ ਬਹੁਤ ਕੁਝ ਮਹਿਸੂਸ ਕਰਦਾ ਹੈ। ਇਸ ਦੌਰਾਨ ਉਸਨੇ ਆਪਣੇ ਜੀਵਨ ਸਾਥੀ ਗੁਰਬਖ਼ਸ਼ ਨੂੰ ਵੀ ਬਹੁਤ ਸੰਘਰਸ਼ ਕਰਦਿਆਂ ਦੇਖਿਆ, ਆਪ ਵੀ ਸੰਘਰਸ਼ ਕੀਤਾ। ਜੜ੍ਹਾਂ ਲੱਗੀਆਂ, ਫੁੱਲ ਫਲ ਲੱਗੇ, ਬੂਟੇ ਵਿਗਸੇ, ਬਾਗ ਬਗੀਚਾ ਖਿੜਿਆ। ਫਿਰ ਵੀ ਇਕ ਕਸਕ ਰਹਿ ਜਾਂਦੀ ਹੈ, ਜਿਹੜੀ ਹੁੰਦੀ ਤਾਂ ਸਾਰਿਆਂ ਧੀਆਂ-ਪੁੱਤਾਂ ਦੇ ਮਨਾਂ ਵਿਚ ਹੈ ਪਰ ਉਹਨੂੰ ਕਹਿਣ ਦੀ ਪ੍ਰਤਿਭਾ ਤੇ ਲਗਨ ਸਾਰਿਆਂ ਕੋਲ ਨਹੀਂ ਹੁੰਦੀ।
ਸੁਰਿੰਦਰ ਕੋਲ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਨ ਦੀ ਸੰਵੇਦਨਾ ਵੀ ਹੈ, ਸਪੱਸ਼ਟਤਾ ਨਾਲ ਸੋਚਣ ਦਾ ਸ਼ਊਰ ਵੀ ਤੇ ਬਿਆਨ ਕਰਨ ਦੀ ਭਾਸ਼ਾ ਅਤੇ ਕਲਾ ਸਮਰੱਥਾ ਵੀ। ਕਿਸੇ ਵੇਲੇ ਉਹ ਸਿਰਫ਼ ਅੱਥਰੂ ਕੇਰਦੀ ਹੁੰਦੀ ਸੀ, ਸ਼ੁਕਰ ਹੈ ਕਿ ਇਕ ਮੋੜ ਆਇਆ ਕਿ ਉਹ ਅੱਥਰੂਆਂ ਨੂੰ ਅੱਖਰਾਂ ਵਿਚ ਬਦਲਣ ਲੱਗੀ, ਇਸ ਨਾਲ ਉਸਦੀ ਸੋਚ ਅਤੇ ਸ਼ਖ਼ਸੀਅਤ ਵਿਚ ਨਿਖਾਰ ਆਇਆ ਤੇ ਉਹ ਸੁਰਿੰਦਰ ਗੀਤ ਬਣ ਗਈ।
ਉਸਨੇ ਕਵਿਤਾ ਸਿਰਜੀ ਤੇ ਨਾਲ ਨਾਲ ਉਸਦੀ ਕਵਿਤਾ ਨੇ ਉਸ ਨੂੰ ਸਿਰਜਿਆ।
ਕਵਿਤਾ ਕਵੀ ਲਈ ਪਨਾਹ ਵੀ ਹੁੰਦੀ ਹੈ, ਕਟਹਿਰਾ ਵੀ ਹੁੰਦੀ ਹੈ, ਦਰਗਾਹ ਵੀ ਹੁੰਦੀ ਹੈ। ਕਵਿਤਾ ਵਿਚ ਕਵੀ ਦੇ ਮਨ ਦੀਆਂ ਸਭ ਤੋਂ ਗਹਿਰੀਆਂ ਸੋਚਾਂ ਹੁੰਦੀਆਂ ਹਨ, ਦਿਲ ਦੇ ਸਭ ਤੋਂ ਗਹਿਰੇ ਅਹਿਸਾਸ ਹੁੰਦੇ ਹਨ। ਕਵੀ ਦੀ ਕਵਿਤਾ ਉਸਦੀ ਕਸ਼ੀਦ ਕੀਤੀ ਹੋਈ ਆਤਮ-ਕਥਾ ਵੀ ਹੁੰਦੀ ਹੈ ਤੇ ਉਸਦੇ ਸਮਿਆਂ ਦੀ ਧੜਕਣ ਵੀ।
