ਸੰਯੁਕਤ ਕਿਸਾਨ ਮੋਰਚੇ ਦੇ ਮੁੜ ਏਕੇ ਲਈ ਚਾਰਾਜੋਈ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਸੰਯੁਕਤ ਸਮਾਜ ਮੋਰਚੇ ਵਿਚ ਸ਼ਾਮਲ ਬਲਵੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਸਮੇਤ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ ਕੀਤੀਆਂ ਬਾਕੀ ਗਿਆਰਾਂ ਕਿਸਾਨ ਜਥੇਬੰਦੀਆਂ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਦੇ ਆਸਾਰ ਬਣ ਗਏ ਹਨ।

ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਸੰਚਾਲਨ ਕਮੇਟੀ ਦੇ ਆਗੂ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਸ਼ਿਵ ਕੁਮਾਰ ਕੱਕਾ, ਡਾ. ਦਰਸ਼ਨ ਪਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਪਹਿਲਾਂ ਲੁਧਿਆਣਾ ਵਿਚ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ ਅਤੇ ਫਿਰ ਮੁੱਲਾਂਪੁਰ ਵਿਚ 11 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ-ਚਰਚਾ ਕਰਨ ਮਗਰੋਂ ਜਲਦੀ ਏਕਤਾ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ ਪੰਜ ਨੁਕਾਤੀ ਪ੍ਰੋਗਰਾਮ ਅਨੁਸਾਰ 8 ਜੂਨ ਨੂੰ ਹੋਣ ਵਾਲੀ ਮੀਟਿੰਗ ਵਿਚ ਦੇਸ ਵਿਆਪੀ ਸੰਘਰਸ਼ ਵਿੱਢਣ ਲਈ ਰੂਪ-ਰੇਖਾ ਉਲੀਕੀ ਜਾਵੇਗੀ।
ਮੁੱਲਾਂਪੁਰ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਫਰਮਾਨ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ, ਕਿਰਨਜੀਤ ਸਿੰਘ ਸੇਖੋਂ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਮਨਜੀਤ ਸਿੰਘ ਰਾਏ ਅਤੇ ਜਗਮੋਹਨ ਸਿੰਘ ਪਟਿਆਲਾ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ ਸਨ।
ਸ਼ਿਵ ਕੁਮਾਰ ਕੱਕਾ, ਰਾਕੇਸ਼ ਟਿਕੈਤ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚੋਣਾਂ ਲੜੀਆਂ ਜਾਂ ਚੋਣਾਂ ਲੜਨ ਦੀ ਹਮਾਇਤ ਕੀਤੀ ਸੀ ਪਰ ਭਵਿੱਖ ਵਿਚ ਅਜਿਹਾ ਕਰਨ ਤੋਂ ਕਿਨਾਰਾ ਕਰ ਲਿਆ ਹੈ, ਉਨ੍ਹਾਂ ਜਥੇਬੰਦੀਆਂ ਨੂੰ ਕਿਸਾਨ ਮੋਰਚੇ ਦਾ ਹਿੱਸਾ ਬਣਾਉਣ ਲਈ ਜਲਦੀ ਫੈਸਲਾ ਲਿਆ ਜਾਵੇਗਾ। ਡਾ. ਦਰਸ਼ਨ ਪਾਲ ਅਤੇ ਯੋਗੇਂਦਰ ਯਾਦਵ ਜਰੂਰੀ ਰੁਝੇਵਿਆਂ ਕਾਰਨ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਚਲੇ ਗਏ ਪਰ ਇਕ ਸਵਾਲ ਦੇ ਜਵਾਬ ਵਿਚ ਯੋਗੇਂਦਰ ਨੇ ਕਿਹਾ ਕਿ ਵਿੱਛੜਿਆਂ ਪਰਿਵਾਰ ਮੁੜ ਜਲਦੀ ਇਕਜੁੱਟ ਹੋ ਕੇ ਦੇਸ਼ਵਿਆਪੀ ਸੰਘਰਸ਼ ਵਿੱਢਿਆ ਜਾਵੇਗਾ। ਟਿਕੈਤ ਅਤੇ ਉਗਰਾਹਾਂ ਨੇ ਕਿਹਾ ਕਿ 8 ਜੂਨ ਨੂੰ ਦਿੱਲੀ ਵਿਚ ਹੋਣ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਕੌਮੀ ਪੱਧਰ ਦੇ ਕਿਸਾਨ ਮਸਲਿਆਂ ਦੇ ਪੰਜ ਨੁਕਾਤੀ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਰਚੇ ਵਿਚੋਂ ਮੁਅੱਤਲ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਮੀਟਿੰਗ ਵਿਚ ਭਾਗ ਲੈ ਸਕਦੇ ਹਨ।
