ਸ਼ਕਤੀਸ਼ਾਲੀ ਕੁਦਰਤ

ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
21ਵੀਂ ਸਦੀ ਤੱਕ ਪੁੱਜਦਿਆਂ-ਪੁੱਜਦਿਆਂ ਮਨੁੱਖ ਨੇ ਬੇਅੰਤ ਤਰੱਕੀ ਕਰ ਲਈ ਹੈ ਅਤੇ ਬਹੁਤ ਸਾਰੇ ਕਾਰਜ ਇਸ ਦੀ ਮਰਜ਼ੀ ਹੇਠ ਵੀ ਆ ਗਏ ਹਨ। ਸ਼ਾਇਦ ਇਸੇ ਕਾਰਨ ਮਨੁੱਖ ਖੁਦ ਨੂੰ ਮਹਾਂ ਸ਼ਕਤੀਸ਼ਾਲੀ ਐਲਾਨਦਾ ਥੱਕਦਾ ਨਹੀਂ ਪਰ ਇਹ ਕੁਦਰਤ ਦੀ ਥਾਹ ਅਜੇ ਵੀ ਪਾ ਨਹੀਂ ਸਕਿਆ ਹੈ। ‘ਪੰਜਾਬ ਟਾਈਮਜ਼’ ਦੇ ਪੁਰਾਣੇ ਸਾਥੀ ਅਤੇ ਵਿਗਿਆਨ ਪੜ੍ਹਨ-ਪੜ੍ਹਾਉਣ ਨਾਲ ਡੂੰਘੇ ਜੁੜੇ ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਨੇ ਆਪਣੇ ਇਸ ਲੇਖ ਵਿਚ ਇਸ ਬੇਅੰਤ ਕੁਦਰਤ ਨਾਲ ਜੁੜੀਆਂ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ।

ਕੁਦਰਤ ਦੇ ਭੇਤਾਂ ਦਾ ਕੋਈ ਅੰਤ ਨਹੀਂ। ਇਸ ਦੇ ਅਸਚਰਜ ਦੀ ਕੋਈ ਸੀਮਾ ਨਹੀਂ। ਇਸ ਦੀ ਅਪਾਰ ਕ੍ਰਿਪਾ ਦਾ ਕੋਈ ਸਾਨੀ ਨਹੀਂ। ਇਸ ਦੇ ਬਹੁਰੰਗਾਂ ਦਾ ਕੋਈ ਅੰਦਾਜ਼ਾ ਨਹੀਂ।
ਅੱਜ ਦਾ ਮਨੁੱਖ ਕੁਦਰਤ ਦੇ ਕਾਇਦੇ-ਕਾਨੂੰਨ ਅਤੇ ਭੇਤਾਂ ਦੀ ਖੋਜ ਕਰਨ ਨਾਲ ਕਾਫ਼ੀ ਘੁਮੰਡੀ ਹੋ ਗਿਆ ਹੈ। ਕਈ ਵਾਰ ਉਹ ਮਹਿਸੂਸ ਕਰਦਾ ਹੈ ਕਿ ਬ੍ਰ਼ਹਿਮੰਡ ਦੀ ਖੋਜ, ਟੈਸਟ ਟਿਊਬ ਬੱਚੇ, ਕੰਪਿਊਟਰ ਦਾ ਕਮਾਲ, ਸੈੱਲ ਫੋਨ ਅਤੇ ਵ੍ਹੱਟਸਐਪ ਦੀਆਂ ਅਣਗਿਣਤ ਮੌਜਾਂ ਨਾਲ ਉਸ ਨੇ ਕੁਦਰਤ ਨੂੰ ਲਗਭਗ ਜਿੱਤ ਲਿਆ ਹੈ। ਜਦੋਂ ਦਿਲ ਚਾਹੇ, ਮੀਂਹ ਲਿਆ ਸਕਦਾ ਹੈ। ਗਰਮੀ ਸਰਦੀ ਦੇ ਅਸਹਿ ਅਸਰ ਨੂੰ ਟਿੱਚ ਜਾਣਦਾ ਹੈ। ਵਿਗਿਆਨਕ ਜੰਤਰਾਂ ਰਾਹੀਂ ਇਨ੍ਹਾਂ ‘ਤੇ ਕਾਬੂ ਪਾ ਲੈਂਦਾ ਹੈ।
ਅਸਲੀਅਤ ਵਿਚ ਕੁਦਰਤ ਅਜਿੱਤ ਹੈ। ਇਸ ਦੇ ਚੋਜ ਨਿਰਾਲੇ ਹਨ।
ਇਸ ਨਿਮਾਣੇ ਜਿਹੇ ਲੇਖ ਦਾ ਮਕਸਦ ਬਹੁਤ ਸਿੱਧੀ ਸਾਦੀ ਬੋਲੀ ਵਿਚ ਇਹ ਦੱਸਣਾ ਹੈ ਕਿ ਸੁਚੱਜੀ ਸੋਚ ਵਾਲੇ ਹਰ ਮਨੁੱਖ ਦੀ ਅਨਮੋਲ ਫਿਤਰਤ ਹੈ ਕਿ ਉਹ ਖੋਜ ਲਈ ਕੁਦਰਤ ਦੇ ਵਿਸ਼ਾਲ ਖਜ਼ਾਨੇ ਵਿਚ ਝਾਤ ਮਾਰੇ। ਇਸ ਉਪਰੰਤ ਉਹ ਮਹਿਸੂਸ ਕਰਦਾ ਹੈ ਕਿ ਜੀਵਨ ਦੀਆਂ ਅਤਿਅੰਤ ਘਟਨਾਵਾਂ ਦਾ ਹੱਲ (ਵਿਆਖਿਆ) ਵਿਗਿਆਨੀਆਂ ਦੀ ਖੋਜ ਵੀ ਨਹੀਂ ਕਰ ਸਕਦੀ।
ਮਹੱਤਵਪੂਰਨ ਖੋਜ ਬਹੁਤ ਸਾਰੀਆਂ ਗੰਢਾਂ ਖੋਲ੍ਹ ਦਿੰਦੀ ਹੈ ਪਰ ਨਾਲ ਹੀ ਕੁਝ ਹੋਰ ਗੰਢਾਂ ਬਹੁਤ ਪਚੀਦਾ ਕਰ ਦਿੰਦੀ ਹੈ। ਬ੍ਰਹਿਮੰਡ ਦੀ ਖੋਜ ਹੀ ਲਈਏ। ਬਰੋਨੋ ਨੇ ਕਾਪਰਨੀਕਸ ਦੀਆਂ ਕਿਤਾਬਾਂ ਪੜ੍ਹਨ ਨਾਲ ਕੁਝ ਨਤੀਜੇ ਮਹਿਸੂਸ ਕੀਤੇ। ਗਲੀਲੀਓ ਨੇ ਸਭ ਤੋਂ ਪਹਿਲੀ ਦੂਰਬੀਨ ਨਾਲ ਚੰਨ ਤਾਰੇ ਦੇਖੇ ਅਤੇ ਕਿਹਾ ਕਿ ਜ਼ਮੀਨ ਗੋਲ ਹੈ ਅਤੇ ਸੂਰਜ ਦੇ ਆਲੇ-ਦੁਆਲੇ ਘੁੰਮਦੀ ਹੈ। ਉਸ ਵਿਚਾਰੇ ਨੂੰ ਤਾਂ ਸਾਰੀ ਉਮਰ ਕੈਦ ਵਿਚ ਹੀ ਰਹਿਣਾ ਪਿਆ ਪਰ ਉਸ ਦਾ ਦਰਸਾਇਆ ਮਾਰਗ ਆਉਣ ਵਾਲੇ ਸਮੇਂ ਦੇ ਵਿਗਿਆਨੀਆਂ ਲਈ ਕਮਾਲਾਂ ਕਰ ਗਿਆ। ਉਸ ਦੇ ਵਾਰਿਸ ਅੱਜ ਚੰਨ ਉਪਰ ਜਾ ਚੁੱਕੇ ਹਨ। ਹੋ ਸਕਦਾ ਹੈ, ਛੇਤੀ ਹੀ ਕਿਸੇ ਹੋਰ ਹਸੀਨ ਧਰਤੀ ਉਪਰ ਸਾਡੀ ਧਰਤੀ ਦਾ ਮਨੁੱਖ ਆਪਣਾ ਬਸੇਰਾ ਬਣਾ ਲਵੇ ਅਤੇ ਇਥੋਂ ਦੇ ਭੀੜ ਭੜੱਕੇ ਤੋਂ ਨਜਾਤ ਪਾ ਲਵੇ।