ਸੁਰਿੰਦਰ ਦੀਆਂ ਨਜ਼ਮਾਂ, ਗੀਤਾਂ ਤੇ ਗ਼ਜ਼ਲਾਂ ਵਿਚ ਉਸਦੇ ਆਪਣੇ ਦੁਖ-ਸੁਖ ਵੀ ਸ਼ਾਮਲ ਹਨ ਤੇ ਦੇਸ਼ ਦੁਨੀਆ ਦਾ ਦਰਦ ਵੀ “ਨੀ ਹੀ ਸ਼ਿੱਦਤ ਨਾਲ ਸ਼ਾਮਿਲ ਹੈ। ਇਸ ਦੇਸ਼ ਦੁਨੀਆ ਵਿਚ ਉਹ ਧਰਤੀ ਵੀ ਸ਼ਾਮਿਲ ਹੈ ਜਿਥੇ ਉਹ ਇਸ ਵੇਲੇ ਵਸਦੀ ਹੈ ਤੇ ਉਹ ਧਰਤੀ ਵੀ ਸ਼ਾਮਿਲ ਹੈ, ਜਿਸ ’ਤੇ ਉਸਨੇ ਜਨਮ ਲਿਆ, ਅੱਖਾਂ ਖੋਲ੍ਹੀਆਂ, ਸੁਰਤ ਸੰਭਾਲੀ, ਸਕੂਲ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ, ਸਹੇਲੀਆਂ ਨਾਲ ਹਾਸੇ ਹੰਝੂ ਸਾਂਝੇ ਕੀਤੇ। ਫ਼ਸਲਾਂ, ਲੋਕਾਂ, ਰੁੱਖਾਂ, ਬਿਰਖਾਂ ਦਰਮਿਆਨ ਉਹ ਲੰਮ-ਸਲੰਮੀ ਸੱਧਰਾਂ ਸੁਪਨਿਆਂ ਭਰੀ ਮੁਟਿਆਰ ਹੋਈ ਤੇ ਨਾਲ ਹੀ ਪਰਦੇਸਣ ਹੋ ਗਈ।
ਹੁਣ ਉਹ ਕਦੀ ਕੈਲਗਰੀ ਦੀ ਸ਼ਾਮ ਤੋਂ ਪਿੰਡ ਦੀ ਸਵੇਰ ਨੂੰ ਫ਼ੋਨ ਕਰ ਕੇ ਆਪਣੇ ਦਿਲ ਲਈ ਪਹੁ-ਫੁਟਾਲਾ ਮੰਗਦੀ ਹੈ। ਕਦੀ ਕੈਲਗਰੀ ਦੀ ਸਵੇਰ ਤੋਂ ਆਪਣੇ ਪਿੰਡ ਦੀ ਸ਼ਾਮ ਨੂੰ ਫ਼ੋਨ ਕਰਕੇ ਚੇਤਨਾ ਦਾ ਚਾਨਣ ਭੇਜਦੀ ਹੈ। ਇਕ ਕਵਿਤਾ ਵਿਚ ਸੁਰਿੰਦਰ ਲਿਖਦੀ ਹੈ :

ਹਰ ਰੋਜ਼ ਮੈਨੂੰ
ਝਾਕ ਰਹਿੰਦੀ ਹੈ
ਕਿ ਵਤਨ ਵੱਲੋਂ
ਕੋਈ ਅਜਿਹੀ ਖ਼ਬਰ ਆਵੇਗੀ
ਜਿਸ ਵਿਚੋਂ ਮੈਨੂੰ
ਸਰ੍ਹੋਂ ਦੇ ਫੁੱਲਾਂ ਦੀ ਮਹਿਕ ਆਵੇਗੀ…

ਪਰ ਅਜੇਹਾ
ਕਦੇ ਨਹੀਂ ਹੁੰਦਾ
ਕਿਉਂਕਿ
ਵਤਨੋਂ ਆਉਂਦੀਆਂ ਖ਼ਬਰਾਂ
ਵੱਢੀ-ਖੋਰੀ
ਭ੍ਰਿਸ਼ਟਾਚਾਰੀ
ਬੇਰੁਜ਼ਗਾਰੀ
ਤੇ ਫ਼ਿਰਕਾਪ੍ਰਸਤੀ ਦੀਆਂ ਕਹਾਣੀਆਂ
ਰਾਜਨੀਤਕਾਂ ਦੀਆਂ
ਕੀਤੀਆਂ ਮਨਮਾਨੀਆਂ
ਇਕ ਦੂਜੇ ਨੂੰ ਕੱਢੀਆਂ ਗਾਲ੍ਹਾਂ
ਗ਼ਰੀਬਾਂ ਦਾ ਲਹੂ
ਖਰੀਦਣ ਤੇ ਵੇਚਣ ਦੀਆਂ ਚਾਲਾਂ

