(ਵਿਅੰਗ) “ਸ਼ੁਕਰਾਨਾ ਦੇ ਨਵੇਂ ਅਰਥ”

ਪ੍ਰੋ. ਜਸਵੰਤ ਸਿੰਘ ਗੰਡਮ,
ਫੋਨ: 98766-55055
ਅਸੀਂ ਬੁੱਢੇ ਹੋ ਗਏ ਹਾਂ, 36 ਸਾਲ ਕਾਲਜ ਵੀ ਪੜ੍ਹਾਇਆ ਪਰ ਸਾਨੂੰ ਕੱਲ੍ਹ ਹੀ ਪਤਾ ਲੱਗਾ ਕਿ ਅਰਬੀ, ਫਾਰਸੀ, ਉਰਦੂ ਪਿਛੋਕੜ ਵਾਲੇ ਸ਼ਬਦ ‘ਸ਼ੁਕਰਾਨਾ’ ਦੇ ਅਰਥ ‘ਕਮਿਸ਼ਨ’ ਵੀ ਹੁੰਦੇ ਹਨ!

ਸਾਨੂੰ ਆਪਣੀ ਨਾਲਾਇਕੀ, ਬਲਕਿ ਮਹਾਂ-ਨਾਲਾਇਕੀ `ਤੇ ਬੜੀ ਸ਼ਰਮ ਆਈ। ਇਹ ਸ਼ਰਮ ਹੋਰ ਵੀ ਦੁੱਗਣੀ-ਚੌਗਣੀ ਹੋ ਗਈ ਜਦ ਸਾਨੂੰ ਇਹ ਅਹਿਸਾਸ ਹੋਇਆ ਕਿ ਲੋਕੀਂ ਸਾਡੇ ਉੱਪਰ ਸਵਾਲ ਕਰਨਗੇ ਕਿ ਤੂੰ ਸੁਆਹ ਪੜ੍ਹਾਇਆ ਹੋਣਾ ਵਿਦਿਅਰਥੀਆਂ ਨੂੰ ਜਦ ਤੈਨੂੰ ਆਪ ਹੀ ਸ਼ੁਕਰੀਆ ਦੇ ਅਰਥ ਹੁਣ ਪਤਾ ਲੱਗੇ ਐ ਤੇ ਉਹ ਵੀ ਕਾਲਜ ਦੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਕਰੀਬ ਤੇਰਾਂ ਸਾਲ ਬਾਅਦ! ਸਾਨੂੰ ਤਾਂ ਚੱਪਣੀ ਨਾ ਲੱਭੇ ਨੱਕ ਡੋਬਣ ਨੂੰ! (ਅੱਜ-ਕੱਲ੍ਹ ਚੱਪਣੀਆਂ ਬਣਦੀਆਂ ਵੀ ਕਿਥੇ ਹਨ!)
ਸਾਨੂੰ ਤਾਂ ਇਸ ਸ਼ਬਦ ਦੇ ਅਰਥ ਹੁਣ ਵੀ ਨਹੀਂ ਸੀ ਪਤਾ ਲੱਗਣੇ। ਇਹ ਤਾਂ ਭਲਾ ਹੋਵੇ ‘ਆਪ’ ਦੇ ਸਨਮਾਨਯੋਗ ਆਗੂ ਅਤੇ ਹੁਣ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਸਾਹਿਬ ਦਾ ਜਿਨ੍ਹਾਂ ਇਹ ਕੀਮਤੀ ਜਾਣਕਾਰੀ ਦਿਤੀ। ਭਾਵੇਂ ਉਨ੍ਹਾਂ ਨੂੰ ਬੜੀ ਕੁਰਬਾਨੀ ਕਰਨੀ ਪਈ ਇਸ ਸ਼ਬਦ ਦੇ ਵੱਖਰੇ ਤੇ ਨਿਵੇਕਲੇ ਅਰਥਾਂ ਲਈ! ਨਾ ‘ਸ਼ੁਕਰਾਨਾ’ ਹੀ ਮਿਲਿਆ ਤੇ ਨਾ ਹੀ ਮੰਤਰੀਸ਼ਿਪ ਰਹੀ। ‘ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ’!
