ਪੰਜਾਬੀ ਗਾਇਕੀ, ਉੱਠਦੇ ਸਵਾਲ

ਗੁਰਮੀਤ ਸਿੰਘ ਪਲਾਹੀ
ਫੋਨ: 98158-02070
ਪੰਜਾਬੀ ਦੇ ਗੀਤਕਾਰਾਂ, ਗਾਇਕਾਂ ਨੇ ਦੁਨੀਆ ਭਰ `ਚ ਆਪਣੀ ਪੈਂਠ ਬਣਾਈ ਹੈ। ਚੰਗੇ ਗੀਤਕਾਰਾਂ ਨੇ ਮਾਨਸਿਕ ਸਕੂਨ ਦੇਣ ਵਾਲੇ ਗੀਤ ਲਿਖ ਕੇ ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ ਦੀ ਅਮੀਰੀ `ਚ ਵਿਸ਼ਾਲ ਵਾਧਾ ਕੀਤਾ ਹੈ। ਗੀਤਕਾਰਾਂ, ਗਾਇਕਾਂ ਦੀ ਜੁਗਲਬੰਦੀ ਪਿਛਲੇ ਦਹਾਕਿਆਂ `ਚ, ਸਮੇਂ ਦੀ ਤੋਰ ਨਾਲ ਤੁਰਦੀ, ਨਵੇਂ ਦਿਸਹੱਦੇ ਸਿਰਜਦੀ ਰਹੀ ਹੈ।

ਮਰਦ, ਔਰਤ ਗਾਇਕਾਂ ਨੇ ਜਿੱਥੇ ਪੰਜਾਬੀ ਦੇ ਲੋਕ ਗੀਤ ਗਾਏ, ਉੱਥੇ ਲੋਕ ਗੀਤਾਂ ਵਰਗੇ ਲਿਖੇ ਗੀਤਾਂ ਨੂੰ ਵੀ ਗਾਇਕਾਂ ਨੇ ਲੋਕ-ਕਚਹਿਰੀ `ਚ ਪੇਸ਼ ਕੀਤਾ ਹੈ, ਸਿੱਟੇ ਵਜੋਂ ਗਾਇਕੀ ’ਚ ਸੂਫੀ ਰੰਗ ਵੇਖਣ ਨੂੰ ਮਿਲਿਆ। ਗਜ਼ਲ ਗਾਇਕੀ ਨੇ ਵੀ ਪੰਜਾਬੀ ਪਿਆਰਿਆਂ `ਚ ਆਪਣੀ ਥਾਂ ਬਣਾਈ ਅਤੇ ਸਾਫ਼-ਸੁਥਰੀ ਗਾਇਕੀ ਨਾਲ ਦੇਸ਼-ਪ੍ਰਦੇਸ `ਚ ਚੰਗੀ ਭੱਲ ਖੱਟੀ। ਹੰਸ ਰਾਜ ਹੰਸ, ਗੁਰਦਾਸ ਮਾਨ, ਹਰਭਜਨ ਮਾਨ, ਕੰਵਰ ਗਰੇਵਾਲ, ਸਤਿੰਦਰ ਸਰਤਾਜ, ਮਲਕੀਤ ਸਿੰਘ, ਕੁਲਦੀਪ ਮਾਣਕ, ਸੁਰਿੰਦਰ ਕੌਰ, ਸੁਰਜੀਤ ਬਿੰਦਰੱਖੀਆ, ਯਮਲਾ ਜੱਟ, ਦਲੇਰ ਮਹਿੰਦੀ, ਸੁਰਿੰਦਰ ਸ਼ਿੰਦਾ, ਜਗਮੋਹਨ ਕੌਰ, ਸਤਵਿੰਦਰ ਬਿੱਟੀ, ਦਿਲਜੀਤ ਦੋਸਾਂਝ, ਡਾ. ਬਰਜਿੰਦਰ ਸਿੰਘ ਹਮਦਰਦ, ਐਮੀ ਵਿਰਕ, ਨੂਰਾਂ ਭੈਣਾਂ ਆਦਿ ਨੇ ਗਾਇਕੀ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਪਰ ਇਸਦੇ ਨਾਲ-ਨਾਲ ਕੁਝ ਗੀਤਕਾਰਾਂ-ਗਾਇਕਾਂ ਨੇ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਉਣ ਵਾਲੇ ਗੀਤ ਲਿਖੇ ਅਤੇ ਪੰਜਾਬੀ ਸੱਭਿਆਚਾਰ ਦੀ ਬੇਢੰਗੀ ਦਿਖ ਵਿਸ਼ਵ ਸਾਹਮਣੇ ਪੇਸ਼ ਕੀਤੀ।