ਇਸ ਸਭ ਕੁਝ ਦਰਮਿਆਨ ਸੁਰਿੰਦਰ ਆਪਣੀ ਕਵਿਤਾ ਲਈ ਬਹੁਤ ਗੌਰਵ-ਭਰਿਆ ਸਾਰਥਕ ਰੋਲ ਚੁਣਦੀ ਹੈ :

ਕਵਿਤਾ ਤੂੰ ਆ
ਪਰ ਇਸ ਤਰ੍ਹਾਂ ਆ
ਕਿ ਤੇਰੇ ਆਉਣ ’ਤੇ
ਠੰਢੇ ਚੁੱਲ੍ਹਿਆਂ ’ਚ ਅੱਗ
ਬਲ ਪਵੇ

ਭੁੱਖ ਦੀ ਅੱਗ ਨੂੰ
ਠੱਲ੍ਹ ਪਵੇ
ਫੁੱਟਪਾਥਾਂ ’ਤੇ ਸੁੱਤਿਆਂ ਨੂੰ
ਘਰ ਮਿਲ ਜਾਵੇ
ਚੋਂਦੀਆਂ ਝੁੱਗੀਆਂ ‘ਤੇ
ਛੱਤ ਪਵੇ

ਨੰਗਿਆਂ ਨੂੰ
ਤਨ ਢੱਕਣ ਲਈ
ਕੱਪੜਾ ਮਿਲੇ
ਤੂੰ ਲੋਕ ਰਾਜ ਲਈ ਆਵਾਜ਼ ਬਣ ਕੇ ਆ
ਧਰਤੀ ’ਤੇ ਵਸਦੇ ਹਰ ਮਨੁੱਖ ਲਈ
ਮਨੁੱਖਾ ਜੂਨ ਬਣ ਕੇ ਆ
ਇਹ ਰੋਲ ਨਾ ਅਦਾ ਕਰ ਸਕਣ ਵਾਲੀ ਕਵਿਤਾ ਨੂੰ ਸੁਰਿੰਦਰ ਕਵਿਤਾ ਦਾ ਨਾਮ ਨਹੀਂ ਦੇਣਾ ਚਾਹੁੰਦੀ ਤੇ ਨਾ ਹੀ ਅਜਿਹੀ ਕਵਿਤਾ ਲਿਖਣ ਵਾਲੇ ਕਵੀ ਨੂੰ ਉਹ ਕਵੀ ਤਸਲੀਮ ਕਰਦੀ ਹੈ :
ਜੇ ਤੇਰੀ ਕਲਮ
ਸੱਤਾ ਦੇ ਤਖ਼ਤਾਂ ’ਤੇ ਬੈਠੇ ਲੋਕਾਂ ਦੇ
ਸੋਹਲੇ ਗਾਉਂਦੀ ਹੈ

ਹਰ ਬੇਇਨਸਾਫ਼ੀ, ਧੱਕੇਸ਼ਾਹੀ ਅਤੇ
ਲੁੱਟ ਖਸੁੱਟ ਨੂੰ ਨਜ਼ਰਅੰਦਾਜ਼ ਕਰ
ਸ਼ਾਹੀ ਫ਼ਰਮਾਨਾਂ ਅੱਗੇ ਸਿਰ ਝੁਕਾਉਂਦੀ ਹੈ
ਕਿਰਤੀ ਕਾਮਿਆਂ ਦੇ ਲਹੂ ਪਸੀਨੇ ਦੀ
ਲੁੱਟ ਹੁੰਦੀ ਦੇਖ
ਤੇਰੀ ਕਲਮ ਦੇ ਸੀਨੇ ’ਚ
ਰੋਹ ਨਹੀਂ ਜਾਗਦਾ
ਹਰ ਭੁੱਖਾ ਢਿੱਡ
ਤੈਨੂੰ ਆਪਣਾ ਢਿੱਡ ਨਹੀਂ ਜਾਪਦਾ
ਧਰਤੀ ਦੀ ਹਿੱਕ ’ਤੇ ਵਰ੍ਹਦਾ ਮੀਂਹ
ਤੇਰੀ ਕਲਮ ਦੀ ਰੂਹ ਨਹੀਂ ਸਾੜਦਾ…

ਤਾਂ ਮੁਆਫ਼ ਕਰੀਂ ਮਿੱਤਰਾ
ਤੂੰ ਕਵੀ ਨਹੀਂ
ਤੂੰ ਮੌਕਾਪ੍ਰਸਤ ਜਾਂ ਝੋਲੀ ਚੁੱਕ ਤਾਂ ਹੋ ਸਕਦਾ ਹੈਂ
ਪਰ ਕਵੀ ਨਹੀਂ
