ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪਦੇ ਆ ਰਹੇ ਹਾਂ। ਲੜੀ ਦੀ ਇਸ ਆਖਰੀ ਕਿਸ਼ਤ ਵਿਚ ਰਿਬੇਰੋ ਉਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਦੇ ਵਕਤ ਦਾ ਖੁਲਾਸਾ ਹੈ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
91-94642-51454
ਪੰਨਾ 372: ਅਮਿਤਾ ਬੋਸ ਨਾਮ ਦੀ ਬੰਗਾਲੀ ਔਰਤ ਮਿਲੀ ਜਿਹੜੀ ਸਦਾ ਲਈ ਰੋਮਾਨੀਆ ਵਿਚ ਵਸ ਗਈ ਸੀ। ਉਹ ਬੁਖਾਰੈਸਟ ਵਿਚ ਪੱਚੀ ਸਾਲ ਤੋਂ ਰਹਿ ਰਹੀ ਸੀ ਅਤੇ ਬੁਖਾਰੈਸਟ ਯੂਨੀਵਰਸਿਟੀ ਵਿਚ ਸੰਸਕ੍ਰਿਤ, ਬੰਗਲਾ ਅਤੇ ਭਾਰਤੀ ਕਲਚਰ ਪੜ੍ਹਾ ਰਹੀ ਸੀ। ਦੂਤਾਵਾਸ ਦੇ ਰਿਸਰਚ ਅਸਿਸਟੈਂਟ ਦੀ ਨਵਵਿਆਹੀ ਪਤਨੀ ਵਜੋਂ ਉਹ ਰੋਮਾਨੀਆ ਆਈ। ਕੰਮ ਮੁਕਾ ਕੇ ਜਦੋਂ ਉਸ ਦਾ ਪਤੀ ਭਾਰਤ ਪਰਤਣ ਲੱਗਾ, ਉਹ ਬੜੀ ਉਦਾਸ ਹੋਈ। ਉਸ ਨੇ ਬੁਖਾਰੈਸਟ ਯੂਨੀਵਰਸਿਟੀ ਵਿਚ ਰੋਮਾਨੀ ਸਿਖਣੀ ਸ਼ੁਰੂ ਕਰ ਦਿੱਤੀ ਤੇ ਰੋਮਾਨੀ ਸ਼ਾਇਰ ਮੀਹੇ ਏਮੀਨਿਸਕੂ ਦੀ ਸ਼ਾਇਰੀ ਉਪਰ ਫਿਦਾ ਹੋ ਗਈ। ਉਸ ਦੀ ਇੱਛਾ ਅਧਿਐਨ ਜਾਰੀ ਰੱਖ ਕੇ ਅਧਿਆਪਨ ਕਰਨ ਦੀ ਸੀ। ਭਾਰਤ ਆ ਗਈ, ਪਰ ਛੇਤੀ ਹੀ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਮੈਂ ਵਾਪਸ ਚੱਲੀ ਹਾਂ ਤੇ ਉਮਰ ਭਰ ਲਈ ਇਥੇ ਆ ਗਈ। ਉਸ ਨੇ ਪ੍ਰੋਫੈਸਰ ਬੀਬੀ ਬੁਸੁਲੇਂਗਾ ਦੀ ਨਿਗਰਾਨੀ ਵਿਚ ਏਮੀਨਿਸਕੂ ਦਾ ਅਧਿਐਨ ਕੀਤਾ। ਪ੍ਰੋਫੈਸਰ ਬੀਬੀ ਨੂੰ ਆਪਣੀ ਇਸ ਵਿਦਿਆਰਥਣ ‘ਤੇ ਮਾਣ ਸੀ।
ਉਹ ਮੈਨੂੰ ਬੁਖਾਰੈਸਟ ਡਾਊਨ ਟਾਊਨ ਵਿਚ ਆਪਣੀ ਪ੍ਰੋਫੈਸਰ ਦੇ ਘਰ ਲੈ ਗਈ। ਸਾਧਾਰਨ ਜਿਹਾ ਫਲੈਟ ਸੀ ਜੋ ਕਿਤਾਬਾਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਭਰਿਆ ਪਿਆ ਸੀ। ਇਸ ਦਾ ਪਤੀ ਇਸ ਨਾਲੋਂ ਉਮਰ ਵਿਚ ਵਡੇਰਾ ਸੀ, ਕਮਜ਼ੋਰ ਸੀ। ਕਾਫੀ ਅਤੇ ਬ੍ਰਾਂਡੀ ਦੀ ਸੇਵਾ ਪ੍ਰੋਫੈਸਰ ਨੇ ਖੁਦ ਕੀਤੀ। ਕਿਸੇ ਜੁਆਨ ਜੋੜੇ ਕੋਲ ਇਹ ਫਲੈਟ ਹੁੰਦਾ ਤਾਂ ਸਜਿਆ ਸੰਵਰਿਆ ਹੋਣਾ ਸੀ। ਰੋਮਾਨੀਆ ਵਿਚ ਪ੍ਰੋਫੈਸਰ ਜੋੜਾ ਵੀ ਨੌਕਰ ਦਾ ਖਰਚ ਨਹੀਂ ਝੱਲ ਸਕਦਾ!
ਅਮਿਤਾ ਰਾਹੀਂ ਮੈਂ ਰੋਮਾਨੀਆ ਦੇ ਲੋਕਾਂ ਬਾਰੇ ਜਾਣ ਸਕਿਆ। ਮੇਰਾ ਕਾਰਜਕਾਲ ਪੂਰਾ ਹੋਣ ਤੋਂ ਇਕ ਸਾਲ ਪਹਿਲਾਂ ਉਸ ਦਾ ਦੇਹਾਂਤ ਹੋ ਗਿਆ। ਛੁੱਟੀਆਂ ਕੱਟਣ ਉਹ ਭਾਰਤ ਗਈ, ਉਥੇ ਪੀਲੀਆ ਹੋ ਗਿਆ। ਸੋਚਿਆ ਰੋਮਾਨੀਆ ਇਲਾਜ ਕਰਾਵਾਂਗੀ, ਬੁਖਾਰੈਸਟ ਪੁੱਜ ਕੇ ਵੀ ਘੌਲ ਕਰਦੀ ਰਹੀ। ਜਦੋਂ ਰੋਗ ਹੱਦੋਂ ਪਾਰ ਹੋ ਗਿਆ, ਇਕ ਵਿਦਿਆਰਥੀ ਹਸਪਤਾਲ ਲੈ ਗਿਆ। ਉਸ ਦੀ ਬਿਮਾਰੀ ਦਾ ਮੈਨੂੰ ਕੋਈ ਪਤਾ ਨਹੀਂ ਸੀ। ਲੰਡਨ ਤੋਂ ਉਸ ਦੇ ਭਰਾ ਦਾ ਫੋਨ ਆਇਆ। ਪਤਾ ਕੀਤਾ ਤੇ ਉਸ ਨੂੰ ਫੋਨ ‘ਤੇ ਦੱਸਿਆ ਕਿ ਬੀਬੀ ਖਤਰਨਾਕ ਦਸ਼ਾ ਵਿਚ ਹੈ, ਛੇਤੀ ਆ ਜਾ। ਰਾਤ ਨੂੰ ਪੁੱਜ ਕੇ ਉਹ ਆਪਣੀ ਭੈਣ ਨਾਲ ਕੁੱਝ ਗੱਲਾਂ ਕਰ ਸਕਿਆ, ਅਗਲੀ ਸਵੇਰ ਮੌਤ ਹੋ ਗਈ।
ਅਮਿਤਾ ਦੀ ਵਿਦਾਇਗੀ ਯਾਦਗਾਰੀ ਸੀ। ਉਹ ਭਾਰਤੀ ਵੀ ਆਏ ਜਿਨ੍ਹਾਂ ਨੇ ਉਸ ਨਾਲ ਕਦੀ ਗੱਲ ਨਹੀਂ ਕੀਤੀ ਸੀ। ਨਵੇਂ ਪੁਰਾਣੇ ਵਿਦਿਆਰਥੀ ਆਏ, ਅਕਾਦਮਿਕ ਖੇਤਰ ਦੇ ਅਨੇਕ ਦੋਸਤ ਆਏ। ਭਾਰਤੀ ਵਪਾਰੀ ਅਦਿੱਤ ਰਾਠੀ ਨੇ ਸੰਸਕ੍ਰਿਤ ਸ਼ਲੋਕ ਉਚਾਰੇ। ਅਮਿਤਾ ਦਾ ਇਕ ਵਿਦਿਆਰਥੀ ਰੋਮਾਨੀ ਏਅਰਲਾਈਨ ਦਾ ਅਫਸਰ ਹੈ। ਉਸ ਨੇ ਟੈਗੋਰ ਦਾ ਉਦਾਸ ਬੰਗਲਾ ਗੀਤ ਗਾਇਆ। ਰੋਮਾਨੀ ਪ੍ਰੋਫੈਸਰ ਨੇ ਆਪਣੀ ਬੋਲੀ ਵਿਚ ਸ਼ਰਧਾਂਜਲੀ ਦਿੱਤੀ। ਮੈਂ ਕੁੱਝ ਲਫਜ਼ ਅੰਗਰੇਜ਼ੀ ਵਿਚ ਕਹੇ।
