ਵਿਸ਼ਵ ਨਿਜ਼ਾਮ ਬਾਰੇ ਨਵੀਂ ਕਿਤਾਬ

ਕਰਮਜੀਤ ਸਿੰਘ ਚੰਡੀਗੜ੍ਹ
99150-91063
ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਵੱਖ-ਵੱਖ ਮੁਲਕਾਂ ਦੇ ਆਧਾਰ ਉਤੇ ਨਵੀਂ ਤਰਤੀਬ ਵੀ ਉਭਰ ਰਹੀ ਹੈ। ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਰਹਿੰਦੇ ਲੋਕਾਂ ਵਿਚਕਾਰ ਆਪਸੀ ਤਾਲਮੇਲ ਵਧ ਰਿਹਾ ਹੈ ਪਰ ਨਾਲ ਹੀ ਮੂਲ ਪਛਾਣ ਦਾ ਸਵਾਲ ਵੀ ਦਰਾਂ `ਤੇ ਲਗਾਤਾਰ ਦਸਤਕ ਦੇ ਰਿਹਾ ਹੈ। ਭਾਈ ਹਰਸਿਮਰਨ ਸਿੰਘ ਦੀ ਅੰਗਰੇਜ਼ੀ ਵਿਚ ਆਈ ਕਿਤਾਬ ‘ਆਲਟਰਨੇਟਿਵ ਸਟੇਟ ਐਂਡ ਗਲੋਬਲ ਆਰਡਰ’ ਵਿਚ ਉਨ੍ਹਾਂ ਅਜਿਹੇ ਕੁਝ ਨੁਕਤੇ ਵਿਚਾਰੇ ਹਨ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਨੁਕਤਿਆਂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

ਯੂਕਰੇਨ-ਰੂਸ ਦੀ ਜੰਗ ਨੇ ਸੰਸਾਰ ਭਰ ਦੇ ਵਿਦਵਾਨਾਂ ਵਿਚ ਵਿਸ਼ਵ ਨਿਜ਼ਾਮ ਵਿਚ ਨਵੀਂਆਂ ਤਬਦੀਲੀਆਂ ਲਿਆਉਣ ਬਾਰੇ ਇਕ ਬਹਿਸ ਜ਼ਰੂਰ ਛੇੜ ਦਿੱਤੀ ਹੈ,ਪਰ ਇਸ ਦਾ ਸਮਾਜਿਕ-ਰਾਜਨੀਤਕ ਤਾਣਾ ਬਾਣਾ 1648 ਦੀ ਵੈਸਟਫੇਲੀਅਨ ਸੰਧੀ ਦੀ ਬੁਨਿਆਦ ਉੱਤੇ ਹੀ ਖੜ੍ਹਾ ਹੈ, ਜਿਸ ਨੇ ਮੁਲਕਾਂ ਨੂੰ ਵਜੂਦ ਵਿਚ ਲਿਆਂਦਾ ਪਰ ਇਕ ਨਵੀਂ ਕਿਤਾਬ ਵਿਸ਼ਵ ਨਿਜ਼ਾਮ ਦੇ ਬਦਲ ਨੂੰ ਲੈ ਕੇ ਸਾਡੇ ਸਾਹਮਣੇ ਆਈ ਹੈ, ਜਿਸ ਵਿਚ ਜ਼ਿੰਦਗੀ ਦੇ ਸਾਰੇ ਢਾਂਚੇ ਜੋ ਬੁਨਿਆਦੀ ਰੂਪ ਵਿਚ ਪੂੰਜੀ ਅਤੇ ਮੁਨਾਫ਼ੇ ਉਤੇ ਖੜ੍ਹੇ ਸਨ, ਪੂਰੀ ਤਰ੍ਹਾਂ ਮਿਸਾਲਾਂ ਅਤੇ ਤੱਥਾਂ ਨਾਲ ਰਦ ਕਰ ਦਿੱਤੇ ਗਏ ਹਨ ਅਤੇ ਨਵੇਂ ਪੈਰਾਡਾਈਮ-ਸ਼ਿਫਟ ਦੀ ਗੱਲ ਕੀਤੀ ਗਈ ਹੈ।
ਆਨੰਦਪੁਰ ਸਾਹਿਬ ਸਥਿਤ ਵਿਦਵਾਨ ਭਾਈ ਹਰਸਿਮਰਨ ਸਿੰਘ ਦੋ ਦਹਾਕਿਆਂ ਦੀ ਕਰੜੀ ਘਾਲਣਾ ਪਿੱਛੋਂ ਅੰਗਰੇਜ਼ੀ ਵਿਚ ਇਕ ਕਿਤਾਬ “ਅਲਟੲਰਨਅਟਵਿੲ ਸਟਅਟੲ ਅਨਦ ਗਲੋਬਅਲ ੋਰਦੲਰ” ਸਾਡੇ ਸਾਹਮਣੇ ਲੈ ਕੇ ਆਏ ਹਨ, ਜੋ ਯਕੀਨਨ ਬੌਧਿਕ ਹਲਕਿਆਂ ਵਿਚ ਭਖਵੀਂ ਬਹਿਸ ਦਾ ਕੇਂਦਰ ਬਣੇਗੀ।
ਕੀ ਆਖਿਆ ਗਿਆ ਹੈ ਭਲਾ ਇਸ ਕਿਤਾਬ ਵਿਚ? ਉਹ ਕਿਹੜੀ ਵੱਡੀ ਗੱਲ ਹੈ ਜੋ ਵਿਦਵਾਨਾਂ ਨੇ ਪਹਿਲਾਂ ਨਹੀਂ ਦੱਸੀ? ਮੂਲ ਰੂਪ ਵਿਚ ਲੇਖਕ ਨੇ ਪੱਛਮੀ ਜਗਤ ਵੱਲੋਂ ਪੂੰਜੀ ਅਤੇ ਮੁਨਾਫ਼ੇ ਉੱਤੇ ਖੜ੍ਹੇ ਕੀਤੇ ਢਾਂਚਿਆਂ ਨੂੰ ਉਲਟਾ ਕੇ ਉਸ ਦੀ ਥਾਂ “ਕੁਦਰਤ ਅਤੇ ਵਿਸਮਾਦ” ਨੂੰ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ, ਜੋ ਸਮੁੱਚੀ ਮਾਨਵਤਾ ਦੇ ‘ਵਿਕਾਸ’ ਨੂੰ ‘ਵਿਗਾਸ’ ਵਿਚ ਬਦਲ ਦੇਣ ਦਾ ਦਾਅਵਾ ਕਰਦਾ ਹੈ।
ਵਰਣਨਯੋਗ ਹੈ ਕਿ ਲੇਖਕ ਨੇ ਗੁਰਬਾਣੀ ਉਤੇ ਆਧਾਰਤ ਇਕ ਅਜਿਹੇ ਸੰਸਾਰ ਦੀ ਸਿਰਜਣਾ ਕਰਨ ਦਾ ਯਤਨ ਕੀਤਾ ਹੈ ਜਾਂ ਵੱਡੀ ਬਹਿਸ ਲਈ ਮਹੱਤਵਪੂਰਨ ਨੁਕਤੇ ਉਠਾਏ ਹਨ, ਜਿਸ ਵਿਚ ਕੁਦਰਤ ਅਤੇ ਵਿਸਮਾਦ ਸਾਡੀ ਸਮਾਜਿਕ ਅਤੇ ਰਾਜਨੀਤਕ ਜ਼ਿੰਦਗੀ ਦਾ ਹਿੱਸਾ ਬਣ ਕੇ ਵਿਸ਼ਵ ਸਭਿਅਤਾ ਦੀ ਲੜੀ ਵਿਚ ਇਕ ਨਵੀਂ ਪੁਲਾਂਘ ਪੁੱਟੇਗਾ। ਦੂਜੇ ਸ਼ਬਦਾਂ ਵਿਚ ਅਰਥਚਾਰਾ ਜਿਸ ਵਿਚ ਮੰਡੀ ਮੁੱਖ ਰੋਲ ਅਦਾ ਕਰਦੀ ਹੈ, ਉਸ ਦੀ ਥਾਂ “ਵਿਸਮਾਦੀ ਅਰਥਚਾਰਾ” ਹੋਂਦ ਵਿਚ ਲਿਆਂਦਾ ਗਿਆ ਹੈ ਅਤੇ ਇਸ ਅਰਥਚਾਰੇ ਦਾ ਸਰਸਬਜ਼ ਚਸ਼ਮਾ ‘ਕੁਦਰਤ’ ਹੈ, ਜਿਸ ਦੀ ਮਹੱਤਤਾ ਤੇ ਮਹਾਨਤਾ ਨੂੰ ਅਸੀਂ ਨਜ਼ਰਅੰਦਾਜ਼ ਕੀਤਾ ਹੋਇਆ ਹੈ।
