ਪੰਜਾਬੀ ਖੇਡ ਸਾਹਿਤ-97: ਨਰਿੰਦਰ ਸਿੰਘ ਕਪੂਰ ਦੇ ਖੇਡ ਕਥਨ

ਪ੍ਰਿੰ. ਸਰਵਣ ਸਿੰਘ

ਨਰਿੰਦਰ ਸਿੰਘ ਕਪੂਰ ਵਿਲੱਖਣ ਵਾਰਤਕ ਦਾ ਖਿਡਾਰੀ ਹੈ। ਚਕਾਚੌਂਧ ਕਰਦੇ ਫਿਕਰਿਆਂ ਦਾ ਸਿਰਜਕ! ਅਖੇ ਵਾਰਤਕ ਟੁਰਦੀ ਹੈ, ਕਵਿਤਾ ਨੱਚਦੀ ਹੈ, ਆਲੋਚਨਾ ਪਰੇਡ ਕਰਦੀ ਹੈ। ਵਾਰਤਕ ਦੀ ਉਡਾਣ ਦੂਰ ਤਕ ਹੁੰਦੀ ਹੈ, ਕਵਿਤਾ ਦੀ ਬਹੁਤ ਉੱਚੀ।

ਉਸ ਦੇ ਖੇਡ ਕਥਨ, ਖੇਡ ਮੈਦਾਨਾਂ ਦੀਆਂ ਕੰਧਾਂ ਅਤੇ ਸਟੇਡੀਅਮਾਂ ਦੀਆਂ ਪੌੜੀਆਂ `ਤੇ ਲਿਖੇ ਜਾਣ ਲੱਗੇ ਹਨ। ਇਹਦਾ ਤੋਰਾ ਅਸੀਂ ਆਪਣੇ ਪਿੰਡ ਚਕਰ ਦੇ ਸਕੂਲ ਤੇ ਸਪੋਰਟਸ ਅਕੈਡਮੀ ਤੋਂ ਤੋਰਿਆ ਸੀ। ਮਸਲਨ: ਓਲੰਪਿਕਸ ਵਿਚ ਸੌ ਮੀਟਰ ਦੀ ਦੌੜ, ਦੌੜ ਨਹੀਂ; ਧਰਤੀ ਉਤੇ ਕੁਝ ਸਕਿੰਟਾਂ ਦੀ ਉਡਾਣ ਹੁੰਦੀ ਹੈ। ਕੁਸ਼ਤੀ-ਕਬੱਡੀ ਗਰੀਬਾਂ ਦੀਆਂ ਖੇਡਾਂ ਹਨ, ਹੋਰਨਾਂ ਖੇਡਾਂ ਲਈ ਸਾਮਾਨ ਦੀ ਲੋੜ ਪੈਂਦੀ ਹੈ ਪਰ ਇਨ੍ਹਾਂ ਖੇਡਾਂ `ਚ ਕੱਪੜੇ ਵੀ ਲਾਹੁਣੇ ਪੈਂਦੇ ਹਨ। ਜਿੱਤਣ ਵਾਲੇ ਦੇ ਗਲ `ਚ ‘ਹਾਰ’ ਇਸ ਲਈ ਪਾਏ ਜਾਂਦੇ ਹਨ ਤਾਂ ਕਿ ਉਹ ਜਿੱਤਾਂ ਨੂੰ ਹੀ ਨਹੀਂ, ‘ਹਾਰਾਂ’ ਨੂੰ ਵੀ ਯਾਦ ਰੱਖੇ। ਖੇਡਾਂ ਕਸਰਤ ਹੀ ਨਹੀਂ ਹੁੰਦੀਆਂ, ਇਹ ਮਨੁੱਖ ਵਿਚ ਆਪਸੀ ਸਦਭਾਵਨਾ ਅਤੇ ਜਿੱਤ ਦਾ ਭਰੋਸਾ ਉਪਜਾਉਂਦੀਆਂ ਹਨ। ਓਲੰਪਿਕਸ ਵਿਚ ਭਾਗ ਲੈਣ ਵਾਲੇ, ਚਾਰ ਸਾਲ ਦਾ ਗਰਭ ਹੰਢਾਉਂਦੇ ਹਨ। ਖੇਡਾਂ ਵਿਚ ਜਿੱਤ ਕਦੇ-ਕਦੇ ਹੁੰਦੀ ਹੈ, ਹਾਰ ਹੁੰਦੀ ਹੀ ਰਹਿੰਦੀ ਹੈ।
ਫੈਸਲਾਕੁਨ ਪੜਾਅ ਵਿਚ, ਫੁੱਟਬਾਲ ਦੀ ਖੇਡ, ਗੋਲਕੀਪਰ ਦੇ ਆਲੇ-ਦੁਆਲੇ ਘੁੰਮਣ ਲੱਗ ਪੈਂਦੀ ਹੈ। ਚੈਂਪੀਅਨ ਨੂੰ ਅਸਫਲਤਾ ਦਾ ਡਰ ਹੁੰਦਾ ਹੈ, ਬਾਕੀਆਂ ਨੂੰ ਜਿੱਤਣ ਦਾ ਲਾਲਚ ਹੁੰਦਾ ਹੈ। ਸ਼ਂੈਪੇਨ ਜੇਤੂਆਂ ਲਈ ਹੁੰਦੀ ਹੈ, ਹਾਰਿਆਂ ਲਈ ਸ਼ਰਾਬ ਹੁੰਦੀ ਹੈ। ਪਿਆਰ ਦੀ ਖੇਡ ਵਿਚ, ਇਸਤਰੀ ਕੋਲ ਦਰਜਨਾਂ ਪੈਂਤੜੇ ਅਤੇ ਸੈਂਕੜੇ ਦਾਓ-ਪੇਚ ਹੁੰਦੇ ਹਨ। ਸੰਸਾਰ ਦੀ ਸਭ ਤੋਂ ਮਹਿੰਗੀ ਖੇਡ, ਯੁੱਧ ਕਹਿਲਾਉਂਦੀ ਹੈ। ਖੇਡ ਦੇ ਅਰਥ ਖੇਡਣ ਤੋਂ ਹਨ; ਜਦੋਂ ਖੇਡ, ਮੁਕਾਬਲਾ ਬਣ ਜਾਵੇ, ਖੇਡ ਗੁਆਚ ਜਾਂਦੀ ਹੈ ਅਤੇ ਦਿਲਚਸਪੀ ਖੇਡ ਵਿਚ ਨਹੀਂ, ਜਿੱਤ-ਹਾਰ ਵਿਚ ਰਹਿ ਜਾਂਦੀ ਹੈ। ਖੇਡਾਂ ਵਿਚ ਇਕ ਦੀ ਜਿੱਤ, ਕਈਆਂ ਦੀ ਹਾਰ `ਤੇ ਉੱਸਰੀ ਹੁੰਦੀ ਹੈ। ਹਾਰਨ ਵਿਚ ਖਿਡਾਰੀਆਂ ਦਾ ਕੋਈ ਦੋਸ਼ ਨਹੀਂ ਹੁੰਦਾ; ਦੋਸ਼ ਉਨ੍ਹਾਂ ਵਿਚ ਹੁੰਦਾ ਹੈ, ਜਿਹੜੇ ਹਰ ਵਾਰੀ ਉਨ੍ਹਾਂ ਨੂੰ ਜਿੱਤਦੇ ਹੀ ਵੇਖਣਾ ਚਾਹੁੰਦੇ ਹੁੰਦੇ ਹਨ। ਖੇਡਾਂ ਅਸਲ ਜੀਵਨ ਨਹੀਂ ਹੁੰਦੀਆਂ, ਪਰ ਇਹ ਅਸਲ ਜੀਵਨ ਲਈ ਬੜੀ ਪੱਕੀ ਤਿਆਰੀ ਹੁੰਦੀਆਂ ਹਨ…।
ਨਰਿੰਦਰ ਸਿੰਘ ਕਪੂਰ ਪੰਜਾਬੀ ਦਾ ਉੱਘਾ ਲੇਖਕ ਹੈ। ਨਿਵੇਕਲੀ ਵਾਰਤਕ ਦਾ ਅਫ਼ਲਾਤੂਨ! ਉਹਦੇ ਪਾਠਕ ਹਜ਼ਾਰਾਂ ਦੀ ਗਿਣਤੀ ਵਿਚ ਹਨ। ਉਹਦੀਆਂ ਕਿਤਾਬਾਂ ਗਰਮ ਪਕੌੜਿਆਂ ਤੇ ਤਾਜ਼ਾ ਜਲੇਬੀਆਂ ਵਾਂਗ ਵਿਕਦੀਆਂ ਹਨ। ਉਸ ਦੇ ਅਜਿਹੇ ਫਿਕਰੇ ਉਹਦੇ ਫੈਨ ਨੋਟਬੁੱਕਾਂ `ਚ ਨੋਟ ਕਰਦੇ ਰਹਿੰਦੇ ਹਨ: ਕਾਰਲ ਮਾਰਕਸ, ਰੱਬ ਨੂੰ ਨਾ ਮੰਨਣ ਵਾਲਿਆਂ ਦਾ ਰੱਬ ਹੈ। ਜਿਸ ਪਿਆਰ ਵਿਚ ਕੋਈ ਖ਼ਤਰਾ ਨਹੀਂ ਹੁੰਦਾ, ਉਹ ਵਿਆਹ ਹੁੰਦਾ ਹੈ। ਹੱਸਣ ਮਗਰੋਂ ਚਿਹਰਾ ਪੂੰਝਣਾ ਨਹੀਂ ਪੈਂਦਾ, ਰੋਣ ਮਗਰੋਂ ਧੋਣਾ ਵੀ ਪੈਂਦਾ ਹੈ। ਭਾਰਤੀ ਧਰਮਾਂ ਨੇ ਧਨ ਦੀ ਨਿੰਦਾ ਕਰ-ਕਰ ਕੇ, ਇਸ ਦਾ ਲਾਲਚ ਵਧਾ ਦਿੱਤਾ ਹੈ। ਆਪਣਾ ਭਵਿੱਖ ਜੋਤਸ਼ੀਆਂ ਤੋਂ ਪੁੱਛਣ ਵਾਲਿਆਂ ਦਾ ਕੋਈ ਭਵਿੱਖ ਹੁੰਦਾ ਹੀ ਨਹੀਂ। ਸੰਬੰਧ ਵਿਗੜੇ ਹੋਣ ਤਾਂ ਸਧਾਰਨ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ। ਇਕ ਸੰਸਾਰ ਵਿਚ ਅਸੀਂ ਜਿਊਂਦੇ ਹਾਂ, ਇਕ ਸੰਸਾਰ ਸਾਡੇ ਵਿਚ ਜਿਊਂਦਾ ਹੈ। ਕੁੜੀਆਂ ਨੂੰ ਵਿਆਹ ਵਾਲਾ ਜੀਵਨ ਨਹੀਂ, ਵਿਆਹ ਵਾਲਾ ਸਮਾਗਮ ਚੰਗਾ ਲਗਦਾ ਹੈ…।
2021 ਵਿਚ ਉਸ ਦੀ ਸਵੈਜੀਵਨੀ ‘ਧੁੱਪਾਂ-ਛਾਵਾਂ’ ਛਪੀ। ਉਸ ਦੇ ਸਰਵਰਕ ਉਤੇ ਛਪਿਆ ਹੈ: ਇਹ ਮੇਰੀ ਜਿ਼ੰਦਗੀ ਦੀਆਂ ਧੁੱਪਾਂ-ਛਾਵਾਂ ਦੀ ਸੰਖੇਪ ਕਹਾਣੀ ਹੈ। ਮੇਰੇ ਬਚਪਨ ਵਿਚ ਮੁਸ਼ਕਿਲਾਂ ਸਨ ਪਰ ਅਸੰਭਵ ਕੁਝ ਨਹੀਂ ਸੀ। ਜਵਾਨੀ ਵਿਚ ਹਾਰਾਂ ਅਤੇ ਅਸਫਲਤਾਵਾਂ ਅਨੇਕਾਂ ਸਨ ਪਰ ਅਵਸਰਾਂ ਅਤੇ ਅਨੁਭਵਾਂ ਦੀਆਂ ਡੂੰਘੀਆਂ ਸਿਖਰਾਂ ਦੀ ਵੀ ਭਰਮਾਰ ਸੀ। ਜਿ਼ੰਦਗੀ ਦੀ ਹਰ ਸਵੇਰ ਵਿਚ ਸੱਜਰੀ ਉਮੀਦ ਸੀ। ਮਸ਼ਾਲਾਂ ਵਰਗੇ ਸਾਥੀਆਂ ਅਤੇ ਫੁਲਕਾਰੀਆਂ ਵਰਗੀਆਂ ਨਾਰਾਂ ਨੇ ਮੇਰੀਆਂ ਉਦਾਸੀਆਂ ਵਿਚ ਸਿ਼ੱਦਤ ਅਤੇ ਮਾਯੂਸੀਆਂ ਵਿਚ ਰੌਣਕ ਭਰੀ ਹੈ। ਜਿੱਤ ਦੇ ਭਰੋਸੇ ਵਾਲੀ ਇਹ ਸਵੈ-ਜੀਵਨੀ ਜਿ਼ੰਦਗੀ ਦੀਆਂ ਵੰਗਾਰਾਂ ਅਤੇ ਚੁਣੌਤੀਆਂ ਵਿਚੋਂ ਤਲਾਸ਼ੇ ਅਵਸਰਾਂ ਦੀ ਦਾਸਤਾਨ ਹੈ, ਜਿਸ ਵਿਚ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਪਨਿਆਂ ਦੇ ਰੰਗ ਅਤੇ ਜੀਵਨ ਵਿਚ ਕਮਾਏ ਅਤੇ ਮਾਣੇ ਝੂਟਿਆਂ ਦੇ ਹੁਲਾਰੇ ਹਨ।
ਉਸ ਦੀਆਂ ਪਹਿਲਾਂ ਛਪੀਆਂ ਪੁਸਤਕਾਂ ਦੇ ਨਾਂ ਹਨ: ਸੱਚੋ-ਸੱਚ, ਦਰ-ਦਰਵਾਜ਼ੇ, ਰਾਹ-ਰਸਤੇ, ਮਾਲਾ ਮਣਕੇ, ਮਾਲਾ ਮਣਕੇ ਭਾਗ ਦੂਜਾ, ਕੱਲਿਆਂ ਦਾ ਕਾਫ਼ਲਾ, ਖਿੜਕੀਆਂ, ਕੁੰਜੀਆਂ, ਬੁਨਿਆਦਾਂ, ਡੂੰਘੀਆਂ ਸਿਖਰਾਂ, ਅੰਤਰ-ਝਾਤ, ਆਹਮੋ-ਸਾਹਮਣੇ, ਬੂਹੇ-ਬਾਰੀਆਂ, ਸੁਖ਼ਨ-ਸੁਨੇਹੇ, ਮੇਲ-ਜੋਲ, ਵਿਆਖਿਆ ਵਿਸ਼ਲੇਸ਼ਣ, ਤਰਕਵੇਦ, ਰੋਸ਼ਨੀਆਂ, ਨਿੱਕੀਆਂ-ਨਿੱਕੀਆਂ ਗੱਲਾਂ, ਮੇਲ-ਜੋਲ ਤੇ ਸ਼ੁਭ ਇੱਛਾਵਾਂ। ਉਸ ਨੇ ਆਲੋਚਨਾ ਤੇ ਖੋਜ ਦੀਆਂ ਚਾਰ ਪੁਸਤਕਾਂ ਲਿਖਣ ਨਾਲ ਪੰਜ ਪੁਸਤਕਾਂ ਦੇ ਅਨੁਵਾਦ ਵੀ ਛਪਵਾਏ ਹਨ। ਉਹਦੀ ਸਵੈ-ਜੀਵਨੀ ਇੰਜ ਤੁਰਦੀ ਹੈ: ਆਪਣੀ ਸਵੈ-ਜੀਵਨੀ ਵਿਚ ਮੈਂ ਆਪਣੇ ਬਚਪਨ ਦੇ ਵੇਰਵੇ ਵਿਸਥਾਰ ਨਾਲ ਦਰਜ ਕੀਤੇ ਹਨ ਕਿਉਂਕਿ ਮੇਰਾ ਬਚਪਨ ਆਮ ਬੱਚਿਆਂ ਦੇ ਬਚਪਨ ਤੋਂ ਵੱਖਰੀ ਭਾਂਤ ਦਾ ਸੀ। ਜਿਹੜਾ ਆਮ ਬੱਚਿਆਂ ਲਈ ਖੇਡਣ ਦਾ ਸਮਾਂ ਸੀ, ਉਹ ਮੇਰੇ ਲਈ ਜਿ਼ੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਭਾਂਤ-ਭਾਂਤ ਦੇ ਕੰਮ ਕਰਨ ਦਾ ਸਮਾਂ ਸੀ, ਜਿਸ ਤੋਂ ਨਿਆਰੇ ਅਨੁਭਵ ਪ੍ਰਾਪਤ ਹੁੰਦੇ ਰਹੇ।