ਭਾਰਤ ਵਾਸਤੇ ਜੋ ਰੋਮਾਨੀਆ ਵਿਚ ਅਮਿਤਾ ਨੇ ਕੀਤਾ, ਕਿਹੜਾ ਰਾਜਦੂਤ ਕਰ ਸਕਦਾ ਹੈ? ਉਸ ਨੇ ਰੋਮਾਨੀਆ ਵਿਚ ਭਾਰਤੀ ਕਲਚਰ ਸਿੰਜਿਆ। ਜਿਥੇ ਜਿਥੇ ਰੋਮਾਨੀਆ ਵਿਚ ਮੈਂ ਗਿਆ, ਅਕਾਦਮਿਕ ਖੇਤਰ ਦੇ ਲੋਕ ਡੂੰਘੇ ਪਿਆਰ ਨਾਲ ਉਸ ਦਾ ਜ਼ਿਕਰ ਕਰਦੇ। ਮੈਨੂੰ ਫਖਰ ਹੋਣ ਲਗਦਾ।
ਪੰਨਾ 375: ਦੂਜੀ ਵਾਰ ਕਤਲ ਦਾ ਯਤਨ
20 ਅਗਸਤ 1991 ਨੂੰ ਸਿੱਖ ਖਾੜਕੂਆਂ ਨੇ ਮੇਰੇ ਉਪਰ ਹਮਲਾ ਕੀਤਾ। ਜਾਇੰਟ ਸਕੱਤਰ (ਵਿਦੇਸ਼ੀ ਮਾਮਲੇ) ਮੈਨੂੰ ਲਗਾਤਾਰ ਵਾਰਨਿੰਗ ਭੇਜਦਾ ਰਹਿੰਦਾ ਕਿ ਹਮਲਾ ਹੋ ਸਕਦਾ ਹੈ। ਕੁੱਝ ਨਾਮ ਵੀ ਮੈਨੂੰ ਦੱਸਦਾ, ਪਰ ਠੋਸ ਸੂਚਨਾ ਕੋਈ ਨਹੀਂ ਸੀ। ਰੋਮਾਨੀਆ ਸਰਕਾਰ ਨੂੰ ਮੈਂ ਜੋ ਸੂਚਨਾ ਭੇਜਦਾ, ਉਹ ਨੋਟ ਕਰ ਲਈ ਜਾਂਦੀ, ਤੇ ਬੱਸ।
ਪੰਜਾਬ ਵਿਚ ਰਹਿੰਦੇ ਆਪਣੇ ਦੋਸਤਾਂ ਕੋਲੋਂ ਵੀ ਮੈਨੂੰ ਵਾਰਨਿੰਗ ਮਿਲਦੀ। ਐਡੀਸ਼ਨਲ ਪੁਲਿਸ ਚੀਫ ਓæਪੀæ ਸ਼ਰਮਾ ਨਿੱਜੀ ਖਤ ਵੀ ਲਿਖਦਾ ਰਹਿੰਦਾ, ਪਰ ਜੁਲਾਈ 91 ਵਿਚ ਮੈਨੂੰ ਸੂਚਨਾ ਮਿਲੀ ਕਿ ਹਮਲਾ ਯਕੀਨੀ ਹੈ ਤੇ ਯੋਜਨਾ ਜਰਮਨੀ ਵਿਚ ਬਣੀ ਹੈ। ਨਾਮ ਵੀ ਆ ਗਏ ਤੇ ਮੈਨੂੰ ਆਪਣੇ ਫੇਰੇ ਤੋਰੇ ਵੇਲੇ ਸਾਵਧਾਨ ਰਹਿਣਾ ਪਏਗਾ, ਸਲਾਹ ਮਿਲ ਗਈ। ਰੋਮਾਨੀ ਸਰਕਾਰ ਨੂੰ ਇਸ ਬਾਰੇ ਦੱਸ ਦਿੱਤਾ, ਪਰ ਸਰਕਾਰ ਗੰਭੀਰ ਨਹੀਂ ਸੀ ਕਿਉਂਕਿ ਕੁੱਝ ਹੁੰਦਾ ਤਾਂ ਹੈ ਨਹੀਂ; ਇਹ ਵਾਰ ਵਾਰ ਕਹੀ ਜ਼ਰੂਰ ਜਾਂਦਾ ਹੈ। ਕੁੱਝ ਦਿਨਾਂ ਬਾਅਦ ਮੈਨੂੰ ਵਿਦੇਸ਼ ਮੰਤਰੀ ਨੇ ਆਪਣੇ ਦਫਤਰ ਸੱਦਿਆ, ਕਿਹਾ- ਮੈਨੂੰ ਆਪਣੀ ਖੁਫੀਆ ਏਜੰਸੀ ਨੇ ਦੱਸਿਆ ਕਿ ਤੁਹਾਨੂੰ ਮਾਰਨ ਵਾਸਤੇ ਕੁੱਝ ਭਾਰਤੀ ਬੁਖਾਰੈਸਟ ਪੁੱਜ ਗਏ ਹਨ। ਉਸ ਨੇ ਮੈਨੂੰ ਪੁੱਛਿਆ- ਸੀਕਿਉਰਟੀ ਦਿਆਂ? ਮੈਂ ‘ਹਾਂ’ ਕਿਹਾ। ਇਹ ਪਹਿਲੀ ਅਗਸਤ ਦੀ ਗੱਲ ਹੈ।
ਇਸ ਦਿਨ ਤੋਂ ਲੈ ਕੇ ਕਾਰ ਵਿਚ ਦੋ ਹਥਿਆਰਬੰਦ ਗਾਰਡ ਮੇਰੀ ਗੱਡੀ ਦੇ ਪਿਛੇ ਪਿਛੇ ਚਲਦੇ। ਜੇ ਪੈਦਲ ਹੁੰਦਾ, ਤੀਹ ਕੁ ਗਜ਼ ਦੂਰ ਪੈਦਲ ਚਲਦੇ। ਹਰ ਵਕਤ ਕਾਰ ਮੇਰੇ ਮਕਾਨ ਨਜ਼ਦੀਕ ਰਹਿੰਦੀ, ਕਦੀ ਵੀ ਲੋੜ ਪੈ ਸਕਦੀ ਸੀ। ਸੁਰੱਖਿਆ ਮੁਲਾਜ਼ਮਾਂ ਦਾ ਡਰਾਇਵਰ ਨਾਲ ਵਾਇਰਲੈਸ ‘ਤੇ ਸੰਪਰਕ ਰਹਿੰਦਾ। ਡਰਾਇਵਰ ਖੁਦ ਵੀ ਟ੍ਰੇਂਡ ਕਮਾਂਡੋ ਸੀ। ਆਟੋਮੈਟਿਕ ਹਥਿਆਰ ਕਾਰ ਵਿਚ ਰੱਖੇ ਹੁੰਦੇ। ਮੈਨੂੰ ਅਤੇ ਮੇਰੀ ਪਤਨੀ ਨੂੰ ਸ਼ਾਮੀ ਲੰਮੀ ਸੈਰ ਦੀ ਆਦਤ ਹੈ। ਹੇਰੇਤਰੋ, ਬੁਖਾਰੈਸਟ ਦਾ ਸਭ ਤੋਂ ਸੁਹਣਾ ਪਾਰਕ ਹੈ। ਵਾਰਨਿੰਗ ਮਿਲਣ ਪਿੱਛੋਂ ਅਸੀਂ ਰੂਟ ਬਦਲ ਬਦਲ ਕੇ ਸੈਰ ਕਰਦੇ। ਖਾੜਕੂ ਆਪਣੇ ਦੁਸ਼ਮਣ ਉਪਰ ਹਮਲਾ ਕਰਨ ਤੋਂ ਪਹਿਲੋਂ ਦੇਰ ਤੱਕ ਪਰਖ ਕੇ ਉਸ ਦਾ ਰੂਟ ਨਿਸ਼ਚਿਤ ਕਰਦੇ ਹਨ। ਸੋ, ਅਸੀਂ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ।
ਇਕ ਸ਼ਾਮ ਜਦੋਂ ਅਸੀਂ ਗੇੜਾ ਲਾ ਕੇ ਵਾਪਸ ਆ ਰਹੇ ਸਾਂ, ਅਸੀਂ ਤਿੰਨ ਜੁਆਨਾਂ ਨੂੰ ਤੇਜ਼ੀ ਨਾਲ ਕਾਰ ਵਿਚੋਂ ਉਤਰਦੇ ਦੇਖਿਆ ਜਿਹੜੀ ਸਾਡੇ ਘਰ ਲਾਗੇ ਖੜ੍ਹੀ ਸੀ। ਸ਼ਕਲਾਂ ਤੋਂ ਸਾਨੂੰ ਇਹ ਪੰਜਾਬੀ ਲੱਗੇ। ਜੁਲਾਈ ਦੇ ਆਖਰੀ ਦਿਨਾਂ ਦੀ ਗੱਲ ਹੈ। ਦੋ ਸੜਕ ਪਾਰ ਕਰ ਗਏ ਤੇ ਤੀਜਾ ਜੋ ਡਰਾਇਵਰ ਸੀ, ਉਨ੍ਹਾਂ ਦੇ ਨੇੜੇ ਆਇਆ ਤੇ ਕੰਨ ਵਿਚ ਹੌਲੀ ਦੇ ਕੇ ਕੁੱਝ ਕਿਹਾ। ਉਨ੍ਹਾਂ ਨੇ ‘ਹਾਂ’ ਵਿਚ ਸਿਰ ਹਿਲਾਇਆ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਇਹ ਬੰਦੇ ਸ਼ੱਕੀ ਹਨ, ਕਾਰ ਦਾ ਨੰਬਰ ਪੜ੍ਹ। ਉਸ ਨੇ ਕਾਰ ਦਾ ਨੰਬਰ ਪੜ੍ਹ ਕੇ ਯਾਦ ਕਰ ਲਿਆ। ਇਸ ਥਾਂ ਤੋਂ ਸਾਡਾ ਘਰ ਇਕ ਮਿੰਟ ਦਾ ਪੈਦਲ ਰਸਤਾ ਸੀ। ਘਰ ਦੇ ਗੇਟ ਤੱਕ ਪੁੱਜ ਕੇ ਮੈਂ ਡਿਉਟੀ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਇਤਲਾਹ ਕਰ ਦਿੱਤੀ। ਉਹ ਇਨ੍ਹਾਂ ਮੁੰਡਿਆ ਨੂੰ ਚੈਕ ਕਰਨ ਲਈ ਜਾਣ ਹੀ ਲੱਗੇ ਸਨ ਕਿ ਸਿਵਲ ਕੱਪੜਿਆਂ ਵਿਚ ਉਨ੍ਹਾਂ ਦਾ ਅਫਸਰ ਰਾਊਂਡ ‘ਤੇ ਮਿਲ ਗਿਆ ਤੇ ਗੱਲਾਂ ਕਰਨ ਲੱਗਾ। ਮੈਂ ਟੁੱਟੀ ਭੱਜੀ ਰੋਮਾਨੀ ਭਾਸ਼ਾ ਵਿਚ ਇਸ ਅਫਸਰ ਨੂੰ ਆਪਣਾ ਸ਼ੱਕ ਦੱਸਿਆ। ਅਫਸਰ ਨੇ ਕਿਹਾ- ਫਿਕਰ ਦੀ ਕੋਈ ਗੱਲ ਨਹੀਂ, ਤੇ ਪੁਲਿਸ ਕਰਮੀਆਂ ਨਾਲ ਫਿਰ ਗੱਲੀਂ ਲੱਗ ਗਿਆ।