ਲੱਚਰਤਾ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੇ ਪੰਜਾਬੀ ਨੌਜਵਾਨਾਂ `ਚ ਵਿਸ਼ੇਸ਼ ਕਿਸਮ ਦਾ ਰੰਗ ਭਰਿਆ, ਜੋ ਬੇਰੰਗਾ ਹੋ ਨਿੱਬੜਿਆ। ਹਥਿਆਰਾਂ ਵਾਲੀ ਅਤੇ ਘਟੀਆ ਕਿਸਮ ਦੀ ਗਾਇਕੀ ਨੇ ਗੈਂਗਸਟਰਾਂ ਨੂੰ ਉਤਸ਼ਾਹਿਤ ਕੀਤਾ। ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਘਾਣ ਕੀਤਾ। ਨਸ਼ਿਆਂ ਵੱਲ ਜਾਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਕੁਝ ਨੇ ਹੱਥੀਂ ਨਾ ਕਰ ਕੇ ਮੁਫ਼ਤ ਦੀ ਕਮਾਈ, ਲੁੱਟ-ਖਸੁੱਟ ਨੂੰ ਪ੍ਰਮੋਟ ਕੀਤਾ ਅਤੇ ਪੰਜਾਬੀ ਕਦਰਾਂ-ਕੀਮਤਾਂ ਉੱਤੇ ਡੂੰਘੀ ਸੱਟ ਮਾਰੀ। ਨਿੱਘਰੀ ਸੋਚ, ਇਸ ਕਿਸਮ ਦੀ ਗਾਇਕੀ, ਅਸੱਭਿਅਕ ਗੀਤਾਂ ਨੂੰ ਲਿਖਣ-ਗਾਉਣ `ਚ ਮਾਣ ਮਹਿਸੂਸ ਕਰਦੀ ਹੈ, ਜਿਸ ਪ੍ਰਤੀ ਪੰਜਾਬੀ ਚਿੰਤਕ, ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਡੂੰਘੀ ਚਿੰਤਾ `ਚ ਹਨ।
ਘਟੀਆ ਕਿਸਮ ਦੀ ਇਸ ਗਾਇਕੀ ਨੇ ਚਾਰ ਪੈਸਿਆਂ ਦੀ ਖ਼ਾਤਰ ਪੰਜਾਬੀਆਂ ਦੇ ਮੱਥੇ ਉੱਤੇ ਅਜਿਹਾ ਕਲੰਕ ਲਗਾਇਆ ਹੋਇਆ ਹੈ, ਜਿਹੋ ਜਿਹਾ ਕਲੰਕ ਪੰਜਾਬੀਆਂ ਦੇ ਮੱਥੇ ਉਤੇ ‘ਧੀਆਂ ਨੂੰ ਕੁੱਖਾਂ `ਚ ਮਾਰਨ’, ਫਿਰ ਨਸ਼ਿਆਂ ਅਤੇ ਚਿੱਟੇ ਦੀ ਵਰਤੋਂ ਕਾਰਨ ਲੱਗਿਆ ਜਾਂ ਲਗਾ ਦਿੱਤਾ ਗਿਆ। ਇਸ ਕਿਸਮ ਦੀ ਗਾਇਕੀ ਤੋਂ ਪੰਜਾਬ ਦੇ ਹਰ ਵਰਗ ਦੇ ਲੋਕ ਔਖੇ ਹਨ। ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਪੰਜਾਬ ਦੇ ਬਹੁ-ਗਿਣਤੀ ਨੌਜਵਾਨ ਹਿੰਸਕ ਤੇ ਲੱਚਰ ਗੀਤਾਂ ਦੀ ਮਾਰ ਹੇਠ ਆਏ ਦਿਸਦੇ ਹਨ, ਜੋ ਪੰਜਾਬ ਦੇ ਭਵਿੱਖ ਲਈ ਚੰਗਾ ਸ਼ਗਨ ਨਹੀਂ ਹੈ।