ਇਕ ਰੌਸ਼ਨ ਜ਼ਮੀਰ ਤੇ ਸੁਚੇਤ ਸ਼ਾਇਰਾ ਹੋਣ ਦੇ ਨਾਤੇ ਸੁਰਿੰਦਰ ਇਹ ਵੀ ਜਾਣਦੀ ਹੈ ਕਿ ਇਨ੍ਹਾਂ ਚੁੱਲ੍ਹਿਆਂ ਦੀ ਅੱਗ ਕੌਣ ਚੁਰਾਉਂਦਾ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ਕਰਦਿਆਂ ਉਹ ਲਿਖਦੀ ਹੈ :
ਚਾਲਬਾਜ਼ ਰਾਜਨੀਤਕ
ਫ਼ਿਰਕਾਪ੍ਰਸਤੀ ਤੇ
ਭ੍ਰਿਸ਼ਟਾਚਾਰੀ ਦੇ
ਥਾ-ਥੱਈਏ ਦੀ ਥਾਪ ‘ਤੇ
ਨੱਚਦਿਆਂ
ਬਣਾ ਰਹੇ ਹਨ
ਸਾਡੀ ਧਰਤੀ ਨੂੰ
ਇਕ ਜਿਉਂਦੀ ਲਾਸ਼
ਇਨ੍ਹਾਂ ਦੇ ਨਾਲ ਹੀ ਉਹ ਧਰਮ ਦੇ ਨਾਮ ’ਤੇ ਲੋਕਾਂ ਨੂੰ ਠੱਗਣ ਤੇ ਗੁੰਮਰਾਹ ਕਰਨ ਵਾਲੇ ਅਖੌਤੀ ਧਾਰਮਿਕ ਮੱਠਧਾਰੀਆਂ ਨੂੰ ਵੀ ਇਸ ਨਿਸ਼ਾਨਦੇਹੀ ਵਿਚ ਸ਼ਾਮਲ ਕਰਦੀ ਹੈ :
ਉਹ ਤਾਂ ਚਾਹੁੰਦੇ ਹਨ
ਅਸੀਂ ਧਰਮੀ ਬਣੀਏ
ਆਪਣੇ ਦਿਮਾਗ਼ ਗੁਰੂ-ਦਕਸ਼ਣਾ *ਚ ਦੇ ਕੇ
ਬਣ ਜਾਈਏ ਅਜੇਹੀਆਂ ਸ਼ਰਧਾਲੂ ਭੇਡਾਂ
ਜਿਨ੍ਹਾਂ ਨੂੰ ਜਦੋਂ ਚਾਹੁਣ
ਮੁੰਨ ਸਕਣ
ਅਤੇ ਧਰਮ ਦੇ ਨਾਮ ’ਤੇ ਸਾਡੀਆਂ ਜੇਬਾਂ ਕਲੁੰਜ ਸਕਣ

ਉਹ ਤਾਂ ਚਾਹੁੰਦੇ ਨੇ
ਕਿ ਅਸੀਂ ਧਰਮੀ ਬਣੀਏ
ਤਾਂ ਜੋ
ਧਰਮ ਖ਼ਤਰੇ ’ਚ ਕਹਿ
ਧਰਮ ਬਚਾ“
ਦਾ ਨਾਹਰਾ ਲਾ ਕੇ
ਸਾਡੇ ਹੱਥ ਤਲਵਾਰਾਂ ਫੜਾ ਕੇ
ਮਨੁੱਖਤਾ ਦਾ ਘਾਣ ਕਰਵਾ ਸਕਣ
ਬੇਗੁਨਾਹ ਲਹੂ ’ਚ
ਆਪਣੀ ਰਾਜਨੀਤੀ ਦੇ ਚੇਲੇ ਰੰਗ ਕੇ
ਸਾਡੀਆਂ ਨਿਪੁੰਸਕ ਸੋਚਾਂ ’ਤੇ
ਆਸਾਨੀ ਨਾਲ ਰਾਜ ਕਰ ਸਕਣ
ਨਜ਼ਮ ਦੇ ਅਖ਼ੀਰ ਵਿਚ ਸੱਚੇ ਧਰਮ ਦੇ ਅਰਥ ਸਮਝਾਉਂਦਿਆਂ ਸੁਰਿੰਦਰ ਲਿਖਦੀ ਹੈ ਕਿ ਅਸਲ ਵਿਚ ਅਖੌਤੀ ਧਰਮੀ ਚਾਹੁੰਦੇ ਹਨ ਕਿ ਅਸੀਂ ਅਸਲੀ ਧਰਮ ਨਾ ਜਾਣੀਏ, ਅਸੀਂ ਅਸਲੀ ਧਰਮ ਦੇ ਮਾਰਗ ’ਤੇ ਨਾ ਤੁਰੀਏ :
ਉਹ ਤਾਂ ਚਾਹੁੰਦੇ ਨੇ