ਕੁਦਰਤ ਦੀ ਲੀਲਾ ਬਹੁਤ ਨਿਆਰੀ ਹੈ। ਗਲੀਲੀਓ ਕੋਲ ਤਾਂ ਦੂਰਬੀਨ ਸੀ ਅਤੇ ਬਰੋਨੋ ਨੇ ਬਹੁਤ ਕੁਝ ਪੜ੍ਹਿਆ ਸੀ ਪਰ ਬਾਬੇ ਨਾਨਕ ਕੋਲ ਨਾ ਤਾਂ ਕੋਈ ਦੂਰਬੀਨ ਸੀ ਅਤੇ ਨਾ ਹੀ ਕਿਸੇ ਯੂਨੀਵਰਸਿਟੀ ਦੀ ਡਿਗਰੀ ਸੀ, ਫਿਰ ਵੀ ਇਨ੍ਹਾਂ ਵਿਗਿਆਨੀਆਂ ਤੋਂ ਪਹਿਲਾਂ ਕਹਿ ਦਿੱਤਾ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਧਰਤੀ ਹੋਰ ਪਰੇ, ਹੋਰ, ਹੋਰ। ਇਸ ਗੁੱਥੀ ਦੀ ਵਿਆਖਿਆ ਕਿਹੜਾ ਵਿਗਿਆਨੀ ਕਰੇਗਾ? ਭਵਿੱਖ ਬਾਣੀ ਦੇ ਪੈਰੋਕਾਰ ਅਤੇ ਐਸਟਰੋਲੋਜਰਜ਼ (ਨਜੂਮੀ) ਕਹਿੰਦੇ ਹਨ ਕਿ ਸੂਰਜ ਦੇ ਆਲੇ-ਦੁਆਲੇ ਅੱਠ ਗ੍ਰਹਿ ਹਨ। ਕਈ ਸਾਲ ਪਹਿਲਾਂ ਬ੍ਰਹਿਮੰਡ ਖੋਜਕਾਰਾਂ ਨੇ ਨੌਂ ਗ੍ਰਹਿ ਲੱਭ ਲਏ। ਕੁਝ ਦੇਰ ਭਵਿੱਖਬਾਣੀ ਦੇ ਮਤਵਾਲੇ ਸ਼ਸ਼ੋਪੰਜ ਵਿਚ ਪੈ ਗਏ ਪਰ ਥੋੜ੍ਹੇ ਸਾਲਾਂ ਪਹਿਲਾਂ ਫਿਰ ਕਮਾਲ ਹੋ ਗਈ। ਖੋਜਕਾਰ ਵੀ ਹੱਕੇ-ਬੱਕੇ ਰਹਿ ਗਏ ਜਦੋਂ ਪਤਾ ਲੱਗਿਆ ਕਿ ਨੌਵਾਂ ਗ੍ਰਹਿ ਪਲੂਟੋ ਤਾਂ ਗ੍ਰਹਿ ਕਹਾਉਣ ਦੇ ਕਾਬਿਲ ਨਹੀਂ। ਉਸ ਵਿਚ ਗ੍ਰਹਿ ਕਹਾਉਣ ਵਾਲੇ ਗੁਣ ਨਹੀਂ। ਐਸਟਰੋਲੋਜਰਜ਼ ਬਾਗੋ-ਬਾਗ ਹਨ।
ਹਰ ਰੋਜ਼ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਕੁਦਰਤ ਦੀ ਮਹਾਨ ਸ਼ਕਤੀ ਦਾ ਪ੍ਰਗਟਾਵਾ ਕਰਦੀਆਂ ਹਨ। ਕੱਪੜੇ ਧੋਣ ਤੇ ਸੁਕਾਉਣ ਦੀ ਮਸ਼ੀਨ ਅਤੇ ਬਰਤਣ ਸਾਫ਼ ਕਰਨ ਵਾਲੀ ਮਸ਼ੀਨ ਨੇ ਘਰੋਗੀ ਜੀਵਨ ਬਹੁਤ ਸੁਖਾਲਾ ਕਰ ਦਿੱਤਾ ਹੈ। ਕੁਦਰਤ ਦੀ ਬਖ਼ਸੀ ਧੁੱਪ ਦੇ ਕਿਆ ਕਹਿਣੇ! ਸੂਰਜ ਵੱਲੋਂ ਆਉਂਦੀ ਧੁੱਪ ਵਿਚ ਅਲਟਰਾ ਵੁਆੲਲਿਟ ਕਿਰਨਾਂ ਦਾ ਭਾਗ ਕੱਪੜਿਆਂ ਅਤੇ ਬਰਤਨਾਂ ਦੇ ਉਹ ਧੱਬੇ ਉਤਾਰ ਦਿੰਦਾ ਹੈ ਜਿਹੜੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਮਸ਼ੀਨਾਂ ਦੇ ਵੱਸ ਦੀ ਗੱਲ ਨਹੀਂ।
ਸਾਈਕਲੋਟਰੋਨ, ਬੈਟਾਟਰੋਨ ਅਤੇ ਇਨ੍ਹਾਂ ਤੋਂ ਅੱਗੇ ਵਿਗਿਆਨੀਆਂ ਨੇ ਬਹੁਤ ਨਰੋਈਆਂ ਮਸ਼ੀਨਾਂ ਬਣਾ ਲਈਆਂ ਹਨ ਜਿਹੜੀਆਂ ਚਾਰਜ ਹੋਏ ਅਣੂਆਂ (ਚਾਰਜਡ ਪਾਰਟੀਕਲਜ਼) ਦੀ ਗਤੀ ਨੂੰ ਬਹੁਤ ਤੇਜ਼ ਕਰ ਦਿੰਦੀਆਂ ਹਨ ਪਰ ਕੁਦਰਤ ਦੀਆਂ ਕਾਸਮਕ ਕਿਰਨਾਂ ਦੀ ਗਤੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਸੂਰਜ ਦੀ ਰੋਸ਼ਨੀ ਦਾ ਕਮਾਲ ਹੀ ਦੇਖ ਲਵੋ, ਅਰਬਾਂ ਖਰਬਾਂ ਮਸਨੂਈ ਤਰੀਕਿਆਂ ਨਾਲ ਇਤਨੀ ਰੋਸ਼ਨੀ ਪੈਦਾ ਨਹੀਂ ਕੀਤੀ ਜਾ ਸਕਦੀ। ਜੇ ਸੂਰਜ ਵਲੋਂ ਚਾਰ ਚੁਫੇਰੇ ਸੁੱਟੀ ਗਰਮੀ ਦਾ ਕਿਆਸ ਲਾਈਏ ਤਾਂ ਹੈਰਾਨੀ ਦੀ ਹੱਦ ਨਹੀਂ। ਇਹ ਤਾਂ ਕੁਦਰਤ ਦੀ ਖੇਡ ਹੈ ਕਿ ਸੂਰਜ ਵੱਲੋਂ ਆਉਂਦੀ ਗਰਮੀ ਦਾ ਬਹੁਤ ਹੀ ਮਾਮੂਲੀ ਜਿਹਾ ਹਿੱਸਾ ਧਰਤੀ ਦੇ ਨਸੀਬ ਵਿਚ ਆਇਆ ਹੈ, ਨਹੀਂ ਤਾਂ ਮਿੰਟਾਂ ਵਿਚ ਹੀ ਸਮੁੰਦਰ ਭਾਫ਼ ਵਿਚ ਬਦਲ ਜਾਣ।
ਮੈਂ ਬਹੁਤ ਸਾਲ ਬੀ.ਐਸਸੀ. ਤੱਕ ਦੀਆਂ ਜਮਾਤਾਂ ਨੂੰ ਭੌਤਿਕ ਵਿਗਿਆਨ (ਫਿਜ਼ਿਕਸ) ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਵਿਚ ਪੜ੍ਹਾਇਆ ਹੈ। ਹੀਟ, ਸਾਊਂਡ, ਲਾਈਟ ਅਤੇ ਬਿਜਲੀ ਨਾਲ ਸਬੰਧਿਤ ਤਜਰਬੇ ਕਰਦਾ ਰਿਹਾ ਹਾਂ। ਫਿਰ ਵੀ ਇਨ੍ਹਾਂ ਸ਼ਕਤੀਆਂ ਵਿਚੋਂ ਕੋਈ ਵੀ ਅੱਖਾਂ ਨੂੰ ਨਜ਼ਰ ਨਹੀਂ ਆਈ। ਰੋਸ਼ਨੀ ਦੇ ਸਪੈਕਟਰਮ ਦਾ ਵੀ ਕੁਝ ਹਿੱਸਾ ਜਿਵੇਂ ਅਲਟਰਾ ਵੁਆਇਲਿਟ ਇਨਫਰਾ ਰੈੱਡ, ਰੇਡੀਓ ਕਿਰਨਾਂ ਕਿਸੇ ਨੂੰ ਵੀ ਦਿਸੀਆਂ ਨਹੀਂ। ਇਲੈਕਟਰੌਨ, ਪ੍ਰੋਟੌਨ ਅਤੇ ਨਿਊਟਰੌਨ ਵੀ ਸਾਨੂੰ ਨਜ਼ਰ ਨਹੀਂ ਆਉਂਦੇ। ਇਨ੍ਹਾਂ ਸਾਰੀਆਂ ਸ਼ਕਤੀਆਂ ਦੇ ਅਸਰ ਹੀ ਦਿਖਾਈ ਦਿੰਦੇ ਹਨ।
ਬਿਜਲੀ ਦੀ ਹਾਜ਼ਰੀ ਨੂੰ ਪੱਖਾ, ਘੰਟੀ ਜਾਂ ਹੋਰ ਕਿਸੇ ਅਸਰ ਨਾਲ ਹੀ ਪਛਾਣਿਆ ਜਾਂਦਾ ਹੈ। ਆਵਾਜ਼ ਕੰਨ ਹੀ ਸੁਣ ਸਕਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਇਹ ਸ਼ਕਤੀਆਂ ਨਜ਼ਰ ਨਹੀਂ ਆਉਂਦੀਆਂ, ਫਿਰ ਕੁਦਰਤ ਦੀ ਮਹਾਨ ਸ਼ਕਤੀ ਕਿਵੇਂ ਨਜ਼ਰ ਆਵੇਗੀ। ਇਹ ਤਾਂ ਇਸ ਦੇ ਲਾਸਾਨੀ ਕ੍ਰਿਸ਼ਮਿਆਂ ਤੋਂ ਹੀ ਪਛਾਣੀ ਜਾਵੇਗੀ। ਆਓ ਕੁਦਰਤ ਦੀਆਂ ਖੇਡਾਂ ਦਾ ਨਾਜ਼ਾਰਾ ਦੇਖੀਏ।
ਪਸ਼ੂ ਅਤੇ ਪੰਛੀ ਬੋਲ ਨਹੀਂ ਸਕਦੇ ਪਰ ਉਨ੍ਹਾਂ ਦੀਆਂ ਆਵਾਜ਼ਾਂ ਦੇ ਵੱਖਰੇ-ਵੱਖਰੇ ਸਮੇਂ ਵੱਖਰੇ-ਵੱਖਰੇ ਅਰਥ ਹੁੰਦੇ ਹਨ। ਸਦਾ ਬਹਾਰ ਮੁਰਗੀਆਂ ਲਗਭਗ ਹਰ ਰੋਜ਼ ਹੀ ਆਂਡਾ ਦਿੰਦੀਆਂ ਹਨ। ਹੋਰ ਪੰਛੀ ਇਸ ਤਰ੍ਹਾਂ ਨਹੀ ਕਰਦੇ। ਮਹਾਵਾਰੀ ਦੇ ਆਂਡੇ ਵੱਡੇ-ਵੱਡੇ ਜਾਨਵਰਾਂ ਦੇ ਵੀ ਨਜ਼ਰ ਨਹੀਂ ਆਉਂਦੇ। ਨਵੇਂ ਦੁੱਧ ਪਿਛੋਂ ਸਾਰੇ ਜਾਨਵਰਾਂ ਦੇ ਬੱਚੇ ਅਲੱਗ-ਅਲੱਗ ਸਮੇਂ ਪਿੱਛੋਂ ਪੈਦਾ ਹੁੰਦੇ ਹਨ। ਬਿੱਲੀਆਂ, ਸ਼ੇਰਨੀਆਂ ਅਤੇ ਕੁੱਤੀਆਂ ਦੇ ਕਿੰਨੇ-ਕਿੰਨੇ ਬੱਚੇ ਹੁੰਦੇ ਹਨ। ਬੱਕਰੀ, ਗਊ, ਮੱਝ ਅਤੇ ਊਠਣੀ ਇਕੋ ਜਿਹਾ ਚਾਰਾ ਖਾਣ ਪਿੱਛੋਂ ਅੱਡੋ-ਅੱਡ ਵਿਸ਼ੇਸ਼ਤਾਈਆਂ ਵਾਲਾ ਦੁੱਧ ਦਿੰਦੀਆਂ ਹਨ। ਊਠਣੀ ਦਾ ਦੁੱਧ ਬਹੁਤ ਲਾਭਦਾਇਕ ਹੈ। ਇਸੇ ਕਰਕੇ ਬਹੁਤ ਮਹਿੰਗਾ ਹੈ। ਸੱਪ ਬਗੈਰ ਲੱਤਾਂ ਦੇ ਵੀ ਬਹੁਤ ਤੇਜ਼ ਦੌੜ ਸਕਦਾ ਹੈ। ਕਿਰਲੀਆਂ ਸਿੱਧੀਆਂ ਵੀ ਭੱਜ ਲੈਂਦੀਆਂ ਹਨ ਅਤੇ ਆਪਣੇ ਪਹੁੰਚਿਆਂ ਦੀ ਅਜੀਬ ਪਕੜ ਨਾਲ ਛੱਤਾਂ ‘ਤੇ ਸਾਰਾ ਦਿਨ ਪੁੱਠੀਆਂ ਵੀ ਲਟਕੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਬਲੱਡ ਪ੍ਰੈਸ਼ਰ ਪੁੱਠੇ ਰਹਿ ਕੇ ਵੀ ਠੀਕ-ਠਾਕ ਰਹਿੰਦਾ ਹੈ।
ਚਮਗਿੱਦੜ ਕੁਦਰਤ ਦਾ ਸ਼ਾਇਦ ਇਕੱਲਾ ਪੰਛੀ ਹੈ ਜੋ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦਾ ਹੈ। ਉਹ ਸਾਰਾ ਦਿਨ ਪੁੱਠਾ ਹੀ ਲਟਕਦਾ ਹੈ। ਰਾਤ ਸਮੇਂ ਉਡਣ ਵੇਲੇ ਕਿਸੇ ਵੀ ਦੀਵਾਰ ਜਾਂ ਹੋਰ ਵਸਤੂ ਨਾਲ ਟਕਰਾਉਂਦਾ ਨਹੀਂ। ਕੁਦਰਤ ਦੀਆਂ ਬਖਸ਼ੀਆਂ ਲਹਿਰਾਂ (ਵੇਵਜ਼) ਉਸ ਨੂੰ ਦੱਸ ਦਿੰਦੀਆਂ ਹਨ ਕਿ ਟਕਰਾਓ ਨਹੀਂ, ਵਾਪਸ ਪਰਤ ਆਉ। ਜੁਗਨੂੰ ਕੁਦਰਤ ਦਾ ਬਹੁਤ ਪਿਆਰਾ ਦੀਵਾ ਹੈ।
ਜੇ ਪਾਠਕ ਪਾਣੀ ਵਿਚ ਰਹਿਣ ਵਾਲੇ ਲੱਖਾਂ ਜੀਵਾਂ ਦੀਆਂ ਆਦਤਾਂ ਗੂਗਲ ਰਾਹੀਂ ਪੜ੍ਹਨ ਦੀ ਕੋਸ਼ਿਸ਼ ਕਰੇ ਤਾਂ ਕੁਦਰਤ ਦੀ ਕਰਾਮਾਤ ਦੇ ਅਸਚਰਜ ਨਜ਼ਾਰਿਆਂ ਦੇ ਦੀਦਾਰ ਹੋਣਗੇ। ਮਨੁੱਖ ਆਪਣੀ ਖੋਜ ਰਾਹੀਂ ਇਨ੍ਹਾਂ ਦੇ ਸੁਭਾਅ ਦੀ ਤਾਂ ਕੁਝ ਹੱਦ ਤੱਕ ਪਛਾਣ ਕਰ ਸਕਿਆ ਹੈ ਪਰ ਇਨ੍ਹਾਂ ਅਸਚਰਜ ਨਜ਼ਾਰਿਆਂ ਦਾ ਕਾਰਨ ਸ਼ਾਇਦ ਕਦੀ ਵੀ ਨਾ ਲੱਭ ਸਕੇ। ਸੰਤੁਲਤ ਦਿਮਾਗ ਨਾਲ ਸੋਚਣ ਵਾਲੇ ਵਿਅਕਤੀ ਕੁਦਰਤ ਦੀ ਲਾਸਾਨੀ ਫਿਤਰਤ ਦੇ ਬਲਿਹਾਰੇ-ਬਲਿਹਾਰੇ ਜਾਣਗੇ। ਵ੍ਹੇਲ, ਮੱਛੀ ਨਹੀਂ; ਇਹ ਮੱਛੀਆਂ ਵਾਂਗ ਆਂਡੇ ਨਹੀਂ ਦਿੰਦੀ। ਕੁਝ ਜਾਨਵਰ ਆਂਡਿਆਂ ਨੂੰ ਮੂੰਹ ਵਿਚ ਰੱਖ ਕੇ ਫਰਟੀਲਾਈਜ਼ ਕਰਦੇ ਹਨ। ਕੱਛੂ ਆਂਡਿਆਂ ਨੂੰ ਛੱਪੜਾਂ ਦੇ ਕਿਨਾਰੇ ਰੇਤ ਵਿਚ ਦੱਬ ਆਉਂਦੇ ਹਨ। ਵੇਲਾ ਆਉਣ ‘ਤੇ ਇਨ੍ਹਾਂ ਵਿਚੋਂ ਬੱਚੇ ਪੈਦਾ ਹੋ ਜਾਂਦੇ ਹਨ।
ਡਾਕਟਰਾਂ ਨੇ ਆਪਣੀ ਮਿਹਨਤ ਅਤੇ ਖੋਜ ਨਾਲ ਉਹ ਕੁਝ ਕਰ ਦਿਖਾਇਆ ਹੈ ਕਿ ਇਸ ਨਿਮਾਣੇ ਜਿਹੇ ਲੇਖ ਦੀ ਤਾਕਤ ਨਹੀਂ, ਉਸ ਨੂੰ ਬਿਆਨ ਕਰ ਸਕੇ। ਸਮਾਲ ਪੌਕਸ, ਮਲੇਰੀਆ ਅਤੇ ਪਲੇਗ ਜਿਹੀਆਂ ਨਾ-ਮੁਰਾਦ ਬਿਮਾਰੀਆਂ ‘ਤੇ ਕਾਬੂ ਪਾ ਲਿਆ। ਔਸਤਨ ਉਮਰ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਬੱਚਾ ਜ਼ੱਚਾ ਬਹੁਤ ਮਹਿਫੂਜ਼ ਅਤੇ ਸਿਹਤਮੰਦ ਰਹਿੰਦੇ ਹਨ। ਕੈਟੇਰੈਕਟ (ਕੁਕਰਿਆਂ) ਦੇ ਅਪਰੇਸ਼ਨ ਪਿੱਛੋਂ ਕਿੰਨੇ-ਕਿੰਨੇ ਦਿਨ ਹਰੀਆਂ ਪੱਟੀਆਂ ਲਾ ਕੇ ਮਰੀਜ਼ ਫਿਰਦੇ ਹੁੰਦੇ ਸਨ। ਅੱਜ ਕੱਲ੍ਹ ਘੰਟਿਆਂ ਬਾਅਦ ਹੀ ਲੈਨਜ਼ ਲਗਾ ਕੇ ਮਰੀਜ਼ ਘਰ ਆ ਜਾਂਦਾ ਹੈ। ਹੋਰ ਅਣਗਿਣਤ ਬਿਮਾਰੀਆਂ ਦੇ ਇਲਾਜ ਬਹੁਤ ਸੌਖੇ ਹੋ ਗਏ ਹਨ ਪਰ ਅੱਖਾਂ ਦੀਆਂ ਦੋ ਤਕਲੀਫ਼ਾਂ ਦਾ ਦੁਨੀਆਂ ਭਰ ਵਿਚ ਕੋਈ ਉਪਾਅ ਨਹੀਂ, ਉਹ ਹਨ ਔਪਟਿਕ ਨਰਵ ਦਾ ਵਿਗੜ ਜਾਣਾ ਅਤੇ ਮੈਕੂਲਰ ਡੀਜੈਨਰੇਸ਼ਨ ਦਾ ਵਾਪਰਨਾ। ਮੇਰੀ ਆਪਣੀ ਜਾਣ-ਪਛਾਣ ਵਾਲੇ ਕਈ ਚੰਗੇ ਇਨਸਾਨ ਇਨ੍ਹਾਂ ਤਕਲੀਫ਼ਾਂ ਦਾ ਦਲੇਰੀ ਨਾਲ ਸਾਹਮਣਾ ਕਰ ਰਹੇ ਹਨ। ਕੁਦਰਤ ਅਜਿੱਤ ਹੈ। ਮੇਰੇ ਅਜ਼ੀਜ਼ ਅਮੋਲਕ ਸਿੰਘ ਜੰਮੂ ਦੀ ਦੁਖਦਾਈ ਬਿਮਾਰੀ ਮਾਸਕੂਲਰ ਡਿਸਟਰੌਫੀ ਦਾ ਕੋਈ ਇਲਾਜ ਨਹੀਂ!
ਮੈਂ ਦਸ ਕੁ ਸਾਲ ਦਾ ਸੀ। ਪਹਿਲੀ ਵਾਰ ਮੈਨੂੰ ਪਤਾ ਲੱਗਿਆ ਕਿ ਮੇਰੇ ਪਿੰਡ ਸਾਡੇ ਨਜ਼ਦੀਕੀਆਂ ਦੇ ਘਰ ਦੋ ਜੌੜੇ ਮੁੰਡੇ ਪੈਦਾ ਹੋਏ। ਵੱਡੇ ਦਾ ਰੰਗ ਕਣਕਵੰਨਾ ਅਤੇ ਛੋਟੇ ਦਾ ਕੁਝ ਸਉਲਾ। ਵੱਡਾ ਭੋਲਾ ਭੰਡਾਰਾ ਅਤੇ ਛੋਟਾ ਥੋੜ੍ਹਾ ਚੁਸਤ। ਦੋਹਾਂ ਦੇ ਸਾਂਝੇ ਜੀਨ ਅਤੇ ਬਿਲਕੁਲ ਇਕੋ ਜਿਹਾ ਵਾਤਾਵਰਨ, ਫਿਰ ਵੀ ਇਕੋ ਜਿਹੇ ਕਿਉਂ ਨਹੀਂ। ਮਨੋਵਿਗਿਆਨੀਆਂ ਨੂੰ ਤਾਂ ਇਸ ਦਾ ਕਾਰਨ ਪਤਾ ਹੋਵੇਗਾ ਪਰ ਸਾਡੇ ਪਿੰਡ ਦੇ ਲੋਕਾਂ ਨੂੰ ਤਾਂ ਕੁਦਰਤ ਦੀ ਖੇਡ ਹੀ ਨਜ਼ਰ ਆਉਂਦੀ ਸੀ।