ਪੰਨਾ 376: ਜਾਣ ਗਿਆ ਕਿ ਅਫਸਰ ਨੂੰ ਮੇਰੇ ਸ਼ੱਕ ਦੀ ਅਹਿਮੀਅਤ ਦਾ ਇਲਮ ਨਹੀਂ। ਸੋ, ਮੈਂ ਘਰ ਅੰਦਰ ਜਾ ਕੇ ਆਪਣੀ ਰੋਮਾਨੀ ਸਕੱਤਰ ਨੂੰ ਫੋਨ ‘ਤੇ ਸੂਚਨਾ ਦਿੱਤੀ ਤੇ ਕਿਹਾ- ਦੇਸ਼ ਦੇ ਸੁਰੱਖਿਆ ਮਹਿਕਮੇ ਨੂੰ ਖਬਰ ਕਰ। ਉਸ ਨੇ ਅਜਿਹਾ ਹੀ ਕੀਤਾ ਤੇ ਕਿਹਾ- ਪੜਤਾਲ ਹੋ ਰਹੀ ਹੈ। ਰੋਮਾਨੀ ਐਵੇਂ ਐਵੇਂ ਦੀਆਂ ਸਤਹੀ ਪੜਤਾਲਾਂ ਕਰਦੇ ਸਨ। ਜੇ ਗੰਭੀਰ ਹੁੰਦੇ ਤਾਂ ਆਖਰੀ ਵਾਰਦਾਤ ਹੋਣ ਤੋਂ ਪਹਿਲੋਂ ਦੋਸ਼ੀ ਫੜੇ ਜਾਂਦੇ।
20 ਅਗਸਤ ਸ਼ਾਮੀ 6 ਵਜੇ ਮੈਂ ਦਫਤਰੋਂ ਘਰ ਆਇਆ ਤੇ ਪਤਨੀ ਨੂੰ ਕਿਹਾ- ਸੈਰ ਕਰੀਏ। ਉਸ ਸ਼ਾਮ ਉਸ ਦਾ ਬਾਹਰ ਨਿਕਲਣ ਨੂੰ ਮਨ ਨਹੀਂ ਸੀ, ਪਰ ਦੁਚਿਤੀ ਜਿਹੀ ਨਾਲ ਚੱਲ ਪਈ। ਅਸੀਂ ਬੁਲੇਵਾਰ ਵਾਲਾ ਪੁਰਾਣਾ ਰਸਤਾ ਚੁਣਿਆ, ਕਿਉਂਕਿ ਲੰਮੇ ਸਮੇਂ ਤੋਂ ਉਸ ਰਸਤੇ ਗਏ ਨਹੀਂ ਸਾਂ, ਸੋ ਸੁਰੱਖਿਅਤ ਰਹੇਗਾ।
ਆਮ ਵਾਂਗ ਦੋ ਰੋਮਾਨੀ ਗਾਰਦ ਸਾਡੇ ਪਿੱਛੇ ਪਿੱਛੇ ਚੱਲੇ। ਉਨ੍ਹਾਂ ਕੋਲ ਪੈਦਲ ਚਲਦਿਆਂ ਇਕ ਇਕ ਰਿਵਾਲਵਰ ਹੁੰਦਾ ਜੋ ਜੇਬ ਵਿਚ ਰੱਖਿਆ ਹੁੰਦਾ। ਇਕ ਕੋਲ ਵਾਕੀ ਟਾਕੀ ਵੀ ਸੀ, ਪਰ ਦਿਸਦਾ ਨਹੀਂ ਸੀ। ਅਜੇ ਅੱਧਾ ਕਿਲੋਮੀਟਰ ਚੱਲੇ ਹੋਵਾਂਗੇ ਕਿ ਕਾਰ ਦੀਆਂ ਜ਼ਬਰਦਸਤ ਬਰੇਕਾਂ ਲੱਗਣ ਦੀ ਕ੍ਰੀਚ ਕ੍ਰੀਚ ਆਵਾਜ਼ ਸੁਣੀ। ਇਸ ਚੌੜੀ ਸੜਕ ਉਤੇ ਤੇਜ਼ ਰਫਤਾਰ ਗੱਡੀਆਂ ਆਮ ਲੰਘਦੀਆਂ ਸਨ, ਬ੍ਰੇਕਾਂ ਦੀ ਅਜਿਹੀ ਆਵਾਜ਼ ਕਦੀ ਨਹੀਂ ਸੁਣੀ। ਇਸ ਆਵਾਜ਼ ਨੇ ਮੈਨੂੰ ਚੌਕਸ ਕਰ ਦਿੱਤਾ। ਪਿੱਛੇ ਮੁੜ ਕੇ ਦੇਖਿਆ, ਚਾਰ ਹਥਿਆਰਬੰਦ ਜੁਆਨ ਕਾਰ ਵਿਚੋਂ ਛਾਲਾਂ ਮਾਰਦੇ ਬਾਹਰ ਨਿਕਲੇ। ਇਕ ਨੇ ਮੇਰੇ ਵੱਲ ਫਾਇਰਿੰਗ ਖੋਲ੍ਹ ਦਿੱਤੀ। ਮੈਂ ਜਾਣ ਗਿਆ ਕਿ ਮੇਰੇ ਲਈ ਆਏ ਨੇ। ਜਿੰਨਾ ਤੇਜ਼ ਦੌੜ ਸਕਿਆ, ਦੌੜਿਆ; ਬਾਹਟ ਸਾਲ ਦਾ ਬੰਦਾ ਜਿੰਨਾ ਕੁ ਦੌੜ ਸਕਦਾ ਹੈ। ਦੋ ਖਾੜਕੂ ਮੇਰਾ ਪਿੱਛਾ ਕਰਦੇ ਦੌੜਦੇ ਆ ਰਹੇ ਸਨ ਜਦੋਂ ਮੈਂ ਚੌੜੀ ਸੜਕ ਪਾਰ ਕਰ ਗਿਆ। ਉਹ ਏæਕੇæ ਸੰਤਾਲੀ ਨਾਲ ਨਿਰੰਤਰ ਫਾਇਰਿੰਗ ਕਰ ਰਹੇ ਸਨ। ਏæਕੇæ ਸੰਤਾਲੀ ਏਰੀਆ ਹਥਿਆਰ ਹੈ। ਦੁਸ਼ਮਣ ਕਾਫੀ ਗਿਣਤੀ ਵਿਚ ਹੋਣ, ਤੇ ਹੋਣ ਨੇੜੇ; ਫਿਰ ਇਹ ਕੰਮ ਦਾ ਹੈ। ਸੇਧ ਕੇ ਇਸ ਨਾਲ ਨਿਸ਼ਾਨਾ ਲਾਉਣਾ ਔਖਾ ਹੈ, ਕਿਉਂਕਿ ਸੇਧ ਲਾਉਣ ਲਈ ਸਮਾਂ ਚਾਹੀਦਾ ਹੈ। ਜੇ ਤੁਹਾਡੇ ਕੋਲ ਸਿੰਨ੍ਹਣ ਵਾਸਤੇ ਸਮਾਂ ਵੀ ਹੈ ਤਾਂ ਵੀ ਪਹਿਲੀ ਗੋਲੀ ਨਿਸ਼ਾਨੇ ‘ਤੇ ਲੱਗੇਗੀ, ਬਾਕੀ ਗੋਲੀਆਂ ਇੱਧਰ ਉੱਧਰ ਸੱਜੇ ਖੱਬੇ ਚੱਲਣਗੀਆਂ। ਖਾੜਕੂਆਂ ਨੂੰ ਇਹ ਹਥਿਆਰ ਇਸ ਕਰ ਕੇ ਚੰਗਾ ਲਗਦਾ ਹੈ ਕਿਉਂਕਿ ਚੁੱਕਣਾ ਸੌਖਾ ਹੈ। ਨਾਲੇ ਉਨ੍ਹਾਂ ਨੇ ਮਾਸੂਮ ਲੋਕ ਵੱਡੀ ਗਿਣਤੀ ਵਿਚ ਮਾਰਨੇ ਹੁੰਦੇ ਹਨ, ਦਹਿਲ ਪਾਉਣ ਲਈ ਭੀੜਾਂ ਵਿਚ ਇਸ ਦੀ ਵਰਤੋਂ ਕਰਨੀ ਫਿੱਟ ਬੈਠਦੀ ਹੈ।