ਜਦੋਂ ਪ੍ਰੋ. ਪੂਰਨ ਸਿੰਘ ਹੁਰਾਂ ਇਹ ਕਿਹਾ ਸੀ ਕਿ ਜਪੁ ਜੀ ਦੀ ਬਾਣੀ ਸਾਨੂੰ ‘ਕੁਦਰਤ ਦਾ ਭਰਾ’ ਬਣਾਉਂਦੀ ਹੈ ਤਾਂ ਸਾਫ ਜ਼ਾਹਰ ਹੈ ਕਿ ਸਿੱਖ ਤਰਜ਼ੇ-ਜ਼ਿੰਦਗੀ ਕੁਦਰਤ ਨਾਲ ਇਕਮਿਕ ਹੋ ਕੇ ਅਤੇ ਜੀਵਨ ਦੀ ਅਸਚਰਜਤਾ ਨੂੰ ਆਪਣੇ ਅੰਦਰ ਜਜ਼ਬ ਕਰ ਕੇ ਮਾਨਵਤਾ ਦੇ ਰਿਸ਼ਤਿਆਂ ਨੂੰ ਨਵੇਂ ਤੇ ਮੌਲਿਕ ਅਰਥ ਦਿੰਦੀ ਹੈ ਪਰ ਪੂੰਜੀ ਤੇ ਮੁਨਾਫੇ ਦੀ ਬੁਨਿਆਦ ਉੱਤੇ ਖੜ੍ਹੇ ਢਾਂਚਿਆਂ ਨੇ ਇਨ੍ਹਾਂ ਰਿਸ਼ਤਿਆਂ ਵਿਚ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ।
ਇੱਥੇ ਚੇਤੇ ਕਰਾਇਆ ਜਾਂਦਾ ਹੈ ਕਿ ਸਿੱਖ ਵਿਦਵਾਨ ਡਾਕਟਰ ਗੁਰਭਗਤ ਸਿੰਘ ਨੇ ‘ਵਿਸਮਾਦੀ ਪੂੰਜੀ’ ਕਿਤਾਬ ਲਿਖ ਕੇ ਪੂੰਜੀ ਵਿਚ ਵਿਸਮਾਦ ਦੀ ਮਹਾਨਤਾ ਦਾ ਜ਼ਿਕਰ ਕਰ ਕੇ ਨਵੀਂ ਚਰਚਾ ਛੇੜ ਦਿੱਤੀ ਸੀ। ਉਸੇ ਵਿਸਮਾਦ ਦੀ ਗੱਲ ਨੂੰ ਭਾਈ ਹਰਸਿਮਰਨ ਸਿੰਘ ਨੇ ਵੱਖਰੇ ਅੰਦਾਜ਼ ਵਿਚ ਅੱਗੇ ਤੋਰਦਿਆਂ ਆਪਣੀ ਕਿਤਾਬ ਵਿਚ ਵਿਸਮਾਦ ਤੇ ਕੁਦਰਤ ਉੱਤੇ ਆਧਾਰਤ ਨਵੇਂ ਢਾਂਚਿਆਂ ਦੀ ਰੂਪ ਰੇਖਾ, ਨਕਸ਼ ਅਤੇ ਲੱਛਣ ਤਕ ਵੀ ਬਿਆਨ ਕਰ ਦਿੱਤੇ ਹਨ, ਜੋ ਕਾਫ਼ੀ ਦਿਲਚਸਪ ਹਨ ਅਤੇ ਸਿੱਖ ਵਿਦਵਾਨਾਂ ਦੀ ਮਾਨਸਿਕਤਾ ਵਿਚ ਪੱਛਮ ਦੀ ਸੋਚ ਉੱਤੇ ਉਸਰੇ ਵਿਚਾਰਾਂ ਵਿਚ ਵੱਡੀ ਹਿਲਜੁਲ ਵੀ ਕਰਨਗੇ ਅਤੇ ਨਵੇਂ ਸਿਰਿਓਂ ਸੋਚਣ ਅਤੇ ਬਦਲਣ ਵਿਚ ਵੀ ਮਦਦ ਕਰਨਗੇ। ਇਕ ਹਿਸਾਬ ਨਾਲ ਇਹ ਕਿਤਾਬ ਭਾਈ ਹਰਸਿਮਰਨ ਸਿੰਘ ਦੀ ਪ੍ਰਾਪਤੀ ਸਮਝੀ ਜਾਵੇਗੀ।