ਪੰਜਾਬ ਦੀ ਉਹ ਰੰਗਲੀ ਧਰਤੀ, ਜਿੱਥੇ ਧਾਰਮਿਕ ਗ੍ਰੰਥ ਲਿਖੇ ਗਏ, ਜਿੱਥੇ ਸੂਫ਼ੀ ਸਾਹਿਤ ਦਾ ਨਿਵੇਕਲਾ ਰੰਗ ਬਿੱਖਰਿਆ, ਜਿਥੇ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਪਾਸ਼, ਲਾਲ ਸਿੰਘ ਦਿਲ ਦੀ ਕਵਿਤਾ ਨੂੰ ਪੰਜਾਬੀਆਂ ਆਪਣੇ ਹਿਰਦੇ `ਚ ਵਸਾਇਆ, ਉਥੇ ਨਸ਼ਿਆਂ, ਹਥਿਆਰਾਂ, ਰਿਸ਼ਤਿਆਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਨੂੰ ਕੀ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਸਾਡੇ ਸਾਂਝੇ ਪਰਿਵਾਰ, ਸਾਡਾ ਸਾਫ਼-ਸੁਥਰਾ ਮਨਮੋਹਣਾ ਸਭਿਆਚਾਰ, ਸਾਡੀ ਮਾਖਿਉਂ ਮਿੱਠੀ ਬੋਲੀ ਪੰਜਾਬੀ, ਸਾਡਾ ਅਮੀਰ ਵਿਰਸਾ ਹੈ। ਇਸ `ਚ ਗੰਦ-ਮੰਦ ਦੀ ਕੋਈ ਥਾਂ ਨਹੀਂ। ਇੱਥੇ ਹਿੰਸਕ ਕਾਰਵਾਈਆਂ ਤੇ ਲੱਚਰਪੁਣੇ ਨੂੰ ਕਿਸੇ ਹਾਲਾਤ ਵਿਚ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਅੱਜ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਹੈ, ਹਰ ਕੋਈ ਆਪੋ-ਆਪਣੇ ਢੰਗ ਨਾਲ ਇਸ ਨੂੰ ਵਰਤ ਰਿਹਾ ਹੈ। ਚੰਗੇ-ਮਾੜੇ ਗੀਤਾਂ ਦੀ ਵੀ ਇਸ `ਚ ਭਰਮਾਰ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਕੁਝ ਖੱਬੀ ਖਾਨ ‘ਗਾਇਕ’ ਪੰਜਾਬ ਦੇ ਨੌਜਵਾਨਾਂ ਲਈ ਵਿਗਾੜ ਦਾ ਕਾਰਨ ਬਣ ਰਹੇ ਹਨ। ਬਰਛੀਆਂ, ਬੰਦੂਕਾਂ, ਹਥਿਆਰਾਂ ਵਾਲੇ ਹੋਛੇ ਗੀਤ ਅਤੇ ਲੱਚਰ ਗਾਇਕੀ ਨੇ ਕਈ ਹਾਲਾਤ `ਚ ਨੌਜਵਾਨਾਂ ਨੂੰ ਗੁਮਰਾਹ ਕਰਨ `ਚ ਕੋਈ ਕਸਰ ਨਹੀਂ ਛੱਡੀ। ਇਹ ਅਸਲ ਮਾਅਨਿਆਂ `ਚ ਪੰਜਾਬ ਦਾ ਵੱਡਾ ਦੁਖਾਂਤ ਹੋ ਨਿੱਬੜਿਆ ਹੈ।