ਕਿ ਅਸੀਂ ਧਰਮੀ ਬਣੀਏ
ਧਰਮ ਨਾ ਪੜ੍ਹੀਏ
ਹੋ ਸਕਦੈ
ਧਰਮ ਪੜ੍ਹ ਕੇ
ਆਪਣੇ ਦਿਮਾਗ਼
ਗੁਰੂ-ਦਕਸ਼ਣਾ ਵਿਚ ਦੇਣ ਦੀ ਬਜਾਏ
ਧਰਮ ਦੀ ਭੇਟ ਚੜ੍ਹਾ ਦੇਈਏ
ਤੇ ਉਨ੍ਹਾਂ ਨੂੰ ਤਖ਼ਤੋਂ ਲਾਹ
ਸੱਚ ਨੂੰ ਤਖ਼ਤ ’ਤੇ ਬੈਠਾ ਦੇਈਏ
ਸੱਚ ਜੋ ਅਸਲ ਧਰਮ ਹੈ
ਮਾਨਵਤਾ ਦੇ ਵਿਕਾਸ ਵਿਚ ਨਾਂਹ-ਮੁਖੀ ਰੋਲ ਅਦਾ ਕਰਨ ਵਾਲੇ ਵਰਤਾਰਿਆਂ ਵਿਚ ਸੁਰਿੰਦਰ ਨੇ ਵਿਸ਼ਵੀਕਰਣ ਦੀ ਵਿਚਾਰਧਾਰਾ ਨੂੰ ਵੀ ਸ਼ਾਮਿਲ ਕੀਤਾ ਹੈ ਜੋ ਦਇਆ, ਸਾਂਝੀਵਾਲਤਾ, ਬਰਾਬਰੀ ਅਤੇ ਨਿਆਂ ਦੀ ਥਾਂ ਖੁੱਲ੍ਹੀ ਮੰਡੀ ਰਾਹੀਂ ਦੁਨੀਆ ਉੱਤੇ ਮਾਇਆ ਅਤੇ ਮਾਇਆਧਾਰੀਆਂ ਦਾ ਰਾਜ ਕਾਇਮ ਕਰਨਾ ਚਾਹੁੰਦੀ ਹੈ ਅਤੇ ਕਿਰਤੀਆਂ ਕਾਮਿਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਬੇਕਿਰਕ ਪੂੰਜੀਵਾਦ ਦੇ ਰਹਿਮ ’ਤੇ ਛੱਡਣਾ ਚਾਹੁੰਦੀ ਹੈ ਜਿਸ ਮੁਤਾਬਕ ਸਰਕਾਰਾਂ ਦਾ ਰੋਲ ਸਿਰਫ਼ ਪੁਲਿਸ ਵਰਗਾ ਹੀ ਰਹਿ ਜਾਵੇਗਾ। ਉਸਦਾ ਆਪਣੇ ਲੋਕਾਂ ਦੀ ਸਿਹਤ ਅਤੇ ਸਿੱਖਿਆ ਨਾਲ ਕੋਈ ਲਾਗਾ ਦੇਗਾ ਨਹੀਂ ਹੋਵੇਗਾ :
ਇਕ ਦੈਂਤ
ਸਾਡੀ ਧਰਤੀ ’ਤੇ ਉੱਤਰਿਆ
ਸੋਨੇ ਦਾ ਚੋਗਾ ਲੈ ਕੇ
ਭੋਲੇ ਪੰਛੀ
ਚੋਗਾ ਚੁਗਦੇ ਗਏ
ਉਸਦੇ ਵਿਸ਼ਵੀਕਰਣ ਦੇ ਜਾਲ ਵਿਚ
ਫਸਦੇ ਗਏ।
ਸਮਾਜਕ, ਰਾਜਨੀਤਕ ਤੇ ਆਰਥਿਕ ਚੇਤਨਾ ਵਾਂਗ ਮਾਨਵੀ ਰਿਸ਼ਤਿਆਂ ਬਾਰੇ ਸੁਰਿੰਦਰ ਦੀ ਸੰਵੇਦਨਾ, ਸੂਝ ਅਤੇ ਵਿਸ਼ਲੇਸ਼ਣ ਵੀ ਬਹੁਤਾ ਗਹਿਰਾ ਹੈ, ਇਸ ਪ੍ਰਸੰਗ ਵਿਚ ਉਸਦੀ ਇਕ ਖ਼ੂਬਸੂਰਤ ਕਵਿਤਾ ਸਾਂਝੀ ਕਰਦਾ ਹਾਂ :
ਰਿਸ਼ਤੇਦਾਰ ਮਰ ਜਾਂਦਾ ਹੈ
