ਰਾਜ ਸਭਾ ਚੋਣ: ‘ਆਪ` ਨੇ ਸੀਚੇਵਾਲ ਤੇ ਵਿਕਰਮਜੀਤ ਸਾਹਨੀ ਦੇ ਨਾਂ `ਤੇ ਮੋਹਰ ਲਾਈ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਸਭਾ ਮੈਂਬਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 31 ਮਈ ਆਖਰੀ ਤਰੀਕ ਰੱਖੀ ਗਈ ਸੀ, ਜਦੋਂ ਕਿ ਵੋਟਿੰਗ 10 ਜੂਨ ਨੂੰ ਹੋਵੇਗੀ। ਇਹ ਦੋਵੇਂ ਸੀਟਾਂ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ‘ਤੇ ਖਾਲੀ ਹੋਈਆਂ ਸਨ।

ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਜਨਮ ਜਲੰਧਰ ਦੇ ਕਿਸਾਨ ਪਰਿਵਾਰ ਵਿਚ ਹੋਇਆ। ਉਹ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਕੰਮ ਕਰਦੇ ਆ ਰਹੇ ਹਨ। ਸੰਤ ਸੀਚੇਵਾਲ ਨੇ ਦਰਿਆਵਾਂ ਵਿਚਲੇ ਪਾਣੀ ਦੇ ਪ੍ਰਦੂਸ਼ਣ ਖਿਲਾਫ ਵਿੱਢੀ ਮੁਹਿੰਮ ਤਹਿਤ ਸਾਲ 2007 ਵਿਚ ਸੁਲਤਾਨਪੁਰ ਲੋਧੀ ‘ਚ 160 ਕਿਲੋਮੀਟਰ ਲੰਬੀ ਕਾਲੀ ਵੇਈਂ ਨਦੀ ਦੀ ਸਫਾਈ ਕਰਵਾਈ ਸੀ। ਵਾਤਾਵਰਨ ਸੰਭਾਲ ਲਈ ਸ਼ੁਰੂ ਕੀਤੇ ਪ੍ਰੋਜੈਕਟਾਂ ਕਰਕੇ ਸੰਤ ਸੀਚੇਵਾਲ ਨੂੰ ‘ਈਕੋ ਬਾਬਾ‘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2017 ਵਿਚ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ।
ਪੰਜਾਬੀ ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਮੌਰੀਸ਼ਸ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਹ ਵਿਸ਼ਵ ਪੰਜਾਬੀ ਸੰਗਠਨ ਦੇ ਕੌਮਾਂਤਰੀ ਪ੍ਰਧਾਨ ਰਹਿੰਦਿਆਂ 22 ਤੋਂ ਵੱਧ ਦੇਸ਼ਾਂ ਵਿਚ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਅਫ਼ਗਾਨਿਸਤਾਨ ਦੇ 500 ਤੋਂ ਵੱਧ ਹਿੰਦੂਆਂ ਅਤੇ ਸਿੱਖਾਂ ਨੂੰ ਮੁੜ ਵਸਾਉਣ ਤੋਂ ਇਲਾਵਾ ਕਰੋਨਾ ਮਹਾਮਾਰੀ ਦੌਰਾਨ ਕਈ ਸਮਾਜ ਸੇਵੀ ਕੰਮਾਂ ਰਾਹੀਂ ਮਨੁੱਖਤਾ ਦੀ ਸੇਵਾ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਦੋਵੇਂ ਪਦਮਸ੍ਰੀ ਦਾ ਐਲਾਨ ਕੀਤੇ ਜਾਣ ‘ਤੇ ‘ਆਪ‘ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਵਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ‘ ਨੇ ਵਾਤਾਵਰਨ ਪ੍ਰੇਮੀ ਅਤੇ ਪੰਜਾਬੀ ਸੱਭਿਆਚਾਰ ਲਈ ਕੰਮ ਕਰਨ ਵਾਲੀਆਂ ਦੋ ਸ਼ਖਸੀਅਤਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ। ਇਸ ਦੌਰਾਨ ਹੀ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਡਾ. ਸੰਦੀਪ ਪਾਠਕ ਨੇ ਵੀ ਦੋਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ‘ ਦੇ ਸਾਰੇ ਸੰਸਦ ਮੈਂਬਰ ਮਿਲ ਕੇ ਸੰਸਦ ਵਿਚ ਪੰਜਾਬ ਦੇ ਲੋਕਾਂ ਦੇ ਮਸਲੇ ਉਠਾਉਣਗੇ।
ਦੱਸਣਯੋਗ ਹੈ ਕਿ ਪੰਜਾਬ ਵਿਚ ਰਾਜ ਸਭਾ ਦੀਆਂ ਕੁੱਲ ਸੱਤ ਸੀਟਾਂ ਵਿਚੋਂ ਪੰਜ ਸੀਟਾਂ ਉੱਤੇ ‘ਆਪ` ਉਮੀਦਵਾਰ ਜਿੱਤ ਚੁੱਕੇ ਹਨ। ਮਾਰਚ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਘਵ ਚੱਢਾ, ਡਾ. ਸੰਦੀਪ ਪਾਠਕ, ਕ੍ਰਿਕਟਰ ਹਰਭਜਨ ਸਿੰਘ, ਉਦਯੋਗਿਕ ਜਗਤ ਨਾਲ ਜੁੜੇ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ।
ਨਵੇਂ ਮੈਂਬਰ ਪੰਜਾਬ ਦੇ ਹੱਕ `ਚ ਖੜ੍ਹਨਗੇ: ਕੇਜਰੀਵਾਲ
ਦਿੱਲੀ: ‘ਆਪ` ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਲਈ ਪਾਰਟੀ ਵੱਲੋਂ ਐਲਾਨੇ ਦੋਵੇਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ‘ਆਪ` ਦੇ ਉਮੀਦਵਾਰ ਆਪਣੇ ਚੰਗੇ ਤਜਰਬੇ ਤੇ ਗਿਆਨ ਦੀ ਵਰਤੋਂ ਕਰਕੇ ਰਾਜ ਸਭਾ `ਚ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਮਜ਼ਬੂਤੀ ਨਾਲ ਉਠਾਉਣਗੇ। ‘ਆਪ` ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਡਾ. ਸੰਦੀਪ ਪਾਠਕ ਨੇ ਵੀ ਦੋਵਾਂ ਆਗੂਆਂ ਨੂੰ ਵਧਾਈ ਦਿੱਤੀ। ਰਾਘਵ ਚੱਢਾ ਨੇ ਕਿਹਾ ਇਕ ਵਾਤਾਵਰਨ ਪ੍ਰੇਮੀ ਦੇ ਰੂਪ `ਚ ਉਨ੍ਹਾਂ ਦੀ ਵਿਸ਼ੇਸ਼ਤਾ ਅਤੇ ਗਿਆਨ ਸੰਸਦ ਲਈ ਇਕ ਸੰਪਤੀ ਹੋਵੇਗੀ।