ਬਚਪਨ ਵਿਚ ਹੀ ਮੈਂ ਇਕ ਅਖ਼ਬਾਰ ਵਿਚ ਕੰਮ ਕਰਨ ਲੱਗ ਪਿਆ ਸਾਂ ਅਤੇ ਅਜਿਹਾ ਵਾਪਰਨਾ ਮੇਰੇ ਜੀਵਨ ਵਿਚ ਇਕ ਸੁਨਹਿਰੀ ਮੋੜ ਸੀ, ਕਿਉਂਕਿ ਇਥੇ ਕੰਮ ਕਰਦਿਆਂ ਸਾਰਾ ਸੰਸਾਰ ਮੇਰੇ ਸਾਹਮਣੇ ਖੁੱਲ੍ਹ ਗਿਆ ਸੀ। ਇਸ ਅਨੁਭਵ ਦੀ ਬਦੌਲਤ ਹੀ ਮੈਂ ਜਰਨਲਿਜ਼ਮ ਦੇ ਵਿਸ਼ੇ `ਤੇ ਪੀ.ਐਚਡੀ ਕੀਤੀ, ਲਿਖਣਾ ਆਰੰਭਿਆ ਅਤੇ ਜਰਨਲਿਜ਼ਮ ਦਾ ਪ੍ਰੋਫ਼ੈਸਰ ਬਣਿਆ। ਸਕੂਲ ਵਿਚ ਗੁਜ਼ਾਰਿਆ ਸਮਾਂ ਬੜਾ ਦਿਲਚਸਪ, ਰੰਗੀਨ ਅਤੇ ਯਾਦਗਾਰੀ ਅਨੁਭਵ ਸੀ। ਬਿਜਲੀ ਬੋਰਡ ਅਤੇ ਬੈਂਕ ਵਿਚ ਗੁਜ਼ਾਰਿਆ ਸਮਾਂ, ਯੂਨੀਵਰਸਿਟੀ ਵਿਚ ਦਾਖਲ ਹੋ ਕੇ ਪੜ੍ਹਨ ਲਈ ਤਿਆਰੀ ਅਤੇ ਮਾਇਕ ਸਰੋਤ ਜੁਟਾਉਣ ਦਾ ਸਮਾਂ ਸੀ। ਮੇਰੇ ਜੀਵਨ ਵਿਚ ਯੂਨੀਵਰਸਿਟੀ ਵਿਚ ਦਾਖਲ ਹੋ ਕੇ ਕੀਤੀ ਐਮ.ਏ ਅੰਗਰੇਜ਼ੀ ਦੀ ਪੜ੍ਹਾਈ ਲਲਾਰੀ ਦਾ ਉਹ ਤੱਸਲਾ ਸਾਬਤ ਹੋਈ, ਜਿਥੇ ਮੇਰੇ ਖੱਦਰ ਉਤੇ ਰੇਸ਼ਮੀ ਰੰਗ ਚੜ੍ਹਿਆ ਸੀ। ਤਿੰਨ ਕਾਲਜਾਂ ਵਿਚ ਅਧਿਆਪਨ ਕਰਨਾ ਅਤੇ ਅਗਲੇਰੀ ਪੜ੍ਹਾਈ ਜਾਰੀ ਰੱਖਣਾ, ਯੂਨੀਵਰਸਿਟੀ ਵਿਚ ਮੇਰੀ ਨਿਯੁਕਤੀ ਦਾ ਕਾਰਨ ਬਣਿਆ। ਯੂਨੀਵਰਸਿਟੀ ਵਿਚ ਪਹਿਲਾਂ ਹੀ ਨਿਯੁਕਤ, ਲੜਕੀ ਨਾਲ ਮੇਰੇ ਵਿਆਹ ਨਾਲ ਬਣੀ ਪਤਨੀ, ਮੇਰੀ ਜਿ਼ੰਦਗੀ ਦੀ ਬਰਕਤ ਸਾਬਤ ਹੋਈ। ਮੇਰੇ ਪੀ.ਐਚਡੀ ਕਰਦਿਆਂ ਹੀ ‘ਪੰਜਾਬੀ ਟ੍ਰਿਬਿਊਨ’ ਦਾ ਆਰੰਭ ਹੋਣਾ ਮੇਰੇ ਲਈ ਵਰਦਾਨ ਹੋਇਆ, ਜਿਸ ਵਿਚ ਮੈਂ ਦਾਰਸ਼ਨਿਕ ਅਤੇ ਮਨੋਵਿਗਿਆਨਕ ਵਾਰਤਕ ਦੀ ਰਚਨਾ ਕਰਦਾ ਤੇ ਛਪਵਾਉਂਦਾ ਰਿਹਾ। ਇਵੇਂ ਮੇਰਾ ਪਾਠਕ-ਵਰਗ ਉਸਰਦਾ ਗਿਆ। ਯੂਨੀਵਰਸਿਟੀ ਵਿਚ ਮੇਰੀ ਕਲਾਸ ਵਿਚ ਤੀਹ ਵਿਦਿਆਰਥੀ ਹੁੰਦੇ ਸਨ ਪਰੰਤੂ ‘ਪੰਜਾਬੀ ਟ੍ਰਿਬਿਊਨ’ ਰਾਹੀਂ ਸੈਕੜੇ-ਹਜ਼ਾਰਾਂ ਪਾਠਕ-ਵਿਦਿਆਰਥੀ ਮੇਰੇ ਸੰਪਰਕ ਵਿਚ ਆਏ।
ਪੁਰਸ਼ਾਂ ਦੇ ਮੁਕਾਬਲੇ ਮਿਲਣ ਵਾਲੀਆਂ ਇਸਤਰੀਆਂ ਵਧੇਰੇ ਦਿਲਚਸਪ ਅਤੇ ਗੁੰਝਲਦਾਰ ਸਨ। ਕੁਝ ਲੜਾਕੀਆਂ ਅਤੇ ਨਿਰਮੋਹੀਆਂ ਸਨ ਪਰ ਬਹੁਤੀਆਂ ਮਮਤਾ ਦੀਆਂ ਮੂਰਤੀਆਂ ਸਨ। ਕਈ ਸੋਹਣੀਆਂ, ਸੁਨੱਖੀਆਂ, ਸਿਆਣੀਆਂ ਅਤੇ ਮਿਹਰਬਾਨ ਇਸਤਰੀਆਂ ਦੇ ਸੰਪਰਕ ਵਿਚ ਆਉਣ ਦਾ ਅਵਸਰ ਮਿਲਿਆ। ਕਈਆਂ ਨੂੰ ਮੈਂ ਪਿਆਰ ਕੀਤਾ ਪਰ ਕਿਸੇ ਨੇ ਮੈਨੂੰ ਪਿਆਰ ਕਰਨ ਯੋਗ ਨਹੀਂ ਸਮਝਿਆ। ਇਸ ਮਾਯੂਸੀ ਅਤੇ ਉਦਾਸੀ ਕਾਰਨ ਪਏ ਘਾਟੇ ਨੂੰ, ਨਫ਼ੇ ਵਿਚ ਬਦਲਣ ਲਈ, ਮੈਂ ਫਿ਼ਲਾਸਫ਼ੀ ਵੱਲ ਝੁਕਿਆ। ਲਿਖਣ ਜਾਂ ਪੜ੍ਹਨ ਵਾਸਤੇ ਮੈਨੂੰ ਮੂਡ ਬਣਾਉਣ ਦੀ ਲੋੜ ਨਹੀਂ ਪੈਂਦੀ। ਮੈਨੂੰ ਪਤਵੰਤਿਆਂ ਦੀ ਥਾਂ ਸਾਧਾਰਨ ਇਸਤਰੀਆਂ ਅਤੇ ਪੁਰਸ਼ ਚੰਗੇ ਲੱਗਦੇ ਹਨ। ਸਮੁੱਚੇ ਰੂਪ ਵਿਚ ਮੈਂ ਸਾਧਾਰਨ, ਸਰਲ ਅਤੇ ਸੰਜਮੀ ਆਦਤਾਂ ਵਾਲਾ ਔਸਤ ਵਿਅਕਤੀ ਹਾਂ, ਇਵੇਂ ਤੁਹਾਡੇ ਹੱਥ ਵਿਚ ਇਕ ਸਾਧਾਰਨ ਵਿਅਕਤੀ ਦੀ ਸਵੈ-ਜੀਵਨੀ ਹੈ। ਮੇਰੇ ਕਹਿਣ `ਤੇ ਉਸ ਨੇ ਆਪਣੇ ਜੀਵਨ ਵਿਚ ਖੇਡਾਂ ਬਾਰੇ ਵੀ ਆਪਣੀ ਸੁੰਦਰ ਹੱਥ ਲਿਖਤ ਭੇਜੀ ਜੋ ਉਸ ਦੀ ਸਵੈ-ਜੀਵਨੀ `ਚ ਨਵਾਂ ਵਾਧਾ ਹੈ:
ਮੇਰੇ ਜੀਵਨ ਦੀਆਂ ਖੇਡਾਂ
ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਅਤੇ ਅਸੀਂ ਉਜਾੜੇ ਦਾ ਸੰਤਾਪ ਭੋਗ ਰਹੇ ਸਾਂ। ਮੇਰੀ ਜਿਹੜੀ ਉਮਰ ਨਾਲ ਖਿਡੌਣਿਆਂ ਦਾ ਸੰਬੰਧ ਹੋਣਾ ਸੀ, ਉਹ ਸਮਾਂ ਅਸੀਂ ਮਜਬੂਰੀਆਂ ਅਤੇ ਮਾਯੂਸੀਆਂ ਨਾਲ ਜੂਝਦੇ ਰਹੇ। ਲਗਭਗ ਪੰਦਰਾਂ ਸਾਲ ਉੱਜੜੇ ਹੋਏ ਸ਼ਰਨਾਰਥੀਆਂ ਨੂੰ ਆਪਣੇ ਪੈਰਾਂ `ਤੇ ਖਲੋਣ ਵਿਚ ਲੱਗ ਗਏ। ਮੈਨੂੰ ਯਾਦ ਹੈ ਕਿ ਰਸੋਈ ਦੇ ਥੋੜ੍ਹੇ ਜਿਹੇ ਭਾਂਡਿਆਂ ਨੂੰ ਇਕ ਲਾਈਨ ਵਿਚ ਰੱਖ ਕੇ ਕੜਛੀ ਜਾਂ ਚਮਚੇ ਨਾਲ ਉਨ੍ਹਾਂ ਨੂੰ ਵਜਾਉਂਦੇ ਸਾਂ। ਇਹ ਮੇਰਾ ਜਲਤਰੰਗ ਸੀ। ਹਰੇਕ ਕੌਲੀ-ਗਲਾਸ ਦਾ ਆਕਾਰ ਅਤੇ ਰੂਪ ਵੱਖਰਾ ਹੋਣ ਕਰਕੇ ਆਵਾਜ਼ਾਂ ਵੱਖਰੀਆਂ ਹੁੰਦੀਆਂ ਸਨ। ਮੈਂ ਮਹਿਸੂਸ ਕੀਤਾ ਹੈ ਕਿ ਖੇਡ ਖਿਡੌਣਿਆਂ ਵਿਚ ਨਹੀਂ ਹੁੰਦੀ, ਖੇਡ ਬੱਚੇ ਦੇ ਅੰਦਰ ਹੁੰਦੀ ਹੈ ਅਤੇ ਬੱਚੇ ਨੂੰ ਜੋ ਕੁਝ ਵੀ ਮਿਲੇ, ਉਹ ਉਸੇ ਨਾਲ ਖੇਡ ਸਿਰਜ ਲੈਂਦਾ ਹੈ। ਕੁਝ ਬੱਚੇ ਲੁਡੋ ਖੇਡਦੇ ਸਨ, ਜਿਸ ਵਿਚ ਸੱਪਾਂ ਨਾਲ ਥੱਲੇ ਲੁੜ੍ਹਕਣ ਅਤੇ ਪੌੜੀਆਂ ਨਾਲ ਉਪਰ ਜਾਇਆ ਜਾਂਦਾ ਸੀ। ਅਸੀਂ ਸ਼ਰਨਾਰਥੀ ਕੈਂਪ ਵਿਚ ਰਹਿੰਦੇ ਸਾਂ, ਜਿਥੇ ਸੰਗਰਾਂਦ-ਪੂਰਨਮਾਸ਼ੀ ਵਾਲੇ ਦਿਨ ਸਾਡੀ ਮਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੰਗਰ ਦੀ ਸੇਵਾ ਕਰਨ ਚਲੀ ਜਾਇਆ ਕਰਦੀ ਸੀ ਅਤੇ ਅਸੀਂ ਦੁਪਹਿਰ ਦਾ ਅਤੇ ਕਈ ਵਾਰ ਸਵੇਰ ਦਾ ਬਚਿਆ ਲੰਗਰ ਰਾਤ ਨੂੰ ਖਾਣ ਲਈ ਗੁਰਦੁਆਰੇ ਪਹੁੰਚਣ ਲਈ ਦੌੜ ਕੇ ਜਾਇਆ ਕਰਦੇ ਸਾਂ। ਕੈਂਪ ਤੋਂ ਗੁਰਦੁਆਰਾ ਲਗਭਗ ਤਿੰਨ ਫਰਲਾਂਗ ਦੂਰ ਸੀ ਪਰ ਜਾਂਦੇ ਅਸੀਂ ਦੌੜ ਕੇ ਹੀ ਸਾਂ, ਇਹ ਸਾਡਾ ਅਥਲੈਟਿਕ ਮੁਕਾਬਲਾ ਹੁੰਦਾ ਸੀ।
ਜਦੋਂ ਸਾਨੂੰ ਸ਼ਹਿਰ ਵਿਚ ਇਕ ਛੋਟਾ ਜਿਹਾ ਮਕਾਨ ਅਲਾਟ ਹੋ ਗਿਆ ਤਾਂ ਅਸੀਂ ਰਾਤ ਵੇਲੇ ਘਰ ਦੇ ਨੇੜਲੇ ਗੁਰਦੁਆਰੇ ਜਾਂਦੇ ਸਾਂ। ਗੁਰਦੁਆਰੇ ਅੰਦਰ ਖੁੱਲ੍ਹੀ ਥਾਂ ਸੀ ਜਿਥੇ ਬੱਚੇ ਰਲ ਕੇ ਲੁਕਣ-ਮੀਟੀ ਖੇਡਦੇ ਸਨ। ਅਸਲ ਗੱਲ ਇਹ ਸੀ ਕਿ ਗੁਰਦੁਆਰੇ ਅੰਦਰ ਬੈਠੇ ਬਾਬੇ ਅਸੀਂ ਆਪਸ ਵਿਚ ਵੰਡੇ ਹੋਏ ਸਨ। ਕੀਰਤਨ ਸਾਨੂੰ ਸਮਝ ਨਹੀਂ ਸੀ ਪੈਂਦਾ, ਜਿਸ ਕਾਰਨ ਅਸੀਂ ਬਾਹਰ ਖੇਡਦੇ ਸਾਂ ਪਰ ਸਾਨੂੰ ਪਛਾਣ ਸੀ ਕਿ ਤੇਜ਼-ਤੇਜ਼ ਗਾਏ ਜਾਣ ਵਾਲੇ ਅਨੰਦ ਸਾਹਿਬ ਮਗਰੋਂ ਅਰਦਾਸ ਹੁੰਦੀ ਸੀ ਜਿਸ ਮਗਰੋਂ ਪ੍ਰਸ਼ਾਦ ਮਿਲਦਾ ਸੀ। ਅਸੀਂ ਅਰਦਾਸ ਵੇਲੇ ਆਪਣੇ ਬਾਬੇ ਕੋਲ ਪਹੁੰਚ ਜਾਂਦੇ ਸਾਂ। ਸਾਨੂੰ ਆਪਣਾ ਪ੍ਰਸ਼ਾਦ ਤਾਂ ਮਿਲਦਾ ਹੀ ਸੀ, ਬਾਬੇ ਵੀ ਆਪਣਾ ਪ੍ਰਸ਼ਾਦ ਦੇ ਦਿੰਦੇ ਸਨ। ਬਚਪਨ ਦੌਰਾਨ ਸਾਡਾ ਧਿਆਨ ਖੇਡਾਂ ਵੱਲ ਨਹੀਂ, ਕੁਝ ਖਾਣ-ਪੀਣ ਵੱਲ ਵਧੇਰੇ ਹੁੰਦਾ ਸੀ। ਭੁੱਖ ਲੱਗੀ ਹੀ ਰਹਿੰਦੀ ਸੀ, ਜਿਥੋਂ ਜੋ ਮਿਲ ਜਾਂਦਾ ਸੀ, ਉਸ ਨੂੰ ਸੁਆਦ ਨਾਲ ਖਾ ਲਿਆ ਜਾਂਦਾ ਸੀ। ਹੋਰ ਬੱਚਿਆਂ ਨਾਲ ਗੁਜ਼ਾਰੇ ਇਸ ਸਮੇਂ ਦੌਰਾਨ ਅਸੀਂ ਲਾਪ੍ਰਵਾਹ ਤੇ ਬੇਪ੍ਰਵਾਹ ਹੁੰਦੇ ਸਾਂ। ਦੌੜ ਭੱਜ ਹੋਣ ਕਾਰਨ ਸਾਨੂੰ ਸਭ ਕੁਝ ਸੌਖਿਆਂ ਹੀ ਹਜ਼ਮ ਹੋ ਜਾਂਦਾ ਸੀ।
ਉਜਾੜੇ ਕਾਰਨ ਵੱਡੀ ਗਿਣਤੀ ਵਿਚ ਸ਼ਰਨਾਰਥੀ ਪਟਿਆਲੇ ਆਏ ਸਨ। ਇਵੇਂ ਜੀਵਨ ਦੇ ਮੁੱਢਲੇ ਸਾਲ, ਹੋਰਾਂ ਵਾਂਗ ਮੈਂ ਵੀ ਗਰੀਬੀ ਅਤੇ ਮਜਬੂਰੀਆਂ ਨਾਲ ਖੇਡਦਾ ਰਿਹਾ। ਉਂਜ ਉਸ ਵੇਲੇ ਦੀਆਂ ਖੇਡਾਂ ਵਿਚ ਮੁੰਡਿਆਂ ਲਈ ਗੁੱਲੀ-ਡੰਡਾ ਅਤੇ ਬੰਟੇ ਖੇਡੇ ਜਾਂਦੇ ਸਨ। ਕੁੜੀਆਂ ਪੀਚੋ, ਅੱਡੀ-ਟੱਪਾ ਅਤੇ ਗੀਟੇ ਖੇਡਦੀਆਂ ਸਨ। ਸਾਡੇ ਘਰ ਨੇੜੇ ਇਕ ਪਾਰਕ ਹੁੰਦਾ ਸੀ ਜਿਸ ਵਿਚ ਜਲਸੇ ਹੁੰਦੇ। ਇਹ ਪਾਰਕ ਦਿਨ ਵੇਲੇ ਖਾਲੀ ਹੁੰਦਾ ਸੀ, ਜਿਥੇ ਅਸੀਂ ਗੁੱਲੀ-ਡੰਡਾ ਖੇਡਦੇ ਸਾਂ। ਸਾਡੇ ਨਾਲ ਚੋਚੋ ਨਾਂ ਦੀ ਇਕ ਕੁੜੀ ਵੀ ਗੁੱਲੀ-ਡੰਡਾ ਖੇਡਦੀ ਸੀ, ਜਿਹੜੀ ਮੁੰਡਿਆਂ ਵਾਂਗ ਟੁਰਦੀ ਅਤੇ ਮੁੰਡਿਆਂ ਵਾਂਗ ਹੀ ਬੋਲਦੀ ਸੀ। ਮਹੱਤਵਪੂਰਨ ਗੱਲ ਇਹ ਸੀ ਕਿ ਉਹ ਅਕਸਰ ਹੀ ਮੁੰਡਿਆਂ ਨੂੰ ਹਰਾ ਦਿੰਦੀ ਸੀ। ਰਾਤ ਦੀ ਰੋਟੀ ਖਾ ਕੇ ਮੁੰਡੇ-ਕੁੜੀਆਂ ਗਲ਼ੀ ਵਿਚ ਹੀ ਲੁਕਣ-ਮੀਟੀ ਖੇਡਦੇ ਸਾਂ। ਕਈ ਖੇਡਾਂ ਅਸੀਂ ਆਪ ਹੀ ਸਿਰਜ ਲੈਂਦੇ ਸਾਂ। ਹੁਣ ਤਾਂ ਸਾਡੇ ਬਚਪਨ ਦੀਆਂ ਖੇਡਾਂ ਲੋਪ ਹੀ ਹੋ ਗਈਆਂ ਹਨ। ਮੈਨੂੰ ਯਾਦ ਹੈ ਕਿ ਸਾਡੇ ਕੋਲ ਖੇਡਣ ਦੇ ਵਸੀਲੇ ਤੇ ਸਾਮਾਨ ਨਾ ਹੋਣ ਕਾਰਨ ਅਸੀਂ ਸੈਰ ਬਹੁਤ ਕਰਦੇ ਸਾਂ। ਜਿਸ ਨੂੰ ਜਿਹੜਾ ਸਾਈਕਲ ਮਿਲ ਜਾਂਦਾ ਸੀ, ਉਹ ਉਸ ਨੂੰ ਖ਼ੂਬ ਚਲਾਉਂਦਾ ਸੀ। ਅਸੀਂ ਸਾਈਕਲਾਂ `ਤੇ ਚੰਡੀਗੜ੍ਹ ਤਕ ਚਲੇ ਜਾਂਦੇ ਸਾਂ। ਜਿਸ ਸਕੂਲ ਵਿਚ ਮੈਂ ਪੜ੍ਹਿਆ ਉਸ ਦੀ ਗਰਾਊਂਡ ਨਹੀਂ ਸੀ, ਜਿਸ ਕਾਰਨ ਸਕੂਲ ਵਿਚ ਖੇਡਣ ਦਾ ਕੋਈ ਪ੍ਰਬੰਧ ਨਹੀਂ ਸੀ। ਅਸੀਂ ਖੇਡੇ ਤਾਂ ਘੱਟ ਪਰ ਭੱਜ-ਦੌੜ ਵਾਲਾ ਕੰਮ ਬਹੁਤ ਕਰਦੇ ਸਾਂ, ਜਿਸ ਕਾਰਨ ਸਾਡੀ ਖ਼ੂਬ ਕਸਰਤ ਹੋ ਜਾਂਦੀ ਸੀ ਅਤੇ ਅਸੀਂ ਰਿਸ਼ਟ-ਪੁਸ਼ਟ ਰਹਿੰਦੇ ਸਾਂ। ਮੈਨੂੰ ਨਹੀਂ ਯਾਦ ਕਿ ਮੈਂ ਕਦੇ ਬਿਮਾਰ ਪਿਆ ਸਾਂ। ਮੈਂ ਬਚਪਨ ਵਿਚ ਹੀ ਕੰਮ ਕਰਨ ਲੱਗ ਪਿਆ ਸਾਂ ਪਰ ਸਾਡਾ ਰੋਜ਼ ਸਕੂਲ ਜਾਣਾ ਨਿਸ਼ਚਿਤ ਸੀ।
ਬੀ.ਏ ਦੀ ਪੜ੍ਹਾਈ ਮੈਂ ਪ੍ਰਾਈਵੇਟ ਵਜੋਂ ਕੀਤੀ ਅਤੇ ਐਮ.ਏ ਅੰਗਰੇਜ਼ੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਮੈਨੂੰ ਤਿੰਨ ਸਰਕਾਰੀ ਕਾਲਜਾਂ, ਨਾਭਾ, ਸੰਗਰੂਰ ਅਤੇ ਮਹਿੰਦਰਾ ਕਾਲਜ ਵਿਚ ਪੜ੍ਹਾਉਣ ਦਾ ਅਵਸਰ ਮਿਲਿਆ। ਇਨ੍ਹਾਂ ਕਾਲਜਾਂ ਵਿਚ ਖੇਡਾਂ ਦਾ ਚੰਗਾ ਪ੍ਰਬੰਧ ਸੀ। ਸੰਗਰੂਰ ਮੈਂ ਚਾਰ ਸਾਲ ਰਿਹਾ ਜਿੱਥੇ ਮੈਂ ਫੁੱਟਬਾਲ ਦੀ ਖੇਡ ਦਾ ਇੰਚਾਰਜ ਹੁੰਦਾ ਸੀ ਅਤੇ ਟੀਮ ਨੂੰ ਵੱਖ-ਵੱਖ ਕਾਲਜਾਂ ਵਿਚ ਮੁਕਾਬਲੇ ਦੇ ਮੈਚਾਂ ਲਈ ਲੈ ਕੇ ਜਾਂਦਾ ਸਾਂ। ਸੰਗਰੂਰ ਅਤੇ ਮਲੇਰਕੋਟਲਾ ਦੀਆਂ ਟੀਮਾਂ ਮਜ਼ਬੂਤ ਸਨ। ਉਂਜ ਵੀ ਸੰਗਰੂਰ ਵਿਚ ਸ਼ਾਮ ਨੂੰ ਖੇਡਾਂ ਖੇਡਣ ਦਾ ਰਿਵਾਜ ਸੀ। ਸੰਗਰੂਰ ਦੀ ਬਾਕਸਿੰਗ ਟੀਮ ਪੰਜਾਬ ਵਿਚ ਮੋਹਰੀ ਟੀਮ ਹੁੰਦੀ ਸੀ। ਜਦੋਂ ਮੈਂ ਮਹਿੰਦਰਾ ਕਾਲਜ ਵਿਚ ਆਇਆ ਤਾਂ ਇਥੇ ਮੈਂ ਤੈਰਾਕੀ ਸਿੱਖੀ। ਮਹਿੰਦਰਾ ਕਾਲਜ ਵਿਦਵਾਨ ਪ੍ਰੋਫ਼ੈਸਰਾਂ ਅਤੇ ਉੱਘੇ ਖਿਡਾਰੀਆਂ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਂਗ ਪ੍ਰਸਿੱਧ ਰਿਹਾ ਹੈ। ਮਹਿੰਦਰਾ ਕਾਲਜ ਵਿਚ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਸੀ, ਜਿਹੜਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੁਲਾਰਾ ਦਿੰਦਾ ਸੀ।
