ਪੰਜਾਬ ਵਿਚ ਝੋਨੇ ਦੀ ਰਵਾਇਤੀ ਤੇ ਸਿੱਧੀ ਬਿਜਾਈ

ਮੁਹੰਮਦ ਅੱਬਾਸ ਧਾਲੀਵਾਲ
ਫੋਨ: 98552-59650

“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।” ਗੁਰੂ ਨਾਨਕ ਦੇਵ ਜੀ ਦੇ ਉਕਤ ਸ਼ਬਦ ਦਾ ਸਿਮਰਨ ਭਾਵੇਂ ਅਸੀਂ ਸਭ ਕਰਦੇ ਹਾਂ ਪਰ ਜਦੋਂ ਇਸ ਸੰਦਰਭ ਵਿਚ ਲੋਕਾਂ ਦੇ ਰੋਜ਼ਾਨਾ ਜੀਵਨ `ਤੇ ਝਾਤ ਮਾਰਦੇ ਹਾਂ ਤਾਂ ਕੋਈ ਟਾਵਾਂ-ਟਾਵਾਂ ਹੀ ਇਸ `ਤੇ ਅਮਲ ਕਰਦਾ ਵਿਖਾਈ ਦਿੰਦਾ ਹੈ।

ਦਰਅਸਲ ਇਸ ਸ਼ਬਦ ਵਿਚ ਗੁਰੂ ਜੀ ਨੇ ਸਮੁੱਚੀ ਮਾਨਵਤਾ ਨੂੰ ਬਹੁਤ ਹੀ ਉਮਦਾ ਸੁਨੇਹਾ ਦਿੱਤਾ ਹੈ ਉਹ ਆਖਦੇ ਹਨ ਕਿ ਜਗਤ ਲਈ ਪਵਣ ਅਰਥਾਤ ਹਵਾ ਇਵੇਂ ਹੈ, ਜਿਵੇਂ ਆਤਮਕ ਤੌਰ `ਤੇ ਜ਼ਿੰਦਾ ਰਹਿਣ ਲਈ ਗੁਰੂ। ਕਿਉਂਕਿ, ਜੀਵਾਂ ਅੰਦਰ ਚੱਲਣ ਵਾਲੇ ਪ੍ਰਾਣ, ਪਵਣ ਦਾ ਹੀ ਇਕ ਰੂਪ ਹਨ, ਜਿਨ੍ਹਾਂ ਤੋਂ ਬਿਨਾਂ ਸਰੀਰਕ ਤਲ `ਤੇ ਜ਼ਿੰਦਾ ਰਹਿ ਸਕਣਾ ਅਸੰਭਵ ਹੈ। ਜਦੋਂ ਕਿ ਪਾਣੀ ਜਗਤ ਲਈ ਇੰਝ ਹੈ, ਜਿਵੇਂ ਪ੍ਰਾਣੀਆਂ ਲਈ ਪਿਤਾ ਅਤੇ ਧਰਤੀ ਇਵੇਂ ਹੈ ਜਿਵੇਂ ਕਿ ਮਾਤਾ ਹੈ ਕਿਉਂਕਿ, ਜਿਵੇਂ ਪਿਤਾ ਅਤੇ ਮਾਤਾ ਦੇ ਸਰੀਰਕ ਸੰਜੋਗ ਤੋਂ ਜੀਵਾਂ ਦਾ ਜਨਮ ਹੁੰਦਾ ਹੈ ਤੇ ਮਾਂ ਆਪਣੀ ਕੁਖ ਵਿਚ ਬੱਚੇ ਨੂੰ ਪਾਲਦੀ ਹੈ, ਤਿਵੇਂ ਹੀ ਪਾਣੀ ਅਤੇ ਧਰਤੀ ਦੇ ਸੰਜੋਗ ਤੋਂ ਹੀ ਵੱਖ ਵੱਖ ਜੀਵਾਂ ਦੀ ਉਤਪਤੀ ਤੇ ਪਾਲਣਾ ਦਾ ਸਿਲਸਲਾ ਚੱਲਦਾ ਹੈ।
ਪਰ ਅਫਸੋਸ ਕਿ ਅੱਜ ਅਸੀਂ ਆਪਣੇ ਦੁਆਰਾ ਫੈਲਾਏ ਪ੍ਰਦੂਸ਼ਣ ਰਾਹੀਂ ਜਿੱਥੇ ਹਵਾ ਨੂੰ ਦੂਸ਼ਿਤ ਕਰ ਰਹੇ ਹਾਂ, ਉਥੇ ਹੀ ਪਾਣੀ ਦਾ ਅੰਨ੍ਹੇਵਾਹ ਇਸਤੇਮਾਲ ਕਰ ਆਪਣੀ ਚੰਗੀ ਭਲੀ ਉਪਜਾਊ ਧਰਤੀ ਰੇਗਿਸਤਾਨ `ਚ ਤਬਦੀਲ ਕਰ ਰਹੇ ਹਾਂ। ਅਸੀਂ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਪਾਣੀ ਦੀ ਸਤ੍ਹਾ ਨੂੰ ਇਸ ਕਦਰ ਖਤਰਨਾਕ ਹੱਦ ਤਕ ਹੇਠਲੇ ਪੱਧਰ `ਤੇ ਲੈ ਗਏ ਹਾਂ ਕਿ ਜੇ ਹਾਲੇ ਵੀ ਅਸਾਂ ਇਸ ਗੰਭੀਰ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਯਕੀਨਨ ਆਉਣ ਵਾਲੇ ਸਮੇਂ ਵਿਚ ਸਾਨੂੰ ਇਥੋਂ ਪਲਾਇਨ ਕਰਨਾ ਪਵੇਗਾ। ਇਸੇ ਤਰ੍ਹਾਂ ਧਰਤੀ ਜਿਸ ਨੂੰ ਅਕਸਰ ਲੋਕ ਮਾਤਾ ਦਾ ਦਰਜਾ ਦਿੰਦੇ ਹਨ, ਓਸ ਦੀ ਵੀ ਅਸੀਂ ਉਹ ਕਦਰ ਨਹੀਂ ਕਰ ਰਹੇ ਜਿਸ ਤਰ੍ਹਾਂ ਕਿ ਓਸ ਦੀ ਕਦਰ ਕਰਨਾ ਸਾਡਾ ਹੱਕ ਹੈ।
ਦਰਅਸਲ ਉਪਰੋਕਤ ਸ਼ਬਦ ਵਰਤਣ ਦਾ ਮੇਰਾ ਮਕਸਦ ਅੱਜ ਹੇਠਾਂ ਲਿਖੇ ਵਿਸ਼ੇ `ਤੇ ਆਪ ਸਭਨਾਂ ਨਾਲ ਸੰਵਾਦ ਕਰਨਾ ਹੈ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਪੰਜਾਬ ਦੀ ਮੌਜੂਦਾ ਸਰਕਾਰ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ ਪ੍ਰਣਾਲੀ) ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਇਸ ਸੰਦਰਭ ਵਿਚ ਪੰਜਾਬ ਸਰਕਾਰ ਨੇ ਸਿੱਧੀ ਬਿਜਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਇਸ ਗੱਲ ਦਾ ਵਿਸ਼ੇਸ਼ ਤੌਰ `ਤੇ ਐਲਾਨ ਕੀਤਾ ਕਿ ਜੋ ਵੀ ਕਿਸਾਨ ਇਸ ਵਿਧੀ ਰਾਹੀਂ ਫ਼ਸਲ ਦੀ ਬਿਜਾਈ ਕਰੇਗਾ, ਉਸ ਨੂੰ 1500 ਰੁਪਏ ਪ੍ਰਤੀ ਏਕੜ ਮਿਲੇਗਾ।
ਦਰਅਸਲ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਲਗਾਈ ਜਾ ਰਹੀ ਝੋਨੇ ਦੀ ਫਸਲ ਦੇ ਫਲਸਰੂਪ ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਸਰਕਾਰ ਇਸ ਵਾਰ ਪਾਣੀ ਦੀ ਬੱਚਤ ਕਰਨ ਲਈ ਸਿੱਧੀ ਬਿਜਾਈ ਉੱਤੇ ਵਧੇਰੇ ਜ਼ੋਰ ਦੇ ਰਹੀ ਹੈ।
ਉਧਰ, ਆਪਣੇ ਇਕ ਲੇਖ ਵਿਚ ਵਿਜੈ ਬੰਬੇਲੀ ਝੋਨੇ ਦੀ ਫਸਲ ਦੇ ਸੰਦਰਭ ਵਿਚ ਆਖਦੇ ਹਨ ਕਿ ਝੋਨਾ ਮੀਂਹਾਂ ਵਾਲੇ ਅਤੇ ਸਿੱਲੇ੍ਹ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਪਾਣੀ ’ਤੇ ਨਿਰਭਰ ਖੇਤਰਾਂ ਦੀ ਨਹੀਂ। ਪੰਜਾਬ ਵਰਗੇ ਖੇਤਰਾਂ ਦੀ ਇਹ ਰਵਾਇਤੀ ਫ਼ਸਲ ਨਹੀਂ, ਝੋਨਾ 1960 ਤੋਂ ਬਾਅਦ ਹੀ ਵੱਡੇ ਪੱਧਰ ’ਤੇ ਖੇਤਾਂ ਵਿਚ ਆਇਆ। ਦਰਅਸਲ, ਆਜ਼ਾਦੀ ਮਗਰੋਂ ਤਿੱਖੇ ਅੰਨ੍ਹ ਸੰਕਟ ਕਾਰਨ ਜਿੱਥੇ ਖਾਸ ਇਲਾਕਿਆਂ ਵਿਚ ਹਰੇ ਖਿੱਤੇ ਸਥਾਪਿਤ ਕਰਨਾ ਫੌਰੀ ਲੋੜ ਸੀ, ਉੱਥੇ ਆਪਣੀਆਂ ਲੋੜਾਂ ਥੋੜ੍ਹਾਂ ਹਿੱਤ ਝੋਨਾ ਬਿਜਾਉਣਾ ਉਦੋਂ ਮਜਬੂਰੀ ਸੀ। ਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਫ਼ਸਲਾਂ ਹੈ। ਇਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ।’
ਇਸ ਦੇ ਨਾਲ ਨਾਲ ਕੁਦਰਤੀ ਸੋਮਿਆਂ ਤੇ ਵੱਖ ਵੱਖ ਤੱਤਾਂ ਵਿਚ ਆ ਰਹੇ ਨਿਘਾਰ ਵੱਲ ਧਿਆਨ ਦਿਵਾਉਂਦਿਆਂ ਵਿਜੈ ਬੰਬੇਲੀ ਅੱਗੇ ਲਿਖਦੇ ਹਨ ਕਿ 1980 ਤੋਂ ਲੈ ਕੇ ਹੁਣ ਤਕ ਪੰਜਾਬ ਦੀ ਧਰਤੀ ਵਿਚ ਕਰੀਬ 51 ਲੱਖ ਟਨ ਨਾਈਟਰੋਜਨ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਸਫ਼ੋਰਸ ਖਤਮ ਹੋ ਗਈ। ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ, ਸਾਨੂੰ ਵਰਗਲਾ ਲਿਆ ਗਿਆ। ਪੰਜਾਬ, ਕੁੱਲ ਖੇਤਰਫ਼ਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ, ਦੇਸ਼ ਦੀ ਕੁੱਲ ਖਾਦ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦਾ 19 ਫ਼ੀਸਦੀ ਵਰਤਣ ਲੱਗਾ। ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਵੱਧ ਉਪਜ ਦੀ ਮ੍ਰਿਗਤ੍ਰਿਸ਼ਨਾ ਰਸਾਇਣਕ ਖੇਤੀ ਦੀ ਦੁੜਕੀ ਲੁਆਉਂਦੀ ਹੈ। ਰਸਾਇਣਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਸੰਚਰਨਾ ’ਤੇ ਮਾੜਾ ਅਸਰ ਪੈਂਦਾ ਹੈ। ਖਾਦਾਂ, ਜ਼ਹਿਰਾਂ ਦੀ ਜਿ਼ਆਦਾ ਵਰਤੋਂ ਬੇਮੌਸਮੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨਾ ਖਿੱਤਿਆਂ ਵਿਚ ਹੋਈ।”
