ਸਿਆਸੀ ਉਥਲ-ਪੁਥਲ

ਪਿਛਲੇ ਦੋ ਸਾਲ ਤੋਂ ਪੰਜਾਬ ਦੇ ਸਿਆਸੀ ਪਿੜ ਅੰਦਰ ਬੜੀ ਤਿੱਖੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਹੁਣ ਸਾਬਕਾ ਮੰਤਰੀ ਅਤੇ ਕਾਂਗਰਸ ਆਗੂ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਨਾਲ ਇਹ ਸਿਖਰ ਵੱਲ ਵਧ ਰਹੀ ਜਾਪਦੀ ਹੈ।

ਇਸ ਨਾਲ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਛੋਟੇ ਪੱਧਰ ‘ਤੇ ਹੋ ਰਹੀ ਉਥਲ-ਪੁਥਲ ਦੀਆਂ ਕੜੀਆਂ ਵੀ ਜੁੜੀਆਂ ਹੋਈਆਂ ਹਨ। ਮਾਰਚ 2020 ਵਿਚ ਜਦੋਂ ਮੋਦੀ ਸਰਕਾਰ ਨੇ ਕਰੋਨਾ ਮਹਾਮਾਰੀ ਦੌਰਾਨ ਸੰਸਾਰ ਦਾ ਸਭ ਤੋਂ ਸਖਤ ਲੌਕਡਾਊਨ ਲਾਇਆ ਸੀ ਤਾਂ ਇਹ ਪੰਜਾਬ ਹੀ ਸੀ ਜਿਸ ਨੇ ਇਸ ਲੌਕਡਾਊਨ ਨੂੰ ਸੜਕਾਂ ‘ਤੇ ਆਣ ਕੇ ਵੰਗਾਰਿਆ ਸੀ। ਇਸ ਵੰਗਾਰ ਵਿਚੋਂ ਹੀ ਮਿਸਾਲੀ ਕਿਸਾਨ ਅੰਦੋਲਨ ਨਿਕਲਿਆ ਜਿਸ ਦੀ ਸ਼ੁਰੂਆਤ ਮੋਦੀ ਸਰਕਾਰ ਦੇ ਕਰੋਨਾ ਕਾਲ ਦੌਰਾਨ ਲਿਆਂਦੇ ਖੇਤੀ ਆਰਡੀਨੈਂਸਾਂ ਖਿਲਾਫ ਰੋਸ ਵਿਖਾਵਿਆਂ ਤੋਂ ਸ਼ੁਰੂ ਹੋਈ ਸੀ। ਸਰਕਾਰ ਨੇ ਜਿਉਂ ਹੀ ਇਨ੍ਹਾਂ ਆਰਡੀਨੈਂਸਾਂ ਨੂੰ ਕਾਨੂੰਨ ਦਾ ਰੂਪ ਦਿੱਤਾ, ਪੰਜਾਬ ਵਿਚ ਕਿਸਾਨ ਅੰਦੋਲਨ ਨੇ ਵੀ ਪੂਰੇ ਜਲੌਅ ਨਾਲ ਸਿਰ ਚੁੱਕਿਆ ਅਤੇ ਫਿਰ ਅੰਦੋਲਨ ਨਾਲ ਜਿਸ ਤਰ੍ਹਾਂ ਪਹਿਲਾਂ ਹਰਿਆਣਾ, ਤੇ ਫਿਰ ਮੁਲਕ ਦੇ ਕਈ ਹੋਰ ਸੂਬੇ ਜੁੜੇ, ਉਹ ਦੌਰ ਅੱਜ ਇਤਿਹਾਸ ਦੇ ਪੰਨਿਆਂ ਉਤੇ ਦਰਜ ਹੈ। ਇਸ ਤੋਂ ਬਾਅਦ ਫਰਵਰੀ 2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਡਾਢੀ ਸਿਆਸੀ ਉਥਲ-ਪੁਥਲ ਹੋਈ ਜਦੋਂ ਆਮ ਆਦਮੀ ਪਾਰਟੀ ਨੇ ਮਿਸਾਲੀ ਜਿੱਤ ਹੀ ਹਾਸਲ ਨਹੀਂ ਕੀਤੀ ਸਗੋਂ ਸੂਬੇ ਦੇ ਕਹਿੰਦੇ ਕਹਾਉਂਦੇ ਸਭ ਦੇ ਸਭ ਰਵਾਇਤੀ ਆਗੂ ਚੋਣ ਦੇ ਮੈਦਾਨ ਵਿਚ ਹਾਰ ਗਏ।
ਹੁਣ ਚਰਚਿਤ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਆਲਾ ਦੇ ਕਤਲ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਵਾਹਵਾ ਭਖਿਆ ਹੋਇਆ ਹੈ। ਸਿਤਮਜ਼ਰੀਫੀ ਇਹ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਇਸ ਕਤਲ ਨਾਲ ਜੁੜੀਆਂ ਕੜੀਆਂ ਦੀਆਂ ਜੜ੍ਹਾਂ ਤਲਾਸ਼ਣ ਦੀ ਥਾਂ ਆਪੋ-ਆਪਣੇ ਮੁਫਾਦਾਂ ਕਾਰਨ ਨਿਰੀ ਸਿਆਸਤ ਕਰ ਰਹੇ ਹਨ। ਉਪਰੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਸਿਆਸੀ ਪਿੜ ਹੋਰ ਭਖਾ ਦਿੱਤਾ ਹੈ ਅਤੇ ਸਾਰੀਆਂ ਸਿਆਸੀ ਧਿਰਾਂ ਆਪੋ-ਆਪਣੀ ਸਿਆਸੀ ਜ਼ਮੀਨ ਨੂੰ ਪੱਕੇ ਪੈਰੀਂ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਹੋਰ ਤਾਂ ਹੋਰ, ਭਾਰਤੀ ਜਨਤਾ ਪਾਰਟੀ ਜਿਸ ਦੇ ਸਿਆਸੀ ਲੀਡਰਾਂ ਦਾ ਕਿਸਾਨ ਅੰਦੋਲਨ ਦੌਰਾਨ ਘਰਾਂ ਵਿਚੋਂ ਨਿਕਲਣਾ ਬੰਦ ਹੋਇਆ ਪਿਆ ਸੀ, ਇਕ ਵਾਰ ਫਿਰ ਪੰਜਾਬ ਵਿਚ ਆਪਣੀ ਪੈਂਠ ਜਮਾਉਣ ਲਈ ਸਿਆਸੀ ਤਿਕੜਮਾਂ ਲੜਾ ਰਹੀ ਹੈ। ਇਸ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਰਗੇ ਆਗੂਆਂ ਨਾਲ ਰਲ ਕੇ ਵਿਧਾਨ ਸਭਾ ਚੋਣਾਂ ਦੌਰਾਨ ਜ਼ੋਰ-ਅਜ਼ਮਾਈ ਕਰਨ ਦਾ ਯਤਨ ਕੀਤਾ ਅਤੇ ਫਿਰ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਲਾਹਾ ਲੈਂਦਿਆਂ ਸੁਨੀਲ ਜਾਖੜ ਵਰਗੇ ਟਕਸਾਲੀ ਕਾਂਗਰਸੀ ਆਗੂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ। ਹੁਣ ਇਕੋ ਦਿਨ ਕਾਂਗਰਸ ਦੇ ਕਈ ਸਾਬਕਾਂ ਮੰਤਰੀਆਂ ਅਤੇ ਅਕਾਲੀ ਆਗੂਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਹਰ ਹਾਲ ਆਪਣਾ ਹੱਥ ਉਪਰ ਚਾਹੁੰਦੀ ਹੈ।
ਅਸਲ ਵਿਚ ਭਾਰਤੀ ਜਨਤਾ ਪਾਰਟੀ ਮੁਲਕ ਪੱਧਰ ਉਤੇ ਕਾਂਗਰਸ ਵਾਲੀ ਸਾਰੀ ਦੀ ਸਾਰੀ ਜ਼ਮੀਨ ਖੁਦ ਹਾਸਲ ਕਰਨਾ ਚਾਹੁੰਦੀ ਹੈ। ਇਸ ਦਾ ਸਿੱਧਾ-ਸਿੱਧਾ ਐਲਾਨ ਹੈ ਕਿ ਭਾਰਤ ਨੂੰ ਕਾਂਗਰਸ ਮੁਕਤ ਕਰਨਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਐਤਕੀਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਬਦਲਵੀਂ ਧਿਰ ਵਜੋਂ ਆਗਾਜ਼ ਹੋਇਆ ਹੈ, ਉਸ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਵੱਡਾ ਰੋਲ ਅਦਾ ਕਰਨ ਲਈ ਉਕਸਾਇਆ ਹੈ। ਬਿਨਾਂ ਸ਼ੱਕ, ਸੂਬੇ ਅੰਦਰ ਬੇਅਦਬੀ ਅਤੇ ਕੁਝ ਹੋਰ ਮਸਲਿਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਉਤੇ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਟੁੱਟ-ਭੱਜ ਕਾਰਨ ਕਾਂਗਰਸ ਦਾ ਹਾਲ ਵੀ ਕੋਈ ਬਿਹਤਰ ਨਹੀਂ, ਇਸ ਲਈ ਭਾਰਤੀ ਜਨਤਾ ਪਾਰਟੀ ਦੀ ਗਿਣਤੀ-ਮਿਣਤੀ ਇਹ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਸੂਬੇ ਅੰਦਰ ਪਾਰਟੀ ਨੂੰ ਵੱਡੀ ਧਿਰ ਬਣਾਇਆ ਜਾਵੇ। ਆਉਣ ਵਾਲੇ ਦਿਨਾਂ ਵਿਚ ਸੰਭਵ ਹੈ, ਸੂਬੇ ਦੇ ਕੁਝ ਹੋਰ ਆਗੂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲੈਣ। ਇਸ ਪਾਰਟੀ ਦਾ ਮੁੱਖ ਨਿਸ਼ਾਨਾ 2024 ਵਾਲੀਆਂ ਲੋਕ ਸਭਾ ਚੋਣਾਂ ਹਨ। ਉਂਝ ਵੀ, ਪੰਜਾਬ ਨੇ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਨੂੰ ਸਦਾ ਹੀ ਕਰਾਰੇ ਹੱਥੀਂ ਲਿਆ ਹੈ। ਸ਼ਾਇਦ ਇਸੇ ਕਰਕੇ ਪਾਰਟੀ ਆਗੂਆਂ ਨੂੰ ਜਾਪਦਾ ਹੈ ਕਿ ਪੰਜਾਬ ਵਿਚ ਪੈਂਠ ਬਣਾਏ ਬਗੈਰ ਮੁਲਕ ਪੱਧਰ ‘ਤੇ ਉਹ ਮਨਮਰਜ਼ੀ ਨਹੀਂ ਕਰ ਸਕਦੀ ਜੋ ਇਹ ਆਪਣੇ ਏਜੰਡੇ ਲਈ ਕਰਨਾ ਚਾਹੁੰਦੀ ਹੈ। ਇਸੇ ਕਰਕੇ ਹੀ ਪਾਰਟੀ ਨੇ ਸੰਗਰੂਰ ਹਲਕੇ ਤੋਂ ਆਪਣਾ ਵੱਖਰਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਹੈ।
ਜ਼ਾਹਿਰ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਲਈ ਹੋਰ ਵੀ ਉਥਲ-ਪੁਥਲ ਵਾਲਾ ਹੋਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਭਾਵੇਂ ਅਜੇ ਕੁਝ ਮਹੀਨੇ ਹੀ ਹੋਏ ਹਨ ਪਰ ਹੁਣ ਤੱਕ ਦੀ ਕਾਰਗੁਜ਼ਾਰੀ ਦੱਸਦੀ ਹੈ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਬਹੁਤੀ ਵੱਖਰੀ ਨਹੀਂ ਹੋਵੇਗੀ। ਸਰਕਾਰ ਅਤੇ ਇਸ ਨੂੰ ਚਲਾ ਰਹੇ ਆਗੂਆਂ ਦੀਆਂ ਨਿਆਣਪੁਣੇ ਵਾਲੀਆਂ ਗੱਲਾਂ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਸਿਆਸੀ ਪਿੜ ਵਿਚ ਸਿਰਫ ਰੌਲਾ ਪਾ ਕੇ ਪੱਕੇ ਪੈਰੀਂ ਨਹੀਂ ਹੋਇਆ ਜਾ ਸਕਦਾ, ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਸਾਬਤ ਕਰਨੀ ਪਵੇਗੀ। ਨਵੀਂ ਸਰਕਾਰ ‘ਤੇ ਵਧੀਆ ਕਾਰਗੁਜ਼ਾਰੀ ਦਾ ਦਬਾਅ ਸਗੋਂ ਪਹਿਲੀਆਂ ਸਾਰੀਆਂ ਸਰਕਾਰਾਂ ਤੋਂ ਕਿਤੇ ਵੱਧ ਹੈ। ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਲੋਕਾਂ ਅੰਦਰ ਚੇਤਨਾ ਵੀ ਵਧੀ ਹੈ ਅਤੇ ਉਹ ਸਰਕਾਰ ਤੋਂ ਵੱਡੀਆਂ ਆਸਾਂ ਲਾਈ ਬੈਠੇ ਹਨ। ਸਰਕਾਰ ਦੀ ਮਾੜੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਅਤੇ ਸਰਕਾਰ ਲਈ ਤਿੱਖੇ ਵਿਰੋਧ ਦਾ ਜ਼ਰੀਆ ਬਣ ਸਕਦੀ ਹੈ। ਪੰਜਾਬ ਦਾ ਮੁੱਖ ਮਸਲਾ ਇਹ ਹੈ ਕਿ ਸੂਬੇ ਨਾਲ ਜੁੜੇ ਵੱਖ-ਵੱਖ ਮਸਲਿਆਂ ਦਾ ਹੱਲ ਕੱਢਿਆ ਜਾਵੇ। ਇਸ ਵਕਤ ਸੂਬਾ ਚਾਰ-ਚੁਫੇਰਿਓਂ ਸੰਕਟ ਨਾਲ ਜੂਝ ਰਿਹਾ ਹੈ। ਸਿੱਖਿਆ ਅਤੇ ਸਿਹਤ ਵਰਗੇ ਖੇਤਰ ਵੱਡੇ ਪੱਧਰ ‘ਤੇ ਸੁਧਾਰ ਦੀ ਮੰਗ ਕਰ ਰਹੇ ਹਨ। ਖੇਤੀ ਸੰਕਟ ਮੂੰਹ ਅੱਡੀ ਖੜ੍ਹਾ ਹੈ। ਇਨ੍ਹਾਂ ਮਸਲਿਆਂ ਨੂੰ ਨਜਿੱਠੇ ਬਗੈਰ ਸਿਆਸੀ ਪਿੜ ਵਿਚ ਪੈਂਠ ਪਾ ਸਕਣਾ ਔਖਾ ਹੀ ਨਹੀਂ, ਨਾਮੁਮਕਿਨ ਵੀ ਹੈ।