ਵਿਸਮਾਦ ਦਾ ਸੰਕਲਪ ਜ਼ਿੰਦਗੀ ਨੂੰ ਕਿਵੇਂ ਸੇਧ ਦਿੰਦਾ ਹੈ ਅਤੇ ਅੰਦਰੋਂ-ਬਾਹਰੋਂ ਤਬਦੀਲ ਕਰਦਾ ਹੈ, ਉਸ ਜਜ਼ਬੇ ਨੂੰ ਲੈ ਕੇ ਇੱਕ ਹੋਰ ਵਿਦਵਾਨ ਭਾਈ ਸਿਮਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਿਸਮਾਦ ਦੇ ਵਿਸ਼ੇ ਉੱਤੇ ਹੀ ਪੀਐੱਚ. ਡੀ.ਕਰ ਰਹੇ ਹਨ। ਇੰਜ ਵਿਸਮਾਦ ਵਿਸ਼ਾ ਸਿੱਖ ਹਲਕਿਆਂ ਵਿਚ ਖੋਜ ਦਾ ਇਕ ਵਿਸ਼ੇਸ਼ ਕੇਂਦਰ ਬਣ ਗਿਆ ਹੈ।
12 ਨਵੰਬਰ, 2019 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ `ਤੇ ਜੋ ਕੌਮ ਨੂੰ ਸੰਦੇਸ਼ ਦਿੱਤਾ ਗਿਆ, ਉਹ ਇਕ ਤਰ੍ਹਾਂ ਦਾ ਇਤਿਹਾਸਕ ਦਸਤਾਵੇਜ਼ ਹੈ, ਜਿਸ ਵਿਚ ਜਿੱਥੇ ਵਿਸ਼ਵ ਨਿਜ਼ਾਮ ਦੀ ਬਣਤਰ ਵਿਚ ਆਪਣਾ ਹਿੱਸਾ ਪਾਉਣ ਲਈ ਵਿਦਵਾਨਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ, ਉੱਥੇ ਨਾਲ ਹੀ ਭਾਈ ਹਰਸਿਮਰਨ ਸਿੰਘ ਦੇ ਦਾਰਸ਼ਨਿਕ ਰੁਝਾਨਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਸੀ। ਇਕ ਹੋਰ ਜਗ੍ਹਾ `ਤੇ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਸਾਹਿਬ ਨੂੰ ਖ਼ਾਲਸਾ ਪੰਥ ਦੇ ਕੌਮੀ ਵਿਦਵਾਨ ਵਜੋਂ ਵੀ ਮਾਨਤਾ ਦਿੱਤੀ ਗਈ।