ਖੇਤੀ ਮਾਹਿਰਾਂ ਨੇ ਡੀ.ਐਸ.ਆਰ. ਪ੍ਰਣਾਲੀ ਅਤੇ ਰਵਾਇਤੀ ਢੰਗ ਨਾਲ ਝੋਨੇ ਦੀ ਬਿਜਾਈ ਕਰਨ ਦੇ ਫਰਕ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੌਰਾਨ, ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਦੇ ਉਲਟ ਆਮ ਫ਼ਸਲਾਂ ਵਾਂਗ ਮਸ਼ੀਨ ਰਾਹੀਂ ਝੋਨੇ ਦਾ ਬੀਜ ਸਿੱਧਾ ਖੇਤ ਵਿਚ ਬੀਜਿਆ ਜਾਂਦਾ ਹੈ। ਇਸ ਦੀ ਬਿਜਾਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਪਾਣੀ ਇਕ ਥਾਂ ਉੱਤੇ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ।
ਜੇਕਰ ਝੋਨੇ ਦੀ ਬਿਜਾਈ ਦੇ ਰਵਾਇਤੀ ਢੰਗ ਦੀ ਗੱਲ ਕਰੀਏ ਤਾਂ ਇਸ ਦੇ ਲਈ ਪਹਿਲਾਂ ਕਿਸਾਨ ਨੂੰ ਝੋਨੇ ਦੀ ਪਨੀਰੀ ਬੀਜਣੀ ਪੈਂਦੀ ਹੈ ਤੇ ਇਸ ਉਪਰੰਤ 20-25 ਦਿਨਾਂ ਬਾਅਦ ਪੈਦਾ ਹੋਈ ਪਨੀਰੀ ਨੂੰ ਵੱਡੇ ਖੇਤ ਵਿਚ ਮਜ਼ਦੂਰਾਂ ਰਾਹੀਂ ਇਕ ਇਕ ਬੂਟੇ ਨੂੰ ਪਿੰਜਣੀ ਤੱਕ ਖੜ੍ਹੇ ਪਾਣੀ ਵਿਚ ਸਿੱਧੇ ਤੌਰ `ਤੇ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਜਿੱਥੇ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ ਉਥੇ ਹੀ ਉਸ ਨੂੰ ਭਾਰੀ ਭਰਕਮ ਲੇਬਰ ਦਾ ਖਰਚਾ ਵੀ ਬਰਦਾਸ਼ਤ ਕਰਨਾ ਪੈਂਦਾ ਹੈ। ਜਦਕਿ ਡੀ.ਐਸ.ਆਰ ਤਕਨੀਕ ਰਾਹੀਂ ਕੀਤੀ ਜਾਣ ਵਾਲੀ ਸਿੱਧੀ ਬਿਜਾਈ ਸਦਕਾ ਕਿਸਾਨ ਉਕਤ ਤਮਾਮ ਤਰ੍ਹਾਂ ਦੇ ਝੰਜਟਾਂ ਤੇ ਵਾਧੂ ਖਰਚਿਆਂ ਤੋਂ ਜਿੱਥੇ ਬਚ ਜਾਂਦਾ ਹੈ ਉੱਥੇ ਹੀ ਅਜਿਹਾ ਕਰਨ ਨਾਲ ਜ਼ਮੀਨਦੋਜ਼ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਇੱਥੇ ਜਿ਼ਕਰਯੋਗ ਹੈ ਕਿ ਜਦੋਂ ਪੰਜਾਬ ਵਿਚ ਪਹਿਲਾਂ ਪਹਿਲ ਝੋਨਾ ਲਾਉਣਾ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ ਖੜ੍ਹੇ ਪਾਣੀ ਵਿਚ ਲਗਾਉਣ ਦੀ ਤਕਨੀਕ ਅਪਣਾਈ ਗਈ ਪਰ ਇਸ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਜ਼ਮੀਨਦੋਜ਼ ਪਾਣੀ ਨੂੰ ਹੋਇਆ ਜਿਸ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਗਿਆ। ਇਕ ਰਿਪੋਰਟ ਅਨੁਸਾਰ ਹੁਣ ਹਾਲਾਤ ਇਸ ਕਦਰ ਨਾਜ਼ੁਕ ਹੋ ਚੱਲੇ ਹਨ ਕਿ ਪੰਜਾਬ ਦੇ 132 ਬਲਾਕਾਂ ਵਿਚੋਂ 108 ਬਲਾਕ ਰੈੱਡ ਜ਼ੋਨ ਵਿਚ ਆ ਚੁੱਕੇ ਹਨ ਭਾਵ ਜ਼ਮੀਨਦੋਜ਼ ਪਾਣੀ ਦਾ ਪੱਧਰ ਬਹੁਤ ਜਿ਼ਆਦਾ ਥੱਲੇ ਜਾ ਚੁੱਕਾ ਹੈ। ਇਸ ਸੰਦਰਭ ਵਿਚ ਸੈਂਟਰ ਗਰਾਂਊਡ ਵਾਟਰ ਦੀ 2019 ਦੀ ਰਿਪੋਰਟ `ਚ ਆਖਿਆ ਗਿਆ ਹੈ ਕਿ ਸੂਬੇ ਵਿਚ ਸਿਰਫ਼ ਅਗਲੇ 17 ਸਾਲਾਂ ਦਾ ਜ਼ਮੀਨੀ ਪਾਣੀ ਬਚਿਆ ਹੈ ਅਤੇ ਜੋ ਪਾਣੀ ਕੱਢਿਆ ਜਾ ਰਿਹਾ ਹੈ, ਉਸ ਵਿਚੋਂ 90 ਫ਼ੀਸਦੀ ਪਾਣੀ ਖੇਤੀਬਾੜੀ ਵਿਚ ਵਰਤਿਆ ਜਾ ਰਿਹਾ ਹੈ।
ਰਿਪੋਰਟ ਵਿਚ ਪਹਿਲੀ ਵਾਰ ਪੰਜਾਬ ਦੇ ਜ਼ਮੀਨਦੋਜ਼ ਪਾਣੀ ਦਾ ਅੰਦਾਜ਼ਾ ਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ‘ਪੰਜਾਬ ਦੇ ਥੱਲੇ 320 ਬਿਲੀਅਨ ਕਿਊਬਿਕ ਲੀਟਰ ਪਾਣੀ ਹੈ ਅਤੇ ਤੁਸੀਂ ਹਰ ਸਾਲ 37 ਬਿਲੀਅਨ ਕਿਊਬਿਕ ਲੀਟਰ ਪਾਣੀ ਬਾਹਰ ਕੱਢਦੇ ਹੋ। ਇਸ ਦੇ ਮੁਕਾਬਲੇ ਹਰ ਸਾਲ ਸਿਰਫ਼ ਵੀਹ ਬਿਲੀਅਨ ਕਿਊਬਿਕ ਲੀਟਰ ਪਾਣੀ ਹੀ ਜ਼ਮੀਨ ਵਿਚ ਵਾਪਸ ਰੀਚਾਰਜ ਹੋ ਰਿਹਾ ਹੈ। ਇਸ ਤਰ੍ਹਾਂ ਅਸੀਂ 14 ਬਿਲੀਅਨ ਕਿਊਬਿਕ ਪਾਣੀ ਵੱਧ ਧਰਤੀ ਵਿਚੋਂ ਕੱਢ ਰਹੇ ਹਾਂ।”
ਇਸ ਸੰਦਰਭ ਵਿਚ ਵਿਜੈ ਬੰਬੇਲੀ ਦੇ ਤੱਥਾਂ ਦੀ ਜਦੋਂ ਅਸੀਂ ਪੜਚੋਲ ਕਰਦੇ ਹਾਂ ਤਾਂ ਯਕੀਨਨ ਸਾਡੇ ਮੱਥੇ `ਤੇ ਗੰਭੀਰ ਚਿੰਤਾ ਦੀਆਂ ਲਕੀਰਾਂ ਉੱਭਰ ਆਉਂਦੀਆਂ ਹਨ। ਉਨ੍ਹਾਂ ਅਨੁਸਾਰ “ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੀ ਬਿਜਲੀ ਤਾਂ ਡੂੰਘੇ ਟਿਊਬਵੈੱਲ ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦਾ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਂਦੇ ਹਨ। ਇਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈ। ਇਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ-ਘੱਟ 