ਪ੍ਰਸਿੱਧ ਪੰਜਾਬੀ ਲੇਖਕ, ਗੀਤਕਾਰ ਆਮ ਤੌਰ `ਤੇ ਸੁਚੱਜੇ ਗਾਇਕਾਂ ਦੇ ਪਥ ਪ੍ਰਦਰਸ਼ਕ ਰਹੇ। ਨੂਰਪੁਰੀ ਦੇ ਲਿਖੇ ਗੀਤ ਹਰ ਪੰਜਾਬੀ ਦੀ ਜ਼ਬਾਨ ਉਤੇ ਹਨ। ਬੁੱਲੇ੍ਹ ਸ਼ਾਹ ਦੀਆਂ ਕਾਫ਼ੀਆਂ ਗਾਉਣ ਵਾਲੇ ਗਾਇਕਾਂ, ਗਾਇਕਾਵਾਂ ਨੇ ਪੀਰਾਂ, ਫ਼ਕੀਰਾਂ ਦੇ ਸਾਲਾਨਾ ਮੇਲਿਆਂ, ਉਰਸਾਂ `ਚ ਝੰਡਾ ਗੱਡੀ ਰੱਖਿਆ ਹੈ। ਗੀਤਕਾਰਾਂ ਵਲੋਂ ਚੰਗੇ ਗੀਤ ਲਿਖਣੇ ਅਤੇ ਗਾਇਕਾਂ ਵਲੋਂ ਗਾਉਣੇ ਪੰਜਾਬੀ ਸਭਿਆਚਾਰ ਦੀ ਪਰੰਪਰਾ ਰਹੀ ਹੈ।
ਪਰ ਅੱਜ ਪੰਜਾਬੀ ਗੀਤਕਾਰੀ `ਚ ਆਕਾਵਿਕਤਾ ਹੈ। ਲੱਚਰਤਾ ਵਧ ਰਹੀ ਹੈ। ਇਹ ਗੀਤਕਾਰ, ਗਾਇਕ ਸਾਡੀ ਸਿਰਜਣਾਤਮਿਕ ਜੀਵਨ-ਸ਼ੈਲੀ ਵਿਚ ਜ਼ਹਿਰ ਘੋਲ ਰਹੇ ਹਨ। ਇਸ ਨਾਲ ਪੰਜਾਬੀਆਂ ਦੀ ਸੋਚ ਵਿਚ ਪਸ਼ੂ ਰਸ ਵਧ ਰਿਹਾ ਹੈ। ਸਾਡੀ ਸੋਚ ਨੂੰ ਡਰੱਮੀ ਸ਼ੋਰ ਨੇ ਹਥਿਆ ਲਿਆ ਹੈ। ਸ਼ੋਰੀਲੇ, ਬੜ੍ਹਕਾਂ ਦੇ ਲਲਕਾਰਿਆਂ ਵਿਚ ਨਿੱਜੀ ਅਸਫ਼ਲ ਪਿਆਰ ਦੇ ਰੁਦਨ, ਚੀਕ ਹਉਕੇ ਗੁਆਚ ਹੀ ਤਾਂ ਗਏ ਹਨ। ਕਦੇ ਸਮਕਾਲ ਵਿਚ ਵਾਪਰਦੇ ਜ਼ੁਲਮ, ਰਿਸ਼ਵਤਖੋਰੀ, ਸਿਆਸੀ ਮੱਕਾਰੀ, ਮਿਹਨਤਕਸ਼ਾਂ ਦੀ ਹੁੰਦੀ ਬੇਕਦਰੀ, ਗੀਤਾਂ ਤੇ ਕਵਿਤਾਵਾਂ ਦਾ ਵਿਸ਼ਾ ਹੋਇਆ ਕਰਦੇ ਸਨ। ਇਹ ਗੀਤ ਮਨੁੱਖ ਦੀ ਭਾਵਕ-ਇੱਛਾ ਦੀ ਪੂਰਤੀ ਦਾ ਸਾਧਨ ਸਨ। ਇਹ ਗੀਤ ਸੁਣਨ ਵਾਲਿਆਂ ਨੂੰ ਸੁਆਦਲੀ ਉਤੇਜਨਾ ਤਕ ਸੀਮਤ ਰੱਖਦੇ ਸਨ। ਅਨੰਦਤ ਕਰਦੇ ਸਨ। ਸੰਤ ਰਾਮ ਉਦਾਸੀ ਦੇ ਗੀਤ ਅਤੇ ਗਾਇਕੀ ਨੇ ਆਪਣੇ ਸਮਿਆਂ `ਚ ਲੋਕ ਮਨਾਂ `ਚ ਚੇਤਨਾ ਪੈਦਾ ਕੀਤੀ। ਲੋਕ ਚੇਤਨਾ `ਚ ਸਭਿਆਚਾਰਕ ਅਤੇ ਸਮਾਜ ਸੁਧਾਰਕ ਪ੍ਰਵਿਰਤੀਆਂ `ਚ ਵਾਧਾ ਕੀਤਾ।