ਦਰਅਸਲ ਹੁਣ ਤੀਕ ਅਸੀਂ ਕੁਰੱਪਸ਼ਨ ਲਈ 35-65 ਜਾਂ 40-60 ਵਰਗੇ ਕੋਡ ਸ਼ਬਦ ਸੁਣਦੇ ਆਏ ਹਾਂ। ਕਿਸੇ ਕਮਾਊ ਮਹਿਕਮੇ `ਚ ਟੇਬਲ ਦੇ ਹੇਠੋਂ, ਉੱਤੋਂ, ਸੱਜਿਓਂ, ਖੱਬਿਓਂ ਹੋਣ ਵਾਲੀ ਆਮਦਨੀ ਵਾਲੀ ਸੀਟ ਤੇ ਨਿਯੁਕਤੀ ਲਈ ‘ਫਲਾਂ ਮਹਿਕਮਾ ਫੰਡ’, ਬੇਦਰਜ ਪਾਰਟੀ ਫੰਡ, ਫਾਈਲ-ਪਹੀਆ-ਲਗਾਊ ਫੰਡ, ਘੁੱਗੀ ਮਾਰਨ ਵਰਗਾ ਥਕਾਊ ਕੰਮ ਕਰਨ ਲਈ ਸੇਵਾ/ਮਿਹਨਤਾਨਾ ਫਲ ਆਦਿ ਸਮੇਤ ਭ੍ਰਿਸ਼ਟਾਚਾਰ/ਵੱਢੀ ਲਈ ਅਨੇਕਾਂ ਕਿਸਮ ਦੇ ਸੁਹਾਵਣੇ ਸ਼ਬਦ ਸੁਣਦੇ ਆਏ ਹਾਂ ਪਰ ਸ਼ੁਕਰਾਨਾ ਸ਼ਬਦ ਦਾ ਨਵਾਂ ਪ੍ਰਯੋਗ ਨਵੀਂ ਪਾਰਟੀ ਦੇ ਨਵੇਂ ਨਵੇਂ ਮੰਤਰੀ, `ਸਾਰੀ’, ਸਾਬਕਾ ਮੰਤਰੀ, ਨੇ ਹੀ ਕੀਤਾ।
ਅਸੀਂ ਕੱਲ੍ਹ ਦੇ ਬੜੇ ‘ਕਨਫਿਯੂਜ਼’ ਹੋਏ ਫਿਰਦੇ ਹਾਂ। ਵੈਸੇ ਉਸ ਉਮਰ `ਚ, ਜਿਸ `ਚ ਸੁਖ ਨਾਲ ਅਸੀਂ ਹਾਂ, ਸਾਡੇ ਵਰਗਾ ਆਮ ਬੰਦਾ ਇਸੇ ਸਥਿਤੀ ਵਿਚ ਰਹਿੰਦਾ ਹੈ, ਜਾਣੀ ‘ਕਨਫਿਯੂਜ਼ ਕਨਫਿਯੂਜ਼’। ਸਾਡੀ ਇਸ ਉਲਝਣ ਦਾ ਕਾਰਨ ਇਹ ਸੀ ਕਿ ਹੁਣ ਤਕ ਅਸੀਂ ਸ਼ੁਕਰਾਨਾ ਸ਼ਬਦ ਦਾ ਮਤਲਬ ਧੰਨਵਾਦ, ਕ੍ਰਿਤਗਤਾ ਸਮਝਦੇ ਰਹੇ ਹਾਂ। ਸਾਦੀ ਭਾਸ਼ਾ `ਚ ਗੱਲ ਕਰੀਏ ਤਾਂ ‘ਥੈਂਕਸ’ ਸਮਝਦੇ ਰਹੇ ਹਾਂ। ਅਸੀਂ ਆਪਣੀ ਹੈਰਾਨੀ ਅਤੇ ਪ੍ਰੇਸ਼ਾਨੀ ਦੂਰ ਕਰਨ ਲਈ ਕਈ ਡਿਕਸ਼ਨਰੀਆਂ, ਕੋਸ਼ ਅਤੇ ਗੂਗਲ ਬਾਬਾ ਛਾਣ ਮਾਰੀਆਂ/ਮਾਰੇ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ਸ਼ੁਕਰ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਧਨਯਵਾਦ, ਕ੍ਰਿਤਗਯਤਾ ਹੈ-‘ਯਾਂ ਤੇ ਸੁ਼ਕਰ ਰੱਬ ਕੇ ਘਰ ਕੋ’(ਗੁ.