10 ਰੁਪਏ ਪੈਂਦੀ ਹੈ। ਦੱਸੋ, ਕਿੰਨੇ ਦੀ ਬਿਜਲੀ ਫੂਕ ਬਹਿੰਦੇ ਹਾਂ ਅਸੀਂ? ਖੇਤਾਂ ਦੀ ਮੁਫ਼ਤ ਬਿਜਲੀ ਜਿਸ ਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5800 ਕਰੋੜ ਰੁਪਏ ਪ੍ਰਤੀ ਸਾਲ ਬਣਦੀ ਹੈ। ਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ ਜਿਸ ਦਾ ਚੌਥਾ ਹਿੱਸਾ ਕਰੀਬ ਇਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਪੰਜਾਬ ਦੀ ਧਰਤੀ ਜਾਂ ਖਲਾਅ ਵਿਚ ਹਰ ਸਾਲ ਛੱਡਦੇ ਹਾਂ।”
ਬੀ.ਬੀ.ਸੀ. ਦੀ ਇਕ ਰਿਪੋਰਟ `ਚ ਮੁਹਾਲੀ ਜਿ਼ਲ੍ਹੇ ਦੇ ਪਿੰਡ ਰਸਨਹੇੜੀ ਦੇ ਕਿਸਾਨ ਰਾਜਬੀਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਫ਼ਸਲ ਪੈਦਾ ਕਰ ਰਹੇ ਹਨ। ਸ਼ੁਰੂ ਵਿਚ ਕਾਫ਼ੀ ਦਿੱਕਤਾਂ ਆਈਆਂ ਪਰ ਹੁਣ ਸਥਿਤੀ ਠੀਕ ਹੈ। ਉਨ੍ਹਾਂ ਨੇ ਆਖਿਆ ਕਿ ਇਸ ਪ੍ਰਣਾਲੀ ਵਿਚ ਸਭ ਤੋਂ ਵੱਡੀ ਦਿੱਕਤ ਨਦੀਨ ਦੀ ਹੈ, ਉਸ ਲਈ ਮਾਰਕੀਟ ਵਿਚ ਦਵਾਈਆਂ ਉਪਲੱਬਧ ਹਨ। ਉਨ੍ਹਾਂ ਦਾ ਅੱਗੇ ਕਹਿਣਾ ਹੈ ਕਿ ਕਿ ਡੀ.ਐਸ.ਆਰ. ਤਕਨੀਕ ਰਾਹੀਂ ਪ੍ਰਤੀ ਏਕੜ ਅੱਠ ਤੋਂ ਦਸ ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜਦੋਂਕਿ ਕੱਦੂ ਰਾਹੀਂ 18 ਤੋਂ 20 ਹਜ਼ਾਰ ਰੁਪਏ ਏਕੜ ਖਰਚਾ ਆਉਂਦਾ ਹੈ।
ਇਸ ਦੇ ਨਾਲ ਨਾਲ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਡੀ.ਐਸ.ਆਰ. ਨਾਲ ਪਾਣੀ ਦੀ ਬੱਚਤ ਵੀ ਕਾਫ਼ੀ ਹੁੰਦੀ ਹੈ। ਝਾੜ ਦਾ ਜਿ਼ਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਮੌਸਮ ਅਤੇ ਤਜਰਬੇ ਉੱਤੇ ਨਿਰਭਰ ਕਰਦਾ ਹੈ। ਜਦਕਿ ਇਸੇ ਰਿਪੋਰਟ ਵਿਚ ਕਪੂਰਥਲਾ ਜਿ਼ਲ੍ਹੇ ਦੇ ਤਲਵੰਡੀ ਮਾਧੋ ਦੇ ਕਿਸਾਨ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਖ਼ੁਦ ਨਹੀਂ ਚਾਹੁੰਦੇ ਕਿ ਝੋਨੇ ਦੀ ਖੇਤੀ ਕਰੀਏ ਸਰਕਾਰ ਸਾਨੂੰ ਬਦਲਵੀਂ ਫ਼ਸਲਾਂ ਦੇ ਨਾਲ ਨਾਲ ਉਨ੍ਹਾਂ ਉੱਤੇ ਐਮ.ਐਸ.ਪੀ. ਦੇਵੇ ਅਸੀਂ ਉਹ ਅਪਣਾਉਣ ਲਈ ਤਿਆਰ ਹਾਂ।