ਪਰ ਰਿਸ਼ਤਾ ਜਿਊਂਦਾ ਰਹਿੰਦਾ ਹੈ
ਬੜਾ ਚੰਗਾ ਲੱਗਦਾ ਹੈ
ਅਜਿਹੇ ਰਿਸ਼ਤੇ ਨੂੰ
ਦਿਲ ਦੀ ਰਾਜਗੱਦੀ ’ਤੇ ਬਿਠਾਉਣਾ

ਤੇ ਅਕਸਰ ਅਜਿਹਾ ਹੁੰਦਾ ਹੈ
ਰਿਸ਼ਤੇਦਾਰ ਜਿਊਂਦਾ ਰਹਿੰਦਾ ਹੈ
ਪਰ ਰਿਸ਼ਤਾ ਮਰ ਜਾਂਦਾ ਹੈ
ਬੜਾ ਮੁਸ਼ਕਲ ਹੁੰਦਾ ਹੈ
ਅਜਿਹੇ ਰਿਸ਼ਤੇ ਨੂੰ
ਦਿਲ ਦੀ ਧਰਤੀ ’ਚ ਦਫਨਾਉਣਾ
ਅਸਲ ਵਿਚ ਅਸੀਂ ਸਾਰੇ ਸੁਹਣੇ ਰਿਸ਼ਤਿਆਂ ਲਈ ਤਾਂਘਦੇ ਹਾਂ। ਸੁਹਣੇ ਰਿਸ਼ਤਿਆਂ ਵਾਲੇ ਸਮਾਜ ਲਈ ਤਾਂਘਦੇ ਹਾਂ। ਸੁਹਣਿਆਂ ਰਿਸ਼ਤਿਆਂ ਵਾਲੇ ਨਿਜ਼ਾਮ ਲਈ ਤਾਂਘਦੇ ਹਾਂ। ਕੋਈ ਵੀ ਉੱਚਾ ਸੁੱਚਾ ਵਾਦ ਹੋਵੇ, ਧਰਮ ਹੋਵੇ, ਕ੍ਰਾਂਤੀ ਹੋਵੇ ਉਹਦਾ ਅਸਲੀ ਮੰਤਵ ਸਹੀ ਅਤੇ ਸੁਹਣੇ ਰਿਸ਼ਤਿਆਂ ਵਾਲਾ ਸਮਾਜ ਸਿਰਜਣਾ ਹੀ ਹੁੰਦਾ ਹੈ। ਜਿਸ ਸਮਾਜ ਵਿਚ ਬੰਦੇ ਦਾ ਆਪਣੇ ਆਪ ਨਾਲ ਰਿਸ਼ਤਾ, ਦੂਸਰਿਆਂ ਨਾਲ ਰਿਸ਼ਤਾ, ਕੁਦਰਤ ਨਾਲ ਰਿਸ਼ਤਾ ਸੁਹਣਾ, ਸੁਖਾਵਾਂ ਤੇ ਨਿਆਂਪੂਰਨ ਹੋਵੇ। ਸੱਚਾ ਸੁਹਿਰਦ ਸਾਹਿਤ ਵੀ ਇਹੋ ਜਿਹੇ ਸਮਾਜ ਦੀ ਕਾਮਨਾ ਕਰਦਾ ਹੈ।
ਨਾਬਰਾਬਰੀ ਤੇ ਕਾਣੀ ਵੰਡ ਵਾਲੇ ਸਮਾਜ ਵਿਚ ਅਮੀਰਾਂ ਦੇ ਲਾਲਚ ਅਤੇ ਗਰੀਬਾਂ ਦੀ ਆਰਥਿਕ ਅਸੁਰੱਖਿਆ ਕਾਰਨ ਆਪੋਧਾਪੀ ਮੱਚ ਜਾਂਦੀ ਹੈ। ਮਾਇਆ ਇਕ ਵੱਡੀ ਤੇ ਅੰਨ੍ਹੀ ਤਾਕਤ ਬਣ ਕੇ ਮਾਨਵੀ ਰਿਸ਼ਤਿਆਂ ਨੂੰ ਆਹਤ ਕਰ ਦਿੰਦੀ ਹੈ। ਮਾਨਵੀ ਰਿਸ਼ਤਿਆਂ ਨੂੰ ਸਹੀ ਅਰਥਾਂ ਵਿਚ ਮਾਨਵੀ ਰੱਖਣ ਲਈ ਜ਼ਰੂਰੀ ਹੈ ਕਿ ਸਾਡਾ ਨਿਜ਼ਾਮ ਬਰਾਬਰੀ ਅਤੇ ਇਨਸਾਫ਼ ਉੱਤੇ ਆਧਾਰਿਤ ਹੋਵੇ।