ਪ੍ਰ.ਸੂ.)। ਦਰਅਸਲ ਸ਼ੁਕਰ ਸ਼ਬਦ ਦੇ ਮੂਲ `ਚੋਂ ਹੀ ਸ਼ੁਕਰੀਆ, ਸ਼ੁਕਰਾਨਾ, ਸ਼ੁਕਰਨ ਆਦਿ ਸ਼ਬਦ ਹਨ ਜਿਨ੍ਹਾਂ ਦਾ ਅਰਥ ਪਹਿਲਾਂ ਦਸਿਆ ਹੀ ਹੈ। ਅੰਗਰੇਜ਼ੀ ਵਿਚ ਇਸ ਦਾ ਅਰਥ ‘ਥੈਂਕਸ’ ਜਾਂ ‘ਗਰੈਟੀਟਿਯੂਡ’ ਕੀਤਾ ਗਿਆ ਹੈ। ਕੋਲਿਨਜ਼ ਇੰਗਲਿਸ਼ ਡਿਕਸ਼ਨਰੀ ਅਨੁਸਾਰ ਇਹ ਸ਼ਬਦ ਪੁਰਾਤਨ ਅੰਗਰੇਜ਼ੀ ਦੇ ‘ਥੈਂਨਸ਼ੀਅਨ’, ਲਾਤੀਨੀ ਦੇ ‘ਗਰੈਟਸ’ `ਚੋਂ ਉਪਜੇ ਹਨ। ਇਨ੍ਹਾਂ ਦੇ ਪਹਿਲੇ ਅਰਥ ਸੋਚ, ਅਹਿਸਾਨ, ਕਿਰਪਾ, ਪ੍ਰਸੰਨਤਾ, ਸੰਤੁਸ਼ਟੀ, ਧੰਨਵਾਦ ਆਦਿ ਸਨ। ਕਿਸੇ ਤੋਹਫੇ ਜਾਂ ਅਹਿਸਾਨ ਲਈ ਪ੍ਰਸ਼ੰਸਾਤਮਕ ਧੰਨਵਾਦੀ ਅਹਿਸਾਸ। ਕਿਸੇ ਕੰਮ ਦੀ ਸਫਲਤਾ ਵਿਚ ਮਦਦ ਕਰਨ ਵਾਲੇ ਨੂੰ ਸਨਮਾਨਹਿਤ ਸ਼ੁਕਰੀਆ ਅਦਾ ਕਰਨ ਵੇਲੇ ਦਿੱਤਾ ਜਾਣ ਵਾਲਾ ਧੰਨ ਪਰ ਮੌਜੂਦਾ ਅਰਥ ਧੰਨਵਾਦ ਅਤੇ ਕ੍ਰਿਤਗਤਾ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਮਾਣਯੋਗ ਸਿੰਗਲਾ ਸਾਹਿਬ ਨੇ ਪਹਿਲਾਂ ਤਾਂ ਸ਼ੁਕਰਾਨਾ ਰੇਟ 1.16 ਕਰੋੜ ਰੱਖਿਆ ਪਰ ਨਿਗਰਾਨ ਇੰਜਨੀਅਰ ਰਾਜਿੰਦਰ ਸਿੰਘ ਨੇ ਅਸਮਰੱਥਾ ਪ੍ਰਗਟਾਈ ਤਾਂ 10 ਲੱਖ ਤੇ ਫਿਰ ਟੈਂਡਰਾਂ `ਤੇ ਇਕ ਪਰਸੈਂਟ ਕਮਿਸ਼ਨ ਦੇ ਹਿਸਾਬ ਨਾਲ ਅਖੀਰ `ਚ ਸੌਦਾ 5 ਲੱਖ `ਚ ਨਿੱਬੜਿਆ। ਸਮਝ ਜਿਹੀ ਨਹੀਂ ਆਈ ਕਿ ਕਰੀਬ ਸਵਾ ਕਰੋੜ ਤੋਂ ਥੋੜੇ ਜਿਹੇ ਲੱਖਾਂ ਲਈ ਕਿਉਂ ਬਿਪਤਾ ਸਹੇੜੀ? ਸਿਆਲ ਨੂੰ ਗੁਆਂਢੀ ਰਾਜਾਂ ਤੋਂ ਸ਼ਾਲ ਵੇਚਣ ਵਾਲੇ ਆਉਂਦੇ ਹਨ। ਉਹ ਹਜ਼ਾਰ-ਡੇਢ ਹਜ਼ਾਰ ਤੋਂ ਸ਼ੁਰੂ ਕਰਨਗੇ ਪਰ ਸੌਦਾ ਸੌ-ਡੇਢ ਸੌ `ਤੇ ਮੁਕਾ ਲੈਣਗੇ। ਸਾਡੀਆਂ ਬੀਬੀਆਂ-ਭੈਣਾਂ ‘ਬਾਰਗੇਨ’ ਕਰਨ ਵਿਚ ਸਿਆਣੀਆਂ ਹਨ, ਐਵੇਂ ਲੁੱਟ ਨਹੀਂ ਹੁੰਦੀਆਂ ਪਰ ਸਿੰਗਲਾ ਸਾਹਿਬ ਅਤੇ ਉਨ੍ਹਾਂ ਦਾ ਭਤੀਜਾ ਪਰਦੀਪ ਕੁਮਾਰ (ਓ.ਐਸ.ਡੀ.) ਤਾਂ ਐਵੇਂ ਹੀ ਲੁੱਟੇ-ਪੁੱਟੇ ਗਏ (ਹੁਣ ਤਾਂ ਸ਼ਾਇਦ ਕੁੱਟੇ ਵੀ ਗਏ ਹੋਣ)। ਇਹ ਵੀ ਭਲਾ ਕਾਹਦੀ ਗੱਲ ਹੋਈ ਕਿ ਕਰੋੜ ਤੋਂ ਵੱਧ ਸ਼ੁਕਰਾਨਾ ਮੰਗਦੇ ਮੰਗਦੇ ਪੰਜ ਲੱਖ ਉਪਰ ਆ ਡਿੱਗੇ!
ਸਿੰਗਲਾ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਅਤੇ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ। ਭਲਾ ਕਿਸ ਨੇ ਰਚੀ ਇਹ ਸਾਜ਼ਿਸ਼? ਸ਼ੁਕਰਾਨਾ ਤੁਸੀਂ ਮੰਗਿਆ, ਦੇਣ ਵਾਲੇ ਨੇ ਵੱਧ ਰੇਟ ਦੇਣ ਤੋਂ ਅਸਮਰੱਥਾ ਪ੍ਰਗਟ ਕੀਤੀ, ਆਪਣੇ ਵੱਡੇ ਅਫਸਰ ਕੋਲ ਰੋਣਾ ਰੋਇਆ, ਵੱਡੇ ਅਫਸਰ ਨੇ ਮੁੱਖ ਮੰਤਰੀ ਕੋਲ ਰੋਣਾ ਰੋਇਆ, ਸਟਿੰਗ ਅਪਰੇਸ਼ਨ ਉਪਰੰਤ ਚਾਚੇ-ਭਤੀਜੇ ਨੇ ਰਲ ਕੇ ਰੋਇਆ, ਭਗਵੰਤ ਮਾਨ ਦੀ ਦਲੇਰਾਨਾ ਕਾਰਵਾਈ ਤੋਂ ਖੁਸ਼ ਹੋ ਕੇ `ਆਪ` ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਸ਼ੀ `ਚ ਰੋਇਆ!