ਪਿਛਲੇ ਕੁਝ ਦਿਨਾਂ ਤੋਂ ਅਮ੍ਰਿੰਤਸਰ ਦੇ ਸੋਹਣੇ ਮੋਹਣੇ ਨੇ ਤਾਂ ਇਸ ਅਸਚਰ ਦੀਆਂ ਹੱਦਾਂ ਹੀ ਮੁਕਾ ਦਿੱਤੀਆਂ। ਦੋ ਧੜ ਹਨ ਪਰ ਉਨ੍ਹਾਂ ਦੇ ਟੇਸਟ ਵੱਖਰੇ-ਵੱਖਰੇ ਹਨ। ਦੋਹਾਂ ਨੂੰ ਇਕੋ ਰੰਗ ਸ਼ਾਇਦ ਪਸੰਦ ਨਹੀਂ। ਹੈਰਾਨੀ ਹੁੰਦੀ ਹੈ ਕਿ ਜਦੋਂ ਇਕ ਦਾ ਕਿਸੇ ਥਾਂ ਜਾਣ ਲਈ ਦਿਲ ਨਾ ਕਰਦਾ ਹੋਵੇ, ਫਿਰ ਵੀ ਲੱਤਾਂ ਸਾਂਝੀਆਂ ਹੋਣ ਕਰਕੇ ਤੁਰ ਹੀ ਪੈਂਦੇ ਹਨ। ਸਾਡਾ ਸਮਾਜ ਵਧਾਈ ਦਾ ਹੱਕਦਾਰ ਹੈ ਕਿ ਉਨ੍ਹਾਂ ਨੂੰ ਦੋ ਪਾਸਪੋਰਟ ਦੇ ਦਿੱਤੇ ਹਨ ਅਤੇ ਉਨ੍ਹਾਂ ਦੀ ਇਕ ਦੂਜੇ ਤੋਂ ਵੱਖਰੀ ਸ਼ਖਸੀਅਤ ਤਸਲੀਮ ਕਰ ਲਈ ਹੈ। ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਹੱਕ ਮਿਲ ਜਾਵੇਗਾ। ਕੁਝ ਦਿਨ ਪਹਿਲਾਂ ਬਿਜਲੀ ਦੇ ਮਹਿਕਮੇ ਨੇ ਉਨ੍ਹਾਂ ਦਾ ਤਬਾਦਲਾ ਪਿੰਗਲਵਾੜੇ ਦੇ ਨਜ਼ਦੀਕ ਕਰ ਦਿੱਤਾ ਹੈ ਜਿਥੋਂ ਉਨ੍ਹਾਂ ਦਾ ਰੋਜ਼ ਜਾਣਾ ਆਉਣਾ ਸੌਖਾ ਹੋ ਜਾਵੇਗਾ। ਮਾਨਾਂਵਾਲੇ (ਅੰਮ੍ਰਿਤਸਰ) ਉਨ੍ਹਾਂ ਰਹਾਇਸ਼ ਹੈ।
ਇਸੇ ਤਰ੍ਹਾਂ ਅਮਰੀਕਾ ਵਿਚ ਐਬੀ ਅਤੇ ਬ੍ਰਿਟੈਨੀ, ਸੋਹਣੇ ਮੋਹਣੇ ਦੀਆਂ ਭੈਣਾਂ ਜਾਪਦੀਆਂ ਹਨ। ਉਨ੍ਹਾਂ ਦੇ ਟੇਸਟ ਵੱਖਰੇ ਹੋਣ ਦੇ ਨਾਲ ਨਾਲ ਦੋਸਤਾਂ ਦੀ ਚੋਣ ਵੀ ਵੱਖਰੀ-ਵੱਖਰੀ ਹੈ। ਕਿਹਾ ਜਾਂਦਾ ਹੈ ਕਿ ਲੰਮਾ ਅਤੇ ਡੂੰਘਾ ਸਾਹ ਲਵੋ, ਫਿਰ ਉਨ੍ਹਾਂ ਨੂੰ ਦੇਖੋ। ਆਉਣ ਵਾਲੇ ਦਿਨਾਂ ਵਿਚ ਕੋਈ ਅਚੰਭੇ ਵਾਲੀ ਘਟਨਾ ਵਾਪਰਨ ਵਾਲੀ ਹੈ। ਕਮਾਲ ਹੋ ਜਾਵੇਗੀ।
ਅਮਰੀਕਾ ਦੇ ਇਕ ਸਕੂਲ ਨੇ ਉਨ੍ਹਾਂ ਨੂੰ ਨੌਕਰੀ ਤਾਂ ਦੇ ਦਿੱਤੀ ਪਰ ਵੇਤਨ ਇਕ ਬੰਦੇ ਦਾ ਹੀ ਦਿੱਤਾ ਹੈ। ਇਹ ਜ਼ਿਆਦਤੀ ਮਹਿਸੂਸ ਹੋ ਰਹੀ ਹੈ।
ਇਨ੍ਹਾਂ ਮੁੰਡਿਆਂ ਅਤੇ ਕੁੜੀਆਂ ਦੀ ਦਾਸਤਾਂ ਇਕ ਗੱਲ ਭਲੀ ਪ੍ਰਕਾਰ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਡਾਕਟਰਾਂ ਦੀ ਖੋਜ ਕਿਤਨੀ ਵੀ ਗਹਿਰਾਈ ਵਿਚ ਚਲੀ ਜਾਵੇ, ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕੇਗੀ। ਕਿਸੇ ਵੀ ਮਸਨੂਈ ਢੰਗ ਨਾਲ ਇਹੋ ਜਿਹੇ ਜੌੜੇ ਬੱਚੇ ਪੈਦਾ ਨਹੀਂ ਕਰ ਸਕੇਗੀ।
ਮਨੋਵਿਗਿਆਨੀਆਂ ਦੀ ਖੋਜ ਨੇ ਬਹੁਤ ਕੁਝ ਲੱਭ ਲਿਆ ਹੈ। ਫਿਰ ਵੀ ਕਈ ਅੱਲ-ਬਲੱਲੇ ਸੁਪਨਿਆਂ ਦੀ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। ਕਈ ਸੁਪਨੇ ਹਕੀਕਤ ਵਿਚ ਬਦਲ ਜਾਂਦੇ ਹਨ। ਕਈ ਵਾਰ ਡਾਕਟਰ ਹੈਰਾਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਇਲਾਜ ਕਰਨ ਵਿਚ ਸਫਲਤਾ ਨਹੀਂ ਮਿਲ ਰਹੀ। ਉਸੇ ਜਿਹੀ ਬਿਮਾਰੀ ਨਾਲ ਜੂਝਦੇ ਹੋਰ ਮਰੀਜ਼ ਨਾਲ ਉਹੀ ਇਲਾਜ ਠੀਕ ਸਾਬਤ ਹੋ ਜਾਂਦਾ ਹੈ। ਇਹ ਗੱਲ ਮੇਰੇ ਨਾਲ ਕੁਝ ਚੰਗੇ ਡਾਕਟਰਾਂ ਨੇ ਸਾਂਝੀ ਕੀਤੀ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਕੁਝ ਬਹੁਤ ਹੀ ਉਚੇ ਦਰਜੇ ਅਤੇ ਭਾਰਤ ਤੋਂ ਬਾਹਰ ਵੀ ਜਾਣੇ ਜਾਂਦੇ ਡਾਕਟਰਾਂ ਦਾ ਆਪਣੀ ਮੇਜ਼ ਉਪਰ ਰੱਖੇ ਕਾਗਜ਼ ‘ਤੇ ਲਿਖਿਆ ਹੁੰਦਾ ਹੈ- ਆਈ ਟ੍ਰੀਟ, ਆਲਮਾਈਟੀ ਕਿਓਰਸ; ਭਾਵ, ਮੈਂ ਤਾਂ ਇਲਾਜ ਕਰਦਾ ਹਾਂ, ਸ਼ਫਾ ਅਤੇ ਸਿਹਤਮੰਦ ਹੋਣਾ ਕੁਦਰਤ ਦੇ ਹੱਥ ਹੈ।
ਲਿਖਣ ਲਈ ਬਹੁਤ ਕੁਝ ਹੈ ਪਰ ਮਨੋਗਿਆਨ ਦੀ ਮਾਹਰ ਇਕ ਬੀਬੀ ਦੀ ਖੂਬਸੂਰਤ ਗੱਲ ਦਾ ਜ਼ਿਕਰ ਕਰਨ ਨੂੰ ਮਨ ਲਲਚਾਇਆ ਹੈ:
ਅਮਰੀਕਾ ਦੇ ਲਗਭਗ ਸਾਰੇ ਅਖ਼ਬਾਰਾਂ ਵਿਚ ਐਬੀ ਦਾ ਕਾਲਮ ਛਪਦਾ ਹੈ। ਹਰ ਰੋਜ਼ ਉਸ ਨੂੰ ਪਾਠਕ ਘਰੋਗੀ ਮਸਲਿਆਂ ਬਾਬਤ ਸਵਾਲ ਪੁੱਛਦੇ ਹਨ। ਕੋਈ ਤਲਾਕ ਦੀ ਗੱਲ ਕਰਦਾ ਹੈ, ਕੋਈ ਬੱਚੇ ਦੀ ਸਮੱਸਿਆ ਵੱਲੋਂ ਪ੍ਰੇਸ਼ਾਨ ਹੈ ਅਤੇ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਰਵੱਈਏ ਤੋਂ ਦੁਖੀ ਹੈ। ਉਸ ਬੀਬੀ ਦੇ ਮਨੋਵਿਗਿਆਨਕ ਤਰੀਕੇ ਨਾਲ ਦਿੱਤੇ ਸੁਝਾਅ ਬਹੁਤ ਤਸੱਲੀਬਖ਼ਸ਼ ਹੁੰਦੇ ਹਨ ਅਤੇ ਬਹੁਤ ਵਾਰ ਇਨ੍ਹਾਂ ਸੁਝਾਵਾਂ ਦੀ ਪ੍ਰਸ਼ੰਸਾ ਵੀ ਹੁੰਦੀ ਹੈ। ਕੁਦਰਤ ਦੀ ਖੇਡ ਨਿਰਾਲੀ ਹੈ, ਕੁਝ ਦੇਰ ਪਹਿਲਾਂ ਉਸ ਦਾ ਆਪਣਾ ਤਲਾਕ ਹੋ ਗਿਆ। ਇਕ ਪਾਠਕ ਨੇ ਉਸ ਬੀਬੀ ਨੂੰ ਸਵਾਲ ਕੀਤਾ- “ਇਹ ਕੀ ਹੋ ਗਿਆ? ਤੂੰ ਸਭ ਦੇ ਮਸਲੇ ਸੁਲਝਾ ਦਿੰਨੀ ਹੈਂ, ਆਪਣਾ ਤਲਾਕ ਕਿਉਂ ਰੋਕ ਨਹੀਂ ਸਕੀ?” ਉਸ ਦਾ ਜਵਾਬ ਸੀ, “ਆਈ ਐਮ ਵੰਨ ਵਿਦ ਦਿ ਰੇਸ; ਮਤਲਬ ਸਾਫ ਹੈ- ਇਸ ਮਹਾਨ ਅਤੇ ਸ਼ਕਤੀਸ਼ਾਲੀ ਕੁਦਰਤ ਉਪਰ ਕਿਸੇ ਦਾ ਜ਼ੋਰ ਨਹੀਂ। ਮੇਰੇ ਨਾਲ ਵੀ ਉਹੀ ਕੁਝ ਵਰਤ ਗਿਆ ਜੋ ਲੱਖਾਂ ਲੋਕਾਂ ਨਾਲ ਹੋ ਰਿਹਾ ਹੈ।” ਇਸ ਘਟਨਾ ਨੂੰ ਪੜ੍ਹਨ ਪਿਛੋਂ ਮਹਿਸੂਸ ਹੋਇਆ ਕਿ ਲੱਖ ਚਤੁਰਾਈਆਂ ਸਿਆਣਪਾਂ ਕਿਸੇ ਕੰਮ ਨਾ ਆਈਆਂ।
ਬਹੁਤ ਸਾਰੇ ਕਵੀ, ਵਿਦਵਾਨ ਅਤੇ ਉਚ ਕੋਟੀ ਦੇ ਜ਼ਹੀਨ ਅਤੇ ਅਕਲਮੰਦ ਜਿਨ੍ਹਾਂ ਦੇ ਕਲਾਮ ਮਹੱਤਵਪੂਰਨ ਮਹਿਫਲਾਂ ਦੇ ਸ਼ਿੰਗਾਰ ਹੁੰਦੇ ਹਨ, ਉਹ ਦੁਨੀਆਦਾਰੀ ਦੇ ਅਨੁਭਵ ਤੋਂ ਅਣਜਾਣ ਹੁੰਦੇ ਹਨ। ਉਧਾਰ ਲੈ ਕੇ ਪੈਸੇ ਨਾ ਮੋੜਨਾ, ਸ਼ਰਾਬ ਦਾ ਮਹਾਂ ਮੂਰਖਤਾ ਤੱਕ ਪੀਣਾ, ਸਮਾਜਿਕ ਗਿਣਤੀ ਮਿਣਤੀ ਅਨੁਸਾਰ ਚਾਲ-ਚਲਨ ਤੋਂ ਬੇਖ਼ਬਰ ਤੇ ਬੇਪਰਵਾਹ ਹੋਣਾ ਇਨ੍ਹਾਂ ਨੂੰ ਸੋਭਦਾ ਨਹੀਂ। ਫਿਰ ਵੀ ਇਤਨੇ ਦਾਨਸ਼ਮੰਦ ਹੁੰਦੇ ਹੋਏ ਇਹ ਸਭ ਕੁਝ ਕਿਉਂ ਕਰਦੇ ਹਨ? ਸ਼ਾਇਦ ਮਨੋਵਿਗਿਆਨੀਆਂ ਦੀ ਖੋਜ ਕਿਸੇ ਸਿੱਟੇ ‘ਤੇ ਪਹੁੰਚਣ ਦੇ ਸਮਰੱਥ ਨਹੀਂ।
ਲੈਲਾ ਕਾਲੀ ਕਲੂਟੀ ਹੈ। ਸਮਾਜ ਵਿਚ ਵਿਚਰਦੇ ਲੱਖਾਂ ਬੰਦਿਆਂ ਨੂੰ ਉਸ ਵਿਚ ਕੋਈ ਖਾਸ ਖਿੱਚ ਨਜ਼ਰ ਨਹੀਂ ਆਉਂਦੀ। ਕੈਸਾ ਕਮਾਲ, ਮਜਨੂੰ ਉਸ ਲਈ ਖੂਹ ਵਿਚ ਪੁੱਠਾ ਲਟਕਣ ਲਈ ਤਿਆਰ ਹੈ। ਇਹ ਕਿਹੋ ਜਿਹੀ ਮਾਨਸਕਤਾ ਹੈ। ਜਵਾਬ ਸੌਖਾ ਨਹੀਂ।
ਬਹੁਤ ਸਾਰੇ ਤਰਕਸ਼ੀਲ ਵੀਰ ਇਨ੍ਹਾਂ ਸਭ ਘਟਨਾਵਾਂ ਨੂੰ ਚਾਂਸ ਕਹਿ ਕੇ ਆਪਣਾ ਪੱਲਾ ਝਾੜ ਜਾਂਦੇ ਹਨ। ਜਦੋਂ ਵੀ ਕਿਸੇ ਅਚੰਭੇ ਵਾਲੀ ਜਾਂ ਅਣਹੋਣੀ ਸਥਿਤੀ ਦਾ ਅਰਥ ਭਰਪੂਰ ਜਵਾਬ ਨਾ ਦੇ ਸਕੇ ਤਾਂ ਨਵੇਂ ਜ਼ਮਾਨੇ ਦਾ ਨਵੀਂ ਨਰੋਈ ਸੋਚ ਵਾਲਾ ਮਨੁੱਖ ਚਾਂਸ ਦੀ ਸ਼ਰਨ ਲੈ ਲੈਂਦਾ ਹੈ।
ਬਗੈਰ ਮਿਥੇ, ਵੈਸੇ ਹੀ ਕੁਦਰਤ ਵਲੋਂ ਕੋਈ ਖਿਆਲ ਆ ਜਾਵੇ ਜਾਂ ਅਚਨਚੇਤ ਕਿਸੇ ਨਾਲ ਮੁਲਾਕਾਤ ਹੋ ਜਾਵੇ, ਜਾਂ ਬਿਨਾ ਕਿਸੇ ਕੋਸ਼ਿਸ਼ ਕੋਈ ਵੱਡਮੁਲੀ ਚੀਜ਼ ਲੱਭ ਜਾਵੇ, ਇਹੋ ਜਿਹੀਆਂ ਘਟਨਾਵਾਂ ਨੂੰ ਚਾਂਸ ਕਿਹਾ ਜਾਂਦਾ ਹੈ ਪਰ ਜੇ ਗਹੁ ਨਾਲ ਵਾਚਿਆ ਜਾਵੇ ਤਾਂ ਚਾਂਸ ਕੁਦਰਤ ਦੇ ਅਸਚਰਜ ਹੋਣ ਦਾ ਬਿਹਤਰੀਨ ਨਮੂਨਾ ਹੈ।