ਇਨ੍ਹਾਂ ਰਿਸ਼ਤਿਆਂ ਵਿਚ ਆਪਣੇ ਆਪ ਨਾਲ ਰਿਸ਼ਤਾ ਵੀ ਬਹੁਤ ਅਹਿਮ ਹੈ, ਸ਼ਾਇਦ ਸਭ ਤੋਂ ਅਹਿਮ। ਇਸ ਰਿਸ਼ਤੇ ਵਿਚ ਬੰਦਾ ਆਪਣੀਆਂ ਸੋਚਾਂ ਨੂੰ ਵੀ ਸੋਚਦਾ ਹੈ, ਆਪਣੀਆਂ ਖ਼ਾਹਿਸ਼ਾਂ, ਆਪਣੇ ਦੁੱਖਾਂ ਸੁੱਖਾਂ, ਸੁਪਨਿਆਂ ਦਾ ਮੁਲਾਂਕਣ ਕਰਦਾ ਹੈ। ਆਤਮ ਪੜਚੋਲ ਕਰਦਾ ਹੈ। ਆਪਣੇ ਆਪ ਨੂੰ ਪਰਖਣ ਵਾਲਾ ਬੰਦਾ ਹੀ ਸੱਚਾ ਪਾਰਖੂ ਅਖਵਾ ਸਕਦਾ ਹੈ। ਗੁਰੂ ਅੰਗਦ ਦੇਵ ਜੀ ਦਾ ਕਥਨ ਹੈ :
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣ॥

ਹਰ ਸੁਹਿਰਦ ਕਵੀ ਕਵਿਤਾਵਾਂ ਵਿਚ ਅਜਿਹੀਆਂ ਕਵਿਤਾਵਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਲਿਖਣ ਦੌਰਾਨ ਉਹ ਆਪਣੇ ਆਪ ਨੂੰ ਪਰਖਣ ਦੇ ਇਮਤਿਹਾਨ ਵਿਚੋਂ ਲੰਘਦਾ ਹੈ। ਸੁਰਿੰਦਰ ਦੀ ਕਵਿਤਾ ਵਿਚ ਵੀ ਇਹ ਤੜਪ ਦੇਖੀ ਜਾ ਸਕਦੀ ਹੈ :
ਮੈਨੂੰ ਮੇਰੀ ਯਾਦ ਆਈ ਹੈ
ਪਰ ਉਸ ਵੇਲੇ ਆਈ ਹੈ
ਜਦੋਂ ਮੇਰਾ ਆਪਾ ਮੇਰੇ ਕੋਲ ਨਹੀਂ
ਮੈਂ ਇਸ ਯਾਦ ਨੂੰ ਕੁਝ ਆਖਾਂ
ਤਾਂ ਕਿਵੇਂ ਆਖਾਂ

ਸ਼ਰਮ ਦੇ ਮਾਰੇ
ਮੇਰੇ ਮੂੰਹ ਵਿਚ ਬੋਲ ਨਹੀਂ
ਮੈਂ ਆਪਣੇ ਅੰਦਰ ਬਾਹਰ
ਝਾਤ ਮਾਰੀ ਹੈ
ਏਥੇ ਤਾਂ ਹੈ
ਸੰਘਣਾ ਹਨ੍ਹੇਰਾ
ਤੇ ਇਸ ਹਨ੍ਹੇਰੇ ’ਚ
ਬੜ੍ਹਕਾਂ ਮਾਰਦਾ
ਅਹੰਕਾਰ ਮੇਰਾ
ਅਸਲ ਵਿਚ ਦੂਸਰਿਆਂ ਨੂੰ ਪਰਖਣ ਦਾ ਹੱਕ ਵੀ ਉਸ ਨੂੰ ਹੀ ਹੁੰਦਾ ਹੈ ਜੋ ਆਪਣੇ ਆਪ ਨੂੰ ਵੀ ਪਰਖਦਾ ਹੈ। ਇਸ ਤੋਂ ਬਿਨਾਂ ਕਵੀ ਕਰਮ ਅਧੂਰਾ ਰਹਿ ਜਾਂਦਾ ਹੈ।