ਪੰਜ ਸਾਲ ਤਿੰਨ ਕਾਲਜਾਂ ਵਿਚ ਅਧਿਆਪਨ ਦਾ ਕਾਰਜ ਕਰ ਕੇ ਮੈਂ ਪੰਜਾਬੀ ਯੂਨੀਵਰਸਿਟੀ ਵਿਚ ਨਿਯੁਕਤ ਹੋ ਗਿਆ। ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਡਾਂ ਦੇ ਪੱਖੋਂ ਦੇਸ਼ ਦੀਆਂ ਸਿਰਕੱਢ ਯੂਨੀਵਰਸਿਟੀਆਂ ਰਹੀਆਂ ਹਨ ਅਤੇ ਖੇਡਾਂ ਦੀ ਦੇਸ਼ ਦੀ ਵੱਕਾਰੀ ਮਾਕਾ ਟਰਾਫੀ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਇਕ ਯੂਨੀਵਰਸਿਟੀ ਨੂੰ ਮਿਲਦੀ ਰਹੀ ਹੈ। ਯੂਨੀਵਰਸਿਟੀ ਦੇ ਨੇੜੇ ਹੀ ਰਿਹਾਇਸ਼ ਹੋਣ ਕਰਕੇ ਮਂੈ ਸਵੇਰੇ-ਸ਼ਾਮ ਸੈਰ ਕਰਨ ਯੂਨੀਵਰਸਿਟੀ ਜਾਂਦਾ ਰਿਹਾ ਹਾਂ। ਯੂਨੀਵਰਸਿਟੀ ਦੇ ਵਾਲੀਬਾਲ ਕੋਚ ਮੇਰੇ ਮਿੱਤਰ ਬਣ ਗਏ ਸਨ ਅਤੇ ਸ਼ਾਮ ਨੂੰ ਮੈਂ ਅਕਸਰ ਉਨ੍ਹਾਂ ਵੱਲੋਂ ਕਰਵਾਏ ਜਾਂਦੇ ਅਭਿਆਸੀ ਮੈਚਾਂ ਨੂੰ ਵੇਖਦਾ ਰਿਹਾ ਹਾਂ। ਭਾਵੇਂ ਕਿਸੇ ਪ੍ਰਮਾਣਕ ਖੇਡ ਦਾ ਸਰਗਰਮ ਖਿਡਾਰੀ ਤਾਂ ਨਹੀਂ ਰਿਹਾ ਪਰ ਖੇਡਾਂ ਵਿਚ ਮੈਂ ਦਿਸਚਸਪੀ ਜ਼ਰੂਰ ਲੈਂਦਾ ਰਿਹਾਂ ਹਾਂ। ਮੇਰਾ ਇਕ ਬੇਟਾ ਸਕੇਟਿੰਗ ਕਰਦਾ ਰਿਹਾ ਹੈ। ਮੇਰੀ ਬੇਟੀ ਟੇਬਲ ਟੈਨਿਸ ਦੀ ਨੈਸ਼ਨਲ ਪੱਧਰ ਦੀ ਜੂਨੀਅਰ ਖਿਡਾਰਨ ਹੈ ਅਤੇ ਆਈ ਏ ਐਸ ਅਧਿਕਾਰੀ ਹੋਣ ਦੇ ਬਾਵਜੂਦ ਉਹ ਹੁਣ ਵੀ ਖੇਡਾਂ ਵਿਚ ਭਾਗ ਲੈਂਦੀ ਹੈ ਤੇ ਮੈਰਾਥਨ ਰੱਨਰ ਹੈ। ਮੇਰੀ ਧਾਰਨਾ ਹੈ ਕਿ ਬੱਚਿਆਂ ਨੂੰ ਅਜਿਹੇ ਸਕੂਲ ਵਿਚ ਦਾਖਲ ਕਰਵਾਉਣਾ ਚਾਹੀਦਾ ਹੈ, ਜਿਸ ਦਾ ਆਲਾ-ਦੁਆਲਾ ਵਿਸ਼ਾਲ ਤੇ ਖੁੱਲ੍ਹਾ-ਡੁੱਲ੍ਹਾ ਹੋਵੇ ਅਤੇ ਜਿਸ ਵਿਚ ਖੇਡਣ ਦੀਆਂ ਸਹੂਲਤਾਂ ਵੀ ਹੋਣ। ਖੇਡਾਂ ਵਿਚ ਭਾਗ ਲੈਣ ਕਾਰਨ ਵਿਦਿਆਰਥੀ ਚੁਸਤ ਨਹੀਂ ਹੁੰਦੇ, ਖੇਡਾਂ ਵਿਚ ਚੁਸਤ ਵਿਦਿਆਰਥੀ ਹੀ ਭਾਗ ਲੈਂਦੇ ਹਨ। ਮੈਨੂੰ ਹਾਕੀ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਵਿਸ਼ੇਸ਼ ਤੌਰ `ਤੇ ਚੰਗੀਆਂ ਲੱਗਦੀਆਂ ਹਨ।
ਯੂਨੀਵਰਸਿਟੀ ਵਿਚ ਫੈਕਲਟੀ ਦੇ ਡੀਨ ਵਜੋਂ ਮੈਂ ਦੋ ਸਾਲ ਖੇਡ ਵਿਭਾਗ ਦਾ ਮੁਖੀ ਵੀ ਰਿਹਾਂ ਹਾਂ ਅਤੇ ਖੇਡਾਂ ਦੇ ਮਹੱਤਵਪੂਰਨ ਮੁਕਾਬਲਿਆਂ ਵਿਚ ਸ਼ਾਮਲ ਹੁੰਦਾ ਰਿਹਾ ਹਾਂ। ਪਿ੍ਰੰ. ਸਰਵਣ ਸਿੰਘ ਜੀ ਨਾਲ ਮੇਰੀ ਜਾਣ-ਪਛਾਣ ਯੂਨੀਵਰਸਿਟੀ ਵਿਚ ਇਕ ਖੇਡ ਮੇਲੇ ਦੌਰਾਨ ਹੀ ਹੋਈ ਸੀ, ਉਂਜ ਮੈਂ ਖੇਡਾਂ ਬਾਰੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਾਫੀ ਅਰਸੇ ਤੋਂ ਦਿਲਚਸਪੀ ਨਾਲ ਪੜ੍ਹਦਾ ਰਿਹਾ ਹਾਂ। ਪੰਜਾਬ ਵਿਚ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਸਲਾਹੁਣਯੋਗ ਹੈ। ਸਾਨੂੰ ਖੇਡਾਂ ਤੇ ਖੇਡ ਸਾਹਿਤ ਵਿਚ ਦਿਲਚਸਪੀ ਜਗਾਉਣ ਵਾਲੇ ਉਨ੍ਹਾਂ ਵਰਗੇ ਉਤਸ਼ਾਹੀ ਮਾਹਿਰਾਂ ਦੀ ਹੋਰ ਵੀ ਲੋੜ ਹੈ।
ਖੇਡਾਂ ਬਾਰੇ ਲੇਖਕ ਦੇ ਹੋਰ ਕਥਨ
ਓਲੰਪਿਕਸ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਇਸ ਵਿਚ ਸਰਵੋਤਮ ਦੇ ਵਿਰੁੱਧ ਸਰਵੋਤਮ ਹੀ ਜੂਝਦੇ ਹਨ। ਰਾਜਨੀਤੀ ਵਿਚ ਸਖ਼ਤ ਮੁਕਾਬਲਾ ਹੈ, ਵਪਾਰ ਵਿਚ ਮੁਕਾਬਲਾ ਹੋਰ ਵੀ ਸਖ਼ਤ ਹੈ, ਖੇਡਾਂ ਵਿਚ ਮੁਕਾਬਲੇ ਤੋਂ ਸਿਵਾਇ ਕੁਝ ਹੈ ਹੀ ਨਹੀਂ। ਓਲੰਪਿਕਸ ਵਿਚ ਹੁਣ ਵੀ ਦੌੜ ਉਵੇਂ ਲਾਈ ਜਾਂਦੀ ਹੈ, ਜਿਵੇਂ ਸਿ਼ਕਾਰੀ ਯੁੱਗ ਵਿਚਲੇ ਅਨੇਕਾਂ ਬੰਦੇ, ਸਿ਼ਕਾਰ ਪਿੱਛੇ ਦੌੜ ਰਹੇ ਹੋਣ। ਇੰਗਲੈਂਡ ਨੇ ਖੇਡ ਦੇ ਮੈਦਾਨ ਵਿਚ ਸਿੱਖੇ ਮੁੱਲਵਾਨ ਅਤੇ ਵਿਹਾਰਕ ਸ਼ਬਦਾਂ ਨੂੰ ਵਰਤ ਕੇ, ਸੰਸਾਰ `ਤੇ ਰਾਜ ਕੀਤਾ ਹੈ। ਜੂਏ ਵਿਚ ਸਭ ਤੋਂ ਦਿਲਚਸਪ ਚੀਜ਼ ਜਿੱਤਣਾ ਹੁੰਦੀ ਹੈ; ਦੂਜੀ ਸਭ ਤੋਂ ਦਿਲਚਸਪ ਚੀਜ਼ ਹਾਰਨਾ ਹੁੰਦੀ ਹੈ, ਤੀਜੀ ਦਿਲਚਸਪ ਚੀਜ਼ ਕੋਈ ਨਹੀਂ ਹੁੰਦੀ। ਹਰ ਟੀਮ ਅੰਦਰ ਦੋ ਟੀਮਾਂ ਹੁੰਦੀਆਂ ਹਨ; ਇਕ ਹਮਲਾ ਕਰਨ ਵਾਲੀ, ਇਕ ਬਚਾਓ ਕਰਨ ਵਾਲੀ। ਬਰਾਬਰ ਦੀਆਂ ਟੀਮਾਂ ਵਿਚ, ਜਦੋਂ ਮੈਚ ਦਿਲਚਸਪ ਹੋ ਜਾਵੇ ਤਾਂ ਉਸ ਮੈਚ ਨੂੰ ਖਿਡਾਰੀ ਨਹੀਂ, ਦਰਸ਼ਕ ਖੇਡਣ ਲੱਗ ਪੈਂਦੇ ਹਨ।