ਸਿੰਗਲਾ ਸਾਹਿਬ, ਕੀ ਮੁੱਖ ਮੰਤਰੀ ਨੇ ਸਾਜ਼ਿਸ਼ ਰਚੀ? ਉਸ ਨੇ ਤਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਈ। ਕੇਜਰੀਵਾਲ ਨੇ ਵੀ 2015 `ਚ ਆਪਣੇ ਇਕ ਕੁਰੱਪਟ ਮੰਤਰੀ ਨੂੰ ਬਰਖਾਸਤ ਕੀਤਾ ਸੀ। ਭਗਵੰਤ ਮਾਨ ਨੇ ਤਾਂ ਤੁਰੰਤ ਦਾਨ ਮਹਾਂ ਕਲਿਆਣ ਵਾਲੀ ਗੱਲ ਕੀਤੀ। ਬਰਖਾਸਤਗੀ ਦੇ ਨਾਲ ਹੀ ਗ੍ਰਿਫਤਾਰੀ! ਚੰਗਾ ਬਾਕੀਆਂ ਨੂੰ ਵੀ ਕੰਨ ਹੋ ਜਾਣਗੇ। ਸਿੰਗਲਾ ਸਾਹਿਬ! ਫੈਜ਼ ਅਹਿਮਦ ਫੈਜ਼ ਦਾ ਸ਼ੇਅਰ ਹੈ,
“ਕੁਛ ਅਪਨੇ ਦਿਲਕੀ ਖੂ ਕਾ ਭੀ
ਸ਼ੁਕਰਾਨਾ ਚਾਹੀਏ,
ਸੌ ਬਾਰ ਉਨ ਕੀ ਖੂ ਕਾ
ਗਿਲਾ ਕਰ ਚੁਕੇ ਹੈਂ ਹਮ’!
ਪੰਜਾਬੀ ਵਿਚ ਸ਼ੁਕਰਾਨਾ ਉਪਰ ਕਈ ਗੀਤ ਹਨ। ਸ਼ੇਕਸਪੀਅਰ ਦੇ ਕਈ ਨਾਟਕਾਂ ਵਿਚ ਸ਼ੁਕਰਾਨੇ ਦੇ ਸ਼ਬਦ ਹਨ। ਇਕ ਹੀ ਉਦਾਹਰਨ ਦਿੰਦੇ ਹਾਂ,
‘ਜੇ ਕਿਧਰੇ ਮੈਂ
ਕਿਸੇ ਦਾ ਸ਼ੁਕਰਾਨਾ ਕੀਤਾ
ਤਾਂ ਮੈਂ ਤੁਹਾਡਾ ਕਰਾਂਗਾ’!