ਭਾਈ ਹਰਸਿਮਰਨ ਸਿੰਘ ਦਾ ਜੀਵਨ ਸਫ਼ਰ ਵੀ ਕਈ ਪੜਾਵਾਂ ਵਿਚੋਂ ਲੰਘਿਆ ਹੈ, ਜਿਸ ਦਾ ਪਹਿਲਾ ਕਦਮ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨਾਲ ਸ਼ੁਰੂ ਹੋਇਆ। ਇਸ ਸੰਘਰਸ਼ ਵਿਚ ਜੇਲ੍ਹਾਂ ਦੀ ਜ਼ਿੰਦਗੀ ਤੋਂ ਇਲਾਵਾ ਹੋਰ ਅਨੇਕ ਮਾਲੀ ਮੁਸ਼ਕਿਲਾਂ ਤੇ ਰੁਕਾਵਟਾਂ ਦਾ ਉਨ੍ਹਾਂ ਨੂੰ ਸਾਹਮਣਾ ਵੀ ਕਰਨਾ ਪਿਆ। ਫਿਰ ਇੱਕ ਅਜਿਹਾ ਪੜਾਅ ਆਇਆ ਜਦੋਂ ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਦੁਨੀਆ ਦੇ ਇਤਿਹਾਸ ਅਤੇ ਸਬੰਧਤ ਵਿਸ਼ਿਆਂ, ਧਰਮਾਂ ਅਤੇ ਰਾਜਨੀਤੀਆਂ ਦਾ ਗੰਭੀਰ ਮੁਤਾਲਿਆ ਕੀਤਾ। ਸਿੱਖ ਇਤਿਹਾਸ ਅਤੇ ਸਿੱਖ ਰਾਜਨੀਤੀ ਬਾਰੇ ਉਨ੍ਹਾਂ ਨੇ ਆਪਣੀ ਇਕ ਆਜ਼ਾਦ ਅਤੇ ਮੌਲਿਕ ਰੰਗ ਵਿਚ ਰੰਗੀ ਸਮਝ ਬਣਾਈ, ਜਦਕਿ ਗੁਰਬਾਣੀ ਦਾ ਮਾਹੌਲ ਤਾਂ ਉਨ੍ਹਾਂ ਦੇ ਘਰ ਵਿਚ ਪਹਿਲਾਂ ਹੀ ਸੀ ਪਰ ਗੁਰਬਾਣੀ ਨੂੰ ਸਿੱਖ ਇਤਿਹਾਸ ਅਤੇ ਸਿੱਖ ਤਰਜ਼ੇ-ਜ਼ਿੰਦਗੀ ਦੇ ਨੁਕਤੇ ਤੋਂ ਵੇਖਣਾ ਪਰਖਣਾ ਅਤੇ ਪੇਸ਼ ਕਰਨ ਦਾ ਹੁਨਰ ਅਤੇ ਜੁਗਤ ਦੀ ਉਨ੍ਹਾਂ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੀ ਕਿਹਾ ਜਾ ਸਕਦਾ ਹੈ। ਸੁੱਤਿਆਂ ਜਾਗਦਿਆਂ ਖ਼ਾਲਸਾ ਪੰਥ ਦੀ ਵਰਤਮਾਨ ਹਾਲਤ ਉਨ੍ਹਾਂ ਨੂੰ ਪ੍ਰੇਸ਼ਾਨ ਤੇ ਉਦਾਸ ਵੀ ਕਰਦੀ ਹੈ। ਇਹ ਦਰਦ ਉਨ੍ਹਾਂ ਦੀਆਂ ਇਕ ਦਰਜਨ ਤੋਂ ਵੱਧ ਕਿਤਾਬਾਂ ਦੇ ਆਰ ਪਾਰ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਲਈ ਜਥੇਬੰਦੀ ਵਿਚ ਇਕ ਸਾਧਾਰਨ ਵਰਕਰ ਤੇ ਆਗੂ ਦੀ ਹੈਸੀਅਤ ਵਿਚ ਕੰਮ ਕਰਨ ਦਾ ਉਨ੍ਹਾਂ ਦਾ ਵਿਸ਼ੇਸ਼ ਅਨੁਭਵ ਹੈ, ਪਰ ਫਿਰ ਜਦੋਂ ਉਨ੍ਹਾਂ ਨੇ ਆਪਣੇ ਇਸ ਵੰਨ-ਸੁਵੰਨੇ ਅਨੁਭਵ ਨੂੰ ਡੂੰਘੀ ਵਿਦਵਤਾ ਦੀ ਸ਼ਕਲ ਵਿਚ ਜਿਵੇਂ ਇਸ ਕਿਤਾਬ ਵਿਚ ਪੇਸ਼ ਕੀਤਾ ਹੈ,ਉਹ ਉਨ੍ਹਾਂ ਦੀ ਮਾਣਯੋਗ ਅਤੇ ਇਤਿਹਾਸਕ ਪ੍ਰਾਪਤੀ ਹੈ। ਇਸ ਨਵੇਂ ਪੈਰਾਡਾਈਮ-ਸ਼ਿਫਟ ਬਾਰੇ ਵੀ ਵਿਦਵਾਨ ਹਲਕਿਆਂ ਵਿਚ ਬਹਿਸ ਆਰੰਭ ਹੋਣੀ ਚਾਹੀਦੀ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਇਸ ਸਬੰਧੀ ਪਹਿਲਕਦਮੀ ਕਰਨ ਤਾਂ ਇਹ ਵੱਡੀ ਗੱਲ ਹੋਵੇਗੀ। ਮੇਰਾ ਖਿਆਲ ਹੈ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ‘ਵਿਸ਼ਵ ਨਿਜ਼ਾਮ’ ਦੇ ਵਿਸ਼ੇ ਉਤੇ ਵਿਚਾਰ ਵਟਾਂਦਰੇ ਲਈ ਕੋਈ ਕੇਂਦਰ ਕਾਇਮ ਕਰਨ, ਜਿੱਥੇ ਵਿਦਵਾਨ ਗੁਰਬਾਣੀ ਤੇ ਇਤਿਹਾਸ ਬਾਰੇ ਆਪਣੇ ਖੋਜ ਪੱਤਰ ਪੇਸ਼ ਕਰਨ, ਜਿੱਥੇ ਵਿਚਾਰਾਂ ਦੀ ਸੁਤੰਤਰਤਾ ਨੂੰ ਖ਼ਾਸ ਸਥਾਨ ਮਿਲੇ, ਜਿੱਥੇ ਵਿਦਵਾਨਾਂ ਅੰਦਰ ਉੱਚੇ ਸੁੱਚੇ ਵਿਚਾਰਾਂ ਨੂੰ ਜਾਣਨ, ਸਮਝਣ ਦਾ ਉਤਸ਼ਾਹਜਨਕ ਮਾਹੌਲ ਸਿਰਜਿਆ ਜਾਵੇ ਤਾਂ ਨਿਸ਼ਚੇ ਹੀ ਸਾਡੀ ਆਪਣੀ ਗੱਲ ਸਾਡੀ ਆਪਣੀ ਸੰਗਤ ਤੋਂ ਇਲਾਵਾ ਬਾਹਰਲੀ ਦੁਨੀਆ ਦੇ ਵਿਦਵਾਨ ਹਲਕਿਆਂ ਵਿਚ ਵੀ ਆਪਣੀ ਥਾਂ ਬਣਾਏਗੀ। 532 ਪੰਨਿਆਂ ਵਿਚ ਫੈਲੀ ਇਹ ਕਿਤਾਬ ਲਾਹੌਰ ਬੁੱਕ ਸ਼ਾਪ ਲੁਧਿਆਣਾ (0161-2740738) ਵੱਲੋਂ ਸੁੰਦਰ ਦਿੱਖ ਵਿਚ ਛਾਪੀ ਗਈ ਹੈ ਅਤੇ ਇਸ ਦੀ ਕੀਮਤ 900 ਰੁਪਏ ਰੱਖੀ ਗਈ ਹੈ। ਭਾਈ ਹਰਸਿਮਰਨ ਸਿੰਘ ਨੂੰ 98725-91713 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।