ਜੇਤੂਆਂ ਨੂੰ ਹਾਰਿਆਂ ਦੀ ਨਫਰਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਉਨ੍ਹਾਂ ਦੀ ਖੇਡ ਵਿਚ ਨੁਕਸ ਨਾ ਲੱਭੇ ਤਾਂ ਉਨ੍ਹਾਂ ਦੇ ਵਿਹਾਰ ਵਿਚ ਨੁਕਸ ਕੱਢਿਆ ਜਾਂਦਾ ਹੈ। ਜੇਤੂ ਕਦੇ ਨਹੀਂ ਥੱਕਦਾ, ਥੱਕਣ ਵਾਲਾ ਕਦੇ ਨਹੀਂ ਜਿੱਤਦਾ। ਯੁੱਧ, ਚੋਣ, ਖੇਡ ਅਤੇ ਜੂਏ ਵਿਚ ਕੇਵਲ ਅਤੇ ਕੇਵਲ ਜਿੱਤ ਮਹੱਤਵਪੂਰਨ ਹੁੰਦੀ ਹੈ। ਇਕ ਛਾਲ ਮਾਰੋਗੇ ਤਾਂ ਉਹ ਵਡੇਰੀ ਛਾਲ ਮਾਰਨ ਦਾ ਰਾਹ ਖੋਲ੍ਹ ਦੇਵੇਗੀ ।ਖੇਡ ਇਸ ਕਰਕੇ ਦਿਲਚਸਪ ਹੁੰਦੀ ਹੈ, ਕਿਉਂਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਇਹ ਕਿਵੇਂ ਮੁੱਕੇਗੀ? ਖੇਡ ਕੋਈ ਵੀ ਹੋਵੇ, ਉਸ ਨੂੰ ਦਿਲਚਸਪ, ਹਾਰਨ ਵਾਲੀ ਟੀਮ ਬਣਾਉਂਦੀ ਹੈ। ਖੇਡਾਂ ਵਿਚਲਾ ਮਨੋਰੰਜਨ, ਟਕਰਾਓ ਵਿਚੋਂ ਉਪਜਦਾ ਹੈ ਅਤੇ ਤਣਾਓ ਨਾਲ ਵਧਦਾ ਹੈ। ਕਈ ਜਿੱਤਣਾ ਹੀ ਚਾਹੁੰਦੇ ਹਨ, ਹਾਰਨ `ਤੇ ਉਹ ਦੰਗਾ ਫਸਾਦ ਕਰਦੇ ਹਨ। ਖੇਡ ਕੋਈ ਵੀ ਹੋਵੇ, ਦੋ ਵੇਲਿਆਂ `ਤੇ ਸਵੈ-ਕਾਬੂ ਬਣਾਈ ਰੱਖਣ ਦੀ ਬੜੀ ਲੋੜ ਹੁੰਦੀ ਹੈ; ਜਿੱਤਣ ਵੇਲੇ ਅਤੇ ਹਾਰਨ ਵੇਲੇ। ਹਾਰ ਤੋਂ ਬਚਣ ਨੂੰ ਜਿੱਤ ਨਹੀਂ ਕਹਿੰਦੇ; ਜਿੱਤ ਵੱਖਰੇ ਢੰਗ ਨਾਲ ਲੜਨ ਅਤੇ ਜੱਦੋ-ਜਹਿਦ ਕਰਨ ਦਾ ਨਾਂ ਹੁੰਦੀ ਹੈ।
ਖੇਡ ਰਾਹੀਂ, ਖੇਡ ਨਾਲ ਹੀ ਨਹੀਂ, ਅਸੀਂ ਖੇਡ ਮੈਦਾਨ ਦੇ ਖੁੱਲ੍ਹੇਪਣ ਅਤੇ ਹਾਜ਼ਰ ਦਰਸ਼ਕਾਂ ਦੀ ਹਾਜ਼ਰੀ ਨਾਲ ਪ੍ਰਭਾਵਿਤ ਹੁੰਦੇ ਹਾਂ। ਸਕੂਲੋਂ ਦੌੜਨ ਵਾਲੇ, ਦੌੜਨ ਦੇ ਮਾਹਿਰ ਤਾਂ ਹੋ ਜਾਂਦੇ ਹਨ, ਪਰ ਉਹ ਪਹੁੰਚਦੇ ਕਿਤੇ ਨਹੀਂ। ਜਿੱਤਣ-ਹਾਰਨ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਗੱਲ ਕਿਸੇ ਹਾਰਨ ਵਾਲੇ ਨੇ ਹੀ ਕਹੀ ਹੋਵੇਗੀ; ਫਰਕ ਪੈਂਦਾ ਹੀ ਜਿੱਤਣ-ਹਾਰਨ ਨਾਲ ਹੈ। ਯੂਨਾਨੀਆਂ ਕੋਲ ਇਕ ਸਾਲ ਦਾ ਨਹੀਂ, ਚਾਰ ਸਾਲ ਦਾ ਸੰਕਲਪ ਸੀ; ਓਲੰਪਿਕਸ ਵਾਂਗ ਹਰ ਉਤਸਵ ਚਾਰ ਸਾਲਾਂ ਮਗਰੋਂ ਮਨਾਇਆ ਜਾਂਦਾ ਸੀ। ਸਵੇਰ ਦੀ ਸੈਰ ਸਰੀਰ ਨੂੰ ਸਾਰਾ ਦਿਨ ਅਸੀਸਾਂ ਦਿੰਦੀ ਰਹਿੰਦੀ ਹੈ। ਵੱਡੇ ਖਿਡਾਰੀਆਂ ਦਾ ਉਦੇਸ਼, ਇਹ ਜਾਂ ਉਹ ਮੈਚ ਜਿੱਤਣਾ ਨਹੀਂ ਹੁੰਦਾ, ਚੈਂਪੀਅਨ ਬਣਨਾ ਹੁੰਦਾ ਹੈ। ਭਾਵੇਂ ਨੈਪੋਲੀਅਨ ਅੰਤ ਨੂੰ ਹਾਰਿਆ ਪਰ ਗਿਣਿਆ ਸੰਸਾਰ ਦੇ ਮਹਾਨ ਜੇਤੂਆਂ ਵਿਚ ਜਾਂਦਾ ਹੈ। ਸਰੀਰਕ ਅਤੇ ਆਰਥਿਕ ਘਾਟਾਂ, ਹਿੰਮਤੀਆਂ ਨੂੰ ਨਹੀਂ ਰੋਕਦੀਆਂ, ਇਹ ਕੰਮਚੋਰਾਂ ਨੂੰ ਹੀ ਰੋਕਦੀਆਂ ਹਨ। ਿਜਹੜੀ ਜਿੱਤ ਵਿਚ ਇਨਸਾਫ਼ ਨਹੀਂ ਹੁੰਦਾ, ਉਹ ਜਿੱਤ ਨਹੀਂ ਹਾਰ ਹੁੰਦੀ ਹੈ। ਮਨੁੱਖ ਉਤੇ ਦਸ ਸਾਲ ਦੀ ਉਮਰ `ਤੇ ਖੇਡ, ਵੀਹ `ਤੇ ਮਨਮਰਜ਼ੀ, ਤੀਹ `ਤੇ ਚਲਾਕੀ, ਚਾਲੀ `ਤੇ ਰੁਤਬਾ, ਪੰਜਾਹ `ਤੇ ਜਾਇਦਾਦ ਅਤੇ ਸੱਠ ਪਿੱਛੋਂ ਬਿਮਾਰੀ ਦਾ ਰਾਜ ਹੁੰਦਾ ਹੈ। ਖੇਡ ਰਾਹੀਂ ਬੱਚੇ ਆਪਣਾ ਇਕ ਛੋਟਾ ਜਿਹਾ ਸੰਸਾਰ ਸਿਰਜਦੇ ਹਨ। ਉਹ ਆਪਣੇ ਸਿਰਜੇ ਸੰਸਾਰ ਨੂੰ ਹੀ ਅਸਲੀ ਸੰਸਾਰ ਸਮਝਦੇ ਹਨ।