ਵੈਸੇ ਸ਼ੁਕਰਾਨਾ ਰੱਬ ਦਾ ਕਰਨਾ ਚਾਹੀਦੈ। ਇਹ ਵੱਖਰੀ ਗੱਲ ਹੈ ਕਿ ਸਿੰਗਲੇ ਵਰਗੇ ਕਈ ਸਿਆਸਤਦਾਨ, ਅਫਸਰ, ਨੇਤਾ, ਕਚਹਿਰੀਆਂ, ਠਾਣਿਆਂ ਵਿਚ ਕੰਮ ਕਰਦੇ ਮੁਲਾਜ਼ਮ ਆਮ ਬੰਦਾ ਤਾਂ ਕੀ ਖਾਸ ਬੰਦੇ ਦਾ ਵੀ ਜੀਊਣਾ ਦੁੱਭਰ ਕਰ ਦਿੰਦੇ ਹਨ। ਕਮਿਸ਼ਨ ਕਲਚਰ ਸਾਡੇ ਸ਼ਾਸਕੀ-ਪ੍ਰਸ਼ਾਸਕੀ ਸਿਸਟਮ ਦਾ ਸਿਆਸੀ/ਅਫਸਰਸ਼ਾਹੀ ਸਭਿਆਚਾਰ ਹੈ! ਭ੍ਰਿਸ਼ਟਾਚਾਰ ਕਰਕੇ ਲੋਕ ਦਫਤਰਾਂ `ਚ ਜਾਣੋਂ ਡਰਦੇ ਹਨ। ਦਲਾਲਾਂ ਦੀ ਚਾਂਦੀ ਹੈ। ਸਾਡੇ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਸ਼ਾਇਦ ਹੁਣ ਭ੍ਰਿਸ਼ਟਾਚਾਰ ਨੂੰ ਕੁਝ ਠੱਲ੍ਹ ਪੈ ਜਾਏ। ਸ਼ਾਇਦ ਕੁਝ ਚੰਗਾ ਹੋ ਹੀ ਜਾਏ। ਉਮੀਦ ਤਾਂ ਬਹੁਤ ਘੱਟ ਹੈ ਪਰ ਉਮੀਦ `ਤੇ ਹੀ ਜਹਾਨ ਕਾਇਮ ਹੈ। ਉਂਝ ਕਰਨ ਵਾਲੇ ਤਾਂ ਰੱਬ ਨਾਲ ਵੀ ਸੌਦੇ ਕਰਦੇ ਹਨ!
ਪਰ ‘ਵੋ ਜੋ ਕੁਛ ਮਾਂਗਨੇ ਕੇ ਇਵਜ਼ ਮੇਂ
ਇਬਾਦਤ ਕੀਆ ਕਰਤੇ ਹੈਂ,
ਸੌਦਾ ਕਰਤੇ ਹੈਂ,
ਇਬਾਦਤ ਕਹਾਂ ਕਰਤੇ ਹੈਂ’?
ਖੈਰ, ਸ਼ੁਕਰੀਆ ਸਿੰਗਲਾ ਸਾਹਿਬ, ਸ਼ੁਕਰਾਨਾ ਦਾ ਇਕ ਨਵਾਂ ਅਰਥ ਸਮਝਾਉਣ ਲਈ (ਤੇ ਸਮਝਣ ਲਈ ਵੀ!)-
‘ਸ਼ੁਕਰਾਨਾ ਤੇਰੇ ਫਰੇਬ ਕਾ,
ਜੋ ਦਰਦ ਸਮਝਾ ਦੀਆ,
ਗੈਰੋਂ ਕੇ ਹਜੂਮ ਮੇਂ ਭੀ,
ਚਲਨਾ ਸਿਖਾ ਦੀਆ”।
ਚਲੋ ਫਿਰ ਪੁਲਿਸ ਰਿਮਾਂਡ ਮੁੱਕਣ ਤੋਂ ਪਹਿਲਾਂ-ਪਹਿਲਾਂ/ਜਾਂ ਮਗਰੋਂ ‘ਡੁਪਲੀਕੇਟ’ ਫਿਲਮ ਦੇ ਗੀਤ ਦੀਆਂ ਸਤਰਾਂ ਨਾਲ ਗੱਲ ਮੁਕਾਉਂਦੇ ਹਾਂ:
‘ਕਬ ਮੈਂਨੇ ਯੇ ਸੋਚਾ ਥਾ
ਕਬ ਮੈਂਨੇ ਯੇ ਜਾਨਾ ਥਾ…
ਮੇਰੇ ਮਹਿਬੂਬ ਮੇਰੇ ਸਨਮ
ਸ਼ੁਕਰੀਆ ਮਿਹਰਬਾਨੀ ਕਰਮ’।