ਮੈਂ ਕੁਝ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ ਜਿਹੜੇ ਕਿਸੇ ਕੀਮਤ ‘ਤੇ ਵੀ ਸ਼ਾਦੀ ਲਈ ਰਜ਼ਾਮੰਦ ਨਹੀਂ ਹੁੰਦੇ ਸਨ। ਚਾਂਸ ਉਨ੍ਹਾਂ ਲਈ ਐਸੀ ਖੁਸ਼ਖਬਰੀ ਲੈ ਕੇ ਆਇਆ ਕਿ ਕਿਸੇ ਲੜਕੀ ਨਾਲ ਚਾਂਸ ਦੀ ਮੁਲਾਕਾਤ ਜੀਵਨ ਭਰ ਦੇ ਸਾਕ ਵਿਚ ਬਦਲ ਗਈ। ਹਰ ਵਿਅਕਤੀ ਵੀ ਜੇ ਜੀਵਨ ਝਰੋਖੇ ਵਿਚ ਧਿਆਨ ਨਾਲ ਝਾਤ ਮਾਰੇ, ਉਸ ਨੂੰ ਚਾਂਸ ਅਧੀਨ ਵਰਤਾਏ ਕਈ ਚੰਗੇ, ਕਈ ਮੰਦੇ ਅਤੇ ਕਈ ਖੂਬਸੂਰਤ ਅਤੇ ਬਦਸੂਰਤ ਨਜ਼ਾਰੇ ਦੇਖਣ ਨੂੰ ਮਿਲਣਗੇ।
ਵਿਗਿਆਨ ਦੀਆਂ ਬਹੁਤ ਲੱਭਤਾਂ ਚਾਂਸ ਦੀ ਹੀ ਮਿਹਰਬਾਨੀ ਹਨ। ਬਿਜਲੀ ਦੇ ਬਲਬ ਦਾ ਬਣਨਾ ਵਿਗਿਆਨੀ ਦੀ ਪਤਨੀ ਦੇ ਤਾਹਨੇ ਦੀ ਉਪਜ ਹੈ। ਇਹ ਚਾਂਸ ਹੀ ਸੀ ਕਿ ਸੇਬ ਦੇ ਬੂਟੇ ਤੋਂ ਥੱਲੇ ਡਿੱਗਦੇ ਸੇਬ ਨੂੰ ਨਿਊਟਨ ਨੇ ਦੇਖ ਕੇ ਇਹ ਸੋਚਿਆ ਕਿ ਇਹ ਉਪਰ ਵੱਲ ਕਿਉਂ ਨਹੀਂ ਗਿਆ? ਬੱਸ ਫਿਰ ਕੀ ਹੋਇਆ! ਨਿਊਟਨ ਦੀ ਖੋਜ ਨੇ ਉਸ ਨੂੰ ਦੁਨੀਆ ਦਾ ਮਹਾਨ ਵਿਗਿਆਨੀ ਬਣਾ ਦਿੱਤਾ।
ਕੁਝ ਦਿਨ ਪਹਿਲਾਂ ਰਾਜਸਥਾਨ ਦਾ ਇਕ ਲਾਇਕ ਡਾਕਟਰ, ਪਰਿਵਾਰ ਸਮੇਤ ਕੁੱਲੂ ਮਨਾਲੀ ਦੀ ਸੈਰ ਕਰ ਕੇ ਵਾਪਸ ਪਰਤ ਰਿਹਾ ਸੀ। ਰੋਪੜ ਨੇੜੇ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਅਗਲੀਆਂ ਸਵਾਰੀਆਂ ਛੇਤੀ ਚੁੱਕਣ ਲਈ ਤੇਜ਼ ਬੱਸ ਦੀ ਡਾਕਟਰ ਦੀ ਕਾਰ ਨਾਲ ਐਸੀ ਫੇਟ ਮਾਰੀ ਕਿ ਕਾਰ ਨਜ਼ਦੀਕ ਵਗਦੀ ਨਦੀ ਵਿਚ ਜਾ ਡਿੱਗੀ। ਡਾਕਟਰ ਅਤੇ ਉਸ ਦਾ ਹੱਸਦਾ-ਖੇਡਦਾ ਪਰਿਵਾਰ ਸਦਾ ਲਈ ਖ਼ਤਮ ਹੋ ਗਿਆ। ਇਹ ਕਿਹੋ ਜਿਹਾ ਚਾਂਸ ਸੀ? ਬੱਸ ਡਰਾਈਵਰ ਦੀ ਡਾਕਟਰ ਨਾਲ ਕੋਈ ਦੁਸ਼ਮਣੀ ਨਹੀਂ ਸੀ। ਕੋਈ ਮਿਥੀ ਹੋਈ ਸਕੀਮ ਨਹੀਂ ਸੀ।
ਅਣਗਿਣਤ ਚਾਂਸਾਂ ਦੀ ਭਰੀ ਹੋਈ ਇਸ ਦੁਨੀਆ ਵਿਚੋਂ ਇਕ ਹੋਰ ਚਾਂਸ ਦਾ ਜ਼ਿਕਰ ਕਰਨ ਲਈ ਮਨ ਉਤਾਵਲਾ ਹੋ ਗਿਆ ਹੈ। ਨੀਲਜ਼ ਬੋਹਰ, ਆਈਨਸਟਾਈਨ ਅਤੇ ਕੁਝ ਹੋਰ ਯਹੂਦੀ ਵਿਗਿਆਨੀ ਅਮਰੀਕਾ ਪਹੁੰਚ ਗਏ (ਸਭ ਲੋਕ ਜਾਣਦੇ ਹਨ ਕਿ ਇਹ ਚਾਂਸ ਕਿਉਂ ਬਣਿਆ)। ਓ+ਮਚ2 ਤੋਂ ਸੇਧ ਲੈਂਦਿਆਂ ਵਿਗਿਆਨੀਆਂ ਨੇ ਰਲਮਿਲ ਕੇ ਐਟਮ ਬੰਬ ਤਿਆਰ ਕਰ ਲਿਆ। ਸੰਸਾਰ ਦੀ ਦੂਜੀ ਜੰਗ ਇਸ ਬੰਬ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਗਿਰਾਉਣ ਨਾਲ ਬੰਦ ਤਾਂ ਹੋ ਗਈ ਅਤੇ ਅਮਰੀਕਾ ਦੁਨੀਆ ਦੀ ਮਹਾਨ ਸ਼ਕਤੀ ਵੀ ਬਣ ਗਿਆ ਪਰ ਹੁਣ ਬਹੁਤ ਸਾਰੇ ਮੁਲਕਾਂ ਨੇ ਇਹ ਬੰਬ ਬਣਾ ਲਿਆ ਹੈ। ਇਸ ਹੁਸੀਨ ਦੁਨੀਆ ਨੂੰ ਬਾਰੂਦ ਦੇ ਢੇਰ ਉਪਰ ਬਿਠਾ ਦਿੱਤਾ ਹੈ। ਫਿਰ ਵੀ ਉਪਰ ਵਾਲੇ ਦਾ ਲੱਖ-ਲੱਖ ਸ਼ੁਕਰ ਹੈ ਕਿ ਜੇ ਇਹ ਵਿਗਿਆਨੀ ਜਰਮਨੀ ਵਿਚ ਹੀ ਹਿਟਲਰ ਦੀ ਛਤਰ-ਛਾਇਆ ਹੇਠ ਕੰਮ ਕਰਦੇ ਅਤੇ ਐਟਮ ਬੰਬ ਉਸ ਕੋਲ ਆ ਜਾਂਦਾ ਤਾਂ ਦੁਨੀਆ ਦਾ ਕੀ ਹਸ਼ਰ ਹੁੰਦਾ? ਕੁਦਰਤ ਦੀ ਮਿਹਰਬਾਨੀ ਐਸਾ ਚਾਂਸ ਨਾ ਹੀ ਬਣਿਆ।
ਸਾਧਾਰਨ ਲੇਖ ਦੀ ਸੰਖੇਪਤਾ ਦਾ ਧਿਆਨ ਰੱਖਦੇ ਹੋਏ ਚਾਂਸ ਦੀ ਦੁਨੀਆ ਬਹੁਤ ਵਿਸਥਾਰ ਨਾਲ ਨਾ ਫਰੋਲੀਏ। ਕੁਦਰਤ ਦੀ ਵਿਸ਼ਾਲਤਾ ਦੇ ਅਨੇਕ ਪਹਿਲੂਆਂ ਦੇ ਨਤੀਜੇ ਦੋ-ਧਾਰੀ ਤਲਵਾਰ ਹਨ; ਜਿਵੇਂ ਐਟਮ ਸ਼ਕਤੀ ਨੂੰ ਬਿਜਲੀ ਪੈਦਾ ਕਰਨ ਲਈ ਵੀ ਵਰਤਿਆ ਜਾ ਸਕਦਾ ਅਤੇ ਬੰਬ ਬਣਾਉਣ ਲਈ ਵੀ!