ਪੰਜਾਬੀਆਂ ਦੇ ਸ਼ਰਨਾਰਥੀ ਹੋਣ ਦਾ ਸੰਤਾਪ
ਮੇਰੀ ਮਾਂ ਦੱਸਿਆ ਕਰਦੀ ਸੀ ਕਿ ਜਦੋਂਂ ਰੌਲੇ ਪੈ ਗਏ ਤਾਂ ਉਜਾੜੇ ਵਾਪਰੇ ਅਤੇ ਵਸਦੇ-ਰਸਦੇ ਪਰਿਵਾਰ ਸ਼ਰਨਾਰਥੀਆਂ ਦੇ ਲੰਮੇ ਕਾਫ਼ਲੇ ਬਣ ਗਏ। ਉਸ ਭੀੜ ਵਿਚ ਕਿਸੇ ਨੇ ਸਿਰ `ਤੇ ਲੋਹੇ ਦਾ ਟਰੰਕ ਚੁੱਕਿਆ ਹੋਇਆ ਸੀ। ਉਸ ਦੇ ਅਚਾਨਕ ਗਰਦਨ ਮੋੜਨ `ਤੇ, ਟਰੰਕ ਦਾ ਇਕ ਕੋਨਾ, ਮੇਰੇ ਦਾਦਾ ਜੀ ਦੀ ਅੱਖ ਵਿਚ ਵੱਜ ਗਿਆ ਸੀ। ਸ਼ਰਨਾਰਥੀਆਂ ਦੇ ਕਾਫ਼ਲੇ ਵਿਚ ਕਿਸੇ ਇਲਾਜ ਜਾਂ ਸਹਾਇਤਾ ਦੀ ਕੋਈ ਸੰਭਾਵਨਾ ਨਹੀਂ ਸੀ ਜਿਸ ਕਾਰਨ ਦਾਦਾ ਜੀ ਨੂੰ ਪਹਿਲਾਂ ਇਕ ਅੱਖ ਅਤੇ ਕੁਝ ਘੰਟਿਆਂ ਮਗਰੋਂ ਦੂਜੀ ਅੱਖ ਤੋਂ ਵੀ ਦਿਸਣਾ ਬੰਦ ਹੋ ਗਿਆ ਸੀ। ਇਸ ਹਾਲਤ ਵਿਚ ਦਾਦਾ ਜੀ ਨੂੰ ਸੰਭਾਲਣਾ ਬੜਾ ਮੁਸ਼ਕਲ ਸੀ। ਦਾਦਾ ਜੀ ਨੂੰ ਆਵਾਜ਼ਾਂ ਤਾਂ ਸੁਣਦੀਆਂ ਸਨ ਪਰ ਦਿਸਦਾ ਕੁਝ ਨਹੀਂ ਸੀ। ਮੈਂ ਕੇਵਲ ਦੋ ਸਾਲ ਦਾ ਸਾਂ, ਮੇਰੀ ਭੈਣ ਚਾਰ ਸਾਲ ਦੀ ਅਤੇ ਮੇਰਾ ਵੱਡਾ ਭਰਾ ਅੱਠ ਸਾਲ ਦਾ ਸੀ। ਮੈਨੂੰ ਚੁੱਕਣਾ ਤੇ ਟੋਰਨਾ ਦੋਵੇਂ ਮੁਸ਼ਕਲ ਸਨ।
ਮੇਰਾ ਭਰਾ ਦੱਸਦਾ ਸੀ ਕਿ ਅਸੀਂ ਲੋਕਾਂ ਦੀ ਭੀੜ ਵਿਚ ਟੁਰੀ ਜਾਂਦੇ ਸਾਂ। ਥਕਾਵਟ, ਭੁੱਖ, ਪਿਆਸ ਅਤੇ ਸਹਿਮ ਨਾਲ ਸਾਡਾ ਹੀ ਨਹੀਂ, ਹਰ ਕਿਸੇ ਦਾ ਬੁਰਾ ਹਾਲ ਸੀ। ਪਰਿਵਾਰ ਵਿਛੜ ਗਏ ਸਨ, ਗੁਆਚੇ ਵਿਅਕਤੀ ਤੇ ਬੱਚੇ ਲਭਣੇ ਸੰਭਵ ਨਹੀਂ ਸਨ। ਮੇਰੀ ਮਾਂ ਦੱਸਦੀ ਸੀ ਕਿ ਦਾਦਾ ਜੀ ਬੜੇ ਸਬਰ ਸੰਤੋਖ ਵਾਲੇ ਵਿਅਕਤੀ ਸਨ। ਜਦੋਂ ਉਨ੍ਹਾਂ ਲਈ ਸਹਾਰੇ ਤੋਂ ਬਿਨਾਂ ਚੱਲਣਾ ਸੰਭਵ ਨਾ ਰਿਹਾ ਤਾਂ ਉਨ੍ਹਾਂ ਨੇ ਮੇਰੇ ਮਾਤਾ-ਪਿਤਾ ਨੂੰ ਕਿਹਾ, ਮੇਰੇ ਕਾਰਨ ਤੁੁਸੀਂ ਹੋਰਨਾਂ ਨਾਲੋਂ ਨਿੱਖੜ ਜਾਓਗੇ। ਮੈਨੂੰ ਇਕ ਪਾਸੇ ਲਿਟਾ ਦਿਓ ਤੇ ਆਪ ਲੰਘ ਜਾਓ। ਦਾਦਾ ਜੀ ਦੇ ਇਸ ਸੁਝਾਓ ਨਾਲ ਸਹਿਮਤ ਹੋਣਾ ਬੜਾ ਮੁਸ਼ਕਲ ਸੀ। ਦਾਦਾ ਜੀ ਦੇ ਵਾਰ-ਵਾਰ ਕਹਿਣ `ਤੇ, ਅੰਤ ਨੂੰ ਮੇਰੇ ਮਾਪਿਆਂ ਨੇ ਇਕ ਖੂਹ ਨਾਲ ਬਣੇ ਥੜ੍ਹੇ ਉਤੇ ਦਾਦਾ ਜੀ ਨੂੰ ਲਿਟਾ ਦਿੱਤਾ ਜਿਥੇ ਉਹ ਲੇਟ ਵੀ ਸਕਦੇ ਸਨ। ਇਹੋ ਜਿਹੀ ਘਟਨਾ ਭੁੱਲਣੀ ਸੰਭਵ ਨਹੀਂ ਹੁੰਦੀ। ਮੇਰੀ ਮਾਂ ਕਿਤਨੇ ਹੀ ਸਾਲ, ਇਸ ਗੱਲ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਅਤੇ ਮੇਰੇ ਪਿਤਾ ਜੀ ਸਦਮੇ ਨਾਲ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਸਨ। ਮੇਰੀ ਮਾਂ ਕਈ ਸਾਲਾਂ ਮਗਰੋਂ, ਪਿਤਾ ਜੀ ਨੂੰ ਨਾਲ ਲੈ ਕੇ ਇਕ ਜਥੇ ਨਾਲ ਪਾਕਿਸਤਾਨ ਗਈ, ਜਿਥੇ ਉਸ ਥੜ੍ਹੇ ਨੂੰ ਲਭਦੀ ਰਹੀ। ਉਸ ਦਾ ਪ੍ਰੇਸ਼ਾਨ ਮਨ ਇਹੀ ਆਸ ਲਾਈ ਬੈਠਾ ਸੀ ਕਿ ਮੇਰੇ ਦਾਦਾ ਜੀ ਅਜੇ ਵੀ ਉਥੇ ਹੀ ਪਏ ਹੋਣਗੇ! ਮੇਰੀ ਮਾਂ ਉਂਝ ਬੜੇ ਦ੍ਰਿੜ ਇਰਾਦੇ ਵਾਲੀ ਸੀ ਪਰ ਇਸ ਗੱਲ ਨੂੰ ਯਾਦ ਕਰਦਿਆਂ, ਉਸ ਦੀਆਂ ਅੱਖਾਂ ਉੱਬਲ ਪੈਂਦੀਆਂ ਸਨ।
ਸ਼ਰਨਾਰਥੀ ਹੋਣ ਦੀ, ਉਜੜਨ ਅਤੇ ਵਿਛੜਨ ਦੀ, ਸੰਤਾਪ ਹੰਢਾਉਣ ਜਿਹੀ ਬਦਕਿਸਮਤੀ ਕੋਈ ਹੋਰ ਨਹੀਂ ਹੋ ਸਕਦੀ।