ਪੰਨਾ 378: ਸੋ ਹੋਇਆ ਇਹ ਕਿ ਦੋਵਾਂ ਜੁਆਨਾਂ ਨੇ ਮੇਰੇ ਉਪਰ ਆਪਣੇ ਆਪਣੇ ਮੈਗਜ਼ੀਨ ਖਾਲੀ ਕਰ ਦਿੱਤੇ। ਮੈਂ ਭੱਜ ਕੇ ਨੇੜੇ ਦੇ ਇਕ ਖੁੱਲ੍ਹੇ ਦਰਵਾਜ਼ੇ ਵਿਚ ਵੜਨ ਹੀ ਲੱਗਾ ਸਾਂ ਕਿ ਚੂਲੇ ਵਿਚ ਪਿੱਛੋਂ ਦੀ ਗੋਲੀ ਵੱਜੀ। ਪੇਸ਼ਾਬ ਥੈਲੀ, ਗੁਦਾ ਅਤੇ ਵੱਡੀਆਂ ਨਾੜੀਆਂ ਕੋਲੋਂ ਦੀ ਲੰਘਦੀ ਗੋਲੀ ਪਾਰ ਹੋ ਗਈ। ਮੈਂ ਤੇਜ਼ੀ ਨਾਲ ਦਰਵਾਜ਼ਾ ਬੰਦ ਕਰਨ ਵਿਚ ਕਾਮਯਾਬ ਹੋ ਗਿਆ ਤੇ ਫਿਰ ਪੌੜੀਆਂ ਵਿਚ ਬੈਠ ਗਿਆ। ਕੁੱਝ ਮਿੰਟਾਂ ਵਿਚ ਮੇਰਾ ਪਿੱਛਾ ਕਰਦੀ ਕਰਦੀ ਮੇਰੀ ਪਤਨੀ ਪੁੱਜ ਗਈ ਤੇ ਜ਼ੋਰ ਜ਼ੋਰ ਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜ਼ਖਮ ਕਾਰਨ ਮੈਥੋਂ ਖੜ੍ਹਾ ਨਾ ਹੋਇਆ ਗਿਆ। ਮੈਂ ਉਸ ਨੂੰ ਦੱਸਿਆ ਕਿ ਗੋਲੀ ਪੱਟ ਵਿਚੋਂ ਦੀ ਪਾਰ ਹੋ ਗਈ ਹੈ, ਉਠ ਨਹੀਂ ਸਕਦਾ। ਘਰ ਦਾ ਮਾਲਕ ਤੁਰੰਤ ਘਰ ਪੁੱਜ ਗਿਆ। ਉਸ ਨਾਲ ਉਸ ਦਾ ਲੇਖਕ ਦੋਸਤ ਮਿਰਸੀਆ ਵੀ ਸੀ। ਮਿਰਸੀਆ ਦਾ ਘਰ ਅੱਧੇ ਕਿਲੋਮੀਟਰ ‘ਤੇ ਸੀ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਕਿਸੇ ਉਤੇ ਫਾਇਰ ਹੋਇਆ ਹੈ, ਤੇਜ਼ੀ ਨਾਲ ਇਹ ਦੋਵੇਂ ਉਸ ਜ਼ਖਮੀ ਦੀ ਮਦਦ ਲਈ ਆਏ ਸਨ, ਦੇਖਿਆ ਤਾਂ ਜ਼ਖਮੀ ਬੰਦਾ ਦੋਸਤ ਨਿਕਲਿਆ।
ਵਾਰਦਾਤ ਹੋ ਗਈ ਤਾਂ ਸੁਰੱਖਿਆ ਕਰਮੀਆਂ ਨੇ ਵਾਕੀ ਟਾਕੀ ‘ਤੇ ਆਪਣੇ ਡਰਾਇਵਰ ਨੂੰ ਇਤਲਾਹ ਕੀਤੀ। ਡਰਾਇਵਰ ਨੇ ਤੇਜ਼ ਰਫਤਾਰ ਕਾਰ ਉਥੇ ਰੋਕ ਲਈ ਜਿਥੇ ਦੋ ਖਾੜਕੂ ਆਪਣੀ ਕਾਰ ਲਾਗੇ ਖਲੋਤੇ ਸਨ ਤੇ ਫਾਇਰ ਖੋਲ੍ਹ ਦਿੱਤਾ। ਦੋਵੇਂ ਡਿੱਗ ਪਏ। ਇਕ ਥਾਏਂ ਮਾਰਿਆ ਗਿਆ, ਦੂਜੇ ਦੇ ਪੇਟ ਵਿਚੋਂ ਦੋ ਗੋਲੀਆਂ ਪਾਰ ਹੋ ਗਈਆਂ। ਸਾਨੂੰ ਦੋਵਾਂ ਨੂੰ ਇਕੱਠਿਆਂ ਹਸਪਤਾਲ ਦਾਖਲ ਕਰਵਾਇਆ। ਉਸ ਦਾ ਆਪ੍ਰੇਸ਼ਨ ਹੋ ਗਿਆ ਤੇ ਥੋੜ੍ਹੇ ਦਿਨਾਂ ਬਾਅਦ ਤੁਰਨ ਫਿਰਨ ਲੱਗ ਪਿਆ। ਤੀਜਾ ਜਣਾ ਹਥਿਆਰ ਸਣੇ ਮੌਕੇ ‘ਤੇ ਫੜਿਆ ਗਿਆ। ਚੌਥਾ ਜਣਾ ਉਸ ਕਾਰ ਵਿਚ ਬਚ ਨਿਕਲਿਆ ਜਿਸ ਨੂੰ ਪੰਜਵਾਂ ਚਲਾ ਰਿਹਾ ਸੀ। ਰੋਮਾਨੀਆ ਸਰਕਾਰ ਬੜੀਆਂ ਫੜ੍ਹਾਂ ਮਾਰਦੀ ਰਹੀ ਕਿ ਜਲਦੀ ਦੋਵਾਂ ਨੂੰ ਫੜ ਲਵਾਂਗੇ ਪਰ ਅਸਫਲ। ਸਿੱਖ ਖਾੜਕੂਆਂ ਦੀ ਰਣਨੀਤੀ ਵਿਚ ਕਦੇ ਕੋਈ ਨੁਕਸ ਨਹੀਂ ਹੁੰਦਾ।
ਬਾਅਦ ਵਿਚ ਪਤਾ ਲੱਗਾ ਕਿ ਹਮਲਾਵਰ ਬਾਰਡਰ ਦੇ ਸੁਰੱਖਿਆ ਕਰਮੀਆਂ ਨੂੰ ਡਾਲਰ ਦੇ ਕੇ ਆਰਾਮ ਨਾਲ ਲੰਘ ਆਏ ਸਨ। ਰੋਮਾਨੀ ਬਗਾਵਤ ਪਿਛੋਂ ਥੋੜ੍ਹੇ ਕੁ ਡਾਲਰ ਦੇ ਕੇ ਬਾਰਡਰ ਪਾਰ ਕਰ ਸਕੀਦਾ ਸੀ। ਡਾਲਰਾਂ ਦੀ ਬੜੀ ਮੰਗ ਸੀ, ਜੋ ਮਰਜ਼ੀ ਕਰ ਲਉ।
ਪੰਨਾ 379: ਸਵਿਟਜ਼ਰਲੈਂਡ ਦੇ ਸ਼ਹਿਰ ਜਿਉਰਿਖ ਵਿਚ ਬੱਲ ਭਰਾਵਾਂ ਦੇ ਘਰ ਸਾਜ਼ਿਸ਼ ਘੜੀ ਗਈ। ਇਹ ਬੱਲ ਇਥੇ ਕਈ ਸਾਲਾਂ ਤੋਂ ਰਹਿ ਰਹੇ ਸਨ, ਪਰ ਇਨ੍ਹਾਂ ਦੀਆਂ ਹਰਕਤਾਂ ਸਵਿੱਸ ਏਜੰਸੀ ਨੋਟ ਕਰ ਰਹੀ ਸੀ। ਜਿਨ੍ਹਾਂ ਪੰਜ ਜੁਆਨਾਂ ਨੇ ਹਮਲਾ ਕੀਤਾ, ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਨ। ਇਸ ਖਾਸ ਕੰਮ ਨੂੰ ਸਿਰੇ ਚਾੜ੍ਹਨ ਲਈ ਯੂਰਪ ਦੇ ਵੱਖ ਵੱਖ ਦੇਸ਼ਾਂ ਵਿਚੋਂ ਸਵਿਟਜ਼ਰਲੈਂਡ ਵਿਚ ਇਕੱਠੇ ਹੋਏ। ਇਨ੍ਹਾਂ ਦਾ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਦੀ ਲੰਡਨ ਸ਼ਾਖਾ ਨਾਲ ਸੰਪਰਕ ਸੀ, ਕਿਉਂਕਿ ਮਨੁੱਖੀ ਅਧਿਕਾਰ ਸੰਸਥਾ ਦੇ ਦੋ ਕਾਰਕੁਨ ਵਾਰਦਾਤ ਤੋਂ ਛੇਤੀ ਹੀ ਪਿੱਛੋਂ ਲੰਡਨ ਵਿਚਲੇ ਰੋਮਾਨੀਆ ਦੂਤਾਵਾਸ ਤੋਂ ਵੀਜ਼ੇ ਲੈ ਕੇ ਬੁਖਾਰੈਸਟ ਪੁੱਜ ਗਏ। ਰੋਮਾਨੀਆ ਸਰਕਾਰ ਤੋਂ ਉਨ੍ਹਾਂ ਗ੍ਰਿਫਤਾਰ ਬੰਦਿਆਂ ਦੇ ਡਿਫੈਂਸ ਲੜਨ ਦੀ ਆਗਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਮ੍ਰਿਤਕ ਖਾੜਕੂ ਦੀ ਲਾਸ਼ ਸਸਕਾਰ ਕਰਨ ਵਾਸਤੇ ਮੰਗੀ ਜਿਸ ਦੀ ਆਗਿਆ ਨਹੀਂ ਮਿਲੀ, ਕਿਉਂਕਿ ਮ੍ਰਿਤਕ ਉਨ੍ਹਾਂ ਦਾ ਰਿਸ਼ਤੇਦਾਰ ਨਹੀਂ ਸੀ। ਦੇਹ ਰਿਸ਼ਤੇਦਾਰ ਲਿਜਾ ਸਕਦਾ ਸੀ।