ਆਪਣੇ ਲੇਖ ਵਿਚ ਵਿਜੈ ਬੰਬੇਲੀ ਅੱਗੇ ਲਿਖਦੇ ਹਨ ਕਿ ‘ਇਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿਲੀਲਿਟਰ ਉਚਾਈ ਤਕ ਪਾਣੀ ਦੀ ਲੋੜ ਪੈਂਦੀ ਹੈ। ਇਕ ਕਿਲੋ ਅਗੇਤਾ ਝੋਨਾ ਪੈਦਾ ਕਰਨ ਲਈ 4500 ਲਿਟਰ ਪਾਣੀ, ਔਸਤਨ 25 ਕੁਇੰਟਲ ਝੋਨੇ ਲਈ 1,12,50,000 ਲਿਟਰ ਪਾਣੀ ਦੀ ਖਪਤ ਹੋ ਜਾਂਦੀ ਹੈ।
ਅਸੀਂ ਸਾਰੇ ਪੰਜਾਬ ਨੂੰ ਮਨਸੂਈ ਝੀਲ ਵਿਚ ਬਦਲ ਕੇ ਹੁੰਮਸ ਵਾਲਾ ਵਾਤਾਵਾਰਨ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਗੜਬੜਾ ਦਿੰਦੀ ਹੈ; ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫ਼ਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਪਾਣੀ ਭਾਫ਼ ਬਣ ਕੇ ਉੱਡਦਾ ਹੈ, ਜਿਸ ਨਾਲ ਹੁੰਮਸ ਪੈਦਾ ਹੁੰਦੀ ਹੈ। ਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨ। ਜੇ ਨਮ-ਤਾਪਮਾਨ ਵਧਦਾ ਹੈ ਤਾਂ ਸਰੀਰ ਸਾਵਾਂ ਨਹੀਂ ਰਹਿੰਦਾ। ਹੁੰਮਸ ਕਾਰਨ ਕੀੜੇ-ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈ। ਦੁਸ਼ਮਣ ਕੀੜੇ ਪਨਪਦੇ ਹਨ, ਮਿੱਤਰ ਕੀੜੇ ਸੁਸਤੀ ਅਖਤਿਆਰ ਕਰ ਜਾਂਦੇ ਹਨ। ਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ, ਉਲਟਾ ਚੰਗੀ ਭਲੀ ਮਾਨਸੂਨ ਨੂੰ ਵੀ ਕੁਰਾਹੇ ਪਾ ਦਿੰਦੀ ਹੈ।”
ਉਪਰੋਕਤ ਬਹਿਸ ਤੋਂ ਬਾਅਦ ਇਹੋ ਕਹਾਂਗਾ ਕਿ ਅੱਜ ਲੋੜ ਹੈ ਆਪਣੀਆਂ ਨਿੱਜੀ ਲਾਲਸਾਵਾਂ ਨੂੰ ਤਿਆਗ ਕੇ ਆਪਣੀ ਉਪਜਾਊ ਧਰਤੀ, ਪਾਣੀ ਅਤੇ ਵਾਤਾਵਰਨ ਨੂੰ ਸੁਰੱਖਿਅਤ ਕਰਨ ਦੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਮੁਸ਼ਕਿਲਾਂ `ਚ ਪੈਣ ਤੋਂ ਬਚਾਇਆ ਜਾ ਸਕੇ।