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਬਾਰੇ ਭਾਵੇਂ ਕੁਝ ਨਹੀਂ ਕਿਹਾ ਗਿਆ ਪਰ ਸੂਤਰਾਂ ਅਨੁਸਾਰ ਉਨ੍ਹਾਂ ਦੇ ਸੰਯੁਕਤ ਕਿਸਾਨ ਮੋਰਚੇ ਵਿਚ ਬਣੇ ਰਹਿਣ ਦੇ ਆਸਾਰ ਘੱਟ ਹੀ ਦਿਖਾਈ ਦੇ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਉਗਰਾਹਾਂ ਨੇ ਕਿਸਾਨ ਮੋਰਚੇ ਦੌਰਾਨ ਇਕੱਤਰ ਹੋਏ ਫੰਡ ਬਾਰੇ ਸਪੱਸ਼ਟ ਕੀਤਾ ਕਿ ਸਿੰਘੂ ਬਾਰਡਰ ਉੱਪਰ ਇਕੱਤਰ ਹੋਏ ਫੰਡ ਦਾ ਹਿਸਾਬ-ਕਿਤਾਬ ਆਡਿਟ ਕਮੇਟੀ ਕੋਲ ਹੈ ਅਤੇ ਉਹ ਫੰਡ ਸੰਯੁਕਤ ਕਿਸਾਨ ਮੋਰਚੇ ਦੀ ਅਮਾਨਤ ਹੈ।
ਗੰਨਾ ਕਾਸ਼ਤਕਾਰਾਂ ਦੇ ਮਸਲੇ ਹੱਲ ਕਰਾਂਗੇ: ਚੀਮਾ
ਜਲੰਧਰ: ਪੰਜਾਬ ਦੇ ਸਹਿਕਾਰਤਾ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਥੇ 16 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਵਿਚਾਰਾਂ ਕਰਦਿਆਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਨੂੰ ਨਿਬੇੜਨ ਲਈ ਸੂਬਾ ਸਰਕਾਰ ਪੂਰੇ ਸੁਹਿਰਦ ਯਤਨ ਕਰ ਰਹੀ ਹੈ। ਸਥਾਨਕ ਸਰਕਟ ਹਾਊਸ ‘ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਸਥਾਰ ਵਿਚ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਬਾਬਤ ਗੱਲਬਾਤ ਕਰਨ ਉਪਰੰਤ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਾਸ਼ਤਕਾਰਾਂ ਦੇ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵੱਲ ਖੜ੍ਹੇ ਬਕਾਏ ਵੀ ਜਲਦ ਤੋਂ ਜਲਦ ਦਿਵਾਉਣ ਲਈ ਉਪਰਾਲੇ ਕਰ ਰਹੀ ਹੈ।
ਕਿਸਾਨਾਂ ਦੀ ਮਜ਼ਬੂਤੀ ਲਈ ਸਭ ਕੁਝ ਕਰਾਂਗੇ: ਮੋਦੀ
ਰਾਜਕੋਟ: ਗਾਂਧੀਨਗਰ ਵਿਚ ਸਹਿਕਾਰਤਾ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੇ ਯੂਕਰੇਨ ਵਿਚ ਯੁੱਧ ਕਾਰਨ ਖਾਦਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ, ਪਰ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਦੇਸ ‘ਚ ਕਿਸਾਨਾਂ ਨੂੰ ਯੂਰੀਆ ਤੇ ਹੋਰ ਸਮੱਗਰੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਸੀਂ ਉਹ ਸਭ ਕੁਝ ਕਰਾਂਗੇ ਜੋ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 50 ਕਿੱਲੋ ਦੇ ਆਯਾਤ ਕੀਤੇ ਯੂਰੀਆ ਦੇ ਥੈਲੇ ਦੀ ਕੀਮਤ 3500 ਰੁਪਏ ਹੈ, ਇਹ ਕਿਸਾਨਾਂ ਨੂੰ 300 ਰੁਪਏ ਵਿਚ ਦਿੱਤੀ ਜਾਂਦੀ ਹੈ।