ਫਾਇਰਿੰਗ ਤੋਂ ਇਕ ਘੰਟੇ ਬਾਅਦ ਤੱਕ ਹਸਪਤਾਲ ਵਿਚ ਮੈਨੂੰ ਹੋਸ਼ ਰਹੀ। ਮੈਂ ਆਪਣੇ ਸੁਰੱਖਿਆ ਕਰਮੀਆਂ ਤੋਂ ਕਾਤਲਾਂ ਬਾਰੇ ਪੁੱਛਿਆ। ਜ਼ਖਮ ਕਾਰਨ ਭੋਰਾ ਦਰਦ ਨਹੀਂ ਹੋਇਆ, ਵਧੀਕ ਖੂਨ ਵਗਣ ਕਰ ਕੇ ਕਮਜ਼ੋਰੀ ਹੈ ਈ ਸੀ। ਤਜਰਬੇ ਤੋਂ ਜਾਣਿਆ ਕਿ ਬੰਦੇ ਦੇ ਜਦੋਂ ਗੋਲੀ ਵੱਜਦੀ ਹੈ, ਉਸ ਨੂੰ ਪਤਾ ਹੀ ਨਹੀਂ ਲੱਗਦਾ। ਇਹ ਤਾਂ ਇਧਰ ਉਧਰ ਖੂਨ ਵਗਦਾ ਦੇਖ ਕੇ ਪਤਾ ਲਗਦਾ ਹੈ ਕਿ ਗੋਲੀ ਪਾਰ ਹੋ ਗਈ। ਜਲੰਧਰ ਦੇ ਹਮਲੇ ਵੇਲੇ ਮੇਰੀ ਪਤਨੀ ਦਾ ਇਹੀ ਅਨੁਭਵ ਸੀ। ਉਸ ਦੀ ਪਿੰਜਣੀ ਵਿਚੋਂ ਗੋਲੀ ਪਾਰ ਹੋ ਗਈ ਸੀ, ਉਹਨੂੰ ਪਤਾ ਈ ਨੀ ਲੱਗਾ। ਕੱਪੜਿਆਂ ਉਤੇ, ਜ਼ਮੀਨ ਉਤੇ ਖੂਨ ਦੇਖ ਕੇ ਪਤਾ ਲੱਗਾ।
ਪ੍ਰੋਫੈਸਰ ਈਗਨ ਦੀ ਗੈਰ ਹਾਜ਼ਰੀ ਵਿਚ ਡਾæ ਜਬਰੀਲ ਨੇ ਆਪ੍ਰੇਸ਼ਨ ਕੀਤਾ। ਵਿਭਾਗ ਦਾ ਮੁਖੀ ਈਗਨ ਛੁੱਟੀਆਂ ਉਤੇ ਸੀ। ਰੋਮਾਨੀ ਡਾਕਟਰ ਕਮਾਲ ਹਨ। ਨਰਸ, ਸਫਾਈ ਸੇਵਕ ਤੇ ਡਾਕਟਰ ਦੀ ਤਨਖਾਹ ਵਿਚ ਵਧੀਕ ਫਰਕ ਨਹੀਂ; ਪਰ ਨੇਕੀ ਕਰ ਰਹੇ ਹਾਂ, ਇਹੀ ਨਸ਼ਾ ਉਨ੍ਹਾਂ ਨੂੰ ਉਡਾਈ ਫਿਰਦਾ ਹੈ। ਇਸ ਹਸਪਤਾਲ ਵਿਚ ਕੇਵਲ ਡਾæ ਜਬਰੀਲ ਅਜਿਹਾ ਮਾਹਿਰ ਸੀ ਜਿਹੜਾ ਪਾਟੇ ਯੁਰਿਥਰਾ ਨੂੰ ਸਿਉਂ ਕੇ ਜੋੜ ਸਕਦਾ ਸੀ। ਮੇਰੀ ਕਿਸਮਤ ਚੰਗੀ, ਉਸ ਦਿਨ ਇਹ ਡਾਕਟਰ ਡਿਊਟੀ ਉਤੇ ਤਾਂ ਨਹੀਂ, ਪਰ ਘਰ ਹੀ ਸੀ। ਖਬਰ ਸੁਣਦਿਆਂ ਸਾਰ ਭੱਜਾ ਆਇਆ ਤੇ ਸਫਲ ਆਪ੍ਰੇਸ਼ਨ ਕੀਤਾ।
ਪੰਨਾ 380: ਸਾਢੇ ਤਿੰਨ ਘੰਟੇ ਆਪ੍ਰੇਸ਼ਨ ਨੂੰ ਲੱਗੇ। ਮਦਰ ਟੈਰੇਸਾ ਦੇ ਯਤੀਮਖਾਨੇ ਦੀਆਂ ਦੋ ਸਾਧਵੀਆਂ ਮੇਰੀ ਪਤਨੀ ਕੋਲ ਬੈਠੀਆਂ ਰਹੀਆਂ। ਸਾਰੀ ਰਾਤ ਸੇਵਾ ਕੀਤੀ। ਸਵੇਰ ਹੋਈ ਤਾਂ ਆਪਣੀ ਡਿਊਟੀ ਕਰਨ ਚਲੀਆਂ ਗਈਆਂ। ਪਲ ਭਰ ਲਈ ਵੀ ਅੱਖਾਂ ਬੰਦ ਨਹੀਂ ਕੀਤੀਆਂ, ਸੁਸਤਾਈਆਂ ਨਹੀਂ। ਇਸ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਕੇਵਲ ਇੰਨਾ ਸੁਣਿਆ- ਚੰਗਾ ਕੰਮ ਕਰਨ ਨਾਲ ਸਭ ਤੋਂ ਵਧੀਕ ਆਰਾਮ ਮਿਲਦਾ ਹੈ।
ਦੂਤਾਵਾਸ ਦਾ ਸਕੱਤਰ ਸੁੰਦਰਰਮਨ ਬੜਾ ਕੰਮ ਆਇਆ। ਜਦੋਂ ਤੱਕ ਮੇਰੀ ਧੀ ਅਤੇ ਜਵਾਈ ਨਹੀਂ ਪੁੱਜੇ, ਉਹ ਹਰ ਰਾਤ ਅੰਬੈਸੀ ਦੇ ਮੁਲਾਜ਼ਮ ਦੀ ਹਸਪਤਾਲ ਮੇਰੇ ਕੋਲ ਡਿਊਟੀ ਲਾਉਂਦਾ। ਸਾਰਾ ਦੂਤਾਵਾਸ ਮਦਦਗਾਰ ਸੀ।
ਰੋਮਾਨੀਆ ਵਿਚ ਵੱਖ ਵੱਖ ਦੇਸ਼ਾਂ ਦੇ ਮੇਰੇ ਰਾਜਦੂਤ ਭਰਾਵਾਂ ਨੇ ਤਾਂ ਕਮਾਲ ਕੀਤੀ। ਮਿਲਣ ਆਉਂਦੇ, ਹਰ ਇਕ ਦੇ ਹੱਥ ਵਿਚ ਗੁਲਦਸਤਾ ਹੁੰਦਾ। ਬ੍ਰਿਟਿਸ਼ ਰਾਜਦੂਤ ਮਾਈਕਲ ਨੇ ਤਾਂ ਮਾਸਕੋ ਤੋਂ ਆਪਣਾ ਮੈਡੀਕਲ ਅਫਸਰ ਬੁਲਾ ਲਿਆ। ਡਾਕਟਰ ਨੇ ਆਉਂਦਿਆਂ ਹੀ ਲੰਦਨ ਲਿਜਾਣ ਦੀ ਸਲਾਹ ਦਿੱਤੀ, ਕਿਉਂਕਿ ਉਥੇ ਵੱਡੇ ਸਰਜਨ ਹਨ। ਮੈਂ ਜਾਣ ਤੋਂ ਇਨਕਾਰ ਕਰ ਦਿੱਤਾ। ਡਾæ ਜਬਰੀਲ ਤਾਂ ਮੇਰਾ ਭਰਾ ਬਣ ਗਿਆ ਸੀ, ਮੇਰੀ ਖਬਰ ਲੈਣ ਹਰ ਸਵੇਰ 6 ਵਜੇ ਤੋਂ ਪਹਿਲਾਂ ਆ ਜਾਂਦਾ। ਚਾਰ ਪੰਜ ਵਾਰ ਦਿਨ ਵਿਚ ਗੇੜੇ ਮਾਰਦਾ। ਇਕ ਹਫਤੇ ਬਾਅਦ ਪ੍ਰੋਫੈਸਰ ਈਗਨ ਡਿਊਟੀ ‘ਤੇ ਆ ਗਿਆ। ਮੇਰੇ ਸਰੀਰ ਵਿਚਲੇ ਜ਼ਖਮ ਅਜੀਬ ਸਨ। ਸਾਰੇ ਸਰਜਨ ਇਨ੍ਹਾਂ ਦਾ ਮੁਆਇਨਾ ਕਰਨ ਆਏ। ਬਾਈ ਦਿਨ ਹਸਪਤਾਲ ਵਿਚ ਰਿਹਾ। ਪੂਰਾ ਰਾਜ਼ੀ ਹੋਣ ਤੱਕ ਢਾਈ ਮਹੀਨੇ ਪੇਸ਼ਾਬ ਵਾਸਤੇ ਥੈਲੀ ਲੱਗੀ ਰਹੀ।
ਰੋਮਾਨੀਆ ਦੇ ਵਿਦੇਸ਼ ਮੰਤਰੀ ਨੇ ਗੁਲਦਸਤਾ ਅਤੇ ਸ਼ੁਭ ਕਾਮਨਾਵਾਂ ਭੇਜੀਆਂ। ਸਟੇਟ ਮੰਤਰੀ ਹਸਪਤਾਲ ਵੀ, ਘਰ ਵੀ ਖਬਰ ਵਾਸਤੇ ਆਉਂਦਾ ਰਿਹਾ। ਸਰਕਾਰੀ ਵਕੀਲ ਮੇਰੇ ਤੇ ਮੇਰੀ ਪਤਨੀ ਦੇ ਬਿਆਨ ਲੈਣ ਆਏ। ਰੋਮਾਨੀਆ ਵਿਚ ਪੁਲਿਸ ਤਫਤੀਸ਼ ਨਹੀਂ ਕਰਦੀ। ਪੁਲਿਸ ਕੇਵਲ ਗ੍ਰਿਫਤਾਰ ਕਰਦੀ ਹੈ, ਪੜਤਾਲ ਦਾ ਕੰਮ ਮਿਲਟਰੀ ਜਾਂ ਸਿਵਲ ਦੇ ਵਕੀਲ। ਮੁਕੱਦਮਾ ਖਤਮ ਹੋਇਆ। ਦੋਸ਼ੀਆਂ ਨੂੰ ਦਸ ਦਸ ਸਾਲ ਦੀ ਸਜ਼ਾ ਹੋਈ। ਉਨ੍ਹਾਂ ਨੇ ਆਪਣੇ ਕੀਤੇ ਦਾ ਇਕਬਾਲ ਕਰ ਲਿਆ ਸੀ, ਪਰ ਆਪਣੇ ਬਚਾਉ ਵਾਸਤੇ ਸਟੈਂਡ ਇਹ ਲਿਆ ਕਿ ਅਸੀਂ ਵਾਰਦਾਤ ਇਸ ਕਾਰਨ ਕੀਤੀ, ਕਿਉਂਕਿ ਰਿਬੇਰੋ ਨੇ ਪੰਜਾਬ ਪਿਲਸ ਚੀਫ ਹੁੰਦਿਆਂ ਵਧੀਕੀਆਂ ਕੀਤੀਆਂ ਸਨ।
ਪੰਨਾ 381: ਬੁਖਾਰੈਸਟ ਛੱਡਣ ਤੋ ਪਹਿਲਾਂ ਮੈਨੂੰ ਭਾਰਤ ਸਰਕਾਰ ਨੇ ਕਿਹਾ ਕਿ ਮੈਂ ਰੋਮਾਨੀਆ ਸਰਕਾਰ ਨੂੰ ਪੁੱਛਾਂ-ਕਿਤੇ ਖਾੜਕੂਆਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਤਾਂ ਨਹੀਂ ਕੀਤਾ ਜਾ ਰਿਹਾ? ਕਾਨੂੰਨ ਮੰਤਰੀ ਨੂੰ ਮਿਲ ਕੇ ਮੈਂ ਕਿਹਾ- ਇਨ੍ਹਾਂ ਮੁੰਡਿਆਂ ਖਿਲਾਫ ਮੈਨੂੰ ਕੋਈ ਨਿਜੀ ਰੰਜ਼ਿਸ਼ ਨਹੀਂ। ਅਸੀਂ ਦੋ ਪਾਸਿਆਂ ਤੋਂ ਲੜਨ ਵਾਲੇ ਯੋਧੇ ਹਾਂ। ਜੋ ਉਨ੍ਹਾਂ ਕੀਤਾ, ਕਰਨਾ ਹੀ ਸੀ। ਮੇਰੇ ਮਨ ਵਿਚ ਇਨ੍ਹਾਂ ਜੁਆਨਾਂ ਵਿਰੁਧ ਗੁੱਸਾ ਨਹੀਂ। ਮੈਂ ਉਨ੍ਹਾਂ ਨੂੰ ਮਿਲਣਾ ਚਾਹਿਆ, ਗੱਲ ਕਰਨੀ ਚਾਹੀ। ਮੰਤਰੀ ਨੇ ਕਿਹਾ- ਉਨ੍ਹਾਂ ਨੂੰ ਪੁੱਛਾਂਗੇ; ਜੇ ਹਾਂ ਕਰਨਗੇ, ਮਿਲਾ ਦਿਆਂਗੇ। ਮੇਰੇ ਕੋਲ ਕੋਈ ਸੁਨੇਹਾ ਨਹੀਂ ਆਇਆ। ਸੋ, ਮੈਂ ਸਮਝ ਗਿਆ; ਉਹ ਮੇਰੇ ਨਾਲ ਗੱਲ ਕਰਨ ਲਈ ਰਾਜ਼ੀ ਨਹੀਂ।
ਮਨੁੱਖੀ ਅਧਿਕਾਰ ਸੰਸਥਾ ਦੇ ਕਾਰਕੁਨ ਜੇਲ੍ਹ ਵਿਚ ਇਨ੍ਹਾਂ ਬੰਦੀਆਂ ਨਾਲ ਮੁਲਾਕਾਤਾਂ ਕਰ ਕੇ ਜਾਂਦੇ। ਪਤਾ ਲੱਗਾ ਕਿ ਇਨ੍ਹਾਂ ਨੂੰ ਧਾਰਮਿਕ ਕਿਤਾਬਾਂ ਦੇ ਕੇ ਗਏ ਹਨ। ਸਵਿੱਸ ਸਰਕਾਰ ਦਾ ਸੁਨੇਹਾ ਮਿਲਿਆ- ਬੱਲ ਭਰਾਵਾਂ ਵਿਰੁਧ ਮੁਕੱਦਮਾ ਜਿਉਰਿਖ ਵਿਚ ਚਲਾਉਣ ਦੀ ਬਜਾਇ ਜੇ ਪੈਸੇ ਲੈਣੇ ਨੇ ਤਾਂ ਲੈ ਲਉ। ਮੈਂ ਕੋਈ ਜਵਾਬ ਨਹੀਂ ਦਿੱਤਾ, ਹੈਰਾਨ ਜ਼ਰੂਰ ਹੋਇਆ। ਪਤਾ ਲੱਗਾ, ਇਹ ਸਵਿਸ ਕਾਨੂੰਨ ਅਨੁਸਾਰ ਹੋ ਸਕਦਾ ਹੈ। ਪੀੜਤ ਬੰਦਾ ਪੈਸੇ ਲੈ ਕੇ ਰਾਜ਼ੀਨਾਵਾਂ ਕਰ ਸਕਦਾ ਹੈ। ਰੋਮਾਨੀਆ ਸਰਕਾਰ ਸਾਜ਼ਿਸ਼ ਘੜਨ ਵਾਲਿਆਂ ਵਿਰੁਧ ਮੁਕੱਦਮਾ ਲੜਨ ਲਈ ਤਿਆਰ ਨਹੀਂ ਸੀ। ਮੈਂ ਸਰਕਾਰ ਵਿਚ ਨੁਕਸ ਨਹੀਂ ਕੱਢਦਾ, ਮੇਰੇ ਉਪਰ ਹਮਲਾ ਹੋਣ ਪਿਛੋਂ ਥੋੜ੍ਹੇ ਚਿਰ ਬਾਅਦ ਭਾਰਤ ਵਿਚ ਤਾਇਨਾਤ ਰੋਮਾਨੀਆ ਦੇ ਸਫੀਰ ਲਿਵੀਓ ਰਾਡੂ ਨੂੰ ਨਵੀਂ ਦਿੱਲੀ ਤੋਂ ਅਗਵਾ ਕਰ ਲਿਆ ਗਿਆ ਸੀ। ਸਤੰਬਰ 91 ਵਿਚ ਅਗਵਾ ਕਰ ਕੇ ਖਾੜਕੂਆਂ ਨੇ ਬੰਦੀਆਂ ਦੀ ਰਿਹਾਈ ਮੰਗੀ ਸੀ। ਤੇਈ ਦਿਨ ਜਦੋਂ ਤੱਕ ਉਸ ਨੂੰ ਛੱਡਿਆ ਨਹੀਂ ਗਿਆ, ਰੋਮਾਨੀਆ ਦੇ ਟੀæਵੀæ ਉਪਰ ਹਰ ਰੋਜ਼ ਰਾਡੂ ਦੀ ਖਬਰ ਨਸ਼ਰ ਹੁੰਦੀ ਰਹੀ। ਰੋਮਾਨੀਆ ਸਰਕਾਰ ਘਬਰਾ ਗਈ ਸੀ। ਰੋਮਾਨੀਆ ਸਰਕਾਰ ਖਾੜਕੂਆਂ ਨੂੰ ਰਿਹਾ ਕਰਨ ਦਾ ਮਨ ਬਣਾ ਰਹੀ ਸੀ ਤੇ ਲੰਡਨ ਵਿਚਲੇ ਮਨੁੱਖੀ ਅਧਿਕਾਰ ਸੰਗਠਨ ਨਾਲ ਨਿਰੰਤਰ ਰਾਬਤਾ ਸੀ।
ਖੁਸ਼ਕਿਸਮਤੀ ਸਦਕਾ ਯੂਰਪ ਦੀਆਂ ਸਭ ਸਰਕਾਰਾਂ ਨੇ ਰੋਮਾਨੀਆ ਨੂੰ ਸਖਤ ਸਟੈਂਡ ਲੈਣ ਲਈ ਕਿਹਾ। ਏਧਰ ਭਾਰਤ ਸਰਕਾਰ ਨੇ ਅਗਵਾਕਾਰ ਗਰੁਪ ਨੂੰ ਖਤਮ ਕਰਨ ਵਾਸਤੇ ਪੂਰੀ ਤਾਕਤ ਝੋਕ ਦਿੱਤੀ। ਇਸ ਸਿਲਸਿਲੇ ਦੌਰਾਨ ਰਾਡੂ ਅਗਵਾਕਾਰ ਗਰੁਪ ਦਾ ਸਫਾਇਆ ਹੋ ਗਿਆ। ਬਾਕੀ ਗਰੁੱਪਾਂ ਦਾ ਵੀ ਨੁਕਸਾਨ ਹੋਇਆ। ਖਾੜਕੂਆਂ ਵਲੋਂ ਰਾਡੂ ਨੂੰ ਅਗਵਾ ਕੀਤੇ ਜਾਣ ਮਗਰੋਂ ਪੱਛਮੀ ਦੇਸ਼ਾਂ ਦੀ ਖਾਲਿਸਤਾਨੀਆਂ ਨਾਲੋਂ ਹਮਦਰਦੀ ਜਾਂਦੀ ਰਹੀ ਜੋ ਖਾੜਕੂਆਂ ਲਈ ਵੱਡਾ ਘਾਟਾ ਸੀ। ਜਿਸ ਦੇਸ਼ ਦਾ ਹਿੰਦੁਸਤਾਨ ਜਾਂ ਖਾਲਿਸਤਾਨ ਟੱਕਰ ਦੌਰਾਨ ਕਿਸੇ ਧਿਰ ਨਾਲ ਕੋਈ ਲੈਣ ਦੇਣ ਨਹੀਂ, ਉਸ ਦੇਸ਼ ਦਾ ਮਾਸੂਮ ਬੰਦਾ ਅਗਵਾ ਕਰਨਾ ਕਿਸੇ ਨੂੰ ਪਸੰਦ ਨਹੀਂ ਆਇਆ।
ਗ੍ਰਹਿ ਮੰਤਰੀ ਰਾਜੇਸ਼ ਪਾਇਲਟ ਨੂੰ ਪਤਾ ਲੱਗਾ, ਮੈਂ ਦਿੱਲੀ ਆਇਆ ਹੋਇਆ ਹਾਂ। ਉਸ ਨੇ ਘਰ ਸੱਦ ਕੇ ਪੁੱਛਿਆ- ਮਨੀਪੁਰ ਦਾ ਗਵਰਨਰ ਲੱਗਣੈਂ? ਜੇ ਮੈਂ ਮਨੀਪੁਰ ਜਾਣਾ ਮੰਨ ਜਾਵਾਂ, ਪ੍ਰਧਾਨ ਮੰਤਰੀ ਨੇ ਮਨ ਬਣਾ ਲਿਐ ਕਿ ਮੇਰੀ ਥਾਂ ਰੋਮਾਨੀਆ ਆਪ੍ਰੇਸ਼ਨ ਬਲੂਸਟਾਰ ਦੇ ਹੀਰੋ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬੁਲਬੁਲ ਬਰਾੜ ਨੂੰ ਭੇਜ ਦਿਆਂਗੇ। ਮੈਂ ਰਾਜੇਸ਼ ਨੂੰ ਕਿਹਾ ਕਿ ਦਸੰਬਰ ਵਿਚ ਮੇਰਾ ਰੋਮਾਨੀਆ ਦਾ ਕਾਰਜਕਾਲ ਖਤਮ ਹੋ ਜਾਏਗਾ, ਉਸ ਪਿੱਛੋਂ ਗੱਲ ਕਰਾਂਗੇ। ਕੋਈ ਗੱਲ ਨਹੀਂ ਹੋਈ ਤੇ ਮੈਂ ਭੁੱਲ ਭੁਲਾ ਗਿਆ।
ਪੰਨਾ 384: ਮੇਰਾ ਤੀਜਾ ਸਾਲ ਖਤਮ ਹੋਣ ਵਾਲਾ ਸੀ। ਵਿਦੇਸ਼ ਸਕੱਤਰ ਬੁਖਾਰੈਸਟ ਆਇਆ। ਉਸ ਨੇ ਪੁੱਛਿਆ ਕਿ ਇਕ ਸਾਲ ਹੋਰ ਚਾਹੀਦੈ? ਮੈਂ ਸਮਝ ਗਿਆ ਕਿ ਸਰਕਾਰ ਮੈਨੂੰ ਮਨੀਪੁਰ ਦਾ ਗਵਰਨਰ ਨਹੀਂ ਲਾਏਗੀ, ਨਾ ਕੋਈ ਹੋਰ ਆਫਿਸ ਮਿਲੇਗਾ। ਸੋ ਮੈਂ ‘ਹਾਂ’ ਕਰ ਦਿੱਤੀ। ਚੌਥਾ ਸਾਲ ਬੀਤਣ ਵਾਲਾ ਸੀ, ਮੈਂ ਵਿਦੇਸ਼ ਸਕੱਤਰ ਨੂੰ ਪੱਤਰ ਲਿਖਿਆ ਕਿ ਹੁਣ ਰੋਮਾਨੀਆ ਵਿਚ ਹੋਰ ਸਮਾਂ ਨਹੀਂ ਰਹਾਂਗਾ। ਮੇਰਾ ਕਾਰਜਕਾਲ ਪੂਰਾ ਹੋਣ ਤੋਂ ਇਕ ਮਹੀਨਾ ਪਹਿਲਾਂ ਮੇਰੇ ਉਤਰਾਧਿਕਾਰੀ ਦੀ ਚੋਣ ਹੋ ਗਈ। ਉਹ ਤੁਰੰਤ ਜਾਇਨ ਨਹੀਂ ਕਰ ਸਕਦਾ ਸੀ, ਇਸ ਕਰ ਕੇ ਮੈਂ ਸੀਨੀਅਰ ਸਕੱਤਰ ਨੂੰ ਚਾਰਜ ਦੇ ਕੇ ਦਿੱਲੀ ਵਾਪਸ ਆ ਗਿਆ।
ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਮਿਲਿਆ। ਉਸ ਨੇ ਪੁੱਛਿਆ- ਤੁਹਾਡੀ ਕਿੰਨੀ ਉਮਰ ਹੈ? ਮੈਂ ਦੱਸਿਆ 64 ਸਾਲ। ਉਸ ਨੇ ਕਿਹਾ- ਅਜੇ ਪੰਜ ਸਾਲ ਹੋਰ ਕੰਮ ਕਰ ਸਕਦੇ ਹੋ। ਮੈਂ ਕਿਹਾ- ਪੰਜ ਕਿਉਂ, ਵਧੀਕ ਸਮਾਂ ਕੰਮ ਕਰ ਸਕਦਾ ਹਾਂ। ਸਰਕਾਰ ਦਾ ਨਾ ਸਹੀ, ਆਪਣਾ ਸਹੀ। ਪ੍ਰਧਾਨ ਮੰਤਰੀ ਨੇ ਕਿਹਾ- ਮੇਰੇ ਵਲੋਂ ਕੋਈ ਖਬਰ ਮਿਲੇਗੀ। ਦਿੱਲੀਓਂ ਤੁਰਨ ਲੱਗਿਆਂ ਮੈਂ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਏæਐਨæ ਵਰਮਾ ਨੂੰ ਮਿਲ ਕੇ ਦੱਸ ਆਇਆ ਸਾਂ ਜੋ ਗੱਲਬਾਤ ਸਾਡੀ ਹੋਈ ਸੀ। ਉਸ ਨੂੰ ਇਹ ਵੀ ਕਿਹਾ ਕਿ ਮੈਂ ਤਿੰਨ ਮਹੀਨੇ ਉਡੀਕਾਂਗਾ, ਯਾਨਿ ਮਾਰਚ ਦੇ ਅੰਤ ਤੱਕ। ਪ੍ਰਧਾਨ ਮੰਤਰੀ ਦਾ ਸੁਭਾਅ ਥਿਰ ਨਾ ਹੋਣ ਕਾਰਨ ਵਾਧੂ ਸਮੇਂ ਤੱਕ ਉਡੀਕ ਠੀਕ ਨਹੀਂ ਸੀ। ਜਿਵੇਂ ਲਗਦਾ ਹੀ ਸੀ, ਮੈਨੂੰ ਕੋਈ ਖਬਰ ਨਹੀਂ ਮਿਲੀ ਤੇ ਮੈਂ ਆਪਣੇ ਨਿੱਜੀ ਕੰਮ-ਕਾਰ ਵਿਚ ਰੁੱਝ ਗਿਆ। ਕਿਸੇ ਨਿੱਜੀ ਕੰਮ ਦਿੱਲੀ ਆਇਆ ਤਾਂ ਕੇਂਦਰੀ ਗ੍ਰਹਿ ਸਕੱਤਰ ਪਦਮਾਨਭੱਈਆ ਨੂੰ ਮਿਲਿਆ। ਉਸ ਨੇ ਮੇਰੇ ਕੰਨੀ ਜੰਮੂ ਕਸ਼ਮੀਰ ਦੀ ਗਵਰਨਰੀ ਦੀ ਖਬਰ ਪਾਈ। ਬੰਬਈ ਆ ਕੇ ਗੱਲ ਫੇਰ ਆਈ ਗਈ ਹੋ ਗਈ।
(ਸਮਾਪਤ)
__________________________________________________
ਕਬਿਓ ਬਾਚ ਬਨਾਮ ਇਸ ਲਿਖਤ ਦਾ ਮਤਲਬ æææ
ਹਰਪਾਲ ਸਿੰਘ ਪੰਨੂ
ਸੰਸਕ੍ਰਿਤ ਵਿਚ ਕਵੀ ਮਾਇਨੇ ਕੇਵਲ ਕਵਿਤਾ ਰਚਣ ਵਾਲਾ ਨਹੀਂ; ਕਵੀ ਕਰਤਾ ਹੈ, ਕਰਤਾਰ ਹੈ, ਕਿਸੇ ਵੀ ਹੁਨਰ ਦਾ, ਘਾੜਤ ਦਾ। ਹਰ ਸਾਹਿਤਕਾਰ ਕਵੀ ਹੈ। ਬਾਚ ਸ਼ਬਦ ਵਾਚ ਤੋਂ ਬਣਿਆ। ਵਾਚ ਮਾਇਨੇ ਵਚਨ, ਵਾਕ, ਕਥਨ। ਸੋ, ਕਬਿਓ ਬਾਚ ਮਾਇਨੇ ਕਰਤਾ ਦਾ ਖਿਆਲ। ਇਹ ਸ਼ਬਦ ਪੰਜਾਬੀ ਵਿਚ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਤੇ, ਉਨ੍ਹਾਂ ਦੇ ਅਨੁਸਾਰੀ ਹੋ ਕੇ ਕੁੱਝ ਕਿੱਸਾਕਾਰਾਂ ਨੇ ਵੀ ਬਾਅਦ ਵਿਚ ਇਹ ਲਫਜ਼ਾਂ ਇਸਤੇਮਾਲ ਕੀਤੇ।