ਸੁਰਿੰਦਰ ਦੀਆਂ ਕਵਿਤਾਵਾਂ ਵਿਚਲੀ ਅਹਿਸਾਸਾਂ, ਭਾਵਾਂ ਅਤੇ ਵਿਚਾਰਾਂ ਦੀ ਖ਼ੂਬਸੂਰਤੀ ਇਸ ਦੀ ਸ਼ਕਤੀ ਹੈ ਤੇ ਉਸ ਦੀਆਂ ਕਵਿਤਾਵਾਂ ਵਿਚਲਾ ਸਰੋਦੀਪਨ ਵੀ ਉਸਦੀ ਸ਼ਕਤੀ ਹੈ ਜਿਹੜੀ ਉਸਦੇ ਗੀਤਾਂ ਅਤੇ ਗ਼ਜ਼ਲਾਂ ਵਿਚ ਵਿਸ਼ੇਸ਼ ਤੌਰ ’ਤੇ ਨੁਮਾਇਆ ਹੁੰਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਤਾਈ ਨਿਹਾਲੋ ਵਰਗੀਆਂ ਸੁਆਣੀਆਂ ਦੇ ਚਿਹਰਿਆਂ ਤੋਂ ਤੁਸੀਂ ਵਤਨ ਦਾ ਇਤਿਹਾਸ ਪੜ੍ਹ ਸਕਦੇ ਹੋ। ਥਾਂ ਪਰ ਥਾਂ ਤੁਹਾਨੂੰ ਉਸਦੀ ਸ਼ਾਇਰੀ ਸੋਚਣ ਮਹਿਸੂਸ ਕਰਨ ਤੇ ਮਨੁੱਖਤਾ ਦੇ ਸੰਘਰਸ਼ਾਂ ਵਿਚ ਹਿੱਸਾ ਪਾਉਣ ਲਈ ਪ੍ਰੇਰਦੀ ਹੈ।
ਸੁਰਿੰਦਰ ਨੇ ਕਵਿਤਾ ਵਿਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਦੁਆ ਕਰਦਾ ਹਾਂ ਕਵਿਤਾ ਦੇ ਰਾਹਾਂ ਦੀ ਇਸ ਊਰਜਾਵਾਨ ਮੁਸਾਫ਼ਰ ਦਾ ਸਫ਼ਰ ਦੇਰ ਤੱਕ, ਦੂਰ ਤੱਕ ਜਾਰੀ ਰਹੇ, “ਥੋਂ ਤੱਕ ਜਿਥੇ ਜ਼ਮੀਨ ਅਸਮਾਨ ਮਿਲਦੇ ਹਨ। ਸੁਰਿੰਦਰ ਲਈ ਇਹ ਦੁਆ ਉਸਦੀ ਹੀ ਇਕ ਖ਼ੂਬਸੂਰਤ ਕਵਿਤਾ ਵਿਚੋਂ ਨਿਕਲੀ ਹੈ, ਜਿਸ ਕਵਿਤਾ ਵਿਚ ਅਰਥ ਦੀਆਂ ਕਈ ਤਹਿਆਂ ਹਨ। ਇਹਦੀ ਇਕ ਤਹਿ ਮਾਨਵ ਦੀ ਆਦਿ ਜੁਗਾਦੀ ਜਗਿਆਸਾ ਹੈ ਗਿਆਨ ਦੀ, ਮਿਲਾਪ ਦੀ, ਅੱਗੇ ਤੋਂ ਅੱਗੇ ਤੁਰ ਕੇ ਦੇਖਣ ਦੀ ਤੇ ਇਸ ਸ੍ਰਿਸ਼ਟੀ ਦਾ ਆਦਿ ਜੁਗਾਦਿ ਜਾਨਣ ਦੀ :
ਮੈਂ
ਵਗਦੀ ਪੌਣ ਨੂੰ ਪੁੱਛਿਆ
ਤੂੰ ਤਾਂ ਅੜੀਏ
ਤੁਰੀ ਫਿਰਦੀ ਏਂ
ਏਧਰ “ਧਰ
ਬਿਨਾਂ ਕਿਸੇ ਰੋਕ
ਬਿਨਾਂ ਕਿਸੇ ਟੋਕ
ਤੈਨੂੰ ਤਾਂ ਪਤਾ ਹੋਣਾ
ਧਰਤੀ ਤੇ ਆਕਾਸ਼
ਕਿੱਥੇ ਮਿਲਦੇ ਹਨ ?

ਪੌਣ ਨੇ ਹਉਕਾ ਲਿਆ
ਤੇ ਕਿਹਾ
ਏਹੀ ਤਾਂ ਲੱਭਦੀ ਫਿਰਦੀ ਹਾਂ
ਯੁਗਾਂ ਯੁਗਾਂ ਤੋਂ।