ਬਹੁਤੇ ਖੋਜਕਾਰ ਤਾਂ ਆਪਣੇ ਕੰਮ ਵਿਚ ਹੀ ਰੁੱਝੇ ਰਹਿੰਦੇ ਹਨ, ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਨਹੀਂ ਕਰਦੇ ਪਰ ਨਿਊਟਨ ਜਿਹੇ ਮਹਾਂ ਪੁਰਸ਼ ਇਹ ਦੱਸ ਜਾਂਦੇ ਹਨ ਕਿ ਸਮੁੰਦਰ ਦੇ ਕਿਨਾਰੇ ਬੈਠਾ ਬੰਟਿਆਂ ਨਾਲ ਖੇਡ ਰਿਹਾ ਹਾਂ। ਸਮੁੰਦਰ ਦੀਆਂ ਲਹਿਰਾਂ ਵਾਂਗ ਕੁਦਰਤ ਦੀ ਵਿਸ਼ਾਲਤਾ ਦਾ ਮੈਨੂੰ ਅੰਦਾਜ਼ਾ ਨਹੀਂ।
ਬਹੁਤ ਸੁਖਿਆਈਆਂ ਦੇ ਬਾਵਜੂਦ ਮਨੁੱਖਤਾ ਇਕ ਗੱਲੋਂ ਮੰਦਭਾਗੀ ਹੈ ਕਿ ਸਾਰੇ ਖੋਜਕਾਰ, ਸਿਆਸਤਦਾਨਾਂ ਅਤੇ ਬਹੁਤ ਅਮੀਰ ਕੰਪਨੀਆਂ ਦੇ ਮਾਲਕਾਂ ਅਧੀਨ ਕੰਮ ਕਰਦੇ ਹਨ। ਖੋਜ ਦੇ ਨਤੀਜਿਆਂ ਨੂੰ ਕਿਸ ਤਰ੍ਹਾਂ ਵਰਤਣਾ ਹੈ, ਇਨ੍ਹਾਂ ਲੋਕਾਂ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ। ਵਿਗੜੀ ਅਤੇ ਸ਼ਰਾਰਤੀ ਮਾਨਸਿਕਤਾ ਵਾਲੇ ਆਦਮੀ ਇਹ ਨਤੀਜੇ ਵਰਤ ਕੇ ਦੁਨੀਆ ਦੀ ਤਬਾਹੀ ਵੀ ਕਰ ਸਕਦੇ ਹਨ, ਜਿਵੇਂ ਕੰਪਿਊਟਰ ਨਾਲ ਛੇੜ-ਛਾੜ ਕਰਕੇ ਫਾਇਦੇ ਦੀ ਥਾਂ ਆਵਾਜਾਈ ਵਿਚ ਵਿਘਨ ਪਾਉਣਾ। ਜਹਾਜ਼ਾਂ ਦੀ ਉਡਾਣ ਰੋਕ ਦੇਣਾ। ਲੋਕਾਂ ਦੀ ਪ੍ਰਾਈਵੈਸੀ, ਬੈਂਕ ਅਕਾਊਂਟ ਅਤੇ ਹੋਰ ਬਹੁਤ ਹੇਰਾ-ਫੇਰੀਆਂ ਵਿਗਿਆਨਕ ਖੋਜ ਦਾ ਗਲਤ ਇਸਤੇਮਾਲ ਹੀ ਹਨ।
ਇਸ ਬੁਰਾਈ ਦਾ ਇਲਾਜ ਤਰਕਸ਼ੀਲਾਂ ਅਤੇ ਸਾਧਾਰਨ ਮਨੋਵਿਗਿਆਨੀਆਂ ਕੋਲ ਨਹੀਂ। ਲਾਸਾਨੀ ਪ੍ਰਤਿਭਾ ਵਾਲੇ ਪਰਮ ਮਨੁੱਖਾਂ ਦੀ ਸੰਗਤ ਅਤੇ ਉਨ੍ਹਾਂ ਦੇ ਵੱਡਮੁੱਲੇ ਵਿਚਾਰ ਹੀ ਅਧਿਆਤਮਕਤਾ ਤੋਂ ਚੋਰੀ ਅਤੇ ਬੰਜਰ ਹੋ ਰਹੀ ਇਸ ਧਰਤੀ ਦੀ ਲੋਕਾਈ ਨੂੰ ਕੁਝ ਹਰਿਆਵਲ ਦੇ ਸਕਦੇ ਹਨ।
ਕਈ ਵੀਰ ਕਹਿੰਦੇ ਹਨ ਕਿ ਰੱਬ ਅਤੇ ਕੁਦਰਤ ਬੰਦੇ ਨੇ ਹੀ ਆਪਣੇ ਮਨ ਵਿਚੋਂ ਪੈਦਾ ਕੀਤੇ ਹਨ। ਜੇ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਕਿਸ ਨੇ ਪੈਦਾ ਕੀਤੇ, ਤਾਂ ਇਸ ਬਹਿਸ ਦਾ ਕੋਈ ਸਿੱਟਾ ਨਹੀਂ ਨਿਕਲਦਾ। ਡਾਕਟਰ ਰਾਧਾ ਕ੍ਰਿਸ਼ਨ ਕਹਿੰਦੇ ਹਨ- ਵ੍ਹੈੱਨ ਲੌਜਿਕ ਫੇਲਜ਼, ਫੇਥ ਕੰਮਸ ਟੌ ਰੈਸਕਿਊ; ਭਾਵ, ਜਦੋਂ ਇਹੋ ਜਿਹੀ ਬਹਿਸ ਕਿਸੇ ਨਤੀਜੇ ‘ਤੇ ਨਾ ਪਹੁੰਚੇ ਤਾਂ ਵਿਸ਼ਵਾਸ ਦਾ ਸਹਾਰਾ ਹੀ ਸਾਡੇ ਕੰਮ ਆਉਂਦਾ ਹੈ। ਵਿਸ਼ਵਾਸ ਕੀ ਹੈ? ਕੁਦਰਤ ਦੀ ਮਹਾਨਤਾ ਅਤੇ ਵਿਸ਼ਾਲਤਾ ਵਿਚ ਭਰੋਸੇ ਦਾ ਪ੍ਰਗਟਾਵਾ।
ਰਹਿਮ, ਦਇਆ, ਸੰਤੋਖ, ਪਿਆਰ, ਹਮਦਰਦੀ ਅਤੇ ਗ਼ਰੀਬ ਦੀ ਸਹਾਇਤਾ ਜਿਹੇ ਜਜ਼ਬਿਆਂ ਬਾਬਤ ਵਿਗਿਆਨ ਦੀਆਂ ਲੱਭਤਾਂ ਚੁੱਪ ਹਨ। ਜੀਵਨ ਵਿਚ ਸਹਿਸ ਅਵਸਥਾ ਦੀ ਪ੍ਰਾਪਤੀ ਅਤੇ ਚੰਗੀ ਸਿਹਤ ਲਈ ਕੁਦਰਤ ਵੱਲੋਂ ਬਖਸ਼ੇ ਇਨ੍ਹਾਂ ਜਜ਼ਬਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਨ੍ਹਾਂ ਦੀ ਪੂਰਨਤਾ ਲਈ ਅਤੇ ਇਨ੍ਹਾਂ ਸੁੱਤੀਆਂ ਪਈਆਂ ਜ਼ਮੀਰਾਂ ਨੂੰ ਜਗਾਉਣ ਲਈ ਅਧਿਆਤਮਕਤਾ ਸਹਾਈ ਹੋ ਸਕਦੀ ਹੈ। ਆਉ ਇਸ ਦਿਸ਼ਾ ਵੱਲ ਕਦਮ ਚੁਕੀਏ।
ਜਿਸ ਕੁਦਰਤ ਦੀ ਬੇਅੰਤ ਰੰਗਾਂ ਅਤੇ ਵਿਸ਼ੇਸ਼ਤਾਈਆਂ ਦੀ ਮਹਿਮਾ ਦੇ ਜ਼ਿਕਰ ਨਾਲ ਇਹ ਨਿਮਾਣਾ ਜਿਹਾ ਲੇਖ ਸ਼ੁਰੂ ਕੀਤਾ ਹੈ, ਉਸੇ ਕੁਦਰਤ ਦੀ ਮਹਾਨਤਾ ਵਿਚ ਭਰੋਸਾ ਰੱਖਦੇ ਹੋਏ ਸਮਾਪਤ ਕਰ ਲਈਏ।
ਅੰਤਿਕਾ
ਕੁਝ ਠੀਕ ਸ਼ਬਦਾਂ ਦੀ ਥੁੜ੍ਹ, ਕੁਝ ਵਡੇਰੀ ਉਮਰ ਵਿਚ ਯਾਦਾਸ਼ਤ ਦੀ ਕਮਜ਼ੋਰੀ, ਕੁਝ ਅਣਗਹਿਲੀ ਅਤੇ ਕਿਤੇ-ਕਿਤੇ ਅਣਭੋਲ ਅਗਿਆਨਤਾ ਦਾ ਸ਼ਿਕਾਰ ਹੋ ਗਿਆ ਹੋਵਾਂਗਾ, ਸੂਝਵਾਨ ਪਾਠਕ ਮੁਆਫ ਕਰਨਗੇ। ਇਹ ਵੀ ਕਰਮਾਂ ਸੰਧੜਾ ਅਤੇ ਵਡਮੁੱਲਾ ਕੁਦਰਤ ਵਲੋਂ ਬਖ਼ਸ਼ਿਆ ਚਾਂਸ ਹੀ ਹੈ ਜਿਸ ਦੁਆਰਾ ਪਾਠਕਾਂ ਨਾਲ ਕੁਝ ਗੱਲਾਂ ਸਾਂਝੀਆਂ ਕਰ ਸਕਿਆ ਹਾਂ। ਮੇਰੀ ਉਮਰ ਵਾਲੇ ਤਾਂ ਕਾਫ਼ੀ ਸੰਗੀ-ਸਾਥੀ ਜੀਵਨ ਦੀ ਅਖਰੀ ਫਤਿਹ ਬੁਲਾ ਗਏ ਹਨ।