ਰਿਬੇਰੋ ਦੀ ਜੀਵਨੀ ਦੇ ਹਿੱਸੇ ਛਪਣ ਸਾਰ ਪੰਜਾਬੀ ਪਾਠਕਾਂ ਵਿਚ ਚੋਖੀ ਹਲਚਲ ਹੋਈ। ਬਹੁਤੇ ਪਾਠਕਾਂ ਨੇ ਚਾਹਿਆ ਹੈ, ਸਾਰੀ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਹੋਵੇ। ਕੁੱਝ ਪਾਠਕਾਂ ਨੇ ਮੈਨੂੰ ਸਵਾਲ ਕੀਤਾ- ਇਹ ਲਿਖਤ ਅਨੁਵਾਦ ਕਰਨ ਪਿੱਛੇ ਤੁਹਾਡਾ ਕੀ ਮਨੋਰਥ ਹੈ? ਮੇਰਾ ਉਤਰ ਸੀ- ਨਾ ਕਿਸੇ ਦਾ ਦਿਲ ਦੁਖਾਣ ਲਈ ਅਨੁਵਾਦ ਕੀਤਾ, ਨਾ ਕਿਸੇ ਨੂੰ ਖੁਸ਼ ਕਰਨ ਲਈ। ਵਾਈਕਿੰਗ ਨੇ ਇਹ ਕਿਤਾਬ 1998 ਵਿਚ ਛਾਪੀ ਸੀ; ਯਾਨਿ 15 ਸਾਲ ਪਹਿਲਾਂ। ਉਦੋਂ ਇਸ ਕਿਤਾਬ ਬਾਰੇ ਗੱਲ ਕਰਨ ਦਾ, ਗੱਲ ਸੁਣਨ ਦਾ ਮਾਹੌਲ ਨਹੀਂ ਸੀ। ਹੁਣ ਗਰਦ ਗੁਬਾਰ ਹੇਠਾਂ ਬੈਠ ਗਿਆ ਹੈ। ਹੁਣ ਆਪਾ-ਚੀਨਣ, ਵਿਸ਼ਲੇਸ਼ਣ ਕਰਨ ਦੀ ਘੜੀ ਆ ਗਈ ਹੈ। ਕਥਾ ਕਰਦਿਆਂ, ਵਿਖਿਆਨ ਕਰਦਿਆਂ ਸਿੱਖ ਕਥਾਕਾਰ, ਕਾਜ਼ੀ ਨੂਰ ਮੁਹੰਮਦ ਦਾ ਅਕਸਰ ਜ਼ਿਕਰ ਕਰਦੇ ਹਨ। ਸ਼ਾਇਰ ਕਾਜ਼ੀ ਨੂਰ ਮੁਹੰਮਦ ਅਹਿਮਦਸ਼ਾਹ ਅਬਦਾਲੀ ਦਾ ਸਕੱਤਰ ਸੀ। ਭਾਰਤ ਉਪਰ ਹਮਲੇ ਦੌਰਾਨ ਉਹ ਅਬਦਾਲੀ ਨਾਲ ਆਉਣ ਵਾਸਤੇ ਤਿਆਰ ਨਹੀਂ ਸੀ। ਅਬਦਾਲੀ ਨੇ ਆਪਣੀ ਸੂਰਮਗਤੀ ਉਪਰ ਜੰਗਨਾਮਾ ਲਿਖਵਾਉਣਾ ਸੀ। ਉਸ ਨੂੰ ਇਹ ਕਹਿ ਕੇ ਮਨਾਇਆ ਗਿਆ ਕਿ ਵਾਪਸੀ ਵਕਤ ਤੁਹਾਨੂੰ ਕਾਬਲ ਦਾ ਜੱਜ (ਕਾਜ਼ੀ) ਨਿਯੁਕਤ ਕਰਾਂਗੇ। ਅਜਿਹਾ ਕੀਤਾ ਗਿਆ, ਤਾਂ ਹੀ ਉਸ ਦੇ ਨਾਮ ਨਾਲ ਕਾਜ਼ੀ ਖਿਤਾਬ ਲਗਦਾ ਹੈ। ਨੂਰ ਮੁਹੰਮਦ ਦਾ ਹਵਾਲਾ ਇਸ ਕਰ ਕੇ ਦਿੱਤਾ ਜਾਂਦਾ ਹੈ ਕਿ ਉਹ ਦੁਸ਼ਮਣ ਹੁੰਦਾ ਹੋਇਆ ਕਈ ਕੁੱਝ ਸੁਹਣਾ ਲਿਖ ਗਿਆ।
ਰਿਬੇਰੋ ਭਾਰਤੀ ਸਟੇਟ ਦਾ ਕਾਰਿੰਦਾ ਸੀ ਜਿਸ ਨੇ ਦਿੱਤੀ ਗਈ ਜ਼ਿੰਮੇਵਾਰੀ ਨਿਭਾਉਣੀ ਸੀ। ਅਸੀਂ ਦੇਖਣਾ ਹੈ ਕਿ ਜ਼ਿੰਮੇਵਾਰੀ ਨਿਭਾਉਂਦਿਆਂ ਉਹ ਮਾਨਵੀ ਕਦਰਾਂ-ਕੀਮਤਾਂ ਦਾ ਕੁੱਝ ਧਿਆਨ ਰੱਖਦਾ ਹੈ ਕਿ ਤਬਾਹੀ ਦਾ ਸੁਹਾਗਾ ਫੇਰੀ ਜਾਂਦਾ ਹੈ। ਫਿਰ ਅਸੀਂ ਮੁਕਾਬਲਾ ਵੀ ਕਰਨਾ ਹੈæææਮੁਕਾਬਲਾ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਅਤੇ ਪੁਲਿਸ ਚੀਫ ਕੇæਪੀæਐਸ਼ ਗਿੱਲ ਨਾਲ ਹੋਵੇਗਾ। ਰਿਬੇਰੋ ਦੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਸਮਾਨੰਤਰ ਬਰਾੜ ਦੀ ‘ਆਪ੍ਰੇਸ਼ਨ ਬਲੂ ਸਟਾਰ’ ਅਤੇ ਗਿੱਲ ਦੀ ‘ਨਾਈਟਸ ਆਫ ਫਾਲਸਹੁੱਡ’ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਹ ਤਿੰਨੇ ਕਿਤਾਬਾਂ ਮੈਂ ਇਕ ਹਫਤੇ ਵਿਚ ਪੜ੍ਹੀਆਂ। ਰਿਬੇਰੋ ਗੋਆ ਦਾ ਕੈਥੋਲਿਕ ਈਸਾਈ ਹੈ। ਉਸ ਦੀ ਲਿਖਤ ਵਿਚੋਂ ਕਿਸੇ ਕਿਸੇ ਥਾਂ ਈਸਾਈ ਧਰਮ ਦੀ ਝਲਕ ਦਿਸਦੀ ਹੈ। ਬਰਾੜ ਅਤੇ ਗਿੱਲ ਦੀ ਲਿਖਤ ਵਿਚੋਂ ਧਰਮ ਨਹੀਂ ਦਿਸਦਾ।
ਵਿਚਿਤਰ ਤੱਥ ਮਿਲੇ। ਖਾੜਕੂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਾਨਾਂ ਵਾਰ ਰਹੇ ਹਨ, ਉਨ੍ਹਾਂ ਨੂੰ ਸਭ ਤੋਂ ਵਧੀਆ ਸਿੱਖ ਰਾਗੀ ਦਰਸ਼ਨ ਸਿੰਘ ਲਗਦਾ ਹੈ ਜਿਸ ਨੂੰ ਉਹ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰਵਾਉਣ ਵਿਚ ਕਾਮਯਾਬ ਗਏ। ਰਾਗੀ ਸਰਕਾਰ ਦਾ ਬੰਦਾ ਹੈ, ਇਸ ਦਾ ਖਾੜਕੂਆਂ ਨੂੰ ਇਲਮ ਨਹੀਂ। ਡਾæ ਸੋਹਣ ਸਿੰਘ ਪੰਥਕ ਕਮੇਟੀ ਬਣਾਉਂਦਾ ਹੈ ਜਿਸ ਵਿਚ ਸਾਰੇ ਖਾੜਕੂ ਨੇਤਾ ਯੁੱਧ ਲੜਦਿਆਂ ਮਾਰੇ ਜਾਂਦੇ ਹਨ, ਕੇਵਲ ਡਾæ ਸੋਹਣ ਸਿੰਘ ਬਚ ਜਾਂਦਾ ਹੈ। ਡਾæ ਸੋਹਣ ਸਿੰਘ ਦੇ ਪੁੱਤਰ ਸਵਰਨ ਸਿੰਘ ਬੋਪਾਰਾਇ ਨੂੰ ਮਹਾਰਾਜਾ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਂਦਾ ਹੈ।
ਵੱਡੀ ਗਿਣਤੀ ਵਿਚ ਪੰਜਾਬ ਪੁਲਿਸ ਦੇ ਸਿੱਖ ਜੁਆਨ ਮਰੇ, ਉਸ ਤੋਂ ਕਿਤੇ ਵੱਡੀ ਗਿਣਤੀ ਵਿਚ ਖਾੜਕੂ ਸਿੱਖ ਜੁਆਨ ਕਤਲ ਹੋਏ। ਇਸ ਸਾਰੇ ਦੌਰ ਵਿਚੋਂ ਕੀ ਖੱਟਿਆ, ਕੀ ਗੁਆਇਆ? ਇਸ ਦੀ ਪੁਣ-ਛਾਣ ਕਰਦਿਆਂ ਮਨ ਡੂੰਘੀ ਉਦਾਸੀ ਵਿਚ ਘਿਰ ਜਾਂਦਾ ਹੈ।
ਬਹੁਤ ਸਾਰੇ ਪਾਠਕ ਰਿਬੇਰੋ ਦੇ ਕਿਰਦਾਰ ਨੂੰ ਜਾਣਦੇ ਹੋਣਗੇ। ਕਈਆਂ ਦਾ ਉਸ ਨਾਲ ਵਾਹ ਪਿਆ ਹੋਵੇਗਾ। ਉਸ ਦੀ ਸਵੈ-ਜੀਵਨੀ ਵਿਚ ਕਿੰਨਾ ਸੱਚ ਹੈ ਕਿੰਨਾ ਝੂਠ, ਚੰਗਾ ਹੋਏ ਜੇ ਆਪਣੀਆਂ ਲਿਖਤਾਂ ਰਾਹੀਂ ਉਹ ਸਹੀ ਨਿਸਤਾਰਾ ਕਰ ਸਕਣ।
Leave a Reply