ਪਰ ਅਫ਼ਸੋਸ ਕਿ ਅੱਜ ਦੀ ਗਾਇਕੀ ਵਿਚ ਕਾਮ ਵਾਸ਼ਨੀ ਉਤੇਜਨਾ ਦੀ ਬਹੁਲਤਾ ਹੈ। ਇਹ ਸਭਿਆਚਾਰਕ ਲੱਚਰਤਾ ਮਾਨਵੀ ਕਦਰਾਂ-ਕੀਮਤਾਂ ਵਿਚ ਅੱਤ ਦਰਜੇ ਦੀ ਗਿਰਾਵਟ ਦਾ ਕਾਰਨ ਬਣ ਰਹੀ ਹੈ। ਘਰੇਲੂ ਜਿਨਸੀ ਰਿਸ਼ਤੇ ਇਸਦੇ ਪ੍ਰਭਾਵ ਨਾਲ ਤਾਰ-ਤਾਰ ਹੋ ਰਹੇ ਹਨ। ਅੱਜ ਦਾ ਨੌਜਵਾਨ ਇਸ ਵਿਨਾਸ਼ਕਾਰੀ ਪ੍ਰਵਿਰਤੀ ਕਾਰਨ ਮੌਕਾ ਪ੍ਰਸਤੀ, ਨਿਰਾਸ਼ਾ ਦੀ ਜਿੱਲਣ `ਚ ਫਸਦਾ ਜਾ ਰਿਹਾ ਹੈ। ਪੰਜਾਬ ਕਦੇ ਵੀ ਅਜਿਹੀ ਸੱਭਿਆਚਾਰਕ ਗਰੀਬੀ ਵਿਚੋਂ ਨਹੀਂ ਗੁਜ਼ਰਿਆ, ਜਿਹੋ ਜਿਹੀ ਸਥਿਤੀ `ਚੋਂ ਹੁਣ ਲੰਘ ਰਿਹਾ ਹੈ। ਪੁਰਾਣੇ ਸਮਿਆਂ `ਚ ਲਿਖੇ ਹੀਰ-ਰਾਂਝਾ, ਸੱਸੀ-ਪੰੁਨੂ, ਲੈਲਾ-ਮਜਨੂੰ, ਸ਼ੀਰੀ ਫਰਹਾਦ, ਸੋਹਣੀ-ਮਹੀਵਾਲ ਦੇ ਕਿੱਸੇ ਪੰਜਾਬ ਦੇ ਲੋਕਾਂ ਦਾ ਸਰਮਾਇਆ ਹਨ। ਇਨ੍ਹਾਂ ਕਿੱਸਿਆਂ ਨੂੰ ਲੋਕ-ਮਾਨਤਾ ਹਾਸਲ ਸੀ। ਇਨ੍ਹਾਂ ਕਿੱਸਿਆਂ ਵਿਚ ਸਮਕਾਲੀ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਜੀਵਨ-ਮੁੱਲਾਂ ਦਾ ਵੀ ਵਿਸਤਰਿਤ ਵਰਣਨ ਮਿਲਦਾ ਹੈ। ਇਨ੍ਹਾਂ ਕਿੱਸਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਗਾਇਕਾਂ ਨੇ ਗਾਇਆ ਤੇ ਲੋਕਾਂ `ਚ ਚੰਗੀ ਭੱਲ ਖੱਟੀ।
ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਹਿੰਸਾ ਭੜਕਾਊ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੂੰ ਰੋਕਣ ਲਈ ਪਹਿਲਕਦਮੀ ਕੀਤੀ ਹੈ। ਸਾਫ਼-ਸੁਥਰੀ ਸੋਚ ਵਾਲੇ ਗਾਇਕਾਂ, ਗੀਤਕਾਰਾਂ, ਫ਼ਿਲਮ ਨਿਰਮਾਤਾਵਾਂ ਅੱਗੇ ਗੰਦੀ ਗਾਇਕੀ ਨੂੰ ਰੋਕਣ ਦਾ ਇਕ ਵੱਡਾ ਚੈਲੰਜ ਹੈ। ਇਸ ਸਮੇਂ ਲੋੜ ਉਨ੍ਹਾਂ ਕਲਾਕਾਰਾਂ ਦੀ ਹੈ, ਜਿਹੜੇ ਉਸਾਰੂ ਬੌਧਿਕ, ਸਮਾਜਿਕ, ਸਭਿਆਚਾਰਕ ਪਰਿਵਾਰਕ ਗੀਤਾਂ ਨੂੰ ਉਭਾਰਨ। ਬੇਸ਼ਕ ਅਜਿਹੇ ਗਾਇਕਾਂ, ਗੀਤਕਾਰਾਂ ਦੀ ਪੰਜਾਬ `ਚ ਕੋਈ ਕਮੀ ਨਹੀਂ ਹੈ। ਪੰਜਾਬੀ ਸਾਹਿਤ ਵਿਚ ਸੂਫ਼ੀ ਸਾਹਿਤ, ਪੰਜਾਬੀ ਲੋਕ-ਗੀਤਾਂ ਦਾ ਵੱਡਾ ਖ਼ਜ਼ਾਨਾ ਹੈ, ਜੋ ਗਾਇਆਂ ਮੁੱਕਣ ਵਾਲਾ ਨਹੀਂ ਹੈ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸੰਜੀਦਾ ਪੰਜਾਬੀ ਗਾਇਕਾਂ ਨੇ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆ ਤੱਕ ਪਹੁੰਚਾਉਣ ਲਈ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬੀ ਬੋਲੀ, ਸਾਹਿਤ, ਸਭਿਆਚਾਰ ਨੂੰ ਜੀਊਂਦਿਆਂ ਰੱਖਣ ਲਈ ਦੇਸ਼-ਵਿਦੇਸ਼ ਵਿਚ ਉਨ੍ਹਾਂ ਨੇ ਭਰਪੂਰ ਯਤਨ ਕੀਤੇ ਹਨ। ਗਾਇਕਾਂ, ਕਵਿਸ਼ਰਾਂ ਦੇ ਅਖਾੜੇ, ਪੰਜਾਬੀਆਂ ਦੇ ਮਨਾਂ `ਚ ਖ਼ੁਸ਼ੀ, ਹੁਲਾਸ ਭਰਦੇ ਰਹੇ ਹਨ। ਪੁਰਾਣੇ ਪੰਜਾਬੀ ਗਾਇਕਾਂ ਨੇ ਮਾਰਸ਼ਲ ਪੰਜਾਬੀ ਕੌਮ ਨੂੰ ਜੀਊਂਦਿਆਂ ਰੱਖਣ ਲਈ ਉਨ੍ਹਾਂ `ਚ ਅੱਣਖ ਭਰਨ ਵਾਲੇ ਗੀਤ ਗਾਏ। ਢਾਡੀ ਪਰੰਪਰਾ ਦਾ ਵੀ ਪੰਜਾਬ ਦੇ ਇਤਿਹਾਸ ਨੂੰ ਜੀਊਂਦਾ ਰੱਖਣ ਲਈ ਵੱਡਾ ਯੋਗਦਾਨ ਹੈ।
ਪੰਜਾਬੀ ਦੇ ਲੇਖਕਾਂ, ਬੁੱਧੀਜੀਵੀਆਂ ਵਲੋਂ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਪੰਜਾਬ ਵਿਚ ‘ਪੰਜਾਬੀ ਭਾਸ਼ਾ ਕਮਿਸ਼ਨ’ ਬਣੇ, ਜਿਹੜੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਤਾਂ ਕਰੇ ਹੀ, ਇਸਦੇ ਨਾਲ-ਨਾਲ ਲੇਖਕਾਂ, ਪੱਤਰਕਾਰਾਂ, ਕਲਾਕਾਰਾਂ, ਗਾਇਕਾਂ, ਗੀਤਕਾਰਾਂ ਦੇ ਭਲੇ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਚੰਗੇ ਸਾਹਿਤ ਦੀ ਸਿਰਜਨਾ ਲਈ ਪੰਜਾਬ `ਚ ਚੰਗਾ ਮਾਹੌਲ ਸਿਰਜੇ।