ਸਿੱਖਿਆ ਸਰਵੇਖਣ: ਪੰਜਾਬ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਵੰਗਾਰਿਆ

ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਐਨ.ਸੀ.ਈ.ਆਰ.ਟੀ. ਦੇ ਮਾਧਿਅਮ ਨਾਲ ਕਰਵਾਏ ਨੈਸ਼ਨਲ ਅਚੀਵਮੈਂਟ ਸਰਵੇ – 2021 ਦੀ ਰਿਪੋਰਟ ਵਿਚ ਪੰਜਾਬ ਨੇ ਸਿੱਖਿਆ ਦੀ ਗੁਣਵੱਤਾ ਦੇ ਮਾਮਲੇ ਵਿਚ ਦੇਸ ਭਰ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ 34 ਲੱਖ ਵਿਦਿਆਰਥੀਆਂ ਦੇ ਕਰਵਾਏ ਇਮਤਿਹਾਨ ਵਿਚ ਪੰਜਾਬ ਨੇ ਦਿੱਲੀ ਹੀ ਨਹੀਂ, ਦੇਸ਼ ਨੂੰ ਵੀ ਸ਼ੀਸ਼ਾ ਵਿਖਾਇਆ ਹੈ ਕਿ ਪੰਜਾਬ ਸਿੱਖਿਆ ਵਿਚ ਨੰਬਰ ਇਕ ਸੀ ਤੇ ਨੰਬਰ ਇਕ ਹੈ। ਰਿਪੋਰਟ ਜਾਰੀ ਹੋਣ ਪਿੱਛੋਂ ਦਿੱਲੀ ਮਾਡਲ ਦੇ ਸੋਹਲੇ ਗਾ ਰਹੀ ਭਗਵੰਤ ਮਾਨ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਹੈ। ਤੱਥ ਬੋਲਦੇ ਹਨ ਕਿ ਇਹ ਸਰਵੇਖਣ ਪੰਜਾਬ ਦੇ 23 ਜ਼ਿਲ੍ਹਿਆਂ ਦਾ ਨਹੀਂ ਹੈ, ਦੇਸ਼ ਭਰ ਦੇ ਸਾਰੇ ਪ੍ਰਾਂਤਾਂ ਦੇ 720 ਜ਼ਿਲ੍ਹਿਆਂ ਦਾ ਸਰਵੇਖਣ ਹੈ। ਦੇਸ ਦੇ ਵੱਖ-ਵੱਖ ਪ੍ਰਾਂਤਾਂ ਦੇ ਇਕ ਲੱਖ 18 ਹਜ਼ਾਰ 234 ਸਕੂਲ ਇਸ ਵਿਚ ਸ਼ਾਮਲ ਹਨ। 21 ਨਵੰਬਰ 2021 ਨੂੰ ਹੋਈ ਇਸ ਪ੍ਰੀਖਿਆ ਵਿਚ ਇਕ ਲੱਖ 24 ਹਜ਼ਾਰ ਆਬਜ਼ਰਵਰ ਲੱਗੇ ਸਨ, 36 ਸਟੇਟ ਨੋਡਲ ਅਫਸਰ ਸਨ, 733 ਜ਼ਿਲ੍ਹਾ ਕੋਆਰਡੀਨੇਟਰ ਅਤੇ ਦੋ ਲੱਖ ਅਧਿਆਪਕ ਇਮਤਿਹਾਨ ਲੈਣ ਲਈ ਡਿਊਟੀ ਉਤੇ ਲੱਗੇ ਸਨ। ਪੰਜਾਬ ਦੇ 3656 ਸਰਕਾਰੀ, ਏਡਿਡ, ਮਾਨਤਾ ਪ੍ਰਾਪਤ, ਪ੍ਰਾਈਵੇਟ ਅਤੇ ਕੇਂਦਰੀ ਵਿਦਿਆਲਿਆ ਵਿਚ ਇਹ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ਵਿਚ ਇਕ ਲੱਖ 17 ਹਜ਼ਾਰ 601 ਵਿਦਿਆਰਥੀ ਅਤੇ 16972 ਅਧਿਆਪਕ ਬੈਠੇ ਸਨ। ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਸਾਰੇ ਵਿਸ਼ਿਆਂ ਦਾ ਮੁਕਾਬਲਾ ਕੇਵਲ ਰਾਜਸਥਾਨ ਨਾਲ ਸੀ, ਦਿੱਲੀ ਤਾਂ ਕਿਤੇ ਨੇੜੇ-ਤੇੜੇ ਨਹੀਂ ਸੀ। ਦਸਵੀਂ ਜਮਾਤ ਦੇ ਗਣਿਤ ਦੀ ਗੱਲ ਕਰੀਏ ਤਾਂ ਪੰਜਾਬ ਨੇ 273 ਅਤੇ ਦਿੱਲੀ ਨੇ 230 ਅੰਕ ਪ੍ਰਾਪਤ ਕੀਤੇ, ਅੰਗਰੇਜ਼ੀ ਵਿਚ ਪੰਜਾਬ ਨੇ 330 ਅਤੇ ਦਿੱਲੀ ਨੇ 321 ਅੰਕ ਪ੍ਰਾਪਤ ਕੀਤੇ। ਇਸ ਸਾਰਾ ਸਰਵੇਖਣ ਸਾਰੇ ਰਾਜ ਦੇ ਵਿਦਿਆਰਥੀਆਂ ਦੀ ਸਮੁੱਚੀ ਕਾਰਗੁਜ਼ਾਰੀ ਦੀ ਔਸਤ ਹੈ।